Home rss national punjabi2ਰਾਸ਼ਟਰੀ ਖ਼ਬਰਾਂ ਦੁਨੀਆ ਦਾ ਕੋਈ ਵੀ ਨਕਸ਼ਾ ਪੂਰੀ ਤਰ੍ਹਾਂ ਸਹੀ ਕਿਉਂ ਨਹੀਂ ਹੁੰਦਾ, ਨਕਸ਼ਿਆਂ...

ਦੁਨੀਆ ਦਾ ਕੋਈ ਵੀ ਨਕਸ਼ਾ ਪੂਰੀ ਤਰ੍ਹਾਂ ਸਹੀ ਕਿਉਂ ਨਹੀਂ ਹੁੰਦਾ, ਨਕਸ਼ਿਆਂ ਨਾਲ ਜੁੜੇ ਦਿਲਚਸਪ ਤੱਥ ਜਾਣੋ

4
0

Source :- BBC PUNJABI

ਮਰਕੇਟਰ ਅਤੇ ਇਕੁਅਲ ਅਰਥ ਮੈਪ ਵਿੱਚ ਅਫ਼ਰੀਕਾ ਦੀ ਤੁਲਨਾ; ਖੱਬੇ ਪਾਸੇ ਮਰਕੇਟਰ ਮੈਪ ਵਿੱਚ ਅਫ਼ਰੀਕਾ ਆਪਣੇ ਅਸਲ ਆਕਾਰ ਦੇ ਮੁਕਾਬਲੇ ਮੁਕਾਬਲਤਨ ਛੋਟਾ ਦਿਖਾਈ ਦਿੰਦਾ ਹੈ, ਜਦਕਿ ਸੱਜੇ ਪਾਸੇ ਇਕੁਅਲ ਅਰਥ ਮੈਪ ਮਹਾਂਦੀਪ ਦੇ ਆਕਾਰ ਅਤੇ ਖੇਤਰਫਲ ਨੂੰ ਬਿਹਤਰ ਢੰਗ ਨਾਲ ਦਰਸਾਉਂਦਾ ਹੈ

ਸੰਯੁਕਤ ਰਾਸ਼ਟਰ ਨੇ ਦੁਨੀਆ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਨਕਸ਼ੇ ਨੂੰ ਬਦਲਣ ਦੀ ਅਪੀਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਨਵਾਂ ਨਕਸ਼ਾ ਮਹਾਂਦੀਪਾਂ ਦਾ ਅਸਲ ਆਕਾਰ ਵਧੇਰੇ ਸਹੀ ਢੰਗ ਨਾਲ ਦਿਖਾਉਂਦਾ ਹੈ।

ਯੂਐੱਨ ਜਨਰਲ ਅਸੈਂਬਲੀ ਨੇ “ਕਰੈਕਟ ਦਿ ਮੈਪ” ਨਾਮ ਦਾ ਮਤਾ ਪਾਸ ਕੀਤਾ ਹੈ।

ਇਸ ਦਾ ਮਕਸਦ ਮਰਕੇਟਰ ਨਕਸ਼ੇ ਦੀ ਉਸ ਗੜਬੜ ਨੂੰ ਠੀਕ ਕਰਨਾ ਹੈ, ਜਿਸ ਵਿੱਚ ਅਫ਼ਰੀਕਾ ਦਾ ਆਕਾਰ ਗ੍ਰੀਨਲੈਂਡ ਦੇ ਲਗਭਗ ਬਰਾਬਰ ਦਿਖਦਾ ਹੈ। ਜਦਕਿ ਅਸਲ ਵਿੱਚ ਅਫ਼ਰੀਕਾ, ਗ੍ਰੀਨਲੈਂਡ ਤੋਂ ਕਰੀਬ 14 ਗੁਣਾ ਵੱਡਾ ਹੈ।

ਸੰਯੁਕਤ ਰਾਸ਼ਟਰ ਨੇ “ਇਕੁਅਲ ਅਰਥ ਪ੍ਰੋਜੈਕਸ਼ਨ” ਨਾਮ ਦਾ ਨਵਾਂ ਨਕਸ਼ਾ ਅਪਣਾਇਆ ਹੈ। ਇਹ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦਾ ਅਸਲ ਆਕਾਰ ਵਧੇਰੇ ਸਹੀ ਢੰਗ ਨਾਲ ਦਿਖਾਉਂਦਾ ਹੈ। ਹਾਲਾਂਕਿ, ਇਸ ਵਿੱਚ ਵੀ ਕੁਝ ਕਮੀਆਂ ਹਨ।

ਕਈ ਸਾਲਾਂ ਤੋਂ ਅਜਿਹੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ, ਜਿਨ੍ਹਾਂ ਦਾ ਮਕਸਦ ਗੋਲਾਕਾਰ ਧਰਤੀ ਦੀ ਸਤਹ ਨੂੰ ਇੱਕ ਸਮਤਲ ਆਇਤਕਾਰ ‘ਤੇ ਵਧੇਰੇ ਸਹੀ ਢੰਗ ਨਾਲ ਦਿਖਾਉਣਾ ਹੈ। ਪਰ ਹਰ ਤਰੀਕੇ ਦੇ ਆਪਣੇ ਫ਼ਾਇਦੇ ਅਤੇ ਆਪਣੀਆਂ ਕਮੀਆਂ ਹਨ।

ਮਰਕੇਟਰ ਮੈਪ: ਸਭ ਤੋਂ ਪ੍ਰਚਲਿਤ ਨਕਸ਼ੇ ਵਿੱਚ ਕੁਝ ਦੇਸ਼ ਛੋਟੇ ਕਿਉਂ?

ਮਰਕੇਟਰ ਮੈਪ ਨੂੰ ਅੱਜ ਦੁਨੀਆ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਗਲੋਬਲ ਮੈਪ ਮੰਨਿਆ ਜਾਂਦਾ ਹੈ। ਇਸ ਨੂੰ ਸਾਲ 1569 ਵਿੱਚ ਬੈਲਜੀਅਮ ਦੇ ਫ਼ਲੈਮਿਸ਼ ਖੇਤਰ ਦੇ ਜੇਰਾਰਡਸ ਮਰਕੇਟਰ ਨੇ ਬਣਾਇਆ ਸੀ।

ਯੂਨੀਵਰਸਿਟੀ ਕਾਲਜ ਲੰਡਨ ਵਿੱਚ ਕਾਰਟੋਗ੍ਰਾਫ਼ੀ ਦੇ ਪ੍ਰੋਫ਼ੈਸਰ ਜੇਮਸ ਚੇਸ਼ਾਇਰ ਦੇ ਮੁਤਾਬਕ, ਇਸ ਮੈਪ ਨੂੰ ਬਣਾਉਣ ਦਾ ਮੁੱਖ ਮਕਸਦ ਯੂਰਪੀ ਮਲਾਹਾਂ ਨੂੰ ਸਮੁੰਦਰ ਵਿੱਚ ਰਸਤਾ ਲੱਭਣ ਵਿੱਚ ਮਦਦ ਕਰਨਾ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, “ਉਹ ਚਾਹੁੰਦੇ ਸਨ ਕਿ ਨਕਸ਼ੇ ‘ਤੇ ਖਿੱਚੀ ਗਈ ਸਿੱਧੀ ਰੇਖਾ, ਜੇ ਕੰਪਾਸ ਦੀ ਦਿਸ਼ਾ ਦਾ ਪਾਲਣ ਕਰੇ, ਤਾਂ ਅਸਲ ਦੁਨੀਆ ਵਿੱਚ ਵੀ ਸਿੱਧੀ ਦਿਖਾਈ ਦੇਵੇ।”

ਉਨ੍ਹਾਂ ਕਿਹਾ, “ਨਕਸ਼ਾ ਇਸੇ ਮਕਸਦ ਨਾਲ ਬਣਾਇਆ ਗਿਆ ਸੀ ਅਤੇ ਇਹ ਉਸ ਕੰਮ ਨੂੰ ਬੇਹੱਦ ਚੰਗੀ ਤਰ੍ਹਾਂ ਕਰਦਾ ਹੈ।”

ਸਮਤਲ ਨਕਸ਼ੇ ‘ਤੇ ਕੋਣਾਂ ਨੂੰ ਸਹੀ ਰੱਖਣ ਲਈ ਮਰਕੇਟਰ ਨੂੰ ਭੂ-ਮੱਧ ਰੇਖਾ ਤੋਂ ਧਰੁਵਾਂ ਵੱਲ ਜਾਂਦੇ ਹੋਏ ਗ੍ਰਿਡ ਦੀਆਂ ਰੇਖਾਵਾਂ ਵਿਚਕਾਰ ਦੀ ਦੂਰੀ ਵਧਾਉਣੀ ਪਈ।

ਅੱਗੇ ਵਧਣ ਤੋਂ ਪਹਿਲਾਂ ਸਮਝ ਲਓ ਕਿ ਭੂ-ਮੱਧ ਰੇਖਾ, ਜ਼ੀਰੋ ਡਿਗਰੀ ਅਕਸ਼ਾਂਸ਼ ‘ਤੇ ਸਥਿਤ ਇੱਕ ਕਾਲਪਨਿਕ ਰੇਖਾ ਹੈ। ਇਹ ਧਰਤੀ ਨੂੰ ਉੱਤਰੀ ਅਤੇ ਦੱਖਣੀ ਗੋਲਾਰਧ ਵਿੱਚ ਵੰਡਦੀ ਹੈ। ਇਸ ਤੋਂ ਇਲਾਵਾ, ਧਰਤੀ ਦੇ ਸਭ ਤੋਂ ਉੱਤਰੀ ਅਤੇ ਦੱਖਣੀ ਬਿੰਦੂਆਂ ਨੂੰ ਧਰੁਵ ਕਿਹਾ ਜਾਂਦਾ ਹੈ।

16ਵੀਂ ਸਦੀ ਦੇ ਨਕਸ਼ਾਨਵੀਸ ਜੇਰਾਰਡਸ ਮਰਕੇਟਰ

ਤਸਵੀਰ ਸਰੋਤ, Getty/mikroman6

ਮਰਕੇਟਰ ਵੱਲੋਂ ਬਣਾਏ ਨਕਸ਼ੇ ਵਿੱਚ ਧਰਤੀ ਦੀ ਗੋਲਾਈ ਨੂੰ ਇਸ ਤਰ੍ਹਾਂ ਦਿਖਾਇਆ ਗਿਆ ਹੈ ਕਿ ਭੂ-ਮੱਧ ਰੇਖਾ ਦੇ ਨੇੜੇ ਦੇ ਦੇਸ਼ ਆਪਣੇ ਅਸਲ ਆਕਾਰ ਤੋਂ ਕਾਫ਼ੀ ਛੋਟੇ ਦਿਖਾਈ ਦਿੰਦੇ ਹਨ।

ਉੱਥੇ ਹੀ, ਧਰੁਵਾਂ ਦੇ ਨੇੜੇ ਦੇ ਦੇਸ਼ ਖਿੱਚੇ ਹੋਏ ਅਤੇ ਵੱਡੇ ਦਿਖਾਈ ਦਿੰਦੇ ਹਨ।

ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਗੋਲਾਕਾਰ ਧਰਤੀ ਦੀ ਸਤਹ ਨੂੰ ਦੋ ਆਯਾਮਾਂ ਵਾਲੇ ਸਮਤਲ ਨਕਸ਼ੇ ‘ਤੇ ਪੂਰੀ ਤਰ੍ਹਾਂ ਸਹੀ ਦਿਖਾਉਣਾ ਸੰਭਵ ਨਹੀਂ ਹੈ।

450 ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਮਰਕੇਟਰ ਵੱਲੋਂ ਬਣਾਇਆ ਨਕਸ਼ਾ ਅੱਜ ਕਈ ਨਕਸ਼ਿਆਂ ਦਾ ਆਧਾਰ ਹੈ।

ਸਕੂਲਾਂ, ਟੀਵੀ ਅਤੇ ਇੰਟਰਨੈੱਟ ‘ਤੇ ਦਿਖਾਈ ਦੇਣ ਵਾਲੇ ਕਈ ਨਕਸ਼ੇ ਇਸੇ ‘ਤੇ ਆਧਾਰਿਤ ਹਨ। ਇਨ੍ਹਾਂ ਵਿੱਚ ਗੂਗਲ ਮੈਪਸ ਵੀ ਸ਼ਾਮਲ ਹੈ।

ਪਰ ਮਰਕੇਟਰ ਨਕਸ਼ੇ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਕੁਝ ਥਾਵਾਂ ਨੂੰ ਉਨ੍ਹਾਂ ਦੇ ਅਸਲ ਆਕਾਰ ਤੋਂ ਛੋਟਾ ਅਤੇ ਕੁਝ ਨੂੰ ਵੱਡਾ ਦਿਖਾਇਆ ਜਾਂਦਾ ਹੈ। ਇਸ ਦਾ ਲੋਕਾਂ ਦੀ ਸੋਚ ‘ਤੇ ਅਸਰ ਪੈ ਸਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਅਕਸਰ ਵੱਡੀਆਂ ਚੀਜ਼ਾਂ ਨੂੰ ਜ਼ਿਆਦਾ ਮਹੱਤਵਪੂਰਨ ਮੰਨਦੇ ਹਾਂ। ਇਸ ਲਈ ਇਸ ਤਰ੍ਹਾਂ ਦਾ ਨਕਸ਼ਾ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਕੀਨੀਆ ਦੇ ਭੂਗੋਲ ਵਿਗਿਆਨੀ ਕਿਓਕੋ ਮੁਏਂਡੋ ਦੇ ਮੁਤਾਬਕ, ਇਸ ਨਾਲ ਅਫ਼ਰੀਕਾ ਦੇ ਵੱਡੇ ਸਰੋਤਾਂ, ਵੱਡੀ ਆਬਾਦੀ ਅਤੇ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਅਸਿੱਧੇ ਤੌਰ ‘ਤੇ ਘੱਟ ਕਰ ਕੇ ਦੇਖਿਆ ਗਿਆ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, “ਨਕਸ਼ੇ ਸਿਰਫ਼ ਯਾਤਰੀਆਂ ਨੂੰ ਰਸਤਾ ਦਿਖਾਉਣ ਦਾ ਕੰਮ ਨਹੀਂ ਕਰਦੇ। ਉਹ ਇਹ ਵੀ ਤੈਅ ਕਰਦੇ ਹਨ ਕਿ ਕਿਸੇ ਖੇਤਰ ਨੂੰ ਸਿਆਸੀ ਅਤੇ ਆਰਥਿਕ ਨਜ਼ਰੀਏ ਤੋਂ ਕਿਵੇਂ ਦੇਖਿਆ ਅਤੇ ਸਮਝਿਆ ਜਾਵੇ।”

ਇਕੁਅਲ ਅਰਥ ਮੈਪ: ਆਕਾਰ ਦੀ ਸਟੀਕਤਾ, ਪਰ ਦੂਜੀਆਂ ਚੁਣੌਤੀਆਂ

ਸਮਾਨ ਧਰਤੀ ਵਿਸ਼ਵ ਨਕਸ਼ਾ ਪ੍ਰੋਜੈਕਸ਼ਨ

ਇਕੁਅਲ ਅਰਥ ਨਕਸ਼ੇ ਦਾ ਮਕਸਦ ਮਰਕੇਟਰ ਪ੍ਰੋਜੈਕਸ਼ਨ ਵਿੱਚ ਦੇਸ਼ਾਂ ਦੇ ਆਕਾਰ ਨਾਲ ਜੁੜੀ ਸਮੱਸਿਆ ਨੂੰ ਦੂਰ ਕਰਨਾ ਹੈ।

ਇਸ ਨੂੰ 2018 ਵਿੱਚ ਕਾਰਟੋਗ੍ਰਾਫ਼ਰਾਂ (ਨਕਸ਼ਾ ਬਣਾਉਣ ਵਾਲਿਆਂ) ਦੀ ਇੱਕ ਟੀਮ ਨੇ ਬਣਾਇਆ ਸੀ। ਇਸ ਦਾ ਮਕਸਦ ਜ਼ਮੀਨ ਦੇ ਵੱਖ-ਵੱਖ ਹਿੱਸਿਆਂ ਦੇ ਆਕਾਰ ਅਤੇ ਆਕ੍ਰਿਤੀ ਨੂੰ ਵਧੇਰੇ ਸਹੀ ਢੰਗ ਨਾਲ ਦਿਖਾਉਣਾ ਸੀ।

ਇਹ 1963 ਦੇ ਰੌਬਿਨਸਨ ਪ੍ਰੋਜੈਕਸ਼ਨ ਤੋਂ ਪ੍ਰੇਰਿਤ ਸੀ। ਇਹ ਅਜਿਹਾ ਮੈਪ (ਨਕਸ਼ਾ) ਹੈ, ਜਿਸ ਵਿੱਚ ਪੂਰੀ ਧਰਤੀ ਦੀ ਸਤਹ ਨੂੰ ਇੱਕੋ ਵਾਰ ਦਿਖਾਇਆ ਜਾਂਦਾ ਹੈ।

ਇਸੇ ਵਜ੍ਹਾ ਨਾਲ ਸੰਯੁਕਤ ਰਾਸ਼ਟਰ ਵੱਲੋਂ ਇਸ ਨੂੰ ਅਪਣਾਏ ਜਾਣ ਤੋਂ ਪਹਿਲਾਂ, ਫ਼ਰਵਰੀ ਵਿੱਚ ਅਫ਼ਰੀਕੀ ਸੰਘ ਦੇ ਮੈਂਬਰ ਦੇਸ਼ਾਂ ਨੇ ਵੀ ਇਕੁਅਲ ਅਰਥ ਮੈਪ ਨੂੰ ਅਪਣਾਇਆ ਸੀ।

ਹਾਲਾਂਕਿ, ਇਸ ਵਿੱਚ ਉਨ੍ਹਾਂ ਸਿੱਧੀਆਂ ਰੇਖਾਵਾਂ ਨੂੰ ਛੱਡ ਦਿੱਤਾ ਗਿਆ ਹੈ, ਜਿਨ੍ਹਾਂ ਦੀ ਵਜ੍ਹਾ ਨਾਲ ਮਰਕੇਟਰ ਪ੍ਰੋਜੈਕਸ਼ਨ ਸਮੁੰਦਰੀ ਰਸਤੇ ਲੱਭਣ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਸੀ।

ਇਸ ਤੋਂ ਇਲਾਵਾ, ਇਸ ਨਾਲ ਵੱਖ-ਵੱਖ ਥਾਵਾਂ ਵਿਚਕਾਰ ਦੀ ਅਸਲ ਦੂਰੀ ਵੀ ਨਹੀਂ ਮਾਪੀ ਜਾ ਸਕਦੀ।

ਚੇਸ਼ਾਇਰ ਨੇ ਕਿਹਾ, “ਤੁਸੀਂ ਖੇਤਰਫਲ ਨੂੰ ਸਹੀ ਰੱਖ ਸਕਦੇ ਹੋ, ਜਾਂ ਆਕਾਰ ਨੂੰ ਸਹੀ ਰੱਖ ਸਕਦੇ ਹੋ, ਜਾਂ ਦੂਰੀ ਅਤੇ ਦਿਸ਼ਾ ਨੂੰ ਸਹੀ ਰੱਖ ਸਕਦੇ ਹੋ। ਪਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇੱਕੋ ਸਮੇਂ ਪੂਰੀ ਤਰ੍ਹਾਂ ਸਹੀ ਨਹੀਂ ਰੱਖ ਸਕਦੇ। ਕਿਉਂਕਿ ਅਜਿਹਾ ਕਰਨ ‘ਤੇ ਤੁਸੀਂ ਮੁੜ ਇੱਕ ਗੋਲੇ ‘ਤੇ ਹੀ ਵਾਪਸ ਆ ਜਾਓਗੇ।”

ਪੀਟਰਜ਼ ਮੈਪ: ਅਫ਼ਰੀਕਾ ਦਾ ਆਕਾਰ ਸਹੀ ਕਰਨ ਲਈ ਬਣਾਇਆ, ਪਰ…

ਪੀਟਰਜ਼ ਮੈਪ ਪ੍ਰੋਜੈਕਸ਼ਨ

ਪੀਟਰਜ਼ ਗਲੋਬਲ ਮੈਪ ਨੂੰ ਜਰਮਨ ਇਤਿਹਾਸਕਾਰ ਆਰਨੋ ਪੀਟਰਜ਼ ਨੇ 1970 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਤਿਆਰ ਕੀਤਾ ਸੀ।

ਇਹ ਆਇਤਾਕਾਰ ਨਕਸ਼ਾ ਉਸ ਪ੍ਰੋਜੈਕਸ਼ਨ ‘ਤੇ ਆਧਾਰਿਤ ਹੈ, ਜਿਸ ਦਾ ਵਰਣਨ ਸਭ ਤੋਂ ਪਹਿਲਾਂ ਸਕਾਟਿਸ਼ ਕਾਰਟੋਗ੍ਰਾਫ਼ਰ ਜੇਮਸ ਗੌਲ ਨੇ 1855 ਵਿੱਚ ਕੀਤਾ ਸੀ।

ਇਸ ਪ੍ਰੋਜੈਕਸ਼ਨ ਵਿੱਚ ਆਕਾਰ ਦੀ ਸਟੀਕਤਾ ਨਾਲ ਸਮਝੌਤਾ ਕੀਤਾ ਗਿਆ ਹੈ, ਪਰ ਖੇਤਰਫਲ ਨੂੰ ਸਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਸ ਦੀ ਵਜ੍ਹਾ ਨਾਲ ਧਰੁਵਾਂ ਦੇ ਨੇੜੇ ਦੇ ਇਲਾਕੇ ਦੱਬੇ ਹੋਏ ਦਿਖਾਈ ਦਿੰਦੇ ਹਨ। ਉੱਥੇ ਹੀ, ਭੂ-ਮੱਧ ਰੇਖਾ ਦੇ ਨੇੜੇ ਦੇ ਹਿੱਸੇ ਖਿੱਚੇ ਹੋਏ ਨਜ਼ਰ ਆਉਂਦੇ ਹਨ। ਇਸ ਨਾਲ ਗ੍ਰੀਨਲੈਂਡ ਅਤੇ ਅਫ਼ਰੀਕਾ ਦੇ ਆਕਾਰ ਨਾਲ ਜੁੜੀ ਸਮੱਸਿਆ ਕਾਫ਼ੀ ਹੱਦ ਤੱਕ ਦੂਰ ਹੋ ਜਾਂਦੀ ਹੈ।

ਇਸ ਨਕਸ਼ੇ ਦੀ ਮਦਦ ਨਾਲ ਵੱਖ-ਵੱਖ ਭੂ-ਭਾਗਾਂ ਦੇ ਅਸਲ ਆਕਾਰ ਦੀ ਬਿਹਤਰ ਤੁਲਨਾ ਕੀਤੀ ਜਾ ਸਕਦੀ ਹੈ। ਨਾਲ ਹੀ, ਇਸ ਵਿੱਚ ਦੇਸ਼ਾਂਤਰ ਅਤੇ ਅਕਸ਼ਾਂਸ਼ ਦੀਆਂ ਸਿੱਧੀਆਂ ਰੇਖਾਵਾਂ ਵੀ ਬਣੀਆਂ ਰਹਿੰਦੀਆਂ ਹਨ।

ਦੱਸ ਦਈਏ ਕਿ ਅਕਸ਼ਾਂਸ਼ ਅਤੇ ਦੇਸ਼ਾਂਤਰ ਰੇਖਾਵਾਂ ਧਰਤੀ ਦੀ ਸਤਹ ‘ਤੇ ਕਿਸੇ ਥਾਂ ਦੀ ਸਹੀ ਸਥਿਤੀ ਦੱਸਣ ਵਾਲੀਆਂ ਕਾਲਪਨਿਕ ਰੇਖਾਵਾਂ ਹਨ। ਨਕਸ਼ੇ ਵਿੱਚ ਇਨ੍ਹਾਂ ਰੇਖਾਵਾਂ ਨੂੰ ਗ੍ਰਿਡ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ।

ਹਾਲਾਂਕਿ, ਪੀਟਰਜ਼ ਮੈਪ ਵਿੱਚ ਧਰਤੀ ਦੇ ਭੂ-ਭਾਗਾਂ ਦਾ ਆਕਾਰ ਕਾਫ਼ੀ ਵਿਗੜ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਜ਼ਮੀਨ ਦੇ ਹਿੱਸੇ ਅਸਲਿਅਤ ਤੋਂ ਕੁਝ ਵੱਖਰੇ ਦਿਖਾਈ ਦਿੰਦੇ ਹਨ।

ਉਦਾਹਰਨ ਲਈ, ਰੂਸ ਆਪਣੇ ਅਸਲ ਆਕਾਰ ਤੋਂ ਕਾਫ਼ੀ ਛੋਟਾ ਦਿਖਾਈ ਦਿੰਦਾ ਹੈ।

ਪੀਟਰਜ਼ ਮੈਪ ‘ਤੇ ਬਣੀਆਂ ਸਿੱਧੀਆਂ ਰੇਖਾਵਾਂ ਵੀ ਕੰਪਾਸ ਦੀ ਅਸਲ ਸਥਿਰ ਦਿਸ਼ਾ ਨਹੀਂ ਦਿਖਾਉਂਦੀਆਂ। ਇਸ ਲਈ ਇਸ ਦੀ ਵਰਤੋਂ ਸਮੁੰਦਰੀ ਰਸਤਾ ਲੱਭਣ ਲਈ ਨਹੀਂ ਕੀਤੀ ਜਾ ਸਕਦੀ।

ਉਲਟੇ ਅਤੇ ਬਦਲੇ ਹੋਏ ਨਕਸ਼ੇ ਵੀ ਬਣੇ

ਜਿਸ ਤਰ੍ਹਾਂ ਕਿਸੇ ਭੂ-ਭਾਗ ਦਾ ਦਿਖਾਈ ਦੇਣ ਵਾਲਾ ਆਕਾਰ ਲੋਕਾਂ ਦੀ ਨਜ਼ਰ ਵਿੱਚ ਉਸ ਦੀ ਅਹਿਮੀਅਤ ਨੂੰ ਪ੍ਰਭਾਵਿਤ ਕਰ ਸਕਦਾ ਹੈ, ਉਸੇ ਤਰ੍ਹਾਂ ਨਕਸ਼ੇ ਵਿੱਚ ਉਸ ਦੀ ਜਗ੍ਹਾ ਵੀ ਅਸਰ ਪਾ ਸਕਦੀ ਹੈ।

ਕੁਝ ਕਾਰਟੋਗ੍ਰਾਫ਼ਰਾਂ ਨੇ ਨਕਸ਼ੇ ਨੂੰ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੱਖਣ ਉੱਪਰ ਵੱਲ ਹੋਵੇ। ਇਸ ਦਾ ਮਕਸਦ ਉਸ ਸੋਚ ਨੂੰ ਚੁਣੌਤੀ ਦੇਣਾ ਹੈ, ਜਿਸ ਵਿੱਚ ਗਲੋਬਲ ਸਾਊਥ ਨੂੰ ਹੇਠਾਂ ਦਿਖਾਏ ਜਾਣ ਕਾਰਨ ਉਸ ਨੂੰ ਘੱਟ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਇਹ ਵੀ ਵੱਖਰਾ ਹੋ ਸਕਦਾ ਹੈ ਕਿ ਨਕਸ਼ੇ ਦੇ ਵਿਚਕਾਰ ਕਿਸ ਮਹਾਂਦੀਪ ਨੂੰ ਰੱਖਿਆ ਜਾਵੇ।

ਇਹ ਬਦਲਵੇਂ ਨਕਸ਼ੇ ਦੁਨੀਆ ਨੂੰ ਦੇਖਣ ਦਾ ਇੱਕ ਵੱਖਰਾ ਨਜ਼ਰੀਆ ਦਿੰਦੇ ਹਨ। ਇਹ ਨਜ਼ਰੀਆ ਆਮ ਤੌਰ ‘ਤੇ ਦਿਖਾਏ ਜਾਣ ਵਾਲੇ ਨਕਸ਼ਿਆਂ ਤੋਂ ਵੱਖਰਾ ਹੈ।

ਹਾਲਾਂਕਿ, ਇਹ ਨਕਸ਼ੇ ਕਿਸੇ ਥਾਂ ਨੂੰ ਜ਼ਿਆਦਾ ਪ੍ਰਮੁੱਖ ਦਿਖਾਉਣ ਦੀ ਸਮੱਸਿਆ ਨੂੰ ਹੱਲ ਨਹੀਂ ਕਰਦੇ। ਇਹ ਸਿਰਫ਼ ਨਕਸ਼ੇ ਦਾ ਕੇਂਦਰ ਅਤੇ ਫੋਕਸ ਬਦਲ ਦਿੰਦੇ ਹਨ।

ਧਰੁਵ-ਕੇਂਦਰਿਤ ਮੈਪ: ਤਾਂ ਜੋ ਕੋਈ ਦੇਸ਼ ਕੇਂਦਰ ਵਿੱਚ ਨਾ ਦਿਖੇ

ਸੰਯੁਕਤ ਰਾਸ਼ਟਰ ਦਾ ਝੰਡਾ

ਤਸਵੀਰ ਸਰੋਤ, NurPhoto via Getty Images

ਨਕਸ਼ੇ ਦੇ ਵਿਚਕਾਰ ਕਿਸ ਭੂ-ਭਾਗ ਨੂੰ ਦਿਖਾਇਆ ਜਾਵੇ ਅਤੇ ਇਸ ਵਜ੍ਹਾ ਨਾਲ ਕੌਣ ਸਭ ਤੋਂ ਜ਼ਿਆਦਾ ਪ੍ਰਮੁੱਖ ਦਿਖਾਈ ਦੇਵੇ, ਇਸ ਸਮੱਸਿਆ ਦਾ ਇੱਕ ਹੱਲ ਇਹ ਹੈ ਕਿ ਕਿਸੇ ਵੀ ਭੂ-ਭਾਗ ਨੂੰ ਕੇਂਦਰ ਵਿੱਚ ਨਾ ਰੱਖਿਆ ਜਾਵੇ।

ਸੰਯੁਕਤ ਰਾਸ਼ਟਰ ਦੇ ਲੋਗੋ ਵਿੱਚ ਮੌਜੂਦ ਨਕਸ਼ਾ ਇਸੇ ਸਿਧਾਂਤ ‘ਤੇ ਆਧਾਰਿਤ ਹੈ।

ਇਸ ਵਿੱਚ ਦੁਨੀਆ ਨੂੰ ਉੱਤਰੀ ਧਰੁਵ ਦੇ ਆਲੇ-ਦੁਆਲੇ ਕੇਂਦਰਿਤ ਕਰਕੇ ਦਿਖਾਇਆ ਗਿਆ ਹੈ। ਮਹਾਂਦੀਪ ਉੱਥੋਂ ਬਾਹਰ ਵੱਲ ਫੈਲੇ ਹੋਏ ਦਿਖਾਈ ਦਿੰਦੇ ਹਨ।

ਇਸ ਨੂੰ “ਅਜ਼ੀਮੁਥਲ ਇਕੁਇਡਿਸਟੈਂਟ ਪ੍ਰੋਜੈਕਸ਼ਨ” ਕਿਹਾ ਜਾਂਦਾ ਹੈ।

ਇਸ ਵਿੱਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਨੂੰ ਇੱਕ ਕੇਂਦਰੀ ਬਿੰਦੂ ਦੇ ਆਲੇ-ਦੁਆਲੇ ਗੋਲਾਕਾਰ ਨਕਸ਼ੇ ‘ਤੇ ਦਿਖਾਇਆ ਜਾਂਦਾ ਹੈ। ਗਲੋਬ ‘ਤੇ ਕੋਈ ਥਾਂ ਕੇਂਦਰੀ ਬਿੰਦੂ ਤੋਂ ਜਿੰਨੀ ਦੂਰ ਹੁੰਦੀ ਹੈ, ਨਕਸ਼ੇ ‘ਤੇ ਉਸ ਦਾ ਘੇਰਾ ਓਨਾ ਹੀ ਵੱਡਾ ਹੁੰਦਾ ਜਾਂਦਾ ਹੈ।

ਇਸ ਤਰ੍ਹਾਂ ਦੇ ਨਕਸ਼ੇ ਵਿੱਚ ਸਾਰੇ ਬਿੰਦੂ ਕੇਂਦਰ ਤੋਂ ਸਹੀ “ਅਜ਼ੀਮੁਥ” ਭਾਵ ਖਿਤਿਜੀ ਦਿਸ਼ਾ ਵਿੱਚ ਹੁੰਦੇ ਹਨ।

ਪਰ ਕਿਸੇ ਗੋਲੇ ਦੀ ਪੂਰੀ ਸਤਹ ਨੂੰ ਇੱਕ ਗੋਲਾਕਾਰ ਨਕਸ਼ੇ ‘ਤੇ ਦਿਖਾਉਣ ‘ਤੇ ਕੁਝ ਵਿਗਾੜ ਆ ਜਾਂਦਾ ਹੈ। ਨਕਸ਼ੇ ਵਿੱਚ ਕੇਂਦਰ ਤੋਂ ਦੂਰੀ ਵਧਣ ਦੇ ਨਾਲ ਇਹ ਵਿਗਾੜ ਵੀ ਵਧਦਾ ਜਾਂਦਾ ਹੈ।

ਉਦਾਹਰਨ ਲਈ, ਸੰਯੁਕਤ ਰਾਸ਼ਟਰ ਦੇ ਨਕਸ਼ੇ ਵਿੱਚ ਦੱਖਣੀ ਧਰੁਵ ਦੇ ਨੇੜੇ ਦੇ ਖੇਤਰ ਦੱਬੇ ਹੋਏ ਅਤੇ ਖਿੱਚੇ ਹੋਏ ਦਿਖਾਈ ਦਿੰਦੇ ਹਨ।

ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉੱਤਰੀ ਧਰੁਵ ਦੇ ਆਲੇ-ਦੁਆਲੇ ਇੱਕੋ ਜਿਹੇ ਘੇਰੇ ਵਾਲੇ ਚੱਕਰ ਦੀ ਤੁਲਨਾ ਵਿੱਚ ਦੱਖਣੀ ਧਰੁਵ ਵੱਲ ਉਹ ਘੇਰਾ ਕਾਫ਼ੀ ਵੱਡਾ ਹੋ ਜਾਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI