Home rss national punjabi2ਰਾਸ਼ਟਰੀ ਖ਼ਬਰਾਂ ਹੋਰਮੁਜ਼ ਸਟ੍ਰੇਟ ਤੋਂ ਬਾਅਦ ਲਾਲ ਸਾਗਰ ਦੇ ਬਾਬ ਅਲ-ਮੰਦੇਬ ‘ਤੇ ਵੀ ਈਰਾਨ...

ਹੋਰਮੁਜ਼ ਸਟ੍ਰੇਟ ਤੋਂ ਬਾਅਦ ਲਾਲ ਸਾਗਰ ਦੇ ਬਾਬ ਅਲ-ਮੰਦੇਬ ‘ਤੇ ਵੀ ਈਰਾਨ ਦਾ ਦਬਦਬਾ, ਤਾਜ਼ਾ ਘਟਨਾਵਾਂ ਨਾਲ ਕੀ ਤਣਾਅ ਹੋਰ ਵੱਧ ਸਕਦਾ ਹੈ

3
0

Source :- BBC PUNJABI

ਯਮਨ ਦਾ ਇੱਕ ਟੈਂਕ ਰੇਗਿਸਤਾਨ ਵਿੱਚ ਗੋਲੀਬਾਰੀ ਕਰਦਾ ਹੋਇਆ। ਅਧਿਕਾਰੀਆਂ ਮੁਤਾਬਕ, ਇਹ ਈਰਾਨ ਸਮਰਥਿਤ ਹੂਤੀ ਬਾਗ਼ੀਆਂ ਨਾਲ ਹੋ ਰਹੀ ਝੜਪ ਦੌਰਾਨ ਦੀ ਤਸਵੀਰ ਹੈ। ਇਹ ਸਕ੍ਰੀਨਗ੍ਰੈਬ 9 ਸਤੰਬਰ 2026 ਨੂੰ ਜਾਰੀ ਕੀਤੀ ਗਏ ਇੱਕ ਵੀਡੀਓ ਤੋਂ ਲਈ ਗਈ ਹੈ।

ਤਸਵੀਰ ਸਰੋਤ, Reuters

ਯਮਨ ਦੇ ਸੁੱਕੇ ਤੱਟੀ ਮੈਦਾਨ ‘ਤਿਹਾਮਾ’ ਦੇ ਦੱਖਣੀ ਇਲਾਕਿਆਂ ਵਿੱਚ ਹੂਤੀਆਂ ਦੇ ਤੇਜ਼ੀ ਨਾਲ ਵਧਣ ਦੀ ਘਟਨਾ ਨੇ ਜ਼ਿਆਦਾਤਰ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ ਹੈ।

ਕੁਝ ਸਮਾਂ ਪਹਿਲਾਂ ਤੱਕ, ਹੂਤੀਆਂ ਦੇ ਵਿਰੋਧੀ ਗਠਜੋੜ ‘ਨੈਸ਼ਨਲ ਰੇਜ਼ਿਸਟੈਂਸ’ ਦਾ ਯਮਨ ਦੇ ਲਾਲ ਸਾਗਰ (ਰੈਡ ਸੀ) ਤੱਟ ਦੇ ਕਾਫ਼ੀ ਵੱਡੇ ਇਲਾਕੇ ‘ਤੇ ਕਬਜ਼ਾ ਸੀ। ਪਰ ਕੁਝ ਹੀ ਦਿਨਾਂ ਵਿੱਚ, ਇਨ੍ਹਾਂ ਵਿੱਚੋਂ ਜ਼ਿਆਦਾਤਰ ਇਲਾਕਾ ਹੂਤੀਆਂ ਦੇ ਕਬਜ਼ੇ ਵਿੱਚ ਆ ਗਿਆ ਹੈ।

ਕੁਝ ਅਨੁਮਾਨਾਂ ਮੁਤਾਬਕ, ਈਰਾਨ ਸਮਰਥਿਤ ਬਾਗ਼ੀਆਂ ਨੇ ਦੇਸ਼ ਦੇ ਰਣਨੀਤਕ ਤੌਰ ‘ਤੇ ਅਹਿਮ ਤੱਟੀ ਇਲਾਕੇ ਦੇ 130 ਕਿਲੋਮੀਟਰ (81 ਮੀਲ) ਹਿੱਸੇ ‘ਤੇ ਕਬਜ਼ਾ ਕਰ ਲਿਆ ਹੈ।

ਇਹ ਪਿਛਲੇ ਕਈ ਸਾਲਾਂ ਵਿੱਚ ਇਸ ਸਮੂਹ ਦੀ ਸਭ ਤੋਂ ਵੱਡੀ ਫੌਜੀ ਕਾਮਯਾਬੀ ਹੈ। ਇਸ ਨਾਲ ਸਾਬਿਤ ਹੁੰਦਾ ਹੈ ਕਿ 12 ਸਾਲ ਤੋਂ ਚੱਲ ਰਹੀ ਘਰੇਲੂ ਜੰਗ, ਸਾਊਦੀ ਅਰਬ ਦੇ ਜ਼ਬਰਦਸਤ ਹਵਾਈ ਹਮਲਿਆਂ ਤੋਂ ਇਲਾਵਾ ਅਮਰੀਕੀ, ਇਜ਼ਰਾਇਲੀ ਤੇ ਬ੍ਰਿਟਿਸ਼ ਫੌਜਾਂ ਦੇ ਹਮਲਿਆਂ ਦੇ ਬਾਵਜੂਦ, ਹੂਤੀ ਇੱਕ ਅਜਿਹੀ ਤਾਕਤ ਬਣੇ ਹੋਏ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਆਪਣੇ ਵਿਰੋਧੀਆਂ ਦੇ ਹੈਰਾਨ ਅਤੇ ਹੌਸਲਾ-ਪਸਤ ਹੋਣ ਕਾਰਨ, ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਹੂਤੀਆਂ ਨੂੰ ਜਲਦ ਹੀ ਉੱਥੋਂ ਹਟਾਇਆ ਜਾ ਸਕੇਗਾ।

“ਇਹ ਪਰਮਾਣੂ ਬੰਬ ਜਿੰਨੀ ਹੀ ਵੱਡੀ ਤਾਕਤ ਹੈ”

ਹੂਤੀ ਯਮਨ ਦੇ ਵੱਡੇ ਹਿੱਸੇ ’ਤੇ ਕਾਬਜ਼ ਹਨ, ਜਿਸ ਵਿੱਚ ਮੁੱਖ ਸ਼ਹਿਰ ਸਨਾ ਵੀ ਸ਼ਾਮਲ ਹੈ

ਤਸਵੀਰ ਸਰੋਤ, EPA

ਬਰੱਸਲਜ਼ ਸਥਿਤ ‘ਯੂਰਪੀਅਨ ਇੰਸਟੀਚਿਊਟ ਆਫ਼ ਪੀਸ’ ਦੇ ਸੀਨੀਅਰ ਵਿਸ਼ਲੇਸ਼ਕ ਹਿਸ਼ਮ ਅਲ-ਓਮੇਸੀ ਨੇ ਬੀਬੀਸੀ ਨੂੰ ਦੱਸਿਆ, “ਹੁਣ ਜਦੋਂ ਉਹ ਉੱਥੇ ਪਹੁੰਚ ਗਏ ਹਨ, ਤਾਂ ਉਹ ਉੱਥੇ ਮਜ਼ਬੂਤੀ ਨਾਲ ਜਮ ਜਾਣਗੇ। ਅਤੇ ਉਨ੍ਹਾਂ ਨੂੰ ਉੱਥੋਂ ਖਦੇੜਨਾ ਬਹੁਤ ਜ਼ਿਆਦਾ ਮਹਿੰਗਾ ਪਵੇਗਾ।”

ਬੇਸ਼ੱਕ, ਹੂਤੀ ਇਕੱਲੇ ਨਹੀਂ ਹਨ। ਉਨ੍ਹਾਂ ਨੂੰ ਈਰਾਨ ਦਾ ਸਮਰਥਨ ਹਾਸਿਲ ਹੈ। ਈਰਾਨ ਲਈ ਇਹ ਸਮਰਥਨ ਹੋਰ ਵੀ ਅਹਿਮ ਹੋ ਗਿਆ ਹੈ, ਕਿਉਂਕਿ ਉਸ ਦੀ ਕਥਿਤ “ਐਕਸਿਸ ਆਫ਼ ਰੇਜ਼ਿਸਟੈਂਸ” ਦੇ ਹੋਰ ਹਿੱਸਿਆਂ ਨੂੰ ਝਟਕਿਆਂ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿੱਚ ਲੇਬਨਾਨ ਦੇ ਹਿਜ਼ਬੁੱਲਾਹ, ਗਾਜ਼ਾ ਵਿੱਚ ਹਮਾਸ ਅਤੇ ਸੀਰੀਆ ਵਿੱਚ ਅਸਦ ਸਰਕਾਰ ਸ਼ਾਮਿਲ ਹਨ।

ਅਲ-ਓਮੇਸੀ ਨੇ ਕਿਹਾ, “ਇਸ ਲਈ ਉਨ੍ਹਾਂ ਨੇ ਆਪਣਾ ਸਮਰਥਨ ਹੂਤੀਆਂ ਵੱਲ ਕਰ ਦਿੱਤਾ। ਅਤੇ ਜ਼ਾਹਿਰ ਹੈ, ਉਨ੍ਹਾਂ ਨੂੰ ਉਸ ਸਮਰਥਨ ਦੀ ਲੋੜ ਵੀ ਹੈ।”

ਹਾਲਾਂਕਿ ਜ਼ਿਆਦਾਤਰ ਮਾਹਿਰ ਇਸ ਗੱਲ ਨਾਲ ਸਹਿਮਤ ਹਨ ਕਿ ਹੂਤੀਆਂ ਨੂੰ ਸਿਰਫ਼ ਈਰਾਨ ਦੀ ਕਠਪੁਤਲੀ ਕਹਿਣਾ ਗਲਤ ਹੋਵੇਗਾ, ਪਰ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਨੇ ਇੱਕ ਨਵੀਂ ਅਤੇ ਅਸਹਿਜ ਸੱਚਾਈ ਸਾਹਮਣੇ ਲਿਆ ਦਿੱਤੀ ਹੈ।

ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਵੱਡੇ ਪੱਧਰ ‘ਤੇ ਸਾਂਝਾ ਹਮਲਾ ਸ਼ੁਰੂ ਕਰਨ ਦੇ ਸੱਤ ਮਹੀਨੇ ਬਾਅਦ, ਈਰਾਨ ਦੀ ਸਰਕਾਰ ਦਾ ਹੁਣ ਦੁਨੀਆਂ ਦੇ ਦੋ ਸਭ ਤੋਂ ਅਹਿਮ ਸਮੁੰਦਰੀ ਰਸਤਿਆਂ ‘ਤੇ ਕੰਟਰੋਲ ਹੈ: ਫਾਰਸ ਦੀ ਖਾੜੀ ਦੇ ਮੁਹਾਨੇ ‘ਤੇ ਸਥਿਤ ‘ਸਟ੍ਰੇਟ ਆਫ਼ ਹੋਰਮੁਜ਼’ ਅਤੇ ਲਾਲ ਸਾਗਰ (ਅਤੇ ਸੂਏਜ਼ ਨਹਿਰ) ਦਾ ਪ੍ਰਵੇਸ਼ ਦੁਆਰ ‘ਬਾਬ ਅਲ-ਮੰਦੇਬ ।

ਲੰਡਨ ਦੇ ਚੈਥਮ ਹਾਊਸ ਥਿੰਕ ਟੈਂਕ ਦੇ ਰਿਸਰਚ ਫੈਲੋ ਫਾਰੀਆ ਅਲ-ਮੁਸਲਿਮੀ ਕਹਿੰਦੇ ਹਨ, “ਹੁਣ ਈਰਾਨ, ਸਿੱਧੇ ਅਤੇ ਆਪਣੇ ਸਹਿਯੋਗੀਆਂ ਰਾਹੀਂ, ਮੱਧ ਪੂਰਬ ਅਤੇ ਦੁਨੀਆਂ ਦੇ ਦੋ ਸਭ ਤੋਂ ਅਹਿਮ ਰਣਨੀਤਕ ‘ਚੋਕ ਪੌਇੰਟਸ’ (ਤੰਗ ਸਮੁੰਦਰੀ ਮਾਰਗਾਂ) ਨੂੰ ਕੰਟਰੋਲ ਕਰਦਾ ਹੈ। ਇਨ੍ਹਾਂ ਰਾਹੀਂ ਦੁਨੀਆਂ ਭਰ ਵਿੱਚ ਈਂਧਨ ਅਤੇ ਤੇਲ ਦੇ ਵਪਾਰ ਦਾ 35% ਤੋਂ ਵੱਧ ਦਾ ਕਾਰੋਬਾਰ ਹੁੰਦਾ ਹੈ।”

ਉਹ ਕਹਿੰਦੇ ਹਨ, “ਇਹ ਪਰਮਾਣੂ ਬੰਬ ਜਿੰਨੀ ਹੀ ਵੱਡੀ ਤਾਕਤ ਹੈ।”

”ਉਹ ਪਹਿਲਾਂ ਹੀ ਅਮਰੀਕਾ ਦਾ ਗੁੱਸਾ ਝੱਲ ਚੁੱਕੇ ਹਨ”

ਮੋਖਾ ਬੰਦਰਗਾਹ ’ਤੇ ਕਬਜ਼ਾ ਕਰਨ ਤੋਂ ਬਾਅਦ ਜਸ਼ਨ ਮਨਾਉਂਦੇ ਹੂਤੀ ਬਾਗ਼ੀ

ਤਸਵੀਰ ਸਰੋਤ, Getty Images

ਜੇ ਹੂਤੀ ਬਾਗ਼ੀਆਂ ਨੇ ਲਾਲ ਸਾਗਰ ਵਿੱਚ ਕਈ ਅਹਿਮ ਟਾਪੂਆਂ ‘ਤੇ ਵੀ ਕਬਜ਼ਾ ਕਰ ਲਿਆ- ਜਿਸ ਵਿੱਚ ਪੇਰਿਮ ਵੀ ਸ਼ਾਮਿਲ ਹੈ, ਜੋ ਬਾਬ ਅਲ-ਮੰਦੇਬ ਦੇ ਸਭ ਤੋਂ ਤੰਗ ਹਿੱਸੇ ਦੇ ਵਿਚਕਾਰ ਸਥਿਤ ਹੈ – ਤਾਂ ਅੰਤਰਰਾਸ਼ਟਰੀ ਸ਼ਿਪਿੰਗ ਵਿੱਚ ਦਖ਼ਲ ਦੇਣ ਦੀ ਇਸ ਗੁੱਟ ਦੀ ਸਮਰੱਥਾ ਬਹੁਤ ਵਧ ਜਾਵੇਗੀ।

ਜਿਵੇਂ ਕਿ ਗਾਜ਼ਾ ‘ਤੇ ਇਜ਼ਰਾਈਲ ਦੀ ਜੰਗ ਤੋਂ ਬਾਅਦ ਇਸ ਗੁੱਟ ਦੀਆਂ ਹਰਕਤਾਂ ਤੋਂ ਸਾਬਿਤ ਹੋਇਆ, ਲਾਲ ਸਾਗਰ ਵਿੱਚ ਸ਼ਿਪਿੰਗ ਲਈ ਹੂਤੀ ਮਿਜ਼ਾਈਲਾਂ, ਡਰੋਨ ਅਤੇ ਛੋਟੀਆਂ ਹਮਲਾਵਰ ਕਿਸ਼ਤੀਆਂ ਦਾ ਬਹੁਤ ਜ਼ਿਆਦਾ ਖ਼ਤਰਾ ਹੈ।

ਯਮਨ ਮਾਮਲਿਆਂ ਦੀ ਮਾਹਿਰ ਇਓਨਾ ਕਰੇਗ ਨੇ ਸ਼ੁੱਕਰਵਾਰ ਨੂੰ ਬੀਬੀਸੀ ਰੇਡੀਓ 4 ਦੇ ‘ਟੁਡੇ’ ਪ੍ਰੋਗਰਾਮ ਵਿੱਚ ਕਿਹਾ, “ਇਲਾਕਿਆਂ ‘ਤੇ ਕਬਜ਼ਾ ਕੀਤੇ ਬਿਨਾਂ ਵੀ ਉਹ ਬਾਬ ਅਲ-ਮੰਦੇਬ ਤੋਂ ਆਉਣ-ਜਾਣ ਵਾਲੇ ਅਤੇ ਸੂਏਜ਼ ਵੱਲ ਜਾਣ ਵਾਲੇ ਜਹਾਜ਼ਾਂ ਨੂੰ ਕੰਟਰੋਲ ਕਰ ਰਹੇ ਸਨ।”

“ਪਰ ਜ਼ਾਹਿਰ ਹੈ, ਹੁਣ ਉਹ ਉਸ ਇਲਾਕੇ ਨੂੰ ਕੰਟਰੋਲ ਕਰ ਰਹੇ ਹਨ ਜੋ ਸਿੱਧੇ ਬਾਬ ਅਲ-ਮੰਦੇਬ ਦੇ ਉੱਪਰ ਹੈ, ਅਤੇ ਇਸ ਨਾਲ ਉਨ੍ਹਾਂ ਨੂੰ ਕਿਤੇ ਜ਼ਿਆਦਾ ਤਾਕਤ ਮਿਲ ਜਾਂਦੀ ਹੈ।”

ਸ਼ਿਪਿੰਗ ਕੰਪਨੀਆਂ ਨੂੰ ਸ਼ੁੱਕਰਵਾਰ ਦੁਪਹਿਰ ਜਾਰੀ ਕੀਤੇ ਗਏ ਉਸ ਬਿਆਨ ਦੀ ਸੱਚਾਈ ‘ਤੇ ਸ਼ੱਕ ਹੋ ਸਕਦਾ ਹੈ, ਜਿਸ ਵਿੱਚ ਹੂਤੀ ਫੌਜ ਨੇ ਕਿਹਾ ਸੀ ਕਿ ਸਮੁੰਦਰੀ ਨੇਵੀਗੇਸ਼ਨ “ਸਾਊਦੀ ਜਹਾਜ਼ਾਂ ਨੂੰ ਛੱਡ ਕੇ ਸਾਰੀਆਂ ਕੰਪਨੀਆਂ ਲਈ ਸੁਰੱਖਿਅਤ ਹੈ, ਜਿਨ੍ਹਾਂ ‘ਤੇ ਪਹਿਲਾਂ ਤੋਂ ਹੀ ਨਾਕਾਬੰਦੀ ਲਾਗੂ ਹੈ।”

ਆਪਣੇ ਪਿਛਲੇ ਹਮਲਿਆਂ ਵਿੱਚ, ਹੂਤੀਆਂ ਨੇ ਕਿਹਾ ਸੀ ਕਿ ਉਹ ਸਿਰਫ਼ ਇਜ਼ਰਾਈਲ ਨਾਲ ਜੁੜੇ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਪਰ ਅਸਲ ਵਿੱਚ ਉਨ੍ਹਾਂ ਨੇ ਅਜਿਹੇ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਜਿਨ੍ਹਾਂ ਦਾ ਇਜ਼ਰਾਈਲ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਜਿਸ ਵਿੱਚ ਨਾਰਵੇ ਦੇ ਝੰਡੇ ਵਾਲਾ ਇੱਕ ਟੈਂਕਰ ਵੀ ਸ਼ਾਮਿਲ ਹੈ।

ਕਰੇਗ ਨੇ ਕਿਹਾ ਕਿ ਇਸ ਦੇ ਬਾਵਜੂਦ ਹੋ ਸਕਦਾ ਹੈ ਕਿ ਹੂਤੀ ਅੰਨ੍ਹੇਵਾਹ ਹਮਲੇ ਕਰਨ ਤੋਂ ਬਚਣ, ਕਿਉਂਕਿ ਉਨ੍ਹਾਂ ਨੂੰ ‘ਆਪ੍ਰੇਸ਼ਨ ਰਫ਼ ਰਾਈਡਰ’ ਦੁਹਰਾਏ ਜਾਣ ਦਾ ਡਰ ਹੋ ਸਕਦਾ ਹੈ। 2025 ਦੀਆਂ ਗਰਮੀਆਂ ਵਿੱਚ ਅਮਰੀਕਾ ਨੇ ਛੇ ਹਫ਼ਤਿਆਂ ਤੱਕ ਵੱਡੇ ਹਵਾਈ ਅਤੇ ਜਲ ਸੈਨਾ ਨਾਲ ਹਮਲੇ ਕੀਤੇ ਸਨ।

ਉਨ੍ਹਾਂ ਕਿਹਾ, “ਉਹ ਪਹਿਲਾਂ ਹੀ ਅਮਰੀਕਾ ਦਾ ਗੁੱਸਾ ਝੱਲ ਚੁੱਕੇ ਹਨ।”

ਪਰ ਕੀ ਅਮਰੀਕਾ ਇਸ ਵਿੱਚ ਸ਼ਾਮਿਲ ਹੋਣਾ ਚਾਹੇਗਾ?

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਰਾਸ਼ਟਰਪਤੀ ਡੌਨਲਡ ਟਰੰਪ ਦੀ ਈਰਾਨ ਨਾਲ ਜੰਗ ਨੂੰ ਪਹਿਲਾਂ ਤੋਂ ਹੀ ਪੰਸਦ ਨਹੀਂ ਕੀਤਾ ਜਾ ਰਿਹਾ। ਤੇਲ ਦੀਆਂ ਕੀਮਤਾਂ ਮੁੜ ਵਧ ਰਹੀਆਂ ਹਨ ਅਤੇ ਅਜਿਹੇ ਵਿੱਚ ਇਹ ਸੰਭਾਵਨਾ ਘੱਟ ਹੈ ਕਿ ਜੰਗ ਦਾ ਇੱਕ ਨਵਾਂ ਮੋਰਚਾ ਖੋਲ੍ਹਣ ਨਾਲ ਟਰੰਪ ਦੀ ਲੋਕਪ੍ਰਿਯਤਾ ਵਧੇਗੀ ਜਾਂ ਨਵੰਬਰ ਵਿੱਚ ਹੋਣ ਵਾਲੀਆਂ ਅਮਰੀਕਾ ਦੀਆਂ ਮੱਧ-ਮੱਧਕਾਲੀ ਚੋਣਾਂ ਵਿੱਚ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਦੀਆਂ ਸੰਭਾਵਨਾਵਾਂ ਬਿਹਤਰ ਹੋਣਗੀਆਂ।

‘ਐਕਸੀਓਸ’ ਵੈੱਬਸਾਈਟ ਦੇ ਮੁਤਾਬਕ, ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਅਮਰੀਕਾ ਤੋਂ ਦਖ਼ਲ ਦੇਣ ਦੀ ਅਪੀਲ ਦਾ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।

ਐਕਸੀਓਸ ਦੀ ਵੈੱਬਸਾਈਟ ‘ਤੇ ਲਿਖਿਆ ਹੈ ਕਿ ਅਮਰੀਕਾ “ਯਮਨ ਵਿੱਚ ਵੱਧ ਰਹੇ ਸੰਘਰਸ਼ ਨੂੰ ਲੈਕੇ ਜ਼ਿਆਦਾ ਚਿੰਤਤ ਹੈ ਅਤੇ ਸਾਊਦੀ ਅਰਬ ਲਈ ਆਪਣਾ ਸਮਰਥਨ ਵਧਾਉਣ ‘ਤੇ ਕੰਮ ਕਰ ਰਿਹਾ ਹੈ, ਨਾਲ ਹੀ ਸਿੱਧੇ ਤੌਰ ‘ਤੇ ਫ਼ੌਜੀ ਦਖ਼ਲ ਤੋਂ ਬਚਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।”

ਪਰ ਸਾਊਦੀ ਅਰਬ ਵਿੱਚ ਡਰ ਦਾ ਕਾਰਨ ਸਿਰਫ਼ ਬਾਬ ਅਲ-ਮੰਦੇਬ ਲਈ ਸੰਭਾਵਿਤ ਖ਼ਤਰਾ ਨਹੀਂ ਹੈ।

ਸਾਊਦੀ ਅਰਬ ਦੀ ਈਸਟ-ਵੈਸਟ ਪਾਈਪਲਾਈਨ ‘ਤੇ ਹੂਤੀ ਮਿਜ਼ਾਈਲ ਅਤੇ ਡਰੋਨ ਹਮਲੇ ਦੀਆਂ ਸੈਟੇਲਾਈਟ ਤਸਵੀਰਾਂ – ਜੋ ਇਸ ਸਾਲ ਦੀ ਸ਼ੁਰੂਆਤ ਵਿੱਚ ਸਟ੍ਰੇਟ ਆਫ਼ ਹੋਰਮੁਜ਼ ਦੇ ਬੰਦ ਹੋਣ ਤੋਂ ਬਾਅਦ ਤੇਲ ਦਰਾਮਦ ਲਈ ਇੱਕ ਜ਼ਰੂਰੀ ਵਿਕਲਪਿਕ ਰਸਤਾ ਸੀ – ਈਰਾਨ ਦੇ ਯਮਨੀ ਸਹਿਯੋਗੀਆਂ ਦੀ ਉਸ ਕੋਸ਼ਿਸ਼ ਵੱਲ ਇਸ਼ਾਰਾ ਕਰਦੀਆਂ ਹਨ, ਜਿਸ ਦਾ ਮਕਸਦ ਈਰਾਨ ਦੇ ਨਾਲ ਅਮਰੀਕਾ-ਇਜ਼ਰਾਈਲ ਜੰਗ ਕਾਰਨ ਪੈਦਾ ਹੋਏ ਆਰਥਿਕ ਦਬਾਅ ਨੂੰ ਹੋਰ ਵਧਾਉਣਾ ਹੈ।

ਭਾਵੇਂ ਈਰਾਨ ਨੇ ਸਿੱਧੇ ਤੌਰ ‘ਤੇ ਹਮਲੇ ਦਾ ਹੁਕਮ ਨਾ ਦਿੱਤਾ ਹੋਵੇ, ਪਰ ਉਸ ਨੂੰ ਇਸ ਤੋਂ ਸਾਫ਼ ਤੌਰ ‘ਤੇ ਫ਼ਾਇਦਾ ਹੁੰਦਾ ਦਿਖਾਈ ਦੇ ਰਿਹਾ ਹੈ।

ਯਮਨ ਦੇ ਲੋਕਾਂ ਦੀ ਜ਼ਿੰਦਗੀ ਉੱਤੇ ਕੀ ਅਸਰ ਪਵੇਗਾ

ਬੇਘਰ ਹੋਈ ਯਮਨੀ ਮਹਿਲਾ ਸਈਦਾ ਮੁਹੰਮਦ ਆਪਣੀ ਦੋਹਤੀ ਨੂੰ ਖੁਆਉਣ ਲਈ ਪੱਤੇ ਉਬਾਲਦੀ ਹੋਈ

ਤਸਵੀਰ ਸਰੋਤ, Getty Images

ਲੰਦਨ ਸਥਿਤ ਰੌਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ ਦੇ ਰਿਸਰਚਰ ਅਤੇ ਐਨਾਲਿਸਟ ਬਾਰਾ ਸ਼ੈਬਾਨ ਦਾ ਕਹਿਣਾ ਹੈ ਕਿ ਲੜਾਈ ਵਿੱਚ ਹਾਲੀਆ ਤੇਜ਼ੀ – ਜੋ 2022 ਵਿੱਚ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ ਹੋਈ ਜੰਗਬੰਦੀ ਤੋਂ ਬਾਅਦ ਦੀ ਸਭ ਤੋਂ ਖ਼ਰਾਬ ਸਥਿਤੀ ਹੈ – ਇਸ ਦੀਆਂ ਜੜ੍ਹਾਂ ਜੁਲਾਈ ਵਿੱਚ ਦੇਖੀਆਂ ਜਾ ਸਕਦੀਆਂ ਹਨ, ਜਦੋਂ ਹੂਤੀ ਵਫ਼ਦ ਈਰਾਨ ਦੇ ਸੁਪ੍ਰੀਮ ਲੀਡਰ ਆਯਤੁੱਲਾ ਅਲੀ ਖ਼ਾਮਨੇਈ ਦੇ ਸਰਕਾਰੀ ਸਨਮਾਨ ਨਾਲ ਹੋਏ ਅੰਤਿਮ ਸੰਸਕਾਰ ਤੋਂ ਵਾਪਸ ਆਇਆ ਸੀ।

ਉਹ ਕਹਿੰਦੇ ਹਨ, “ਇਸ ਤੋਂ ਤੁਰੰਤ ਬਾਅਦ ਹੀ ਤਣਾਅ ਵਧਣਾ ਸ਼ੁਰੂ ਹੋ ਗਿਆ ਅਤੇ ਸਾਫ਼ ਤੌਰ ‘ਤੇ ਲੱਗ ਰਿਹਾ ਸੀ ਕਿ [ਈਰਾਨ] ਹੁਣ ਲਾਲ ਸਾਗਰ ‘ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਪੱਕਾ ਇਰਾਦਾ ਰੱਖਦਾ ਸੀ।”

ਯਮਨ ਦੇ ਮੁੜ ਪੂਰੀ ਤਰ੍ਹਾਂ ਜੰਗ ਦੀ ਕਗਾਰ ‘ਤੇ ਖੜਾ ਹੋਣ, ਸਾਊਦੀ ਅਰਬ ਦੇ ਲਾਲ ਸਾਗਰ ਨਾਲ ਜੁੜੀ ਆਪਣੀ ਆਰਥਿਕ ਜੀਵਨਰੇਖਾ ਨੂੰ ਬਚਾਉਣ ਨੂੰ ਲੈਕੇ ਚਿੰਤਤ ਹੋਣ ਅਤੇ ਡੌਨਲਡ ਟਰੰਪ ਦੇ ਇਸ ਵਿੱਚ ਸ਼ਾਮਿਲ ਹੋਣ ਤੋਂ ਹਿਚਕਚਾਉਣ ਦੇ ਵਿਚਕਾਰ, ਈਰਾਨ ਨਾਲ ਅਮਰੀਕਾ ਦਾ ਸੰਘਰਸ਼ ਇੱਕ ਨਵੇਂ ਅਤੇ ਸੰਭਾਵਿਤ ਤੌਰ ‘ਤੇ ਖ਼ਤਰਨਾਕ ਮੋੜ ‘ਤੇ ਪਹੁੰਚ ਚੁੱਕਾ ਹੈ।

ਯਮਨ ਦੇ ਜੋ ਲੋਕ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਗ੍ਰਹਿ ਯੁੱਧ ਕਾਰਨ ਵਿਸਥਾਪਿਤ ਹੋਏ ਹਨ, ਬੰਬਾਰੀ ਦਾ ਸ਼ਿਕਾਰ ਹੋਏ ਹਨ, ਭੁੱਖਮਰੀ ਅਤੇ ਗਰੀਬੀ ਨਾਲ ਜੂਝ ਰਹੇ ਹਨ, ਉਨ੍ਹਾਂ ਲਈ ਹਾਲੀਆ ਘਟਨਾਵਾਂ ਨਾਲ ਜ਼ਿੰਦਗੀ ਹੋਰ ਵੀ ਬਦਤਰ ਹੋ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI