Home rss national punjabi2ਰਾਸ਼ਟਰੀ ਖ਼ਬਰਾਂ ਕੀ ਸੋਰਾਇਸਿਸ (ਚੰਬਲ ਦਾ ਰੋਗ) ਛੂਹਣ ਨਾਲ ਫੈਲਦਾ ਹੈ? ਇਸ ਬਿਮਾਰੀ ਨਾਲ...

ਕੀ ਸੋਰਾਇਸਿਸ (ਚੰਬਲ ਦਾ ਰੋਗ) ਛੂਹਣ ਨਾਲ ਫੈਲਦਾ ਹੈ? ਇਸ ਬਿਮਾਰੀ ਨਾਲ ਜੁੜੀਆਂ ਗਲਤਫਹਿਮੀਆਂ ਤੇ ਸਹੀ ਇਲਾਜ ਕੀ ਹੈ

5
0

Source :- BBC PUNJABI

ਸੋਰਾਇਸਿਸ

ਤਸਵੀਰ ਸਰੋਤ, Getty Images

ਜਦੋਂ ਚਮੜੀ ਉੱਤੇ ਲਾਲ ਅਤੇ ਪਪੜੀਦਾਰ ਧੱਬੇ ਦਿਖਾਈ ਦੇਣ ਲੱਗਦੇ ਹਨ ਤਾਂ ਕਈ ਲੋਕ ਇਸ ਨੂੰ ਆਮ ਚਮੜੀ ਦੀ ਸਮੱਸਿਆ ਸਮਝ ਲੈਂਦੇ ਹਨ। ਪਰ ਜੇ ਇਹ ਸਮੱਸਿਆ ਵਾਰ-ਵਾਰ ਹੁੰਦੀ ਹੈ ਅਤੇ ਇਸ ਨਾਲ ਖੁਜਲੀ ਜਾਂ ਜਲਣ ਵੀ ਮਹਿਸੂਸ ਹੁੰਦੀ ਹੈ ਤਾਂ ਇਹ ਸੋਰਾਇਸਿਸ ਨਾਮ ਦੀ ਇੱਕ ਪੁਰਾਣੀ ਜਾਂ ਲੰਬੇ ਸਮੇਂ ਤੱਕ ਰਹਿਣ ਵਾਲੀ ਬਿਮਾਰੀ ਹੋ ਸਕਦੀ ਹੈ।

ਬਹੁਤ ਸਾਰੇ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਹਨ, ਪਰ ਇਸ ਦੇ ਬਾਵਜੂਦ ਸੋਰਾਇਸਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਮੌਜੂਦ ਹਨ।

ਕੀ ਇਹ ਬਿਮਾਰੀ ਛੂਹਣ ਨਾਲ ਫੈਲਦੀ ਹੈ ? ਕੀ ਇਹ ਸਿਰਫ਼ ਚਮੜੀ ਤੱਕ ਹੀ ਸੀਮਤ ਹੈ ? ਅਤੇ ਇਸ ਨੂੰ ਕਿੰਨੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ ?

ਇਨ੍ਹਾਂ ਸਵਾਲਾਂ ਦੇ ਜਵਾਬ ਸਮਝਣ ਲਈ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਆਖ਼ਰ ਸੋਰਾਇਸਿਸ ਯਾਨੀ ਚੰਬਲ ਦਾ ਰੋਗ ਹੁੰਦਾ ਕੀ ਹੈ।

ਸੋਰਾਇਸਿਸ ਸਿਰਫ਼ ਚਮੜੀ ਦੀ ਬਿਮਾਰੀ ਨਹੀਂ…

ਸੋਰਾਇਸਿਸ

ਤਸਵੀਰ ਸਰੋਤ, Getty Images

ਸੋਰਾਇਸਿਸ ਯਾਨੀ ਚੰਬਲ ਦਾ ਰੋਗ, ਇੱਕ ਆਟੋਇਮਿਊਨ ਬਿਮਾਰੀ ਹੈ। ਇਸ ਦਾ ਮਤਲਬ ਹੈ ਕਿ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਗਲਤੀ ਨਾਲ ਆਪਣੇ ਹੀ ਸਰੀਰ ਦੀ ਚਮੜੀ ਦੀਆਂ ਕੋਸ਼ਿਕਾਵਾਂ ਉੱਤੇ ਹਮਲਾ ਕਰਨ ਲੱਗਦੀ ਹੈ।

ਜਿਸ ਦੇ ਨਤੀਜੇ ਵਜੋਂ ਚਮੜੀ ਦੀਆਂ ਨਵੀਆਂ ਕੋਸ਼ਿਕਾਵਾਂ ਬਹੁਤ ਤੇਜ਼ੀ ਨਾਲ ਬਣਨ ਲੱਗਦੀਆਂ ਹਨ ਅਤੇ ਇਨ੍ਹਾਂ ਦੀਆਂ ਪਰਤਾਂ ਚਮੜੀ ਉੱਤੇ ਪਪੜੀਆਂ ਵਾਂਗ ਜੰਮਣ ਲੱਗਦੀਆਂ ਹਨ।

ਮਾਹਰਾਂ ਅਨੁਸਾਰ ਇਸ ਦਾ ਜਵਾਬ ਨਹੀਂ ਹੈ।

ਕੁਝ ਮਰੀਜ਼ਾਂ ਵਿੱਚ ਇਹ ਬਿਮਾਰੀ ਜੋੜਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਸ ਨੂੰ ਸੋਰਾਇਟਿਕ ਆਰਥਰਾਈਟਿਸ ਕਿਹਾ ਜਾਂਦਾ ਹੈ। ਇਸ ਕਾਰਨ ਜੋੜਾਂ ਵਿੱਚ ਦਰਦ, ਸੋਜ ਅਤੇ ਹਿੱਲਣ-ਜੁੱਲਣ ਵਿੱਚ ਮੁਸ਼ਕਿਲ ਹੋ ਸਕਦੀ ਹੈ।

ਦੂਜੇ ਸ਼ਬਦਾਂ ਵਿੱਚ, ਇਹ ਬਿਮਾਰੀ ਚਮੜੀ ਤੋਂ ਅੱਗੇ ਵਧ ਕੇ ਸਰੀਰ ਦੇ ਹੋਰ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਹਾਲਾਂਕਿ ਹਰ ਮਰੀਜ਼ ਵਿੱਚ ਇਸ ਦੇ ਲੱਛਣ ਇੱਕੋ ਜਿਹੇ ਨਹੀਂ ਹੁੰਦੇ। ਕੁਝ ਲੋਕਾਂ ਵਿੱਚ ਸਿਰਫ਼ ਛੋਟੇ-ਛੋਟੇ ਧੱਬੇ ਬਣਦੇ ਹਨ, ਜਦਕਿ ਕੁਝ ਹੋਰ ਲੋਕਾਂ ਵਿੱਚ ਚਮੜੀ ਦਾ ਵੱਡਾ ਹਿੱਸਾ ਪ੍ਰਭਾਵਿਤ ਹੋ ਸਕਦਾ ਹੈ।

ਸੋਰਾਇਸਿਸ

ਤਸਵੀਰ ਸਰੋਤ, Getty Images

ਤਾਂ ਫਿਰ ਇਹ ਲੱਛਣ ਕਿਸ ਕਾਰਨ ਵਧਦੇ ਹਨ ?

ਖੋਜਾਂ ਮੁਤਾਬਕ ਤਣਾਅ, ਇਨਫੈਕਸ਼ਨ, ਕੁਝ ਖ਼ਾਸ ਦਵਾਈਆਂ, ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਸੋਰਾਇਸਿਸ ਦੇ ਲੱਛਣਾਂ ਨੂੰ ਹੋਰ ਗੰਭੀਰ ਬਣਾ ਸਕਦੇ ਹਨ। ਇਸ ਲਈ ਇਲਾਜ ਦੇ ਨਾਲ-ਨਾਲ ਜੀਵਨ ਸ਼ੈਲੀ ਵੀ ਮਹੱਤਵਪੂਰਨ ਹੋ ਜਾਂਦੀ ਹੈ।

ਇਸ ਨਾਲ ਇੱਕ ਹੋਰ ਅਹਿਮ ਸਵਾਲ ਪੈਦਾ ਹੁੰਦਾ ਹੈ, ਕੀ ਸੋਰਾਇਸਿਸ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ ?

ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਬਿਮਾਰੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦੀ ਪਰ ਆਧੁਨਿਕ ਦਵਾਈਆਂ, ਫੋਟੋਥੈਰੇਪੀ ਅਤੇ ਬਾਇਓਲੌਜਿਕ ਇਲਾਜਾਂ ਰਾਹੀਂ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕੀਤਾ ਜਾ ਸਕਦਾ ਹੈ।

ਇਸ ਲਈ ਸਮੇਂ ਸਿਰ ਇਸ ਬਿਮਾਰੀ ਦੀ ਪਛਾਣ ਅਤੇ ਇਲਾਜ ਕਰਵਾਉਣਾ ਬਹੁਤ ਮਹੱਤਵਪੂਰਨ ਹੈ।

ਸੋਰਾਇਸਿਸ ਵਿੱਚ ਕੀ ਹੁੰਦਾ ਹੈ?

ਸੋਰਾਇਸਿਸ ਇੱਕ ਲੰਬੇ ਸਮੇਂ ਤੱਕ ਰਹਿਣ ਵਾਲੀ ਸੋਜ ਨਾਲ ਸਬੰਧਤ ਬਿਮਾਰੀ ਹੈ, ਜਿਸ ਦਾ ਸਬੰਧ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਨਾਲ ਹੁੰਦਾ ਹੈ। ਇਹ ਜੈਨੇਟਿਕ ਅਤੇ ਵਾਤਾਵਰਨ ਨਾਲ ਜੁੜੇ ਕਾਰਕਾਂ ਦੇ ਮਿਲੇ-ਜੁਲੇ ਪ੍ਰਭਾਵ ਕਾਰਨ ਹੁੰਦੀ ਹੈ।

ਜਿਨ੍ਹਾਂ ਲੋਕਾਂ ਵਿੱਚ ਇਸ ਬਿਮਾਰੀ ਪ੍ਰਤੀ ਜੈਨੇਟਿਕ ਰੁਝਾਨ ਹੁੰਦਾ ਹੈ, ਉਨ੍ਹਾਂ ਦੀ ਪ੍ਰਤੀਰੋਧਕ ਪ੍ਰਣਾਲੀ ਬਹੁਤ ਜ਼ਿਆਦਾ ਸਰਗਰਮ ਹੋ ਸਕਦੀ ਹੈ ਅਤੇ ਗਲਤੀ ਨਾਲ ਸਰੀਰ ਵਿੱਚ ਸੋਜ ਪੈਦਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦੀ ਹੈ। ਇਸ ਕਾਰਨ ਚਮੜੀ ਦੀਆਂ ਕੋਸ਼ਿਕਾਵਾਂ ਆਮ ਨਾਲੋਂ ਕਾਫ਼ੀ ਤੇਜ਼ੀ ਨਾਲ ਬਣਦੀਆਂ ਅਤੇ ਝੜਦੀਆਂ ਹਨ। ਇਸ ਦੇ ਨਤੀਜੇ ਵਜੋਂ ਚਮੜੀ ਉੱਤੇ ਮੋਟੇ, ਲਾਲ ਅਤੇ ਪਪੜੀਦਾਰ ਧੱਬੇ ਬਣ ਜਾਂਦੇ ਹਨ।

ਇਨਫੈਕਸ਼ਨ, ਚਮੜੀ ਨੂੰ ਸੱਟ ਲੱਗਣਾ, ਕੁਝ ਦਵਾਈਆਂ, ਸਿਗਰਟਨੋਸ਼ੀ, ਮੋਟਾਪਾ ਅਤੇ ਮਾਨਸਿਕ ਤਣਾਅ ਅਜਿਹੇ ਆਮ ਕਾਰਕ ਹਨ, ਜੋ ਸੋਰਾਇਸਿਸ ਨੂੰ ਹੋਰ ਗੰਭੀਰ ਬਣਾ ਸਕਦੇ ਹਨ।

ਭਾਵੇਂ ਇਹ ਦੇਖਣ ਵਿੱਚ ਕੁਝ ਹੋਰ ਲੱਗ ਸਕਦਾ ਹੈ, ਪਰ ਸੋਰਾਇਸਿਸ ਨਾ ਤਾਂ ਛੂਤ ਦੀ ਬਿਮਾਰੀ ਹੈ ਅਤੇ ਨਾ ਹੀ ਕੋਈ ਐਲਰਜੀ। ਇਹ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਨਾਲ ਸਬੰਧਤ ਇੱਕ ਵਿਕਾਰ ਹੈ ਅਤੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

ਸੋਰਾਇਸਿਸ

ਤਸਵੀਰ ਸਰੋਤ, Getty Images

ਸੋਰਾਇਸਿਸ ਬਾਰੇ ਅਕਸਰ ਇਹ ਗਲਤਫਹਿਮੀ ਵੀ ਹੁੰਦੀ ਹੈ ਕਿ ਇਹ ਸਫ਼ਾਈ ਦੀ ਕਮੀ ਕਾਰਨ ਹੁੰਦਾ ਹੈ। ਬੀਬੀਸੀ ਮਰਾਠੀ ਨੇ ਠਾਣੇ ਦੇ ਕਿਮਸ ਹਸਪਤਾਲ ਵਿੱਚ ਕਨਸਲਟੈਂਟ ਡਰਮਾਟੋਲੋਜਿਸਟ ਵਜੋਂ ਕੰਮ ਕਰ ਰਹੇ ਡਾ. ਵਿਸ਼ਾਲਾਕਸ਼ੀ ਵਿਸ਼ਵਨਾਥ ਨਾਲ ਇਸ ਬਾਰੇ ਗੱਲ ਕੀਤੀ।

ਡਾ. ਵਿਸ਼ਾਲਾਕਸ਼ੀ ਕਹਿੰਦੇ ਹਨ, “ਸੋਰਾਇਸਿਸ ਦਾ ਸਫ਼ਾਈ ਦੀ ਕਮੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਇਹ ਛੂਤ ਦੀ ਬਿਮਾਰੀ ਹੈ। ਇਹ ਇੱਕ ਲੰਬੇ ਸਮੇਂ ਤੱਕ ਰਹਿਣ ਵਾਲਾ ਆਟੋਇਮਿਊਨ ਵਿਕਾਰ ਹੈ।”

ਉਨ੍ਹਾਂ ਮੁਤਾਬਕ, ਇਸ ਸਥਿਤੀ ਵਿੱਚ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰਨਾ ਬੰਦ ਕਰ ਦਿੰਦੀ ਹੈ ਅਤੇ ਚਮੜੀ ਦੀਆਂ ਕੋਸ਼ਿਕਾਵਾਂ ਦੀ ਵਾਧੇ ਦੀ ਰਫ਼ਤਾਰ ਅਸਧਾਰਨ ਤੌਰ ਉੱਤੇ ਵੱਧ ਜਾਂਦੀ ਹੈ। ਇਸ ਕਾਰਨ ਚਮੜੀ ਉੱਤੇ ਮੋਟੇ, ਲਾਲ ਅਤੇ ਪਪੜੀਦਾਰ ਧੱਬੇ ਦਿਖਾਈ ਦੇਣ ਲੱਗਦੇ ਹਨ।

ਉਨ੍ਹਾਂ ਨੇ ਕਿਹਾ, “ਸੋਰਾਇਸਿਸ ਕਈ ਕਾਰਕਾਂ ਕਾਰਨ ਹੋਣ ਵਾਲੀ ਬਿਮਾਰੀ ਹੈ। ਇਹ ਜੈਨੇਟਿਕ ਰੁਝਾਨ, ਪ੍ਰਤੀਰੋਧਕ ਪ੍ਰਣਾਲੀ ਵਿੱਚ ਗੜਬੜੀ ਅਤੇ ਵਾਤਾਵਰਨ ਨਾਲ ਜੁੜੇ ਕਾਰਕਾਂ ਦੇ ਮਿਲੇ-ਜੁਲੇ ਪ੍ਰਭਾਵ ਨਾਲ ਵਿਕਸਤ ਹੁੰਦੀ ਹੈ।”

ਉਨ੍ਹਾਂ ਕਿਹਾ, “ਭਾਵੇਂ ਚਮੜੀ ਦੀ ਸਿਹਤ ਲਈ ਸਫ਼ਾਈ ਜ਼ਰੂਰੀ ਹੈ, ਪਰ ਨਾ ਤਾਂ ਸਫ਼ਾਈ ਦੀ ਕਮੀ ਸੋਰਾਇਸਿਸ ਦਾ ਕਾਰਨ ਹੈ ਅਤੇ ਨਾ ਹੀ ਸਿਰਫ਼ ਸਫ਼ਾਈ ਇਸ ਦਾ ਇਲਾਜ ਹੈ।”

ਸੋਰਾਇਸਿਸ

ਤਸਵੀਰ ਸਰੋਤ, Getty Images

ਡਾ. ਵਿਸ਼ਾਲਾਕਸ਼ੀ ਨੇ ਅੱਗੇ ਕਿਹਾ, “ਬਦਕਿਸਮਤੀ ਨਾਲ ਅੱਜ ਵੀ ਇਸ ਬਿਮਾਰੀ ਬਾਰੇ ਗਲਤਫਹਿਮੀਆਂ ਕਾਰਨ ਕਈ ਮਰੀਜ਼ਾਂ ਨੂੰ ਸਮਾਜਿਕ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ।”

ਉਨ੍ਹਾਂ ਅਨੁਸਾਰ, “ਲੋਕਾਂ ਵਿੱਚ ਇਹ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਕਿ ਸੋਰਾਇਸਿਸ ਨਾ ਤਾਂ ਕੋਈ ਇਨਫੈਕਸ਼ਨ ਹੈ ਅਤੇ ਨਾ ਹੀ ਸਫ਼ਾਈ ਦੀ ਘਾਟ ਇਸ ਦਾ ਕਾਰਨ ਹੈ। ਇਸ ਨਾਲ ਮਰੀਜ਼ਾਂ ਨਾਲ ਹੋਣ ਵਾਲਾ ਭੇਦਭਾਵ ਘੱਟ ਹੋ ਸਕਦਾ ਹੈ ਅਤੇ ਉਹ ਸਮੇਂ ਸਿਰ ਡਾਕਟਰੀ ਇਲਾਜ ਲੈਣ ਲਈ ਵੀ ਉਤਸ਼ਾਹਿਤ ਹੋਣਗੇ।”

ਡਾ. ਵਿਸ਼ਾਲਾਕਸ਼ੀ ਨੇ ਕਿਹਾ, “ਆਧੁਨਿਕ ਇਲਾਜਾਂ ਦੀ ਮਦਦ ਨਾਲ ਸੋਰਾਇਸਿਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕੀਤਾ ਜਾ ਸਕਦਾ ਹੈ ਅਤੇ ਮਰੀਜ਼ ਸਿਹਤਮੰਦ ਚਮੜੀ ਅਤੇ ਬਿਹਤਰ ਜੀਵਨ-ਗੁਣਵੱਤਾ ਹਾਸਲ ਕਰ ਸਕਦੇ ਹਨ।”

ਕੀ ਸੋਰਾਇਸਿਸ ਛੂਤ ਦੀ ਬਿਮਾਰੀ ਹੈ ? ਗਲਤਫਹਿਮੀਆਂ ਅਤੇ ਉਨ੍ਹਾਂ ਦੇ ਜਵਾਬ

ਸੋਰਾਇਸਿਸ ਯਾਨੀ ਚੰਬਲ ਦੇ ਰੋਗ ਨੂੰ ਲੈ ਕੇ ਅੱਜ ਵੀ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਮੌਜੂਦ ਹਨ। ਬਿਮਾਰੀ ਬਾਰੇ ਗਲਤ ਸਮਝ ਅਕਸਰ ਗਲਤ ਜਾਣਕਾਰੀ ਫੈਲਣ ਦਾ ਕਾਰਨ ਬਣਦੀ ਹੈ।

ਇਨ੍ਹਾਂ ਵਿੱਚੋਂ ਕੁਝ ਆਮ ਗਲਤਫਹਿਮੀਆਂ ਦੇ ਜਵਾਬ ਜਾਣਨ ਲਈ ਬੀਬੀਸੀ ਮਰਾਠੀ ਨੇ ਡਾ. ਰੇਸ਼ਮਾ ਵਿਸ਼ਵਾਨੀ ਨਾਲ ਗੱਲ ਕੀਤੀ। ਡਾ. ਰੇਸ਼ਮਾ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਕਨਸਲਟੈਂਟ ਡਰਮਾਟੋਲੋਜਿਸਟ, ਟ੍ਰਾਈਕੋਲੋਜਿਸਟ ਅਤੇ ਐਸਥੈਟਿਕ ਡਰਮਾਟੋਲੋਜਿਸਟ ਹਨ।

ਡਾ. ਰੇਸ਼ਮਾ ਵਿਸ਼ਵਾਨੀ

ਸਵਾਲ: ਕੀ ਸੋਰਾਇਸਿਸ ਛੂਤ ਦੀ ਬਿਮਾਰੀ ਹੈ ? ਕਈ ਲੋਕ ਅੱਜ ਵੀ ਕਿਉਂ ਸੋਚਦੇ ਹਨ ਕਿ ਇਹ ਛੂਹਣ ਜਾਂ ਨੇੜਲੇ ਸੰਪਰਕ ਨਾਲ ਫੈਲਦੀ ਹੈ ?

ਡਾ. ਰੇਸ਼ਮਾ ਵਿਸ਼ਵਾਨੀ: ਸੋਰਾਇਸਿਸ ਛੂਤ ਦੀ ਬਿਮਾਰੀ ਨਹੀਂ ਹੈ ਅਤੇ ਇਹ ਗੱਲ ਸਪੱਸ਼ਟ ਅਤੇ ਵਾਰ-ਵਾਰ ਕਹਿਣੀ ਜ਼ਰੂਰੀ ਹੈ।

ਇਹ ਛੂਹਣ, ਗਲੇ ਮਿਲਣ, ਹੱਥ ਮਿਲਾਉਣ, ਇਕੱਠੇ ਖਾਣਾ ਖਾਣ, ਸਵੀਮਿੰਗ ਪੂਲ ਦੀ ਵਰਤੋਂ ਕਰਨ ਜਾਂ ਜਿਨਸੀ ਸੰਪਰਕ ਰਾਹੀਂ ਨਹੀਂ ਫੈਲਦੀ।

ਸੋਰਾਇਸਿਸ ਜੈਨੇਟਿਕ ਰੁਝਾਨ ਅਤੇ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ ਦੀ ਅਸਧਾਰਨ ਪ੍ਰਤੀਕਿਰਿਆ ਕਾਰਨ ਹੁੰਦੀ ਹੈ।

ਇਹ ਕਿਸੇ ਬੈਕਟੀਰੀਆ, ਵਾਇਰਸ ਜਾਂ ਫੰਗਸ ਕਾਰਨ ਨਹੀਂ ਹੁੰਦੀ, ਇਸ ਲਈ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲ ਸਕਦੀ।

ਚਮੜੀ ਉੱਤੇ ਦਿਖਾਈ ਦੇਣ ਵਾਲੇ ਲਾਲ ਅਤੇ ਪਪੜੀਦਾਰ ਧੱਬੇ ਕਈ ਵਾਰ ਇਨਫੈਕਸ਼ਨ ਵਾਲੀਆਂ ਚਮੜੀ ਦੀਆਂ ਬਿਮਾਰੀਆਂ ਵਰਗੇ ਲੱਗ ਸਕਦੇ ਹਨ, ਜਿਸ ਕਾਰਨ ਇਹ ਗਲਤਫਹਿਮੀ ਪੈਦਾ ਹੁੰਦੀ ਹੈ।

ਇਹ ਗਲਤਫਹਿਮੀ ਅਕਸਰ ਮਰੀਜ਼ਾਂ ਨੂੰ ਸਮਾਜਿਕ ਭੇਦਭਾਵ ਅਤੇ ਇਕੱਲੇਪਣ ਦਾ ਸ਼ਿਕਾਰ ਬਣਾ ਸਕਦੀ ਹੈ। ਸੋਰਾਇਸਿਸ ਨੂੰ ਪ੍ਰਤੀਰੋਧਕ ਪ੍ਰਣਾਲੀ ਨਾਲ ਸਬੰਧਤ ਬਿਮਾਰੀ ਵਜੋਂ ਸਮਝਣਾ ਭੇਦਭਾਵ ਘਟਾਉਣ ਲਈ ਮਹੱਤਵਪੂਰਨ ਹੈ।

ਸੋਰਾਇਸਿਸ

ਤਸਵੀਰ ਸਰੋਤ, Getty Images

ਸਵਾਲ: ਕੀ ਸੋਰਾਇਸਿਸ ਸਿਰਫ਼ ਚਮੜੀ ਦੀ ਬਿਮਾਰੀ ਹੈ ਜਾਂ ਇਹ ਸਰੀਰ ਦੇ ਹੋਰ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ?

ਡਾ. ਰੇਸ਼ਮਾ ਵਿਸ਼ਵਾਨੀ: ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਸੋਰਾਇਸਿਸ ਸਿਰਫ਼ ਚਮੜੀ ਤੱਕ ਸੀਮਤ ਨਹੀਂ ਹੈ। ਹੁਣ ਇਸ ਨੂੰ ਇੱਕ ਅਜਿਹੀ ਸੋਜ ਨਾਲ ਜੁੜੀ ਬਿਮਾਰੀ ਮੰਨਿਆ ਜਾਂਦਾ ਹੈ ਜੋ ਪੂਰੇ ਸਰੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਲਗਭਗ ਇੱਕ ਤਿਹਾਈ ਮਰੀਜ਼ਾਂ ਵਿੱਚ ਸਮੇਂ ਦੇ ਨਾਲ ਸੋਰਾਇਟਿਕ ਆਰਥਰਾਈਟਿਸ ਵਿਕਸਿਤ ਹੋ ਸਕਦਾ ਹੈ, ਜਿਸ ਕਾਰਨ ਜੋੜਾਂ ਵਿੱਚ ਦਰਦ, ਜਕੜ ਅਤੇ ਸੋਜ ਹੋ ਸਕਦੀ ਹੈ।

ਦਰਮਿਆਨੇ ਤੋਂ ਗੰਭੀਰ ਸੋਰਾਇਸਿਸ ਵਾਲੇ ਲੋਕਾਂ ਵਿੱਚ ਦਿਲ ਦੀ ਬਿਮਾਰੀ, ਮੈਟਾਬੋਲਿਕ ਸਿੰਡਰੋਮ, ਟਾਈਪ-2 ਡਾਇਬਟੀਜ਼, ਇਨਫਲਾਮੇਟਰੀ ਬਾਊਲ ਡਿਜ਼ੀਜ਼ ਅਤੇ ਡਿਪਰੈਸ਼ਨ ਦਾ ਖ਼ਤਰਾ ਵੀ ਵੱਧ ਸਕਦਾ ਹੈ।

ਨਹੁੰਆਂ ਵਿੱਚ ਬਦਲਾਅ ਅਤੇ ਅੱਖਾਂ ਵਿੱਚ ਸੋਜ ਦੀ ਸਮੱਸਿਆ ਵੀ ਹੋ ਸਕਦੀ ਹੈ।

ਇਸ ਲਈ ਸੋਰਾਇਸਿਸ ਦੇ ਇਲਾਜ ਵਿੱਚ ਸਿਰਫ਼ ਚਮੜੀ ਨਹੀਂ, ਸਗੋਂ ਵਿਅਕਤੀ ਦੀ ਸਮੁੱਚੀ ਸਿਹਤ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਸਵਾਲ: ਕੀ ਸੋਰਾਇਸਿਸ ਹੈਰੇਡਿਟਰੀ (ਪਰਿਵਾਰਕ ਹਿਸਟ੍ਰੀ ਨਾਲ ਜੁੜੀ) ਬਿਮਾਰੀ ਹੈ ? ਪਰਿਵਾਰ ਵਿੱਚ ਕਿਸੇ ਨੂੰ ਇਹ ਬਿਮਾਰੀ ਹੋਣ ਨਾਲ ਖ਼ਤਰਾ ਕਿੰਨਾ ਵਧਦਾ ਹੈ ?

ਡਾ. ਰੇਸ਼ਮਾ ਵਿਸ਼ਵਾਨੀ: ਸੋਰਾਇਸਿਸ ਵਿੱਚ ਜੈਨੇਟਿਕਸ ਦੀ ਭੂਮਿਕਾ ਜ਼ਰੂਰ ਹੁੰਦੀ ਹੈ, ਪਰ ਮਾਮਲਾ ਇੰਨਾ ਸਿੱਧਾ ਨਹੀਂ ਹੈ।

ਹੁਣ ਤੱਕ 80 ਤੋਂ ਵੱਧ ਅਜਿਹੇ ਜੈਨੇਟਿਕ ਖੇਤਰਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਜੋ ਸੋਰਾਇਸਿਸ ਪ੍ਰਤੀ ਸੰਵੇਦਨਸ਼ੀਲਤਾ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿੱਚ HLA-C*06:02 ਨੂੰ ਇੱਕ ਮਹੱਤਵਪੂਰਨ ਜੈਨੇਟਿਕ ਕਾਰਕ ਮੰਨਿਆ ਜਾਂਦਾ ਹੈ।

ਜੇ ਪਰਿਵਾਰ ਦੇ ਕਿਸੇ ਨਜ਼ਦੀਕੀ ਮੈਂਬਰ ਨੂੰ ਸੋਰਾਇਸਿਸ ਹੈ ਤਾਂ ਇਸ ਬਿਮਾਰੀ ਦਾ ਖ਼ਤਰਾ ਵੱਧ ਸਕਦਾ ਹੈ। ਪਰ ਅਜਿਹੇ ਕਈ ਲੋਕ ਵੀ ਹਨ, ਜਿਨ੍ਹਾਂ ਦੇ ਪਰਿਵਾਰ ਵਿੱਚ ਸੋਰਾਇਸਿਸ ਦਾ ਮਜਬੂਤ ਇਤਿਹਾਸ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕਦੇ ਇਹ ਬਿਮਾਰੀ ਨਹੀਂ ਹੁੰਦੀ।

ਦੂਜੇ ਪਾਸੇ, ਕੁਝ ਲੋਕਾਂ ਨੂੰ ਪਰਿਵਾਰਕ ਇਤਿਹਾਸ ਨਾ ਹੋਣ ਦੇ ਬਾਵਜੂਦ ਵੀ ਸੋਰਾਇਸਿਸ ਹੋ ਸਕਦਾ ਹੈ।

ਇਸ ਲਈ ਸਿਰਫ਼ ਜੀਨਸ ਹੀ ਇਸ ਬਿਮਾਰੀ ਲਈ ਜ਼ਿੰਮੇਵਾਰ ਨਹੀਂ ਹਨ। ਵਾਤਾਵਰਨ ਨਾਲ ਜੁੜੇ ਕਾਰਕ ਅਤੇ ਪ੍ਰਤੀਰੋਧਕ ਪ੍ਰਣਾਲੀ ਦੀ ਪ੍ਰਤੀਕਿਰਿਆ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਕੁੱਲ ਮਿਲਾ ਕੇ ਸੋਰਾਇਸਿਸ ਕਈ ਕਾਰਕਾਂ ਨਾਲ ਜੁੜੀ ਬਿਮਾਰੀ ਹੈ।

ਚਮੜੀ

ਤਸਵੀਰ ਸਰੋਤ, Getty Images

ਸਵਾਲ: ਕੀ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਸੋਰਾਇਸਿਸ ਦਾ ਕਾਰਨ ਬਣਦੀਆਂ ਹਨ ਜਾਂ ਖੁਰਾਕ ਅਤੇ ਇਸ ਬਿਮਾਰੀ ਦਾ ਸਬੰਧ ਹੋਰ ਗੁੰਝਲਦਾਰ ਹੈ?

ਡਾ. ਰੇਸ਼ਮਾ ਵਿਸ਼ਵਾਨੀ: ਅਜਿਹਾ ਕੋਈ ਸਬੂਤ ਨਹੀਂ ਹੈ ਕਿ ਕੋਈ ਖ਼ਾਸ ਭੋਜਨ ਸੋਰਾਇਸਿਸ ਦਾ ਕਾਰਨ ਬਣਦਾ ਹੈ।

ਹਾਲਾਂਕਿ, ਖੁਰਾਕ ਅਤੇ ਸੋਰਾਇਸਿਸ ਦੇ ਸਬੰਧ ਨੂੰ ਸਮਝਣਾ ਮਹੱਤਵਪੂਰਨ ਹੈ।

ਜਿਹੜੇ ਲੋਕਾਂ ਦਾ ਵਜ਼ਨ ਜ਼ਿਆਦਾ ਹੈ, ਉਨ੍ਹਾਂ ਲਈ ਸਿਹਤਮੰਦ ਵਜ਼ਨ ਬਣਾਈ ਰੱਖਣਾ ਜ਼ਰੂਰੀ ਹੈ, ਕਿਉਂਕਿ ਮੋਟਾਪਾ ਸਰੀਰ ਵਿੱਚ ਸੋਜ ਵਧਾ ਸਕਦਾ ਹੈ ਅਤੇ ਇਲਾਜ ਦੇ ਪ੍ਰਭਾਵ ਨੂੰ ਵੀ ਘਟਾ ਸਕਦਾ ਹੈ।

ਜਿਨ੍ਹਾਂ ਲੋਕਾਂ ਨੂੰ ਸੀਲੀਐਕ ਬਿਮਾਰੀ ਦੀ ਪੁਸ਼ਟੀ ਹੋ ਚੁੱਕੀ ਹੈ, ਉਨ੍ਹਾਂ ਨੂੰ ਗਲੂਟਨ-ਰਹਿਤ ਖੁਰਾਕ ਤੋਂ ਫ਼ਾਇਦਾ ਹੋ ਸਕਦਾ ਹੈ। ਪਰ ਹਰ ਕਿਸੇ ਨੂੰ ਗਲੂਟਨ ਤੋਂ ਪਰਹੇਜ਼ ਕਰਨ ਦੀ ਸਲਾਹ ਦੇਣ ਦਾ ਕੋਈ ਕਾਰਨ ਨਹੀਂ ਹੈ।

ਸੰਤੁਲਿਤ ਮੈਡੀਟੇਰੀਅਨ ਡਾਈਟ ਸਮੁੱਚੀ ਸਿਹਤ ਲਈ ਫ਼ਾਇਦੇਮੰਦ ਹੋ ਸਕਦੀ ਹੈ, ਪਰ ਇਹ ਮੈਡੀਕਲ ਇਲਾਜ ਦਾ ਬਦਲ ਨਹੀਂ ਹੈ।

ਖੁਰਾਕ ਨਾਲ ਸਬੰਧਤ ਸਲਾਹ ਹਮੇਸ਼ਾ ਵਿਅਕਤੀ ਦੀਆਂ ਜ਼ਰੂਰਤਾਂ ਅਤੇ ਵਿਗਿਆਨਕ ਸਬੂਤਾਂ ਦੇ ਆਧਾਰ ‘ਤੇ ਦਿੱਤੀ ਜਾਣੀ ਚਾਹੀਦੀ ਹੈ।

ਸਵਾਲ: ਕੀ ਸੋਰਾਇਸਿਸ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ ਜਾਂ ਇਸ ਨੂੰ ਜ਼ਿੰਦਗੀ ਭਰ ਕਾਬੂ ਵਿੱਚ ਰੱਖਣ ਦੀ ਲੋੜ ਹੁੰਦੀ ਹੈ?

ਡਾ. ਰੇਸ਼ਮਾ ਵਿਸ਼ਵਾਨੀ: ਸੋਰਾਇਸਿਸ ਇੱਕ ਲੰਬੇ ਸਮੇਂ ਤੱਕ ਰਹਿਣ ਵਾਲੀ ਬਿਮਾਰੀ ਹੈ ਅਤੇ ਇਸ ਸਮੇਂ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੈ। ਹਾਲਾਂਕਿ, ਮੌਜੂਦਾ ਸਮੇਂ ਵਿੱਚ ਉਪਲੱਬਧ ਇਲਾਜਾਂ ਰਾਹੀਂ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕੀਤਾ ਜਾ ਸਕਦਾ ਹੈ।

ਬਹੁਤ ਸਾਰੇ ਮਰੀਜ਼ ਲੰਬੇ ਸਮੇਂ ਤੱਕ ਆਪਣੀ ਚਮੜੀ ਨੂੰ ਪੂਰੀ ਤਰ੍ਹਾਂ ਜਾਂ ਲਗਭਗ ਪੂਰੀ ਤਰ੍ਹਾਂ ਸਾਫ਼ ਰੱਖਣ ਵਿੱਚ ਕਾਮਯਾਬ ਹੁੰਦੇ ਹਨ।

ਇਲਾਜ ਵਿੱਚ ਚਮੜੀ ਉੱਤੇ ਲਗਾਈਆਂ ਜਾਣ ਵਾਲੀਆਂ ਦਵਾਈਆਂ, ਫੋਟੋਥੈਰੇਪੀ, ਮੈਥੋਟਰੈਕਸੇਟ ਵਰਗੀਆਂ ਰਵਾਇਤੀ ਦਵਾਈਆਂ ਅਤੇ ਸੋਜ ਪੈਦਾ ਕਰਨ ਵਾਲੇ ਕਾਰਨਾਂ ਨੂੰ ਰੋਕਣ ਵਾਲੀਆਂ ਆਧੁਨਿਕ ਬਾਇਓਲੌਜਿਕ ਥੈਰੇਪੀਆਂ ਸ਼ਾਮਿਲ ਹਨ।

ਸਮੇਂ ਸਿਰ ਪਛਾਣ, ਨਿਯਮਿਤ ਫਾਲੋ-ਅੱਪ, ਇਲਾਜ ਦੀ ਸਹੀ ਤਰ੍ਹਾਂ ਪਾਲਣਾ ਅਤੇ ਇਸ ਨਾਲ ਜੁੜੀਆਂ ਹੋਰ ਸਿਹਤ ਸਮੱਸਿਆਵਾਂ ਦਾ ਪ੍ਰਬੰਧਨ ਕਰਨ ਨਾਲ ਬਿਮਾਰੀ ਨੂੰ ਲੰਬੇ ਸਮੇਂ ਤੱਕ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ ਅਤੇ ਜੀਵਨ ਦੀ ਗੁਣਵੱਤਾ ਵਿੱਚ ਵੱਡਾ ਸੁਧਾਰ ਆ ਸਕਦਾ ਹੈ।

ਚਮੜੀ

ਤਸਵੀਰ ਸਰੋਤ, Getty Images

ਸਵਾਲ: ਅੱਜ ਕੱਲ੍ਹ ਸੋਰਾਇਸਿਸ ਦੇ ਇਲਾਜ ਲਈ ਕਿਹੜੇ ਨਵੇਂ ਵਿਕਲਪ ਉਪਲਬਧ ਹਨ ? ਅਤੇ ਸੋਰਾਇਸਿਸ ਨਾਲ ਜੂਝ ਰਹੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਤੁਹਾਡਾ ਕੀ ਸੁਨੇਹਾ ਹੈ ?

ਡਾ. ਰੇਸ਼ਮਾ ਵਿਸ਼ਵਾਨੀ: ਪਿਛਲੇ ਇੱਕ ਦਹਾਕੇ ਦੌਰਾਨ ਸੋਰਾਇਸਿਸ ਦੇ ਇਲਾਜ ਵਿੱਚ ਕਾਫ਼ੀ ਤਰੱਕੀ ਹੋਈ ਹੈ।

ਬਿਮਾਰੀ ਦੀ ਗੰਭੀਰਤਾ ਦੇ ਅਨੁਸਾਰ ਇਲਾਜ ਵਿੱਚ ਚਮੜੀ ਉੱਤੇ ਲਗਾਈਆਂ ਜਾਣ ਵਾਲੀਆਂ ਦਵਾਈਆਂ, ਫੋਟੋਥੈਰੇਪੀ, ਮੂੰਹ ਰਾਹੀਂ ਲਈਆਂ ਜਾਣ ਵਾਲੀਆਂ ਦਵਾਈਆਂ ਅਤੇ ਸੋਜ ਲਈ ਜ਼ਿੰਮੇਵਾਰ ਪ੍ਰਤੀਰੋਧਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਆਧੁਨਿਕ ਥੈਰੇਪੀਆਂ ਸ਼ਾਮਿਲ ਹਨ।

ਅੱਜ ਬਹੁਤ ਸਾਰੇ ਮਰੀਜ਼ ਆਪਣੀ ਚਮੜੀ ਨੂੰ ਪੂਰੀ ਤਰ੍ਹਾਂ ਜਾਂ ਲਗਭਗ ਪੂਰੀ ਤਰ੍ਹਾਂ ਸਾਫ਼ ਰੱਖ ਸਕਦੇ ਹਨ ਅਤੇ ਉਨ੍ਹਾਂ ਦੀ ਜੀਵਨ-ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਹੋ ਸਕਦਾ ਹੈ।

ਸੋਰਾਇਸਿਸ ਨਾਲ ਜੂਝ ਰਹੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸੁਨੇਹਾ ਸਧਾਰਨ ਹੈ:

ਸੋਰਾਇਸਿਸ ਛੂਤ ਦੀ ਬਿਮਾਰੀ ਨਹੀਂ ਹੈ। ਇਸ ਦਾ ਇਲਾਜ ਅਤੇ ਇਸ ਨੂੰ ਕੰਟਰੋਲ ਕਰਨਾ ਸੰਭਵ ਹੈ। ਚਮੜੀ ਦੇ ਮਾਹਰ ਨਾਲ ਸਮੇਂ ਸਿਰ ਸਲਾਹ, ਨਿਯਮਿਤ ਚੈੱਕਅਪ, ਇਲਾਜ ਦੀ ਪਾਲਣਾ ਅਤੇ ਪਰਿਵਾਰ ਦੇ ਸਹਿਯੋਗ ਨਾਲ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕੀਤਾ ਜਾ ਸਕਦਾ ਹੈ।

ਸੋਰਾਇਸਿਸ ਅਤੇ ਮਾਨਸਿਕ ਸਿਹਤ

ਚਮੜੀ ਉੱਤੇ ਦਿਖਾਈ ਦੇਣ ਵਾਲਾ ਅਸਰ ਸਵੈ-ਸਨਮਾਨ, ਸਮਾਜਿਕ ਆਤਮਵਿਸ਼ਵਾਸ ਅਤੇ ਨਿੱਜੀ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਇਸ ਤੋਂ ਇਲਾਵਾ, ਮਨੋਵਿਗਿਆਨਕ ਤਣਾਅ ਸੋਰਾਇਸਿਸ ਦੇ ਹੋਰ ਵਧਣ ਦਾ ਕਾਰਨ ਬਣ ਸਕਦਾ ਹੈ, ਜਦਕਿ ਸੋਰਾਇਸਿਸ ਖੁਦ ਵੀ ਤਣਾਅ ਨੂੰ ਵਧਾ ਸਕਦਾ ਹੈ। ਨਤੀਜੇ ਵਜੋਂ ਇਹ ਇੱਕ ਮਾੜਾ ਚੱਕਰ ਬਣ ਜਾਂਦਾ ਹੈ।

ਸੋਰਾਇਸਿਸ

ਤਸਵੀਰ ਸਰੋਤ, Getty Images

ਅਸੀਂ ਪੁਣੇ ਦੇ ਮਨੋਚਿਕਿਤਸਕ ਵਿਜੇ ਮਹਾਲੇ ਨੂੰ ਪੁੱਛਿਆ ਕਿ ਸੋਰਾਇਸਿਸ ਵਾਲੇ ਲੋਕਾਂ ਵਿੱਚ ਮਾਨਸਿਕ ਤਣਾਅ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਮਾਨਸਿਕ ਸਿਹਤ ਮਾਹਿਰ ਦੀ ਮਦਦ ਕਦੋਂ ਲੈਣੀ ਚਾਹੀਦੀ ਹੈ।

ਵਿਜੇ ਮਹਾਲੇ ਨੇ ਕਿਹਾ, “ਸੋਰਾਇਸਿਸ ਨਾਲ ਪੀੜਤ ਲੋਕਾਂ ਵਿੱਚ ਮਾਨਸਿਕ ਤਣਾਅ ਅਕਸਰ ਖੁੱਲ੍ਹੇ ਤੌਰ ‘ਤੇ ਦਿਖਾਈ ਨਹੀਂ ਦਿੰਦਾ। ਇਸ ਲਈ ਮਾਹਿਰ ਨਿਯਮਿਤ ਸਕ੍ਰੀਨਿੰਗ, ਮਰੀਜ਼ਾਂ ਨਾਲ ਗੱਲਬਾਤ ਅਤੇ ਉਨ੍ਹਾਂ ਦੇ ਵਿਹਾਰ ਦੇ ਨਿਰੀਖਣ ਰਾਹੀਂ ਇਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। HAM-D ਅਤੇ HAM-A ਵਰਗੇ ਮਿਆਰੀ ਮੁਲਾਂਕਣ ਡਿਪ੍ਰੈਸ਼ਨ ਅਤੇ ਚਿੰਤਾ ਨੂੰ ਮਾਪਣ ਲਈ ਵਰਤੇ ਜਾ ਸਕਦੇ ਹਨ।

‘ਸੋਰਾਇਸਿਸ ਤੁਹਾਡੇ ਰੋਜ਼ਾਨਾ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?’ ਜਾਂ ‘ਕੀ ਤੁਸੀਂ ਕਦੇ ਇਸ ਸਥਿਤੀ ਕਾਰਨ ਬਹੁਤ ਉਦਾਸ ਜਾਂ ਚਿੰਤਿਤ ਮਹਿਸੂਸ ਕਰਦੇ ਹੋ?’ ਵਰਗੇ ਸਵਾਲ ਮਰੀਜ਼ ਦੇ ਭਾਵਨਾਤਮਕ ਸੰਘਰਸ਼ਾਂ ਬਾਰੇ ਜਾਣਕਾਰੀ ਦੇ ਸਕਦੇ ਹਨ। ਜੇਕਰ ਗੰਭੀਰ ਡਿਪ੍ਰੈਸ਼ਨ, ਸਮਾਜਿਕ ਜਾਂ ਪੇਸ਼ੇਵਰ ਜੀਵਨ ‘ਤੇ ਵੱਡਾ ਅਸਰ, ਜਾਂ ਮਨੋਵਿਗਿਆਨਕ ਕਾਰਨਾਂ ਕਰਕੇ ਇਲਾਜ ਤੋਂ ਬਚਣ ਵਰਗੇ ਸੰਕੇਤ ਨਜ਼ਰ ਆਉਣ, ਤਾਂ ਮਰੀਜ਼ ਲਈ ਤੁਰੰਤ ਮਾਨਸਿਕ ਸਿਹਤ ਮਾਹਿਰ ਦੀ ਮਦਦ ਲੈਣੀ ਬਹੁਤ ਜ਼ਰੂਰੀ ਹੈ।”

ਮਹੱਤਵਪੂਰਨ ਸੂਚਨਾ

ਨੋਟ: ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬੀਮਾਰੀਆ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਨੋਚਕਿਤਸਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019

ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820

ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 – 26995000

ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980

ਸੋਰਾਇਸਿਸ ਵਰਗੀ ਸਥਿਤੀ ਵਿੱਚ ਮਰੀਜ਼ਾਂ ਨੂੰ ਅਕਸਰ ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਜੀਵਨ ਸਾਥੀਆਂ ਤੋਂ ਖ਼ਾਸ ਸਹਿਯੋਗ ਦੀ ਲੋੜ ਹੁੰਦੀ ਹੈ। ਉਨ੍ਹਾਂ ਦੀਆਂ ਭਾਵਨਾਵਾਂ ਅਤੇ ਉਨ੍ਹਾਂ ਵਿੱਚ ਆ ਰਹੇ ਬਦਲਾਵਾਂ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ। ਲਗਾਤਾਰ ਸਲਾਹਾਂ ਦੇਣ ਨਾਲੋਂ ਉਨ੍ਹਾਂ ਨੂੰ ਸਹਿਯੋਗ ਦੀ ਵੱਧ ਲੋੜ ਹੁੰਦੀ ਹੈ।

ਵਿਜੇ ਮਹਾਲੇ ਕਹਿੰਦੇ ਹਨ, “ਸੋਰਾਇਸਿਸ ਨਾਲ ਜਿਉਂ ਰਹੇ ਕਿਸੇ ਵਿਅਕਤੀ ਦੀ ਮਦਦ ਕਰਨ ਦਾ ਸਭ ਤੋਂ ਮਹੱਤਵਪੂਰਨ ਤਰੀਕਾ ਉਸ ਦੀਆਂ ਭਾਵਨਾਵਾਂ ਨੂੰ ਮਾਨਤਾ ਦੇਣਾ ਹੈ। ਉਸ ਦੀ ਨਿਰਾਸ਼ਾ, ਸ਼ਰਮਿੰਦਗੀ, ਗੁੱਸੇ ਜਾਂ ਦੁੱਖ ਨੂੰ ਸਮਝੋ, ਪਰ ਫ਼ੌਰੀ ਤੌਰ ‘ਤੇ ਹੱਲ ਦੇਣ ਦੀ ਕੋਸ਼ਿਸ਼ ਨਾ ਕਰੋ।”

”ਬਿਨਾਂ ਮੰਗੀ ਡਾਕਟਰੀ ਸਲਾਹ ਦੇਣ ਦੀ ਬਜਾਏ ਤੁਸੀਂ ਪੁੱਛ ਸਕਦੇ ਹੋ, ‘ਕੀ ਤੁਸੀਂ ਕੋਈ ਸੁਝਾਅ ਚਾਹੁੰਦੇ ਹੋ ਜਾਂ ਸਿਰਫ਼ ਇਸ ਬਾਰੇ ਗੱਲ ਕਰਨਾ ਚਾਹੁੰਦੇ ਹੋ?’ ਉਨ੍ਹਾਂ ਨੂੰ ਸਿਰਫ਼ ਚਮੜੀ ਦੀ ਬਿਮਾਰੀ ਦੇ ਨਜ਼ਰੀਏ ਨਾਲ ਨਾ ਦੇਖੋ; ਉਨ੍ਹਾਂ ਨੂੰ ਇੱਕ ਸੰਪੂਰਨ ਵਿਅਕਤੀ ਵਜੋਂ ਸਵੀਕਾਰ ਕਰੋ।”

”ਉਨ੍ਹਾਂ ਦੀਆਂ ਹੱਦਾਂ ਦਾ ਆਦਰ ਕਰੋ, ਉਨ੍ਹਾਂ ‘ਤੇ ਸਮਾਜਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਦਬਾਅ ਨਾ ਪਾਓ ਅਤੇ ਸੋਰਾਇਸਿਸ ਬਾਰੇ ਖੁਦ ਜਾਣਕਾਰੀ ਹਾਸਲ ਕਰੋ ਤਾਂ ਜੋ ਇਸ ਬਿਮਾਰੀ ਬਾਰੇ ਹਮੇਸ਼ਾ ਸਮਝਾਉਣ ਦਾ ਬੋਝ ਉਨ੍ਹਾਂ ‘ਤੇ ਨਾ ਪਏ। ਕੀ ਸਹੀ ਹੈ ਜਾਂ ਗਲਤ, ਇਸ ‘ਤੇ ਧਿਆਨ ਦੇਣ ਦੀ ਬਜਾਏ ਧਿਆਨ ਨਾਲ ਸੁਣਨਾ ਅਤੇ ਇਹ ਭਰੋਸਾ ਦਵਾਉਣਾ ਕਿ ਤੁਸੀਂ ਉਨ੍ਹਾਂ ਦੇ ਨਾਲ ਹੋ, ਸਭ ਤੋਂ ਵੱਧ ਮਹੱਤਵ ਰੱਖਦਾ ਹੈ।”

ਸੋਰਾਇਸਿਸ

ਤਸਵੀਰ ਸਰੋਤ, Getty Images

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਥੈਰੇਪਿਸਟ ਕਿਸ ਤਰ੍ਹਾਂ ਮਦਦ ਕਰ ਸਕਦੇ ਹਨ, ਤਾਂ ਵਿਜੇ ਮਹਾਲੇ ਨੇ ਕਿਹਾ, “ਥੈਰੇਪਿਸਟ ਵਜੋਂ ਸਾਡੀ ਭੂਮਿਕਾ ਸਿਰਫ਼ ਮਨੋਵਿਗਿਆਨਕ ਲੱਛਣਾਂ ਦਾ ਇਲਾਜ ਕਰਨ ਤੱਕ ਸੀਮਿਤ ਨਹੀਂ ਹੈ, ਮਰੀਜ਼ਾਂ ਨੂੰ ਆਪਣੇ ਪ੍ਰਤੀ ਹੋਰ ਦਿਆਲੂ ਬਣਨ ਵਿੱਚ ਮਦਦ ਕਰਨਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ।”

”CBT (ਕਾਗਨਿਟਿਵ ਬਿਹੇਵਿਅਰਲ ਥੈਰੇਪੀ) ਨਕਾਰਾਤਮਕ ਸੋਚ ਦੇ ਪੈਟਰਨਾਂ ਨੂੰ ਬਦਲਣ ਵਿੱਚ ਮਦਦ ਕਰ ਸਕਦੀ ਹੈ, ਜਦਕਿ ACT (ਐਕਸੈਪਟੈਂਸ ਐਂਡ ਕਮਿਟਮੈਂਟ ਥੈਰੇਪੀ) ਲੋਕਾਂ ਨੂੰ ਸਰੀਰਕ ਅਸਹਿਜਤਾ ਦੇ ਬਾਵਜੂਦ ਅਰਥਪੂਰਨ ਜੀਵਨ ਜੀਊਣ ਵਿੱਚ ਮਦਦ ਕਰਦੀ ਹੈ।”

”ਮਰੀਜ਼ਾਂ ਨੂੰ ਆਪਣੇ ਪ੍ਰਤੀ ਬਹੁਤ ਕਠੋਰ ਨਹੀਂ ਹੋਣਾ ਚਾਹੀਦਾ ਅਤੇ ਤਣਾਅ ਘਟਾਉਣ ਲਈ ਧਿਆਨ, ਡੂੰਘੇ ਸਾਹ ਲੈਣ ਦੀਆਂ ਕਸਰਤਾਂ ਅਤੇ ਯੋਗ ਦਾ ਸਹਾਰਾ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਹੌਲੀ-ਹੌਲੀ ਦੁਬਾਰਾ ਸਮਾਜਿਕ ਜੀਵਨ ਵਿੱਚ ਸਰਗਰਮ ਹੋਣਾ ਚਾਹੀਦਾ ਹੈ। ਕਾਊਂਸਲਿੰਗ, ਸਹਾਇਤਾ ਸਮੂਹ ਅਤੇ ਚਮੜੀ ਰੋਗ ਮਾਹਿਰਾਂ ਅਤੇ ਮਾਨਸਿਕ ਸਿਹਤ ਮਾਹਿਰਾਂ ਦਰਮਿਆਨ ਤਾਲਮੇਲ ਲੰਬੇ ਸਮੇਂ ਦੇ ਪ੍ਰਬੰਧਨ ਦੇ ਮਹੱਤਵਪੂਰਨ ਹਿੱਸੇ ਹਨ।”

“ਸੋਰਾਇਸਿਸ ਨਾਲ ਜੁੜੀ ਸਮਾਜਿਕ ਸ਼ਰਮ ਮਰੀਜ਼ਾਂ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੀ ਹੈ। ਇਹ ਗਲਤਫ਼ਹਿਮੀਆਂ ਕਿ ਇਹ ਬਿਮਾਰੀ ਛੂਤ ਦੀ ਹੈ ਜਾਂ ਖ਼ਰਾਬ ਸਫ਼ਾਈ ਨਾਲ ਜੁੜੀ ਹੋਈ ਹੈ, ਲੋਕਾਂ ਨੂੰ ਹੱਥ ਮਿਲਾਉਣ, ਸਰੀਰਕ ਸੰਪਰਕ ਕਰਨ ਜਾਂ ਜਨਤਕ ਥਾਵਾਂ ‘ਤੇ ਇਕੱਠੇ ਹੋਣ ਤੋਂ ਕਤਰਾਉਣ ਲਈ ਮਜਬੂਰ ਕਰ ਸਕਦੀਆਂ ਹਨ। ਨਤੀਜੇ ਵਜੋਂ ਮਰੀਜ਼ ਇਕੱਲੇਪਨ ਮਹਿਸੂਸ ਕਰ ਸਕਦੇ ਹਨ।”

ਧਿਆਨ

ਤਸਵੀਰ ਸਰੋਤ, Getty Images

“ਬੱਚਿਆਂ ਨੂੰ ਸਕੂਲ ਵਿੱਚ ਛੇੜਛਾੜ ਅਤੇ ਬੁਲੀਇੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦਕਿ ਵੱਡੇ ਲੋਕਾਂ ਨੂੰ ਕੰਮ ਦੀ ਥਾਂ ‘ਤੇ ਭੇਦਭਾਵ, ਨੌਕਰੀ ਦੇ ਇੰਟਰਵਿਊ ਦੌਰਾਨ ਅਸਹਿਜ ਸਥਿਤੀਆਂ ਅਤੇ ਸਮਾਜਿਕ ਜਾਂ ਖੇਡ ਗਤੀਵਿਧੀਆਂ ਵਿੱਚ ਹਿਚਕਚਾਹਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਮੇਂ ਦੇ ਨਾਲ ਇਹ ਆਤਮਵਿਸ਼ਵਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਚਿੰਤਾ ਅਤੇ ਡਿਪ੍ਰੈਸ਼ਨ ਨੂੰ ਵਧਾ ਸਕਦਾ ਹੈ। ਸਿਰਫ਼ ਵੱਧ ਜਾਗਰੂਕਤਾ ਅਤੇ ਇਮਾਨਦਾਰ ਸਿੱਖਿਆ ਹੀ ਇਨ੍ਹਾਂ ਰਵੱਈਆਂ ਨੂੰ ਬਦਲ ਸਕਦੀ ਹੈ।”

ਸੋਰਾਇਸਿਸ ਨਾਲ ਜਿਉਂ ਰਹੇ ਲੋਕਾਂ ਲਈ ਡਾ. ਕੇਦਾਰ ਤਿਲਵੇ ਮਾਈਂਡਫੁਲਨੈੱਸ ਨੂੰ ਇੱਕ ਵਿਕਲਪ ਵਜੋਂ ਸੁਝਾਉਂਦੇ ਹਨ। ਉਹ ਮੁਲੁੰਡ ਦੇ ਫੋਰਟਿਸ ਹਸਪਤਾਲ ਅਤੇ ਵਾਸ਼ੀ ਦੇ ਫੋਰਟਿਸ ਹੀਰਾਨੰਦਾਨੀ ਹਸਪਤਾਲ ਵਿੱਚ ਕਨਸਲਟੈਂਟ ਮਨੋਚਿਕਿਤਸਕ ਹਨ।

ਡਾ. ਤਿਲਵੇ ਕਹਿੰਦੇ ਹਨ, “ਮਾਈਂਡਫੁਲਨੈੱਸ-ਅਧਾਰਤ ਤਣਾਅ ਘਟਾਉਣ ਵਾਲੀਆਂ ਤਕਨੀਕਾਂ ਦਾ ਨਿਯਮਿਤ ਅਭਿਆਸ ਇਨ੍ਹਾਂ ਮਰੀਜ਼ਾਂ ਲਈ ਲਾਭਕਾਰੀ ਹੋ ਸਕਦਾ ਹੈ। ਆਪਣੇ ਸ਼ੌਕਾਂ ਨੂੰ ਅਪਣਾਉਣਾ ਅਤੇ ਸ਼ਰਾਬ ਤੇ ਸਮੋਕਿੰਗ ਤੋਂ ਬਚਣਾ ਵੀ ਸਥਿਤੀ ਨਾਲ ਨਜਿੱਠਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਸੁਧਾਰ ਸਕਦਾ ਹੈ। ਇਸ ਤੋਂ ਇਲਾਵਾ, ਸਮੇਂ ਸਿਰ ਮਾਨਸਿਕ ਸਿਹਤ ਮਾਹਿਰ ਦੀ ਮਦਦ ਲੈਣ ਨਾਲ ਗੰਭੀਰ ਮਾਨਸਿਕ ਸਿਹਤ ਸੰਕਟਾਂ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।”

“ਸੋਰਾਇਸਿਸ ਨਾਲ ਜਿਉਂ ਰਹੇ ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਅਤੇ ਉਨ੍ਹਾਂ ਦੇ ਨਾਲ ਰਹਿੰਦੇ ਸਮੇਂ ਕੁਝ ਅਜਿਹੀਆਂ ਗਲਤੀਆਂ ਹਨ ਜਿਨ੍ਹਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਪਰਿਵਾਰਕ ਮੈਂਬਰਾਂ ਵਜੋਂ ਸਾਡਾ ਵਿਹਾਰ ਉਨ੍ਹਾਂ ਦੀ ਸਥਿਤੀ ‘ਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਸਮਝਣਾ ਮਹੱਤਵਪੂਰਨ ਹੈ।”

ਚਮੜੀ

ਤਸਵੀਰ ਸਰੋਤ, Getty Images

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪਰਿਵਾਰਕ ਮੈਂਬਰਾਂ ਅਤੇ ਮਰੀਜ਼ਾਂ ਨੂੰ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ, ਤਾਂ ਡਾ. ਕੇਦਾਰ ਤਿਲਵੇ ਨੇ ਕਿਹਾ, “ਇੱਕ ਆਮ ਗਲਤੀ ਇਹ ਹੈ ਕਿ ਮਰੀਜ਼ ਵੱਲੋਂ ਪ੍ਰਗਟ ਕੀਤੀਆਂ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।”

”ਜੇਕਰ ਵਿਹਾਰ ਵਿੱਚ ਅਚਾਨਕ ਤਬਦੀਲੀਆਂ, ਮੂਡ ਵਿੱਚ ਉਤਾਰ-ਚੜ੍ਹਾਅ ਜਾਂ ਇਲਾਜ ਦੀ ਨਿਰੰਤਰ ਪਾਲਣਾ ਕਰਨ ਵਿੱਚ ਅਸਫਲਤਾ ਵਰਗੇ ਚੇਤਾਵਨੀ ਸੰਕੇਤਾਂ ਨੂੰ ਅਣਡਿੱਠਾ ਕਰ ਦਿੱਤਾ ਜਾਵੇ, ਤਾਂ ਗੰਭੀਰ ਮਾਨਸਿਕ ਬਿਮਾਰੀਆਂ ਵਿਕਸਿਤ ਹੋ ਸਕਦੀਆਂ ਹਨ।”

”ਰੂਟੀਨ, ਚੰਗਾ ਕੰਮ-ਜੀਵਨ ਸੰਤੁਲਨ ਅਤੇ ਸਿਹਤਮੰਦ ਜੀਵਨਸ਼ੈਲੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ, ਮਾਈਂਡਫੁਲਨੈੱਸ-ਅਧਾਰਤ ਤਣਾਅ ਪ੍ਰਬੰਧਨ ਤਕਨੀਕਾਂ ਦੀ ਵਰਤੋਂ ਅਤੇ ਸਮੇਂ ਸਿਰ ਨੇੜਲੇ ਮਾਨਸਿਕ ਸਿਹਤ ਮਾਹਿਰ ਦੀ ਮਦਦ ਲੈਣਾ ਵੀ ਬਹੁਤ ਜ਼ਰੂਰੀ ਹੈ।”

ਜੇਕਰ ਜੀਵਨਸ਼ੈਲੀ ਵਿੱਚ ਕੋਈ ਵੱਡੀ ਤਬਦੀਲੀ ਕਰਨੀ ਹੋਵੇ, ਖੁਰਾਕ ਵਿੱਚ ਬਦਲਾਅ ਲਿਆਉਣਾ ਹੋਵੇ, ਦਵਾਈਆਂ ਲੈਣੀਆਂ ਹੋਣ ਜਾਂ ਸਰੀਰਕ ਕਸਰਤ ਸ਼ੁਰੂ ਕਰਨੀ ਹੋਵੇ, ਤਾਂ ਡਾਕਟਰ ਅਤੇ ਯੋਗਤਾ ਪ੍ਰਾਪਤ ਟ੍ਰੇਨਰਾਂ ਦੀ ਸਲਾਹ ਲੈਣਾ ਜ਼ਰੂਰੀ ਹੈ।

ਇਹ ਸਲਾਹ ਹੈ ਕਿ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਢੰਗ ਨਾਲ ਜਾਂਚ ਕਰਵਾਈ ਜਾਵੇ ਅਤੇ ਜੀਵਨਸ਼ੈਲੀ ਵਿੱਚ ਕੋਈ ਵੀ ਤਬਦੀਲੀ ਸਿਰਫ਼ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਕੀਤੀ ਜਾਵੇ।

ਡਾਕਟਰ ਨਾਲ ਸਲਾਹ ਕੀਤੇ ਬਿਨਾਂ ਆਪਣੇ ਆਪ ਇਲਾਜ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI