Home rss national punjabi2ਰਾਸ਼ਟਰੀ ਖ਼ਬਰਾਂ ਦੇਸ਼ ਵਿੱਚ ਖੰਡ ਕਿਉਂ ਮਹਿੰਗੀ ਹੋਈ ਹੈ, ਕੀ ਪੈਟਰੋਲ ਵਿੱਚ ਮਿਲਾਏ ਜਾਣ...

ਦੇਸ਼ ਵਿੱਚ ਖੰਡ ਕਿਉਂ ਮਹਿੰਗੀ ਹੋਈ ਹੈ, ਕੀ ਪੈਟਰੋਲ ਵਿੱਚ ਮਿਲਾਏ ਜਾਣ ਵਾਲੇ ਇਥੇਨੌਲ ਕਾਰਨ ਖੰਡ ਦੀਆਂ ਕੀਮਤਾਂ ਵਧੀਆਂ ਹਨ?

5
0

Source :- BBC PUNJABI

ਦੋ ਵੱਖ ਵੱਖ ਲਾਲ ਕਟੋਰੀਆਂ ਵਿੱਚ ਗੁੜ ਅਤੇ ਖੰਡ ਅਤੇ ਕੋਲ ਪਏ ਗੰਨੇ।

ਤਸਵੀਰ ਸਰੋਤ, Getty Images

ਪਿਛਲੇ ਕੁਝ ਮਹੀਨਿਆਂ ਤੋਂ ਪੂਰੇ ਭਾਰਤ ਵਿੱਚ ਖੰਡ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਰਾਇਟਰਜ਼ ਦੀ 18 ਅਗਸਤ 2026 ਦੀ ਰਿਪੋਰਟ ਮੁਤਾਬਕ, ਭਾਰਤ ਵਿੱਚ ਖੰਡ ਦੀਆਂ ਕੀਮਤਾਂ ਵਿੱਚ ਇਸ ਮਹੀਨੇ ਹੀ ਵੀਹ ਫ਼ੀਸਦੀ ਇਜ਼ਾਫ਼ਾ ਹੋਇਆ ਹੈ। ਭਾਰਤ ਸਰਕਾਰ ਦੇ ਉਪਭੋਗਤਾ ਮਾਮਲਿਆਂ ਦੇ ਵਿਭਾਗ ਦੀ ਰਿਪੋਰਟ ਮੁਤਾਬਕ ਵੀਹ ਅਗਸਤ ਨੂੰ ਖੰਡ ਦਾ ਖੁਦਰਾ ਮੁੱਲ 55.7 ਰੁਪਏ ਪ੍ਰਤੀ ਕਿੱਲੋ ਸੀ।

ਇਸ ਰਿਪੋਰਟ ਮੁਤਾਬਕ, ਇੱਕ ਮਹੀਨਾ ਪਹਿਲਾਂ ਖੰਡ ਦੀ ਕੀਮਤ 48.18 ਰੁਪਏ ਸੀ। 20 ਅਗਸਤ 2025 ਨੂੰ ਇਸ ਦੀ ਕੀਮਤ 46.3 ਰੁਪਏ ਸੀ।

ਬਜ਼ਾਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਖੰਡ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਕਦੇ ਨਹੀਂ ਰਹੀਆਂ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਲ ਨੀਨੋ ਦੇ ਪ੍ਰਭਾਵ ਕਾਰਨ 2026 ਵਿਚ ਕਮਜ਼ੋਰ ਦੱਖਣ ਪੱਛਮ ਮਾਨਸੂਨ ਦਾ ਖ਼ਦਸ਼ਾ ਵੀ ਵਰਤਮਾਨ ਵਿੱਚ ਖੰਡ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਹਾਲਾਂਕਿ ਕੇਂਦਰ ਸਰਕਾਰ ਦੇ ਅਧਿਕਾਰਤ ਅੰਕੜਿਆਂ ਮੁਤਾਬਕ, ਦੇਸ਼ ਵਿੱਚ ਗੰਨੇ ਦੀ ਖੇਤੀ ਪਿਛਲੇ ਸਾਲ ਦੇ ਬਰਾਬਰ ਹੀ ਰਹੀ ਹੈ ਜੋ ਪਿਛਲੇ ਪੰਜ ਸਾਲਾਂ ਦੇ ਔਸਤ ਖੇਤੀ ਖੇਤਰ ਤੋਂ ਲਗਭਗ ਚਾਰ ਲੱਖ ਹੈਕਟੇਅਰ ਜ਼ਿਆਦਾ ਹੈ।

ਤਿਓਹਾਰੀ ਮੌਸਮ ਦੇ ਨੇੜੇ ਆਉਂਦਿਆਂ ਹੀ ਵਧਦੀਆਂ ਕੀਮਤਾਂ ‘ਤੇ ਰੋਕ ਲਗਾਉਣ ਲਈ ਸਰਕਾਰ ਨੇ ਖੰਡ ਦੀ ਬਰਾਮਦਗੀ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਥੋਕ ਵਿਕਰੇਤਾਵਾਂ ਵੱਲੋਂ ਸਟੌਕ ਵਿੱਚ ਰੱਖੀ ਜਾ ਸਕਣ ਵਾਲੀ ਖੰਡ ਦੀ ਮਾਤਰਾ ‘ਤੇ ਵੀ ਸੀਮਾ ਨਿਰਧਾਰਤ ਕਰ ਦਿੱਤੀ ਹੈ।

ਖੰਡ ਦੀਆਂ ਕੀਮਤਾਂ ਕਿਉਂ ਵਧ ਰਹੀਆਂ ਹਨ?

ਖੇਤਾਂ ਨਾਲ ਜਾਂਦੀ ਸੜਕ ਕਿਨਾਰੇ ਸਿਰ 'ਤੇ ਗੰਨੇ ਦੀਆਂ ਭਰੀਆਂ ਲਿਜਾ ਰਹੀਆਂ ਤਿੰਨ ਔਰਤਾਂ ਅਤੇ ਇੱਕ ਆਦਮੀ।

ਤਸਵੀਰ ਸਰੋਤ, Getty Images

ਖੰਡ ਉਤਪਾਦਨ ਵਿੱਚ ਭਾਰਤ ਬ੍ਰਾਜ਼ੀਲ ਤੋਂ ਬਾਅਦ ਵਿਸ਼ਵ ਵਿੱਚ ਦੂਜੇ ਥਾਂ ‘ਤੇ ਹੈ।

ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਕੁੱਲ 703 ਖੰਡ ਮਿੱਲਾਂ ਹਨ ਜੋ ਗੰਨੇ ਦੇ ਰਸ ਨੂੰ ਪੀਸ ਕੇ ਖੰਡ ਦਾ ਉਤਪਾਦਨ ਕਰਦੀਆਂ ਹਨ। ਇਨ੍ਹਾਂ ਵਿੱਚ 335 ਨਿੱਜੀ, 325 ਸਹਿਕਾਰੀ ਅਤੇ 43 ਸਰਕਾਰੀ ਮਿੱਲਾਂ ਹਨ।

ਭਾਰਤ ਵਿੱਚ ਚੀਨੀ ਉਤਪਾਦਨ ਦਾ ਸੀਜਨ ਅਕਤੂਬਰ ਵਿੱਚ ਸ਼ੁਰੂ ਹੁੰਦਾ ਹੈ ਅਤੇ ਅਗਲੇ ਸਾਲ ਸਤੰਬਰ ਵਿੱਚ ਖ਼ਤਮ ਹੁੰਦਾ ਹੈ। ਚੀਨੀ ਮਿੱਲਾਂ ਦੀ ਨੁਮਾਇੰਦਗੀ ਕਰਨ ਵਾਲੇ ਸੰਗਠਨ, ਨੈਸ਼ਨਲ ਫੈਡਰੇਸ਼ਨ ਆਫ ਕੋ-ਆਪਰੇਟਿਵ ਸ਼ੂਗਰ ਫੈਕਟਰੀਜ਼ ਲਿਮਟਿਡ ਦੇ ਉਪ ਪ੍ਰਧਾਨ ਕੇਤਨ ਪਟੇਲ ਦਾ ਕਹਿਣਾ ਹੈ ਕਿ ਸਾਲ 2025-26 ਦੇ ਚੀਨੀ ਉਤਪਾਦਨ ਸਾਲ ਵਿੱਚ ਦੇਸ਼ ‘ਚ ਚੀਨੀ ਉਤਪਾਦਨ 32 ਅਰਬ ਕਿਲੋਗ੍ਰਾਮ ਹੋਣ ਦਾ ਅਨੁਮਾਨ ਸੀ ਪਰ ਅਸਲ ਉਤਪਾਦਨ ਲਗਭਗ ਤੀਹ ਅਰਬ ਕਿਲੋ ਗ੍ਰਾਮ ਰਿਹਾ ਹੈ।

ਬੀਬੀਸੀ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਨੇ ਕਿਹਾ, “ਪਿਛਲੇ ਸਾਲ ਬਾਰਿਸ਼ ਜ਼ਿਆਦਾ ਹੋਈ ਸੀ, ਜਿਸ ਦਾ ਗੰਨੇ ਦੀ ਫਸਲ ‘ਤੇ ਉਲਟ ਅਸਰ ਪਿਆ। ਇਸੇ ਤਰ੍ਹਾਂ ਜ਼ਿਆਦਾ ਉਤਪਾਦਨ ਦੇਣ ਵਾਲੀ ਸੀਓ-0238 ਨਾਮੀ ਗੰਨੇ ਦੀ ਕਿਸਮ ਵਿੱਚ ਉੱਤਰ ਪ੍ਰਦੇਸ਼ ਵਿੱਚ ਗੇਰੂਆ ਰੋਗ (ਰਸਟ ਰੋਗ) ਫੈਲ ਗਿਆ।”

“ਇਨ੍ਹਾਂ ਦੋਹਾਂ ਕਾਰਨਾਂ ਕਰਕੇ ਗੰਨੇ ਦਾ ਉਤਪਾਦਨ ਅਤੇ ਸ਼ੂਗਰ ਰਿਕਵਰੀ ਰੇਟ ਯਾਨੀ ਸੌ ਕਿੱਲੋ ਗ੍ਰਾਮ ਤੋਂ ਮਿਲਣ ਵਾਲੀ ਖੰਡ ਦਾ ਫ਼ੀਸਦ 12 ਤੋਂ ਹੇਠਾਂ ਆ ਗਿਆ। ਇਸ ਲਈ ਖੰਡ ਦਾ ਉਤਪਾਦਨ ਘੱਟ ਰਿਹਾ।”

ਕੇਤਨ ਪਟੇਲ ਨੇ ਦੱਸਿਆ ਕਿ ਭਾਰਤ ਵਿੱਚ ਖੰਡ ਦੀ ਖਪਤ 2.6 ਕਰੋੜ ਟਨ ਤੋਂ ਲੈ ਕੇ 2.8 ਕਰੋੜ ਟਨ ਦੇ ਵਿਚਕਾਰ ਰਹਿੰਦੀ ਹੈ ਅਤੇ ਆਮ ਤੌਰ ‘ਤੇ ਸਾਲ ਦੇ ਅੰਤ ਵਿੱਚ 60 ਤੋਂ 70 ਲੱਖ ਟਨ ਖੰਡ ਐਂਡਿੰਗ ਸਟੌਕ ਯਾਨੀ ਬਚੇ ਹੋਏ ਭੰਡਾਰ ਵਜੋਂ ਰਹਿ ਜਾਂਦੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ” 2024-25 ਦੇ ਅੰਤ ਵਿੱਚ ਐਂਡਿੰਗ ਸਟੌਕ ਸਿਰਫ 50 ਤੋਂ 50.5 ਲੱਖ ਟਨ ਸੀ। ਇਸ ਤਰ੍ਹਾਂ 2025-26 ਦੀ ਸ਼ੁਰੂਆਤ ਘੱਟ ਓਪਨਿੰਗ ਸਟੌਕ ਯਾਨੀ ਸ਼ੁਰੂਆਤੀ ਭੰਡਾਰ ਦੇ ਨਾਲ ਹੋਈ ਅਤੇ ਫਿਰ ਉਤਪਾਦਨ ਵੀ ਅਨੁਮਾਨ ਤੋਂ ਥੋੜ੍ਹਾ ਘੱਟ ਰਿਹਾ। ਕਮਜ਼ੋਰ ਮਾਨਸੂਨ ਖੰਡ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਨ ਵਾਲਾ ਇਕੱਲਾ ਕਾਰਨ ਨਹੀਂ ਹੈ।”

“ਫਿਰ ਵੀ ਅਜਿਹਾ ਲੱਗਦਾ ਹੈ ਕਿ ਲੋਕ ਪੈਨਿਗ ਬਾਇੰਗ ਯਾਨੀ ਕੀਮਤਾਂ ਹੋਰ ਵਧਣ ਦੇ ਖ਼ਦਸ਼ੇ ਵਿੱਚ ਤੇਜ਼ੀ ਨਾਲ ਖਰੀਦਦਾਰੀ ਕਰ ਰਹੇ ਹਨ। ਇੱਕ ਪਾਸੇ ਉਪਲਬਧ ਸਟੌਕ ਥੋੜ੍ਹਾ ਘੱਟ ਹੈ, ਤਿਉਹਾਰਾਂ ਦਾ ਮੌਸਮ ਹੈ ਅਤੇ ਬਾਰਿਸ਼ ਨੂੰ ਲੈ ਕੇ ਚਿੰਤਾ ਹੈ। ਦੂਜੇ ਪਾਸੇ ਮੰਗ ਜ਼ਿਆਦਾ ਹੈ। ਨਤੀਜੇ ਵਜੋਂ ਕੀਮਤਾਂ ਵਧ ਗਈਆਂ ਹਨ।”

ਕੀ ਖੰਡ ਦੀ ਕਮੀ ਹੈ?

ਗੰਨਿਆਂ ਦੇ ਢੇਰ ਕੋਲ ਬੈਠਾ ਇੱਕ ਬਜ਼ੁਰਗ ਮਸ਼ੀਨ ਵਿੱਚ ਗੰਨੇ ਪੀੜ ਰਿਹਾ ਹੈ।

ਤਸਵੀਰ ਸਰੋਤ, Getty Images

ਭਾਰਤ ਵਿੱਚ ਨਿੱਜੀ ਖੰਡ ਮਿੱਲਾਂ ਦੇ ਸੰਗਠਨ ਇੰਡੀਅਨ ਸ਼ੂਗਰ ਐਂਡ ਬਾਇਓ ਐਨਰਜੀ ਮੈਨਿਊਫੈਕਚਰਜ਼ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਕ, ਭਾਰਤ ਵਿੱਚ ਕੱਪੜਾ ਉਦਯੋਗ ਤੋਂ ਬਾਅਦ ਗੰਨਾ ਅਧਾਰਿਤ ਉਦਯੋਗ ਦੇਸ਼ ਦਾ ਦੂਜਾ ਸਭ ਤੋਂ ਵੱਡਾ ਖੇਤੀ ਅਧਾਰਤ ਉਦਯੋਗ ਹੈ।

ਆਈਐਸਐਮਏ ਮੁਤਾਬਕ, ਭਾਰਤ ਵਿੱਚ ਹਰ ਸਾਲ ਔਸਤ 55 ਲੱਖ ਤੋਂ 60 ਲੱਖ ਹੈਕਟੇਅਰ ਵਿੱਚ ਗੰਨੇ ਦੀ ਖੇਤੀ ਹੁੰਦੀ ਹੈ। ਔਸਤਨ 45 ਕਰੋੜ ਟਨ ਗੰਨੇ ਦਾ ਉਤਪਾਦਨ ਹੁੰਦਾ ਹੈ ਅਤੇ ਇਸ ਨਾਲ ਤਕਰੀਬਨ ਪੰਜ ਕਰੋੜ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ।

ਖੰਡ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਸਰਕਾਰ ਕੀ ਮੰਨਦੀ ਹੈ, ਇਹ ਜਾਨਣ ਲਈ ਬੀਬੀਸੀ ਨੇ ਕੇਂਦਰ ਸਰਕਾਰ ਦੇ ਉਪਭੋਗਤਾ ਮਾਮਲੇ, ਖਾਧ ਅਤੇ ਜਨਤਕ ਵੰਡ ਪ੍ਰਣਾਲੀ ਦੀ ਰਾਜ ਮੰਤਰੀ ਨਿਮੁਬੇਨ ਬੰਭਾਣੀਆ ਨਾਲ ਫੋਨ ਅਤੇ ਮੈਸੇਜ ਜ਼ਰੀਏ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਉਨ੍ਹਾਂ ਵੱਲੋਂ ਤਤਕਾਲ ਕੋਈ ਜਵਾਬ ਨਹੀਂ ਮਿਲਿਆ।

ਪਰ 28 ਜੁਲਾਈ ਨੂੰ ਜਾਰੀ ਇੱਕ ਪ੍ਰੈਸ ਨੋਟ ਵਿੱਚ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਦੇਸ਼ ਵਿੱਚ ਖੰਡ ਦੀ ਕੋਈ ਕਮੀ ਨਹੀਂ ਹੈ। ਸਰਕਾਰ ਨੇ ਕਿਹਾ ਸੀ, “ਸਰਕਾਰ ਨੇ ਨੋਟ ਕੀਤਾ ਹੈ ਕਿ ਖੰਡ ਮਿੱਲਾਂ ਦੇ ਪੱਧਰ ‘ਤੇ ਖੰਡ ਦੀਆਂ ਕੀਮਤਾਂ ਵਿੱਚ ਜੋ ਵਾਧਾ ਹੋਇਆ ਹੈ, ਉਹ ਵਰਤਮਾਨ ‘ਚ ਖੰਡ ਦੀ ਮੰਗ ਅਤੇ ਪੂਰਤੀ ਦੇ ਮੁਤਾਬਕ ਨਹੀਂ ਹੈ।”

“ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਵਪਾਰੀਆਂ, ਡੀਲਰਾਂ ਅਤੇ ਵਿਚੌਲੀਆਂ ਦੀ ਜਮ੍ਹਾਖੋਰੀ, ਸੱਟੇਬਾਜ਼ੀ ਅਤੇ ਮਿੱਲਾਂ ਤੋਂ ਖੰਡ ਦੀ ਅਸਲ ਆਵਾਜਾਈ ਕੀਤੇ ਬਿਨ੍ਹਾਂ ਕਾਗਜ਼ਾਂ ‘ਤੇ ਕੀਤੇ ਜਾਣ ਵਾਲੇ ਕਾਰੋਬਾਰ ਨੇ ਬਜ਼ਾਰ ਵਿੱਚ ਕਮੀ ਦੀ ਇੱਕ ਤਸਵੀਰ ਬਣਾਉਣ ਵਿੱਚ ਭੂਮਿਕਾ ਨਿਭਾਈ ਹੈ। ਇਸ ਤਰ੍ਹਾਂ ਦੇ ਲੈਣ ਦੇਣ ਕਾਰਨ ਕੀਮਤਾਂ ਵਿੱਚ ਟਾਲੀ ਜਾ ਸਕਣ ਵਾਲੀ ਅਸਥਿਰਤਾ ਪੈਦਾ ਹੋਈ ਹੈ ਅਤੇ ਖੁਦਰਾ ਬਜ਼ਾਰ ਵਿਚ ਖੰਡ ਦੀਆਂ ਕੀਮਤਾਂ ਵਧੀਆਂ ਹਨ।”

ਸਰਕਾਰ ਨੇ ਆਪਣੇ ਪ੍ਰੈਸ ਨੋਟ ਵਿੱਚ ਕਿਹਾ ਹੈ, ” ਸਰਕਾਰ ਉਪਭੋਗਤਾਵਾਂ ਨੂੰ ਭਰੋਸਾ ਦਵਾਉਂਦੀ ਹੈ ਕਿ ਦੇਸ਼ ਦੀ ਘਰੇਲੂ ਖਪਤ ਲਈ ਜ਼ਰੂਰੀ ਚੀਨੀ ਦਾ ਲੋੜੀਂਦਾ ਸਟੌਕ ਉਪਲਬਧ ਹੈ।”

ਖੰਡ ਦੀਆਂ ਕੀਮਤਾਂ ਕਦੋਂ ਘਟਣਗੀਆਂ?

ਗੰਨਿਆਂ ਨਾਲ ਭਰੇ ਦੋ ਟਰੱਕ।

ਤਸਵੀਰ ਸਰੋਤ, Getty Images

ਕੇਤਨ ਪਟੇਲ ਦਾ ਕਹਿਣਾ ਹੈ ਕਿ ਜੁਲਾਈ, ਅਗਸਤ ਅਤੇ ਸਤੰਬਰ ਨੂੰ ਖੰਡ ਉਤਪਾਦਨ ਦਾ ਆਫ ਸੀਜ਼ਨ ਮੰਨਿਆ ਜਾਂਦਾ ਹੈ ਅਤੇ ਇਹ ਸਮਾਂ ਤਿਉਹਾਰਾਂ ਵੇਲੇ ਆਉਂਦਾ ਹੈ। ਇਸ ਲਈ ਹਰ ਸਾਲ ਇਸ ਦੌਰਾਨ ਬਜ਼ਾਰ ਵਿੱਚ ਖੰਡ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ।

ਉਨ੍ਹਾਂ ਨੇ ਕਿਹਾ, “ਹਾਲੇ ਭਾਵੇਂ ਹੀ ਕੀਮਤਾਂ 50 ਰੁਪਏ ਤੋਂ ਉੱਤੇ ਹਨ ਪਰ ਅਸਲੀਅਤ ਇਹ ਹੈ ਕਿ ਸੀਜ਼ਨ ਦੌਰਾਨ ਆਮ ਤੌਰ ‘ਤੇ ਕੀਮਤਾਂ 38 ਤੋਂ 42 ਰੁਪਏ ਦੇ ਵਿਚਕਾਰ ਰਹੀਆਂ ਹਨ। ਉਸ ਕੀਮਤ ‘ਤੇ ਮਿੱਲਾਂ ਕਿਸਾਨਾਂ ਨੂੰ ਫੇਅਰ ਐਂਡ ਰਿਮਨਿਉਰੇਟਿਵ ਪ੍ਰਾਈਸ ਯਾਨੀ ਐਫਆਰਪੀ ਵੀ ਸਮੇਂ ਸਿਰ ਨਹੀਂ ਦੇ ਪਾਉਂਦੀ।”

“ਇਹੀ ਕਾਰਨ ਹੈ ਕਿ ਕੁਝ ਕਿਸਾਨ ਗੰਨੇ ਦੀ ਥਾਂ ਦੂਜੀਆਂ ਫਸਲਾਂ ਵੱਲ ਚਲੇ ਗਏ ਹਨ ਜਿਨ੍ਹਾਂ ਵਿੱਚ ਤਿੰਨ ਜਾਂ ਛੇ ਮਹੀਨਿਆਂ ਵਿੱਚ ਰਿਟਰਨ ਮਿਲ ਜਾਂਦਾ ਹੈ। ਬਜ਼ਾਰੀ ਭਾਅ ਵਧਣ ਦਾ ਮਿੱਲਾਂ ਨੂੰ ਫ਼ਾਇਦਾ ਇਹ ਹੈ ਕਿ ਉਨ੍ਹਾਂ ਦਾ ਸਟੌਕ ਵਿਕ ਜਾਏਗਾ ਅਤੇ ਉਹ ਕਿਸਾਨਾਂ ਨੂੰ ਸਮੇਂ ਸਿਰ ਐਫਆਰਪੀ ਦਾ ਭੁਗਤਾਨ ਕਰ ਸਕਣਗੀਆਂ।”

ਉਨ੍ਹਾਂ ਨੇ ਅੱਗੇ ਕਿਹਾ, “ਅਕਤੂਬਰ ਤੋਂ ਨਵੀਂ ਖੰਡ ਬਜ਼ਾਰ ਵਿੱਚ ਆਏਗੀ, ਇਸ ਲਈ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ।”

ਹਾਲਾਂਕਿ, ਸੁਰਿੰਦਰ ਨਗਰ ਦੇ ਖੰਡ ਦੇ ਪ੍ਰਮੁਖ ਵਪਾਰੀ ਧਨਰਾਜ ਕੈਲਾ ਨੇ ਬੀਬੀਸੀ ਗੁਜਰਾਤੀ ਨੂੰ ਕਿਹਾ, “ਫਿਲਹਾਲ ਬਜ਼ਾਰ ਵਿੱਚ ਖੰਡ ਦੀ ਕਮੀ ਵੀ ਨਹੀਂ ਹੈ ਅਤੇ ਬਹੁਤ ਜ਼ਿਆਦਾ ਸਟੌਕ ਵੀ ਨਹੀਂ ਹੈ। ਸਥਿਤੀ ਹੈਂਡ ਟੂ ਮਾਊਥ ਯਾਨੀ ਅਜਿਹੀ ਹੈ ਕਿ ਬਜ਼ਾਰ ਵਿੱਚ ਜਿੰਨੀ ਖੰਡ ਆ ਰਹੀ ਹੈ, ਉਹ ਤੁਰੰਤ ਵਿਕ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਦੁਨੀਆਂ ਵਿੱਚ ਵੀ ਖੰਡ ਦਾ ਸਟੌਕ ਘੱਟ ਹੈ। ਦੂਜੇ ਪਾਸੇ, ਤੀਹ ਲੱਖ ਟਨ ਖੰਡ ਨੂੰ ਇਥੇਨੌਲ ਬਣਾਉਣ ਲਈ ਡਾਇਵਰਟ ਕੀਤਾ ਗਿਆ ਅਤੇ ਕਾਫ਼ੀ ਮਾਤਰਾ ਵਿਚ ਖੰਡ ਦੀ ਬਰਾਮਦਗੀ ਵੀ ਹੋਈ ਹੈ।”

ਉਨ੍ਹਾਂ ਨੇ ਕਿਹਾ, “ਜਦੋਂ ਦੇਸ਼ ਵਿੱਚ ਖੰਡ ਦੇ ਕਰੀਬ ਡੇਢ ਅਰਬ ਉਪਭੋਗਤਾ ਹੋਣ ਅਤੇ ਇੱਕ ਦੋ ਸਾਲ ਸੋਕਾ ਪੈ ਜਾਵੇ ਤਾਂ ਇਥੇਨੌਲ ਬਲੈਂਡਿੰਗ ਜਿਹੇ ਪ੍ਰੋਗਰਾਮ ਜੋਖ਼ਮ ਭਰੇ ਹੋ ਜਾਂਦੇ ਹਨ। ਲੋਕਾਂ ਵਿੱਚ ਇਹ ਡਰ ਬੈਠ ਗਿਆ ਹੈ ਕਿ ਐਲ ਨੀਨੋ ਕਾਰਨ ਬਾਰਿਸ਼ ਨਹੀਂ ਹੋਵੇਗੀ ਅਤੇ ਖੰਡ ਹੋਰ ਮਹਿੰਗੀ ਹੋਏਗੀ। ਨਤੀਜਾ ਇਹ ਹੈ ਕਿ ਜੋ ਲੋਕ ਪੰਜ ਕਿੱਲੋ ਖੰਡ ਖ਼ਰੀਦਦੇ ਸੀ, ਉਹ ਹੁਣ ਪੰਜਾਹ ਕਿੱਲੋ ਖਰੀਦ ਰਹੇ ਹਨ ਅਤੇ ਜੋ ਪੰਜਾਹ ਕਿੱਲੋ ਖ਼ਰੀਦਦੇ ਸਨ ਉਹ ਹੁਣ ਸੌ ਕਿੱਲੋ ਮੰਗ ਰਹੇ ਹਨ।”

ਕੀ ਪੈਟਰੋਲ ਵਿੱਚ ਮਿਲਾਏ ਜਾਣ ਵਾਲੇ ਇਥੇਨੌਲ ਕਾਰਨ ਖੰਡ ਮਹਿੰਗੀ ਹੋਈ ਹੈ ?

ਗੰਨੇ ਨਾਲ ਭਰੀਆਂ ਟਰਾਲੀਆਂ

ਤਸਵੀਰ ਸਰੋਤ, Getty Images

ਕੱਚੇ ਤੇਲ ਦੀ ਖਪਤ ਦੇ ਮਾਮਲੇ ਵਿੱਚ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਦੁਨੀਆਂ ਵਿੱਚ ਤੀਜੇ ਥਾਂ ‘ਤੇ ਹੈ। ਪਰ ਭਾਰਤ ਵਿੱਚ ਵਰਤੇ ਜਾਣ ਵਾਲੇ ਕੱਚੇ ਤੇਲ ਦਾ 80 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਵਿਦੇਸ਼ਾਂ ਤੋਂ ਦਰਾਮਦ ਕੀਤਾ ਜਾਂਦਾ ਹੈ।

ਇਸ ਦਰਾਮਦਗੀ ਨੂੰ ਘੱਟ ਕਰਨ, ਵਿਦੇਸ਼ੀ ਮੁਦਰਾ ਬਚਾਉਣ, ਆਤਮ ਨਿਰਭਰਤਾ ਵਧਾਉਣ ਅਤੇ ਪ੍ਰਦੂਸ਼ਣ ਘੱਟ ਕਰਨ ਲਈ ਕੇਂਦਰ ਸਰਕਾਰ ਨੇ 2018 ਵਿੱਚ ਪੈਟਰੋਲ ਵਿੱਚ ਮਿਲਾਏ ਜਾਣ ਵਾਲੇ ਇਥੇਨੌਲ ਦੀ ਮਾਤਰਾ ਨੂੰ 10 ਫ਼ੀਸਦੀ ਤੋਂ ਵਧਾ ਕੇ 20 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਸੀ। ਇਹ ਟੀਚਾ 2030 ਵਿਚ ਹਾਸਿਲ ਕੀਤਾ ਜਾਣਾ ਸੀ, ਪਰ ਸਰਕਾਰ ਨੇ ਇਸ ਨੂੰ ਜੁਲਾਈ 2025 ਵਿੱਚ ਹੀ ਹਾਸਿਲ ਕਰ ਲਿਆ।

ਭਾਰਤ ਵਿੱਚ ਖੰਡ ਉਦਯੋਗ ਸਰਕਾਰੀ ਕੰਟੋਰਲ ਤਹਿਤ ਆਉਂਦਾ ਹੈ। ਖੰਡ ਮਿੱਲਾਂ ਨੂੰ ਕਿਸਾਨਾਂ ਤੋਂ ਖਰੀਦੇ ਗਏ ਗੰਨੇ ਲਈ ਕਿੰਨਾ ਐਫਆਰਪੀ ਦੇਣਾ ਹੋਏਗਾ, ਇਹ ਕੇਂਦਰ ਸਰਕਾਰ ਤੈਅ ਕਰਦੀ ਹੈ। ਸਰਕਾਰ ਇਹ ਵੀ ਤੈਅ ਕਰਦੀ ਹੈ ਕਿ ਕਿਹੜੀ ਖੰਡ ਮਿੱਲ ਹਰ ਮਹੀਨੇ ਕਿੰਨੀ ਖੰਡ ਵੇਚ ਸਕਦੀ ਹੈ ਅਤੇ ਖੰਡ ਦਾ ਨਿਰਯਾਤ ਕੀਤਾ ਜਾ ਸਕਦਾ ਹੈ ਜਾਂ ਨਹੀਂ।

ਦੇਸ਼ ਵਿੱਚ ਵੱਡੇ ਪੱਧਰ ‘ਤੇ ਇਥੇਨੌਲ ਖ਼ਰੀਦਣ ਵਾਲਾ ਗਾਹਕ ਵੀ ਸਰਕਾਰ ਹੀ ਹੈ ਅਤੇ ਇਸ ਤਰ੍ਹਾਂ ਇਥੇਨੌਲ ਦੀ ਕੀਮਤ ਵੀ ਅਪ੍ਰਤੱਖ ਰੂਪ ਵਿੱਚ ਸਰਕਾਰ ਹੀ ਤੈਅ ਕਰਦੀ ਹੈ।

ਰਾਇਟਰਜ਼ ਦੀ ਇੱਕ ਰਿਪੋਰਟ ਮੁਤਾਬਕ, 2025-26 ਦੇ ਖੰਡ ਸੀਜਨ ਵਿੱਚ ਤੀਹ ਲੱਖ ਟਨ ਖੰਡ ਦਾ ਇਸਤੇਮਾਲ ਇਥੇਨੌਲ ਬਣਾਉਣ ਲਈ ਕੀਤਾ ਗਿਆ। ਰਿਪੋਰਟ ਮੁਤਾਬਕ, ਇਹ ਦੇਸ਼ ਵਿੱਚ ਖੰਡ ਦੇ ਕੁੱਲ ਉਤਪਾਦਨ ਦਾ ਕਰੀਬ 10 ਫ਼ੀਸਦੀ ਹੈ।

ਗੰਨੇ ਦੇ ਰਸ ਤੋਂ ਇਲਾਵਾ ਖੰਡ ਬਣਾਉਣ ਦੌਰਾਨ ਤਿਆਰ ਹੋਣ ਵਾਲੇ ਸਿਰਪ, ਏ-ਹੇਵੀ ਮੋਲਾਸਿਸ, ਬੀ-ਹੇਵੀ ਮੋਲਾਸਿਸ ਅਤੇ ਸੀ-ਹੇਵੀ ਮੋਲਾਸਿਸ ਤੋਂ ਵੀ ਇਥੇਨੌਲ ਬਣਾਇਆ ਜਾ ਸਕਦਾ ਹੈ। ਇੱਕ ਰਿਪੋਰਟ ਮੁਤਾਬਕ, ਦੇਸ਼ ਵਿੱਚ ਉਤਪਾਦਨ ਕੁੱਲ ਇਥੇਨੌਲ ਦਾ ਕਰੀਬ ਇੱਕ-ਤਿਹਾਈ ਹਿੱਸਾ ਗੰਨੇ ਤੋਂ ਤਿਆਰ ਕੀਤਾ ਗਿਆ ਸੀ।

ਇੱਕ ਵੱਡੀ ਖੰਡ ਮਿੱਲ ਦੇ ਸੀਨੀਅਰ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਬੀਬੀਸੀ ਗੁਜਰਾਤੀ ਨੂੰ ਕਿਹਾ, “ਇਥੇਨੌਲ ਬਲੈਂਡਡ ਪੈਟਰੋਲ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ ਅਤੇ ਇਹ ਖੰਡ ਮਿੱਲਾਂ ਨੂੰ ਨਕਦੀ ਉਪਲਬਧ ਕਰਵਾਉਂਦਾ ਹੈ। ਪਰ ਸਰਕਾਰ ਇਸ ਗੱਲ ਨੂੰ ਲੈ ਕੇ ਸਪਸ਼ਟ ਰਹੀ ਹੈ ਕਿ ਖੰਡ ਦੇ ਉਤਪਾਦਨ ਨੂੰ ਹਮੇਸ਼ਾ ਪਹਿਲ ਹੈ।”

ਉਨ੍ਹਾਂ ਨੇ ਕਿਹਾ, “ਇਹ ਇਲਜ਼ਾਮ ਲਗਾਉਣਾ ਸੌਖਾ ਹੈ ਕਿ ਸਰਕਾਰ ਨੇ ਇਥੇਨੌਲ ਦੇ ਉਤਪਾਦਨ ਲਈ ਖੰਡ ਨੂੰ ਡਾਇਵਰਟ ਹੋਣ ਤੋਂ ਨਹੀਂ ਰੋਕਿਆ। ਪਰ ਇੱਥੇ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਖੰਡ ਉਤਪਾਦਨ ਦੇ ਸ਼ੁਰੂਆਤੀ ਅਨੁਮਾਨ ਕਾਫ਼ੀ ਜ਼ਿਆਦਾ ਸੀ। ਸਮੱਸਿਆ ਇਹ ਹੈ ਕਿ ਗੰਨੇ ਅਤੇ ਚੀਨੀ ਦੇ ਉਤਪਾਦਨ ਦਾ ਸਟੀਕ ਅੰਦਾਜ਼ਾ ਲਗਾਉਣ ਲਈ ਸਾਡੇ ਕੋਲ ਕੋਈ ਪੁਖਤਾ ਤਰੀਕਾ ਜਾਂ ਤਕਨੀਕ ਉਪਲਭਧ ਨਹੀਂ ਹੈ। “

ਉਨ੍ਹਾਂ ਨੇ ਇਹ ਵੀ ਕਿਹਾ, ” ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਚੀਨੀ ਦੇ ਕਿੰਨੇ ਵੱਡੇ ਬਜ਼ਾਰ ਦੀ ਗੱਲ ਕਰ ਰਹੇ ਹਾਂ। ਇਸ ਲਈ ਇਹ ਇਲਜ਼ਾਮ ਨਹੀਂ ਲਗਾਇਆ ਜਾ ਸਕਦਾ ਕਿ ਇਥੇਨੌਲ ਦੇ ਉਤਪਾਦਨ ਲਈ ਡਾਇਵਰਟ ਕੀਤੀ ਗਈ ਚੀਨੀ ਕਾਰਨ ਹੁਣ ਦੇਸ਼ ਵਿੱਚ ਖੰਡ ਦੀ ਕਮੀ ਪੈਦਾ ਹੋ ਗਈ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI