Home rss national punjabi2ਰਾਸ਼ਟਰੀ ਖ਼ਬਰਾਂ ’12 ਸਾਲ ਦੀ ਉਮਰ ਤੋਂ ਲੱਗੀ ਪੋਰਨ ਦੇਖਣ ਦੀ ਲਤ’, ਬ੍ਰਿਟਿਸ਼ ਓਲੰਪੀਅਨ...

’12 ਸਾਲ ਦੀ ਉਮਰ ਤੋਂ ਲੱਗੀ ਪੋਰਨ ਦੇਖਣ ਦੀ ਲਤ’, ਬ੍ਰਿਟਿਸ਼ ਓਲੰਪੀਅਨ ਨੇ ਫਿਰ ਕਿਵੇਂ ਪਾਇਆ ਇਸ ਤੋਂ ਛੁਟਕਾਰਾ?

5
0

Source :- BBC PUNJABI

ਵੀਆਰ ਦੇਖਦਾ ਵਿਅਕਤੀ

ਤਸਵੀਰ ਸਰੋਤ, Getty Images

ਸਾਬਕਾ ਬ੍ਰਿਟਿਸ਼ ਓਲੰਪਿਕ ਗੋਤਾਖੋਰ ਫ੍ਰੈਡੀ ਵੁਡਵਰਡ ਕਿਸ਼ੋਰ ਅਵਸਥਾ ਵਿੱਚ ਹੀ ਸਮਝ ਗਏ ਸਨ ਕਿ ਉਨ੍ਹਾਂ ਨੂੰ ਪੋਰਨ ਦੇਖਣ ਦੀ ਆਦਤ ਤੋਂ ਪਰੇਸ਼ਾਨੀ ਹੋਣ ਲੱਗੀ ਹੈ।

ਉਨ੍ਹਾਂ ਨੇ ਦੱਸਿਆ, “ਜਦੋਂ ਵੀ ਮੈਂ ਪੜ੍ਹਾਈ ਕਰਨ ਬੈਠਦਾ ਸੀ, ਮੇਰਾ ਮਨ ਸਿਰਫ਼ ਉਨ੍ਹਾਂ ਵੈੱਬਸਾਈਟਾਂ ਨੂੰ ਖੋਲ੍ਹਣ ਦਾ ਕਰਦਾ ਸੀ।”

12 ਸਾਲ ਦੀ ਉਮਰ ਤੱਕ ਉਹ ਨਿਯਮਿਤ ਤੌਰ ‘ਤੇ ਅਜਿਹੀਆਂ ਵੈੱਬਸਾਈਟਾਂ ਦੇਖਣ ਲੱਗ ਪਏ ਸਨ, ਜਿਨ੍ਹਾਂ ਨੂੰ ਉਹ “ਹਾਰਡਕੋਰ” ਸਾਈਟਾਂ ਕਹਿੰਦੇ ਹਨ।

ਜਿਵੇਂ-ਜਿਵੇਂ ਉਨ੍ਹਾਂ ਦਾ ਕਰੀਅਰ ਅੱਗੇ ਵਧਿਆ ਅਤੇ ਉਨ੍ਹਾਂ ਨੇ ਓਲੰਪਿਕ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ, ਉਹ ਦਿਨ ਵਿੱਚ ਕਈ ਵਾਰ ਅਡਲਟ ਕੰਟੈਂਟ ਦੇਖਣ ਲੱਗ ਪਏ।

ਹੁਣ 30 ਸਾਲ ਦੀ ਉਮਰ ਵਿੱਚ ਇਸ ਓਲੰਪੀਅਨ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਸੋਚ ਬਦਲ ਕੇ ਆਖ਼ਿਰਕਾਰ ਇਸ ਆਦਤ ‘ਤੇ ਕਾਬੂ ਪਾ ਲਿਆ।

ਉਨ੍ਹਾਂ ਕਿਹਾ, “ਤੁਸੀਂ ਅਜਿਹਾ ਵਿਅਕਤੀ ਨਹੀਂ ਹੋ ਸਕਦੇ ਜੋ ਪੋਰਨ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਹਾਨੂੰ ਅਜਿਹਾ ਵਿਅਕਤੀ ਬਣਨਾ ਪਵੇਗਾ ਜੋ ਪੋਰਨ ਦੇਖਦਾ ਹੀ ਨਹੀਂ ਹੈ। ਅਤੇ ਇਸਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।”

ਤਾਂ ਕਿਵੇਂ ਪਤਾ ਲੱਗੇ ਕਿ ਪੋਰਨ ਦੇਖਣ ਦੀ ਆਦਤ ਕਾਬੂ ਤੋਂ ਬਾਹਰ ਹੋ ਗਈ ਹੈ? ਅਤੇ ਇਸ ਨਾਲ ਨਜਿੱਠਣ ਦਾ ਤਰੀਕਾ ਕੀ ਹੈ?

ਫ੍ਰੈਡੀ ਵੁਡਵਰਡ

ਹਾਲਾਂਕਿ “ਪੋਰਨ ਐਡਿਕਸ਼ਨ” ਮਤਲਬ ਪੋਰਨ ਦੀ ਲਤ ਇੱਕ ਆਮ ਸ਼ਬਦ ਬਣ ਗਿਆ ਹੈ, ਪਰ ਇਸ ਨੂੰ ਆਪਣੇ ਆਪ ਵਿੱਚ ਅਧਿਕਾਰਿਤ ਤੌਰ ‘ਤੇ ਕੋਈ ਬਿਮਾਰੀ ਜਾਂ ਗੜਬੜ ਨਹੀਂ ਮੰਨਿਆ ਜਾਂਦਾ।

ਸੈਕਸ ਅਤੇ ਰਿਲੇਸ਼ਨਸ਼ਿਪ ਸਾਈਕੋਥੈਰੇਪਿਸਟ ਸਿਲਵਾ ਨੇਵਸ ਦਾ ਕਹਿਣਾ ਹੈ, “ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਪੋਰਨ ਨਾਲ ਜੁੜੀ ਸਮੱਸਿਆ ਹੁੰਦੀ ਹੈ।”

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਿੱਜੀ ਕਲੀਨਿਕ ਵਿੱਚ ਇਸ ਆਦਤ ਤੋਂ ਪਰੇਸ਼ਾਨ ਲੋਕਾਂ ਦੀ ਆਮਦ ਵਧੀ ਹੈ।

ਪਰ ਮਾਹਿਰ ਇਸ ਗੱਲ ‘ਤੇ ਇੱਕਮਤ ਨਹੀਂ ਹਨ ਕਿ ਇਸ ਨੂੰ ਅਸਲ ਵਿੱਚ “ਲਤ” ਮੰਨਿਆ ਜਾਣਾ ਚਾਹੀਦਾ ਹੈ ਜਾਂ ਨਹੀਂ।

ਉਦਾਹਰਨ ਲਈ, ਕੀ ਇਹ ਡਰੱਗਜ਼ ਦੀ ਲਤ ਵਰਗੀ ਹੀ ਹੈ? ਅਤੇ ਇਸ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?

ਆਸਟ੍ਰੇਲੀਆ ਦੀ ਮੋਨਾਸ਼ ਯੂਨੀਵਰਸਿਟੀ ਦੇ ਖੋਜਕਰਤਾ ਕੈਂਪਬੈਲ ਇਨਸ ਕਹਿੰਦੇ ਹਨ ਕਿ ਹੁਣ ਜ਼ਿਆਦਾਤਰ ਡਾਕਟਰ ਇਸ ਗੱਲ ਨਾਲ ਸਹਿਮਤ ਹਨ ਕਿ ਲੋਕਾਂ ਨੂੰ ‘ਪ੍ਰੌਬਲਮੇਟਿਕ ਪੋਰਨ ਯੂਜ਼’ ਦੀ ਸਮੱਸਿਆ ਹੋ ਸਕਦੀ ਹੈ।

ਪਰ ਇਸ ਦੇ ਕਾਰਨਾਂ ਅਤੇ ਇਲਾਜ ਨੂੰ ਲੈ ਕੇ ਅਜੇ ਬਹੁਤ ਕੁਝ ਸਮਝਣਾ ਬਾਕੀ ਹੈ।

ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਪੋਰਨ ਦੇ ਆਦੀ ਹੋ ਗਏ ਹਨ, ਉਨ੍ਹਾਂ ਲਈ ਤੈਅ ਲੱਛਣਾਂ ਜਾਂ ਇਲਾਜ ਦੀ ਕੋਈ ਸੂਚੀ ਉਪਲੱਬਧ ਨਹੀਂ ਹੈ।

ਕੁਝ ਮਾਹਿਰ ਇਸ ਨੂੰ ‘ਕੰਪਲਸਿਵ ਸੈਕਸੁਅਲ ਬਿਹੇਵਿਅਰ ਡਿਸਆਰਡਰ’ ਦੇ ਰੂਪ ਵਿੱਚ ਦੇਖਦੇ ਹਨ। ਡਬਲਯੂਟੀਓ ਇਸ ਸਥਿਤੀ ਨੂੰ ਮਾਨਤਾ ਦਿੰਦਾ ਹੈ।

ਸਾਈਕੋਥੈਰੇਪਿਸਟ ਡਾਕਟਰ ਪੌਲਾ ਹਾਲ ਦੱਸਦੇ ਹਨ, “ਇਸ ਵਿੱਚ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਦਾ ਜਿਨਸੀ ਵਿਹਾਰ ਉਸ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਹੈ, ਇਸ ਨਾਲ ਉਸ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ ਅਤੇ ਵਾਰ-ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਇਸ ਨੂੰ ਕੰਟਰੋਲ ਨਹੀਂ ਕਰ ਪਾ ਰਿਹਾ।”

ਡਾਕਟਰ ਹਾਲ ਨਿੱਜੀ ਤੌਰ ‘ਤੇ ਲੌਰਲ ਸੈਂਟਰ ਵਿੱਚ ਕੰਮ ਕਰਦੇ ਹਨ, ਜੋ ਸੈਕਸ ਅਤੇ ਪੋਰਨ ਦੀ ਲਤ ਨਾਲ ਜੁੜੀਆਂ ਸਮੱਸਿਆਵਾਂ ਦਾ ਕੇਂਦਰ ਹੈ।

ਪੋਰਨ ਦੀ ਆਦਤ ਦੀ ਪਛਾਣ ਕਿਵੇਂ ਕੀਤੀ ਜਾਵੇ?

ਲੈਪਟਾਪ ਚਲਾਉਂਦਾ ਵਿਅਕਤੀ

ਤਸਵੀਰ ਸਰੋਤ, Getty Images

ਨੇਵਸ ਕਹਿੰਦੇ ਹਨ ਕਿ ਮਾਮਲਾ ਇਸ ਗੱਲ ‘ਤੇ ਨਿਰਭਰ ਨਹੀਂ ਕਰਦਾ ਕਿ ਤੁਸੀਂ ਕਿੰਨੀ ਵਾਰ ਜਾਂ ਕਿੰਨੀ ਦੇਰ ਤੱਕ ਪੋਰਨ ਦੇਖਦੇ ਹੋ।

ਅਸਲ ਸਵਾਲ ਇਹ ਹੈ ਕਿ “ਇਸ ਨਾਲ ਤੁਹਾਡੀ ਜ਼ਿੰਦਗੀ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੈ।”

ਮਿਸਾਲ ਵਜੋਂ, ਪੂਰੀ ਰਾਤ ਪੋਰਨ ਦੇਖਣ ਕਾਰਨ ਕੰਮ ‘ਤੇ ਦੇਰ ਨਾਲ ਪਹੁੰਚਣਾ, ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਕੀਤੇ ਵਾਅਦਿਆਂ ਜਾਂ ਜ਼ਿੰਮੇਵਾਰੀਆਂ ਨਾਲੋਂ ਪੋਰਨ ਨੂੰ ਜ਼ਿਆਦਾ ਤਰਜੀਹ ਦੇਣਾ ਜਾਂ ਦਫ਼ਤਰ ਵਿੱਚ ਪੋਰਨ ਦੇਖਣਾ।

ਖੋਜਕਰਤਾ ਇਨਸ ਕਹਿੰਦੇ ਹਨ ਕਿ ਆਪਣੇ ਆਪ ਤੋਂ ਇਹ ਪੁੱਛਣਾ ਵੀ ਜ਼ਰੂਰੀ ਹੈ ਕਿ ਜਦੋਂ ਤੁਸੀਂ ਚਾਹੋ ਕੀ ਉਸ ਵੇਲੇ ਆਪਣੀ ਆਦਤ ਨੂੰ ਘੱਟ ਕਰ ਸਕਦੇ ਹੋ ਜਾਂ ਬਦਲ ਸਕਦੇ ਹੋ?

ਅਤੇ ਹੁਣ ਜਦੋਂ ਇਸ ਨਾਲ ਤੁਹਾਨੂੰ ਪਹਿਲਾਂ ਜਿੰਨਾ ਆਨੰਦ ਵੀ ਨਹੀਂ ਮਿਲ ਰਿਹਾ ਤਾਂ ਕੀ ਤੁਸੀਂ ਫਿਰ ਵੀ ਪੋਰਨ ਦੇਖਦੇ ਰਹਿੰਦੇ ਹੋ?

ਕ੍ਰੇਗ ਆਪਣੇ ਆਪ ਨੂੰ ਪੋਰਨ ਦੀ ਲਤ ਤੋਂ ਉੱਭਰ ਰਿਹਾ ਵਿਅਕਤੀ ਦੱਸਦੇ ਹਨ। ਉਨ੍ਹਾਂ ਲਈ ਕੋਵਿਡ ਮਹਾਮਾਰੀ ਦੌਰਾਨ ਕੰਟਰੋਲ ਗੁਆਉਣਾ ਇੱਕ ਅਹਿਮ ਮੋੜ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਦੇ ਕਰੀਬ ਸੀ।

ਉਹ ਕਹਿੰਦੇ ਹਨ, “ਮੈਨੂੰ ਨਹੀਂ ਲੱਗਦਾ ਕਿ ਲੌਕਡਾਊਨ ਤੋਂ ਪਹਿਲਾਂ ਇਹ ਮੇਰੇ ਲਈ ਕਦੇ ਬਹੁਤ ਵੱਡੀ ਸਮੱਸਿਆ ਬਣੀ ਗਈ ਸੀ। ਪਰ ਲੌਕਡਾਊਨ ਵਿੱਚ ਵਧਿਆ ਹੋਇਆ ਦਬਾਅ ਅਤੇ ਇਕੱਲਾਪਣ ਇਸ ਸਮੱਸਿਆ ਨੂੰ ਹੋਰ ਵਧਾਉਣ ਲੱਗਾ।”

“ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਸ ਆਦਤ ਤੋਂ ਕਿਵੇਂ ਖਹਿੜਾ ਛੁੜਾਵਾਂ।”

ਹਾਲਾਂਕਿ ਇਨਸ ਸਾਵਧਾਨ ਕਰਦੇ ਹਨ ਕਿ ਕਈ ਲੋਕ ਸਮਾਜਿਕ, ਨੈਤਿਕ ਜਾਂ ਧਾਰਮਿਕ ਕਾਰਨਾਂ ਕਰਕੇ ਪੋਰਨ ਦੇਖਣ ਨੂੰ ਲੈਕੇ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰ ਸਕਦੇ ਹਨ ਜਾਂ ਪਰੇਸ਼ਾਨ ਹੋ ਸਕਦੇ ਹਨ।

ਪਰ ਜ਼ਰੂਰੀ ਨਹੀਂ ਕਿ ਉਸਦਾ ਮਤਲਬ ਇਹ ਹੈ ਕਿ ਉਨ੍ਹਾਂ ਦੀ ਆਦਤ ਕੰਟਰੋਲ ਤੋਂ ਬਾਹਰ ਹੋ ਗਈ ਹੈ।

ਨੇਵਸ ਕਹਿੰਦੇ ਹਨ, “ਕੋਈ ਵਿਅਕਤੀ ਹਫ਼ਤੇ ਵਿੱਚ ਤਿੰਨ ਵਾਰ, ਪੰਜ ਮਿੰਟ ਪੋਰਨ ਦੇਖ ਸਕਦਾ ਹੈ ਅਤੇ ਸ਼ਰਮ ਦੇ ਕਾਰਨ ਸੋਚ ਸਕਦਾ ਹੈ ਕਿ ਉਹ ਇਸ ਦਾ ਆਦੀ ਹੈ।”

“ਜਦਕਿ ਕੋਈ ਦੂਜਾ ਵਿਅਕਤੀ ਰੋਜ਼ ਪੋਰਨ ਦੇਖ ਸਕਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ।”

ਹਾਲ ਵੀ ਆਪਣੇ ਕਲਾਇੰਟਸ ਨੂੰ ਕਹਿੰਦੇ ਹਨ ਕਿ ਇਸ ਸੋਚ ਤੋਂ ਬਾਹਰ ਨਿੱਕਲੋ ਕਿ “ਜਾਂ ਤਾਂ ਮੈਂ ਐਡਿਕਟ ਹਾਂ ਜਾਂ ਨਹੀਂ ਹਾਂ।”

ਇਸ ਦੀ ਬਜਾਏ ਇਹ ਦੇਖੋ ਕਿ ਪੋਰਨ ਤੁਹਾਡੀ ਪੜ੍ਹਾਈ, ਕੰਮ, ਰਿਸ਼ਤਿਆਂ ਅਤੇ ਜ਼ਿੰਦਗੀ ਦੇ ਦੂਜੇ ਹਿੱਸਿਆਂ ਨੂੰ ਕਿੰਨਾ ਪ੍ਰਭਾਵਿਤ ਕਰ ਰਿਹਾ ਹੈ।

ਕੀ ਪੋਰਨ ਦੇਖਣ ਦੀ ਆਦਤ ਘਟਾਈ ਜਾ ਸਕਦੀ ਹੈ?

ਲੈਪਟਾਪ ਦਾ ਕੀਬੋਰਡ ਚਲਾਉਂਦਾ ਵਿਅਕਤੀ

ਤਸਵੀਰ ਸਰੋਤ, Getty Images

ਟੀਵੀ ਪ੍ਰਜ਼ੈਂਟਰ ਓਰੇ ਓਡੁਬਾ ਨੇ ਪਿਛਲੇ ਸਾਲ 30 ਸਾਲ ਤੱਕ ਚੱਲੀ ਆਪਣੀ ਪੋਰਨ ਦੀ ਲਤ ਬਾਰੇ ਜਨਤਕ ਤੌਰ ‘ਤੇ ਗੱਲ ਕੀਤੀ ਸੀ।

ਉਨ੍ਹਾਂ ਨੇ ਦੱਸਿਆ ਸੀ ਕਿ ਇਸ ਦੀ ਸ਼ੁਰੂਆਤ ਨੌਂ ਸਾਲ ਦੀ ਉਮਰ ਵਿੱਚ ਹੋਈ ਸੀ ਅਤੇ ਇਹ “ਅੰਦਰ ਹੀ ਅੰਦਰ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਰਹੀ ਸੀ।”

ਉਨ੍ਹਾਂ ਨੇ ਪਿਛਲੇ ਸਾਲ ‘ਵੀ ਨੀਡ ਟੂ ਟੌਕ’ ਪੌਡਕਾਸਟ ਵਿੱਚ ਕਿਹਾ ਸੀ ਕਿ ਬਚਪਨ ਤੋਂ ਹੀ ਉਹ ਆਪਣੀ ਜ਼ਿੰਦਗੀ ਵਿੱਚ ਹੋਏ ਕਈ ਤਰ੍ਹਾਂ ਦੇ ਟ੍ਰੌਮਾ ਨਾਲ ਨਜਿੱਠਣ ਲਈ ਪੋਰਨ ਵੱਲ ਭੱਜਦੇ ਸਨ। ਬਾਅਦ ਵਿੱਚ ਉਨ੍ਹਾਂ ਨੇ ਇਸ ਆਦਤ ‘ਤੇ ਕਾਬੂ ਪਾ ਲਿਆ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਵਿਹਾਰ ਕਿਉਂ ਸ਼ੁਰੂ ਹੁੰਦਾ ਹੈ, ਇਹ ਅਜੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ। ਇਸ ਵਿਸ਼ੇ ‘ਤੇ ਹੋਰ ਜ਼ਿਆਦਾ ਖੋਜ ਦੀ ਲੋੜ ਹੈ।

ਇਨਸ ਕਹਿੰਦੇ ਹਨ, “ਇਸ ਦੀ ਵਿਗਿਆਨਕ ਪੱਧਰ ‘ਤੇ ਤੇਜ਼ੀ ਨਾਲ ਜਾਂਚ ਹੋ ਰਹੀ ਹੈ, ਪਰ ਅਜੇ ਬਹੁਤ ਲੰਮਾ ਰਸਤਾ ਤੈਅ ਕਰਨਾ ਬਾਕੀ ਹੈ।”

ਹਾਲ ਦੇ ਮੁਤਾਬਕ, ਇਸ ਦੀ ਸ਼ੁਰੂਆਤ ਕਦੇ-ਕਦੇ ਅਜਿਹੀ ਚੀਜ਼ ਤੋਂ ਬਚਣ ਦੇ ਤਰੀਕੇ ਵਜੋਂ ਹੋ ਸਕਦੀ ਹੈ, ਜੋ ਜ਼ਿੰਦਗੀ ਵਿੱਚ ਪਰੇਸ਼ਾਨ ਕਰ ਰਹੀ ਹੋਵੇ। ਜਿਵੇਂ ਤਣਾਅ ਭਰਿਆ ਕਰੀਅਰ ਜਾਂ ਰਿਸ਼ਤੇ ਦਾ ਟੁੱਟਣਾ।

ਕੁਝ “ਪਹਿਲਾਂ ਤੋਂ ਮੌਜੂਦ ਕਾਰਨ” ਵੀ ਹੋ ਸਕਦੇ ਹਨ, ਜਿਵੇਂ ਟ੍ਰੌਮਾ, ਬਚਪਨ ਦੇ ਤਜਰਬੇ ਜਾਂ ਆਪਣੇ ਬਾਰੇ ਨਕਾਰਾਤਮਕ ਸੋਚ।

ਇਨ੍ਹਾਂ ਕਾਰਨਾਂ ਕਰਕੇ ਕਿਸੇ ਵਿਅਕਤੀ ਲਈ ਪੋਰਨ ਦੇਖਣ ਦੀ ਆਦਤ ‘ਤੇ ਕਾਬੂ ਪਾਉਣਾ ਹੋਰ ਵੀ ਮੁਸ਼ਕਿਲ ਹੋ ਸਕਦਾ ਹੈ।

ਕ੍ਰੇਗ 40 ਸਾਲ ਦੇ ਹਨ। ਉਹ ਕਹਿੰਦੇ ਹਨ ਕਿ ਪੋਰਨ ‘ਜ਼ਿੰਦਗੀ ਦੇ ਹਰ ਉਤਰਾਅ-ਚੜ੍ਹਾਅ ਨਾਲ ਨਜਿੱਠਣ ਦਾ ਇੱਕ ਜ਼ਰੀਆ’ ਬਣ ਗਿਆ ਸੀ।

ਉਨ੍ਹਾਂ ਨੂੰ ਯਾਦ ਹੈ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ‘ਟੁੱਟ ਚੁੱਕੇ ਹਨ ਅਤੇ ਕੋਈ ਰਸਤਾ ਨਹੀਂ ਹੈ।’ ਪਰ ਇਲਾਜ ਅਤੇ ਰਿਕਵਰੀ ਤੋਂ ਬਾਅਦ ਉਨ੍ਹਾਂ ਦੀ ਸੋਚ ਬਦਲਣ ਲੱਗੀ।

ਹਾਲ ਡਿਜ਼ੀਟਲ ਮਾਹੌਲ ਦੇ ਅਸਰ ਵੱਲ ਵੀ ਇਸ਼ਾਰਾ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਅਜਿਹੇ ਐਲਗੋਰਿਦਮ ਕਰਕੇ ਵੀ “ਡਿਜ਼ਾਈਨ ਦੇ ਜ਼ਰੀਏ ਅਡਿਕਟ” ਹੋ ਸਕਦੇ ਹਨ।

ਹਾਲ ਅਤੇ ਨੇਵਸ ਦੋਵਾਂ ਦਾ ਕਹਿਣਾ ਹੈ ਕਿ ਏਆਈ ਨਾਲ ਬਣਾਏ ਜਾ ਰਹੇ ਪੋਰਨ ਕਾਰਨ ਸਥਿਤੀ ਹੋਰ ਖ਼ਰਾਬ ਹੋ ਰਹੀ ਹੈ।

ਨੇਵਸ ਦੇ ਮੁਤਾਬਕ, ਇਸ ਦੀ ਮਦਦ ਨਾਲ ਲੋਕ ‘ਬਿਲਕੁਲ ਉਹੀ ਚੀਜ਼ ਬਣਾ ਸਕਦੇ ਹਨ ਜੋ ਉਹ ਚਾਹੁੰਦੇ ਅਤੇ ਜ਼ਰੂਰੀ ਸਮਝਦੇ ਹਨ।’

‘ਇੱਕ-ਇੱਕ ਦਿਨ ਕਰਕੇ ਅੱਗੇ ਵਧਣਾ ਹੈ’

ਮੋਬਾਈਲ ਦੇਖਦਾ ਵਿਅਕਤੀ

ਤਸਵੀਰ ਸਰੋਤ, Getty Images

ਜੇ ਤੁਹਾਨੂੰ ਲੱਗਦਾ ਹੈ ਕਿ ਪੋਰਨ ਦੇਖਣ ਦੀ ਤੁਹਾਡੀ ਆਦਤ ਸਮੱਸਿਆ ਬਣ ਰਹੀ ਹੈ, ਤਾਂ ਕਿਸੇ ਯੋਗ ਅਤੇ ਤਜਰਬੇਕਾਰ ਮਾਹਿਰ ਤੋਂ ਮਦਦ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਨਸ ਕਹਿੰਦੇ ਹਨ ਕਿ ਕਿਸੇ ਰਜਿਸਟਰਡ ਸਾਈਕੋਲੋਜਿਸਟ ਨਾਲ ਗੱਲ ਕਰਨਾ ਵਧੇਰੇ ਮਦਦਗਾਰ ਹੋ ਸਕਦਾ ਹੈ ਕਿਉਂਕਿ ਉਹ ਤੁਹਾਡੀ ਮਾਨਸਿਕ ਸਿਹਤ ਨੂੰ ਬਿਹਤਰ ਸਮਝ ਸਕਦਾ ਹੈ।

ਉਨ੍ਹਾਂ ਮੁਤਾਬਕ, ਪੋਰਨ ਨਾਲ ਜੁੜੀ ਸਮੱਸਿਆ ਦੇ ਨਾਲ ਮਾਨਸਿਕ ਸਿਹਤ ਦੀਆਂ ਹੋਰ ਸਮੱਸਿਆਵਾਂ ਹੋਣਾ ਆਮ ਗੱਲ ਹੈ।

ਕ੍ਰੇਗ ਨਾਲ ਵੀ ਅਜਿਹਾ ਹੀ ਹੋਇਆ। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਪੋਰਨ ਦੇਖਣ ਦੀ ਉਨ੍ਹਾਂ ਦੀ ਆਦਤ ਗੈਰ-ਸਿਹਤਮੰਦ ਹੋ ਸਕਦੀ ਹੈ।

ਇਹ ਗੱਲ ਉਦੋਂ ਸਾਹਮਣੇ ਆਈ, ਜਦੋਂ ਉਨ੍ਹਾਂ ਨੇ ਆਪਣੀ ਮਾਨਸਿਕ ਸਿਹਤ ਲਈ ਥੈਰੇਪੀ ਲੈਣੀ ਸ਼ੁਰੂ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਕਿ “ਮੈਨੂੰ ਸਮਝ ਆਇਆ ਕਿ ਪੋਰਨ ਦੀ ਲਤ ਮੇਰੀ ਮਾਨਸਿਕ ਸਿਹਤ ਦੀ ਸਮੱਸਿਆ ਨੂੰ ਵਧਾਉਣ ਵਾਲਾ ਇੱਕ ਕਾਰਨ ਸੀ।”

ਉਨ੍ਹਾਂ ਦੇ ਥੈਰੇਪਿਸਟ ਨੇ ਉਨ੍ਹਾਂ ਨੂੰ ਸੈਕਸ ਅਡਿਕਸ਼ਨ ਤੋਂ ਰਾਹਤ ਦਿਵਾਉਣ ਵਾਲੇ 12-ਸਟੈਪ ਵਾਲੇ ਪ੍ਰੋਗਰਾਮ ਨਾਲ ਜੁੜਨ ਦੀ ਸਲਾਹ ਦਿੱਤੀ।

ਇਹ ਰਿਕਵਰੀ ਮਾਡਲ ਅਲਕੋਹਾਲਿਕਸ ਐਨੌਨਿਮਸ ਵੱਲੋਂ ਬਣਾਏ ਗਏ ਮਾਡਲ ‘ਤੇ ਆਧਾਰਿਤ ਹੈ।

ਕ੍ਰੇਗ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਕਾਫ਼ੀ ਮਦਦ ਮਿਲੀ।

ਉਨ੍ਹਾਂ ਕਿਹਾ, “ਪੋਰਨ ਦੀ ਲਤ ਤੋਂ ਦੂਰ ਹੋਣਾ ਮੇਰੇ ਲਈ ਆਸਾਨ ਅਤੇ ਸਿੱਧਾ ਨਹੀਂ ਸੀ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਚੰਗੀ ਸਥਿਤੀ ਵਿੱਚ ਹਾਂ, ਪਰ ਮੈਂ ਇਹ ਵੀ ਮੰਨਦਾ ਹਾਂ ਕਿ ਇਸ ਤੋਂ ਉੱਭਰਨਾ ਇੱਕ-ਇੱਕ ਦਿਨ ਕਰਕੇ ਅੱਗੇ ਵਧਣ ਦੀ ਪ੍ਰਕਿਰਿਆ ਹੈ।”

ਕੀਬੋਰਡ

ਤਸਵੀਰ ਸਰੋਤ, Getty Images

ਇਸੇ ਤਰ੍ਹਾਂ, ਇਨਸ ਸਲਾਹ ਦਿੰਦੇ ਹਨ ਕਿ ਆਪਣੇ ਲਈ ਸਹੀ ਮਦਦ ਚੁਣਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰੋ।

ਉਹ ਅਜਿਹੇ ਆਨਲਾਈਨ ਸਰੋਤਾਂ ਤੋਂ ਸਾਵਧਾਨ ਰਹਿਣ ਲਈ ਵੀ ਕਹਿੰਦੇ ਹਨ, ਜੋ ਹਰ ਵਿਅਕਤੀ ਨੂੰ ਇੱਕੋ ਜਿਹੀ ਆਮ ਸਲਾਹ ਦਿੰਦੇ ਹਨ।

ਨੇਵਸ ਦਾ ਕਹਿਣਾ ਹੈ, “ਕੁਝ ਮਾਹਿਰ, ਲੋਕਾਂ ਨੂੰ ਪੂਰੀ ਤਰ੍ਹਾਂ ਪੋਰਨ ਛੱਡਣ ਵਿੱਚ ਮਦਦ ਕਰਦੇ ਹਨ, ਜਦਕਿ ਕੁਝ ਦਾ ਟੀਚਾ ਇਹ ਹੁੰਦਾ ਹੈ ਕਿ ਵਿਅਕਤੀ ਪੋਰਨ ਨੂੰ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਸ਼ਾਮਲ ਕਰੇ ਕਿ ਇਸ ਦੀ ਵਰਤੋਂ ਕੰਟਰੋਲ ਵਿੱਚ ਅਤੇ ਨਾਰਮਲ ਜ਼ਿੰਦਗੀ ਦੇ ਅਨੁਕੂਲ ਰਹੇ।”

ਹਾਲ ਦੇ ਮੁਤਾਬਕ, ਇਲਾਜ ਦਾ ਇੱਕ ਅਹਿਮ ਹਿੱਸਾ ਇਹ ਸਮਝਣਾ ਹੋਵੇਗਾ ਕਿ ਇਸ ਆਦਤ ਦੇ ਪਿੱਛੇ ਕਿਹੜੇ ਕਾਰਨ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਵਿਅਕਤੀ ਖੁਦ ਵੀ ਕੁਝ ਕਦਮ ਚੁੱਕ ਸਕਦਾ ਹੈ, ਜਿਵੇਂ ਆਪਣੇ ਫੋਨ ਜਾਂ ਕੰਪਿਊਟਰ ਵਿੱਚ ਪੋਰਨ ਬਲਾਕ ਕਰਨ ਵਾਲਾ ਸਾਫਟਵੇਅਰ ਲਗਾਉਣਾ।

ਉਹ ਇਹ ਪਛਾਣਨ ਦੀ ਵੀ ਸਲਾਹ ਦਿੰਦੇ ਹਨ ਕਿ ਕਿਹੜੀਆਂ ਸਥਿਤੀਆਂ ਵਿੱਚ ਪੋਰਨ ਦੇਖਣ ਦੀ ਇੱਛਾ ਜ਼ਿਆਦਾ ਹੁੰਦੀ ਹੈ। ਮਿਸਾਲ ਵਜੋਂ, ਤਣਾਅ ਵਿੱਚ ਹੋਣ ‘ਤੇ ਜਾਂ ਇਕੱਲੇ ਰਹਿਣ ‘ਤੇ।

ਇਸ ਤੋਂ ਬਾਅਦ, ਪਹਿਲਾਂ ਹੀ ਇਹ ਤੈਅ ਕੀਤਾ ਜਾ ਸਕਦਾ ਹੈ ਕਿ ਅਜਿਹੀ ਸਥਿਤੀ ਵਿੱਚ ਪੋਰਨ ਦੇਖਣ ਦੀ ਬਜਾਏ ਕੀ ਕੀਤਾ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI