Source :- BBC PUNJABI
ਤਸਵੀਰ ਸਰੋਤ, Getty Images
ਘਰ ਦੇ ਨਜ਼ਦੀਕ ਬਣੀਆਂ ਸ਼ੌਪਿੰਗ ਸਟ੍ਰੀਟਜ਼ ਤੋਂ ਲੈ ਕੇ ਆਸਾਨੀ ਨਾਲ ਟ੍ਰਾਂਸਪੋਰਟ ਦੀ ਸਹੂਲਤ ਮਿਲਣ ਤੱਕ, ਜਪਾਨ ਦੇ ਸਭ ਤੋਂ ਵਧੀਆ ਰਹਿਣ-ਲਾਇਕ ਸ਼ਹਿਰ ਇਸ ਤਰ੍ਹਾਂ ਡਿਜ਼ਾਈਨ ਕੀਤੇ ਗਏ ਹਨ ਕਿ ਇੱਥੇ ਸ਼ਹਿਰੀ ਜ਼ਿੰਦਗੀ ਦੀਆਂ ਰੋਜ਼ਾਨਾ ਦੀਆਂ ਪਰੇਸ਼ਾਨੀਆਂ ਨਾਲ ਦੋ-ਚਾਰ ਨਹੀਂ ਹੋਣਾ ਪੈਂਦਾ।
ਕਿਸੇ ਸ਼ਹਿਰ ਵਿੱਚ ਰਹਿਣਾ ਆਸਾਨ ਕਦੋਂ ਹੁੰਦਾ ਹੈ? ਇਹ ਜ਼ਰੂਰੀ ਨਹੀਂ ਕਿ ਉੱਥੇ ਚਮਕਦਾਰ ਉੱਚੀਆਂ ਇਮਾਰਤਾਂ ਜਾਂ ਦੁਨੀਆ ਭਰ ਦੀਆਂ ਮਸ਼ਹੂਰ ਥਾਂਵਾਂ ਮੌਜੂਦ ਹੋਣ, ਸਗੋਂ ਇਹ ਵਧੇਰੇ ਮਾਅਨੇ ਰੱਖਦਾ ਹੈ ਕਿ ਕੀ ਤੁਸੀਂ ਬਿਨ੍ਹਾਂ ਕਾਰ ਦੇ ਕੰਮ ‘ਤੇ ਜਾ ਸਕਦੇ ਹੋ, ਪੈਦਲ ਤੁਰਦੇ ਹੋਏ ਖਰੀਦਦਾਰੀ ਕਰ ਸਕਦੇ ਹੋ, ਵ੍ਹੀਲਚੇਅਰ ਰਾਹੀਂ ਟ੍ਰੇਨ ਸਟੇਸ਼ਨ ਤੱਕ ਜਾ ਸਕਦੇ ਹੋ ਜਾਂ ਫੁੱਟਪਾਥ ‘ਤੇ ਸੁਰੱਖਿਅਤ ਢੰਗ ਨਾਲ ਬੱਚਿਆਂ ਦੀ ਪ੍ਰੈਮ ਲੈ ਕੇ ਤੁਰ ਸਕਦੇ ਹੋ।
ਜਪਾਨ ਦੇ ਸ਼ਹਿਰ ਇਸ ਮਾਮਲੇ ਵਿੱਚ ਬਹੁਤ ਵਧੀਆ ਹਨ। ਇਕਨੌਮਿਸਟ ਇੰਟੈਲੀਜੈਂਸ ਯੂਨਿਟ ਦੇ 2026 ਗਲੋਬਲ ਲਿਵੇਬਿਲਿਟੀ ਇੰਡੈਕਸ ਵਿੱਚ ਓਸਾਕਾ ਸੱਤਵੇਂ ਨੰਬਰ ‘ਤੇ ਰਿਹਾ ਅਤੇ ਟੋਕਿਓ 10ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਜਪਾਨ ਇਕਲੌਤਾ ਏਸ਼ੀਆਈ ਦੇਸ਼ ਬਣ ਗਿਆ ਹੈ, ਜਿਸ ਦੇ ਦੋ ਸ਼ਹਿਰ ਟੌਪ 10 ਵਿੱਚ ਸ਼ਾਮਿਲ ਹਨ।
ਇਹ ਵਾਧਾ ਇੰਡੈਕਸ ਵਿੱਚ ਸਥਿਰਤਾ, ਹੈਲਥਕੇਅਰ ਅਤੇ ਸਿੱਖਿਆ ਦੇ ਨਾਲ-ਨਾਲ ਮਜ਼ਬੂਤ ਇੰਫਰਾਸਟ੍ਰਕਚਰ ਲਈ ਮਿਲੇ ਬਿਹਤਰੀਨ ਸਕੋਰ ਨੂੰ ਦਰਸਾਉਂਦਾ ਹੈ। ਪਰ ਉੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਸਲ ਫ਼ਰਕ ਸੋਚ-ਸਮਝ ਕੇ ਅਤੇ ਆਸਾਨੀ ਨਾਲ ਇਸਤੇਮਾਲ ਹੋਣ ਵਾਲੇ ਡਿਜ਼ਾਈਨ ਦੀ ਚੋਣ ਹੈ, ਜਿਸ ਨਾਲ ਜ਼ਿੰਦਗੀ ਆਸਾਨ ਹੋ ਜਾਂਦੀ ਹੈ।
ਜੌਸ਼ ਗ੍ਰਿਸਡੇਲ ਪਾਵਰ ਵ੍ਹੀਲਚੇਅਰ ਦੀ ਵਰਤੋਂ ਕਰਦੇ ਹਨ। ਉਹ ‘ਐਕਸੈਸਿਬਲ ਜਪਾਨ’ ਚਲਾਉਂਦੇ ਹਨ ਅਤੇ 18 ਸਾਲਾਂ ਤੋਂ ਟੋਕਿਓ ਵਿੱਚ ਰਹਿ ਰਹੇ ਹਨ। ਉਹ ਕਹਿੰਦੇ ਹਨ, “ਜਪਾਨ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇੱਥੇ ਹਰ ਸ਼ਖਸ ਆਸਾਨੀ ਨਾਲ ਰਹਿ ਸਕੇ। ਵ੍ਹੀਲਚੇਅਰ ਦੀ ਵਰਤੋਂ ਕਰਨ ਵਾਲੇ ਵਿਅਕਤੀ ਵਜੋਂ ਮੈਂ ਜਿਨ੍ਹਾਂ ਰੈਂਪ, ਲਿਫ਼ਟ ਅਤੇ ਥਾਂਵਾਂ ਦੀ ਵਰਤੋਂ ਕਰਦਾ ਹਾਂ, ਉਹੀ ਥਾਂਵਾਂ ਬੱਚਿਆਂ ਦੇ ਸਟ੍ਰੋਲਰ ਨਾਲ ਲੈ ਕੇ ਤੁਰਨ ਵਾਲੇ ਮਾਪਿਆਂ, ਬਜ਼ੁਰਗਾਂ ਜਾਂ ਏਅਰਪੋਰਟ ਤੋਂ ਸੂਟਕੇਸ ਲੈ ਕੇ ਆਉਣ ਵਾਲੇ ਲੋਕਾਂ ਦੇ ਵੀ ਕੰਮ ਆਉਂਦੀਆਂ ਹਨ।”
ਆਰਕੀਟੈਕਟ ਫ੍ਰਾਂਸਿਸ ਐਗੁਇਲਾਰਡ, ਜਿਨ੍ਹਾਂ ਨੇ ਜਪਾਨ ਦੇ ਸ਼ਹਿਰੀ ਡਿਜ਼ਾਈਨ ਦਾ ਅਧਿਐਨ ਕੀਤਾ ਹੈ, ਦਾ ਮੰਨਣਾ ਹੈ ਕਿ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਗੱਲਾਂ ਅਕਸਰ ਸਭ ਤੋਂ ਵੱਧ ਅਸਰ ਪਾਉਂਦੀਆਂ ਹਨ।
ਉਨ੍ਹਾਂ ਕਿਹਾ, “ਚੰਗੀ ਤਰ੍ਹਾਂ ਰਹਿਣ-ਲਾਇਕ ਸ਼ਹਿਰ ਦਾ ਮਤਲਬ ਅਕਸਰ ਆਮ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨਾ ਹੁੰਦਾ ਹੈ। ਜਿਵੇਂ ਕਿ ਕੀ ਕੋਈ ਵਿਅਕਤੀ ਪੂਰੇ ਦਿਨ ਬਿਨ੍ਹਾਂ ਕਾਰ ਦਾ ਇਸਤੇਮਾਲ ਕੀਤੇ, ਸਕੂਲ, ਕਰਿਆਨੇ ਦੀ ਦੁਕਾਨ, ਪਾਰਕ, ਡਾਕਟਰ ਅਤੇ ਦੋਸਤਾਂ ਕੋਲ ਪਹੁੰਚ ਸਕਦਾ ਹੈ?”
ਜਪਾਨ ਵਿੱਚ ਰਹਿਣ ਵਾਲੇ ਕਈ ਲੋਕਾਂ ਲਈ ਇਸ ਦਾ ਜਵਾਬ ‘ਹਾਂ’ ਹੈ। ਅਸੀਂ ਉਨ੍ਹਾਂ ਨਾਲ ਅਤੇ ਸ਼ਹਿਰੀ ਯੋਜਨਾ ਬਣਾਉਣ ਵਾਲੇ ਮਾਹਰਾਂ ਨਾਲ ਗੱਲ ਕੀਤੀ ਤਾਂ ਜੋ ਇਹ ਜਾਣ ਸਕੀਏ ਕਿ ਦੇਸ਼ ਅਜਿਹੇ ਸ਼ਹਿਰ ਕਿਵੇਂ ਬਣਾਉਂਦਾ ਹੈ, ਜੋ ਚੰਗੀ ਤਰ੍ਹਾਂ ਕੰਮ ਕਰਦੇ ਹਨ ਅਤੇ ਉਹ ਕਿਹੜੇ ਨਿਯਮ ਹਨ, ਜੋ ਉੱਥੇ ਰਹਿਣ ਨੂੰ ਇੰਨਾ ਆਸਾਨ ਬਣਾਉਂਦੇ ਹਨ।
1. ਰੋਜ਼ਾਨਾ ਦੀ ਜ਼ਿੰਦਗੀ ਦੇ ਹਿਸਾਬ ਨਾਲ ਸ਼ਹਿਰ ਬਣਾਉਣਾ
ਤਸਵੀਰ ਸਰੋਤ, Getty Images
ਜਪਾਨ ਵਿੱਚ ਰੋਜ਼ਾਨਾ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ‘ਸ਼ੋਤੇਨਗਾਈ’ (ਛੱਤੀਆਂ ਹੋਈਆਂ ਸ਼ੌਪਿੰਗ ਸਟ੍ਰੀਟਜ਼, ਜਿੱਥੇ ਵੱਖ-ਵੱਖ ਛੋਟੇ-ਛੋਟੇ ਕਾਰੋਬਾਰ ਹੁੰਦੇ ਹਨ ਅਤੇ ਜਿਨ੍ਹਾਂ ਦੇ ਮਾਲਕ ਅਕਸਰ ਆਪਣੀਆਂ ਦੁਕਾਨਾਂ ਦੇ ਉੱਪਰ ਹੀ ਰਹਿੰਦੇ ਹਨ) ਵਿੱਚ ਗੁਜ਼ਰਦਾ ਹੈ। ਗ੍ਰਿਸਡੇਲ ਕਹਿੰਦੇ ਹਨ, “ਸਬਜ਼ੀ ਦੀ ਦੁਕਾਨ, ਪੁਰਾਣੀ ਕੌਫ਼ੀ ਸ਼ੌਪ, ਕਲੀਨਿਕ, 100-ਯੇਨ ਵਾਲੀ ਦੁਕਾਨ ਅਤੇ ਰਾਤ ਦੇ ਖਾਣੇ ਦੀਆਂ ਥਾਂਵਾਂ – ਇਹ ਸਭ ਕੁਝ ਹੀ ਇਨ੍ਹਾਂ ਛੱਤੇ ਹੋਏ ਬਲਾਕ ਵਿੱਚ ਮਿਲ ਜਾਂਦੇ ਹਨ।”
ਅਮਰੀਕਾ ਵਿੱਚ ਰਹਿਣ ਦੌਰਾਨ, ਪੈਟ੍ਰਿਕ ਲਾਇਡਨ ਨੂੰ ਗ੍ਰੋਸਰੀ ਦੀ ਸ਼ੌਪਿੰਗ ਕਰਨਾ ਇੱਕ ਬੋਝ ਲੱਗਦਾ ਸੀ। ਓਸਾਕਾ ਦੇ ਇੱਕ ਮਾਡਰਨ ਇਲਾਕੇ ਵਿੱਚ ਰਹਿਣ ਜਾਣ ਤੋਂ ਬਾਅਦ, ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੀਆਂ ਕਾਰਾਂ ਵੇਚ ਕੇ ਸਾਈਕਲਾਂ ਲੈ ਲਈਆਂ। ਨਾਲ ਹੀ, ਛੋਟਾ ਘਰ ਅਤੇ ਛੋਟਾ ਫਰਿੱਜ ਹੋਣ ਕਾਰਨ ਉਨ੍ਹਾਂ ਨੂੰ ਜ਼ਿਆਦਾ ਵਾਰ ਸ਼ੌਪਿੰਗ ਕਰਨੀ ਪੈਂਦੀ ਸੀ।
ਲਾਇਡਨ ਜੋ ਕਿ ‘ਦਿ ਪੌਸਿਬਲ ਸਿਟੀ’ ਨਾਮ ਦੀ ਇੱਕ ਚਿੱਤਰਾਂ ਵਾਲੀ ਨਿਬੰਧ ਲੜੀ (ਲੇਖਾਂ ਦੀ ਸੀਰੀਜ਼) ਲਿਖਦੇ ਹਨ, ਜਿਸ ਵਿੱਚ ਜਪਾਨ ਅਤੇ ਕੋਰੀਆ ਦੀ ਜ਼ਿੰਦਗੀ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਉਹ ਕਹਿੰਦੇ ਹਨ, “ਕਿਸੇ ਤਰ੍ਹਾਂ, ਇਹ ਤਜਰਬਾ ਸੱਚਮੁੱਚ ਬਹੁਤ ਅਰਾਮਦਾਇਕ ਹੈ।”
“ਗ੍ਰੋਸਰੀ ਸ਼ੌਪਿੰਗ ਨੂੰ ਸਿਰਫ਼ ਇੱਕ ਕੰਮ ਦੀ ਬਜਾਏ ਰੋਜ਼ਾਨਾ ਦੇ ਸਮਾਜਿਕ ਤਜਰਬੇ ਵਿੱਚ ਬਦਲਿਆ ਜਾ ਸਕਦਾ ਹੈ, ਜੋ ਤੁਹਾਨੂੰ ਆਪਣੇ ਇਲਾਕੇ ਨਾਲ ਜੋੜਦਾ ਹੈ। ਬੱਚੇ ਹੋਣ ਜਾਂ ਬਜ਼ੁਰਗ, ਹਰ ਕੋਈ ਰੋਜ਼ ਉਸ ਸੜਕ ਤੋਂ ਪੈਦਲ ਲੰਘਦਾ ਹੈ।”

ਇਹ ਇੱਕ ਅਜਿਹਾ ਕੌਂਸੈਪਟ (ਸਿਸਟਮ) ਹੈ ਜਿਸ ਨੂੰ ਦੂਜੀਆਂ ਥਾਵਾਂ ‘ਤੇ ਅਪਣਾਉਣਾ ਮੁਸ਼ਕਿਲ ਹੈ, ਪਰ ਲਾਇਡਨ ਇਸ ਦੀ ਤੁਲਨਾ ਉਸ ਚੀਜ਼ ਨਾਲ ਕਰਦੇ ਹਨ, ਜਿਸਨੇ ਪੁਰਾਣੇ ਮੇਨ ਸਟ੍ਰੀਟ ਅਮਰੀਕਾ ਨੂੰ ਇੰਨਾ ਖਾਸ ਬਣਾਇਆ। ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕਰਨ ਦਾ ਫ਼ਾਇਦਾ ਮਿਲਦਾ ਹੈ।
ਉਹ ਕਹਿੰਦੇ ਹਨ, “ਸੜਕਾਂ ‘ਤੇ ਆਉਂਦੀ ਫ੍ਰਾਈਡ ਕ੍ਰੋਕੇਟਸ ਦੀ ਖੁਸ਼ਬੂ, ਬਿਲਡਿੰਗ ਦੇ ਮਾਲਕਾਂ ਵੱਲੋਂ ਚਲਾਈਆਂ ਜਾਣ ਵਾਲੀਆਂ ਛੋਟੀਆਂ-ਛੋਟੀਆਂ ਦੁਕਾਨਾਂ, ਪਬਲਿਕ ਟ੍ਰਾਂਸਪੋਰਟ ਤੱਕ ਆਸਾਨ ਪਹੁੰਚ ਅਤੇ ਹਰ ਉਮਰ ਦੇ ਲੋਕਾਂ ਲਈ ਸੁਰੱਖਿਆ ਅਤੇ ਭਾਈਚਾਰੇ ਦੀ ਭਾਵਨਾ… ਇਹ ਸਭ ਕਿੰਨੀ ਚੰਗੀ ਤਰ੍ਹਾਂ ਕੰਮ ਕਰਦਾ ਹੈ, ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ।”
ਜਪਾਨ ਦੇ ਸ਼ਹਿਰਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਗੱਡੀਆਂ ਸੜਕਾਂ ਦੇ ਹਿਸਾਬ ਨਾਲ ਹੋਣ, ਨਾ ਕਿ ਸੜਕਾਂ ਗੱਡੀਆਂ ਦੇ ਹਿਸਾਬ ਨਾਲ। ਇੱਥੇ ਛੋਟੀਆਂ ਡਿਲਿਵਰੀ ਵੈਨਸ ਅਤੇ ਛੋਟੇ ‘ਕੇਈ ਟਰੱਕ’ ਮਨੁੱਖਾਂ ਦੇ ਹਿਸਾਬ ਨਾਲ ਬਣੀਆਂ ਗਲੀਆਂ ਵਿੱਚ ਆਸਾਨੀ ਨਾਲ ਚੱਲ ਸਕਦੇ ਹਨ।
ਐਗੁਇਲਾਰਡ ਕਹਿੰਦੇ ਹਨ, “ਜਪਾਨ ਵਿੱਚ ਸ਼ਹਿਰ ਦੀਆਂ ਸੜਕਾਂ ਅਕਸਰ ਅਜਿਹੀਆਂ ਥਾਵਾਂ ਹੁੰਦੀਆਂ ਹਨ ਜਿੱਥੇ ਪੈਦਲ ਚੱਲਣ ਵਾਲੇ, ਸਾਈਕਲ ਅਤੇ ਗੱਡੀਆਂ ਇੱਕੋ ਸਮੇਂ ਚੱਲ ਸਕਦੇ ਹਨ। ਇਸ ਨਾਲ ਹਫੜਾ-ਦਫੜੀ ਦੀ ਬਜਾਏ ਗਤੀਵਿਧੀਆਂ ਦਾ ਇੱਕ ਸੁੰਦਰ ਡਾਂਸ ਜਿਹਾ ਬਣਦਾ ਹੈ।”
2. ਸਭ ਲਈ ਟ੍ਰਾਂਸਪੋਰਟ
ਤਸਵੀਰ ਸਰੋਤ, Getty Images
ਜਪਾਨ ਦਾ ਟ੍ਰਾਂਸਪੋਰਟ ਸਿਸਟਮ ਆਪਣੀ ਭਰੋਸੇਯੋਗਤਾ, ਸੁਰੱਖਿਆ ਅਤੇ ਸਾਫ਼-ਸਫ਼ਾਈ ਲਈ ਮਸ਼ਹੂਰ ਹੈ। ‘ਜੀ ਐਡਵੈਂਚਰਜ਼’ ਦੇ ਰੀਜਨਲ ਓਪਰੇਸ਼ਨਜ਼ ਮੈਨੇਜਰ ਕੇਇਕੋ ਓਟਾ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਟੋਕਿਓ ਵਿੱਚ ਰਹਿ ਰਹੇ ਹਨ ਅਤੇ ਕਹਿੰਦੇ ਹਨ, “ਸ਼ਾਨਦਾਰ ਪਬਲਿਕ ਟ੍ਰਾਂਸਪੋਰਟ ਨੈੱਟਵਰਕ ਤੁਹਾਨੂੰ ਕਿਤੇ ਵੀ ਲੈ ਕੇ ਜਾ ਸਕਦਾ ਹੈ। ਮੇਰੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ, ਫਿਰ ਵੀ ਮੈਨੂੰ ਕਿਤੇ ਵੀ ਜਾਣ ਦੀ ਪੂਰੀ ਆਜ਼ਾਦੀ ਮਹਿਸੂਸ ਹੁੰਦੀ ਹੈ।”
ਗ੍ਰਿਸਡੇਲ ਨੂੰ ਇਹ ਗੱਲ ਪਸੰਦ ਹੈ ਕਿ ਜਪਾਨ ਵਿੱਚ ਪਬਲਿਕ ਟ੍ਰਾਂਸਪੋਰਟ (ਜਨਤਕ ਆਵਾਜਾਈ ਵਿਵਸਥਾ) ਬਹੁਤ ਸੁਵਿਧਾਜਨਕ ਹੈ ਅਤੇ ਉਨ੍ਹਾਂ ਨੂੰ ਦੂਜੇ ਦੇਸ਼ਾਂ ਵਾਂਗ ਯਾਤਰਾ ਲਈ ਪਹਿਲਾਂ ਤੋਂ ਪਲਾਨਿੰਗ ਨਹੀਂ ਕਰਨੀ ਪੈਂਦੀ।
ਉਨ੍ਹਾਂ ਕਿਹਾ, “ਕੈਨੇਡਾ ਤੋਂ ਆਉਣ ਕਾਰਨ ਮੈਨੂੰ ਅਜੇ ਵੀ ਇਹ ਅਜੀਬ ਲੱਗਦਾ ਹੈ ਕਿ ਮੈਂ [ਜਪਾਨ ਵਿੱਚ] ਲਗਭਗ ਕਿਸੇ ਵੀ ਸਟੇਸ਼ਨ ‘ਤੇ ਪਹੁੰਚ ਸਕਦਾ ਹਾਂ ਅਤੇ ਬਿਨ੍ਹਾਂ ਰਿਜ਼ਰਵੇਸ਼ਨ ਦੇ ਟ੍ਰੇਨ ਜਾਂ ਬੱਸ ਰਾਹੀਂ ਸਮੇਂ ਸਿਰ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹਾਂ।”
“ਲਿਫ਼ਟਾਂ ਬਹੁਤ ਘੱਟ ਹੀ ਖ਼ਰਾਬ ਹੁੰਦੀਆਂ ਹਨ ਅਤੇ ਜੇਕਰ ਕੋਈ ਖ਼ਰਾਬ ਹੋ ਵੀ ਜਾਵੇ ਤਾਂ ਉਸ ਲਈ ਇੱਕ ‘ਪਲਾਨ ਬੀ’ ਹੁੰਦਾ ਹੈ; ਸਟਾਫ਼ ਮੈਨੂੰ ਇਹ ਕਹਿਣ ਦੀ ਬਜਾਏ ਕਿ ‘ਇਹ ਨਹੀਂ ਹੋ ਸਕਦਾ’, ਇੱਕ ਪੋਰਟੇਬਲ ਸਟੇਅਰ ਕਲਾਈਮਬਰ (ਪੌੜੀ ਚੜ੍ਹਨ ਵਾਲੀ ਮਸ਼ੀਨ) ਲੈ ਆਉਂਦਾ ਹੈ।”
ਉਨ੍ਹਾਂ ਦਾ ਤਜਰਬਾ ਜਪਾਨ ਦੇ ਉਨ੍ਹਾਂ ਸੁਧਾਰਾਂ ਨੂੰ ਦਰਸਾਉਂਦਾ ਹੈ ਜੋ 2006 ਦੇ “ਬੈਰੀਅਰ-ਫ੍ਰੀ” (ਬਿਨ੍ਹਾਂ ਰੁਕਾਵਟ ਵਾਲੇ) ਕਾਨੂੰਨ ਤੋਂ ਬਾਅਦ ਦੋ ਦਹਾਕਿਆਂ ਤੱਕ ਚੱਲੇ। ਸਾਲ 2020 ਤੱਕ, ਜ਼ਿਆਦਾ ਭੀੜ-ਭਾੜ ਵਾਲੇ 10 ਵਿੱਚੋਂ 9 ਤੋਂ ਵੱਧ ਸਟੇਸ਼ਨਾਂ ‘ਤੇ ਪੌੜੀਆਂ ਚੜ੍ਹਨ ਦੀ ਜ਼ਰੂਰਤ ਖ਼ਤਮ ਕਰ ਦਿੱਤੀ ਗਈ ਸੀ ਅਤੇ ਦੇਸ਼ ਭਰ ਦੇ ਹਜ਼ਾਰਾਂ ਸਟੇਸ਼ਨਾਂ ‘ਤੇ ਲਿਫ਼ਟਾਂ ਲਗਾ ਦਿੱਤੀਆਂ ਗਈਆਂ ਸਨ।
ਟੋਕਿਓ ਵਿੱਚ, ਗ੍ਰਿਸਡੇਲ ਨੇ ਦੇਖਿਆ ਕਿ ਸ਼ਹਿਰ ਅਜੇ ਵੀ ਲੋਕਾਂ ਦੇ ਸੁਝਾਵਾਂ ਅਤੇ ਫੀਡਬੈਕ ‘ਤੇ ਧਿਆਨ ਦਿੰਦਾ ਹੈ। ਜਦੋਂ ਉਨ੍ਹਾਂ ਦੇ ਸਥਾਨਕ ਪਾਰਕ ਵਿੱਚ ਫੁੱਲਾਂ ਦੇ ਗਮਲੇ ਇੰਨੇ ਨੇੜੇ-ਨੇੜੇ ਰੱਖੇ ਗਏ ਸਨ ਕਿ ਉਨ੍ਹਾਂ ਦੀ ਵ੍ਹੀਲਚੇਅਰ ਉੱਥੋਂ ਲੰਘ ਨਹੀਂ ਸਕਦੀ ਸੀ ਤਾਂ ਗ੍ਰਿਸਡੇਲ ਨੇ ਪਾਰਕ ਵਿਭਾਗ ਨੂੰ ਇਸ ਬਾਰੇ ਦੱਸਿਆ। ਕੁਝ ਹੀ ਦਿਨਾਂ ਵਿੱਚ, ਸਟਿੱਕਰ ਲਗਾ ਕੇ ਸਟਾਫ਼ ਨੂੰ ਯਾਦ ਦਿਵਾਇਆ ਗਿਆ ਕਿ ਵ੍ਹੀਲਚੇਅਰ ਦੀ ਵਰਤੋਂ ਕਰਨ ਵਾਲਿਆਂ ਦੇ ਲੰਘਣ ਲਈ ਉਚਿਤ ਜਗ੍ਹਾ ਛੱਡੀ ਜਾਵੇ।
ਜਪਾਨ ਦੇ ਐਕਸੈਸਿਬਿਲਿਟੀ (ਆਸਾਨੀ ਨਾਲ ਪਹੁੰਚਣ ਦੀ ਸਹੂਲਤ) ਦੇ ਇਸ ਨਜ਼ਰੀਏ ਨੇ ਦੂਜੇ ਦੇਸ਼ਾਂ ਦੇ ਸ਼ਹਿਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਦੁਨੀਆ ਭਰ ਵਿੱਚ ਦੇਖ ਨਾ ਸਕਣ ਵਾਲੇ ਪੈਦਲ ਯਾਤਰੀਆਂ ਲਈ ਵਰਤਿਆ ਜਾਣ ਵਾਲਾ ਪੀਲੇ ਰੰਗ ਦੇ ਉੱਭਰੇ ਹੋਏ ਫ਼ਰਸ਼ ਦੀ ਖੋਜ 1967 ਵਿੱਚ ਜਪਾਨੀ ਇੰਜੀਨੀਅਰ ਸੇਇਚੀ ਮਿਆਕੇ ਨੇ ਕੀਤੀ ਸੀ। ਉਨ੍ਹਾਂ ਨੇ ਇਹ ਖੋਜ ਆਪਣੇ ਇੱਕ ਦੋਸਤ ਦੀ ਮਦਦ ਲਈ ਕੀਤੀ ਸੀ, ਜਿਸ ਦੀ ਨਜ਼ਰ ਕਮਜ਼ੋਰ ਹੋ ਰਹੀ ਸੀ।
ਦਸ ਸਾਲਾਂ ਦੇ ਅੰਦਰ ਹੀ, ਦੇਸ਼ ਦੇ ਨੈਸ਼ਨਲ ਰੇਲਵੇ ਸਟੇਸ਼ਨਾਂ ‘ਤੇ ਇਸ ਨੂੰ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ। ਗ੍ਰਿਸਡੇਲ ਕਹਿੰਦੇ ਹਨ, “ਜਪਾਨ ਨੇ ਇਹ ਚੀਜ਼ਾਂ ਸਭ ਨੂੰ ਦਿੱਤੀਆਂ।”
3. ਥਾਂ ਦੀ ਪਛਾਣ ਬਣਾਈ ਰੱਖਣਾ
ਤਸਵੀਰ ਸਰੋਤ, Getty Images
ਆਪਣੀਆਂ ਮਸ਼ਹੂਰ ਬੁਲੇਟ ਟ੍ਰੇਨਾਂ ਅਤੇ ਵਿਅਸਤ ਸ਼ਹਿਰੀ ਇਲਾਕਿਆਂ ਦੇ ਬਾਵਜੂਦ, ਜਪਾਨ ਧੀਰਜ, ਨਿਰੰਤਰਤਾ ਅਤੇ ਰਵਾਇਤਾਂ ਨੂੰ ਸਨਮਾਨ ਦੇਣ ਨੂੰ ਵੀ ਮਹੱਤਵ ਦਿੰਦਾ ਹੈ।
ਜਦੋਂ ਲਾਇਡਨ ਨੇ ਓਸਾਕਾ ਵਿੱਚ ਆਪਣੇ ਘਰ ਦੀ ਰਜਿਸਟ੍ਰੇਸ਼ਨ ਕਰਵਾਈ ਤਾਂ ਜ਼ਿਲ੍ਹਾ ਦਫ਼ਤਰ ਦੇ ਕਰਮਚਾਰੀ ਨੇ ਇੱਕ ਵੱਡੀ ਮੈਪ ਬੁੱਕ ਕੱਢੀ, ਪਿਛਲੇ ਰਹਿਣ ਵਾਲੇ ਦਾ ਨਾਮ ਮਿਟਾਇਆ ਅਤੇ ਪੈਂਸਿਲ ਨਾਲ ਉਨ੍ਹਾਂ ਦਾ ਨਾਮ ਲਿਖ ਦਿੱਤਾ। ਉਨ੍ਹਾਂ ਨੇ ਕਿਹਾ, “ਸਿਲਿਕਾਨ ਵੈਲੀ ਦੀਆਂ ਟੈੱਕ ਕੰਪਨੀਆਂ ਵਿੱਚ ਕੰਮ ਕਰਦੇ ਹੋਏ ਵੱਡੇ ਹੋਣ ਕਾਰਨ, ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ। ਜਪਾਨ ਵਿੱਚ ਅਕਸਰ ਸਿਸਟਮ ਨੂੰ ਸਿਰਫ਼ ਇਸ ਲਈ ਨਹੀਂ ਬਦਲਿਆ ਜਾਂਦਾ ਕਿਉਂਕਿ ਨਵੀਂ ਟੈਕਨੋਲੋਜੀ ਆ ਗਈ ਹੈ। ਜੇਕਰ ਕੋਈ ਚੀਜ਼ ਅਜੇ ਵੀ ਠੀਕ ਤਰ੍ਹਾਂ ਕੰਮ ਕਰ ਰਹੀ ਹੈ ਤਾਂ ਉਸ ਨੂੰ ਦੁਬਾਰਾ ਬਣਾਉਣ ਦਾ ਕੋਈ ਦਬਾਅ ਨਹੀਂ ਹੁੰਦਾ।”
ਇਹ ਧੀਰਜ ਉੱਥੋਂ ਦੇ ਨਜ਼ਾਰਿਆਂ ਵਿੱਚ ਵੀ ਦਿਖਾਈ ਦਿੰਦਾ ਹੈ, ਜਿੱਥੇ ਆਮ ਮੁਹੱਲਿਆਂ ਅਤੇ ਇੱਥੋਂ ਤੱਕ ਕਿ ਟ੍ਰੇਨ ਸਟੇਸ਼ਨਾਂ ‘ਤੇ ਵੀ ਸਦੀਆਂ ਪੁਰਾਣੇ ਦਰੱਖ਼ਤ ਅਜੇ ਵੀ ਬਚੇ ਹੋਏ ਹਨ। ਜਿਵੇਂ ਓਸਾਕਾ ਦੇ ਨੇੜੇ ਕਾਯਾਸ਼ਿਮਾ ਸਟੇਸ਼ਨ ਦੀ ਛੱਤ ਦੇ ਵਿਚਕਾਰੋਂ ਸਿੱਧਾ ਉੱਗਿਆ ਹੋਇਆ 700 ਸਾਲ ਪੁਰਾਣਾ ਕਪੂਰ ਦਾ ਦਰੱਖ਼ਤ।
ਲਾਇਡਨ ਨੇ ਕਿਹਾ, “ਜਪਾਨ ਵਿੱਚ ਰਹਿਣ ਦੌਰਾਨ ਮੈਂ ਦੇਖਿਆ ਕਿ ਪੁਰਾਣੇ ਦਰੱਖ਼ਤਾਂ ਨੂੰ ਹਟਾਉਣ ਦੀ ਬਜਾਏ ਉਨ੍ਹਾਂ ਨੂੰ ਬਚਾ ਕੇ ਰੱਖਣ ‘ਤੇ ਕਿੰਨਾ ਧਿਆਨ ਦਿੱਤਾ ਜਾਂਦਾ ਹੈ। ਭਾਵੇਂ ਇਹ ਸ਼ਿੰਤੋ ਪਰੰਪਰਾ ਕਾਰਨ ਹੋਵੇ ਜਾਂ ਲੋਕਾਂ ਦੇ ਲਗਾਅ ਕਾਰਨ, ਨਤੀਜਾ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਕਿਸੇ ਥਾਂ ‘ਤੇ ਇੰਫਰਾਸਟ੍ਰਕਚਰ ਬਣਾਉਣ ਅਤੇ ਉਸ ਥਾਂ ਦੇ ਨਾਲ ਮਿਲ ਕੇ ਇੰਫਰਾਸਟ੍ਰਕਚਰ ਬਣਾਉਣ ਵਿੱਚ ਫ਼ਰਕ ਹੁੰਦਾ ਹੈ।”
ਸਭ ਤੋਂ ਵਿਅਸਤ ਬਿਜ਼ਨਸ ਇਲਾਕਿਆਂ ਵਿੱਚ ਵੀ, ਰੋਜ਼ਾਨਾ ਦੀ ਜ਼ਿੰਦਗੀ ਸ਼ਹਿਰ ਦਾ ਹਿੱਸਾ ਬਣੀ ਹੋਈ ਹੈ। 1 ਹੋਟਲ ਟੋਕਿਓ ਦੇ ਜਨਰਲ ਮੈਨੇਜਰ ਮਾਸਾਤੋ ਕੋਮਿਨਾਮੀ ਕਹਿੰਦੇ ਹਨ, “ਤੁਸੀਂ ਲੋਕਾਂ ਨੂੰ ਮੀਟਿੰਗ ਲਈ ਜਲਦੀ ਵਿੱਚ ਜਾਂਦੇ ਹੋਏ ਦੇਖੋਗੇ ਅਤੇ ਫਿਰ ਕੋਨੇ ਤੋਂ ਮੁੜਦੇ ਹੀ ਤੁਹਾਨੂੰ ਪੀੜ੍ਹੀਆਂ ਤੋਂ ਉੱਥੇ ਮੌਜੂਦ ਇੱਕ ਛੋਟਾ ਜਿਹਾ ਮੰਦਰ ਜਾਂ ਇੱਕ ਛੋਟਾ ਜਿਹਾ ਰੈਸਟੋਰੈਂਟ ਦਿਖ ਜਾਵੇਗਾ, ਜਿੱਥੇ ਮਾਲਕ ਸ਼ਾਇਦ ਹਰ ਰੈਗੂਲਰ ਗਾਹਕ ਦਾ ਨਾਮ ਜਾਣਦਾ ਹੋਵੇ।”
ਕੋਮਿਨਾਮੀ ਅਕਸਰ ਅਕਾਸਾਕਾ ਇਲਾਕੇ ਵਿੱਚੋਂ ਲੰਘਦੇ ਹਨ। ਉਹ ਕਹਿੰਦੇ ਹਨ, “ਕੰਮ ਦੇ ਵਿਅਸਤ ਦਿਨ ਦੇ ਵਿਚਕਾਰ, ਤੁਸੀਂ ਪੰਛੀਆਂ ਦੀਆਂ ਆਵਾਜ਼ਾਂ ਸੁਣਦੇ ਹੋ, ਦਰੱਖ਼ਤਾਂ ਵਿਚਕਾਰੋਂ ਬਦਲਦੀ ਰੌਸ਼ਨੀ ਨੂੰ ਦੇਖਦੇ ਹੋ ਜਾਂ ਮੌਸਮ ਦੀ ਖੁਸ਼ਬੂ ਮਹਿਸੂਸ ਕਰਦੇ ਹੋ।”
4. ਸਾਂਝੀਆਂ ਥਾਵਾਂ ‘ਤੇ ਸ਼ਿਸ਼ਟਾਚਾਰ ਬਣਾਈ ਰੱਖਣਾ
ਤਸਵੀਰ ਸਰੋਤ, Getty Images
ਇਨਸਾਨਾਂ ਦੇ ਹਿਸਾਬ ਨਾਲ ਬਣਿਆ ਇੰਫਰਾਸਟ੍ਰਕਚਰ ਕਹਾਣੀ ਦਾ ਸਿਰਫ਼ ਇੱਕ ਹਿੱਸਾ ਹੈ। ਜਪਾਨ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਵੀ ਬਿਹਤਰ ਜ਼ਿੰਦਗੀ ਲਈ ਮਾਹੌਲ ਬਣਾਉਂਦੇ ਹਨ। ਕੋਮਿਨਾਮੀ ਕਹਿੰਦੇ ਹਨ, “ਟੋਕਿਓ ਬਹੁਤ ਵਿਅਸਤ ਹੈ, ਪਰ ਲੋਕ ਕੁਦਰਤੀ ਤੌਰ ‘ਤੇ ਸੋਚਦੇ ਹਨ ਕਿ ਉਨ੍ਹਾਂ ਦੇ ਕੰਮਾਂ ਦਾ ਦੂਜਿਆਂ ‘ਤੇ ਕੀ ਅਸਰ ਪੈਂਦਾ ਹੈ। ਇਹ ਕੋਈ ਅਜਿਹੀ ਗੱਲ ਨਹੀਂ ਹੈ ਜਿਸ ਬਾਰੇ ਲੋਕ ਜ਼ਿਆਦਾ ਗੱਲ ਕਰਦੇ ਹਨ, ਇਹ ਬਸ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਹੈ।”
ਗ੍ਰਿਸਡੇਲ ਇਸੇ ਸਹਿਯੋਗ ‘ਤੇ ਨਿਰਭਰ ਹਨ ਅਤੇ ਇੱਥੇ ਲਗਭਗ ਦੋ ਦਹਾਕੇ ਰਹਿਣ ਤੋਂ ਬਾਅਦ, ਉਹ ਇਸ ਨੂੰ ਸਰਕਾਰ ਵੱਲੋਂ ਬਣਾਈ ਗਈ ਕਿਸੇ ਵੀ ਚੀਜ਼ ਦੇ ਬਰਾਬਰ ਮੰਨਦੇ ਹਨ। ਉਨ੍ਹਾਂ ਕਿਹਾ, “ਸ਼ਿਸ਼ਟਾਚਾਰ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਹਾਰਡਵੇਅਰ। ਲੋਕ ਪਲੇਟਫਾਰਮ ‘ਤੇ ਬਣੇ ਨਿਸ਼ਾਨਾਂ ‘ਤੇ ਲਾਈਨ ਵਿੱਚ ਲੱਗਦੇ ਹਨ, ਟ੍ਰੇਨਾਂ ਵਿੱਚ ਸ਼ਾਂਤੀ ਬਣਾਈ ਰੱਖਦੇ ਹਨ ਅਤੇ ਬਿਨ੍ਹਾਂ ਕਹੇ ਪ੍ਰਾਇਰਟੀ ਸੀਟਾਂ ਅਤੇ ਜਗ੍ਹਾ (ਰਾਖਵੀਆਂ) ਛੱਡ ਦਿੰਦੇ ਹਨ। ਇੰਨੇ ਵੱਡੇ ਸ਼ਹਿਰ ਵਿੱਚ, ਇਸ ਤਰ੍ਹਾਂ ਨਾਲ ਹਰ ਕਿਸੇ ਲਈ ਰੋਜ਼ਾਨਾ ਦੀ ਜ਼ਿੰਦਗੀ ਸ਼ਾਂਤੀ ਵਾਲੀ ਬਣੀ ਰਹਿੰਦੀ ਹੈ।”
ਓਸਾਕਾ ਵਿੱਚ, ਲਾਇਡਨ ਨੇ ਦੇਖਿਆ ਕਿ ਦੂਜਿਆਂ ਪ੍ਰਤੀ ਜਾਗਰੂਕਤਾ ਅਤੇ ਲਿਹਾਜ਼ ਦੇ ਨਾਲ ਜਪਾਨ ਦੇ ਕੰਮ ਕਰਨ ਦੇ ਤਰੀਕੇ ਨੇ ਉਨ੍ਹਾਂ ਨੂੰ ਬਦਲ ਦਿੱਤਾ ਹੈ।
ਉਨ੍ਹਾਂ ਕਿਹਾ, “ਚਾਹੇ ਟ੍ਰੇਨਾਂ ਲਈ ਲਾਈਨ ਵਿੱਚ ਲੱਗਣਾ ਹੋਵੇ, ਜਨਤਕ ਥਾਵਾਂ ‘ਤੇ ਹੌਲੀ ਗੱਲ ਕਰਨੀ ਹੋਵੇ, ਕੂੜਾ ਨਾ ਫੈਲਾਉਣਾ ਹੋਵੇ, ਰੀਸਾਈਕਲਿੰਗ ਲਈ ਕੂੜਾ ਵੱਖਰਾ ਕਰਨਾ ਹੋਵੇ ਜਾਂ ਖਾਣਾ ਖਾਣ ਤੋਂ ਪਹਿਲਾਂ ‘ਇਤਾਦਾਕਿਮਾਸੁ’ (‘ਮੈਂ ਨਿਮਰਤਾ ਨਾਲ ਇਸ ਨੂੰ ਸਵੀਕਾਰ ਕਰਦਾ ਹਾਂ’) ਕਹਿਣਾ ਹੋਵੇ, ਰੋਜ਼ਾਨਾ ਦੀਆਂ ਕਈ ਆਦਤਾਂ ਤੁਹਾਨੂੰ ਯਾਦ ਦਿਵਾਉਂਦੀਆਂ ਹਨ ਕਿ ਤੁਸੀਂ ਆਪਣੇ ਆਪ ਤੋਂ ਵੀ ਵੱਡੀ ਕਿਸੇ ਚੀਜ਼ ਦਾ ਹਿੱਸਾ ਹੋ।”
“ਹੋ ਸਕਦਾ ਹੈ ਕਿ ਇਹ ਦੁਨੀਆ ਦੀਆਂ ਬੁਰਾਈਆਂ ਨੂੰ ਠੀਕ ਕਰਨ ਦਾ ਕੋਈ ਜਾਦੂਈ ਮੰਤਰ ਨਾ ਹੋਵੇ, ਪਰ ਨਿੱਜੀ ਤੌਰ ‘ਤੇ ਇਸ ਨੇ ਮੈਨੂੰ ਦਇਆ, ਸੁੰਦਰਤਾ ਅਤੇ ਸ਼ਾਂਤੀ ਵੱਲ ਵਧਣ ਵਿੱਚ ਮਦਦ ਕੀਤੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


