Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ਦੀ ਹਾਕੀ ਵਿੱਚ ਮੁੰਡਿਆਂ ਦਾ ਦਬਦਬਾ, ਕੁੜੀਆਂ ਕਿੱਥੇ ਪਿੱਛੇ ਰਹਿ ਗਈਆਂ?

ਪੰਜਾਬ ਦੀ ਹਾਕੀ ਵਿੱਚ ਮੁੰਡਿਆਂ ਦਾ ਦਬਦਬਾ, ਕੁੜੀਆਂ ਕਿੱਥੇ ਪਿੱਛੇ ਰਹਿ ਗਈਆਂ?

3
0

Source :- BBC PUNJABI

ਬਲਜੀਤ ਕੌਰ ਅਤੇ ਗੁਜੀਤ ਕੌਰ

ਤਸਵੀਰ ਸਰੋਤ, hockey india/getty

ਜਦੋਂ ਵੀ ਭਾਰਤੀ ਪੁਰਸ਼ ਹਾਕੀ ਟੀਮ ਦੀ ਚੋਣ ਹੁੰਦੀ ਹੈ ਤਾਂ ਉਸ ਵਿੱਚ ਜ਼ਿਆਦਾਤਰ ਪੰਜਾਬ ਦੇ ਖਿਡਾਰੀਆਂ ਦੀ ਬਹੁਗਿਣਤੀ ਰਹੀ ਹੈ।

ਬੈਲਜੀਅਮ ਤੇ ਨੀਦਰਲੈਂਡ ਵਿੱਚ ਖੇਡੇ ਗਏ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਵਿੱਚ ਪੰਜਾਬ ਦੇ 8 ਖਿਡਾਰੀ ਸਨ। ਇਸੇ ਤਰ੍ਹਾਂ ਏਸ਼ੀਅਨ ਖੇਡਾਂ ਵਿੱਚ ਵੀ ਪੰਜਾਬ ਦੇ 8 ਖਿਡਾਰੀਆਂ ਨੂੰ ਟੀਮ ਵਿੱਚ ਥਾਂ ਮਿਲੀ ਹੈ।

ਪਰ ਦੂਜੇ ਪਾਸੇ ਜੇਕਰ ਕੁੜੀਆਂ ਦੀ ਟੀਮ ਨੂੰ ਦੇਖਿਆ ਜਾਵੇ ਤਾਂ ਇਹ ਗਿਣਤੀ ਬਹੁਤ ਹੀ ਘੱਟ ਹੈ।

ਹਾਲ ਹੀ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਭਾਰਤੀ ਕੁੜੀਆਂ ਦੀ ਟੀਮ ਵਿੱਚ ਸਿਰਫ਼ ਇੱਕ ਪੰਜਾਬ ਦੀ ਕੁੜੀ, ਬਲਜੀਤ ਕੌਰ, ਖੇਡਦੀ ਦਿਖਾਈ ਦਿੱਤੀ। ਆਉਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਵੀ ਇਹੀ ਸਥਿਤੀ ਰਹਿਣ ਵਾਲੀ ਹੈ।

ਪਰ ਹੁਣ ਇੱਥੇ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ ਜਿਸ ਪੰਜਾਬ ਨੇ ਭਾਰਤੀ ਮਰਦਾਂ ਦੀ ਹਾਕੀ ਨੂੰ ਦਹਾਕਿਆਂ ਤੱਕ ਖਿਡਾਰੀ ਦਿੱਤੇ, ਉਸੇ ਪੰਜਾਬ ਦੀਆਂ ਕੁੜੀਆਂ ਕੌਮਾਂਤਰੀ ਪੱਧਰ ਤੱਕ ਘੱਟ ਕਿਉਂ ਪਹੁੰਚ ਰਹੀਆਂ ਹਨ।

ਇਸ ਸਵਾਲ ਦਾ ਜਵਾਬ ਜਾਣਨ ਲਈ ਅਸੀਂ ਭਾਰਤ ਦੀਆਂ ਸਾਬਕਾ ਖਿਡਾਰਨਾਂ ਤੇ ਪੰਜਾਬ ਵਿੱਚ ਕੁੜੀਆਂ ਨੂੰ ਕੋਚਿੰਗ ਦੇਣ ਵਾਲੇ ਕੋਚਾਂ ਨਾਲ ਗੱਲਬਾਤ ਕੀਤੀ ਹੈ।

ਪਿਛਲੇ 10 ਸਾਲਾਂ ਵਿੱਚ ਕਿੰਨੀਆਂ ਕੁੜੀਆਂ ਕੌਮਾਂਤਰੀ ਪੱਧਰ ‘ਤੇ ਖੇਡੀਆਂ

ਜੇਕਰ ਭਾਰਤੀ ਕੁੜੀਆਂ ਦੀ ਮੌਜੂਦਾ ਟੀਮ ਦੀ ਗੱਲ ਕਰੀਏ ਤਾਂ ਇਸ ਵਿੱਚ ਬਲਜੀਤ ਕੌਰ ਹੀ ਹੈ, ਜੋ ਵਿਸ਼ਵ ਕੱਪ ਟੀਮ ਦਾ ਹਿੱਸਾ ਸੀ। ਇਸ ਦੇ ਨਾਲ ਹੀ ਏਸ਼ੀਅਨ ਖੇਡਾਂ ਦੀ ਟੀਮ ਵਿੱਚ ਵੀ ਬਲਜੀਤ ਕੌਰ ਟੀਮ ਦਾ ਹਿੱਸਾ ਹਨ। ਬਲਜੀਤ ਕੌਰ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ।

ਬੀਤੇ 10 ਸਾਲਾਂ ਵਿੱਚ ਕੌਮਾਂਤਰੀ ਪੱਧਰ ‘ਤੇ ਹਿੱਸਾ ਲੈਣ ਵਾਲੀਆਂ ਪੰਜਾਬ ਦੀਆਂ ਕੁੜੀਆਂ ਦੀ ਗੱਲ ਕਰੀਏ ਤਾਂ ਇਹ ਗਿਣਤੀ ਬਹੁਤ ਹੀ ਘੱਟ ਹੈ, ਜਿਨ੍ਹਾਂ ਨੇ ਭਾਰਤੀ ਸੀਨੀਅਰ ਟੀਮ ਵਿੱਚ ਥਾਂ ਬਣਾਈ ਹੋਵੇ।

ਇਨ੍ਹਾਂ ਵਿੱਚ ਬਲਜੀਤ ਕੌਰ ਤੋਂ ਇਲਾਵਾ ਗੁਰਜੀਤ ਕੌਰ ਤੇ ਰਾਜਵਿੰਦਰ ਕੌਰ ਹੀ ਹਨ, ਜੋ ਭਾਰਤ ਦੀ ਸੀਨੀਅਰ ਟੀਮ ਲਈ ਖੇਡੀਆਂ ਹਨ।

ਗੁਰਜੀਤ ਕੌਰ ਵੱਲੋਂ ਟੋਕੀਓ ਓਲੰਪਿਕ ਵਿੱਚ ਕੀਤੇ ਪ੍ਰਦਰਸ਼ਨ ਨੂੰ ਨਹੀਂ ਭੁੱਲਿਆ ਜਾ ਸਕਦਾ। ਟੋਕੀਓ ਓਲੰਪਿਕ ਵਿੱਚ ਭਾਰਤੀ ਟੀਮ ਚੌਥੇ ਨੰਬਰ ‘ਤੇ ਰਹੀ ਸੀ ਤੇ ਉਸ ਵਿੱਚ ਗੁਰਜੀਤ ਕੌਰ ਦਾ ਅਹਿਮ ਪ੍ਰਦਰਸ਼ਨ ਸੀ।

ਹਾਲਾਂਕਿ ਕੁਝ ਕੁੜੀਆਂ ਭਾਰਤੀ ਟੀਮ ਦੇ ਕੈਂਪ ਵਿੱਚ ਜ਼ਰੂਰ ਗਈਆਂ, ਪਰ ਅਸੀਂ ਇਸ ਸਟੋਰੀ ਵਿੱਚ ਭਾਰਤੀ ਟੀਮ ਲਈ ਖੇਡਣ ਵਾਲੀਆਂ ਕੁੜੀਆਂ ਦੀ ਗੱਲ ਕਰ ਰਹੇ ਹਾਂ।

ਵਿਸ਼ਵ ਕੱਪ ‘ਚ ਪੰਜਾਬ ਤੇ ਹਰਿਆਣਾ ਦੀਆਂ ਕੁੜੀਆਂ ਦੀ ਗਿਣਤੀ

ਗੁਰਜੀਤ ਕੌਰ

ਤਸਵੀਰ ਸਰੋਤ, Getty Images

ਜੇਕਰ ਹਾਲ ਹੀ ਵਿੱਚ ਖ਼ਤਮ ਹੋਏ ਹਾਕੀ ਵਿਸ਼ਵ ਕੱਪ ਵਿੱਚ ਖੇਡਣ ਵਾਲੀ ਟੀਮ ਦੀ ਤੁਲਨਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਨਾਲ ਕਰੀਏ ਤਾਂ ਉਸ ਮੁਕਾਬਲੇ ਵਿੱਚ ਵੀ ਪੰਜਾਬ ਦੀ ਗਿਣਤੀ ਕੁਝ ਵੀ ਨਹੀਂ ਜਾਪਦੀ।

ਹਰਿਆਣਾ ਦੀਆਂ 7 ਕੁੜੀਆਂ ਹਾਕੀ ਵਿਸ਼ਵ ਕੱਪ ਖੇਡਣ ਵਾਲੀ ਟੀਮ ਦਾ ਹਿੱਸਾ ਸਨ, ਜਦਕਿ ਪੰਜਾਬ ਦੀ ਕੇਵਲ ਇੱਕ ਕੁੜੀ ਖੇਡੀ।

ਗੁਰਜੀਤ ਕੌਰ ਉਹ ਖਿਡਾਰਨ ਹਨ, ਜੋ ਪੰਜਾਬ ਦੇ ਹਾਲਾਤ ਬਾਰੇ ਚੰਗੀ ਤਰ੍ਹਾਂ ਜਾਣੂ ਹਨ ਕਿਉਂਕਿ ਉਨ੍ਹਾਂ ਨੇ ਖੁਦ ਆਪਣੇ ਖੇਡ ਜੀਵਨ ਵਿੱਚ ਕਈ ਤੰਗੀਆਂ ਦੇ ਬਾਵਜੂਦ ਕੌਮਾਂਤਰੀ ਪੱਧਰ ‘ਤੇ ਆਪਣੀ ਖੇਡ ਦੇ ਦਮ ‘ਤੇ ਨਾਮਣਾ ਖੱਟਿਆ।

ਗੁਰਜੀਤ ਕੌਰ ਕਹਿੰਦੇ ਹਨ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੂੰ ਮਦਦ ਘੱਟ ਮਿਲਦੀ ਹੈ।

ਉਹ ਕਹਿੰਦੇ ਹਨ, “ਪੰਜਾਬ ਵਿੱਚ ਕੁੜੀਆਂ ਦੇ ਖੇਡ ਵਿੰਗ ਬਹੁਤ ਘੱਟ ਹਨ ਤੇ ਕੁੜੀਆਂ ਲਈ ਅਕੈਡਮੀਆਂ ਵੀ ਘੱਟ ਹਨ। ਉਹ ਕਹਿੰਦੇ ਹਨ ਕਿ ਜੇਕਰ ਇਹ ਸਹੂਲਤ ਮਿਲੇਗੀ ਤਾਂ ਹੀ ਕੁੜੀਆਂ ਖੇਡ ਕੇ ਅੱਗੇ ਆ ਸਕਦੀਆਂ ਹਨ।”

ਗੁਰਜੀਤ ਕੌਰ ਕਹਿੰਦੇ ਹਨ ਕਿ ਕੈਰੋਂ ਪਿੰਡ ਦੇ ਸਕੂਲ ਵਿੱਚ ਕੁੜੀਆਂ ਦਾ ਖੇਡ ਵਿੰਗ ਕਿਸੇ ਸਮੇਂ ਕਾਫ਼ੀ ਚੰਗਾ ਚੱਲਦਾ ਹੁੰਦਾ ਸੀ ਤੇ ਹੁਣ ਉਹ ਬੰਦ ਹੋ ਚੁੱਕਿਆ ਹੈ।

ਇਸ ਦੇ ਨਾਲ ਹੀ ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਕੁੜੀਆਂ ਨੂੰ ਸਪੋਰਟਸ ਹੋਸਟਲਾਂ ਦੀ ਸਹੂਲਤ ਵੀ ਨਹੀਂ ਹੈ।

ਇਹ ਵੀ ਇੱਕ ਕਾਰਨ ਹੈ ਕਿ ਕੁੜੀਆਂ ਅੱਗੇ ਨਹੀਂ ਆ ਰਹੀਆਂ। ਗੁਰਜੀਤ ਕੌਰ ਮੰਨਦੇ ਹਨ ਕਿ ਜੇਕਰ ਇਨ੍ਹਾਂ ਚੀਜ਼ਾਂ ਵੱਲ ਹੀ ਧਿਆਨ ਦਿੱਤਾ ਜਾਵੇ ਤਾਂ ਪੰਜਾਬ ਦੀਆਂ ਕੁੜੀਆਂ ਅੱਗੇ ਆ ਸਕਦੀਆਂ ਹਨ ਤੇ ਹਾਕੀ ਵਿੱਚ ਭਾਰਤੀ ਟੀਮ ਅੰਦਰ ਥਾਂ ਬਣਾ ਸਕਦੀਆਂ ਹਨ।

‘ਕੁੜੀਆਂ ਦੀ ਹਾਕੀ ਵੱਲ ਧਿਆਨ ਨਹੀਂ ਦਿੱਤਾ ਜਾਂਦਾ’

ਰਾਜਬੀਰ ਕੌਰ ਰਾਏ

ਭਾਰਤ ਦੀ ‘ਗੋਲਡਨ ਗਰਲ’ ਨਾਮ ਨਾਲ ਮਸ਼ਹੂਰ ਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਰਾਜਬੀਰ ਕੌਰ ਰਾਏ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਮੁੰਡਿਆਂ ਦੀਆਂ ਹਾਕੀ ਅਕੈਡਮੀਆਂ ਬਹੁਤ ਚੱਲ ਰਹੀਆਂ ਹਨ, ਜਦਕਿ ਕੁੜੀਆਂ ਦੀਆਂ ਨਾ ਦੇ ਬਰਾਬਰ ਹੀ ਹਨ, ਜਿਸ ਦੇ ਕਾਰਨ ਵੱਡਾ ਨੁਕਸਾਨ ਕੁੜੀਆਂ ਨੂੰ ਝੱਲਣਾ ਪੈ ਰਿਹਾ ਹੈ।

ਸਕੂਲਾਂ ਵਿੱਚ ਚੱਲਣ ਵਾਲੇ ਖੇਡ ਵਿੰਗਾਂ ਦਾ ਬੰਦ ਹੋਣਾ ਵੱਡਾ ਕਾਰਨ ਹੈ ਕਿ ਪੰਜਾਬ ‘ਚੋਂ ਕੁੜੀਆਂ ਹਾਕੀ ਨਹੀਂ ਖੇਡ ਰਹੀਆਂ।

ਰਾਜਬੀਰ ਕੌਰ ਕਹਿੰਦੇ ਹਨ ਕਿ ਕੈਰੋਂ ਸਕੂਲ ਦੇ ਨਾਲ-ਨਾਲ ਨਹਿਰੂ ਗਾਰਡਨ ਸਕੂਲ, ਜਲੰਧਰ ਦਾ ਖੇਡ ਵਿੰਗ ਵੀ ਬੰਦ ਹੋਇਆ, ਜਿੱਥੇ ਉਹ ਖੇਡ ਕੇ ਭਾਰਤੀ ਟੀਮ ਤੱਕ ਪਹੁੰਚੇ। ਉਸ ਦੇ ਬੰਦ ਹੋਣ ਕਾਰਨ ਵੱਡਾ ਘਾਟਾ ਪਿਆ।

ਇੱਥੇ ਦੱਸਣਯੋਗ ਹੈ ਕਿ ਨਹਿਰੂ ਗਾਰਡਨ ਦਾ ਖੇਡ ਵਿੰਗ ਸ਼ਿਫਟ ਕਰਕੇ ਮੁਹਾਲੀ ਕਰ ਦਿੱਤਾ ਗਿਆ ਸੀ। ਰਾਜਬੀਰ ਕਹਿੰਦੇ ਹਨ ਕਿ ਜੇਕਰ ਖੇਡ ਵਿੰਗ ਚੱਲਣਗੇ ਤਾਂ ਉੱਥੇ ਕੁੜੀਆਂ ਨੂੰ ਹੋਸਟਲ ਦੀ ਸਹੂਲਤ ਵੀ ਮਿਲੇਗੀ।

ਉਹ ਕਹਿੰਦੇ ਹਨ, “ਹੋਸਟਲ ਦੀ ਸਹੂਲਤ ਦਾ ਸਭ ਤੋਂ ਵੱਡਾ ਲਾਭ ਪਿੰਡਾਂ ਦੀਆਂ ਕੁੜੀਆਂ ਨੂੰ ਹੁੰਦਾ ਹੈ ਤਾਂ ਕਿ ਉਹ ਉੱਥੇ ਰਹਿ ਕੇ ਖੇਡ ਸਕਣ। ਕਿਉਂਕਿ ਵਧੇਰੇ ਖਿਡਾਰਨਾਂ ਪਿੰਡਾਂ ਤੋਂ ਹੀ ਪੈਦਾ ਹੁੰਦੀਆਂ ਹਨ।”

“ਸਾਡੇ ਸਮੇਂ ਕੋਚ ਬਹੁਤ ਸਨ, ਜਦਕਿ ਹੁਣ ਵੀ ਪੰਜਾਬ ਵਿੱਚ ਮਹਿਲਾ ਕੋਚ ਨਾਮਾਤਰ ਹੀ ਹਨ। ਪੰਜਾਬ ਵਿੱਚ ਕੁੜੀਆਂ ਦੀ ਹਾਕੀ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ। ਜਦੋਂ ਮੈਂ ਹਾਕੀ ਖੇਡਦੀ ਸੀ, ਉਸ ਸਮੇਂ 8-10 ਕੁੜੀਆਂ ਭਾਰਤੀ ਕੈਂਪ ਵਿੱਚ ਹੁੰਦੀਆਂ ਸਨ ਤੇ 2 ਤੋਂ 3 ਕੁੜੀਆਂ ਭਾਰਤੀ ਟੀਮ ਦਾ ਵੀ ਹਿੱਸਾ ਸਨ। ਪਰ ਅੱਜ ਹਾਲਾਤ ਦੇਖ ਲਵੋ।”

ਰਾਜਬੀਰ ਕੌਰ ਕਹਿੰਦੇ ਹਨ, “ਸਾਡੇ ਵਰਗੇ ਪੰਜਾਬ ਵਿੱਚ ਬਹੁਤ ਅਜਿਹੇ ਸਾਬਕਾ ਖਿਡਾਰੀ ਹਨ, ਜੋ ਹਾਕੀ ਲਈ ਕੁਝ ਕਰਨਾ ਚਾਹੁੰਦੇ ਹਨ, ਪਰ ਉਹ ਨਿਰਾਸ਼ ਹੋ ਕੇ ਕਹਿੰਦੇ ਹਨ ਕਿ ਪੰਜਾਬ ਵਿੱਚ ਸਾਡਾ ਫਾਇਦਾ ਹੀ ਨਹੀਂ ਲਿਆ ਗਿਆ।”

“ਨਾ ਸਾਨੂੰ ਕਿਸੇ ਸਿਲੈਕਸ਼ਨ ਕਮੇਟੀ ਵਿੱਚ ਰੱਖਿਆ ਗਿਆ, ਨਾ ਕਿਸੇ ਹੋਰ ਕਮੇਟੀ ਵਿੱਚ। ਜੇਕਰ ਸਾਡਾ ਫਾਇਦਾ ਲਿਆ ਜਾਂਦਾ ਤਾਂ ਗਰਾਊਂਡ ਪੱਧਰ ‘ਤੇ ਕੁੜੀਆਂ ਨੂੰ ਕੀ-ਕੀ ਚਾਹੀਦਾ ਹੈ, ਇਹ ਸਾਡੇ ਤੋਂ ਬਿਹਤਰ ਹੋਰ ਕੌਣ ਦੱਸ ਸਕਦਾ ਸੀ।”

‘ਪੰਜਾਬ ਵਿੱਚ ਸਰਕਾਰੀ ਅਕੈਡਮੀਆਂ ਦੀ ਕਮੀ’

ਬਲਜੀਤ ਕੌਰ

ਤਸਵੀਰ ਸਰੋਤ, India Hockey

ਭਾਰਤੀ ਟੀਮ ਦੀ ਮਿਡਫੀਲਡਰ ਬਲਜੀਤ ਕੌਰ ਤੇ ਇਸ ਤੋਂ ਪਹਿਲਾਂ ਖੇਡ ਚੁੱਕੀ ਰਾਜਵਿੰਦਰ ਕੌਰ ਨੇ ਬਠਿੰਡਾ ਵਿੱਚ ਹੀ ਸਿਖਲਾਈ ਲਈ।

ਬਠਿੰਡਾ ਵਿੱਚ ਪੀਆਈਐੱਸ (ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ) ਸੈਂਟਰ ਵਿੱਚ ਕੁੜੀਆਂ ਨੂੰ ਕੋਚਿੰਗ ਦੇਣ ਵਾਲੇ ਹਾਕੀ ਕੋਚ ਰਾਜਵੰਤ ਸਿੰਘ ਮਾਨ ਦੱਸਦੇ ਹਨ ਕਿ ਪੰਜਾਬ ਵਿੱਚ ਕੁੜੀਆਂ ਨੂੰ ਨੌਕਰੀ ਦੀ ਸਹੂਲਤ ਬਹੁਤ ਘੱਟ ਹੈ।

ਇਸ ਲਈ 12ਵੀਂ ਜਮਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੋਈ ਰਸਤਾ ਨਹੀਂ ਦਿਖਦਾ ਤੇ ਨਾ ਹੀ ਖਰਚਾ ਪੂਰਾ ਕਰ ਪਾਉਂਦੀਆਂ ਹਨ। ਇਸ ਲਈ ਕੁੜੀਆਂ ਫਿਰ ਖੇਡ ਹੀ ਛੱਡ ਜਾਂਦੀਆਂ ਹਨ।

ਰਾਜਵੰਤ ਸਿੰਘ ਕਹਿੰਦੇ ਹਨ, “ਪੰਜਾਬ ਵਿੱਚ ਇਸ ਸਮੇਂ ਸਿਰਫ਼ ਤਿੰਨ ਕੁੜੀਆਂ ਦੀਆਂ ਸਰਕਾਰੀ ਅਕੈਡਮੀਆਂ ਚੱਲ ਰਹੀਆਂ ਹਨ। ਬਠਿੰਡਾ ਤੋਂ ਇਲਾਵਾ ਬਾਦਲ ਪਿੰਡ ਵਿੱਚ ਅਤੇ ਤੀਜੀ ਮੁਹਾਲੀ ਵਿੱਚ ਚੱਲ ਰਹੀ ਹੈ।”

“ਹਾਲਾਂਕਿ ਬਾਦਲ ਵਿੱਚ ਸਾਈ ਦਾ ਸੈਂਟਰ ਵੀ ਚੱਲ ਰਿਹਾ। ਉਹ ਕਹਿੰਦੇ ਹਨ ਇਹ ਗਿਣਤੀ ਕਾਫ਼ੀ ਘੱਟ ਹੈ। ਇਸ ਤੋਂ ਕਿਤੇ ਵੱਧ ਅਕੈਡਮੀਆਂ ਹੋਣੀਆਂ ਚਾਹੀਦੀਆਂ ਹਨ।”

ਰਾਜਵੰਤ ਸਿੰਘ ਕਹਿੰਦੇ ਹਨ ਕਿ ਪੰਜਾਬ ਵਿੱਚ ਕੋਚਾਂ ਦੀ ਵੀ ਕਮੀ ਹੈ। ਜਿੰਨੀ ਐਸਟਰੋਟਰਫ ਦੀ ਸਹੂਲਤ ਹੋਣੀ ਚਾਹੀਦੀ, ਉਹ ਵੀ ਅਜੇ ਪੰਜਾਬ ਵਿੱਚ ਨਹੀਂ ਹੈ। ਹਾਲਾਂਕਿ ਰਾਜਵੰਤ ਸਿੰਘ ਦੱਸਦੇ ਹਨ ਕਿ ਪਹਿਲਾਂ ਨਾਲੋਂ ਸੁਧਾਰ ਤਾਂ ਹੋ ਰਿਹਾ, ਪਰ ਇਸ ਵਿੱਚ ਗਤੀ ਆਉਣੀ ਅੱਜ ਸਮੇਂ ਦੀ ਲੋੜ ਹੈ।

‘ਪੰਜਾਬ ‘ਚ ਐਸਟਰੋਟਰਫ ਦੀ ਕਮੀ’

ਭਾਰਤ ਮਹਿਲਾ ਹਾਕੀ ਟੀਮ

ਤਸਵੀਰ ਸਰੋਤ, Getty Images

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਿਛਲੇ 13 ਸਾਲਾਂ ਤੋਂ ਕੋਚਿੰਗ ਦੇਣ ਵਾਲੇ ਕੋਚ ਮੀਨਾਕਸ਼ੀ ਕਹਿੰਦੇ ਹਨ ਕਿ ਪੰਜਾਬ ਵਿੱਚ ਕੁੜੀਆਂ ਹਾਕੀ ਬਹੁਤ ਘੱਟ ਖੇਡ ਰਹੀਆਂ ਹਨ।

ਮੀਨਾਕਸ਼ੀ ਦੱਸਦੇ ਹਨ ਕਿ ਪੰਜਾਬ ਦੀਆਂ ਕੁੜੀਆਂ ਕਾਫ਼ੀ ਪਿੱਛੇ ਵੀ ਰਹਿ ਗਈਆਂ ਹਨ ਹਾਕੀ ਵਿੱਚ। ਉਹ ਦੱਸਦੇ ਹਨ ਕਿ ਇਸ ਸਾਲ ਜੂਨੀਅਰ ਨੈਸ਼ਨਲ ਵਿੱਚ ਪੰਜਾਬ ਦੀ ਹਾਕੀ ਟੀਮ ਕੁਆਰਟਰ ਤੱਕ ਵੀ ਨਹੀਂ ਪਹੁੰਚ ਸਕੀ।

ਮੀਨਾਕਸ਼ੀ ਦੱਸਦੇ ਹਨ ਕਿ ਭਾਰਤੀ ਜੂਨੀਅਰ ਏਸ਼ੀਆ ਕੱਪ ਖੇਡਣ ਗਈ ਕੁੜੀਆਂ ਦੀ ਟੀਮ ਵਿੱਚ ਵੀ ਕੇਵਲ ਇੱਕ ਪੰਜਾਬ ਦੀ ਕੁੜੀ ਸੁਖਬੀਰ ਕੌਰ ਹੈ।

ਉਨ੍ਹਾਂ ਦਾ ਕਹਿਣ ਦਾ ਮਤਲਬ ਹੈ ਕਿ ਜੂਨੀਅਰ ਪੱਧਰ ‘ਤੇ ਵੀ ਕੁੜੀਆਂ ਭਾਰਤ ਦੀ ਟੀਮ ਵਿੱਚ ਥਾਂ ਨਹੀਂ ਬਣਾ ਪਾ ਰਹੀਆਂ।

ਮੀਨਾਕਸ਼ੀ ਦੱਸਦੇ ਹਨ ਕਿ ਉਨ੍ਹਾਂ ਕੋਲ ਪੰਜਾਬੀ ਯੂਨੀਵਰਸਿਟੀ ਵਿੱਚ ਕਾਫੀ ਕੁੜੀਆਂ ਖੇਡਣ ਆਉਂਦੀਆਂ ਹਨ। ਪਰ ਯੂਨੀਵਰਸਿਟੀ ਜਿਵੇਂ ਵਿੱਤੀ ਸੰਕਟ ‘ਚੋਂ ਲੰਘ ਰਹੀ ਹੈ, ਉਸ ਦਾ ਅਸਰ ਖੇਡਾਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

“ਹਾਕੀ ਲਈ ਸਹੂਲਤਾਂ ਦੀ ਕਮੀ ਹੈ, ਜਿਸ ਵਿੱਚ ਸਭ ਤੋਂ ਵੱਡੀ ਕਮੀ ਐਸਟਰੋਟਰਫ ਦੀ ਹੈ। ਮੀਨਾਕਸ਼ੀ ਦੱਸਦੇ ਹਨ ਕਿ ਪੰਜਾਬੀ ਯੂਨੀਵਰਸਿਟੀ ਆਪਣੇ ਆਪ ਵਿੱਚ ਵੱਡਾ ਅਦਾਰਾ ਹੈ, ਪਰ ਇੱਥੇ ਸਾਨੂੰ ਘਾਹ ‘ਤੇ ਹੀ ਖਿਡਾਉਣਾ ਪੈ ਰਿਹਾ ਹੈ।”

ਉਹ ਕਹਿੰਦੇ ਹਨ, “ਇੰਟਰਵਸਟੀ ਖੇਡਣ ਤੋਂ ਪਹਿਲਾਂ ਅਸੀਂ ਬਠਿੰਡਾ ਵਿੱਚ ਟਰੇਨਿੰਗ ਕਰਦੇ ਹਾਂ। ਐੱਨਆਈਐੱਸ ਵਿੱਚ ਐਸਟਰੋਟਰਫ ਹੈ, ਪਰ ਉਸ ਦੀ ਹਾਲਤ ਵੀ ਖੇਡਣਯੋਗ ਨਹੀਂ ਹੈ।”

“ਜੇਕਰ ਉੱਥੇ ਖੇਡਣਾ ਵੀ ਹੈ ਤਾਂ ਫੀਸ ਦੇਣੀ ਪੈਂਦੀ ਹੈ। ਸਾਡੀ ਇੰਟਰਵਸਟੀ ਵਿੱਚ ਹਰ ਸਾਲ ਚੰਗੀ ਪੋਜੀਸ਼ਨ ਆਉਂਦੀ ਹੈ, ਪਰ ਫਿਰ ਵੀ ਸਾਨੂੰ ਅਜੇ ਤੱਕ ਐਸਟਰੋਟਰਫ ਨਹੀਂ ਮਿਲ ਸਕੀ।”

ਮੀਨਾਕਸ਼ੀ ਦੱਸਦੇ ਹਨ ਕਿ ਜੇਕਰ ਪੰਜਾਬ ਵਿੱਚ ਕੁੜੀਆਂ ਦੀ ਹਾਕੀ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਸਭ ਤੋਂ ਬੁਨਿਆਦੀ ਚੀਜ਼ ਹੈ ਕਿ ਐਸਟਰੋਟਰਫ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ।

ਉਹ ਹੌਲੈਂਡ ਦੇ ਦੌਰੇ ਦਾ ਤਜਰਬਾ ਸਾਂਝਾ ਕਰਦਿਆਂ ਦੱਸਦੇ ਹਨ ਕਿ ਉੱਥੇ ਇਕੱਠੇ ਹੀ 6 ਤੋਂ 7 ਟਰਫ ਲੱਗੇ ਹੋਏ ਨੇ। ਤਾਂ ਹੀ ਉੱਥੇ ਬੱਚਿਆਂ ਵਿੱਚ ਖੇਡਣ ਦਾ ਕਰੇਜ਼ ਹੈ। ਉਹ ਕਹਿੰਦੇ ਹਨ ਕਿ ਸਾਨੂੰ ਵੀ ਉਸੇ ਤਰ੍ਹਾਂ ਦਾ ਸੱਭਿਆਚਾਰ ਅਪਨਾਉਣਾ ਪਵੇਗਾ।

ਪੰਜਾਬ ਹਾਕੀ ਐਸੋਸੀਏਸ਼ਨ ਨੇ ਕੀ ਤਰਕ ਦਿੱਤੇ ?

ਪੰਜਾਬ ਦੀਆਂ ਕੁੜੀਆਂ ਅੰਤਰਰਾਸ਼ਟਰੀ ਪੱਧਰ ਤੱਕ ਘੱਟ ਕਿਉਂ ਪਹੁੰਚ ਰਹੀਆਂ ਹਨ। ਇਸ ਬਾਰੇ ਪੰਜਾਬ ਹਾਕੀ ਐਸੋਸ਼ੀਏਸ਼ਨ ਦੇ ਪ੍ਰਧਾਨ ਨਿਤਿਨ ਕੋਹਲੀ ਦੇ ਨਾਲ ਗੱਲਬਾਤ ਕੀਤੀ ਗਈ।

ਨਿਤਿਨ ਕੋਹਲੀ ਦਾ ਕਹਿਣਾ ਹੈ ਕਿ ਪਹਿਲਾਂ ਪੰਜਾਬ ਵਿੱਚ ਖੇਡ ਵਿਭਾਗ ਵੱਲੋਂ ਹਾਕੀ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਕਰਕੇ ਪੰਜਾਬ ਦੀ ਹਾਕੀ ਕਾਫ਼ੀ ਪਿੱਛੇ ਚਲੀ ਗਈ। ਕੁੜੀਆਂ ਨੂੰ ਖੇਡਣ ਲਈ ਥਾਂ ਨਹੀਂ ਮਿਲਦੀ ਸੀ, ਇਸ ਕਰਕੇ ਉਨ੍ਹਾਂ ਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਹਾਕੀ ਖੇਡਣ ਦਾ।

ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਹੁਣ ਖੇਡਾਂ ਪ੍ਰਤੀ ਕਾਫ਼ੀ ਕੰਮ ਕੀਤੇ ਜਾ ਰਹੇ ਹਨ । ਹੁਣ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਾਕੀ ਅਤੇ ਕ੍ਰਿਕਟ ਨੂੰ ਸ਼ਾਮਿਲ ਕੀਤਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਕੁੜੀਆਂ ਵੀ ਹਾਕੀ ਵਿੱਚ ਚੰਗਾ ਪ੍ਰਦਰਸ਼ਨ ਕਰਨਗੀਆਂ।

ਹਾਲਾਂਕਿ ਪੰਜਾਬ ਵਿਚ ਬੰਦ ਹੋਏ ਕੁੜੀਆਂ ਦੇ ਖੇਡ ਵਿੰਗਸ ਅਤੇ ਉਨ੍ਹਾਂ ਨੂੰ ਮੁੜ ਸ਼ੁਰੂ ਕਰਨ ਬਾਰੇ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਇਹੀ ਕਿਹਾ ਕਿ ਆਉਣ ਵਾਲੇ ਸਮੇਂ ਲਈ ਚੰਗਾ ਕੰਮ ਕੀਤਾ ਜਾ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI