Home rss national punjabi2ਰਾਸ਼ਟਰੀ ਖ਼ਬਰਾਂ ਪਾਣੀ ਖੜ੍ਹੇ ਹੋ ਕੇ ਪੀਣਾ ਚਾਹੀਦਾ ਹੈ ਜਾਂ ਫਿਰ ਬੈਠ ਕੇ? ਡਾਕਟਰ...

ਪਾਣੀ ਖੜ੍ਹੇ ਹੋ ਕੇ ਪੀਣਾ ਚਾਹੀਦਾ ਹੈ ਜਾਂ ਫਿਰ ਬੈਠ ਕੇ? ਡਾਕਟਰ ਕੀ ਕਹਿੰਦੇ ਹਨ

3
0

Source :- BBC PUNJABI

ਪਾਣੀ ਪੀਂਦੀ ਮਹਿਲਾ

ਤਸਵੀਰ ਸਰੋਤ, Getty Images

ਤੁਸੀਂ ਇੰਟਰਨੈੱਟ ‘ਤੇ ਅਜਿਹੇ ਕਈ ਵੀਡੀਓ ਦੇਖੇ ਹੋਣਗੇ, ਜਿਨ੍ਹਾਂ ਵਿੱਚ ਕਿਹਾ ਜਾਂਦਾ ਹੈ ਕਿ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ, ਸਗੋਂ ਬੈਠ ਕੇ ਪੀਣਾ ਚਾਹੀਦਾ ਹੈ।

ਇਨ੍ਹਾਂ ਵੀਡੀਓਜ਼ ਵਿੱਚ ਦੱਸਿਆ ਜਾਂਦਾ ਹੈ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਰੀਰ ਵਿੱਚ ਪਾਣੀ ਦਾ ਸੰਤੁਲਨ ਵਿਗੜ ਸਕਦਾ ਹੈ, ਬਦਹਜ਼ਮੀ ਹੋ ਸਕਦੀ ਹੈ ਅਤੇ ਜੋੜਾਂ ਵਿੱਚ ਦਰਦ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।

ਇਸੇ ਤਰ੍ਹਾਂ, ਘਰ ਦੇ ਵੱਡੇ-ਬਜ਼ੁਰਗ ਅਕਸਰ ਕਹਿੰਦੇ ਹਨ ਕਿ ਪਾਣੀ ਬੈਠ ਕੇ ਪੀਣਾ ਚਾਹੀਦਾ ਹੈ, ਕਿਉਂਕਿ ਖੜ੍ਹੇ ਹੋਣ ਦੀ ਤੁਲਨਾ ਵਿੱਚ ਬੈਠ ਕੇ ਪਾਣੀ ਪੀਣਾ ਜ਼ਿਆਦਾ ਆਰਾਮਦਾਇਕ ਅਤੇ ਸ਼ਾਂਤ ਸਥਿਤੀ ਹੈ।

ਪਰ ਸੱਚ ਕੀ ਹੈ, ਕੀ ਇਹ ਸਿਰਫ਼ ਇੱਕ ਮਾਨਤਾ ਹੈ ਜਾਂ ਫਿਰ ਵਿਗਿਆਨ ਹੈ? ਇਸ ਲੇਖ ਵਿੱਚ ਅਸੀਂ ਜਾਣਾਂਗੇ ਕਿ ਡਾਕਟਰ ਇਸ ਬਾਰੇ ਕੀ ਕਹਿੰਦੇ ਹਨ…

ਪਾਣੀ ਪੀਂਦੀ ਮਹਿਲਾ

ਤਸਵੀਰ ਸਰੋਤ, Getty Images

ਐਲੋਪੈਥਿਕ ਡਾਕਟਰਾਂ ਦੇ ਨਾਲ-ਨਾਲ ਆਯੁਰਵੈਦਿਕ ਡਾਕਟਰ ਵੀ ਖੜ੍ਹੇ ਹੋਣ ਦੀ ਬਜਾਏ ਬੈਠ ਕੇ ਪਾਣੀ ਪੀਣ ਦੀ ਸਲਾਹ ਦਿੰਦੇ ਹਨ।

ਹਾਲਾਂਕਿ, ਉਹ ਇਹ ਵੀ ਦੱਸਦੇ ਹਨ ਕਿ ਅਜਿਹੇ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਵਿਗਿਆਨਕ ਅਧਿਐਨ ਮੌਜੂਦ ਨਹੀਂ ਹੈ ਕਿ “ਖੜ੍ਹੇ ਹੋ ਕੇ ਪਾਣੀ ਪੀਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ ਅਤੇ ਇਸ ਨਾਲ ਜੋੜਾਂ ਦੇ ਦਰਦ ਵਰਗੀਆਂ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ।”

ਸੀਨੀਅਰ ਗੈਸਟਰੋਇੰਟੈਸਟਾਈਨਲ ਕੈਂਸਰ ਸਰਜਨ ਡਾਕਟਰ ਸੇਂਥਿਲ ਕੁਮਾਰ ਗਣਪਤੀ ਕਹਿੰਦੇ ਹਨ, “ਪਾਣੀ ਨਾ ਪੀਣ ਦੀ ਤੁਲਨਾ ਵਿੱਚ ਤਾਂ ਖੜ੍ਹੇ ਹੋ ਕੇ ਪਾਣੀ ਪੀਣਾ ਠੀਕ ਹੈ।” ਨਾਲ ਹੀ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ “ਕੀ ਖੜ੍ਹੇ ਹੋ ਕੇ ਪਾਣੀ ਪੀਣਾ ਬਿਹਤਰ ਹੈ ਜਾਂ ਬੈਠ ਕੇ?”, ਤਾਂ ਉਨ੍ਹਾਂ ਨੇ ਕਿਹਾ, “ਬੈਠ ਕੇ ਪਾਣੀ ਪੀਣਾ ਬਿਹਤਰ ਹੈ।”

ਡਾਕਟਰ ਗਣਪਤੀ ਕਹਿੰਦੇ ਹਨ, “ਖੜ੍ਹੇ ਹੋਣ ਦੀ ਤੁਲਨਾ ਵਿੱਚ ਬੈਠ ਕੇ ਵਿਅਕਤੀ ਜ਼ਿਆਦਾ ਆਰਾਮ ਮਹਿਸੂਸ ਕਰਦਾ ਹੈ। ਜੇਕਰ ਤੁਸੀਂ ਹੌਲੀ-ਹੌਲੀ ਪਾਣੀ ਪੀਂਦੇ ਹੋ, ਤਾਂ ਇਹ ਐਸੋਫੈਗਸ (ਭੋਜਨ ਨਲੀ) ਰਾਹੀਂ ਹੁੰਦਾ ਹੋਇਆ ਠੀਕ ਤਰ੍ਹਾਂ ਆਂਤਾਂ ਤੱਕ ਪਹੁੰਚਦਾ ਹੈ।”

ਉਨ੍ਹਾਂ ਦੇ ਅਨੁਸਾਰ, “ਖਾਣਾ ਖਾਂਦੇ ਸਮੇਂ ਬੈਠ ਕੇ ਪਾਣੀ ਪੀਣਾ ਚੰਗਾ ਹੁੰਦਾ ਹੈ। ਇਸ ਨਾਲ ਪਾਚਨ ਵਿੱਚ ਮਦਦ ਮਿਲਦੀ ਹੈ। ਖਾਣੇ ਦੇ ਵਿਚਕਾਰ ਥੋੜ੍ਹਾ-ਥੋੜ੍ਹਾ ਪਾਣੀ ਪੀਣ ਨਾਲ ਭੋਜਨ ਨਲੀ ਰਾਹੀਂ ਖਾਣਾ ਹੌਲੀ-ਹੌਲੀ ਅੱਗੇ ਵਧਦਾ ਹੈ। ਹਾਲਾਂਕਿ, ਖਾਣਾ ਖਾਂਦੇ ਸਮੇਂ ਬਹੁਤ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਪੇਟ ਵਿੱਚ ਮੌਜੂਦ ਪਾਚਕ ਰਸ (ਡਾਈਜੈਸਟਿਵ ਜੂਸ) ਪਤਲੇ ਹੋ ਜਾਂਦੇ ਹਨ। ਇਹ ਪਚਨ ਪ੍ਰਕਿਰਿਆ ਲਈ ਚੰਗਾ ਨਹੀਂ ਹੈ।”

ਪਾਣੀ ਪੀਂਦੀ ਮਹਿਲਾ

ਤਸਵੀਰ ਸਰੋਤ, Getty Images

ਡਾਕਟਰ ਚੇਤਾਵਨੀ ਦਿੰਦੇ ਹਨ ਕਿ ਖੜ੍ਹੇ ਹੋ ਕੇ ਜਾਂ ਬੈਠ ਕੇ ਪਾਣੀ ਪੀਣ ਦੀ ਤੁਲਨਾ ਵਿੱਚ ਲੇਟ ਕੇ ਪਾਣੀ ਪੀਣਾ ਅਸਲ ਵਿੱਚ ਜ਼ਿਆਦਾ ਖ਼ਤਰਨਾਕ ਹੈ।

ਸਰਕਾਰੀ ਜਨਰਲ ਫਿਜ਼ੀਸ਼ੀਅਨ ਚੰਦਰਸ਼ੇਖਰਨ ਕਹਿੰਦੇ ਹਨ, “ਇਹ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਜੋ ਪਾਣੀ ਭੋਜਨ ਨਲੀ ਵਿੱਚ ਜਾਣਾ ਚਾਹੀਦਾ ਹੈ, ਉਹ ਫੇਫੜਿਆਂ ਤੱਕ ਹਵਾ ਲੈਕੇ ਜਾਣ ਵਾਲੀ ਨਲੀ ਵਿੱਚ ਜਾ ਸਕਦਾ ਹੈ। ਆਮ ਤੌਰ ‘ਤੇ, ਜੇਕਰ ਤੁਸੀਂ ਸਿੱਧੇ ਬੈਠ ਕੇ ਅਤੇ 45 ਡਿਗਰੀ ਦੇ ਤੱਕ ਝੁਕ ਕੇ ਪਾਣੀ ਪੀਂਦੇ ਹੋ, ਤਾਂ ਪਾਣੀ ਸਿੱਧਾ ਆਂਤਾਂ ਵਿੱਚ ਜਾਵੇਗਾ। ਨਾਲ ਹੀ, ਇਹ ਕਹਿਣਾ ਗਲਤ ਹੈ ਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਕੋਈ ਖ਼ਤਰਾ ਜਾਂ ਸਰੀਰਕ ਨੁਕਸਾਨ ਹੋਵੇਗਾ।”

ਉਹ ਇਸ ਗੱਲ ‘ਤੇ ਵੀ ਜ਼ੋਰ ਦਿੰਦੇ ਹਨ ਕਿ ਪਾਣੀ ਹੌਲੀ-ਹੌਲੀ ਪੀਣਾ ਚਾਹੀਦਾ ਹੈ, ਨਾ ਕਿ ਇੱਕੋ ਵਾਰ ਵਿੱਚ ਗਟਕ ਲੈਣਾ ਚਾਹੀਦਾ ਹੈ।

ਉਹ ਕਹਿੰਦੇ ਹਨ, “ਆਮ ਤਾਪਮਾਨ ਵਾਲਾ ਪਾਣੀ ਛੋਟੇ-ਛੋਟੇ ਘੁੱਟਾਂ ਵਿੱਚ ਪੀਣਾ ਚਾਹੀਦਾ ਹੈ, ਨਾ ਕਿ ਇੱਕੋ ਵਾਰ ਵਿੱਚ ਗਟਕ ਲੈਣਾ ਚਾਹੀਦਾ ਹੈ। ਨਹੀਂ ਤਾਂ, ਇੱਕੋ ਵਾਰ ਪੀਣ ਨਾਲ ਸਾਹ ਰੁਕ ਸਕਦਾ ਹੈ।”

ਸਰਕਾਰੀ ਆਯੁਰਵੈਦਿਕ ਡਾਕਟਰ ਬਾਲਾਮੁਰੁਗਨ

ਡਾਕਟਰ ਗਣਪਤੀ ਕਹਿੰਦੇ ਹਨ ਕਿ ਜਦੋਂ ਤੁਸੀਂ ਪਿਆਸ ਲੱਗਣ ‘ਤੇ ਪਾਣੀ ਪੀਂਦੇ ਹੋ, ਨਾ ਕਿ ਖਾਣੇ ਦੇ ਨਾਲ, ਤਾਂ ਤੁਸੀਂ ਖੜ੍ਹੇ ਹੋ ਕੇ ਪਾਣੀ ਪੀ ਸਕਦੇ ਹੋ।

ਉਨ੍ਹਾਂ ਦੇ ਸਮਝਾਉਣ ਅਨੁਸਾਰ, “ਸਰੀਰ ਵਿੱਚ ਘੱਟ ਹੋਏ ਤਰਲ ਪਦਾਰਥਾਂ ਦੀ ਭਰਪਾਈ ਲਈ, ਉਦਾਹਰਣ ਲਈ ਮੈਰਾਥਨ ਦੌੜਨ ਤੋਂ ਬਾਅਦ, ਪਿਆਸ ਬੁਝਾਉਣ ਲਈ ਖੜ੍ਹੇ ਹੋ ਕੇ ਪਾਣੀ ਪੀਤਾ ਜਾ ਸਕਦਾ ਹੈ। ਉਦੋਂ ਪਾਣੀ ਤੇਜ਼ੀ ਨਾਲ ਆਂਤਾਂ ਵਿੱਚ ਜਾਵੇਗਾ ਅਤੇ ਸਰੀਰ ਤੇਜ਼ੀ ਨਾਲ ਗੁਆਏ ਹੋਏ ਤਰਲ ਪਦਾਰਥਾਂ ਨੂੰ ਵਾਪਿਸ ਹਾਸਿਲ ਕਰ ਸਕੇਗਾ।”

ਨਾਲ ਹੀ, ਉਨ੍ਹਾਂ ਦੱਸਿਆ ਕਿ ਕਿਉਂਕਿ ਆਂਤ ਕੋਈ ਸਿੱਧੀ ਨਲੀ ਨਹੀਂ ਹੈ, ਇਸ ਲਈ ਗੁਰੂਤਾਕਰਸ਼ਣ ਵਰਗੇ ਕਾਰਕਾਂ ਦਾ ਅਸਰ ਬਹੁਤ ਘੱਟ ਹੁੰਦਾ ਹੈ। ਉਨ੍ਹਾਂ ਨੇ ਸਮਝਾਇਆ, “ਛੋਟੀ ਆਂਤ ਛੇ ਮੀਟਰ ਲੰਬੀ ਹੁੰਦੀ ਹੈ ਅਤੇ ਵੱਡੀ ਆਂਤ ਦੋ ਮੀਟਰ ਲੰਬੀ ਹੁੰਦੀ ਹੈ। ਇਹ ਕੋਈ ਇੱਕ ਸਿੱਧੀ ਨਲੀ ਨਹੀਂ ਹੈ, ਸਗੋਂ ਸਰੀਰ ਵਿੱਚ ਮੁੜੀ ਹੋਈ ਸਥਿਤੀ ਵਿੱਚ ਹੁੰਦੀ ਹੈ। ਇਸ ਲਈ, ਵਿਅਕਤੀ ਦੀ ਸਥਿਤੀ (ਖੜ੍ਹੇ ਹੋਣ ਜਾਂ ਬੈਠਣ) ਕਾਰਨ ਬਹੁਤ ਘੱਟ ਫ਼ਰਕ ਪੈਂਦਾ ਹੈ।”

ਹਾਲਾਂਕਿ, ਉਨ੍ਹਾਂ ਨੇ ਪਾਣੀ ਨੂੰ ਘੁੱਟ-ਘੁੱਟ ਕਰਕੇ ਪੀਣ ਦੇ ਤਰੀਕੇ ‘ਤੇ ਵੀ ਜ਼ੋਰ ਦਿੱਤਾ।

ਡਾਕਟਰ ਗਣਪਤੀ ਨੇ ਸਮਝਾਇਆ, “ਤੇਜ਼ੀ ਨਾਲ ਪਾਣੀ ਪੀਣ ਨਾਲ ਮਾਸਪੇਸ਼ੀਆਂ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਜਦੋਂ ਤੁਸੀਂ ਤੇਜ਼ੀ ਨਾਲ ਪਾਣੀ ਪੀਂਦੇ ਹੋ, ਤਾਂ ਗਲੇ ਦੀਆਂ ਮਾਸਪੇਸ਼ੀਆਂ ਨੂੰ ਇਸ ਨੂੰ ਤੇਜ਼ੀ ਨਾਲ ਅੰਦਰ ਲੈਣਾ ਪੈਂਦਾ ਹੈ। ਅਜਿਹੇ ਵਿੱਚ ਮਾਸਪੇਸ਼ੀਆਂ ਦੀਆਂ ਗਤੀਵਿਧੀਆਂ ਵਿੱਚ ਤਾਲਮੇਲ ਦੀ ਕਮੀ ਹੋ ਜਾਂਦੀ ਹੈ, ਜਿਸ ਨਾਲ ਪਰੇਸ਼ਾਨੀ ਹੋ ਸਕਦੀ ਹੈ। ਫਿਰ ਗਲਤੀ ਨਾਲ ਇੱਕ ਜਾਂ ਦੋ ਬੂੰਦਾਂ ਸਾਹ ਦੀ ਨਲੀ ਵਿੱਚ ਜਾ ਸਕਦੀਆਂ ਹਨ ਅਤੇ ਨਿਗਲੀਆਂ ਜਾ ਸਕਦੀਆਂ ਹਨ।”

ਪਾਣੀ ਪੀਂਦੀ ਮਹਿਲਾ

ਤਸਵੀਰ ਸਰੋਤ, Getty Images

ਸਰਕਾਰੀ ਆਯੁਰਵੈਦਿਕ ਡਾਕਟਰ ਬਾਲਾਮੁਰੁਗਨ ਕਹਿੰਦੇ ਹਨ ਕਿ ਹਾਲਾਂਕਿ ਆਯੁਰਵੇਦ ਵਿੱਚ ਖ਼ਾਸ ਤੌਰ ‘ਤੇ ਇਹ ਨਹੀਂ ਦੱਸਿਆ ਗਿਆ ਹੈ ਕਿ ਪਾਣੀ ਬੈਠ ਕੇ ਪੀਣਾ ਚਾਹੀਦਾ ਹੈ ਜਾਂ ਖੜ੍ਹੇ ਹੋ ਕੇ, ਪਰ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਪਾਣੀ ਹਮੇਸ਼ਾ ਘੁੱਟ-ਘੁੱਟ ਕਰਕੇ ਹੀ ਪੀਣਾ ਚਾਹੀਦਾ ਹੈ।

ਉਨ੍ਹਾਂ ਕਿਹਾ, “ਆਯੁਰਵੈਦ ਸਲਾਹ ਦਿੰਦਾ ਹੈ ਕਿ ਪਾਣੀ ਹਮੇਸ਼ਾ ਮੂੰਹ ਬੰਦ ਕਰਕੇ ਪੀਣਾ ਚਾਹੀਦਾ ਹੈ। ਯਾਨੀ, ਪਾਣੀ ਨੂੰ ਘੁੱਟ-ਘੁੱਟ ਕਰਕੇ ਪੀਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਬੁੱਲ੍ਹ ਪਾਣੀ ਨੂੰ ਛੂਹਣ। ਆਯੁਰਵੇਦ ਵਿੱਚ ਪਿਆਸ ਨੂੰ 13 ਸਰੀਰਕ ਬਿਮਾਰੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ। ਜੇਕਰ ਇਸ ਦਾ ਹੱਲ ਨਾ ਕੀਤਾ ਜਾਵੇ, ਤਾਂ ਇਹ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ, ਖੜ੍ਹੇ ਹੋ ਕੇ ਪਾਣੀ ਪੀਣਾ ਹੈ ਜਾਂ ਬੈਠ ਦੀ ਗੱਲ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਪਾਣੀ ਪੀਣਾ ਚਾਹੀਦਾ ਹੈ, ਇਸ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ।”

ਬਾਲਾਮੁਰੁਗਨ ਨੇ ਅੱਗੇ ਕਿਹਾ, “ਜਦੋਂ ਤੁਸੀਂ ਮੂੰਹ ਖੋਲ੍ਹ ਕੇ ਪਾਣੀ ਪੀਂਦੇ ਹੋ, ਤਾਂ ਉਸ ਦੇ ਨਾਲ ਗੈਸ ਵੀ ਅੰਦਰ ਚਲੀ ਜਾਂਦੀ ਹੈ। ਇਹ ਸਰੀਰ ਲਈ ਚੰਗਾ ਨਹੀਂ ਹੈ। ਇਸੇ ਲਈ ਤੁਹਾਨੂੰ ਮੂੰਹ ਬੰਦ ਕਰਕੇ ਪਾਣੀ ਪੀਣਾ ਚਾਹੀਦਾ ਹੈ, ਤਾਂ ਜੋ ਤੁਹਾਡੇ ਬੁੱਲ੍ਹ ਪਾਣੀ ਦੇ ਸੰਪਰਕ ਵਿੱਚ ਰਹਿਣ। ਸਰੀਰ ਵਿੱਚ ਗੈਸ ਦਾ ਜਮ੍ਹਾ ਹੋਣਾ ਸ਼ੁਰੂ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਲੱਗ ਸਕਦੀ। ਹਾਲਾਂਕਿ, ਜੇਕਰ ਇਹ ਸਥਿਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ, ਤਾਂ ਸਰੀਰ ਵਿੱਚ ਗੈਸ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।”

ਪਾਣੀ ਪੀਂਦਾ ਪੁਰਸ਼

ਤਸਵੀਰ ਸਰੋਤ, Getty Images

ਇਸਲਾਮ ਵਿੱਚ ਵੀ ਪਾਣੀ ਪੀਣ ਬਾਰੇ ਕੁਝ ਨਿਯਮ ਦੱਸੇ ਗਏ ਹਨ।

‘ਹਿਊਮੈਨਿਟੀ ਪੀਪਲਜ਼ ਪਾਰਟੀ’ ਦੇ ਆਗੂ ਅਤੇ ਇਸਲਾਮਿਕ ਵਿਦਵਾਨ ਜਵਾਹਰੁੱਲਾਹ ਨੇ ਬੀਬੀਸੀ ਤਮਿਲ ਨਾਲ ਗੱਲ ਕਰਦਿਆਂ ਦੱਸਿਆ, “ਪੈਗੰਬਰ ਬੈਠ ਕੇ ਪਾਣੀ ਪੀਂਦੇ ਸਨ। ਇਸ ਲਈ, ਪੈਗੰਬਰਾਂ ਦੀ ਦਿਖਾਈ ਰਾਹ ‘ਤੇ ਚੱਲਣ ਲਈ ਬੈਠ ਕੇ ਪਾਣੀ ਪੀਣਾ ਚਾਹੀਦਾ ਹੈ। ਪਰ ਖੜ੍ਹੇ ਹੋ ਕੇ ਪਾਣੀ ਪੀਣ ‘ਤੇ ਕੋਈ ਰੋਕ ਨਹੀਂ ਹੈ।”

”ਮੱਕਾ ਵਿੱਚ ਪਵਿੱਤਰ ਜ਼ਮ-ਜ਼ਮ ਦੇ ਖੂਹ ਦਾ ਪਾਣੀ ਖੜ੍ਹੇ ਹੋ ਕੇ ਪੀਣਾ ਚਾਹੀਦਾ ਹੈ। ਨਾਲ ਹੀ, ਇਹ ਵੀ ਕਿਹਾ ਜਾਂਦਾ ਹੈ ਕਿ ਪਾਣੀ ਘੁੱਟ-ਘੁੱਟ ਕਰਕੇ ਪੀਣਾ ਚਾਹੀਦਾ ਹੈ ਅਤੇ ਪਾਣੀ ਪੀਂਦੇ ਸਮੇਂ ਉਸ ਵਿੱਚ ਸਾਹ ਨਹੀਂ ਛੱਡਣਾ ਚਾਹੀਦਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI