Home rss national punjabi2ਰਾਸ਼ਟਰੀ ਖ਼ਬਰਾਂ ‘ਅਮਰੀਕਾ ‘ਚ ਸਿੱਖ ਡਰਾਇਵਰ ‘ਤੇ ਚਾਕੂ ਨਾਲ ਹਮਲੇ ਮਗਰੋਂ ਅਸੀਂ ਵਾਰ-ਵਾਰ ਦੇਖਦੇ...

‘ਅਮਰੀਕਾ ‘ਚ ਸਿੱਖ ਡਰਾਇਵਰ ‘ਤੇ ਚਾਕੂ ਨਾਲ ਹਮਲੇ ਮਗਰੋਂ ਅਸੀਂ ਵਾਰ-ਵਾਰ ਦੇਖਦੇ ਹਾਂ, ਕੋਈ ਪਿੱਛਾ ਤਾਂ ਨਹੀਂ ਕਰ ਰਿਹਾ’

3
0

Source :- BBC PUNJABI

ਜਸਜੀਤ ਸਿੰਘ

ਤਸਵੀਰ ਸਰੋਤ, Jakara Movement

“ਅਸੀਂ ਜਦੋਂ ਟਰੱਕ ਲੈ ਕੇ ਨਿਕਲਦੇ ਹਾਂ ਤਾਂ ਵਾਰ-ਵਾਰ ਦੇਖਦੇ ਹਾਂ ਕਿ ਕਿਤੇ ਕੋਈ ਪਿੱਛੋਂ ਫੌਲੋ ਤਾਂ ਨਹੀਂ ਕਰ ਰਿਹਾ। ਅਸੀਂ ਆਲਾ-ਦੁਆਲਾ ਦੇਖ ਕੇ ਟਰੱਕ ਖੜਾਉਂਦੇ ਅਤੇ ਫਿਰ ਬਾਥਰੂਮ ਜਾਂਦੇ ਹਾਂ।”

ਇਹ ਬੋਲ ਅਮਰੀਕਾ ਵਿੱਚ ਕਈ ਦਹਾਕਿਆਂ ਤੋਂ ਟਰੱਕ ਚਲਾਉਂਦੇ ਗੁਰਿੰਦਰਜੀਤ ਸਿੰਘ ਦੇ ਹਨ।

ਦਰਅਸਲ ਅਮਰੀਕਾ ਵਿੱਚ 13 ਸਤੰਬਰ ਨੂੰ ਇੱਕ ਸਿੱਖ ਡਰਾਇਵਰ ਨੂੰ ਬੁਰੇ ਤਰੀਕੇ ਨਾਲ ਜ਼ਖਮੀ ਕਰ ਦਿੱਤਾ ਗਿਆ ਸੀ।

ਪੀੜਤ ਸਿੱਖ ਡਰਾਇਵਰ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੇ ਵਕੀਲ ਜਸਜੀਤ ਸਿੰਘ ਮੁਤਾਬਕ ਗੁਰਵਿੰਦਰ ਦੇ ਕਰੀਬ 17 ਵਾਰ ਚਾਕੂ ਨਾਲ ਹਮਲਾ ਕੀਤਾ ਗਿਆ।

ਹਾਲਾਂਕਿ, ਪੁਲਿਸ ਨੇ ਇਸ ਹਮਲੇ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਹਮਲੇ ਦੇ ਮਕਸਦ ਬਾਰੇ ਹਾਲੇ ਤੱਕ ਪਤਾ ਨਹੀਂ ਲੱਗਾ।

ਦਰਅਸਲ ਇੱਕ ਸਾਲ ਪਹਿਲਾਂ 12 ਅਗਸਤ, 2025 ਨੂੰ ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਟਰੱਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੀ ਡੈਸ਼ਕੈਮ ਫੁਟੇਜ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ। ਇਸ ਟਰੱਕ ਨੂੰ ਹਰਜਿੰਦਰ ਸਿੰਘ ਨਾਂ ਦਾ ਡਰਾਇਵਰ ਚਲਾ ਰਿਹਾ ਸੀ ਜਿਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਸ ਤੋਂ ਬਾਅਦ ਅਕਤੂਬਰ 2025 ਵਿੱਚ ਇੱਕ ਹੋਰ ਟਰੱਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਜਿਸ ਵਿੱਚ ਟਰੱਕ ਡਰਾਇਵਰ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਹਾਦਸੇ ਦੀ ਡੈਸ਼ਕੈਮ ਫੁਟੇਜ ਕਾਫੀ ਵਾਇਰਲ ਹੋਈ ਸੀ

ਤਸਵੀਰ ਸਰੋਤ, TikTok/GuruBatth5

ਪਰ ਪਿਛਲੇ ਦਿਨੀ ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਉਰਿਟੀ ਨੇ ‘ਅਨਲਾਈਸੈਂਸਡ ਕਮਰਸ਼ਿਅਲ ਡਰਾਈਵਰਾਂ’ ਖ਼ਿਲਾਫ਼ ਮੁਹਿੰਮ ਬਾਰੇ ਇੱਕ ਪੋਸਟਰ ਜਾਰੀ ਕੀਤਾ ਸੀ। ਇਸ ਵਿੱਚ ‘ਮਿਸਟਰ ਸਿੰਘ’ ਨਾਂ ਦੇ ਇੱਕ ਭੂਰੇ ਰੰਗ ਦੇ ਵਿਅਕਤੀ ਨੂੰ ਦਿਖਾਇਆ ਗਿਆ। ਹਾਲਾਂਕਿ ਇਸ ਉਪਰ ਵਿਵਾਦ ਹੋਣ ਤੋਂ ਬਾਅਦ ਪੋਸਟ ਨੂੰ ਹਟਾ ਲਿਆ ਗਿਆ ਸੀ। ਪਰ ਪੰਜਾਬੀ ਭਾਈਚਾਰਾ ਇਸ ਪੋਸਟਰ ਨੂੰ ਲੈ ਕੇ ਵੀ ਕਾਫੀ ਚਿੰਤਿਤ ਹੈ।

ਸਵਾਲ ਹੈ ਕਿ ਪੰਜਾਬੀ ਡਰਾਇਵਰਾਂ ਖਿਲਾਫ ਇੱਕ ਬਿਰਤਾਂਤ ਚਲਾਇਆ ਜਾ ਰਿਹਾ? ਜਾਂ ਪੰਜਾਬੀ ਡਰਾਇਵਰਾਂ ਨੂੰ ਗੈਰ-ਜ਼ਿੰਮੇਵਾਰ ਵੱਜੋਂ ਦੇਖਿਆ ਜਾ ਰਿਹਾ?

ਗੁਰਵਿੰਦਰ ਸਿੰਘ ਨਾਲ ਕੀ ਹੋਇਆ?

ਗੁਰਵਿੰਦਰ ਸਿੰਘ

ਤਸਵੀਰ ਸਰੋਤ, Jakara Movement

ਕੈਲੀਫੋਰਨੀਆ ਵਿੱਚ ਜਕਾਰਾ ਮੂਵਮੈਂਟ ਨਾਮ ਦੀ ਐਨਜੀਓ ਚਲਾਉਣ ਵਾਲੇ ਵਕੀਲ ਜਸਜੀਤ ਸਿੰਘ ਗੁਰਵਿੰਦਰ ਸਿੰਘ ਨੂੰ ਕਾਨੂੰਨੀ ਸਹਾਇਤਾ ਦੇ ਰਹੇ ਹਨ।

ਵਕੀਲ ਜਸਜੀਤ ਸਿੰਘ ਮੁਤਾਬਕ, “13 ਸਤੰਬਰ ਨੂੰ ਤਕਰੀਬਨ ਸਵੇਰੇ 3:15 ਵਜੇ ਗੁਰਵਿੰਦਰ ਸਿੰਘ ਰੈਸਟ ਏਰੀਆ ਵਿੱਚ ਰੁਕਿਆ ਸੀ। ਉਹ ਕੈਲੀਫੋਰਨੀਆ ਤੋਂ ਲੋਡ ਲੈ ਕੇ ਚੱਲਿਆ ਸੀ। ਜਦੋਂ ਉਹ ਬਾਥਰੂਮ ‘ਚ ਗਿਆ ਅਤੇ ਆਪਣਾ ਮੂੰਹ ਧੋ ਰਿਹਾ ਸੀ ਤਾਂ ਇੱਕਦਮ ਬੰਦੇ ਨੇ ਪਿੱਛੋਂ ਆ ਕੇ ਉਸ ਦੇ ਮੁੱਕਾ ਮਾਰਿਆ। ਗੁਰਵਿੰਦਰ ਨੇ ਉਸ ਬੰਦੇ ਨੂੰ ਪੁੱਛਣ ਦੀ ਬੜੀ ਕੋਸ਼ਿਸ਼ ਕੀਤੀ ਕਿ ਉਹ ਕੌਣ ਹੈ? ਗੁਰਵਿੰਦਰ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਨੇ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ ਜੋ ਕਰੀਬ 17 ਵਾਰ ਲੱਗਿਆ। ਉਸ ਦੀਆਂ ਬਾਹਵਾਂ ਅਤੇ ਛਾਤੀ ਉੱਤੇ ਵੀ ਸੱਟ ਲੱਗੀ ਹੈ।”

ਜਸਜੀਤ ਸਿੰਘ ਅਨੁਸਾਰ, “ਜਦੋਂ ਗੁਰਵਿੰਦਰ ਕੋਸ਼ਿਸ਼ ਕਰਕੇ ਬਾਹਰ ਨਿਕਲਿਆ ਤਾਂ ਇੱਕ ਪਰਿਵਾਰ ਨੇ ਉਸ ਦੀ ਮਦਦ ਕੀਤੀ। ਇਸ ਦੌਰਾਨ ਮੁਲਜ਼ਮ ਭੱਜ ਗਿਆ ਜੋ ਖੁਦ ਵੀ ਡਰਾਇਵਰ ਹੀ ਸੀ। ਕਰੀਬ ਅੱਧੇ ਘੰਟੇ ਬਾਅਦ ਪੁਲਿਸ ਆਈ ਅਤੇ ਉਸ ਨੂੰ ਹੈਲੀਕਾਪਟਰ ਦੀ ਸਹਾਇਤਾ ਨਾਲ ਹਸਪਤਾਲ ਲਿਜਾਇਆ ਗਿਆ।”

ਉਹ ਕਹਿੰਦੇ ਹਨ, “ਗੁਰਵਿੰਦਰ ਸਿੰਘ ਨੂੰ ਕਰੀਬ ਚਾਰ ਦਿਨਾਂ ਬਾਅਦ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ। ਦੂਜੇ ਪਾਸੇ ਮੁਲਜ਼ਮ ਜੇਲ੍ਹ ਵਿੱਚ ਹੈ ਅਤੇ ਇਹ ਕੇਸ ਥੋੜਾ ਲੰਮਾ ਚੱਲੇਗਾ। ਪੁਲਿਸ ਇਸ ਹਮਲੇ ਦਾ ਮਕਸਦ ਲੱਭ ਰਹੀ ਹੈ।”

ਡਰਾਇਵਰਾਂ ਦੀਆਂ ਚਿੰਤਾਵਾਂ

ਗੁਰਿਦਰਜੀਤ ਸਿੰਘ

ਅਮਰੀਕਾ ਵਿੱਚ ਇੱਕ ਸਿੱਖ ਟਰੱਕ ਡਰਾਈਵਰ ‘ਤੇ ਚਾਕੂ ਨਾਲ ਕੀਤੇ ਹਮਲੇ ਤੋਂ ਬਾਅਦ ਸਿੱਖ ਭਾਈਚਾਰਾ, ਖਾਸ ਕਰਕੇ ਪੰਜਾਬੀ ਟਰੱਕ ਡਰਾਇਵਰ ਕਾਫੀ ਚਿੰਤਿਤ ਨਜ਼ਰ ਆ ਰਹੇ ਹਨ।

ਡਰਾਇਵਰ ਗੁਰਿੰਦਰਜੀਤ ਸਿੰਘ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਜਦੋਂ ਦਾ ਟਰੰਪ ਪ੍ਰਸ਼ਾਸਨ, ਉਸ ਨੇ ਪਰਵਾਸੀਆਂ ਖਿਲਾਫ ਇੱਕ ਲਹਿਰ ਖੜੀ ਕੀਤੀ ਹੈ ਕਿ ਇਹ ਲੋਕ ਸਾਡੀਆਂ ਨੌਕਰੀਆਂ ਖੋਹ ਰਹੇ ਹਨ, ਉਸ ਨਾਲ ਮਹਿਸੂਸ ਹੁੰਦਾ ਹੈ ਕਿ ਅਮਰੀਕਾ ਵਿੱਚ ਨਫ਼ਰਤ ਦੀ ਲਹਿਰ ਵਧੀ ਹੈ। ਅਸੀਂ ਜਦੋਂ ਕਦੇ ਕੋਈ ਲੋਡ ਉਤਾਰਨ ਜਾਂਦੇ ਹਾਂ, ਤਾਂ ਉੱਥੇ ਜੇਕਰ ਕੋਈ ਨਸਲੀ ਬੰਦਾ ਹੋਵੇ ਤਾਂ ਉਹ ਬਹੁਤ ਪਰੇਸ਼ਾਨ ਕਰਦਾ ਹੈ।”

“ਦਰਅਸਲ, ਹਮਲਿਆਂ ਤੋਂ ਬਿਨਾ ਵੀ ਹੋਰ ਕਈ ਤਰੀਕਿਆਂ ਨਾਲ ਪਰੇਸ਼ਾਨ ਕੀਤਾ ਜਾਂਦਾ ਹੈ। ਜਿਵੇਂ ਭਾਵੇਂ ਕੋਈ ਪਹਿਲਾਂ ਵੀ ਗਿਆ ਹੋਵੇ, ਉਸ ਨੂੰ ਲੋਡ ਉਤਾਰਨ ਲਈ ਕਈ-ਕਈ ਘੰਟੇ ਇੰਤਜ਼ਾਰ ਕਰਵਾਇਆ ਜਾਂਦਾ ਹੈ। ਉਹ ਪਹਿਲਾਂ ਗੋਰਿਆਂ ਦੇ ਟਰੱਕ ਖਾਲੀ ਕਰਦੇ ਹਨ ਅਤੇ ਬਾਅਦ ਵਿੱਚ ਪਰਵਾਸੀਆਂ ਦਾ ਟਰੱਕ ਖਾਲੀ ਕੀਤਾ ਜਾਂਦਾ ਹੈ। ਕਈ ਵਾਰ ਬਾਥਰੂਮ ਵੀ ਵਰਤਨ ਨਹੀਂ ਦਿੱਤਾ ਜਾਂਦਾ ਹੈ।”

ਉਹ ਕਹਿੰਦੇ ਹਨ, “ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀ ਨੇ ਜਦੋਂ ਪਿਛਲੇ ਦਿਨੀ ਸਿੱਖ ਡਰਾਇਵਰਾਂ ਬਾਰੇ ਪੋਸਟ ਪਾਈ ਸੀ ਉਸ ਦਾ ਵੀ ਕਾਫ਼ੀ ਅਸਰ ਪਿਆ ਹੈ ਕਿਉਂਕਿ ਇਹਨਾਂ ਵੱਲੋਂ ਵਰਤੇ ਗਏ ਸ਼ਬਦਾਂ ਦਾ ਬਹੁਤ ਪ੍ਰਭਾਵ ਪੈਦਾ ਹੈ। ਹਾਲਾਂਕਿ, ਕੈਲੀਫੋਰਨੀਆਂ ਵਰਗੀਆਂ ਥਾਵਾਂ ‘ਤੇ ਜ਼ਿਆਦਾ ਅਸਰ ਨਹੀਂ ਕਿਉਂਕਿ ਇੱਥੇ ਵੱਖ-ਵੱਖ ਭਾਈਚਾਰੇ ਰਹਿੰਦੇ ਹਨ ਪਰ ਬਾਹਰਲੇ ਸੂਬੇ, ਜਿੱਥੇ ਅਮਰੀਕਾ ਦੇ ਮੂਲ ਪਰਵਾਸੀਆਂ ਦੀ ਗਿਣਤੀ ਜ਼ਿਆਦਾ ਹੈ, ਉੱਥੇ ਕਈ ਤਰੀਕਿਆਂ ਨਾਲ ਤੰਗ ਕੀਤੀ ਜਾਂਦਾ ਹੈ ਜਿਵੇਂ ਟਰੱਕ ਅੱਗੇ ਲਗਾ ਕੇ ਲੰਮਾ ਸਮਾਂ ਰਾਹ ਨਾ ਦੇਣਾ ਵਗੈਰਾ।”

ਗੁਰਿਦਰਜੀਤ ਸਿੰਘ

ਤਸਵੀਰ ਸਰੋਤ, Gurinderjit singh

ਗੁਰਿੰਦਰਜੀਤ ਸਿੰਘ ਮੁਤਾਬਕ, “ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਕਈ ਸਿੱਖ ਡਰਾਇਵਰ ਕਾਫ਼ੀ ਡਰੇ ਹੋਏ ਹਨ ਅਤੇ ਉਹ ਸਤਰਕ ਹੋ ਗਏ ਹਨ। ਉਹ ਅਕਸਰ ਆਲਾ-ਦੁਆਲਾ ਦੇਖ ਕੇ ਟਰੱਕ ਖੜਾਉਂਦੇ ਅਤੇ ਬਾਥਰੂਮ ਜਾਂਦੇ ਹਨ। ਉਹ ਦੇਖਦੇ ਹਨ ਕਿ ਉਨ੍ਹਾਂ ਦਾ ਕੋਈ ਪਿੱਛਾ ਤਾਂ ਨਹੀਂ ਕਰ ਰਿਹਾ। ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਸੁੰਨੀਆਂ ਥਾਵਾਂ ‘ਤੇ ਨਾ ਖੜਿਆ ਜਾਵੇ ਅਤੇ ਚਹਿਲ-ਪਹਿਲ ਵਾਲੀਆਂ ਥਾਵਾਂ ਉੱਤੇ ਹੀ ਰੁਕਿਆ ਜਾਵੇ।”

ਏਪੀ ਨਾਲ ਗੱਲ ਕਰਦਿਆਂ ਟਰੱਕਿੰਗ ਉਦਯੋਗ ਨਾਲ ਜੁੜੇ ਇੱਕ ਸਿੱਖ, ਕੈਲੀਫੋਰਨੀਆ ਦੇ ਸਟਾਕਟਨ ਸਥਿਤ ‘ਗਿਲਸਨ ਟਰੱਕਿੰਗ’ ਦੇ ਸੀਈਓ ਹਰਸਿਮਰਨ ਸਿੰਘ ਨੇ ਕਿਹਾ ਕਿ ਟਰੱਕ-ਡਰਾਈਵਿੰਗ ਫੋਰਮਾਂ ‘ਤੇ ਸਿੱਖ-ਵਿਰੋਧੀ ਭਾਵਨਾ ਖਾਸ ਤੌਰ ‘ਤੇ ਤੀਬਰ ਰਹੀ ਹੈ।

ਉਨ੍ਹਾਂ ਕਿਹਾ, “ਮੈਂ ਪਿਛਲੇ 25 ਤੋਂ ਵੱਧ ਸਾਲਾਂ ਤੋਂ ਇੱਥੇ ਹਾਂ। ਮੈਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਨਫ਼ਰਤ ਮਹਿਸੂਸ ਨਹੀਂ ਕੀਤੀ।”

ਸਿੱਖ ਕਾਰਕੁਨ ਅਤੇ ਵਕੀਲ ਜਸਜੀਤ ਸਿੰਘ ਕਹਿੰਦੇ ਹਨ, “ਭਾਵੇਂ ਅਸੀਂ ਸਿੱਧਾ ਨਹੀਂ ਕਹਿ ਸਕਦੇ ਕਿ ਉਸ ਬੰਦੇ ਨੇ ਪੋਸਟਰ ਦੇਖ ਕੇ ਹਮਲਾ ਗੁਰਵਿੰਦਰ ਸਿੰਘ ‘ਤੇ ਹਮਲਾ ਕੀਤਾ ਪਰ ਗੱਲਾਂ ਜੁੜੀਆਂ ਵੀ ਹੋ ਸਕਦੀਆਂ ਹਨ। ਇਹੋ ਜਿਹੇ ਪੋਸਟਰ ਪਾਉਣਾ ਬਹੁਤ ਜ਼ੋਖਮ ਵਾਲਾ ਕੰਮ ਹੈ।”

ਜਸਜੀਤ ਸਿੰਘ ਮੁਤਾਬਕ, “ਆਈਸ ਨੇ ਵੀ ਸਾਡੇ ਲੋਕਾਂ ਉਪਰ ਭੀੜ ਪਾਈ ਹੋਈ ਹੈ ਅਤੇ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਪੰਜਾਬੀ ਟਰੱਕ ਡਰਾਇਵਰਾਂ ਨੂੰ ਧਿਆਨ ਨਾਲ ਰਹਿਣ ਦੀ ਲੋੜ ਹੈ।”

ਐੱਫਬੀਆਈ ਵੱਲੋਂ ਸਾਲ 2025 ਦੇ ਨਫਰਤੀ ਹਿੰਸਾ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਹੋਏ ਕੁੱਲ ਹੇਟ ਕਰਾਈ ਵਿੱਚ ਕਰੀਬ 7 ਫੀਸਦ ਮਾਮਲੇ ਸਿੱਖਾਂ ਖਿਲਾਫ ਹੋਏ ਹਨ।

ਦੱਖਣੀ ਏਸ਼ੀਆਈ ਭਾਈਚਾਰੇ ‘ਚਿੰਤਾ ਵਧੀ

ਅਮਰੀਕਾ ਵਿੱਚ ਟਰਕਿੰਗ ਦਾ ਕਾਰੋਬਾਰ

ਤਸਵੀਰ ਸਰੋਤ, Getty Images

ਪੰਜਾਬੀ ਸਿੱਖ ਡਰਾਇਵਰ ‘ਤੇ ਕਥਿਤ ਹਮਲੇ ਤੋਂ ਬਾਅਦ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਹੈ।

ਏਸ਼ੀਅਨ ਅਮਰੀਕਨ ਅਤੇ ਪੈਸਿਫ਼ਿਕ ਆਈਲੈਂਡਰ, ਅਮਰੀਕਾ ਵਿੱਚ ਵੱਖ-ਵੱਖ ਭਾਈਚਾਰਿਆਂ ਦੀ ਇੱਕ ਸੰਸਥਾ ਹੈ।

ਸਟਾਪ ਏਏਪੀਆਈ ਹੇਟ (Stop AAPI Hate)ਦੀ ਇੱਕ ਤਾਜ਼ਾ ਖੋਜ ਰਿਪੋਰਟ ਅਨੁਸਾਰ ਦੱਖਣੀ ਏਸ਼ੀਆਈ ਭਾਈਚਾਰਿਆਂ ਖਿਲਾਫ਼ ਆਨਲਾਈਨ ਅਤੇ ਗਰਾਉਂਡ, ਦੋਵਾਂ ਥਾਵਾਂ ‘ਤੇ ਨਫ਼ਰਤ ਦੀਆਂ ਘਟਨਾਵਾਂ ਵਧੀਆਂ ਹਨ।

ਰਿਪੋਰਟ ਮੁਤਾਬਕ, ਜਨਵਰੀ 2023 ਤੋਂ ਦਸੰਬਰ 2025 ਦੇ ਵਿਚਕਾਰ ਦੱਖਣੀ ਏਸ਼ੀਆਈ ਲੋਕਾਂ ਖ਼ਿਲਾਫ਼ ਆਨਲਾਈਨ ਵਰਤੇ ਜਾਣ ਵਾਲੇ ਅਪਮਾਨਜਨਕ ਸ਼ਬਦਾਂ ਵਿੱਚ 109 ਫ਼ੀਸਦੀ ਵਾਧਾ ਹੋਇਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI