Home rss national punjabi2ਰਾਸ਼ਟਰੀ ਖ਼ਬਰਾਂ ਕੀ ਘਿਓ ਤੇਲ ਨਾਲੋਂ ਬਿਹਤਰ ਹੈ, ਖ਼ਾਲੀ ਪੇਟ ਘਿਓ ਖਾਣ ਨਾਲ ਕੀ...

ਕੀ ਘਿਓ ਤੇਲ ਨਾਲੋਂ ਬਿਹਤਰ ਹੈ, ਖ਼ਾਲੀ ਪੇਟ ਘਿਓ ਖਾਣ ਨਾਲ ਕੀ ਚਰਬੀ ਘਟਦੀ ਹੈ? ਜਾਣੋ 8 ਅਹਿਮ ਸਵਾਲਾਂ ਦੇ ਜਵਾਬ

4
0

Source :- BBC PUNJABI

ਘਿਓ

ਤਸਵੀਰ ਸਰੋਤ, Getty Images

“ਘਿਓ ਖਾਣ ਨਾਲ ਵਜ਼ਨ ਵਧ ਜਾਵੇਗਾ।”

“ਖ਼ਾਲੀ ਪੇਟ ਘਿਓ ਖਾਣ ਨਾਲ ਚਰਬੀ ਘੱਟ ਹੁੰਦੀ ਹੈ।”

“ਘਿਓ ਪੇਟ ਦੇ ਅਲਸਰ ਨੂੰ ਠੀਕ ਕਰਦਾ ਹੈ।”

“ਘਿਓ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ।”

ਘਿਓ ਬਾਰੇ ਅਸੀਂ ਅਕਸਰ ਅਜਿਹੀਆਂ ਕਈ ਗੱਲਾਂ ਸੁਣਦੇ ਹਾਂ। ਅਸੀਂ ਨਾ ਸਿਰਫ਼ ਇਹ ਗੱਲਾਂ ਸੁਣਦੇ ਹਾਂ, ਸਗੋਂ ਕੁਝ ਲੋਕ ਅਸਲ ਵਿੱਚ ਇਨ੍ਹਾਂ ‘ਤੇ ਅਮਲ ਵੀ ਕਰਦੇ ਹਨ।

ਘਿਓ ਵਿੱਚ 60 ਤੋਂ 65 ਫ਼ੀਸਦੀ ਸੈਚੁਰੇਟਿਡ ਫੈਟ, 20 ਤੋਂ 25 ਫ਼ੀਸਦੀ ਮੋਨੋਅਨਸੈਚੁਰੇਟਿਡ ਫੈਟ, 3 ਤੋਂ 4 ਫ਼ੀਸਦੀ ਪੌਲੀਅਨਸੈਚੁਰੇਟਿਡ ਫੈਟ ਅਤੇ ਕੁਝ ਵਿਟਾਮਿਨ ਹੁੰਦੇ ਹਨ।

ਇਸ ਵਿੱਚ ਸਰੀਰ ਲਈ ਜ਼ਰੂਰੀ ਚੰਗੇ ਫੈਟ ਦੇ ਨਾਲ ਹੀ ਅਜਿਹਾ ਸੈਚੁਰੇਟਿਡ ਫੈਟ ਵੀ ਹੁੰਦਾ ਹੈ ਜੋ ਸਰੀਰ ਵਿੱਚ ਕੋਲੇਸਟ੍ਰੋਲ, ਖ਼ਾਸ ਕਰਕੇ ਨੁਕਸਾਨਦਾਇਕ ਬੈਡ ਕੋਲੇਸਟ੍ਰੋਲ ਦੇ ਪੱਧਰ ਨੂੰ ਵਧਾ ਸਕਦਾ ਹੈ।

ਘਿਓ ਖਾਣ ਦੇ ਨੁਕਸਾਨਾਂ ਬਾਰੇ ਤਾਂ ਚਰਚਾ ਹੁੰਦੀ ਰਹੀ ਹੈ, ਪਰ ਹੁਣ ਇਸ ਦੇ ਫ਼ਾਇਦਿਆਂ ਬਾਰੇ ਵੀ ਖ਼ੂਬ ਗੱਲਾਂ ਹੋ ਰਹੀਆਂ ਹਨ।

ਇਨ੍ਹਾਂ ਵਿੱਚੋਂ ਕਿਹੜੀ ਗੱਲ ਸੱਚ ਹੈ ਅਤੇ ਕਿਹੜੀ ਝੂਠ?

ਘਿਓ ਬਾਰੇ ਫੈਲੀਆਂ ਗ਼ਲਤ ਧਾਰਨਾਵਾਂ ਅਤੇ ਸਹੀ ਜਾਣਕਾਰੀ ਬਾਰੇ ਅਸੀਂ ਡਾਕਟਰਾਂ ਨਾਲ ਗੱਲ ਕੀਤੀ। ਇਸੇ ਗੱਲਬਾਤ ਦੇ ਅਧਾਰ ‘ਤੇ ਜਾਣਦੇ ਹਾਂ ਘਿਓ ਨਾਲ ਜੁੜੇ ਕੁਝ ਅਹਿਮ ਸਵਾਲਾਂ ਦੇ ਜਵਾਬ…

1. ਕੀ ਘਿਓ ਖਾਣ ਨਾਲ ਵਜ਼ਨ ਵਧ ਸਕਦਾ ਹੈ?

ਘਿਓ

ਤਸਵੀਰ ਸਰੋਤ, Getty Images

ਕਈ ਡਾਕਟਰਾਂ ਦਾ ਕਹਿਣਾ ਹੈ ਕਿ ਸਿਰਫ਼ ਘਿਓ ਖਾਣ ਨਾਲ ਵਜ਼ਨ ਨਹੀਂ ਵਧਦਾ।

ਬੀਬੀਸੀ ਨਾਲ ਗੱਲ ਕਰਦੇ ਹੋਏ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਰਿਫ਼ਾਈ ਸ਼ੌਕਤ ਅਲੀ ਨੇ ਕਿਹਾ, “ਕੋਈ ਵੀ ਭੋਜਨ ਅੰਮ੍ਰਿਤ ਜਾਂ ਜ਼ਹਿਰ ਨਹੀਂ ਹੁੰਦਾ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਕਿੰਨੀ ਮਾਤਰਾ ਵਿੱਚ ਖਾਧਾ ਜਾਂਦਾ ਹੈ।”

ਉਨ੍ਹਾਂ ਕਿਹਾ, “ਜੇ ਪੁੱਛਿਆ ਜਾਵੇ ਕਿ ਘਿਓ ਖਾਣ ਨਾਲ ਵਜ਼ਨ ਵਧਦਾ ਹੈ ਜਾਂ ਨਹੀਂ, ਤਾਂ ਸਿੱਧਾ ਜਵਾਬ ਹੈ- ‘ਨਹੀਂ’। ਪਰ ਘਿਓ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਸਰੀਰ ਵਿੱਚ ਕੋਲੇਸਟ੍ਰੋਲ ਵਧਣ ਦੀ ਸੰਭਾਵਨਾ ਰਹਿੰਦੀ ਹੈ।”

2. ਕੀ ਘਿਓ ਖਾਣ ਨਾਲ ਬਲੱਡ ਵੈਸਲ ਬੰਦ ਹੋ ਜਾਂਦੀਆਂ ਹਨ?

ਘਿਓ

ਤਸਵੀਰ ਸਰੋਤ, Getty Images

ਡਾਕਟਰ ਰਿਫ਼ਾਈ ਦਾ ਕਹਿਣਾ ਹੈ ਕਿ ਘਿਓ ਦੇ ਸੇਵਨ ਨਾਲ ਵਧਣ ਵਾਲੀ ਸਰੀਰ ਦੀ ਚਰਬੀ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਡਾਕਟਰ ਰਿਫ਼ਾਈ ਦੱਸਦੇ ਹਨ, “ਘਿਓ ਸਿੱਧਾ ਜਾ ਕੇ ਦਿਲ ਦੀਆਂ ਖ਼ੂਨ ਦੀਆਂ ਨਾੜੀਆਂ ਵਿੱਚ ਨਹੀਂ ਜੰਮਦਾ। ਇਹ ਸਿੱਧੇ ਤੌਰ ‘ਤੇ ਦਿਲ ਦੀ ਬਿਮਾਰੀ ਵੀ ਪੈਦਾ ਨਹੀਂ ਕਰਦਾ। ਅਸੀਂ ਜੋ ਵੀ ਭੋਜਨ ਖਾਂਦੇ ਹਾਂ, ਉਹ ਇਸ ਤਰ੍ਹਾਂ ਸਿੱਧਾ ਖ਼ੂਨ ਦੀਆਂ ਨਾੜੀਆਂ ਵਿੱਚ ਨਹੀਂ ਪਹੁੰਚਦਾ।”

“ਪਰ ਜੇ ਘਿਓ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਕੀਤਾ ਜਾਵੇ, ਤਾਂ ਸਰੀਰ ਵਿੱਚ ਚਰਬੀ ਵਧ ਸਕਦੀ ਹੈ। ਇਹ ਸਾਬਿਤ ਹੋ ਚੁੱਕਾ ਹੈ ਕਿ ਸਰੀਰ ਵਿੱਚ ਚਰਬੀ ਵਧਣ ਨਾਲ ਦਿਲ ਨਾਲ ਸਬੰਧਤ ਸਮੱਸਿਆਵਾਂ ਅਤੇ ਦਿਲ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਵਧ ਜਾਂਦਾ ਹੈ।”

3. ਇੱਕ ਵਿਅਕਤੀ ਇੱਕ ਦਿਨ ਵਿੱਚ ਕਿੰਨਾ ਘਿਓ ਖਾ ਸਕਦਾ ਹੈ?

ਪੂਰੀਆਂ ਅਤੇ ਪਰਾਂਠੇ ਵਰਗੇ ਤਲੇ ਹੋਏ ਭੋਜਨ ਸਰੀਰ ਲਈ ਨੁਕਸਾਨਦੇਹ ਹਨ

ਤਸਵੀਰ ਸਰੋਤ, Getty Images

ਬੀਬੀਸੀ ਨਾਲ ਗੱਲ ਕਰਦੇ ਹੋਏ ਪੋਸ਼ਣ ਮਾਹਿਰ ਮੀਨਾਕਸ਼ੀ ਬਜਾਜ ਨੇ ਦੱਸਿਆ ਕਿ “ਆਈਸੀਐਮਆਰ 2024 ਦੀਆਂ ਗਾਈਡਲਾਈਨਾਂ ਦੇ ਮੁਤਾਬਕ, ਇੱਕ ਸਿਹਤਮੰਦ ਬਾਲਗ ਇੱਕ ਦਿਨ ਵਿੱਚ ਕੁੱਲ ਮਿਲਾ ਕੇ 27 ਤੋਂ 30 ਗ੍ਰਾਮ ਤੱਕ ਫੈਟ ਜਾਂ ਤੇਲ ਦਾ ਸੇਵਨ ਕਰ ਸਕਦਾ ਹੈ।”

ਅਮਰੀਕਨ ਹਾਰਟ ਐਸੋਸੀਏਸ਼ਨ ਦੀ ਸਿਫ਼ਾਰਸ਼ ਦੇ ਅਨੁਸਾਰ, ਸੈਚੁਰੇਟਿਡ ਫੈਟ ਤੋਂ ਮਿਲਣ ਵਾਲੀਆਂ ਕੈਲਰੀਆਂ, ਸਰੀਰ ਦੀ ਕੁੱਲ ਰੋਜ਼ਾਨਾ ਕੈਲਰੀ ਦਾ 6 ਫ਼ੀਸਦੀ ਤੋਂ ਘੱਟ ਹੋਣੀਆਂ ਚਾਹੀਦੀਆਂ ਹਨ।

ਘਿਓ, ਮੱਖਣ, ਪਨੀਰ, ਲਾਲ ਮੀਟ ਅਤੇ ਹੋਰ ਪਸ਼ੂ-ਆਧਾਰਿਤ ਖਾਧ ਪਦਾਰਥਾਂ ਵਿੱਚ ਸੈਚੁਰੇਟਿਡ ਫੈਟ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ।

ਪਿਛਲੇ ਕਈ ਦਹਾਕਿਆਂ ਵਿੱਚ ਹੋਏ ਵਿਗਿਆਨਕ ਅਧਿਐਨਾਂ ਤੋਂ ਇਹ ਸਾਬਿਤ ਹੋਇਆ ਹੈ ਕਿ ਸੈਚੁਰੇਟਿਡ ਫੈਟ ਸਰੀਰ ਵਿੱਚ ਐਲਡੀਐਲ ਕੋਲੇਸਟ੍ਰੋਲ ਦਾ ਪੱਧਰ ਵਧਾ ਸਕਦਾ ਹੈ।

ਐਲਡੀਐਲ ਨੂੰ ਆਮ ਤੌਰ ‘ਤੇ ਬੈਡ ਕੋਲੇਸਟ੍ਰੋਲ ਮੰਨਿਆ ਜਾਂਦਾ ਹੈ। ਇਸ ਦਾ ਪੱਧਰ ਵਧਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧ ਸਕਦਾ ਹੈ।

ਉਹ ਉਦਾਹਰਨ ਦਿੰਦੇ ਹੋਏ ਦੱਸਦੇ ਹਨ ਕਿ ਜੇ ਕਿਸੇ ਵਿਅਕਤੀ ਨੂੰ ਇੱਕ ਦਿਨ ਵਿੱਚ 2,000 ਕੈਲਰੀ ਦੀ ਲੋੜ ਹੈ, ਤਾਂ ਉਸ ਵਿੱਚੋਂ 120 ਕੈਲਰੀ ਤੋਂ ਜ਼ਿਆਦਾ ਸੈਚੁਰੇਟਿਡ ਫੈਟ ਤੋਂ ਨਹੀਂ ਆਉਣੀ ਚਾਹੀਦੀ।

ਉਨ੍ਹਾਂ ਨੇ ਕਿਹਾ ਕਿ ਘਿਓ ਵਿੱਚ ਲਗਭਗ 60 ਤੋਂ 65 ਫ਼ੀਸਦੀ ਤੱਕ ਸੈਚੁਰੇਟਿਡ ਫੈਟ ਹੁੰਦਾ ਹੈ, ਇਸ ਲਈ ਘਿਓ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਵਿੱਚ ਬੈਡ ਕੋਲੇਸਟ੍ਰੋਲ ਦਾ ਪੱਧਰ ਵਧ ਸਕਦਾ ਹੈ।

4. ਕੀ ਘਿਓ ਪੇਟ ਦੇ ਅਲਸਰ ਨੂੰ ਠੀਕ ਕਰਦਾ ਹੈ?

ਇੱਕ ਸਰਕਾਰੀ ਹਸਪਤਾਲ ਵਿੱਚ ਕੰਮ ਕਰ ਰਹੇ ਜਨਰਲ ਫ਼ਿਜ਼ੀਸ਼ੀਅਨ ਅਤੇ ਪ੍ਰੋਫ਼ੈਸਰ ਚੰਦਰਸ਼ੇਖਰ ਦਾ ਕਹਿਣਾ ਹੈ ਕਿ ਘਿਓ ਵਿੱਚ ਮੌਜੂਦ ਮੋਨੋਅਨਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟ ਸਰੀਰ ਲਈ ਜ਼ਰੂਰੀ ਹੁੰਦੇ ਹਨ।

ਉਹ ਕਹਿੰਦੇ ਹਨ, “ਘਿਓ ਵਿੱਚ ਲਿਨੋਲੀਕ ਐਸਿਡ, ਬਿਊਟ੍ਰਿਕ ਐਸਿਡ ਅਤੇ ਕੁਝ ਹੋਰ ਫ਼ਾਇਦੇਮੰਦ ਐਸਿਡ ਜਾਂ ਅਮਲ ਪਾਏ ਜਾਂਦੇ ਹਨ। ਇਹ ਪਾਚਨ ਵਿੱਚ ਮਦਦ ਕਰ ਸਕਦੇ ਹਨ।”

ਹਾਲਾਂਕਿ, ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਰਿਫ਼ਾਈ ਸ਼ੌਕਤ ਅਲੀ ਚੇਤਾਵਨੀ ਦਿੰਦੇ ਹਨ ਕਿ ਘਿਓ ਨੂੰ ਦਵਾਈ ਦੀ ਤਰ੍ਹਾਂ ਨਹੀਂ ਲੈਣਾ ਚਾਹੀਦਾ।

ਉਹ ਕਹਿੰਦੇ ਹਨ, “ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਘਿਓ ਵਿੱਚ ਸੈਚੁਰੇਟਿਡ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਭਾਵੇਂ ਇਸ ਵਿੱਚ ਕੁਝ ਲਾਭਦਾਇਕ ਐਸਿਡ ਮੌਜੂਦ ਹੋਣ, ਫਿਰ ਵੀ ਘਿਓ ਦਾ ਸੇਵਨ ਅੱਧੇ ਚਮਚ ਤੋਂ ਜ਼ਿਆਦਾ ਨਹੀਂ ਕਰਨਾ ਚਾਹੀਦਾ।”

ਜਿੱਥੋਂ ਤੱਕ ਇਹ ਦਾਅਵਾ ਹੈ ਕਿ ਘਿਓ ਪੇਟ ਦੇ ਅਲਸਰ ਨੂੰ ਠੀਕ ਕਰ ਦਿੰਦਾ ਹੈ, ਇਸ ਨੂੰ ਸਾਬਿਤ ਕਰਨ ਵਾਲੇ ਪੱਕੇ ਮੈਡੀਕਲ ਜਾਂ ਵਿਗਿਆਨਕ ਸਬੂਤ ਮੌਜੂਦ ਨਹੀਂ ਹਨ।

5. ਕੀ ਖ਼ਾਲੀ ਪੇਟ ਘਿਓ ਖਾਣ ਨਾਲ ਸਰੀਰ ਦੀ ਚਰਬੀ ਘੱਟ ਹੁੰਦੀ ਹੈ?

ਘਿਓ

ਤਸਵੀਰ ਸਰੋਤ, Getty Images

ਡਾਕਟਰ ਰਿਫ਼ਾਈ ਦਾ ਕਹਿਣਾ ਹੈ ਕਿ ਇਹ ਧਾਰਨਾ ਪੂਰੀ ਤਰ੍ਹਾਂ ਗ਼ਲਤ ਹੈ।

ਉਹ ਕਹਿੰਦੇ ਹਨ, “ਘਿਓ ਖਾਣ ਨਾਲ ਸਰੀਰ ਦੀ ਚਰਬੀ ਘੱਟ ਨਹੀਂ ਹੁੰਦੀ। ਘਿਓ ਵਿੱਚ 60% ਤੋਂ 65% ਤੱਕ ਸੈਚੁਰੇਟਿਡ ਫੈਟ ਹੁੰਦਾ ਹੈ, ਜੋ ਸਰੀਰ ਵਿੱਚ ਬੈਡ ਕੋਲੇਸਟ੍ਰੋਲ ਨੂੰ ਵਧਾ ਸਕਦਾ ਹੈ।”

ਡਾਕਟਰ ਰਿਫ਼ਾਈ ਕਹਿੰਦੇ ਹਨ ਕਿ ਅਜਿਹੇ ਵਿੱਚ ਇਹ ਮੰਨਣ ਦਾ ਕੋਈ ਆਧਾਰ ਨਹੀਂ ਹੈ ਕਿ ਘਿਓ ਖਾਣ ਨਾਲ ਸਰੀਰ ਦੀ ਚਰਬੀ ਘੱਟ ਹੋ ਜਾਵੇਗੀ।

6. ਕੀ ਬੱਚਿਆਂ ਨੂੰ ਘਿਓ ਦੇਣਾ ਚੰਗਾ ਹੈ?

ਡਾਕਟਰਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਘਿਓ ਦੇਣਾ ਉਨ੍ਹਾਂ ਦੇ ਵਿਕਾਸ ਵਿੱਚ ਮਦਦ ਕਰ ਸਕਦਾ ਹੈ।

ਡਾਕਟਰ ਚੰਦਰਸ਼ੇਖਰ ਕਹਿੰਦੇ ਹਨ, “ਘਿਓ ਬੱਚਿਆਂ ਦੇ ਤੰਤਰਿਕਾ ਤੰਤਰ ਦੇ ਵਿਕਾਸ, ਚਮੜੀ ਦੀ ਸਿਹਤ ਅਤੇ ਪਾਚਨ ਲਈ ਫ਼ਾਇਦੇਮੰਦ ਹੋ ਸਕਦਾ ਹੈ।”

ਡਾਕਟਰ ਰਿਫ਼ਾਈ ਦੇ ਅਨੁਸਾਰ, “ਬੱਚਿਆਂ ਦਾ ਮੈਟਾਬੋਲਿਜ਼ਮ ਬਾਲਗਾਂ ਤੋਂ ਵੱਖਰਾ ਹੁੰਦਾ ਹੈ। ਘਿਓ ਵਿੱਚ ਮੌਜੂਦ ਕੁਝ ਲਾਭਦਾਇਕ ਐਸਿਡ ਬੱਚਿਆਂ ਦੇ ਪੇਟ ਦੀ ਸਿਹਤ ਲਈ ਮਦਦਗਾਰ ਹੋ ਸਕਦੇ ਹਨ।”

ਉਹ ਕਹਿੰਦੇ ਹਨ, “ਘਿਓ ਵਿੱਚ ਫੈਟ ਵਿੱਚ ਘੁਲਣ ਵਾਲੇ ਵਿਟਾਮਿਨ, ਜਿਵੇਂ ਵਿਟਾਮਿਨ-ਈ ਅਤੇ ਵਿਟਾਮਿਨ-ਕੇ ਪਾਏ ਜਾਂਦੇ ਹਨ। ਇਹ ਵੀ ਬੱਚਿਆਂ ਦੇ ਵਾਧੇ ਅਤੇ ਵਿਕਾਸ ਵਿੱਚ ਸਹਾਇਕ ਹੁੰਦੇ ਹਨ।”

ਘਿਓ

7. ਕੀ ਘਿਓ ਤੇਲ ਨਾਲੋਂ ਬਿਹਤਰ ਹੈ?

ਡਾਕਟਰ ਰਿਫ਼ਾਈ ਦਾ ਕਹਿਣਾ ਹੈ ਕਿ ਘਿਓ ਨੂੰ ਤੇਲ ਨਾਲੋਂ ਬਿਹਤਰ ਨਹੀਂ ਕਿਹਾ ਜਾ ਸਕਦਾ।

ਉਹ ਕਹਿੰਦੇ ਹਨ, “ਤੇਲ ਦੀ ਥਾਂ ਘਿਓ ਵਿੱਚ ਖਾਣਾ ਪਕਾ ਕੇ ਨਿਯਮਿਤ ਤੌਰ ‘ਤੇ ਖਾਣਾ ਸਿਹਤ ਲਈ ਕਾਫ਼ੀ ਨੁਕਸਾਨਦਾਇਕ ਹੋ ਸਕਦਾ ਹੈ। ਘਿਓ ਵਾਲਾ ਡੋਸਾ ਜਾਂ ਘਿਓ ਨਾਲ ਇਡਲੀ ਵਰਗੀਆਂ ਚੀਜ਼ਾਂ ਕਦੇ-ਕਦਾਈਂ ਸਵਾਦ ਲਈ ਖਾਧੀਆਂ ਜਾ ਸਕਦੀਆਂ ਹਨ। ਪਰ ਇਨ੍ਹਾਂ ਨੂੰ ਵਾਰ-ਵਾਰ ਖਾਣਾ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ।”

ਉਨ੍ਹਾਂ ਕਿਹਾ, “ਅਜਿਹਾ ਕੋਈ ਠੋਸ ਸਬੂਤ ਨਹੀਂ ਹੈ ਜੋ ਇਹ ਸਾਬਿਤ ਕਰਦਾ ਹੋਵੇ ਕਿ ਘਿਓ, ਤੇਲ ਨਾਲੋਂ ਬਿਹਤਰ ਹੈ। ਹਾਲਾਂਕਿ, ਜਿਵੇਂ ਘਿਓ ਦਾ ਸੇਵਨ ਸੀਮਤ ਰੱਖਣਾ ਜ਼ਰੂਰੀ ਹੈ, ਉਸੇ ਤਰ੍ਹਾਂ ਤੇਲ ਦੀ ਵਰਤੋਂ ਵੀ ਨਿਯੰਤਰਿਤ ਮਾਤਰਾ ਵਿੱਚ ਹੋਣੀ ਚਾਹੀਦੀ ਹੈ।”

8. ਕੀ ਡਾਇਬਟੀਜ਼ ਦੇ ਮਰੀਜ਼ ਘਿਓ ਖਾ ਸਕਦੇ ਹਨ?

ਸਿਹਤਮੰਦ ਸਰੀਰ ਨੂੰ ਬਣਾਈ ਰੱਖਣ ਲਈ ਘਿਓ ਅਤੇ ਤੇਲ ਦੋਵਾਂ ਦਾ ਸੇਵਨ ਜ਼ਰੂਰੀ ਹੈ ਪਰ ਕੰਟਰੋਲ ਨਾਲ

ਤਸਵੀਰ ਸਰੋਤ, Nasir Kachroo/NurPhoto via Getty Images

ਡਾਕਟਰ ਰਿਫ਼ਾਈ ਦਾ ਕਹਿਣਾ ਹੈ ਕਿ ਸ਼ੂਗਰ ਦੇ ਮਰੀਜ਼ਾਂ, ਸਰੀਰ ਵਿੱਚ ਜ਼ਿਆਦਾ ਚਰਬੀ ਵਾਲੇ ਲੋਕਾਂ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਨੂੰ ਘਿਓ ਤੋਂ ਬਚਣਾ ਚਾਹੀਦਾ ਹੈ।

ਉਹ ਕਹਿੰਦੇ ਹਨ, “ਅਜਿਹੇ ਲੋਕਾਂ ਲਈ ਘਿਓ ਨੂੰ ਪੂਰੀ ਤਰ੍ਹਾਂ ਛੱਡ ਦੇਣਾ ਹੀ ਬਿਹਤਰ ਹੈ। ਘਿਓ ਵਿੱਚ ਕੁਝ ਲਾਭਦਾਇਕ ਅਮਲ ਜ਼ਰੂਰ ਹੁੰਦੇ ਹਨ, ਪਰ ਕਿਸੇ ਵੀ ਭੋਜਨ ਦਾ ਮੁਲਾਂਕਣ ਉਸ ਦੇ ਫ਼ਾਇਦੇ ਅਤੇ ਜੋਖ਼ਮ ਦੋਵਾਂ ਨੂੰ ਦੇਖ ਕੇ ਕਰਨਾ ਚਾਹੀਦਾ ਹੈ।”

ਉਨ੍ਹਾਂ ਕਿਹਾ, “ਜੇ ਇਸ ਆਧਾਰ ‘ਤੇ ਦੇਖਿਆ ਜਾਵੇ, ਤਾਂ ਸ਼ੂਗਰ ਦੇ ਮਰੀਜ਼ਾਂ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਘਿਓ ਦਾ ਸੇਵਨ ਨਹੀਂ ਕਰਨਾ ਚਾਹੀਦਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI