Home rss national punjabi2ਰਾਸ਼ਟਰੀ ਖ਼ਬਰਾਂ ਜਿਨ੍ਹਾਂ ਜੋੜਿਆਂ ਨੂੰ ਮਾਪੇ ਬਣਨ ਵਿੱਚ ਦਿੱਕਤਾਂ ਆ ਰਹੀਆਂ, ਉਹ ਆਪਣੀ ਜ਼ਿੰਦਗੀ...

ਜਿਨ੍ਹਾਂ ਜੋੜਿਆਂ ਨੂੰ ਮਾਪੇ ਬਣਨ ਵਿੱਚ ਦਿੱਕਤਾਂ ਆ ਰਹੀਆਂ, ਉਹ ਆਪਣੀ ਜ਼ਿੰਦਗੀ ‘ਚ ਕਰਨ ਇਹ ਬਦਲਾਅ

4
0

Source :- BBC PUNJABI

ਇੱਕ ਜੋੜਾ ਤੇ ਡਾਕਟਰ

ਤਸਵੀਰ ਸਰੋਤ, Getty Images

ਜੇ ਕੋਈ ਇਹ ਪੁੱਛੇ ਕਿ ਪ੍ਰੈਗਨੈਂਟ ਹੋਣ ਦੀ ਸਹੀ ਉਮਰ ਕੀ ਹੈ, ਨੌਜਵਾਨ ਜੋੜਿਆਂ ਨੂੰ ਵੀ ਮਾਪੇ ਬਣਨ ਵਿੱਚ ਦਿੱਕਤਾਂ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ਹੈ ਤੇ ਜੇਕਰ ਜੋੜੇ ਅਜਿਹੀ ਸਮੱਸਿਆ ਲੈ ਕੇ ਡਾਕਟਰ ਕੋਲ ਜਾਂਦੇ ਹਨ ਤਾਂ ਇਲਾਜ ਦੇ ਕੀ-ਕੀ ਪੜ੍ਹਾਅ ਹੁੰਦੇ ਹਨ।

ਕਈ ਜੋੜੇ ਅਜਿਹੇ ਵੀ ਹਨ ਜੋ ਕਾਫ਼ੀ ਇਲਾਜ ਕਰਵਾਉਣ ਤੋਂ ਬਾਅਦ ਆਈਵੀਐੱਫ ਦਾ ਸਹਾਰਾ ਲੈਂਦੇ ਹਨ, ਪਰ ਆਈਵੀਐੱਫ ਵਰਗਾ ਟ੍ਰੀਟਮੈਂਟ ਕਦੋਂ ਕਰਨ ਦੀ ਲੋੜ ਪੈਂਦੀ ਹੈ।

ਅੱਜ ਦੀ ਇਸ ਰਿਪੋਰਟ ਵਿੱਚ ਤੁਹਾਨੂੰ ਸਿਲਸਿਲੇਵਾਰ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ। ਇਸ ਬਾਬਤ ਅਸੀਂ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਦੇ ਵਿੱਚ ਸੀਨੀਅਰ ਆਈਵੀਐੱਫ ਕੰਸਲਟੈਂਟ ਡਾ. ਸਿਮਰਨਦੀਪ ਕੌਰ ਨਾਲ ਸੰਖੇਪ ਵਿੱਚ ਗੱਲਬਾਤ ਕੀਤੀ ਹੈ।

ਸਵਾਲ- ਜਦੋਂ ਕੋਈ ਜੋੜਾ ਤੁਹਾਡੇ ਕੋਲ ਇਨਫਰਟਿਲਟੀ ਯਾਨਿ ਕਿ ਬਾਂਝਪਨ ਦੀ ਸਮੱਸਿਆ ਲੈ ਕੇ ਆਉਂਦਾ ਹੈ, ਤਾਂ ਇਲਾਜ ਦਾ ਪਹਿਲਾ ਸਟੈੱਪ ਕੀ ਹੁੰਦਾ ਹੈ?

ਜਵਾਬ- ਇਲਾਜ ਦਾ ਪਹਿਲਾ ਸਟੈੱਪ ਇਹ ਹੁੰਦਾ ਹੈ ਕਿ ਪਤੀ ਤੇ ਪਤਨੀ ਦੋਵਾਂ ਦੀ ਡਿਟੇਲਡ ਹਿਸਟਰੀ (ਹੁਣ ਤੱਕ ਆਈਆਂ ਦਿੱਕਤਾਂ ਬਾਰੇ ਜਾਣਨਾ) ਲਈ ਜਾਂਦੀ ਹੈ, ਉਸ ਤੋਂ ਹੀ ਸਾਨੂੰ 80 ਫ਼ੀਸਦ ਕਾਰਨਾਂ ਬਾਰੇ ਪਤਾ ਲੱਗ ਜਾਂਦਾ ਹੈ। ਔਰਤ ਦੀ ਮਾਹਵਾਰੀ ਬਾਰੇ ਜਾਣਕਾਰੀ ਇਕੱਠੀ ਕਰਦੇ ਹਾਂ, ਜੇਕਰ ਸ਼ੂਗਰ, ਬੀਪੀ ਜਾਂ ਫਿਰ ਥਾਇਰਾਇਡ ਵਰਗੀ ਸਮੱਸਿਆ ਹੈ ਤਾਂ ਉਸ ਬਾਰੇ ਜਾਣਨਾ ਜ਼ਰੂਰੀ ਹੁੰਦਾ ਹੈ ਕਿਉਂਕਿ ਕਈ ਵਾਰ ਟਿਊਬ ਜਾਂ ਯੂਟਰਸ ਉੱਤੇ ਅਸਰ ਪਿਆ ਹੁੰਦਾ ਹੈ।

ਅੱਜ-ਕੱਲ੍ਹ ਸਭ ਤੋਂ ਵੱਧ ਜ਼ਰੂਰੀ ਹੈ ਜੋੜੇ ਦੀ ਓਕੂਪੇਸ਼ਨਲ ਹਿਸਟਰੀ ਕਿਉਂਕਿ ਉਸ ਨਾਲ ਹਾਰਮੋਨਜ਼ ਉੱਤੇ ਅਸਰ ਹੋਣ ਦਾ ਖਦਸ਼ਾ ਹੁੰਦਾ ਹੈ। ਕਿਉਂਕਿ ਨੌਕਰੀਪੇਸ਼ਾ ਜੋੜਿਆਂ ਦੀਆਂ ਲੰਬੀਆਂ ਜਾਂ ਫਿਰ ਨਾਈਟ ਸ਼ਿਫਟਾਂ ਵੀ ਉਨ੍ਹਾਂ ਨੂੰ ਪ੍ਰਭਾਵਿਤ ਕਰਦੀਆਂ ਹਨ।

ਮਰਦਾਂ ਦੇ ਮਾਮਲੇ ਵਿੱਚ ਇਹ ਪਤਾ ਕਰਨਾ ਜ਼ਰੂਰੀ ਹੁੰਦਾ ਹੈ ਕਿ ਉਹ ਸ਼ਰਾਬ, ਸਿਗਰੇਟ ਜਾਂ ਫਿਰ ਕੋਈ ਹੋਰ ਨਸ਼ਾ ਤਾਂ ਨਹੀਂ ਕਰਦੇ। ਕਈ ਜਿੰਮ ਕਰਨ ਵਾਲੇ ਲੋਕ ਸਪਲੀਮੈਂਟ ਵੀ ਲੈਂਦੇ ਹਨ ਉਹ ਵੀ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਇਸ ਲਈ ਇਹ ਸਭ ਪਤਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਉਸ ਤੋਂ ਬਾਅਦ ਅਸੀਂ ਕਈ ਤਰ੍ਹਾਂ ਦੇ ਟੈਸਟ ਕਰਵਾਉਂਦੇ ਹਨ।

ਸਵਾਲ- ਮੁੱਖ ਤੌਰ ਉੱਤੇ ਜੋੜੇ ਦੇ ਕਿਹੜੇ ਟੈਸਟ ਕਰਵਾਏ ਜਾਂਦੇ ਹਨ?

ਜਵਾਬ- ਥੈਲੇਸੀਮੀਆ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਉਸੇ ਤਰ੍ਹਾਂ ਬਲੱਡ ਟੈਸਟ, ਥਾਇਰਾਇਡ ਤੇ ਹਾਰਮੋਨਲ ਟੈਸਟ। ਇਸ ਤੋਂ ਇਲਾਵਾ ਐੱਗ ਰਿਜ਼ਰਵ ਤੇ ਐੱਗ ਕੁਆਲਿਟੀ ਲਈ ਟੈਸਟ ਕਰਵਾਏ ਜਾਂਦੇ ਹਨ।

ਮਰਦਾਂ ਦੇ ਵਿੱਚ ਮੁੱਖ ਤੌਰ ਉੱਤੇ ਸੀਮਨ ਟੈਸਟ ਕਰਵਾਇਆ ਜਾਂਦਾ ਹੈ। ਇਨ੍ਹਾਂ ਨਾਲ ਸਾਨੂੰ ਮੋਟੇ ਤੌਰ ਉੱਤੇ ਇਹ ਪਤਾ ਲੱਗ ਜਾਂਦਾ ਹੈ ਕਿ ਦਿੱਕਤ ਕਿੱਥੇ ਆ ਰਹੀ ਹੈ।

ਸਵਾਲ- ਕਿਹੜੇ ਮੁੱਖ ਕਾਰਨ ਹੁੰਦੇ ਹਨ ਜਿਸ ਕਾਰਨ ਕੁਦਰਤੀ ਤੌਰ ‘ਤੇ ਗਰਭਧਾਰਨ ਵਿੱਚ ਦਿੱਕਤ ਆਉਂਦੀ ਹੈ?

ਜਵਾਬ- ਕੁਦਰਤੀ ਤੌਰ ‘ਤੇ ਗਰਭਧਾਰਨ ਕਰਨ ਵਿੱਚ ਮੁੱਖ ਤੌਰ ਉੱਤੇ ਜੀਵਨਸ਼ੈਲੀ ਕਰਕੇ ਦਿੱਕਤਾਂ ਆ ਰਹੀਆਂ ਹਨ। ਦੂਜਾ ਅੱਜ-ਕੱਲ੍ਹ ਲੋਕ ਦੇਰੀ ਨਾਲ ਵਿਆਹ ਕਰਵਾਉਂਦੇ ਹਨ, 34-35 ਸਾਲ ਦੀ ਉਮਰ ਵਿੱਚ ਉਹ ਇਸ ਦਿੱਕਤ ਨਾਲ ਆਉਂਦੇ ਹਨ ਜਦੋਂ ਜਣਨ ਸ਼ਕਤੀ ਘਟਣ ਲੱਗਦੀ ਹੈ।

ਜੀਵਨਸ਼ੈਲੀ ਦਾ ਵੀ ਵੱਡਾ ਰੋਲ ਹੈ, ਕਿਉਂਕਿ ਮਸ਼ੀਨੀ ਯੁੱਗ ਹੈ ਤਾਂ ਹਰ ਕੋਈ ਮਸ਼ੀਨਾਂ ਦੀ ਮਦਦ ਲੈ ਰਿਹਾ ਹੈ, ਵਰਕਿੰਗ ਜੋੜਿਆਂ ਦੇ ਘਰਾਂ ਵਿੱਚ ਹਾਊਸ ਹੈਲਪ ਹੈ, ਬੈਠਣ ਦਾ ਕੰਮ ਜ਼ਿਆਦਾ ਹੈ, ਜੰਕ ਫੂਡ ਦਾ ਵੀ ਲੋਕ ਵਧੇਰੇ ਸੇਵਨ ਕਰ ਰਹੇ ਹਨ, ਜਿਸ ਕਰਕੇ ਮੋਟਾਪਾ ਵਧ ਰਿਹਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਮਿਲ ਕੇ ਦਿੱਕਤਾਂ ਪੈਦਾ ਕਰ ਰਹੀਆਂ ਹਨ।

ਜਦੋਂ ਤੁਸੀਂ ਕਸਰਤ ਕਰਦੇ ਹਨ, ਸਰੀਰਕ ਗਤੀਵਿਧੀਆਂ ਕਰਦੇ ਹੋ ਤਾਂ ਚੰਗੇ ਹਾਰਮੋਨਜ਼ ਰਿਲੀਜ਼ ਹੁੰਦੇ ਹਨ। ਜਿਸ ਨਾਲ ਗਰਭਧਾਰਨ ਕਰਨ ਵਿੱਚ ਮਦਦ ਮਿਲਦੀ ਹੈ।

ਬੀਬੀਸੀ ਪੱਤਰਕਾਰ ਪ੍ਰਿਅੰਕਾ ਧੀਮਾਨ ਤੇ ਡਾ.ਸਿਮਰਨਦੀਪ ਕੌਰ

ਸਵਾਲ- ਜੀਵਨਸ਼ੈਲੀ ਸੁਧਾਰਨ ਲਈ ਕਿਸ ਤਰੀਕੇ ਦੇ ਬਦਲਾਅ ਲਿਆਉਣੇ ਚਾਹੀਦੇ ਹਨ?

ਜਵਾਬ- ਸਭ ਤੋਂ ਪਹਿਲਾਂ ਮੋਬਿਲਟੀ ਵਧਾਉਣ ਦੇ ਉੱਪਰ ਕੰਮ ਕਰਨਾ ਚਾਹੀਦਾ ਹੈ। ਮੰਨ ਲਵੋ ਜੇਕਰ ਤੁਹਾਡਾ ਕੰਮ ਜ਼ਿਆਦਾ ਬੈਠਣ ਵਾਲਾ ਵੀ ਹੈ ਤਾਂ ਹਰ ਇੱਕ ਘੰਟੇ ਬਾਅਦ ਉੱਠ ਕੇ 2-3 ਚੱਕਰ ਲਗਾਓ, ਯੋਗਾ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰੋ- ਮਲ ਆਸਣ ਜਣਨ ਸ਼ਕਤੀ ਵਧਾਉਣ ਲਈ ਬਹੁਤ ਚੰਗਾ ਹੈ।

ਇਸ ਤੋਂ ਇਲਾਵਾ ਦੌੜ ਲਗਾਓ, ਜੌਗਿੰਗ ਕਰੋ। ਜਿੱਥੇ ਕਰ ਸਕਦੇ ਹੋ ਰਿਕਸ਼ੇ ਦੀ ਥਾਂ ਪੈਦਲ ਚੱਲੋ, ਲਿਫਟ ਲੈਣ ਦੀ ਥਾਂ ਪੌੜੀਆਂ ਦੀ ਵਰਤੋਂ ਕਰੋ।

ਇਸ ਤੋਂ ਇਲਾਵਾ ਖਾਣ-ਪੀਣ ਦਾ ਖਾਸ ਖਿਆਲ ਰੱਖੋ। ਬਾਹਰ ਦਾ ਖਾਣਾ ਨਾ ਖਾਓ, ਕੋਸ਼ਿਸ਼ ਕਰੋ ਕਿ ਘਰ ਵਿੱਚ ਹੀ ਬਣਿਆ ਖਾਣਾ ਖਾਓ। ਐਂਟੀਆਕਸੀਡੈਂਟ ਰਿਚ ਡਾਈਟ ਲਓ, ਜਿਵੇਂ ਪੰਪਕਿਨ ਸੀਡਜ਼, ਸਨਫਲਾਵਰ ਸੀਡਜ਼, ਫਲੈਕਸ ਸੀਡਜ਼, ਹਰ ਤਰੀਕੇ ਦਾ ਡਰਾਈ ਫਰੂਟ, ਫਲ ਤੇ ਪ੍ਰੋਟੀਨ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰੋ।

ਇਸ ਤੋਂ ਇਲਾਵਾ ਤਣਾਅ ਮੁਕਤ ਜ਼ਿੰਦਗੀ ਜੀਓ।

ਡਾ. ਸਿਮਰਨਦੀਪ ਕੌਰ ਦਾ ਕੋਟ

ਸਵਾਲ- ਕੀ ਤਣਾਅ ਵੀ ਇਨਫਰਟਿਲਟੀ ਦਾ ਮੁੱਖ ਕਾਰਨ ਹੈ?

ਜਵਾਬ- ਤਣਾਅ ਸਾਡੇ ਸਰੀਰ ਵਿੱਚ ਇੱਕ ਕੋਰਟੀਸੋਲ ਨਾਮ ਦਾ ਹਾਰਮੋਨ ਰਿਲੀਜ਼ ਕਰਦਾ ਹੈ। ਜਿਸ ਨਾਲ ਗਰਭਧਾਰਨ ਕਰਨ ਵਿੱਚ ਦਿੱਕਤਾਂ ਆਉਂਦੀਆਂ ਹਨ ਤੇ ਜੋ ਹਾਰਮੋਨਜ਼ ਕੰਸੀਵ ਕਰਨ ਲਈ ਚਾਹੀਦੇ ਹਨ, ਉਹ ਗੜਬੜਾ ਜਾਂਦੇ ਹਨ। ਤੇ ਜਦੋਂ ਤੁਹਾਡਾ ਸਰੀਰ ਰਿਲੈਕਸ ਕਰਦਾ ਹੈ, ਤਾਂ ਕਈ ਚੰਗੇ ਹਾਰਮੋਨਜ਼ ਰਿਲੀਜ਼ ਹੁੰਦੇ ਹਨ, ਜੋ ਕੰਸੀਵ ਕਰਨ ਵਿੱਚ ਮਦਦ ਕਰਦੇ ਹਨ।

ਸਵਾਲ- ਕੀ ਔਰਤਾਂ ਤੇ ਮਰਦਾਂ ਵਿੱਚ ਇਨਫਰਟਿਲਟੀ ਦੇ ਵੱਖੋ-ਵੱਖ ਕਾਰਨ ਹੁੰਦੇ ਹਨ?

ਜਵਾਬ- ਜੀਵਨਸ਼ੈਲੀ ਤੇ ਤਣਾਅ ਵਰਗੇ ਜਿੱਥੇ ਔਰਤਾਂ ਨੂੰ ਪ੍ਰਭਾਵਿਤ ਕਰਦੇ ਹਨ, ਉਹ ਬਰਾਬਰ ਰੂਪ ਵਿੱਚ ਮਰਦਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਓਬੇਸਿਟੀ, ਸਿਗਰਟਨੋਸ਼ੀ, ਸ਼ਰਾਬ ਤੇ ਨਸ਼ਾ ਵੀ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ। ਪਰ ਜੋ ਮਰਦ ਜਿੰਮ ਜਾਂਦੇ ਹਨ ਤੇ ਬੌਡੀ ਬਣਾਉਣ ਦੇ ਮਕਸਦ ਨਾਲ ਕਈ ਤਰ੍ਹਾਂ ਦੇ ਸਪਲੀਮੈਂਟ ਲੈਂਦੇ ਹਨ, ਉਹ ਉਨ੍ਹਾਂ ਦੇ ਸਪਰਮ ਪ੍ਰੋਡਕਸ਼ਨ ਨੂੰ ਕਾਫ਼ੀ ਘੱਟ ਕਰ ਦਿੰਦੇ ਹਨ।

ਪ੍ਰੋਟੀਨ ਸਪਲੀਮੈਂਟ ਦਾ ਨੁਕਸਾਨ ਨਹੀਂ ਹੁੰਦਾ ਪਰ ਐਨਾਬੋਲਿਕ ਸਟੇਰੋਇਡ ਵਾਲੇ ਸਪਲੀਮੈਂਟ ਨੁਕਸਾਨ ਕਰਦੇ ਹਨ। ਉਹ ਜਦੋਂ ਤੁਹਾਡੇ ਸਰੀਰ ਵਿੱਚ ਜਾਂਦੇ ਹਨ ਤਾਂ ਉਸ ਨਾਲ ਸਪਰਮ ਪ੍ਰੋਡਕਸ਼ਨ ਕਾਫ਼ੀ ਘੱਟ ਜਾਂਦਾ ਹੈ।

ਐੱਗ ਤੇ ਸਪਰਮ

ਤਸਵੀਰ ਸਰੋਤ, Getty Images

ਸਵਾਲ- ਐੱਗ ਕਾਊਂਟ ਘਟਣ ਦਾ ਮੁੱਖ ਕਾਰਨ ਕੀ ਹੈ?

ਜਵਾਬ- ਔਰਤਾਂ ਵਿੱਚ ਐੱਗ ਕਾਊਂਟ ਘਟਣ ਦਾ ਮੁੱਖ ਕਾਰਨ ਉਨ੍ਹਾਂ ਦੀ ਉਮਰ ਹੁੰਦੀ ਹੈ। ਜਿਵੇਂ-ਜਿਵੇਂ ਉਨ੍ਹਾਂ ਦੀ ਉਮਰ ਵਧੇਰੀ ਹੁੰਦੀ ਹੈ, ਉਨ੍ਹਾਂ ਦਾ ਐੱਗ ਰਿਜ਼ਰਵ ਘਟੇਗਾ।

35 ਸਾਲ ਦੀ ਉਮਰ ਤੋਂ ਬਾਅਦ ਸਭ ਤੋਂ ਵੱਧ ਐੱਗ ਰਿਜ਼ਰਵ ਘਟਣ ਲੱਗਦਾ ਹੈ। 30 ਸਾਲ ਦੀ ਉਮਰ ਤੋਂ ਬਾਅਦ ਘਟਣਾ ਸ਼ੁਰੂ ਹੁੰਦਾ ਹੈ ਪਰ 35 ਸਾਲ ਦੀ ਉਮਰ ਤੋਂ ਬਾਅਦ ਕੁਆਲਿਟੀ ਤੇ ਕੁਆਂਟਿਟੀ ਦੋਵੇਂ ਬਹੁਤ ਤੇਜ਼ੀ ਨਾਲ ਘੱਟ ਜਾਂਦੇ ਹਨ।

ਕੁਆਲਿਟੀ ਦਾ ਮਤਲਬ ਹੁੰਦਾ ਹੈ ਕਿ ਬੱਚਿਆਂ ਵਿੱਚ ਐਬਨੋਰਮਿਲਟੀ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।

ਸਵਾਲ- ਪ੍ਰੈਗਨੈਂਟ ਹੋਣ ਦੀ ਸਹੀ ਉਮਰ ਕੀ ਹੈ?

ਜਵਾਬ- ਵੱਧ ਤੋਂ ਵੱਧ 30 ਸਾਲ ਦੀ ਉਮਰ ਜਾਂ ਫਿਰ ਉਸ ਤੋਂ ਘੱਟ ਉਮਰ ਤੱਕ ਜੇਕਰ ਕੋਈ ਜੋੜਾ ਪ੍ਰੈਗਨੈਂਸੀ ਪਲਾਨ ਕਰ ਲਵੇ ਤਾਂ ਬਹੁਤ ਹੀ ਚੰਗਾ ਹੈ। 32 ਸਾਲ ਦੀ ਉਮਰ ਤੋਂ ਬਾਅਦ ਜਣਨ ਸ਼ਕਤੀ ਘਟਣ ਲਗਦੀ ਹੈ।

ਔਰਤਾਂ ਵਿੱਚ ਬਾਇਓਲੋਜੀਕਲ ਉਮਰ ਦਾ ਬਹੁਤ ਮਾਅਨੇ ਰੱਖਦੀ ਹੈ ਕਿਉਂਕਿ ਉਮਰ ਦੇ ਨਾਲ ਐੱਗ ਘਟਣ ਲੱਗਦੇ ਹਨ। ਮਰਦਾਂ ਦੇ ਵਿੱਚ ਹਰ ਤਿੰਨ ਮਹੀਨੇ ਬਾਅਦ ਨਵੇਂ ਸਪਰਮ ਬਣਦੇ ਹਨ ਪਰ ਔਰਤਾਂ ਵਿੱਚ ਉਹ ਦਿੱਕਤ ਜ਼ਿਆਦਾ ਆਉਂਦੀ ਹੈ।

ਸਵਾਲ- ਆਈਵੀਐੱਫ ਦਾ ਅੱਜ-ਕੱਲ੍ਹ ਬਹੁਤ ਲੋਕ ਸਹਾਰਾ ਲੈ ਰਹੇ ਹਨ, ਉਸਦਾ ਕੀ ਕਾਰਨ ਹੈ?

ਜਵਾਬ- ਜਦੋਂ ਲੋਕ ਲੇਟ ਉਮਰ ਵਿੱਚ ਵਿਆਹ ਕਰਦੇ ਹਨ ਤੇ ਫਿਰ ਉਸ ਹਿਸਾਬ ਨਾਲ ਪ੍ਰੈਗਨੈਂਸੀ ਵੀ ਦੇਰੀ ਨਾਲ ਪਲਾਨ ਕਰਦੇ ਹਨ। 35 ਸਾਲ ਦੀ ਉਮਰ ਤੋਂ ਬਾਅਦ ਜਦੋਂ ਪ੍ਰੈਗਨੈਂਸੀ ਪਲਾਨ ਕੀਤੀ ਜਾਂਦੀ ਹੈ ਤਾਂ ਉਦੋਂ ਨਾ ਮਰੀਜ਼ ਕੋਲ ਓਨਾ ਸਮਾਂ ਹੁੰਦਾ ਹੈ ਤੇ ਨਾ ਹੀ ਡਾਕਟਰ ਕੋਲ ਕਿ ਉਨ੍ਹਾਂ ਨੂੰ 2-3 ਸਾਲ ਕੁਦਰਤੀ ਤੌਰ ‘ਤੇ ਗਰਭਧਾਰਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ।

ਕਈ ਵਾਰ ਪੀਸੀਓਐੱਸ ਤੇ ਹੋਰ ਹਾਰਮੋਨਲ ਦਿੱਕਤਾਂ ਵੀ ਹੁੰਦੀਆਂ ਹਨ। ਇਸ ਤੋਂ ਇਲਾਵਾ ਮਰਦਾਂ ਦੇ ਵਿੱਚ ਵੀ ਐਵਰੇਜ ਸਪਰਮ ਕਾਊਂਟ ਘਟ ਰਿਹਾ ਹੈ। ਇਸ ਤੋਂ ਇਲਾਵਾ ਆਈਵੀਐੱਫ ਟ੍ਰੀਟਮੈਂਟ ਦੀ ਸਹੂਲਤ ਵੀ ਕਾਫ਼ੀ ਹੋ ਗਈ ਹੈ।

10 ਸਾਲ ਪਹਿਲਾਂ ਤੱਕ ਵੀ ਇੰਨੇ ਆਈਵੀਐੱਫ ਸੈਂਟਰ ਮੁਹੱਈਆ ਨਹੀਂ ਸਨ, ਪਰ ਹੁਣ ਹਰ ਪਾਸੇ ਇਸ ਦੀ ਸਹੂਲਤ ਹੋਣ ਕਰਕੇ ਲੋਕ ਰਿਸਕ ਨਹੀਂ ਲੈਂਦੇ।

ਆਈਵੀਐੱਫ

ਤਸਵੀਰ ਸਰੋਤ, Getty Images

ਸਵਾਲ- ਜੇਕਰ ਕੋਈ ਜੋੜਾ ਇਨਫਰਟਿਲਟੀ ਦੀ ਸਮੱਸਿਆ ਨਾਲ ਆਉਂਦਾ ਹੈ, ਤਾਂ ਆਈਵੀਐੱਫ ਤੋਂ ਪਹਿਲਾਂ ਕਿਹੜੇ ਟ੍ਰੀਟਮੈਂਟ ਕੀਤੇ ਜਾਂਦੇ ਹਨ?

ਜਵਾਬ- ਸਭ ਤੋਂ ਪਹਿਲਾਂ ਉਨ੍ਹਾਂ ਦੀ ਜੀਵਨਸ਼ੈਲੀ ਵਿੱਚ ਬਦਲਾਅ ਕਰਵਾਏ ਜਾਂਦੇ ਹਨ, ਉਸੇ ਦੇ ਨਾਲ ਹੀ 50 ਤੋਂ 60 ਫ਼ੀਸਦ ਲੋਕ ਗਰਭਧਾਰਨ ਕਰ ਲੈਂਦੇ ਹਨ। ਜਿਵੇਂ ਜੇਕਰ ਕਈ ਮਰਦ ਕਈ ਤਰ੍ਹਾਂ ਦੇ ਨਸ਼ੇ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਛੱਡਣ ਦੇ ਨਾਲ ਹੀ ਬਹੁਤ ਫਰਕ ਪੈ ਜਾਂਦਾ ਹੈ।

ਜੇ ਕਿਸੇ ਦੀ ਨਾਈਟ ਡਿਊਟੀ ਹੈ, ਤਾਂ ਡਿਊਟੀ ਬਦਲ ਕੇ ਸਪੀਲ ਪੈਟਰਨ ਵਿੱਚ ਬਦਲਾਅ ਲਿਆ ਕੇ ਬਹੁਤ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਕਿਸੇ ਸਮੱਸਿਆ ਕਾਰਨ ਔਰਤਾਂ ਵਿੱਚ ਅੰਡਾ ਨਹੀਂ ਬਣਦਾ ਤਾਂ ਅਸੀਂ ਉਨ੍ਹਾਂ ਨੂੰ ਐੱਗ ਬਣਨ ਦੀ ਦਵਾਈ ਦਿੰਦੇ ਹਾਂ ਤੇ ਉਸ ਨਾਲ ਹੀ ਕਈ ਵਾਰ ਗਰਭਧਾਰਨ ਹੋ ਜਾਂਦਾ ਹੈ।

ਜੇਕਰ ਇਸ ਸਭ ਨਾਲ ਵੀ ਗਰਭਧਾਰਨ ਨਹੀਂ ਹੋ ਰਿਹਾ ਹੈ ਤਾਂ ਦੂਜਾ ਪੜਾਅ ਹੁੰਦਾ ਹੈ ਆਈਯੂਆਈ (IUI) ਦਾ। ਉਸਦੇ 3-4 ਸਾਈਕਲ ਕਰਦੇ ਹਾਂ। ਉਸ ਵਿੱਚ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਕਈ ਜੋੜੇ ਉਸ ਨਾਲ ਵੀ ਗਰਭਧਾਰਨ ਕਰ ਲੈਂਦੇ ਹਨ। ਪਰ ਕਈਆਂ ਨੂੰ ਆਈਯੂਆਈ ਨਾਲ ਵੀ ਗਰਭਧਾਰਨ ਨਹੀਂ ਹੁੰਦਾ ਤਾਂ ਫਿਰ ਫਾਈਨਲ ਸਟੈੱਪ ਆਈਵੀਐੱਫ ਦਾ ਹੁੰਦਾ ਹੈ।

ਆਈਯੂਆਈ ਵਿੱਚ 20 ਫ਼ੀਸਦ ਮਰੀਜ਼ਾਂ ਨੂੰ ਹੀ ਸਫਲਤਾ ਮਿਲਦੀ ਹੈ ਜਦਕਿ ਆਈਵੀਐੱਫ ਵਿੱਚ 80 ਫ਼ੀਸਦ ਤੱਕ ਬਿਹਤਰ ਨਤੀਜੇ ਮਿਲਦੇ ਹਨ।

ਸਵਾਲ- ਆਈਵੀਐੱਫ ਕੀ ਹੈ ਤੇ ਪੂਰੀ ਪ੍ਰਕਿਰਿਆ ਕਿਵੇਂ ਕੀਤੀ ਜਾਂਦੀ ਹੈ?

ਜਵਾਬ- ਆਈਵੀਐੱਫ ਦਾ ਮਤਲਬ ਹੈ ਇਨ ਵਿਟਰੋ ਫਰਟੀਲਾਈਜ਼ੇਸ਼ਨ। ਮਤਲਬ ਜੋ ਫਰਟੀਲਾਈਜ਼ੇਸ਼ਨ ਕੁਦਰਤੀ ਤਰੀਕੇ ਨਾਲ ਸਰੀਰ ਦੇ ਅੰਦਰ ਹੁੰਦੀ ਹੈ, ਉਹ ਅਸੀਂ ਬਾਹਰ ਕਰਦੇ ਹਾਂ। ਸਪਰਮ ਤੇ ਐੱਗਜ਼ ਨੂੰ ਮਿਲਾ ਕੇ ਟਿਊਬ ਵਿੱਚ ਬੱਚਾ ਬਣਾਇਆ ਜਾਂਦਾ ਹੈ। ਜਿਸ ਨੂੰ ਟੈਸਟ ਟਿਊਬ ਬੇਬੀ ਵੀ ਕਿਹਾ ਜਾਂਦਾ ਹੈ।

ਆਈਵੀਐੱਫ ਦੇ ਵਿੱਚ ਅਸੀਂ ਟੀਕੇ ਦੇ ਨਾਲ ਮਹਿਲਾ ਦੇ ਵੱਧ ਤੋਂ ਵੱਧ ਅੰਡੇ ਲੈ ਲੈਂਦੇ ਹਾਂ ਤੇ ਸਪਰਮ ਲੈ ਕੇ ਅਸੀਂ ਪ੍ਰੈਗਨੈਂਸੀ ਕਰਦੇ ਹਾਂ। ਜੇਕਰ ਜੋੜੇ ਵਿੱਚ ਕੋਈ ਵੱਡੀ ਦਿੱਕਤ ਨਾ ਹੋਵੇ ਤੇ ਲੈਬੀ ਚੰਗੀ ਹੋਵੇ ਤਾਂ ਆਈਵੀਐੱਫ ਦੇ 80 ਤੋਂ 90 ਫੀਸਦ ਮਾਮਲਿਆਂ ਵਿੱਚ ਬਿਹਤਰ ਨਤੀਜੇ ਆਉਂਦੇ ਹਨ।

ਆਈਵੀਐੱਫ ਪ੍ਰਕਿਰਿਆ ਦਾ ਇੱਕ ਦ੍ਰਿਸ਼

ਤਸਵੀਰ ਸਰੋਤ, Getty Images

ਸਵਾਲ- ਕਿਹੜੀ ਉਮਰ ਤੋਂ ਬਾਅਦ ਆਈਵੀਐੱਫ ਨਹੀਂ ਕੀਤਾ ਜਾਂਦਾ?

ਜਵਾਬ- ਕਾਨੂੰਨੀ ਤੌਰ ‘ਤੇ ਔਰਤਾਂ ਲਈ 50 ਸਾਲ ਤੇ ਮਰਦਾਂ ਲਈ 55 ਸਾਲ ਦੀ ਉਮਰ ਤੱਕ ਹੀ ਆਈਵੀਐੱਫ ਕੀਤਾ ਜਾ ਸਕਦਾ ਹੈ। ਪਰ 40 ਸਾਲ ਤੋਂ ਬਾਅਦ ਔਰਤਾਂ ਵਿੱਚ ਨਾ ਦੇ ਬਰਾਬਰ ਐੱਗ ਬਚਦੇ ਹਨ ਤੇ ਉਨ੍ਹਾਂ ਨੂੰ ਡੋਨਰ ਐੱਗ ਲੈਣਾ ਪੈਂਦਾ ਹੈ।

ਤੇ ਜੇਕਰ ਉਹ ਆਪਣੇ ਅੰਡਿਆਂ ਦੇ ਨਾਲ ਹੀ ਆਈਵੀਐੱਫ ਦੀ ਪ੍ਰਕਿਰਿਆ ਕਰਨਾ ਚਾਹੁੰਦੇ ਹਨ ਤਾਂ 50 ਫ਼ੀਸਦ ਅੰਡੇ ਅਬਨੋਰਮਲ ਹੁੰਦੇ ਹਨ। ਇਸਦੇ ਲਈ ਇੱਕ ਸਪੈਸ਼ਲ ਟੈਸਟਿੰਗ ਹੁੰਦੀ ਹੈ-ਪੀਜੀਟੀਏ।

ਆਮ ਤੌਰ ਉੱਤੇ 38 ਸਾਲ ਦੀ ਉਮਰ ਤੋਂ ਵੱਡੀਆਂ ਔਰਤਾਂ ਨੂੰ ਅਸੀਂ ਇਹ ਟੈਸਟ ਕਰਵਾਉਣ ਦੀ ਸਲਾਹ ਦਿੰਦੇ ਹਾਂ ਕਿਉਂਕਿ ਉਨ੍ਹਾਂ ਦੇ ਅੰਦਰ ਅਬਨੋਰਮੈਲਿਟੀ ਹੋਣ ਦਾ ਖਤਰਾ ਹੁੰਦਾ ਹੈ।

ਸਵਾਲ- ਆਈਵੀਐੱਫ ਵਿੱਚ ਜ਼ਿਆਦਾ ਟਵਿਨ ਬੇਬੀ ਕਿਉਂ ਹੁੰਦੇ ਹਨ?

ਜਵਾਬ- ਜਦੋਂ ਅਸੀਂ ਐਂਬਰਿਊ ਬਣਾਉਂਦੇ ਹਾਂ ਤਾਂ ਡੇਅ 3 ਅਤੇ ਡੇਅ 5 ‘ਤੇ ਬਣਾਉਂਦੇ ਹਾਂ। ਡੇਅ 5 ਵਾਲੇ ਐਂਬਰਿਊ ਨੂੰ ਪਲਾਸਟੋ ਸਿਸਟ ਕਿਹਾ ਜਾਂਦਾ ਹੈ। ਉਨ੍ਹਾਂ ਦੀ ਇੰਪਲਾਂਟ ਪੋਟੈਂਸ਼ਲ ਬਹੁਤ ਚੰਗੀ ਹੈ। ਉਦੋਂ ਬਹੁਤ ਜ਼ਿਆਦਾ ਚਾਂਸ ਹੁੰਦਾ ਹੈ ਕਿ ਦੋਵੇਂ ਹੀ ਚਿਪਕ ਜਾਣਗੇ ਤੇ ਟਵਿਨ ਬੇਬੀ ਹੋ ਜਾਣਗੇ।

ਜਦੋਂ ਸਾਡੇ ਕੋਲ ਕੋਈ ਔਰਤ 4 ਜਾਂ 5 ਵਾਰ ਦੇ ਫੇਲ੍ਹ ਆਈਵੀਐੱਫ ਪ੍ਰੋਸੈੱਸ ਤੋਂ ਬਾਅਦ ਆਉਂਦੀ ਹੈ ਤਾਂ ਉਨ੍ਹਾਂ ਵਿੱਚ ਦੋ ਐਂਬਰਿਊ ਹੀ ਪਾਏ ਜਾਂਦੇ ਹਨ।

ਇੱਕ ਜੋੜਾ

ਤਸਵੀਰ ਸਰੋਤ, Getty Images

ਸਵਾਲ- ਆਈਵੀਐੱਫ ਉੱਤੇ ਖਰਚਾ ਕਿੰਨਾ ਆਉਂਦਾ ਹੈ?

ਜਵਾਬ- ਸਭ ਤੋਂ ਪਹਿਲਾਂ ਤਾਂ ਟੈਸਟਾਂ ਦੇ ਵਿੱਚ ਹੀ 5 ਤੋਂ 10 ਹਜ਼ਾਰ ਦਾ ਖਰਚਾ ਆ ਜਾਂਦਾ ਹੈ। 85 ਤੋਂ 90 ਹਜ਼ਾਰ ਦਾ ਖਰਚਾ ਦਵਾਈਆਂ ਤੇ ਟੀਕਿਆਂ ਉੱਤੇ ਆ ਜਾਂਦਾ ਹੈ। ਉਸ ਤੋਂ ਬਾਅਦ 10 ਦਿਨ ਤੱਕ ਮਹਿਲਾ ਨੂੰ ਟੀਕੇ ਦਿੱਤੇ ਜਾਂਦੇ ਹਨ ਤੇ 11ਵੇਂ ਦਿਨ ਜਦੋਂ ਐੱਗ ਰਿਟਰੀਵਲ ਦੀ ਪ੍ਰਕਿਰਿਆ ਹੁੰਦੀ ਹੈ ਤਾਂ ਉਸ ਉੱਤੇ ਵੀ 95 ਹਜ਼ਾਰ ਦੇ ਕਰੀਬ ਖਰਚਾ ਆ ਜਾਂਦਾ ਹੈ। ਤਾਂ ਕੁੱਲ ਮਿਲਾ ਕੇ 2 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ।

ਸਵਾਲ- ਮਰਦ ਤੇ ਔਰਤ ਦੋਵਾਂ ਵਿੱਚੋਂ ਕਿਸ ‘ਚ ਜ਼ਿਆਦਾ ਦਿੱਕਤ ਆਉਂਦੀ ਹੈ?

ਜਵਾਬ- ਕੁਝ ਸਾਲ ਪਹਿਲਾਂ ਹੁੰਦਾ ਸੀ ਕਿ ਔਰਤਾਂ ਵਿੱਚ ਵਧੇਰੇ ਦਿੱਕਤ ਹੁੰਦੀ ਸੀ ਪਰ ਹੁਣ ਅਜਿਹਾ ਨਹੀਂ ਹੈ। ਅੱਜ ਦੇ ਸਮੇਂ ਵਿੱਚ ਦੋਵਾਂ ਵਿੱਚ ਬਰਾਬਰ ਹੀ ਸਮੱਸਿਆ ਆਉਂਦੀ ਹੈ।

ਇੱਕ ਉਦਾਹਰਣ ਦੇ ਕੇ ਸਮਝਾਉਂਦੀ ਹਾਂ ਜਿਵੇਂ 2-3 ਦਿਨ ਪਹਿਲਾਂ ਮੇਰੇ ਕੋਲ ਇੱਕ ਜੋੜਾ ਆਇਆ ਸੀ। ਔਰਤ ਦੇ ਆਪਣੇ ਸਾਰੇ ਟੈਸਟ ਕਰਵਾਏ ਹੋਏ ਸਨ ਪਰ ਉਨ੍ਹਾਂ ਦੇ ਪਤੀ ਦਾ ਕੋਈ ਟੈਸਟ ਨਹੀਂ ਕਰਵਾਇਆ ਸੀ।

ਜਦੋਂ ਅਸੀਂ ਉਨ੍ਹਾਂ ਦੇ ਪਤੀ ਦੇ ਟੈਸਟ ਕੀਤੇ ਤਾਂ ਡਾਇਬਟੀਜ਼ ਤੇ ਹਾਈਪਰਟ੍ਰਾਈਗਲਿਸਰੀਡੀਮੀਆ ਦੀ ਸਮੱਸਿਆ ਸੀ। ਉਹ ਓਬੇਸਿਟੀ ਨਾਲ ਵੀ ਜੂਝ ਰਹੇ ਸਨ। ਓਬੇਸਿਟੀ ਵੀ ਸਪਰਮ ਉੱਤੇ ਬਹੁਤ ਅਸਰ ਪਾਉਂਦੀ ਹੈ। ਇਸ ਲਈ ਮਰਦਾਂ ਦੀ ਟੈਸਟਿੰਗ ਕਰਨੀ ਵੀ ਬਹੁਤ ਜ਼ਰੂਰੀ ਹੈ।

ਸਿਹਤ ਸੀਕ੍ਰੇਟਸ ਬੀਬੀਸੀ ਪੰਜਾਬੀ ਵੱਲੋਂ ਚਲਾਇਆ ਜਾ ਰਿਹਾ ਇੱਕ ਅਜਿਹਾ ਹੈਲਥ ਪੌਡਕਾਸਟ ਹੈ, ਜਿੱਥੇ ਤੁਹਾਨੂੰ ਮਰਦਾਂ, ਔਰਤਾਂ ਤੇ ਬੱਚਿਆਂ ਦੀ ਸਿਹਤ ਨਾਲ ਜੁੜੀ ਅਹਿਮ ਜਾਣਕਾਰੀ ਮਿਲੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI