Home rss national punjabi2ਰਾਸ਼ਟਰੀ ਖ਼ਬਰਾਂ ਵਟਸਐਪ ਚੈਟ ਦੀ ਵਰਤੋਂ ਅਪਰਾਧ ਤੇ ਅੱਤਵਾਦ ਵਾਸਤੇ ਕਾਲਾ ਧਨ ਭੇਜਣ ਲਈ...

ਵਟਸਐਪ ਚੈਟ ਦੀ ਵਰਤੋਂ ਅਪਰਾਧ ਤੇ ਅੱਤਵਾਦ ਵਾਸਤੇ ਕਾਲਾ ਧਨ ਭੇਜਣ ਲਈ ਹੋਈ, ਕਿਵੇਂ ਕੰਮ ਕਰਦਾ ਸੀ ਨੈੱਟਵਰਕ

4
0

Source :- BBC PUNJABI

ਅੱਤਵਾਦ

ਯੂਰਪੀ ਬ੍ਰੋਡਕਾਸਟਰਾਂ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੁਨੀਆ ਭਰ ਵਿੱਚ ਕਰੋੜਾਂ ਯੂਰੋ ਦੀ ਨਕਦੀ ਭੇਜਣ ਲਈ ਇੱਕ ਵਟਸਐਪ ਗਰੁੱਪ ਚੈਟ ਦੀ ਵਰਤੋਂ ਕੀਤੀ ਗਈ। ਇਸ ਰਾਹੀਂ ਬਿਨਾਂ ਕਿਸੇ ਕਾਗਜ਼ੀ ਰਿਕਾਰਡ ਦੇ ਸੰਗਠਿਤ ਅਪਰਾਧ ਅਤੇ ਅੱਤਵਾਦ ਲਈ ਫੰਡ ਮੁਹੱਈਆ ਕਰਵਾਏ ਜਾਂਦੇ ਸਨ।

“ਟ੍ਰੇਡਰਸ ਆਫ ਗ੍ਰੇਟਰ ਯੂਰਪ” ਨਾਮ ਦੇ ਇਸ 532 ਮੈਂਬਰਾਂ ਵਾਲੇ ਗਰੁੱਪ ਚੈਟ ਦੀ ਵਰਤੋਂ ਆਪਣੇ ਗਾਹਕਾਂ ਲਈ ਸਰਹੱਦਾਂ ਪਾਰ ਨਕਦੀ ਟ੍ਰਾਂਸਫਰ ਦਾ ਪ੍ਰਬੰਧ ਕਰਨ ਵਾਸਤੇ ਕੀਤੀ ਜਾਂਦੀ ਸੀ। ਇਨ੍ਹਾਂ ਵਿੱਚ ਬਰਤਾਨੀਆ ਦੇ ਬਰਮਿੰਘਮ ਅਤੇ ਲੰਡਨ ਵਰਗੇ ਸ਼ਹਿਰ ਵੀ ਸ਼ਾਮਲ ਸਨ।

ਇੱਕ ਮਾਮਲੇ ਵਿੱਚ ਬ੍ਰਸਲਜ਼ ਤੋਂ ਕੀਤੇ ਗਏ ਭੁਗਤਾਨ ਸੀਰੀਆ ਵਿੱਚ ਇਸਲਾਮਿਕ ਸਟੇਟ ਸਮੂਹ (ਆਈਐੱਸ) ਦੇ ਲੜਾਕਿਆਂ ਤੱਕ ਪਹੁੰਚੇ।

ਇਸ ਗਰੁੱਪ ਚੈਟ ਵਿੱਚ ਫਰਵਰੀ 2022 ਦੇ ਅਖੀਰ ਤੋਂ ਦਸੰਬਰ 2022 ਦਰਮਿਆਨ ਭੇਜੇ ਗਏ 82,000 ਤੋਂ ਵੱਧ ਸੁਨੇਹੇ ਸਨ।

ਇਸ ਗਰੁੱਪ ਚੈਟ ਦਾ ਪਹਿਲੀ ਵਾਰ ਪਤਾ ਬੈਲਜੀਅਮ ਦੇ ਜਾਂਚ ਮੈਜਿਸਟ੍ਰੇਟ ਵਿਨਸੈਂਟ ਗੁਏਰਾ ਨੇ ਲਗਾਇਆ ਸੀ।

ਜਾਂਚ ਮੈਜਿਸਟ੍ਰੇਟ ਉਹ ਜੱਜ ਹੁੰਦਾ ਹੈ ਜੋ ਮੁਕੱਦਮਾ ਚੱਲਣ ਤੋਂ ਪਹਿਲਾਂ ਗੁੰਝਲਦਾਰ ਮਾਮਲਿਆਂ ਵਿੱਚ ਸਬੂਤਾਂ ਦੀ ਜਾਂਚ ਕਰਦਾ ਹੈ ਅਤੇ ਇਹ ਸਿਫਾਰਸ਼ ਕਰਦਾ ਹੈ ਕਿ ਮਾਮਲੇ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ।

ਗੁਏਰਾ ਨੇ ਕਿਹਾ ਕਿ ਲੈਣ-ਦੇਣ ਦੀ ਗਿਣਤੀ “ਹੈਰਾਨ ਕਰਨ ਵਾਲੀ” ਸੀ ਅਤੇ ਇਹ ਨੈੱਟਵਰਕ “ਪੂਰੀ ਦੁਨੀਆ” ਵਿੱਚ ਫੈਲਿਆ ਹੋਇਆ ਸੀ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਅੱਤਵਾਦ ਲਈ ਫੰਡਿੰਗ ਦੀ ਜਾਂਚ ਵਜੋਂ ਸ਼ੁਰੂ ਹੋਇਆ ਸੀ, ਪਰ “ਇਹ ਲੈਣ-ਦੇਣ ਦੇ ਸਮੁੰਦਰ ਵਿੱਚ ਸਿਰਫ਼ ਇੱਕ ਬੂੰਦ ਬਣ ਕੇ ਰਹਿ ਗਿਆ।”

ਗਰੁੱਪ ਚੈਟ ਦੇ ਮੈਂਬਰ ਇੱਕ-ਦੂਜੇ ਨੂੰ ਅਰਬੀ ਵਿੱਚ ਸੁਨੇਹੇ ਭੇਜ ਕੇ ਪੁਰਾਣੀ ਹਵਾਲਾ ਟ੍ਰਾਂਸਫਰ ਪ੍ਰਣਾਲੀ ਦੀ ਵਰਤੋਂ ਕਰਦਿਆਂ ਨਕਦੀ ਭੁਗਤਾਨ ਦਾ ਪ੍ਰਬੰਧ ਕਰਦੇ ਸਨ।

ਹਵਾਲਾ ਵਿੱਚ ਭਰੋਸੇਮੰਦ ਪੈਸਾ ਦਲਾਲਾਂ ਦਾ ਇੱਕ ਨੈੱਟਵਰਕ ਹੁੰਦਾ ਹੈ, ਜੋ ਬਿਨਾਂ ਕਿਸੇ ਇਲੈਕਟ੍ਰਾਨਿਕ ਰਿਕਾਰਡ ਜਾਂ ਬੈਂਕ ਨੋਟਾਂ ਨੂੰ ਭੌਤਿਕ ਤੌਰ ‘ਤੇ ਇੱਕ ਥਾਂ ਤੋਂ ਦੂਜੀ ਥਾਂ ‘ਤੇ ਪਹੁੰਚਾਏ, ਦੁਨੀਆ ਭਰ ਵਿੱਚ ਪੈਸਾ ਭੇਜਣ ਦਾ ਪ੍ਰਬੰਧ ਕਰ ਸਕਦਾ ਹੈ।

ਇਸ ਪ੍ਰਣਾਲੀ ਵਿੱਚ ਵੱਖ-ਵੱਖ ਥਾਵਾਂ ‘ਤੇ ਮੌਜੂਦ ਦੋ ਦਲਾਲਾਂ, ਜਿਨ੍ਹਾਂ ਨੂੰ ਹਵਾਲਾਦਾਰ ਕਿਹਾ ਜਾਂਦਾ ਹੈ, ਵਿਚਕਾਰ ਸਮਝੌਤਾ ਹੁੰਦਾ ਹੈ। ਇੱਕ ਹਵਾਲਾਦਾਰ ਨੂੰ ਨਕਦੀ ਦੀ ਇੱਕ ਰਕਮ ਦਿੱਤੀ ਜਾਂਦੀ ਹੈ ਅਤੇ ਦੂਜਾ ਹਵਾਲਾਦਾਰ ਰਕਮ ਲੈਣ ਵਾਲੇ ਨੂੰ ਕਮਿਸ਼ਨ ਕੱਟ ਕੇ ਉਹੀ ਰਕਮ ਦੇਣ ਲਈ ਸਹਿਮਤ ਹੁੰਦਾ ਹੈ।

ਵਟਸਐਪ ਚੈਟ

ਹਵਾਲਾਦਾਰ ਬਾਅਦ ਦੀ ਕਿਸੇ ਤਾਰੀਖ਼ ‘ਤੇ ਆਪਣੇ ਸਾਰੇ ਲੈਣ-ਦੇਣ ਦਾ ਆਪਸ ਵਿੱਚ ਹਿਸਾਬ-ਕਿਤਾਬ ਕਰਨ ਲਈ ਸਹਿਮਤ ਹੁੰਦੇ ਹਨ।

ਹਵਾਲਾ ਟ੍ਰਾਂਸਫਰ ਦੀ ਵਰਤੋਂ ਅਕਸਰ ਜਾਇਜ਼ ਉਦੇਸ਼ਾਂ ਲਈ ਕੀਤੀ ਜਾਂਦੀ ਹੈ, ਜਿਵੇਂ ਕਿ ਪਰਵਾਸੀ ਕਾਮਿਆਂ ਵੱਲੋਂ ਉਨ੍ਹਾਂ ਦੇਸ਼ਾਂ ਵਿੱਚ ਆਪਣੇ ਪਰਿਵਾਰਾਂ ਦੀ ਮਦਦ ਲਈ ਘਰ ਪੈਸੇ ਭੇਜਣਾ, ਜਿੱਥੇ ਬੈਂਕਾਂ ਤੱਕ ਪਹੁੰਚ ਸੀਮਤ ਹੁੰਦੀ ਹੈ।

ਪਰ ਅਪਰਾਧੀ ਜ਼ਿਆਦਾਤਰ ਕੌਮਾਂਤਰੀ ਪੈਸਾ ਟ੍ਰਾਂਸਫਰ ਲਈ ਵਰਤੀ ਜਾਂਦੀ ਸਵਿਫਟ ਪ੍ਰਣਾਲੀ ਤੋਂ ਬਚਣ ਲਈ ਵੀ ਹਵਾਲਾ ਟ੍ਰਾਂਸਫਰ ਦਾ ਫਾਇਦਾ ਉਠਾ ਸਕਦੇ ਹਨ।

ਸਵਿਫਟ ਪ੍ਰਣਾਲੀ ਵਿੱਚ ਬੈਂਕ ਆਮ ਤੌਰ ‘ਤੇ ਕਾਰੋਬਾਰ ਦੇ ਆਮ ਤਰੀਕੇ ਤੋਂ ਬਾਹਰ ਹੋਣ ਵਾਲੇ ਵੱਡੇ ਲੈਣ-ਦੇਣ ਨੂੰ ਸ਼ੱਕੀ ਮੰਨ ਕੇ ਨਿਸ਼ਾਨਬੱਧ ਕਰਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰਨੀ ਪੈਂਦੀ ਹੈ।

ਟ੍ਰੇਡਰਸ ਆਫ ਗ੍ਰੇਟਰ ਯੂਰਪ ਗਰੁੱਪ 5,000 ਯੂਰੋ (4,279 ਪੌਂਡ) ਤੋਂ ਵੱਧ ਦੇ ਲੈਣ-ਦੇਣ ਲਈ ਰਾਖਵਾਂ ਸੀ ਅਤੇ ਭੁਗਤਾਨ ਅਕਸਰ ਇਸ ਤੋਂ ਕਿਤੇ ਵੱਧ ਹੁੰਦੇ ਸਨ। ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਗਰੁੱਪ ਵਿੱਚ ਸ਼ਾਮਲ ਸਾਰੇ ਲੋਕ ਅਪਰਾਧਿਕ ਧਨ ਨੂੰ ਸੰਭਾਲਣ ਵਿੱਚ ਸ਼ਾਮਲ ਸਨ।

ਹਵਾਲਾ ਕਈ ਦੇਸ਼ਾਂ ਵਿੱਚ ਗ਼ੈਰ-ਕਾਨੂੰਨੀ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਯੂਰਪੀ ਸੰਘ ਦੇ ਦੇਸ਼ ਸ਼ਾਮਲ ਹਨ, ਪਰ ਬਰਤਾਨੀਆ ਵਿੱਚ ਇਹ ਕਾਨੂੰਨੀ ਹੈ, ਬਸ਼ਰਤੇ ਕਿ ਦਲਾਲ ਰੈਵਨਿਊ ਐਂਡ ਕਸਟਮਜ਼ (ਐੱਚਐੱਮਆਰਸੀ) ਨਾਲ ਰਜਿਸਟਰਡ ਹੋਣ।

ਵਟਸਐਪ ਸੁਨੇਹਿਆਂ ਦਾ ਇਹ ਸਾਰਾ ਰਿਕਾਰਡ ਈਬੀਯੂ ਨੂੰ ਬੈਲਜੀਅਮ ਵਿੱਚ 2024 ਵਿੱਚ ਚੱਲੇ ਇੱਕ ਅਦਾਲਤੀ ਮਾਮਲੇ ਤੋਂ ਬਾਅਦ ਮਿਲਿਆ। ਇਸ ਮਾਮਲੇ ਵਿੱਚ ਛੇ ਮਨੀ ਲਾਂਡਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਜਿਨ੍ਹਾਂ ਵਿੱਚ ਬ੍ਰਸਲਜ਼ ਵਿੱਚ ਨੈੱਟਵਰਕ ਦਾ ਮੁਖੀ ਅਬੂ ਆਦਮ ਅਤੇ ਉਸ ਦਾ ਦੂਜੇ ਨੰਬਰ ਦਾ ਸਾਥੀ ਅਬੂ ਅਹਿਮਦ ਵੀ ਸ਼ਾਮਲ ਸਨ।

ਬੈਲਜੀਅਮ ਦੀ ਪੁਲਿਸ ਨੂੰ ਸਬੂਤ ਮਿਲੇ ਸਨ ਕਿ ਮੁਲਜ਼ਮਾਂ ਵੱਲੋਂ ਆਈਐੱਸ ਨੂੰ ਪੈਸੇ ਭੇਜੇ ਜਾ ਰਹੇ ਸਨ।

ਇਹ ਪੈਸਾ ਸੀਰੀਆ ਦੇ ਹਿਰਾਸਤੀ ਕੈਂਪਾਂ ਵਿੱਚ ਬੰਦ ਲੜਾਕਿਆਂ ਦੀਆਂ ਪਤਨੀਆਂ ਨੂੰ ਉੱਥੋਂ ਭੱਜਣ ਵਿੱਚ ਮਦਦ ਕਰਨ ਲਈ ਭੇਜਿਆ ਜਾ ਰਿਹਾ ਸੀ। ਜਦੋਂ ਪੁਲਿਸ ਨੇ ਅਬੂ ਆਦਮ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਦੇ ਫੋਨ ਵਿੱਚ ਟ੍ਰੇਡਰਸ ਆਫ ਗ੍ਰੇਟਰ ਯੂਰਪ ਗਰੁੱਪ ਦੀ ਚੈਟ ਮਿਲੀ।

ਗੁਏਰਾ ਨੇ ਕਿਹਾ ਕਿ ਇਹ “ਜੈਕਪਾਟ ਲੱਗਣ” (ਬਹੁਤ ਵੱਡੀ ਕਾਮਯਾਬੀ) ਵਰਗਾ ਸੀ, ਕਿਉਂਕਿ ਇਸ ਨਾਲ ਇੱਕ ਵਿਸ਼ਾਲ ਅਤੇ ਗੁਪਤ ਪ੍ਰਣਾਲੀ ਦੇ ਅੰਦਰੂਨੀ ਕੰਮਕਾਜ ਦਾ ਪਤਾ ਲੱਗ ਗਿਆ ਸੀ।

ਫੋਨ ਵਿੱਚ 5 ਦੇ ਯੂਰੋ ਦੇ ਨੋਟਾਂ ਦੀਆਂ 6,000 ਤਸਵੀਰਾਂ ਵੀ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਸੀਰੀਅਲ ਨੰਬਰ ਦਿਖਾਈ ਦੇ ਰਹੇ ਸਨ ਅਤੇ ਪਛਾਣ ਪੱਤਰਾਂ ਦੀਆਂ 6,000 ਤਸਵੀਰਾਂ ਵੀ ਸਨ।

ਗੁਏਰਾ ਨੇ ਕਿਹਾ ਕਿ ਇਹ ਵੇਰਵੇ ਅਕਸਰ ਹਵਾਲਾ ਲੈਣ-ਦੇਣ ਵਿੱਚ ਵਿਲੱਖਣ ਪਛਾਣ ਕੋਡ ਵਜੋਂ ਵਰਤੇ ਜਾਂਦੇ ਹਨ ਅਤੇ ਨੋਟਾਂ ਤੇ ਪਛਾਣ ਪੱਤਰਾਂ ਦੀ ਕੁੱਲ ਗਿਣਤੀ ਤੋਂ ਸੰਕੇਤ ਮਿਲਦਾ ਹੈ ਕਿ ਅਬੂ ਆਦਮ ਨੇ ਘੱਟੋ-ਘੱਟ 12,000 ਲੈਣ-ਦੇਣ ਕੀਤੇ ਸਨ।

ਉਨ੍ਹਾਂ ਕਿਹਾ, “ਇਹ ਸਿਰਫ਼ ਕਿਸੇ ਸ਼ੌਕੀਏ ਦਾ ਕੰਮ ਨਹੀਂ ਹੈ, ਇਹ ਪੇਸ਼ੇਵਰ ਹੈ ਅਤੇ ਅਜਿਹੇ ਪੱਧਰ ‘ਤੇ ਹੈ ਜਿਸਦੀ ਅਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਸੀ।”

ਉਨ੍ਹਾਂ ਕਿਹਾ, “ਇਹ ਬਿਨਾਂ ਸਰਕਾਰੀ ਨਿਗਰਾਨੀ ਵਾਲੇ ਬੈਂਕਰ ਹਨ।”

ਈਬੀਯੂ ਨੂੰ ਪੂਰੇ ਯੂਰਪ ਵਿੱਚ ਅਪਰਾਧਿਕ ਗਤੀਵਿਧੀਆਂ ਲਈ ਹਵਾਲਾ ਪ੍ਰਣਾਲੀ ਦੀ ਵਰਤੋਂ ਕਰਨ ਵਾਲੇ ਹੋਰ ਗਿਰੋਹਾਂ ਦਾ ਵੀ ਪਤਾ ਲੱਗਿਆ।

ਵਿਨਸੈਂਟ ਗੁਏਰਾ

ਤਸਵੀਰ ਸਰੋਤ, VRT

ਯੂਰਪ ਦੇ ਹਵਾਲਾ ਨੈੱਟਵਰਕਾਂ ਵਿੱਚ ਪਹਿਲਾਂ ਸ਼ਾਮਲ ਰਹੇ ਇੱਕ ਸਾਬਕਾ ਮਨੀ ਲਾਂਡਰਰ, ਜਿਸ ਨੂੰ ਅਸੀਂ ਫਰੈਂਕ ਕਹਿ ਰਹੇ ਹਾਂ, ਉਹਨਾਂ ਨੇ ਈਬੀਯੂ ਨੂੰ ਦੱਸਿਆ ਕਿ ਉਹ ਕਈ ਸੌ ਮਿਲੀਅਨ ਯੂਰੋ ਦੇ ਕੁੱਲ ਲੈਣ-ਦੇਣ ਵਿੱਚ ਸ਼ਾਮਲ ਰਿਹਾ ਸੀ।

ਉਹਨਾਂ ਨੇ ਦੱਸਿਆ ਕਿ ਹਵਾਲਾ ਪ੍ਰਣਾਲੀ ਨਾਲ ਉਹਨਾਂ ਦੀ ਪਹਿਲੀ ਜਾਣ-ਪਛਾਣ ਰੌਟਰਡੈਮ ਤੋਂ ਬਾਹਰ ਇੱਕ ਛੋਟੇ ਕਸਬੇ ਦੇ ਦਫ਼ਤਰ ਵਿੱਚ ਹੋਈ ਸੀ। ਉਹਨਾਂ ਨੇ ਅੰਦਾਜ਼ਾ ਲਗਾਇਆ ਕਿ ਉੱਥੇ ਲਗਭਗ ਡੇਢ ਘੰਟੇ ਵਿੱਚ ਪੰਜ ਜਾਂ ਛੇ ਸੁਨੇਹੇ ਲੈ ਕੇ ਜਾਣ ਵਾਲੇ ਲੋਕ ਪੈਸੇ ਲੈ ਕੇ ਪਹੁੰਚੇ ਸਨ ਅਤੇ ਘੱਟੋ-ਘੱਟ 10 ਲੱਖ ਯੂਰੋ ਟ੍ਰਾਂਸਫਰ ਕੀਤੇ ਗਏ ਸਨ।

ਉਹਨਾਂ ਨੇ ਕਿਹਾ, “ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਹ ਸਿਰਫ਼ ਪੈਸੇ ਬਾਰੇ ਨਹੀਂ ਹੈ। ਇਹ ਅੱਤਵਾਦ ਲਈ ਫੰਡਿੰਗ ਬਾਰੇ ਹੈ। ਇਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਹੈ। ਇਹ ਵੇਸ਼ਵਾਗਮਨੀ ਬਾਰੇ ਹੈ ਅਤੇ ਹਰ ਤਰ੍ਹਾਂ ਦੀਆਂ ਹੋਰ ਗੰਦੀਆਂ ਗਤੀਵਿਧੀਆਂ ਬਾਰੇ ਹੈ, ਜੇ ਇਸ ਨੂੰ ਥੋੜ੍ਹਾ ਸਲੀਕੇ ਨਾਲ ਕਹੀਏ।”

ਆਸਟਰੀਆ ਵਿੱਚ ਸਾਹਮਣੇ ਆਏ ਮਾਮਲਿਆਂ ਨੇ ਇਹ ਵੀ ਦਿਖਾਇਆ ਹੈ ਕਿ ਹਵਾਲਾ ਪ੍ਰਣਾਲੀ ਮਨੁੱਖੀ ਤਸਕਰੀ ਅਤੇ ਹਿੰਸਾ ਨਾਲ ਕਿਵੇਂ ਜੁੜੀ ਹੋਈ ਹੈ।

ਆਸਟਰੀਆਈ ਬ੍ਰੋਡਕਾਸਟਰ ਓਆਰਐੱਫ ਵੱਲੋਂ ਕੀਤੀ ਗਈ ਇੱਕ ਜਾਂਚ ਵਿੱਚ, ਜੋ ਈਬੀਯੂ ਨੈੱਟਵਰਕ ਦਾ ਹਿੱਸਾ ਹੈ, ਆਸਟਰੀਆਈ ਪੁਲਿਸ ਨੇ ਉਸ ਥਾਂ ‘ਤੇ ਛਾਪਾ ਮਾਰਿਆ ਜਿਸ ਨੂੰ ਉਨ੍ਹਾਂ ਨੇ “ਵਿਆਨਾ ਦਾ ਸਭ ਤੋਂ ਵੱਡਾ ਹਵਾਲਾ ਦਫ਼ਤਰ” ਕਿਹਾ।

ਇਹ ਦਫ਼ਤਰ ਇੱਕ ਰੁਝੇਵੇਂ ਵਾਲੀ ਸੜਕ ‘ਤੇ ਸਥਿਤ ਇੱਕ ਕਬਾਬ ਰੈਸਟੋਰੈਂਟ ਤੋਂ ਚਲਾਇਆ ਜਾ ਰਿਹਾ ਸੀ ਅਤੇ ਅਧਿਕਾਰੀਆਂ ਮੁਤਾਬਕ ਇਸ ਦੀ ਵਰਤੋਂ ਮਨੁੱਖੀ ਤਸਕਰੀ ਲਈ ਭੁਗਤਾਨ ਕਰਨ ਵਾਸਤੇ ਕੀਤੀ ਜਾਂਦੀ ਸੀ।

ਇਸ ਕਾਰਵਾਈ ਨੂੰ ਚਲਾਉਣ ਵਾਲੇ ਦੋ ਸੀਰੀਆਈ ਭਰਾਵਾਂ ‘ਤੇ ਮਨੁੱਖੀ ਤਸਕਰੀ ਦੇ ਨਾਲ-ਨਾਲ ਇੱਕ ਅਜਿਹੇ ਕੂਰੀਅਰ ਨੂੰ ਤਸੀਹੇ ਦੇਣ ਅਤੇ ਉਸ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ ਗਏ, ਜਿਸ ਦੇ 3,50,000 ਯੂਰੋ (3,00,000 ਪੌਂਡ) ਗੁੰਮ ਹੋ ਗਏ ਸਨ ਅਤੇ ਉਸ ਨੇ ਕਿਹਾ ਸੀ ਕਿ ਉਸ ਨੂੰ ਲੁੱਟਿਆ ਗਿਆ ਹੈ।

ਉਨ੍ਹਾਂ ਨੂੰ ਪਿਛਲੇ ਸਾਲ ਦੋਸ਼ੀ ਠਹਿਰਾਇਆ ਗਿਆ ਅਤੇ ਕ੍ਰਮਵਾਰ 18 ਅਤੇ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਜੇਰਾਲਡ ਟੈਟਜ਼ਗਰਨ

ਤਸਵੀਰ ਸਰੋਤ, ORF

ਆਸਟਰੀਆਈ ਪੁਲਿਸ ਅਤੇ ਯੂਰੋਪੋਲ ਨੇ ਹਾਲ ਹੀ ਵਿੱਚ ਹਵਾਲਾ ਰਾਹੀਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਇੱਕ ਹੋਰ ਮਨੁੱਖੀ ਤਸਕਰੀ ਗਿਰੋਹ ਨੂੰ ਵੀ ਖ਼ਤਮ ਕੀਤਾ। ਅਧਿਕਾਰੀਆਂ ਮੁਤਾਬਕ ਇਸ ਗਿਰੋਹ ਨੇ 18 ਮਹੀਨਿਆਂ ਦੌਰਾਨ ਲਗਭਗ 1,00,000 ਲੋਕਾਂ ਨੂੰ ਯੂਰਪ ਵਿੱਚ ਪਹੁੰਚਾਇਆ ਸੀ।

ਆਸਟਰੀਆ ਦੀ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ, ਬੀਕੇ ਵਿੱਚ ਮਨੁੱਖੀ ਤਸਕਰੀ ਦੀਆਂ ਜਾਂਚਾਂ ਦੀ ਅਗਵਾਈ ਕਰਨ ਵਾਲੇ ਜੇਰਾਲਡ ਟੈਟਜ਼ਗਰਨ ਨੇ ਓਆਰਐੱਫ ਨੂੰ ਦੱਸਿਆ ਕਿ ਤਸੀਹੇ ਦੇਣਾ ਮਨੁੱਖੀ ਤਸਕਰੀ ਦੀ ਹਕੀਕਤ ਹੈ ਅਤੇ ਮੁਨਾਫ਼ਾ ਵੱਧ ਤੋਂ ਵੱਧ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ, “ਤਸੀਹੇ ਵਾਲੇ ਵੀਡੀਓ ਫਿਰ ਪਰਿਵਾਰਾਂ ਨੂੰ ਭੇਜੇ ਜਾਂਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਜੇ ਉਹ ਹੋਰ 1,000 ਯੂਰੋ ਜਾਂ ਕਈ ਹਜ਼ਾਰ ਯੂਰੋ ਨਹੀਂ ਭੇਜਦੇ ਤਾਂ ਸਬੰਧਤ ਵਿਅਕਤੀ ਤੁਹਾਡਾ ਪੁੱਤਰ, ਤੁਹਾਡਾ ਭਰਾ, ਤੁਹਾਡਾ ਪਿਤਾ ਤਸੀਹੇ ਝੱਲੇਗਾ।”

ਜੇਰਾਲਡ ਟੈਟਜ਼ਗਰਨ ਨੇ ਕਿਹਾ ਕਿ ਗਿਰੋਹ ਪਰਵਾਸੀਆਂ ਨੂੰ ਤਸੀਹੇ ਦਿੰਦੇ ਸਨ ਅਤੇ ਹਵਾਲਾ ਪ੍ਰਣਾਲੀ ਰਾਹੀਂ ਉਨ੍ਹਾਂ ਦੇ ਪਰਿਵਾਰਾਂ ਤੋਂ ਪੈਸੇ ਮੰਗਦੇ ਸਨ।

ਉਨ੍ਹਾਂ ਕਿਹਾ ਕਿ ਤਸੀਹੇ ਰੋਕਣ ਲਈ ਕੀਤੇ ਜਾਣ ਵਾਲੇ ਭੁਗਤਾਨਾਂ ਦੀ ਮੰਗ ਹਵਾਲਾ ਪ੍ਰਣਾਲੀ ਰਾਹੀਂ ਕੀਤੀ ਜਾਂਦੀ ਸੀ।

ਕਈ ਮਨੀ ਲਾਂਡਰਿੰਗ ਜਾਂਚਾਂ ਦੀ ਅਗਵਾਈ ਕਰ ਚੁੱਕੇ ਪੁਲਿਸ ਕਮਾਂਡਰ ਅਤੇ ਯੂਰੋਪੋਲ ਦੇ ਸੰਪਰਕ ਅਧਿਕਾਰੀ ਕਵਿੰਟਿਨ ਮੱਗ ਨੇ ਕਿਹਾ ਕਿ ਹਵਾਲਾ ਪ੍ਰਣਾਲੀ “ਸੰਗਠਿਤ ਅਪਰਾਧ ਲਈ ਮਨੀ ਲਾਂਡਰਿੰਗ ਦਾ ਮੁੱਖ ਚੈਨਲ” ਹੈ।

ਉਨ੍ਹਾਂ ਕਿਹਾ, “ਭਾਵੇਂ ਪੈਸਾ ਪਰਵਾਸੀਆਂ ਦੀ ਤਸਕਰੀ, ਮਨੁੱਖੀ ਤਸਕਰੀ, ਦਲਾਲੀ, ਕਿਸੇ ਦਾਦੀ ਦੀ ਆਪਣੇ ਪੁੱਤਰ ਨੂੰ ਜਨਮਦਿਨ ਦੇ ਤੋਹਫ਼ੇ ਵਜੋਂ ਭੇਜੀ ਗਈ ਬਚਤ, ਜਾਂ ਫਰਾਂਸ ਵਿੱਚ ਕੰਮ ਕਰ ਰਹੇ ਕਿਸੇ ਮਾਲੀ ਵਿਅਕਤੀ ਵੱਲੋਂ ਆਪਣੇ ਪਰਿਵਾਰ ਦੀ ਮਦਦ ਲਈ ਭੇਜੇ ਪੈਸੇ ਤੋਂ ਆਇਆ ਹੋਵੇ, (ਹਵਾਲਾਦਾਰਾਂ) ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਅਤੇ ਉਹ ਆਪਣੀਆਂ ਦਰਾਂ ਲਾਗੂ ਕਰਨਗੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI