Source :- BBC PUNJABI

ਪੜ੍ਹਨ ਦਾ ਸਮਾਂ: 2 ਮਿੰਟ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਨਾਂਦੇੜ ਵਿੱਚ ਹਮਲਾ ਹੋਇਆ ਹੈ। ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਮੁਤਾਬਕ ਸੁਖਬੀਰ ਸਿੰਘ ਬਾਦਲ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ।
ਬੀਬੀਸੀ ਪੱਤਰਕਾਰ ਸ਼੍ਰੀਕਾਂਤ ਬੰਗਾਲ਼ੇ ਦੀ ਰਿਪੋਰਟ ਮੁਤਾਬਕ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ‘ਤੇ ਪੰਜਾਬ ਤੋਂ ਨਾਂਦੇੜ ਪਹੁੰਚਣ ਤੋਂ ਬਾਅਦ ਮਾਤਾ ਸਾਹਿਬ ਕੌਰ ਗੁਰਦੁਆਰਾ ਨੇੜੇ ਹਮਲਾ ਹੋਇਆ ਹੈ।
ਬੀਬੀਸੀ ਮਰਾਠੀ ਮੁਤਾਬਕ ਇਹ ਘਟਨਾ ਸਵੇਰੇ ਕਰੀਬ 11 ਵਜੇ ਵਾਪਰੀ, ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਸੁਰੱਖਿਆ ਵਿੱਚ ਤੈਨਾਤ ਇੰਸਪੈਕਟਰ ਸੰਤੋਸ਼ ਕੇਂਦਰੇ ‘ਤੇ ਵੀ ਹਮਲਾ ਹੋਇਆ ਅਤੇ ਉਹ ਜ਼ਖ਼ਮੀ ਹੋ ਗਏ। ਪੁਲਿਸ ਨੇ ਹਮਲੇ ਦੇ ਇੱਕ ਕਥਿਤ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਦਰਅਸਲ, ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਸਮੇਤ ਨਾਂਦੇੜ ਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਹ ਖ਼ਬਰ ਲਗਾਤਾਰ ਅਪਡੇਟ ਕਰ ਰਹੇ ਹਾਂ।
ਸ਼੍ਰੋਮਣੀ ਅਕਾਲੀ ਦਲ ਨੇ ਹਮਲੇ ਬਾਰੇ ਕੀ ਕਿਹਾ
ਤਸਵੀਰ ਸਰੋਤ, SAD
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ, “ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ। ਜਦੋਂ ਮੱਥਾ ਟੇਕ ਕੇ ਬਾਹਰ ਨਿਕਲ ਰਹੇ ਸਨ ਤਾਂ ਇੱਕ ਸ਼ਖ਼ਸ, ਜੋ ਨਿਹੰਗੀ ਬਾਣੇ ਦੇ ਵਿੱਚ ਸੀ, ਉਸ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਸ਼ਖ਼ਸ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਵਿੱਚ ਤੈਨਾਤ ਕਰਮਚਾਰੀਆਂ ਨੇ ਰੋਕਿਆ।”
“ਪਰ ਇਸ ਹਮਲੇ ਦੇ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਬਾਂਹ ਦੇ ਉੱਤੇ ਮਾਮੂਲੀ ਸੱਟ ਵੱਜੀ ਹੈ। ਉਹ ਹਸਪਤਾਲ ਦੇ ਵਿੱਚ ਇਲਾਜ ਅਧੀਨ ਹਨ ਅਤੇ ਉਨ੍ਹਾਂ ਦੀ ਡ੍ਰੈਸਿੰਗ ਹੋ ਰਹੀ ਹੈ। ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਸਿਹਤਯਾਬ ਹਨ, ਚੜ੍ਹਦੀ ਕਲਾ ਦੇ ਵਿੱਚ ਹਨ। ਸੋ ਜਿਹੜੀਆਂ ਅਫਵਾਹਾਂ ਇਸ ਨੂੰ ਲੈ ਕੇ ਫਲਾਈਆਂ ਜਾ ਰਹੀਆਂ ਹਨ, ਹਮਲੇ ਨੂੰ ਲੈ ਕੇ, ਉਸ ਦੇ ਲਈ ਮੈਂ ਸਪਸ਼ਟ ਤੌਰ ‘ਤੇ ਕਹਿਣਾ ਚਾਹੁੰਨਾ ਕਿ ਉਹ ਪੂਰੀ ਤਰ੍ਹਾਂ ਸਵਸਥ ਤੇ ਚੜ੍ਹਦੀ ਕਲਾ ਦੇ ਵਿੱਚ ਹਨ।”
“ਕਿਉਂਕਿ ਮਾਮਲਾ ਪੰਜਾਬ ਤੋਂ ਬਾਹਰ ਦਾ, ਮਹਾਰਾਸ਼ਟਰ ਦਾ ਹੈ। ਸੋ ਮਹਾਰਾਸ਼ਟਰ ਦੀ ਪੁਲਿਸ ਇਹਦੇ ਵਿੱਚ ਜਾਂਚ ਕਰਕੇ ਕਿ ਉਹ ਸ਼ਖ਼ਸ ਕੌਣ ਹੈ, ਉਹ ਕਿਸ ਦੇ ਕਹਿਣ ‘ਤੇ, ਕਿਹੜੇ ਸ਼ਡਯੰਤਰ ਤਹਿਤ ਇਹ ਹਮਲਾ ਕੀਤਾ ਹੈ। ਜਦੋਂ ਵੀ ਮਹਾਰਾਸ਼ਟਰ ਦੀ ਪੁਲਿਸ ਇਹਨੂੰ ਲੈ ਕੇ ਕੋਈ ਖੁਲਾਸਾ ਕਰੇਗੀ ਤਾਂ ਤੁਹਾਡੇ ਸਾਰਿਆਂ ਦੇ ਨਾਲ ਜ਼ਰੂਰ ਸਾਂਝਾ ਕਰੂੰਗਾ।”
ਉਨ੍ਹਾਂ ਨੇ ਕਿਹਾ, “ਪਰ ਲਗਾਤਾਰ ਪੰਥਕ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇਹ ਕੋਝੀਆਂ ਸਾਜ਼ਿਸ਼ਾਂ, ਇਹ ਸ਼ਡਯੰਤਰ ਕੁਝ ਪੰਥ ਵਿਰੋਧੀ ਤਾਕਤਾਂ ਨੇ ਜਿਹੜੀਆਂ ਉਹ ਰਚ ਰਹੀਆਂ ਹਨ। ਸਰਦਾਰ ਸੁਖਬੀਰ ਸਿੰਘ ਬਾਦਲ ‘ਤੇ ਇਸ ਤੋਂ ਪਹਿਲਾਂ ਵੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ‘ਤੇ ਸੇਵਾ ਨਿਭਾ ਰਹੇ ਸਨ, ਉਦੋਂ ਵੀ ਇੱਕ ਹਮਲਾ ਉਨ੍ਹਾਂ ਦੇ ਉੱਤੇ ਹੋਇਆ। ਗੁਰੂ ਸਾਹਿਬ ਦੀ ਮਿਹਰ ਰਹੀ। ਗੁਰੂ ਸਾਹਿਬ ਨੇ ਆਪਣਾ ਹੱਥ ਰੱਖ ਕੇ ਆਪਣੇ ਸੇਵਕ ਨੂੰ ਉਹ ਦਿਨ ਵੀ ਬਚਾਇਆ, ਅੱਜ ਵੀ ਬਚਾਇਆ।”
ਇਸ ਤੋਂ ਪਹਿਲਾਂ ਦਰਬਾਰ ਸਾਹਿਬ ਵਿਖੇ ਵੀ ਹੋਈ ਸੀ ਹਮਲੇ ਦੀ ਕੋਸ਼ਿਸ਼
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



