Home rss national punjabi2ਰਾਸ਼ਟਰੀ ਖ਼ਬਰਾਂ ਭਾਰਤੀ ਮਹਿਲਾ ਟੀਮ ਨੇ ਜਿੱਤ ਮਗਰੋਂ ਮੋਹਸਿਨ ਨਕਵੀ ਤੋਂ ਏਸ਼ੀਆ ਕੱਪ ਦੀ...

ਭਾਰਤੀ ਮਹਿਲਾ ਟੀਮ ਨੇ ਜਿੱਤ ਮਗਰੋਂ ਮੋਹਸਿਨ ਨਕਵੀ ਤੋਂ ਏਸ਼ੀਆ ਕੱਪ ਦੀ ਟਰਾਫ਼ੀ ਲੈਣ ਤੋਂ ਕੀਤਾ ਇਨਕਾਰ, ਪਾਕਿਸਤਾਨ ਨੇ ਕੀ ਕਿਹਾ

3
0

Source :- BBC PUNJABI

ਮਹਿਲਾ ਏਸ਼ੀਆ ਕੱਪ

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 6 ਮਿੰਟ

ਦੁਬਈ ਵਿੱਚ ਐਤਵਾਰ ਨੂੰ ਖੇਡੇ ਗਏ ਮਹਿਲਾ ਟੀ-20 ਏਸ਼ੀਆ ਕੱਪ ਦੇ ਫਾਈਨਲ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਟੀਮ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਤੋਂ ਟਰਾਫ਼ੀ ਲੈਣ ਤੋਂ ਇਨਕਾਰ ਕਰ ਦਿੱਤਾ।

ਮੋਹਸਿਨ ਨਕਵੀ ਉੱਥੇ ਏਸ਼ੀਅਨ ਕ੍ਰਿਕਟ ਕੌਂਸਲ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਵਜੋਂ ਮੌਜੂਦ ਸਨ।

ਇਸ ਮੈਚ ਵਿੱਚ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਉਣ ਤੋਂ ਬਾਅਦ, ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ ਆਪਣੀਆਂ ਸਾਥੀ ਖਿਡਾਰਨਾਂ ਨਾਲ ਜਸ਼ਨ ਮਨਾਉਂਦੇ ਨਜ਼ਰ ਆਏ। ਪਰ ਅੱਠਵੀਂ ਵਾਰ ਏਸ਼ੀਆ ਕੱਪ ਜਿੱਤਣ ਵਾਲੀ ਟੀਮ ਦੀ ਅਗਵਾਈ ਕਰਨ ਵਾਲੇ ਹਰਮਨਪ੍ਰੀਤ ਇਨਾਮ ਵੰਡ ਸਮਾਗਮ ਦੌਰਾਨ ਟਰਾਫ਼ੀ ਲੈਣ ਲਈ ਨਹੀਂ ਆਏ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ‘ਤੇ 183 ਦੌੜਾਂ ਬਣਾਈਆਂ ਸਨ, ਜਵਾਬ ਵਿੱਚ ਸ਼੍ਰੀਲੰਕਾ ਦੀ ਟੀਮ 20 ਓਵਰਾਂ ਵਿੱਚ 111 ਦੌੜਾਂ ‘ਤੇ ਆਲ ਆਊਟ ਹੋ ਗਈ।

ਅੰਪਾਇਰਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਉਪ ਜੇਤੂ ਸ੍ਰੀਲੰਕਾ ਦੇ ਖਿਡਾਰੀਆਂ ਨੂੰ ਤਮਗੇ ਅਤੇ ਇਨਾਮੀ ਰਾਸ਼ੀ ਦਾ ਚੈੱਕ ਦੇਣ ਤੋਂ ਬਾਅਦ ਇਨਾਮ ਵੰਡ ਸਮਾਗਮ ਖ਼ਤਮ ਕਰ ਦਿੱਤਾ ਗਿਆ।

ਪਾਕਿਸਤਾਨ ਨੇ ਇਸ ਘਟਨਾ ਨੂੰ ਖੇਡ ਭਾਵਨਾ ਨਾਲ ਜੋੜਦੇ ਹੋਏ ਕਿਹਾ ਕਿ ਜੇ ਖੇਡ ਭਾਵਨਾ ਨਹੀਂ ਹੈ ਤਾਂ ਹਾਰ ਜਾਂ ਜਿੱਤ ਦਾ ਕੋਈ ਮਤਲਬ ਨਹੀਂ ਹੈ।

ਸਾਲ 2025 ਵਿੱਚ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਟੀਮ ਨੇ ਵੀ ਮੋਹਸਿਨ ਨਕਵੀ ਤੋਂ ਟਰਾਫ਼ੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

40 ਮਿੰਟ ਤੱਕ ਇੰਤਜ਼ਾਰ ਅਤੇ ਮੈਦਾਨ ‘ਤੇ ਹਲਚਲ

ਇਸ ਮੈਚ ਵਿੱਚ ਸ੍ਰੀਲੰਕਾ ਨੂੰ 72 ਦੌੜਾਂ ਨਾਲ ਹਰਾਉਣ ਤੋਂ ਬਾਅਦ, ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ ਆਪਣੀਆਂ ਸਾਥੀ ਖਿਡਾਰਨਾਂ ਨਾਲ ਜਸ਼ਨ ਮਨਾਉਂਦੇ ਨਜ਼ਰ ਆਏ

ਤਸਵੀਰ ਸਰੋਤ, Sameera Peiris/Getty Images

ਹਾਲੀਆ ਮੈਚ, ਦੁਬਈ ਵਿੱਚ ਸਥਾਨਕ ਸਮੇਂ ਮੁਤਾਬਕ ਰਾਤ 9 ਵੱਜ ਕੇ 55 ਮਿੰਟ ‘ਤੇ ਖ਼ਤਮ ਹੋ ਗਿਆ ਸੀ, ਪਰ ਲਗਭਗ 40 ਮਿੰਟ ਤੱਕ ਇਨਾਮ ਵੰਡ ਸਮਾਗਮ ਸ਼ੁਰੂ ਹੋਣ ਦੀ ਉਡੀਕ ਹੁੰਦੀ ਰਹੀ। ਇਸ ਤੋਂ ਬਾਅਦ ਮੈਦਾਨ ‘ਤੇ ਕੁਝ ਹਲਚਲ ਦਿਖਾਈ ਦਿੱਤੀ।

ਅੰਪਾਇਰਾਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ ਅਤੇ ਇਸ ਤੋਂ ਬਾਅਦ ਉਪ ਜੇਤੂ ਸ਼ੀਲੰਕਾ ਦੀ ਟੀਮ ਆਪਣੇ ਤਮਗੇ ਲੈਣ ਲਈ ਤਿਆਰ ਦਿਖਾਈ ਦਿੱਤੀ।

ਕਪਤਾਨ ਚਮਾਰੀ ਅਟਾਪੱਟੂ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਮੁਖੀ ਮੋਹਸਿਨ ਨਕਵੀ ਦੇ ਹੱਥੋਂ ਇਨਾਮੀ ਰਾਸ਼ੀ ਦਾ ਚੈੱਕ ਲਿਆ।

ਐਤਵਾਰ ਨੂੰ ਇਨਾਮ ਵੰਡ ਸਮਾਗਮ ਵਿੱਚ ਨਕਵੀ ਦੀ ਮੌਜੂਦਗੀ ਕਾਰਨ ਵਿਵਾਦ ਦੀ ਸੰਭਾਵਨਾ ਪਹਿਲਾਂ ਤੋਂ ਹੀ ਜਤਾਈ ਜਾ ਰਹੀ ਸੀ।

ਮਈ 2025 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦ ‘ਤੇ ਤਣਾਅ ਤੋਂ ਬਾਅਦ ਭਾਰਤੀ ਕ੍ਰਿਕਟਰ ਪਾਕਿਸਤਾਨੀ ਖਿਡਾਰੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਹੱਥ ਮਿਲਾਉਣ ਤੋਂ ਬਚਦੇ ਰਹੇ ਹਨ।

ਪਿਛਲੇ ਸਾਲ ਪੁਰਸ਼ ਟੀਮ ਨੇ ਅਜਿਹਾ ਕੀਤਾ ਸੀ ਅਤੇ ਇਸ ਸਾਲ ਮਹਿਲਾ ਟੀਮ ਨੇ ਵੀ ਅਜਿਹਾ ਹੀ ਕੀਤਾ।

ਭਾਰਤੀ ਕੋਚ ਅਤੇ ਬੀਸੀਸੀਆਈ ਦੇ ਸਕੱਤਰ ਨੇ ਕੀ ਕਿਹਾ

ਭਾਰਤੀ ਮਹਿਲਾ ਟੀਮ ਦੇ ਕੋਚ ਅਮੋਲ ਮਜ਼ੂਮਦਾਰ

ਤਸਵੀਰ ਸਰੋਤ, Alex Davidson-ICC/ICC via Getty Images

ਭਾਰਤੀ ਮਹਿਲਾ ਟੀਮ ਦੇ ਕੋਚ ਅਮੋਲ ਮਜ਼ੂਮਦਾਰ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ, “ਬੀਸੀਸੀਆਈ ਨੇ ਜੋ ਰੁਖ਼ ਅਪਣਾਇਆ ਹੈ, ਅਸੀਂ ਉਸ ‘ਤੇ ਕਾਇਮ ਹਾਂ ਅਤੇ ਉਸ ਦਾ ਸਮਰਥਨ ਕਰਦੇ ਹਾਂ। ਸਾਡੇ ਲਈ ਇਹ ਟੂਰਨਾਮੈਂਟ ਖ਼ਤਮ ਹੋ ਚੁੱਕਾ ਹੈ ਅਤੇ ਅਸੀਂ ਚੈਂਪੀਅਨ ਹਾਂ। ਸਾਡੇ ਲਈ ਇੰਨਾ ਹੀ ਕਾਫ਼ੀ ਹੈ। ਵੱਡੇ ਬੋਰਡ ‘ਤੇ ਵੀ ਲਿਖਿਆ ਸੀ ਕਿ ਭਾਰਤ ਏਸ਼ੀਆ ਕੱਪ 2026 ਦਾ ਚੈਂਪੀਅਨ ਹੈ। ਸਾਡੇ ਲਈ ਇਹ ਟੂਰਨਾਮੈਂਟ ਅਧਿਕਾਰਿਤ ਤੌਰ ‘ਤੇ ਖ਼ਤਮ ਹੋ ਚੁੱਕਾ ਹੈ। ਅਸੀਂ ਚੈਂਪੀਅਨ ਬਣ ਕੇ ਖੁਸ਼ ਹਾਂ ਅਤੇ ਹੁਣ ਏਸ਼ੀਅਨ ਗੇਮਜ਼ ਵੱਲ ਦੇਖ ਰਹੇ ਹਾਂ।”

ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਬੀਸੀਸੀਆਈ ਸਕੱਤਰ ਦੇਵਜੀਤ ਸੈਕਿਆ ਨੇ ਸਮਾਚਾਰ ਏਜੰਸੀ ਆਈਏਐਨਐਸ ਨੂੰ ਕਿਹਾ, “ਏਸ਼ੀਆ ਕੱਪ ਵਿੱਚ ਟਰਾਫ਼ੀ ਨੂੰ ਲੈਕੇ ਵਿਵਾਦ ਹੈ। ਸਾਡੀ ਪੁਰਸ਼ ਟੀਮ ਨੇ ਲਗਭਗ ਡੇਢ ਸਾਲ ਪਹਿਲਾਂ ਏਸ਼ੀਆ ਕੱਪ ਜਿੱਤਿਆ ਸੀ। ਪਰ ਅਪ੍ਰੈਲ 2025 ਵਿੱਚ ਪਹਿਲਗਾਮ ਦੀ ਘਟਨਾ ਤੋਂ ਬਾਅਦ ਪੂਰੀ ਸਥਿਤੀ ਬਦਲ ਗਈ।”

”ਇਸ ਤੋਂ ਬਾਅਦ ਦੇਸ਼ ਦੇ ਲੋਕਾਂ ਵੱਲੋਂ ਸਾਡੇ ‘ਤੇ ਦਬਾਅ ਸੀ ਕਿ ਸਾਨੂੰ ਆਪਣੇ ਗੁਆਂਢੀ ਦੇਸ਼ ਨਾਲ ਕਿਸੇ ਤਰ੍ਹਾਂ ਦੇ ਸਬੰਧ ਨਹੀਂ ਰੱਖਣੇ ਚਾਹੀਦੇ ਅਤੇ ਉਸ ਨਾਲ ਕ੍ਰਿਕਟ ਵੀ ਨਹੀਂ ਖੇਡਣੀ ਚਾਹੀਦੀ। ਪਰ ਸਾਡੀ ਸਰਕਾਰ ਦੀ ਨੀਤੀ ਹੈ ਕਿ ਬਹੁ-ਦੇਸ਼ੀ ਟੂਰਨਾਮੈਂਟ ਵਿੱਚ ਸਾਨੂੰ ਹਰ ਦੇਸ਼ ਖ਼ਿਲਾਫ਼ ਖੇਡਣਾ ਚਾਹੀਦਾ ਹੈ।”

ਮੋਹਸਿਨ ਨਕਵੀ ਨਾਲ ਮੁਲਾਕਾਤ ਬਾਰੇ ਉਨ੍ਹਾਂ ਨੇ ਸਮਾਚਾਰ ਏਜੰਸੀ ਨੂੰ ਕਿਹਾ, “ਅਜਿਹਾ ਨਹੀਂ ਹੈ ਕਿ ਅਸੀਂ ਕਿਸੇ ਨੂੰ ਮਿਲਦੇ ਹੀ ਨਹੀਂ। ਮੈਂ ਟਾਸ ਤੋਂ ਲੈ ਕੇ ਮੈਚ ਖ਼ਤਮ ਹੋਣ ਤੱਕ ਰੌਇਲ ਬਾਕਸ ਦੀਆਂ ਸੀਟਾਂ ਦੇ ਬਾਹਰ ਬੈਠਾ ਸੀ। ਮੈਂ ਪੂਰੇ ਮੈਚ ਦੌਰਾਨ ਉੱਥੇ ਹੀ ਬੈਠਾ ਰਿਹਾ। ਮੈਚ ਦੌਰਾਨ ਜੋ ਵੀ ਮੈਨੂੰ ਮਿਲਣ ਆਇਆ, ਉਹ ਮੈਨੂੰ ਮਿਲਿਆ।”

”ਕੋਈ ਆ ਕੇ ਮੇਰੇ ਕੋਲ ਬੈਠ ਗਿਆ, ਫਿਰ ਸ਼ੁਕਲਾ (ਰਾਜੀਵ) ਆਏ ਅਤੇ ਮੇਰੇ ਨਾਲ ਬੈਠ ਗਏ। ਜਿਸ ਵਿਅਕਤੀ (ਮੋਹਸਿਨ ਨਕਵੀ) ਦਾ ਤੁਸੀਂ ਜ਼ਿਕਰ ਕੀਤਾ, ਉਹ ਵੀ ਆਏ ਅਤੇ ਡਿਪਟੀ ਚੇਅਰਮੈਨ ਖ਼ਾਲਿਦ ਸਾਬ੍ਹ ਦੇ ਕੋਲ ਬੈਠ ਗਏ। ਇਹ ਤਾਂ ਆਮ ਰਿਵਾਇਤ ਹੈ ਕਿ ਜਦੋਂ ਵੀ ਕੋਈ ਆਉਂਦਾ ਹੈ, ਅਸੀਂ ਸਾਰਿਆਂ ਨੂੰ ਮਿਲਦੇ ਹਾਂ ਅਤੇ ਗੱਲਬਾਤ ਕਰਦੇ ਹਾਂ।”

‘ਭਾਰਤ ਦੀ ਕੂਟਨੀਤਕ ਅਤੇ ਫ਼ੌਜੀ ਹਾਰ ਨਹੀਂ ਮਿਟੇਗੀ’

ਏਸ਼ੀਆ ਕੱਪ 2026

ਤਸਵੀਰ ਸਰੋਤ, Getty Images

ਪਾਕਿਸਤਾਨ ਦੀ ਨਿਊਜ਼ ਵੈੱਬਸਾਈਟ ‘ਦਿ ਡਾਨ’ ਵਿੱਚ ਛਪੀ ਖ਼ਬਰ ਮੁਤਾਬਕ, ਇਸ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਜੀਓ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਟਰਾਫ਼ੀ ਲੈਣ ਤੋਂ ਇਨਕਾਰ ਕਰਨ ਨਾਲ ਭਾਰਤ ਦੀ “ਕੂਟਨੀਤਕ ਅਤੇ ਫ਼ੌਜੀ ਹਾਰ ਮਿਟ ਨਹੀਂ ਜਾਵੇਗੀ।”

ਉਨ੍ਹਾਂ ਨੇ ਭਾਰਤ ‘ਤੇ “ਖੇਡ ਸੱਭਿਆਚਾਰ ਨੂੰ ਬਰਬਾਦ ਕਰਨ” ਦਾ ਇਲਜ਼ਾਮ ਲਗਾਇਆ।

ਉਨ੍ਹਾਂ ਕਿਹਾ, “ਖੇਡ ਭਾਵਨਾ ਮਾਅਨੇ ਰੱਖਦੀ ਹੈ। ਜੇ ਤੁਹਾਡੇ ਅੰਦਰ ਖੇਡ ਭਾਵਨਾ ਹੀ ਨਹੀਂ ਹੈ ਤਾਂ ਜਿੱਤ ਜਾਂ ਹਾਰ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।”

ਚੌਧਰੀ ਨੇ ਕਿਹਾ ਕਿ ਭਾਰਤ ਨੇ “ਪੂਰੇ ਦੇਸ਼ ਵਿੱਚ ਅਤਿ-ਰਾਸ਼ਟਰਵਾਦ ਭਰ ਦਿੱਤਾ ਗਿਆ ਹੈ।”

ਉਨ੍ਹਾਂ ਕਿਹਾ, “ਸਾਡੀ ਖੇਡ ਸੱਭਿਆਚਾਰ, ਸ਼ਾਂਤੀ ਅਤੇ ਪਿਆਰ ਦੀ ਪ੍ਰਤੀਕ ਰਹੀ ਹੈ ਅਤੇ ਇਸ ਨੇ ਕਈ ਜੰਗਾਂ ਨੂੰ ਖ਼ਤਮ ਕਰਨ ਵਿੱਚ ਵੀ ਭੂਮਿਕਾ ਨਿਭਾਈ ਹੈ, ਪਰ ਹੁਣ ਇਹ ਕਮਜ਼ੋਰ ਹੁੰਦੀ ਜਾ ਰਹੀ ਹੈ।”

ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਖੇਡਾਂ ਨੂੰ ਸਿਆਸਤ ਦਾ ਹਿੱਸਾ ਨਹੀਂ ਬਣਾਇਆ ਅਤੇ ਨਾ ਹੀ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਦਾ ਨਿਸ਼ਾਨਾ ਬਣਾਇਆ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ “ਹਰ ਵਿਵਾਦਿਤ ਮੁੱਦੇ” ‘ਤੇ ਗੱਲਬਾਤ ਲਈ ਤਿਆਰ ਹੈ।

ਕਪਤਾਨ ਹਰਮਨਪ੍ਰੀਤ ਨੇ ਕੀ ਕਿਹਾ

ਹਰਮਨਪ੍ਰੀਤ ਕੌਰ

ਤਸਵੀਰ ਸਰੋਤ, Getty Images

ਆਮ ਤੌਰ ‘ਤੇ ਮੈਚ ਤੋਂ ਬਾਅਦ ਇਨਾਮ ਵੰਡ ਸਮਾਗਮ ਵਿੱਚ ਜੇਤੂ ਟੀਮ ਦੀ ਕਪਤਾਨ ਦਾ ਇੰਟਰਵਿਊ ਲਿਆ ਜਾਂਦਾ ਹੈ। ਪਰ ਭਾਰਤ ਦੀ 72 ਦੌੜਾਂ ਦੀ ਜਿੱਤ ਤੋਂ ਕੁਝ ਮਿੰਟ ਬਾਅਦ ਹਰਮਨਪ੍ਰੀਤ ਕੌਰ ਦਾ ਇੰਟਰਵਿਊ ਵੱਖਰੇ ਤੌਰ ‘ਤੇ ਲਿਆ ਗਿਆ।

ਹਰਮਨਪ੍ਰੀਤ ਕੌਰ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਅਸੀਂ ਆਪਣੇ ਤੈਅ ਕੀਤੇ ਮਿਆਰਾਂ ਮੁਤਾਬਕ ਪ੍ਰਦਰਸ਼ਨ ਕੀਤਾ, ਕਿਉਂਕਿ ਜਦੋਂ ਅਸੀਂ ਇੱਥੇ ਆਏ ਸੀ ਤਾਂ ਅਸੀਂ ਇਸੇ ਬਾਰੇ ਗੱਲ ਕੀਤੀ ਸੀ। ਸਾਡੇ ਕੁਝ ਮਿਆਰ (ਸਟੈਂਡਰਡਜ਼) ਹਨ ਅਤੇ ਅਸੀਂ ਹਰ ਰੋਜ਼ ਉਨ੍ਹਾਂ ‘ਤੇ ਖਰਾ ਉਤਰਨਾ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਸਾਰਿਆਂ ਨੇ ਪ੍ਰਦਰਸ਼ਨ ਕੀਤਾ, ਉਸ ਤੋਂ ਅਸੀਂ ਬਹੁਤ ਖੁਸ਼ ਹਾਂ। ਮੈਨੂੰ ਲੱਗਦਾ ਹੈ ਕਿ ਕੁੜੀਆਂ ਨੇ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਾਈਨਲ ਵਿੱਚ 184 ਦੌੜਾਂ ਬਣਾਉਣਾ ਵੱਡੀ ਗੱਲ ਹੈ।”

ਹਰਮਨਪ੍ਰੀਤ ਨੇ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਦੀ ਖ਼ਾਸ ਤੌਰ ‘ਤੇ ਤਾਰੀਫ਼ ਕੀਤੀ। ਦੋਵਾਂ ਨੇ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਪਹਿਲੀ ਵਿਕਟ ਲਈ 129 ਦੌੜਾਂ ਜੋੜੀਆਂ ਅਤੇ ਸ਼ਾਨਦਾਰ ਅਰਧ ਸੈਂਕੜੇ ਲਗਾ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ।

ਹਰਮਨਪ੍ਰੀਤ ਨੇ ਕਿਹਾ, “ਅਸੀਂ ਸਾਰੇ ਜਾਣਦੇ ਸੀ ਕਿ ਦੁਬਈ ਦੀਆਂ ਹੌਲੀਆਂ ਪਿੱਚਾਂ ‘ਤੇ ਬੱਲੇਬਾਜ਼ੀ ਕਰਨਾ ਇੰਨਾ ਆਸਾਨ ਨਹੀਂ ਹੋਵੇਗਾ। ਪਰ ਸਾਡੀਆਂ ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਸਾਡੇ ਲਈ ਸ਼ਾਨਦਾਰ ਕੰਮ ਕੀਤਾ। ਸਮ੍ਰਿਤੀ ਅਤੇ ਸ਼ੈਫਾਲੀ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ, ਉਹ ਬੇਹਤਰੀਨ ਸੀ। ਆਖ਼ਰਕਾਰ ਗੱਲ ਚੰਗੀ ਕ੍ਰਿਕਟ ਖੇਡਣ ਦੀ ਹੈ ਅਤੇ ਕੁੱਲ ਮਿਲਾ ਕੇ ਮੈਂ ਬਹੁਤ ਖੁਸ਼ ਹਾਂ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI