Home rss national punjabi2ਰਾਸ਼ਟਰੀ ਖ਼ਬਰਾਂ ਅਮਰੀਕਾ ‘ਚ ਪੰਜਾਬੀ ਡਰਾਇਵਰਾਂ ਦਾ ‘ਟਰੱਕਨਾਮਾ’, ਕੈਨੇਡਾ ‘ਚ ਪੰਜਾਬ ਦੀਆਂ ‘ਸ਼ੇਰਨੀਆਂ’ ਦੇ...

ਅਮਰੀਕਾ ‘ਚ ਪੰਜਾਬੀ ਡਰਾਇਵਰਾਂ ਦਾ ‘ਟਰੱਕਨਾਮਾ’, ਕੈਨੇਡਾ ‘ਚ ਪੰਜਾਬ ਦੀਆਂ ‘ਸ਼ੇਰਨੀਆਂ’ ਦੇ ਸੰਘਰਸ਼ ਅਤੇ ਤਜਰਬੇ ਕੀ ਹਨ

3
0

Source :- BBC PUNJABI

ਗੁਰਿੰਦਰਜੀਤ ਸਿੰਘ ਦੀ ਤਸਵੀਰ

ਤਸਵੀਰ ਸਰੋਤ, Gurinderjit Singh

“ਅਸੀਂ ਬਰਫ਼ਾਂ ਵਿੱਚ ਵੀ ਚੱਲੇ, ਤੂਫਾਨਾਂ ਵਿੱਚ ਵੀ ਚੱਲੇ, ਨੀਂਦਾਂ ਕੁਰਬਾਨ ਕੀਤੀਆਂ ਅਤੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਸਟੇਅਰਿੰਗ ਪਿੱਛੇ ਗੁਜ਼ਾਰ ਦਿੱਤਾ।”

“ਹਰ ਟਰੱਕ ਦੇ ਪਿੱਛੇ ਇੱਕ ਕਹਾਣੀ ਹੁੰਦੀ ਹੈ ਅਤੇ ਹਰ ਕਹਾਣੀ ਦੇ ਪਿੱਛੇ ਕੁਝ ਅਜਿਹੇ ਰਿਸ਼ਤੇ ਹੁੰਦੇ ਹਨ ਜੋ ਸਟੇਅਰਿੰਗ ਪਿੱਛੇ ਕਿਤੇ ਛੁੱਟ ਗਏ ਹੁੰਦੇ ਹਨ।”

ਇਹ ਲਾਇਨਾਂ ਅਮਰੀਕਾ ਵਿੱਚ ਟਰੱਕ ਚਲਾਉਂਦੇ ਪੰਜਾਬੀ ਡਰਾਇਵਰਾਂ ਦੀ ਜ਼ਿੰਦਗੀ ਦੇ ਸੰਘਰਸ਼ ਅਤੇ ਚੰਗੇ-ਮਾੜੇ ਤਜਰਬਿਆਂ ਬਾਰੇ ਅਮਰੀਕਾ ਵਿੱਚ ਰਹਿੰਦੇ ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’ ਨੇ ਲਿਖੀਆਂ ਹਨ। ਉਨ੍ਹਾਂ ਦੀ ਹਾਲ ਹੀ ਵਿੱਚ ‘ਅਮਰੀਕੀ ਟਰੱਕਨਾਮਾ’ (ਜ਼ਿੰਦਗੀ ਡਰਾਇਵਰਾਂ ਦੀ) ਕਿਤਾਬ ਆਈ ਹੈ।

ਨੀਟਾ ਮਾਛੀਕੇ ਦਾ ਇੱਕ ਹੱਥ ਚੜ੍ਹਦੀ ਜਵਾਨੀ ਵਿੱਚ ਟੋਕੇ ਵਾਲੀ ਮਸ਼ੀਨ ਵਿੱਚ ਆ ਜਾਣ ਕਾਰਨ ਕੱਟਿਆ ਗਿਆ ਸੀ ਪਰ ਉਨ੍ਹਾਂ ਨੇ ਅਮਰੀਕਾ ਜਾ ਕੇ ਕਈ ਕਿੱਤੇ ਕੀਤੇ ਅਤੇ ਆਖਿਰ ਡਰਾਇਵਰੀ ਕਰਨ ਦਾ ਫੈਸਲਾ ਕੀਤਾ ਸੀ।

ਉਨ੍ਹਾਂ ਨੇ ਇਸ ਡਿਜੀਟਲ ਦੌਰ ਵਿੱਚ ਪੰਜਾਬੀਆਂ ਦੇ ਅਮਰੀਕਾ ਵਿੱਚ ਕੀਤੇ ਜਾ ਰਹੇ ਸੰਘਰਸ਼ ਨੂੰ ਕਲਮਬੱਧ ਕੀਤਾ ਹੈ।

ਅਮਰੀਕੀ ਟਰੱਕ

ਤਸਵੀਰ ਸਰੋਤ, Gurinderjit Singh

ਪਰਵਾਸੀ ਪੰਜਾਬੀਆਂ ਦੀ ਜੱਦੋ-ਜਹਿਦ ਅਤੇ ਚੰਗੇ ਜੀਵਨ ਦੀ ਤਾਂਘ ਸਿਰਫ਼ ਅਮਰੀਕਾ ਤੱਕ ਹੀ ਸੀਮਤ ਨਹੀਂ। ਪੰਜਾਬ ਦੇ ਵੱਡੀ ਗਿਣਤੀ ਨੌਜਵਾਨ ਕਈ ਦਹਾਕਿਆਂ ਤੋਂ ਕੈਨੇਡਾ ਜਾਣ ਲਈ ਵੀ ਤਰਲੋ ਮੱਛੀ ਹੋਏ ਪਏ ਹਨ। ਅਜਿਹੇ ਹੀ ਇੱਕ ਨੌਜਵਾਨ ਦੇ ਸੰਘਰਸ਼ ਦੀ ਕਹਾਣੀ ਲਿੰਡਸੇ ਪਰੇਰਾ ਨੇ ਆਪਣੇ ਹਾਲ ਹੀ ਵਿੱਚ ਆਏ ਨਾਵਲ ‘ਸੁਪਰ’ ਰਾਹੀਂ ਪੇਸ਼ ਕੀਤੀ ਹੈ।

ਇਸ ਨਾਵਲ ਦਾ ਨਾਇਕ ਜਲੰਧਰ ਦਾ ਨੌਜਵਾਨ ਸੁਖਪ੍ਰੀਤ ਗਿੱਲ ਹੈ।

“ਜਦੋਂ ਸੁਖਪ੍ਰੀਤ ਗਿੱਲ ਕੈਨੇਡਾ ਬਾਰੇ ਸੋਚਦਾ ਹੈ ਤਾਂ ਉਹ ਵਾਅਦਿਆਂ ਅਤੇ ਖੁਸ਼ਹਾਲੀ ਨਾਲ ਭਰੇ ਭਵਿੱਖ ਦੀ ਕਲਪਨਾ ਕਰਦਾ ਹੈ, ਇੱਕ ਅਜਿਹੀ ਜ਼ਿੰਦਗੀ, ਜਿਸ ਵਿੱਚ ਵਿਸ਼ਾਲ ਟਾਊਨਹਾਊਸ ਹੋਣ ਅਤੇ ਪੈਸਾ ਆਸਾਨੀ ਨਾਲ ਕਮਾਇਆ ਜਾ ਸਕੇ। ਇਹ ਸੁਪਨਾ ਹੀ ਉਸਨੂੰ ਪਰਿਵਾਰ ਦੀ ਜ਼ਮੀਨ ਗਹਿਣੇ ਰੱਖਣ, ਜਲੰਧਰ ਅਤੇ ਆਪਣੀ ਪ੍ਰੇਮਿਕਾ ਨੂੰ ਛੱਡਣ ਅਤੇ ਇੱਕ ਅਜਿਹੇ ਦੇਸ਼ ਵੱਲ ਰੁਖ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਉਸਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ।”

ਅਮਰੀਕਾ ‘ਚ ਟਰੱਕਰਜ਼ ਦੀ ਜ਼ਿੰਦਗੀ ਕਿੰਨੀ ਔਖੀ ?

ਟਰੱਕਾਂ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਲੰਮੇਂ ਸਮੇਂ ਤੋਂ ਪਰਵਾਸੀ ਭਾਰਤੀ ਅਮਰੀਕਾ ਵਿੱਚ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਹਾਲਾਂਕਿ ਬਹੁਤ ਸਾਰੇ ਗੈਰ-ਕਾਨੂੰਨੀ ਤਰੀਕੇ ਯਾਨੀ ਡੰਕੀ ਰੂਟ ਰਾਹੀਂ ਵੀ ਅਮਰੀਕਾ ਪਹੁੰਚੇ ਹਨ।

ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਜਨਵਰੀ, 2025 ਤੋਂ 26 ਸਤੰਬਰ 2025 ਤੱਕ 2417 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ।

ਸਾਲ 2020 ਤੋਂ 2024 ਤੱਕ 5541 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ।

ਲੇਖਕ ਗੁਰਿੰਦਰਜੀਤ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਵੀ ਪਹਿਲਾਂ ਸਟੋਰਾਂ ‘ਤੇ ਕੰਮ ਕੀਤਾ ਅਤੇ ਫਿਰ ਟੈਕਸੀ ਵੀ ਚਲਾਈ ਪਰ ਬਾਅਦ ਵਿੱਚ ਉਨ੍ਹਾਂ ਨੂੰ ਇੱਕ ਸਮੇਂ ਟੈਕਸੀ ਵਾਲਾ ਕੰਮ ਸੁਰੱਖਿਅਤ ਨਹੀਂ ਲੱਗਿਆ। ਕਈ ਵਾਰ ਲੁੱਟ ਹੋ ਜਾਂਦੀ ਸੀ। ਇਸ ਕਾਰਨ ਉਹ ਡਰ ਗਏ ਅਤੇ ਦੋਸਤਾਂ ਦੀ ਸਹਾਇਤਾ ਨਾਲ ਟਰੱਕ ਚਲਾਉਣ ਲੱਗੇ।

ਲੇਖਕ ਗੁਰਿੰਦਰਜੀਤ ਸਿੰਘ ਦੀ ਟਿੱਪਣੀ

ਅਮਰੀਕਾ ਵਿੱਚ ਪਰਵਾਸੀ ਭਾਰਤੀ ਟਰੱਕ ਡਰਾਇਵਰਾਂ ਦੇ ਕਿੱਤੇ ਬਾਰੇ ਉਹ ਕਹਿੰਦੇ ਹਨ, “ਟਰੱਕਰਜ਼ ਦੀ ਜ਼ਿੰਦਗੀ ਬਹੁਤ ਸਖ਼ਤ ਹੈ। ਜਿਵੇਂ ਸਾਨੂੰ ਭਾਰਤ ਵਿੱਚ ਲੱਗਦਾ ਹੈ ਕਿ ਅਮਰੀਕਾ ਚਲੇ ਗਏ ਅਤੇ ਉੱਥੇ ਜਾ ਕੇ ਟਰੱਕ ਚਲਾ ਲਿਆ, ਪਤਾ ਨਹੀਂ ਕਿੰਨੇ ਕੁ ਡਾਲਰ ਡਿੱਗਣ ਲੱਗ ਪਏ ? ਦਰਅਸਲ, ਇਹ ਬਹੁਤ ਔਖੀ ਜ਼ਿੰਦਗੀ ਹੈ।”

ਉਹ ਕਹਿੰਦੇ ਹਨ, “ਪਹਿਲੀ ਗੱਲ ਤੁਸੀਂ ਘਰੋਂ ਤੁਰ ਜਾਂਦੇ ਹੋ ਅਤੇ ਹਫਤੇ-ਦਸ ਦਿਨ ਦੀਆਂ ਰੋਟੀਆਂ ਨਾਲ ਲੈ ਜਾਂਦੇ ਹੋ, ਕਈ ਵਾਰ 15-20 ਦਿਨ ਵੀ ਨਹੀਂ ਮੁੜਦੇ। ਉੱਥੋਂ ਤੁਸੀਂ ਬਾਸੀ ਰੋਟੀਆਂ ਖਾਂਦੋ ਹੋ, ਕੋਈ ਕਸਰਤ ਨਹੀਂ, ਤੁਸੀਂ ਆਪਣੇ ਪਰਿਵਾਰ ਤੋਂ ਵੀ ਬਿਲਕੁੱਲ ਹੀ ਦੂਰ ਹੁੰਦੇ ਹੋ। ਇਕੱਲਤਾ ਬਹੁਤ ਹੈ।”

ਅਮਰੀਕੀ ਟਰੱਕ

ਤਸਵੀਰ ਸਰੋਤ, Gurinderjit Singh

ਅਮਰੀਕਾ ਵਿੱਚ ਡਰਾਇਵਾਰਾਂ ਦੀ ਜ਼ਿੰਦਗੀ ਬਾਰੇ ਲਿਖਣ ਬਾਰੇ ਗੁਰਿੰਦਰਜੀਤ ਸਿੰਘ ਕਹਿੰਦੇ ਹਨ, “ਮੇਰੇ ਦਿਮਾਗ ਵਿੱਚ ਕਾਫੀ ਦੇਰ ਤੋਂ ਚੱਲ ਰਿਹਾ ਸੀ ਕਿ ਅਮਰੀਕਾ ਵਿੱਚ ਆਪਣੇ ਬੰਦੇ ਲੰਮੇਂ ਸਮੇਂ ਤੋਂ ਟਰੱਕਿੰਗ ਕਰ ਰਹੇ ਹਨ। ਅੱਜ ਤੱਕ ਕਈਆਂ ਕੋਲ ਕੋਈ ਪ੍ਰੋਪਰ ਡਾਕੂਮੈਂਟ ਨਹੀਂ, ਸੜਕਾਂ ‘ਤੇ ਐਕਸੀਡੈਂਟ ਹੋ ਜਾਂਦੇ ਹਨ, ਲਾਪਰਵਾਹੀਆਂ ਦੇ ਨਾਲ ਬੰਦੇ ਕਈ ਵਾਰੀ ਮਰ ਵੀ ਜਾਂਦੇ ਹਨ।”

“ਬਹੁਤ ਸਾਰੀਆਂ ਥਾਂਵਾਂ “ਤੇ ਸ਼ਿਪਿੰਗ ਰਿਸੀਵਿੰਗ ‘ਤੇ ਬਾਥਰੂਮ ਵਗੈਰਾ ਵਰਤਣ ਨਹੀਂ ਦਿੱਤੇ ਜਾਂਦੇ ਅਤੇ ਕਿਵੇਂ ਟਰੱਕ ਸਟਾਪਾਂ ‘ਤੇ ਕਈ ਵਾਰੀ ਰਾਤਾਂ ਨੂੰ ਪਾਰਕਿੰਗਸ ਲਈ ਖੱਜਲ ਹੋਣਾ ਪੈਂਦਾ ਹੈ। ਇਸ ਸਭ ਨੇ ਮੈਨੂੰ ਟਰੱਕ ਡਰਾਇਵਰਾਂ ਦੀ ਜ਼ਿੰਦਗੀ ਬਾਰੇ ਲਿਖਣ ਲਈ ਪ੍ਰੇਰਿਤ ਕੀਤਾ।”

ਟਰੱਕ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਕੈਨੇਡਾ ਦਾ ਸੁਪਨਾ ਤੇ ਪੰਜਾਬ ਦੀਆਂ ‘ਸ਼ੇਰਨੀਆਂ’

ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ ਦੀ ਤਸਵੀਰ

ਤਸਵੀਰ ਸਰੋਤ, Gurwinder Singh

ਕੈਨੇਡਾ ਵਿੱਚ ਜ਼ਿਆਦਤਰ ਪੰਜਾਬੀ ਨੌਜਵਾਨ ਸਾਲ 2015 ਦੇ ਕਰੀਬ ਸਟੱਡੀ ਵੀਜ਼ੇ ‘ਤੇ ਜਾਣ ਲੱਗੇ ਅਤੇ ਉੱਥੇ ਹੀ ਸੈਟਲ ਹੋਣ ਲਈ ਸੰਘਰਸ਼ ਕਰਨ ਲੱਗੇ।

ਇਸ ਲਈ ਭਾਰਤ ਵਿੱਚੋਂ ਵਿਆਹ ਕਰਾ ਕੇ ਜਾਣ ਦਾ ਵੀ ਇੱਕ ਤਰੀਕਾ ਵੀ ਕਈਆਂ ਵੱਲੋਂ ਵਰਤਿਆ ਗਿਆ ਹੈ, ਜਿਸ ਰਾਹੀਂ ਕਈ ਵਾਰ ਪਤਨੀਆਂ ਪਹਿਲਾਂ ਵਿਦੇਸ਼ ਚਲੀਆਂ ਜਾਂਦੀਆਂ ਅਤੇ ਬਾਅਦ ਵਿੱਚ ਆਪਣੇ ਪਤੀ ਨੂੰ ਬੁਲਾ ਲੈਂਦੀਆਂ ਹਨ।

ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਹੁਣ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਭਗ 80 ਫੀਸਦੀ ਦੀ ਗਿਰਾਵਟ ਆਈ ਹੈ।

ਲੇਖਕ ਹਰਪ੍ਰੀਤ ਸੇਖਾ ਦੀ ਟਿੱਪਣੀ

ਕੈਨੇਡਾ ਦੇ ਆਡੀਟਰ ਜਨਰਲ ਵੱਲੋਂ ਸੰਸਦ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਮੁਤਾਬਕ, ਸਤੰਬਰ 2025 ਵਿੱਚ ਦੇਸ਼ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਭਾਰਤੀਆਂ ਦੀ ਹਿੱਸੇਦਾਰੀ ਸਿਰਫ਼ 8.1 ਫੀਸਦੀ ਰਹਿ ਗਈ ਸੀ, ਜੋ ਕਿ 2023 ਵਿੱਚ 51.6 ਫੀਸਦੀ ਦੇ ਮੁਕਾਬਲੇ ਇੱਕ ਵੱਡੀ ਗਿਰਾਵਟ ਹੈ।

ਕੈਨੇਡਾ ਵਿੱਚ ਪੰਜਾਬੀਆਂ ਦੀ ਜ਼ਿੰਦਗੀ, ਕਿੱਤੇ ਅਤੇ ਸਮੱਸਿਆਵਾਂ ਬਾਰੇ ਵੀ ਕਾਫ਼ੀ ਸਾਹਿਤ ਲਿਖਿਆ ਗਿਆ ਹੈ।

ਨਾਵਲ ‘ਹਨੇਰੇ ਰਾਹ’, ‘ਟੈਕਸੀਨਾਮਾ’ ਅਤੇ ‘ਪ੍ਰਿਜ਼ਮ’ ਵਰਗੀਆਂ ਕਿਤਾਬਾਂ ਦੇ ਲੇਖਕ ਹਰਪ੍ਰੀਤ ਸੇਖਾ ਕਹਿੰਦੇ ਹਨ ਕਿ ਪਿਛਲੇ ਇੱਕ ਦਹਾਕੇ ਤੋਂ ਭਾਰਤੀ ਵਿਦਿਆਰਥੀਆਂ ਦੀ ਹੋ ਰਹੀ ‘ਲੁੱਟ’ ਬਾਰੇ ਹਾਲੇ ਹੋਰ ਲਿਖੇ ਜਾਣ ਦੀ ਲੋੜ ਹੈ।

ਸੇਖਾ ਕਹਿੰਦੇ ਹਨ, “ਵਿਦਿਆਰਥੀ ਸਾਰਾ ਕੁਝ ਵੇਚ ਵੱਟ ਕੇ ਇੱਥੇ ਆਉਂਦੇ ਹਨ, ਇੱਥੇ ਸਾਡੇ ਆਪਣੇ ਲੋਕ ਹੀ ਲੁੱਟ ਕਰਦੇ ਹਨ। ਉਨ੍ਹਾਂ ਨੂੰ ਇਮਪਲੋਇਰ ਵੀ, ਏਜੰਟ ਵੀ ਅਤੇ ਹੋਰ ਵੀ ਕਈ ਥਾਂਵਾਂ ‘ਤੇ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ।”

ਲੰਮਾਂ ਸਮਾਂ ਪਹਿਲਾਂ ਇੰਜੀਨੀਅਰਿੰਗ ਕਰਕੇ ਕੈਨੇਡਾ ਗਏ ਸੇਖਾ ਨੇ ਫਾਰਮਸ ਵਿੱਚ ਕੰਮ ਕੀਤਾ, ਪੈਕਿੰਗ ਕੀਤੀ ਅਤੇ ਟੈਕਸੀ ਵੀ ਚਲਾਈ।

ਉਹ ਕਹਿੰਦੇ ਹਨ ਕਿ ਸਾਡੇ ਆਲੇ-ਦੁਆਲੇ ਜੋ ਵਾਪਰ ਰਿਹਾ, ਇਹੋ ਕਹਾਣੀਆਂ ਬਣਦੀਆਂ ਹਨ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਹਰਪ੍ਰੀਤ ਸੇਖਾ ਦੀ ਇੱਕ ਕਹਾਣੀ ਹੈ, ‘ਉਹ ਰਾਤ’, ਜੋ ਪੰਜਾਬ ਤੋਂ ਵਿਆਹ ਕੇ ਆਈ ਇੱਕ ਕੁੜੀ ਬਾਰੇ ਹੈ ਜਿਸ ਨੇ ਆਪਣੇ ਪਤੀ ਨੂੰ ਕੈਨੇਡਾ ਵੀ ਬੁਲਾਉਣਾ ਹੈ। ਇਹ ਕਹਾਣੀ ਉਸ ਦੇ ਕੈਨੇਡਾ ਵਿੱਚ ਸੈਟਲ ਹੋਣ ਅਤੇ ਉਸ ਦੇ ਮਾਨਸਿਕ ਸੰਘਰਸ਼ ਨੂੰ ਪੇਸ਼ ਕਰਦੀ ਹੈ।

ਸੇਖਾ ਕਹਿੰਦੇ ਹਨ, “ਪਿਛਲੇ ਸਮੇਂ ਵਿੱਚ ਜਦੋਂ ਅਸੀਂ ਸੜਕਾਂ ‘ਤੇ ਜਾਂਦੇ ਸੀ ਤਾਂ ਬੱਸ ਸਟਾਪ ਉੱਤੇ ਨਿੱਕੀਆ-ਨਿੱਕੀਆਂ ਕੁੜੀਆਂ ਨੂੰ ਦੇਖਦੇ, ਉਨ੍ਹਾਂ ਦੇ ਹੱਥਾਂ ਵਿੱਚ ਚੂੜੇ ਪਾਏ ਹੁੰਦੇ ਸਨ, ਮੇਰਾ ਇੱਕ ਦੋਸਤ ਹੈ, ਸੁਖਵੰਤ ਹੁੰਦਲ, ਇਨ੍ਹਾਂ ਨੂੰ ‘ਸ਼ੇਰਨੀਆਂ’ ਕਹਿੰਦਾ ਹੁੰਦਾ। ਉਹ ਇਨ੍ਹਾਂ ਨੂੰ ਇਸ ਲਈ ‘ਸ਼ੇਰਨੀਆਂ’ ਕਹਿੰਦਾ ਹੈ ਕਿਉਂਕਿ ਉਹ ਕੈਨੇਡਾ ਵਿੱਚ ਬਹੁਤ ਸੰਘਰਸ਼ ਕਰ ਰਹੀਆਂ ਹਨ।”

ਹਰਪ੍ਰੀਤ ਸੇਖਾ ਮੁਤਾਬਕ, “ਮੈਨੂੰ ਲੱਗਦਾ ਸਾਡੀਆਂ ਔਰਤਾਂ ਨੂੰ ਇੱਥੇ ਫਿਜੀਕਲੀ, ਇਮੋਸ਼ਨਲੀ ਜਾਂ ਹੋਰ ਸਾਰੇ ਪੱਖਾਂ ਤੋਂ ਬਰਾਬਰੀ ਨਹੀਂ ਹੈ। ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਅਸੀਂ ਅੱਗੇ ਆ ਗਏ ਹਾਂ। ਇਸ ਦੇ ਉਲਟ ਉਹ ਇੰਡੀਆ ਵਿੱਚ ਜੇ ਨੌਕਰੀਆਂ ਕਰਦੀਆਂ ਹਨ ਤਾਂ ਘਰ ਵਿੱਚ ਮਦਦ ਮਿਲ ਜਾਂਦੀ ਹੈ ਪਰ ਇੱਥੇ ਉਨ੍ਹਾਂ ਨੂੰ ਸਾਰੇ ਪਾਸੇ ਕੰਮ ਕਰਨਾ ਪੈਂਦਾ ਹੈ। ਘਰ ਤੋਂ ਬਾਹਰ ਵੀ ਅਤੇ ਘਰ ਵਿੱਚ ਵੀ, ਜਿਵੇਂ ਬੱਚਿਆਂ ਨੂੰ ਪਾਲਣਾ ਜਾਂ ਬਜ਼ੁਰਗ ਮਾਪਿਆਂ ਦੀ ਦੇਖਭਾਲ ਕਰਨੀ।”

‘ਭਵਿੱਖ ਹੁਣ ਬੜਾ ਡਾਵਾਂ ਡੋਲ ਲੱਗਦਾ’

ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਤਸਵੀਰ

ਤਸਵੀਰ ਸਰੋਤ, Inderjit Singh

ਹਰਪ੍ਰੀਤ ਸੇਖਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਕਤ ਉਨ੍ਹਾਂ ਨੌਜਵਾਨਾਂ ਬਾਰੇ ਲਿਖੇ ਜਾਣ ਦੀ ਲੋੜ ਹੈ, ਜਿੰਨਾਂ ਵਿਦਿਆਰਥੀਆਂ ਨੂੰ ਨਾ ਹੁਣ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਮਿਲ ਰਹੀ ਹੈ ਅਤੇ ਨਾ ਹੀ ਉਹ ਵਾਪਸ ਜਾਣ ਦੀ ਸਥਿਤੀ ਵਿੱਚ ਹਨ।

ਸੇਖਾ ਮੁਤਾਬਕ, “ਕਈ ਵਾਰੀ ਮੇਰਾ ਦਿਲ ਕਰਦਾ ਕਿ ਮੈਂ ਉਨ੍ਹਾਂ ਨੂੰ ਡਾਕੂਮੈਂਟ ਕਰਾਂ, ਜੋ ਕੈਲਗਰੀ ਬੈਠੇ ਹਨ (ਇੱਥੇ ਕੁਝ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ)। ਉਨ੍ਹਾਂ ਨੂੰ ਹੁਣ ਕੁਝ ਨਹੀਂ ਮਿਲ ਰਿਹਾ। ਉਹ ਇੱਥੇ ਪੜ੍ਹੇ ਹਨ, ਹਾਲਾਂਕਿ ਹੁਣ ਸਰਕਾਰ ਦੀਆਂ ਨੀਤੀਆਂ ਬਦਲੀਆਂ ਪਰ ਬੱਚਿਆਂ ਦਾ ਤਾਂ ਕੋਈ ਕਸੂਰ ਨਹੀਂ। ਉਹ ਹੁਣ ਜੇ ਵਾਪਸ ਵੀ ਜਾਂਦੇ ਹਨ, ਉਹ ਉੱਥੇ ਕੀ ਕਰਨਗੇ ? ਉਨ੍ਹਾਂ ਫਿਊਚਰ ਬਣਾਉਣ ਦਾ ਸਮਾਂ ਇੱਥੇ ਲਾ ਲਿਆ, ਮਾਪਿਆਂ ਦੀ ਆਮਦਨ ਦੇ ਸਾਧਨ ਇੱਥੇ ਵਰਤ ਲਏ, ਉਨ੍ਹਾਂ ਦਾ ਭਵਿੱਖ ਹੁਣ ਬੜਾ ਡਾਵਾਂ ਡੋਲ ਲੱਗਦਾ ਹੈ।”

ਕੈਨੇਡਾ

ਤਸਵੀਰ ਸਰੋਤ, Getty Images

ਅਮਰੀਕਾ ਬਾਰੇ ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’ ਕਹਿੰਦੇ ਹਨ ਕਿ ਨੌਕਰੀ ਕਰਨ ਵਾਲੇ ਤੋਂ ਲੈ ਕੇ ਸਟੋਰਸ ‘ਤੇ ਕੰਮ ਕਰਨ ਵਾਲਿਆਂ ਦਾ ਵੀ ਬਹੁਤ ਵੱਡਾ ਸੰਘਰਸ਼ ਹੈ, ਜਿਸ ਬਾਰੇ ਲਿਖੇ ਜਾਣ ਦੀ ਲੋੜ ਹੈ।

ਉਹ ਕਹਿੰਦੇ ਹਨ, “ਕੋਈ ਬੰਦਾ ਅਮਰੀਕਾ ਦੇ ਵਿੱਚ ਡਾਕਟਰ ਵੀ ਹੈ ਤਾਂ ਉਸਦੀ ਵੀ ਜ਼ਿੰਦਗੀ ਇੱਥੇ ਇੰਨੀ ਸੌਖੀ ਨਹੀਂ। ਉਸ ਤੋਂ ਵੀ ਬਹੁਤ ਕੰਮ ਲਿਆ ਜਾਂਦਾ ਹੈ। ਉਹ ਲੋਕ ਵੀ ਆਪਣੇ ਤਜ਼ਰਬੇ ਲਿਖਣ ਤਾਂ ਚੰਗਾ ਹੈ।”

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਲੇਖਕ ਅਤੇ ਸੀਨੀਅਰ ਪੱਤਰਕਾਰ ਨਿਰੂਪਮਾ ਦੱਤ ਕਹਿੰਦੇ ਹਨ ਕਿ ਜਦੋਂ ਪੰਜਾਬ ਦੇ ਨੌਜਵਾਨ ਕੈਨੇਡਾ ਜਾਣ ਲਈ ਲੱਗੇ ਹੋਏ ਹਨ ਤਾਂ ਅਜਿਹੇ ਵਿੱਚ ਭਾਰਤੀਆਂ ਦੇ ਵਿਦੇਸ਼ਾਂ ਵਿੱਚ ਤਜਰਬਿਆਂ ਅਤੇ ਜੱਦੋ-ਜਹਿਦ ਬਾਰੇ ਲਿਖੇ ਜਾਣ ਦੀ ਬਹੁਤ ਲੋੜ ਹੈ।

ਨਿਰੂਪਮਾ ਦੱਤ ਕਹਿੰਦੇ ਹਨ, “ਸਾਡੇ ਨੌਜਵਾਨਾਂ ਨੂੰ ਜਦੋਂ ਇੱਥੇ ਮੌਕੇ ਨਹੀਂ ਮਿਲਦੇ ਤਾਂ ਉਹ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਜਾਂਦੇ ਹਨ। ਅਜਿਹੇ ਵਿੱਚ ਪਰਵਾਸੀਆਂ ਦੇ ਤਜਰਬਿਆਂ ਬਾਰੇ ਸਾਹਿਤ ਦਾ ਆਉਣਾ ਚੰਗੀ ਗੱਲ ਹੈ ਕਿਉਂਕਿ ਇਹ ਸਮਾਜਿਕ ਤੌਰ ‘ਤੇ ਵੀ ਬਹੁਤ ਮਹੱਤਵਪੂਰਨ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI