Home rss national punjabi2ਰਾਸ਼ਟਰੀ ਖ਼ਬਰਾਂ ‘ਮੇਰੀ ਮਾਤ-ਭੂਮੀ ਕਿਹੜੀ ਹੈ?’ ਪੰਜਾਬ ‘ਚ ਜੰਮੀ ਪਰਵਾਸੀ ਭਾਈਚਾਰੇ ਦੀ ਦੂਜੀ ਪੀੜ੍ਹੀ...

‘ਮੇਰੀ ਮਾਤ-ਭੂਮੀ ਕਿਹੜੀ ਹੈ?’ ਪੰਜਾਬ ‘ਚ ਜੰਮੀ ਪਰਵਾਸੀ ਭਾਈਚਾਰੇ ਦੀ ਦੂਜੀ ਪੀੜ੍ਹੀ ਨੂੰ ਇਹ ਸਵਾਲ ਕਿਉਂ ਪੁੱਛਣਾ ਪੈ ਰਿਹਾ

4
0

Source :- BBC PUNJABI

ਸੰਜੋਗਿਤਾ ਅਤੇ ਵਰੁਣ

“ਪੰਜਾਬ ਦੇ ਦਰਦ ਨਾਲ ਸਾਡਾ ਦਰਦ ਸਾਂਝਾ ਹੈ। 1947 ਦੀ ਪੰਜਾਬ ਵੰਡ ਦਾ ਦਰਦ ਮੈਨੂੰ ਵੀ ਹੈ। ਜੇ ਮੈਂ ਪੰਜਾਬੀ ਨਹੀਂ ਹਾਂ ਤਾਂ ਮੈਨੂੰ ਇਹ ਦਰਦ ਕਿਉਂ ਮਹਿਸੂਸ ਹੁੰਦਾ ਹੈ?”

ਲੁਧਿਆਣਾ ਵਿੱਚ ਰਹਿੰਦੇ 39 ਸਾਲਾ ਵਰੁਣ ਇਹ ਸਵਾਲ ਉਨ੍ਹਾਂ ਸਾਰੇ ਪੰਜਾਬੀਆਂ ਤੋਂ ਪੁੱਛ ਰਹੇ ਹਨ, ਜੋ ਉਨ੍ਹਾਂ ਨੂੰ ਅੱਜ ਵੀ ਪਰਵਾਸੀ ਕਹਿੰਦੇ ਹਨ।

ਵਰੁਣ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਏ ਉਨ੍ਹਾਂ ਪਰਵਾਸੀ ਮਜ਼ਦੂਰਾਂ ਦੀ ਦੂਜੀ ਪੀੜ੍ਹੀ ਵਿੱਚ ਸ਼ਾਮਲ ਹਨ, ਜਿਨ੍ਹਾਂ ਦਾ ਜਨਮ ਅਤੇ ਪਾਲਣ-ਪੋਸ਼ਣ ਪੰਜਾਬ ਵਿੱਚ ਹੋਇਆ।

ਉਹ ਦੱਸਦੇ ਹਨ ਕਿ ਭਾਵੇਂ ਹੁਣ ਕੋਈ ਉਨ੍ਹਾਂ ਦੀ ਦਿੱਖ, ਰਹਿਣ-ਸਹਿਣ, ਭਾਸ਼ਾ ਅਤੇ ਜੀਵਨਸ਼ੈਲੀ ਤੋਂ ਉਨ੍ਹਾਂ ਦੇ ਪਰਵਾਸੀ ਹੋਣ ਬਾਰੇ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ, ਪਰ ਫਿਰ ਵੀ ਕਦੇ-ਕਦਾਈਂ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ।

ਹਾਲਾਂਕਿ, ਉਹ ਮੰਨਦੇ ਹਨ ਕਿ ਜਦੋਂ ਤੋਂ ਉਨ੍ਹਾਂ ਦੇ ਆਰਥਿਕ ਹਾਲਾਤ ਸੁਧਰੇ ਹਨ, ਉਦੋਂ ਤੋਂ ਅਜਿਹਾ ਬਹੁਤ ਘੱਟ ਹੁੰਦਾ ਹੈ।

ਦੂਜੇ ਪਾਸੇ, 21 ਸਾਲਾ ਸੰਜੋਗਿਤਾ ਕੁਮਾਰੀ ਦਾ ਜਨਮ ਵੀ ਪੰਜਾਬ ਵਿੱਚ ਹੋਇਆ ਹੈ। ਉਸ ਦੀ ਬੋਲਚਾਲ ਦੀ ਭਾਸ਼ਾ ਅਤੇ ਜੀਵਨਸ਼ੈਲੀ ਪੰਜਾਬੀ ਸੱਭਿਆਚਾਰ ਤੋਂ ਵੱਖਰੀ ਹੋਣ ਕਰਕੇ ਉਸ ਨੂੰ ਵਿਤਕਰੇ ਦਾ ਵਧੇਰੇ ਸਾਹਮਣਾ ਕਰਨਾ ਪੈਂਦਾ ਹੈ।

ਉਸ ਨੂੰ ਵੀ ਉਨ੍ਹਾਂ ਸਮਾਜਿਕ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦਾ ਉਸ ਦੇ ਮਾਪਿਆਂ ਨੇ ਕੀਤਾ ਸੀ।

ਮਾਹਰਾਂ ਮੁਤਾਬਕ ਸਥਾਨਕ ਲੋਕਾਂ ਦੀਆਂ ਬਾਹਰੀ ਲੋਕਾਂ ਖ਼ਿਲਾਫ਼ ਭਾਵਨਾਵਾਂ ਸੰਸਾਰ ਦੇ ਹਰ ਕੋਨੇ ਵਿੱਚ ਹਨ। ਉਹ ਇਸ ਦਾ ਕਾਰਨ ਆਰਥਿਕ ਅਤੇ ਸਿਆਸੀ ਮੰਨਦੇ ਹਨ।

ਦਰਅਸਲ, ਪੰਜਾਬ ਆਗਾਮੀ ਵਿਧਾਨ ਸਭਾ ਚੋਣਾਂ ਵੱਲ ਵੱਧ ਰਿਹਾ ਹੈ। ਇਸ ਦੌਰਾਨ ਪਰਵਾਸੀਆਂ ਦੀ ਮੌਜੂਦਗੀ ਇੱਕ ਵਾਰ ਫਿਰ ਚਰਚਾ ਵਿੱਚ ਹੈ।

ਪਰਵਾਸੀ ਪੰਜਾਬ ਦੇ ਉਦਯੋਗਿਕ, ਖੇਤੀਬਾੜੀ ਅਤੇ ਨਿਰਮਾਣ ਖੇਤਰ ਦਾ ਅਹਿਮ ਹਿੱਸਾ ਹਨ। ਪਛਾਣ ਅਤੇ ਜੰਨਸੰਖਿਅਕ ਤਬਦੀਲੀ ਦੇ ਸੰਦਰਭ ਵਿੱਚ ਉਨ੍ਹਾਂ ਦੀ ਮੌਜੂਦਗੀ ਬਾਰੇ ਕਈ ਧਿਰਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾਂਦੇ ਹਨ।

ਉਨ੍ਹਾਂ ਖ਼ਿਲਾਫ਼ ਲੋਕ ਰੋਹ ਦੀਆਂ ਕਈ ਘਟਨਾਵਾਂ ਵੀ ਸਾਹਮਣੇ ਆਈਆਂ ਹਨ।

ਲੁਧਿਆਣਾ ਵਰਗੇ ਸ਼ਹਿਰ ਵਿੱਚ ਪਰਵਾਸੀਆਂ ਦੀ ਗਿਣਤੀ ਸਿਆਸੀ ਪਾਰਟੀਆਂ ਵਾਸਤੇ ਵੱਡਾ ਵੋਟ ਬੈਂਕ ਵੀ ਹੈ। ਬਾਵਜੂਦ ਇਸਦੇ, ਇੱਥੇ ਪੱਕੇ ਤੌਰ ‘ਤੇ ਵਸੇ ਪਰਵਾਸੀ ਮਜ਼ਦੂਰਾਂ ਦੀਆਂ ਅਗਲੀਆਂ ਪੀੜ੍ਹੀਆਂ ਅਜੇ ਵੀ ਸਮਾਜਿਕ ਤੌਰ ‘ਤੇ ਸਵੀਕਾਰੇ ਜਾਣ ਦੀ ਉਡੀਕ ਵਿੱਚ ਹਨ।

‘ਮਾਤ-ਭੂਮੀ ਕਿਹੜੀ ਹੈ’

ਵਰੁਣ

ਪੇਸ਼ੇ ਵਜੋਂ ਵਰੁਣ ਨਿੱਜੀ ਸਕੂਲ ਵਿੱਚ ਪੜ੍ਹਾਉਂਦੇ ਹਨ। ਉਨ੍ਹਾਂ ਨੇ ਵਿਗਿਆਨ ਦੇ ਕਈ ਵਿਸ਼ਿਆਂ ਦੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਹੈ। ਇਸ ਤੋਂ ਇਲਾਵਾ, ਉਹ ਵੱਖ-ਵੱਖ ਸਕੂਲਾਂ ਅਤੇ ਹੋਰ ਮੰਚਾਂ ਉੱਤੇ ਵਿਗਿਆਨਕ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਬਾਰੇ ਪ੍ਰਚਾਰ ਵੀ ਕਰਦੇ ਹਨ।

ਵਰੁਣ ਦੇ ਮਾਤਾ-ਪਿਤਾ ਰੁਜ਼ਗਾਰ ਦੀ ਤਲਾਸ਼ ਵਿੱਚ ਸਾਲ 1975 ਵਿੱਚ ਲੁਧਿਆਣਾ ਆਏ ਸਨ ਅਤੇ ਇੱਥੇ ਹੀ ਵੱਸ ਗਏ। ਵਰੁਣ ਅਤੇ ਉਸ ਦੇ ਭਰਾ ਦਾ ਪਾਲਣ-ਪੋਸ਼ਣ ਪੰਜਾਬ ਵਿੱਚ ਹੋਇਆ ਹੈ। ਉਹ ਪੰਜਾਬੀ ਵਿੱਚ ਹੀ ਪੜ੍ਹੇ-ਲਿਖੇ ਅਤੇ ਪੰਜਾਬੀ ਭਾਸ਼ਾ ਵਿੱਚ ਹੀ ਗੱਲ ਕਰਦੇ ਹਨ।

ਉਹ ਦੱਸਦੇ ਹਨ ਕਿ ਭਾਵੇਂ ਹੁਣ ਕੋਈ ਉਨ੍ਹਾਂ ਦੀ ਦਿੱਖ, ਰਹਿਣ-ਸਹਿਣ ਅਤੇ ਜੀਵਨਸ਼ੈਲੀ ਤੋਂ ਉਨ੍ਹਾਂ ਦੇ ਪਰਵਾਸੀ ਹੋਣ ਬਾਰੇ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ, ਪਰ ਫਿਰ ਵੀ ਕਦੇ-ਕਦਾਈਂ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।

ਵਰੁਣ ਕਹਿੰਦੇ ਹਨ, “ਪਰਵਾਸੀ ਸ਼ਬਦ ਮੇਰੇ ਮਾਤਾ-ਪਿਤਾ ਲਈ ਤਾਂ ਵਰਤਿਆ ਜਾ ਸਕਦਾ ਹੈ। ਪਰ ਮੈਂ ਪਰਵਾਸੀ ਨਹੀਂ ਹਾਂ। ਮੇਰਾ ਜਨਮ ਇੱਥੇ ਹੋਇਆ ਹੈ। ਪੰਜਾਬ ਦੇ ਦਰਦ ਨਾਲ ਸਾਡਾ ਦਰਦ ਸਾਂਝਾ ਹੈ। 1947 ਦੇ ਪੰਜਾਬ ਵੰਡ ਦਾ ਦਰਦ ਮੈਨੂੰ ਵੀ ਹੈ। ਜੇ ਮੈਂ ਪੰਜਾਬੀ ਨਹੀਂ ਹਾਂ ਤਾਂ ਮੈਨੂੰ ਇਹ ਦਰਦ ਕਿਉਂ ਮਹਿਸੂਸ ਹੁੰਦਾ ਹੈ?”

“ਲਹਿੰਦੇ ਪੰਜਾਬ ਦੀਆਂ ਕਹਾਣੀਆਂ ਜਦੋਂ ਸੁਣਦੇ ਹਾਂ ਤਾਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਮੈਨੂੰ ਏਦਾਂ ਲੱਗਦਾ ਹੈ ਕਿ ਲਹਿੰਦਾ ਪੰਜਾਬ ਵੀ ਮੇਰਾ ਹੈ ਅਤੇ ਚੜ੍ਹਦਾ ਪੰਜਾਬ ਵੀ ਮੇਰਾ ਹੈ। ਪਰ ਜਦੋਂ ਕੋਈ ਇਹ ਕਹੇ ਕਿ ਇਹ ਪੰਜਾਬ ਮੇਰਾ ਘੱਟ ਹੈ ਕਿਉਂਕਿ ਮੇਰੇ ਮਾਤਾ-ਪਿਤਾ ਯੂਪੀ ਤੋਂ ਸਨ, ਤਾਂ ਸਾਨੂੰ ਇਹ ਗਵਾਰਾ ਨਹੀਂ ਹੈ।”

“ਮੇਰਾ ਚਚੇਰਾ ਭਰਾ ਕੈਨੇਡਾ ਗਿਆ ਹੈ। ਜਿੱਥੇ ਉਸ ਨੂੰ ਪਰਵਾਸੀ ਕਿਹਾ ਜਾਂਦਾ ਹੈ। ਜਦੋਂ ਉਹ ਪੰਜਾਬ ਵਿੱਚ ਸੀ ਤਾਂ ਉਸ ਨੂੰ ਇੱਥੇ ਵੀ ਪਰਵਾਸੀ ਕਿਹਾ ਜਾਂਦਾ ਸੀ। ਫਿਰ ਉਸ ਦੀ ਜ਼ਮੀਨ ਕਿਹੜੀ ਹੈ? ਕੋਈ ਜ਼ਮੀਨ ਤਾਂ ਉਸ ਦੀ ਮਾਤ-ਭੂਮੀ ਹੋਵੇਗੀ। ਜਿਸ ਦੀ ਖੁਸ਼ਬੂ ਉਸ ਦੀ ਆਤਮਾ ਵਿੱਚੋਂ ਆਵੇਗੀ।”

ਵਿਤਕਰਾ ਕਿਵੇਂ ਘਟਿਆ

ਅਰੁਣ

ਵਰੁਣ ਅਤੇ ਉਸ ਦਾ ਭਰਾ ਅਰੁਣ ਮੰਨਦੇ ਹਨ ਕਿ ਜਦੋਂ ਤੋਂ ਉਨ੍ਹਾਂ ਦੇ ਆਰਥਿਕ ਹਾਲਾਤ ਸੁਧਰੇ ਹਨ, ਉਨ੍ਹਾਂ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਘੱਟ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੀ ਭਾਸ਼ਾ ਪੰਜਾਬੀ ਹੈ ਅਤੇ ਉਨ੍ਹਾਂ ਨੇ ਪੂਰੀ ਤਰ੍ਹਾਂ ਪੰਜਾਬੀਅਤ ਨੂੰ ਅਪਣਾ ਲਿਆ ਹੈ।

ਵਰੁਣ ਕਹਿੰਦੇ ਹਨ, “ਮੈਂ ਜਦੋਂ ਸਕੂਲ ਅਤੇ ਕਾਲਜ ਵਿੱਚ ਪੜ੍ਹਦਾ ਸੀ ਤਾਂ ਮੈਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਮੈਂ ਪੜ੍ਹ-ਲਿਖ ਕੇ ਚੰਗੇ ਪੈਸੇ ਕਮਾ ਰਿਹਾ ਹਾਂ। ਚੰਗੇ ਕੱਪੜੇ ਪਹਿਨ ਰਿਹਾ ਹਾਂ ਅਤੇ ਗੱਡੀ ਵਿੱਚ ਆ-ਜਾ ਰਿਹਾ ਹਾਂ।”

ਅਰੁਣ ਦਾ ਆਪਣਾ ਛੋਟੇ ਪੱਧਰ ਦਾ ਪ੍ਰਕਾਸ਼ਨ ਅਦਾਰਾ ਹੈ। ਉਹ ਖ਼ੁਦ ਕਿਤਾਬਾਂ ਦੀ ਛਪਾਈ ਕਰਕੇ ਅਤੇ ਪ੍ਰਦਰਸ਼ਨੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ ਹਨ।

ਅਰੁਣ ਕਹਿੰਦੇ ਹਨ, “ਬਚਪਨ ਵਿੱਚ ਸਾਨੂੰ ਪਰਵਾਸੀ ਹੋਣ ਕਰਕੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ। ਜਦੋਂ ਅਸੀਂ ਲੁਧਿਆਣਾ ਵਿੱਚ ਆਪਣਾ ਘਰ ਬਣਾਇਆ ਸੀ ਤਾਂ ਅਕਸਰ ਸਾਡੇ ਵਾਸਤੇ ਨਸਲਵਾਦੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ।”

“ਪਰ ਹੁਣ ਪਹਿਲਾਂ ਦੇ ਮੁਕਾਬਲੇ ਇਹ ਘੱਟ ਹੋ ਗਿਆ ਹੈ, ਕਿਉਂਕਿ ਸਾਡੀ ਦਿੱਖ ਤੋਂ ਸਾਡੇ ਪਰਵਾਸੀ ਹੋਣ ਬਾਰੇ ਲੋਕਾਂ ਨੂੰ ਅੰਦਾਜ਼ਾ ਨਹੀਂ ਲੱਗਦਾ।”

ਸਭ ਦੀ ਕਹਾਣੀ ਇੱਕੋ ਜਿਹੀ ਨਹੀਂ ਹੈ

ਸੰਜੋਗਿਤ

ਸੰਜੋਗਿਤਾ ਕੁਮਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮਬੀਏ ਕਰ ਰਹੀ ਹੈ। ਉਸ ਦੇ ਪਿਤਾ ਲਗਭਗ 25-30 ਸਾਲ ਪਹਿਲਾਂ ਲੁਧਿਆਣਾ ਆਏ ਸਨ।

ਸੰਜੋਗਿਤਾ ਅਤੇ ਉਸ ਦੇ ਪਰਿਵਾਰ ਦੀ ਬੋਲਚਾਲ ਦੀ ਭਾਸ਼ਾ ਹਿੰਦੀ ਹੈ। ਉਹ ਲੁਧਿਆਣਾ ਵਿੱਚ ਇੱਕ ਤੰਗ ਘਰ ਵਿੱਚ ਰਹਿੰਦੇ ਹਨ ਅਤੇ ਉਹ ਆਰਥਿਕ ਤੌਰ ‘ਤੇ ਵੀ ਕਮਜ਼ੋਰ ਹਨ।

ਉਹ ਦੱਸਦੀ ਹੈ ਕਿ ਉਸ ਨੂੰ ਵੀ ਉਨ੍ਹਾਂ ਹੀ ਸਮਾਜਿਕ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਹੜੇ ਉਸ ਦੇ ਪਿਤਾ ਨੂੰ ਕਰਨੇ ਪੈਂਦੇ ਸਨ। ਉਹ ਕਹਿੰਦੀ ਹੈ ਕਿ ਗਲੀ-ਮੁਹੱਲੇ ਅਤੇ ਬਾਜ਼ਾਰ ਵਿੱਚ ਉਨ੍ਹਾਂ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

“ਲੋਕ ਅਕਸਰ ਉਲਟਾ-ਸਿੱਧਾ ਬੋਲਦੇ ਹਨ। ਉਹ ਸਾਨੂੰ ਕੁਝ ਨਹੀਂ ਸਮਝਦੇ। ਮੈਨੂੰ ਯੂਪੀ, ਬਿਹਾਰ ਜਾਂ ਪਰਵਾਸੀ ਬੋਲ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਮੇਰਾ ਜਨਮ ਪੰਜਾਬ ਵਿੱਚ ਹੋਇਆ ਹੈ। ਮੇਰਾ ਜਨਮ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ ਪੰਜਾਬ ਦਾ ਹੈ। ਫਿਰ ਮੈਨੂੰ ਪਰਵਾਸੀ ਕਿਉਂ ਕਹਿੰਦੇ ਹਨ?”

“ਜਦੋਂ ਮੈਨੂੰ ਪਰਵਾਸੀ ਕਹਿੰਦੇ ਹਨ ਤਾਂ ਬੁਰਾ ਲੱਗਦਾ ਹੈ। ਸਾਡਾ ਘਰ ਇੱਥੇ ਹੈ। ਅਸੀਂ ਇੱਥੇ ਹੀ ਰਹਿਣਾ ਹੈ। ਮੇਰਾ ਪਿਤਾ ਪਰਵਾਸੀ ਹਨ। ਮੈਂ ਪਰਵਾਸੀ ਨਹੀਂ ਹਾਂ।”

‘ਪਰਵਾਸੀਆਂ ਖ਼ਿਲਾਫ਼ ਬਿਰਤਾਂਤ ਸਿਆਸਤ ਦਾ ਹਿੱਸਾ’

ਵਰੁਣ ਅਤੇ ਅਰੁਣ

ਪੰਜਾਬ ਵਿੱਚ ਕਈ ਵਾਰੀ ਏਦਾਂ ਮਹਿਸੂਸ ਹੁੰਦਾ ਹੈ ਕਿ ਮਾਹੌਲ ਪਰਵਾਸੀਆਂ ਦੇ ਖ਼ਿਲਾਫ਼ ਹੈ।

ਪਰ ਇਹ ਜ਼ਿਆਦਾਤਰ ਸੋਸ਼ਲ ਮੀਡੀਆ ਉੱਤੇ ਹੀ ਹੁੰਦਾ ਹੈ। ਅਜਿਹਾ ਸ਼ਰਾਰਤੀ ਅਨਸਰ ਸਿਆਸਤ ਤੋਂ ਪ੍ਰੇਰਿਤ ਹੋ ਕੇ ਕਰਦੇ ਹਨ। ਜੇਕਰ ਹਾਲਾਤ ਪਰਵਾਸੀਆਂ ਖ਼ਿਲਾਫ਼ ਹੁੰਦੇ ਤਾਂ ਉਨ੍ਹਾਂ ਦਾ ਪੰਜਾਬ ਵਿੱਚ ਆਉਣਾ ਬੰਦ ਹੋ ਜਾਂਦਾ।

ਅਰੁਣ ਕਹਿੰਦੇ ਹਨ, “ਪਰਵਾਸੀਆਂ ਖ਼ਿਲਾਫ਼ ਘੜਿਆ ਜਾਂਦਾ ਬਿਰਤਾਂਤ ਸਿਆਸਤ ਦਾ ਹਿੱਸਾ ਹੈ। ਕੁਝ ਲੋਕ ਨਸਲਵਾਦੀ ਟਿੱਪਣੀਆਂ ਕਰਕੇ ਫਿਰਕੂ ਭਾਵਨਾਵਾਂ ਨੂੰ ਭੜਕਾਉਣਾ ਚਾਹੁੰਦੇ ਹਨ।”

ਸੰਜੋਗਿਤਾ ਕੁਮਾਰੀ ਕਹਿੰਦੀ ਹੈ ਕਿ ਅਕਸਰ ਸੋਸ਼ਲ ਮੀਡੀਆ ਉੱਤੇ ਪਰਵਾਸੀਆਂ ਨੂੰ ਪੰਜਾਬ ਵਿੱਚੋਂ ਭਜਾਉਣ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਪਰ ਉਹ ਪੰਜਾਬ ਛੱਡ ਕੇ ਨਹੀਂ ਜਾਣਗੇ।

“ਅਸੀਂ ਪੰਜਾਬ ਛੱਡ ਕੇ ਕਿਉਂ ਜਾਈਏ? ਜਿੰਨਾ ਪੰਜਾਬ ਉਨ੍ਹਾਂ ਦਾ ਹੈ, ਉਨਾ ਸਾਡਾ ਵੀ ਹੈ। ਕਾਨੂੰਨੀ ਤੌਰ ਉੱਤੇ ਅਸੀਂ ਪੰਜਾਬ ਦੇ ਵਸਨੀਕ ਹਾਂ। ਸਾਨੂੰ ਆਪਣੇ ਹੱਕਾਂ ਦਾ ਪਤਾ ਹੈ। ਇਸ ਲਈ ਮੈਂ ਇਸ ਦੀ ਪਰਵਾਹ ਨਹੀਂ ਕਰਦੀ।”

‘ਜੇ ਤਰੱਕੀ ਵਿੱਚ ਹੱਥ ਤਾਂ ਹਿੱਸਾ ਵੀ ਮਿਲਣਾ ਚਾਹੀਦਾ’

ਬੰਸੀ ਲਾਲ ਪ੍ਰੇਮੀ

ਬੰਸੀ ਲਾਲ ਪ੍ਰੇਮੀ ਇੱਕ ਸਮਾਜਿਕ ਕਾਰਕੁਨ ਹਨ ਅਤੇ ਉਹ ਲੁਧਿਆਣਾ ਵਿੱਚ ਪਰਵਾਸੀ ਪੰਜਾਬੀਆਂ ਦੀ ਭਲਾਈ ਵਾਸਤੇ ਸਰਗਰਮ ਹਨ।

ਉਹ ਕਹਿੰਦੇ ਹਨ, “ਪੰਜਾਬ ਦੀ ਤਰੱਕੀ ਵਿੱਚ ਪਰਵਾਸੀਆਂ ਦਾ ਵੀ ਹੱਥ ਹੈ। ਇਸ ਲਈ ਪੰਜਾਬ ਦੀ ਤਰੱਕੀ ਵਿੱਚ ਪਰਵਾਸੀਆਂ ਦਾ ਹਿੱਸਾ ਵੀ ਹੋਣਾ ਚਾਹੀਦਾ ਹੈ।”

ਬੰਸੀ ਲਾਲ ਦਾਅਵਾ ਕਰਦੇ ਹਨ, “ਲੁਧਿਆਣਾ ਦੱਖਣੀ ਵਿੱਚ ਲਗਭਗ 90,000 ਵੋਟਰ ਪਰਵਾਸੀ ਹਨ। ਸਾਹਨੇਵਾਲ ਹਲਕੇ ਵਿੱਚ ਵੀ ਲਗਭਗ 85,000 ਵੋਟਰ ਪਰਵਾਸੀ ਹਨ। ਲੁਧਿਆਣਾ ਪੂਰਬੀ, ਸੈਂਟਰਲ ਅਤੇ ਗਿੱਲ ਹਲਕੇ ਵਿੱਚ ਵੀ ਪਰਵਾਸੀਆਂ ਦੀ ਵੱਡੀ ਗਿਣਤੀ ਹੈ।”

“ਲੁਧਿਆਣਾ ਦੀਆਂ ਪੰਜ ਸੀਟਾਂ, ਫਗਵਾੜਾ ਅਤੇ ਜਲੰਧਰ ਦੇ ਕਈ ਹਲਕਿਆਂ ਵਿੱਚ ਮਜ਼ਦੂਰਾਂ ਦੀ ਵੱਡੀ ਗਿਣਤੀ ਹੈ। ਇਸ ਦੇ ਬਾਵਜੂਦ ਇਨ੍ਹਾਂ ਦੀ ਕੋਈ ਨੁਮਾਇੰਦਗੀ ਨਹੀਂ ਹੈ। ਚੋਣਾਂ ਵਿੱਚ ਇਨ੍ਹਾਂ ਦੇ ਮੁੱਦਿਆਂ ਬਾਰੇ ਕੋਈ ਚਰਚਾ ਨਹੀਂ ਹੁੰਦੀ। ਚੋਣ ਮੈਨੀਫੈਸਟੋ ਵਿੱਚ ਪਰਵਾਸੀਆਂ ਦੇ ਮੁੱਦਿਆਂ ਨੂੰ ਕਦੀ ਵੀ ਸ਼ਾਮਲ ਨਹੀਂ ਕੀਤਾ ਜਾਂਦਾ।”

ਉਹ ਕਹਿੰਦੇ ਹਨ, “ਵਿਧਾਨ ਸਭਾ ਵਿੱਚ ਅਜਿਹੇ ਕਾਨੂੰਨ ਬਣਨੇ ਚਾਹੀਦੇ ਹਨ, ਜਿਨ੍ਹਾਂ ਨਾਲ ਇਨ੍ਹਾਂ ਦਾ ਜੀਵਨ ਪੱਧਰ ਉੱਚਾ ਹੋਵੇ।”

ਮਾਹਰ ਕੀ ਕਹਿੰਦੇ ਹਨ

ਪੰਜਾਬ ਯੂਨੀਵਰਸਿਟੀ ਤੋਂ ਸੇਵਾਮੁਕਤ ਪ੍ਰੋਫੈਸਰ ਮਨਜੀਤ ਸਿੰਘ

ਪੰਜਾਬ ਯੂਨੀਵਰਸਿਟੀ ਤੋਂ ਸੇਵਾਮੁਕਤ ਪ੍ਰੋਫੈਸਰ ਮਨਜੀਤ ਸਿੰਘ ਨੇ ਬੀਬੀਸੀ ਪੱਤਰਕਾਰ ਨਵਜੋਤ ਕੌਰ ਨਾਲ ਗੱਲਬਾਤ ਕਰਦਿਆਂ ਕਿਹਾ, “ਸੰਸਾਰ ਦੇ ਹਰ ਕੋਨੇ ਵਿੱਚ ਰਹਿੰਦੇ ਸਥਾਨਕ ਲੋਕਾਂ ਵਿੱਚ ਬਾਹਰੋਂ ਆਏ ਲੋਕਾਂ ਖ਼ਿਲਾਫ਼ ਭਾਵਨਾਵਾਂ ਹਨ। ਪੰਜਾਬ ਵਿੱਚ ਵੀ ਇਹ ਭਾਵਨਾਵਾਂ ਕੁਝ ਪੱਧਰ ਤੱਕ ਮੌਜੂਦ ਹਨ। ਸਿੱਖ ਫ਼ਲਸਫ਼ਾ ਇਸ ਦੀ ਇਜਾਜ਼ਤ ਨਹੀਂ ਦਿੰਦਾ। ਪਰ ਸਿਆਸਤ ਵਿੱਚ ਲੋਕ ਵੋਟਾਂ ਨੂੰ ਪ੍ਰਭਾਵਿਤ ਕਰਨ ਲਈ ਕਈ ਸਿਆਸਤਦਾਨ ਅਜਿਹੇ ਨਾਅਰੇ (ਪਰਵਾਸੀਆਂ ਖ਼ਿਲਾਫ਼) ਮਾਰਦੇ ਹਨ।”

“ਦੂਜੀ ਪੀੜ੍ਹੀ ਪ੍ਰਮੁੱਖ ਸੱਭਿਆਚਾਰ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦੀ ਹੈ ਪਰ ਫਿਰ ਵੀ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿਰੋਧ ਦਾ ਕਾਰਨ ਸਰੀਰਕ ਦਿੱਖ ਨਹੀਂ, ਆਰਥਿਕਤਾ ਅਤੇ ਸਿਆਸਤ ਹੁੰਦੀ ਹੈ। ਸਥਾਨਕ ਲੋਕ ਹਮੇਸ਼ਾ ਹਾਵੀ ਰਹਿਣਾ ਚਾਹੁੰਦੇ ਹਨ। ਇਹ ਵਰਤਾਰਾ ਪੰਜਾਬ ਵਿੱਚ ਹੀ ਨਹੀਂ, ਦੇਸ਼ ਅਤੇ ਦੁਨੀਆ ਵਿੱਚ ਵੀ ਚੱਲਦਾ ਹੈ।”

ਉਹ ਸੁਝਾਅ ਦਿੰਦੇ ਹਨ, “ਜਿਵੇਂ ਦਲਿਤਾਂ ਅਤੇ ਔਰਤਾਂ ਦੀ ਸੁਰੱਖਿਆ ਵਾਸਤੇ ਕਮਿਸ਼ਨ ਬਣੇ ਹਨ। ਉਸੇ ਤਰ੍ਹਾਂ ਪਰਵਾਸੀਆਂ ਦੀ ਸੁਰੱਖਿਆ ਵਾਸਤੇ ਵੀ ਕਮਿਸ਼ਨ ਬਣਨੇ ਚਾਹੀਦੇ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI