Home rss national punjabi2ਰਾਸ਼ਟਰੀ ਖ਼ਬਰਾਂ ਕਬੱਡੀ ਦੇ ‘ਬੁਰਜ ਖ਼ਲੀਫਾ’ ਗੁਰਜੀਤ ਤੂਤ ਨਹੀਂ ਰਹੇ, ਪੰਜਾਬ ਦੇ ਚੋਟੀ ਦੇ...

ਕਬੱਡੀ ਦੇ ‘ਬੁਰਜ ਖ਼ਲੀਫਾ’ ਗੁਰਜੀਤ ਤੂਤ ਨਹੀਂ ਰਹੇ, ਪੰਜਾਬ ਦੇ ਚੋਟੀ ਦੇ ਰੇਡਰਾਂ ‘ਚ ਸ਼ੁਮਾਰ ਰਹੇ ਗੁਰਜੀਤ ਨੂੰ ਖੇਡ ਪ੍ਰੇਮੀ ਕਿਵੇਂ ਯਾਦ ਕਰਦੇ

5
0

Source :- BBC PUNJABI

ਗੁਰਜੀਤ ਤੂਤ

ਤਸਵੀਰ ਸਰੋਤ, Gurjit Toot/insta

ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੰਗਲਵਾਰ ਸ਼ਾਮ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤੂਤ ਵਿੱਚ ਸਥਿਤ ਆਪਣੇ ਘਰ ਵਿੱਚ ਆਖ਼ਿਰੀ ਸਾਹ ਲਏ।

ਪਰਿਵਾਰ ਮੁਤਾਬਕ ਗੁਰਜੀਤ ਗੁਰਦਿਆਂ ਦੀ ਲਾਗ ਦੀ ਬਿਮਾਰੀ ਨਾਲ ਜੂਝ ਰਹੇ ਸੀ ਅਤੇ 9 ਅਗਸਤ ਤੋਂ ਉਹ ਆਪਣੇ ਘਰ ਹੀ ਸਨ।

ਪੰਜਾਬ ਸਟਾਇਲ ਕਬੱਡੀ (ਸਰਕਲ) ਵਿੱਚ ਗੁਰਜੀਤ ਦੀ ਭੂਮਿਕਾ ਰੇਡਰ ਦੀ ਹੁੰਦੀ ਸੀ ਅਤੇ ਆਪਣੇ ਦੌਰ ਦੌਰਾਨ ਗੁਰਜੀਤ ਦਾ ਨਾਮ ਕਬੱਡੀ ਜਗਤ ਅਤੇ ਪੰਜਾਬ ਵਿੱਚ ਸਿਖ਼ਰਾਂ ‘ਤੇ ਸੀ।

ਕਬੱਡੀ ਕਮੈਂਟੇਟਰਾਂ ਅਤੇ ਖੇਡ ਲੇਖਕਾਂ ਮੁਤਾਬਕ ਸਾਲ 2007 ਵਿੱਚ ਉਨ੍ਹਾਂ ਦਾ ਕਰੀਅਰ ‘ਸਿਖਰਾਂ’ ਉੱਤੇ ਸੀ। ਕਬੱਡੀ ਵਿੱਚ ਬਿਹਤਰ ਪ੍ਰਦਰਸ਼ਨ, ਲੰਬੇ ਕੱਦ-ਕਾਠ ਅਤੇ ਚੌੜੇ ਜੁੱਸੇ ਕਾਰਨ ਉਨ੍ਹਾਂ ਨੂੰ ਕਬੱਡੀ ਦੇ ‘ਬੁਰਜ ਖ਼ਲੀਫਾ’ ਦਾ ਨਾਮ ਮਿਲਿਆ ਸੀ।

ਉਨ੍ਹਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਸੰਗੀਤ ਉਦਯੋਗ ਦੇ ਮਸ਼ਹੂਰ ਕਲਾਕਾਰ ਅਰਜਨ ਢਿੱਲੋਂ ਨੇ ਵੀ ਆਪਣੇ ਇੱਕ ਗੀਤ ਵਿੱਚ ਗੁਰਜੀਤ ਤੂਤ ਦਾ ਜ਼ਿਕਰ ਕੀਤਾ ਹੈ।

ਇਸ ਤੋਂ ਇਲਾਵਾ ਮੌਜੂਦਾ ਦੌਰ ਵਿੱਚ ਕਬੱਡੀ ਕਮੈਂਟੇਟਰ ਆਪਣੀ ਕਮੈਂਟੇਟਰੀ ਵਿੱਚ ਗੁਰਜੀਤ ਤੂਤ ਦੀਆਂ ਮਿਸਾਲਾਂ ਦਿੰਦੇ ਹਨ।

ਖੇਡ ਕਰੀਅਰ ਕਿਵੇਂ ਦਾ ਸੀ

ਖੇਡ ਲੇਖਕ ਅਤੇ ਖੇਡ ਕਮੈਂਟੇਟਰ ਸੁਖਦਰਸ਼ਨ ਚਹਿਲ ਦੱਸਦੇ ਹਨ, “ਗੁਰਜੀਤ ਤੂਤ ਨੇ ਸਾਲ 1995-96 ਵਿੱਚ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ। ਇਨ੍ਹਾਂ ਸਾਲ ਦੌਰਾਨ ਉਹ ਸਕੂਲ ਵਿੱਚ ਪੜ੍ਹਾਈ ਕਰਦਾ ਸੀ ਅਤੇ ਨਾਲ-ਨਾਲ ਘੱਟ ਭਾਰ ਵਰਗ ਵਿੱਚ ਕਬੱਡੀ ਖੇਡਦਾ ਸੀ। ਆਪਣੇ ਦੌਰ ਵਿੱਚ ਪੇਂਡੂ ਕਬੱਡੀ ਖੇਡ ਮੇਲਿਆਂ ਅਤੇ ਕੌਮਾਂਤਰੀ ਖੇਡ ਟੂਰਨਾਮੈਂਟ ਦੀ ਸ਼ਾਨ ਸੀ।”

ਕੌਮਾਂਤਰੀ ਖੇਡ ਕੂਮੈਂਟੇਟਰ ਸਤਪਾਲ ਖਡਿਆਲ ਨੇ ਦੱਸਿਆ, “ਸਾਲ 2004 ਤੱਕ ਗੁਰਜੀਤ ਤੂਤ ਕਬੱਡੀ ਜਗਤ ਵਿੱਚ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕਿਆ ਸੀ। ਉਸਦੀ ਪੂਰੀ ਤੂਤੀ ਬੋਲਦੀ ਸੀ। ਇਨ੍ਹਾਂ ਸਾਲਾਂ ਵਿੱਚ ਉਸਨੂੰ ਕਬੱਡੀ ਖੇਡਣ ਵਾਸਤੇ ਇੰਗਲੈਂਡ ਤੋਂ ਸੱਦਾ ਆਇਆ ਸੀ। ਇੱਥੇ ਉਹ ਹੇਜ਼ ਕਬੱਡੀ ਕਲੱਬ ਵੱਲੋਂ ਲੰਬਾ ਸਮਾਂ ਕਬੱਡੀ ਖੇਡਦਾ ਰਿਹਾ।”

“ਫਿਰ ਉਹ 2007 ਵਿੱਚ ਕੈਨੇਡਾ ਕਬੱਡੀ ਕੱਪ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਫਰੇਜ਼ਰ ਵੈਲੀ ਕਬੱਡੀ ਕਲੱਬ ਵੱਲੋਂ ਖੇਡਿਆ। ਇਹ ਕਲੱਬ ਭਾਵੇਂ ਫਾਈਨਲ ਵਿੱਚ ਕੱਪ ਜਿੱਤਣ ਤੋਂ ਖੁੰਝ ਗਿਆ ਪਰ ਗੁਰਜੀਤ ਤੂਤ ਨੂੰ ‘ਬੇਸਟ ਰੇਡਰ’ ਚੁਣਿਆ ਗਿਆ। ਇਹ ਗੁਰਜੀਤ ਦੇ ਕਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ।”

“ਇਸ ਤੋਂ ਇਲਾਵਾ ਉਹ ਆਪਣੇ ਖੇਡ ਕਰੀਅਰ ਦੌਰਾਨ ਪਿੰਡ ਸੈਦੋਂਕੇ ਦੀ ਟੀਮ ਅਤੇ ਇੰਟਰਨੈਸ਼ਨਲ ਕਲੱਬ ਮੋਗਾ ਵੱਲੋਂ ਲੰਬਾ ਸਮਾਂ ਖੇਡਿਆ।”

ਪਤਨ ਕਦੋਂ ਹੋਇਆ

ਗੁਰਜੀਤ ਤੂਤ

ਤਸਵੀਰ ਸਰੋਤ, Gurjit Toot/insta

ਖਡਿਆਲ ਦੱਸਦੇ ਹਨ, “ਸਾਲ 2010 ਤੱਕ ਗੁਰਜੀਤ ਦਾ ਕਬੱਡੀ ਵਿੱਚ ਡੰਕਾ ਬੋਲਦਾ ਰਿਹਾ। ਪਰ 2011 ਵਿੱਚ ਗੁਰਜੀਤ ਦੀ ਖੇਡ ਵਿੱਚ ਨਿਗਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ। ਮੈਂ ਇਸ ਸਾਲ ਕੈਨੇਡਾ ਵਿੱਚ ਹੋਏ ਕਲੱਬ ਵਾਰ ਕਬੱਡੀ ਮੈਚਾਂ ਦੀ ਕਮੈਂਟਰੀ ਕੀਤੀ ਹੈ, ਇਨ੍ਹਾਂ ਮੈਚਾਂ ਵਿੱਚ ਗੁਰਜੀਤ ਵੀ ਖੇਡਿਆ ਸੀ।”

“ਪਰ ਉਸਦੀ ਖੇਡ ਪਹਿਲਾਂ ਵਰਗੀ ਨਹੀਂ ਰਹੀ ਸੀ। ਇਸਦਾ ਇੱਕ ਕਾਰਨ ਇਹ ਸੀ ਕਿ ਉਸਦੇ ਗੋਡੇ ਵਿੱਚ ਸੱਟ ਲੱਗ ਗਈ ਸੀ। ਮੈਂ ਆਖ਼ਰੀ ਵਾਰ ਗੁਰਜੀਤ ਨੂੰ ਸਾਲ 2013 ਵਿੱਚ ਖੇਡਦਾ ਦੇਖਿਆ ਸੀ। ਇਸ ਸਾਲ ਇਹ ਮੇਰੇ ਖਡਿਆਲ ਪਿੰਡ ਵਿਖੇ ਹੋਏ ਟੂਰਨਾਮੈਂਟ ਵਿੱਚ ਖੇਡਿਆ ਸੀ। ਇਸ ਮਗਰੋਂ ਗੁਰਜੀਤ ਨਸ਼ਿਆਂ ਦੇ ਜਾਲ ਵਿੱਚ ਫਸ ਗਿਆ ਸੀ।”

ਗੁਰਜੀਤ ਤੂਤ

ਪਰਿਵਾਰ ਨੇ ਮੌਤ ਦਾ ਕਾਰਨ ਕੀ ਦੱਸਿਆ

ਪਰਿਵਾਰ ਦਾ ਕਹਿਣਾ ਹੈ ਕਿ ਗੁਰਜੀਤ ਗੁਰਦਿਆਂ ਦੀ ਲਾਗ ਨਾਲ ਪੀੜਤ ਸੀ ਪਰ ਉਹ ਇਹ ਵੀ ਕਹਿੰਦੇ ਹਨ ਕਿ ਨਸ਼ਿਆਂ ਦੀ ਲੰਬੇ ਸਮੇਂ ਦੀ ਸਮੱਸਿਆ ਨੇ ਉਨ੍ਹਾਂ ਦੀ ਸਿਹਤ ‘ਤੇ ਅਸਰ ਪਾਇਆ।

ਗੁਰਜੀਤ ਦੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਗੁਰਦਿਆਂ ਵਿੱਚ ਕ੍ਰੀਏਟਿਨ ਦੀ ਮਾਤਰਾ ਵਧੀ ਹੋਈ ਸੀ ਅਤੇ ਉਸਦਾ ਆਯੂਰਵੈਦਿਕ ਇਲਾਜ ਚੱਲ ਰਿਹਾ ਸੀ।

ਮੈਡੀਕਲ ਖੇਤਰ ਦੇ ਮਾਹਰਾਂ ਮੁਤਾਬਕ ਕ੍ਰੀਏਟਿਨ ਪ੍ਰੋਟੀਨ ਅਤੇ ਮਾਸਪੇਸ਼ੀਆਂ ਦੇ ਟੁੱਟਣ ਨਾਲ ਬਣਨ ਵਾਲਾ ਇੱਕ ਫ਼ਜ਼ਲ ਪਦਾਰਥ ਹੈ।

ਮਨਦੀਪ ਦੱਸਦੇ ਹਨ, “ਗੁਰਜੀਤ ਤੂਤ ਲੰਬੇ ਸਮੇਂ ਤੋਂ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਹੋਇਆ ਸੀ। ਇਸ ਦੌਰਾਨ ਹੀ ਉਸਨੂੰ ਗੁਰਦਿਆਂ ਦੀ ਲਾਗ ਦੀ ਬਿਮਾਰੀ ਹੋ ਗਈ ਸੀ। ਉਸਦੇ ਗੁਰਦਿਆਂ ਵਿੱਚ ਕ੍ਰੀਏਟਿਨ ਦੀ ਮਾਤਰਾ ਵੱਧ ਗਈ ਸੀ।”

“19 ਮਈ ਤੋਂ 13 ਜੁਲਾਈ ਤੱਕ ਗੁਰਜੀਤ ਘਰ ਸਾਡੀ ਨਿਗਰਾਨੀ ਵਿੱਚ ਰਿਹਾ ਅਤੇ ਉਸਨੇ ਕੋਈ ਨਸ਼ਾ ਨਹੀਂ ਕੀਤਾ। ਇਸ ਦੌਰਾਨ ਹੀ ਅਸੀਂ ਉਸਦਾ ਆਯੂਰਵੈਦਿਕ ਇਲਾਜ ਸ਼ੁਰੂ ਕਰਵਾ ਦਿੱਤਾ ਅਤੇ ਕ੍ਰੀਏਟਿਨ ਦੀ ਮਾਤਰਾ ਹੇਠਾਂ ਆ ਗਈ। ਪਰ 13 ਜੁਲਾਈ ਤੋਂ ਮਗਰੋਂ ਗੁਰਜੀਤ ਖਰੜ ਸਥਿਤ ਆਪਣੀ ਪੁਰਾਣੀ ਸੰਗਤ ਕੋਲ ਚਲਾ ਗਿਆ।”

“ਇੱਥੇ ਉਹ ਕਈ ਦਿਨ ਖਰੜ ਰਿਹਾ ਅਤੇ 1 ਤੋਂ 2 ਅਗਸਤ ਦਰਮਿਆਨ ਪੀਜੀਆਈ ਵਿੱਚ ਦਾਖ਼ਲ ਵੀ ਰਿਹਾ ਸੀ। ਸਾਨੂੰ ਉਸਦੇ ਹਸਪਤਾਲ ਦਾਖ਼ਲ ਹੋਣ ਬਾਰੇ ਹਸਪਤਾਲ ਤੋਂ ਜਾਣਕਾਰੀ ਮਿਲੀ ਸੀ। ਪਰ ਉਹ ਘਰ 9 ਅਗਸਤ ਨੂੰ ਆਇਆ ਸੀ। ਖਰੜ ਵਿੱਚ ਰਹਿੰਦਿਆਂ ਉਸਨੇ ਦੁਬਾਰਾ ਨਸ਼ੇ ਕੀਤੇ, ਜਿਸ ਕਰਕੇ ਉਸਦੀ ਲਾਗ ਵੱਧ ਗਈ।”

ਤੂਤ ਪਿੰਡ ਦੇ ਵਸਨੀਕ ਗੁਰਮੇਲ ਸਿੰਘ ਗੁਰਜੀਤ ਦੇ ਪਰਿਵਾਰ ਨਾਲ ਪਰਿਵਾਰਕ ਸਾਂਝ ਰੱਖਦੇ ਹਨ।

ਉਹ ਦੱਸਦੇ ਹਨ, “ਨਸ਼ਿਆਂ ਦੀ ਸਮੱਸਿਆ ਕਾਰਨ ਗੁਰਜੀਤ ਦੀ ਪਤਨੀ ਅਤੇ ਧੀ ਉਸਤੋਂ ਅਲੱਗ ਰਹਿਣ ਲੱਗ ਪਏ ਸਨ। 7-8 ਸਾਲ ਤੋਂ ਗੁਰਜੀਤ ਤੂਤ ਆਪਣੇ ਮਾਂ-ਪਿਓ ਅਤੇ ਵੱਡੇ ਭਰਾ ਅਤੇ ਉਸਦੇ ਪਰਿਵਾਰ ਨਾਲ ਤੂਤ ਪਿੰਡ ਵਿੱਚ ਹੀ ਰਹਿ ਰਿਹਾ ਸੀ।”

ਬੁਰਜ ਖ਼ਲੀਫਾ ਨਾਮ ਕਿਵੇਂ ਪਿਆ

ਗੁਰਜੀਤ ਤੂਤ

ਤਸਵੀਰ ਸਰੋਤ, Gurjit Toot/insta

ਜਸਵੀਰ ਕਪਿਆਲ ਲੰਬੇ ਸਮੇਂ ਤੋਂ ਕਬੱਡੀ ਖੇਡ ਜਗਤ ਵਿੱਚ ਰੈਫਰੀ ਦੀ ਭੂਮਿਕਾ ਨਿਭਾ ਰਹੇ ਹਨ।

ਉਹ ਦੱਸਦੇ ਹਨ, “ਖੇਡਾਂ ਵਿੱਚ ਜਦੋਂ ਕੋਈ ਖਿਡਾਰੀ ਬਿਹਤਰ ਪ੍ਰਦਰਸ਼ਨ ਕਰਦਾ ਹੈ ਤਾਂ ਉਨ੍ਹਾਂ ਨਾਲ ‘ਤਖ਼ੱਲਸ’ ਜੁੜ ਜਾਂਦੇ ਹਨ। ਇਸੇ ਤਰ੍ਹਾਂ ਗੁਰਜੀਤ ਤੂਤ ਨਾਲ ਵੀ ‘ਬੁਰਜ ਖ਼ਲੀਫਾ’ ਤਖ਼ੱਲਸ ਜੁੜ ਗਿਆ ਸੀ। ਉਸ ਨੂੰ ਇਹ ਤਖ਼ੱਲਸ ਆਪਣੇ ਕੱਦ-ਕਾਠ ਅਤੇ ਚੌੜੇ ਜੁੱਸੇ ਕਰਕੇ ਮਿਲਿਆ ਸੀ।”

ਕੌਮਾਂਤਰੀ ਖੇਡ ਕੂਮੈਂਟੇਟਰ ਸਤਪਾਲ ਖਡਿਆਲ ਦੱਸਦੇ ਹਨ, “ਗੁਰਜੀਤ ਦਾ ਕੱਦ 6 ਫੁੱਟ ਤੋਂ ਵੱਧ ਸੀ ਅਤੇ ਜਦੋਂ ਉਹ ਪੁਆਇੰਟ ਲੈਣ ਮਗਰੋਂ ਹੱਥ ਉਪਰ ਨੂੰ ਚੁੱਕਦਾ ਸੀ ਤਾਂ ਹੱਥ 9 ਤੋਂ 10 ਫੁੱਟ ਦੀ ਉਚਾਈ ਤੱਕ ਪਹੁੰਚ ਜਾਂਦਾ ਸੀ। ਇਸ ਲਈ ਉਸਨੂੰ ‘ਬੁਰਜ ਖ਼ਲੀਫਾ’ ਦਾ ਨਾਮ ਦਿੱਤਾ ਗਿਆ ਸੀ।”

ਅਰਜੁਨ ਢਿੱਲੋਂ ਨੇ ਕੀ ਜ਼ਿਕਰ ਕੀਤਾ

ਗੁਰਜੀਤ ਤੂਤ

ਤਸਵੀਰ ਸਰੋਤ, Gurjit Toot/insta

ਗਾਇਕ ਅਰਜੁਨ ਢਿੱਲੋਂ ਨੇ ਸਾਲ 2023 ਵਿੱਚ ਆਏ ਆਪਣੇ ਗੀਤ ‘ਇਲਜ਼ਾਮ’ ਵਿੱਚ ਗੁਰਜੀਤ ਤੂਤ ਦਾ ਜ਼ਿਕਰ ਕੀਤਾ ਸੀ। ਇਸ ਗੀਤ ਵਿੱਚ ਅਰਜੁਨ ਢਿੱਲੋਂ ਨੇ ਉੱਚੇ ਹੌਸਲਿਆਂ ਦੀ ਗੱਲ ਕਰਦਿਆਂ ਗੁਰਜੀਤ ਤੂਤ ਦੇ ਮੋਢਿਆਂ ਦਾ ਹਵਾਲਾ ਦਿੱਤਾ ਹੈ।

ਇਸ ਗੀਤ ਦੀਆਂ ਪੰਕਤੀਆਂ ਇਸ ਤਰ੍ਹਾਂ ਹਨ:-

“ਹੌਂਸਲੇ ਆ ਉੱਚੇ, ਕਿਥੋਂ ਆਉਂਦੇ ਸੂਤੇ ਨੇ।

ਸ਼ੋਲਡਰ (ਮੋਢੇ) ਜਿਵੇਂ ਗੁਰਜੀਤ ਤੂਤ ਦੇ।”

ਖੇਡ ਲੇਖਕ ਅਤੇ ਖੇਡ ਕਮੈਂਟੇਟਰ ਸੁਖਦਰਸ਼ਨ ਚਹਿਲ ਕਹਿੰਦੇ ਹਨ, “ਇਸ ਗੀਤ ਤੋਂ ਬਿਨਾਂ ਕਮੈਂਟੇਟਰੀ ਵਿੱਚ ਬੋਲੇ ਜਾਣ ਵਾਲੇ ਸ਼ੇਅਰਾਂ ਵਿੱਚ ਅੱਜ ਵੀ ਗੁਰਜੀਤ ਤੂਤ ਦਾ ਜ਼ਿਕਰ ਹੁੰਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI