Home rss national punjabi2ਰਾਸ਼ਟਰੀ ਖ਼ਬਰਾਂ ਅੱਗਜ਼ਨੀ, ਪੱਥਰਬਾਜ਼ੀ ਤੇ ਲਾਠੀਚਾਰਜ…ਬੀਤੀ ਰਾਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਕੀ-ਕੀ ਹੋਇਆ, ਪ੍ਰੀਖਿਆਵਾਂ...

ਅੱਗਜ਼ਨੀ, ਪੱਥਰਬਾਜ਼ੀ ਤੇ ਲਾਠੀਚਾਰਜ…ਬੀਤੀ ਰਾਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਕੀ-ਕੀ ਹੋਇਆ, ਪ੍ਰੀਖਿਆਵਾਂ ਨੂੰ ਲੈ ਕੇ ਯੂਨੀਵਰਸਿਟੀ ਨੇ ਕੀ ਫੈਸਲਾ ਲਿਆ

4
0

Source :- BBC PUNJABI

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੰਗਾਮਾ

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 7 ਮਿੰਟ

ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਇਸ ਵੇਲੇ ਤਣਾਅ ਦਾ ਮਾਹੌਲ ਹੈ। ਬੀਤੀ ਰਾਤ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਹੋਰ ਤਿੱਖਾ ਹੋ ਗਿਆ, ਜਿਸ ਮਗਰੋਂ ਪੁਲਿਸ ਨੇ ਲਾਠੀਚਾਰਜ ਵੀ ਕੀਤਾ।

ਪੁਲਿਸ ਵੱਲੋਂ ਵਿਦਿਆਰਥੀਆਂ ਨੂੰ ਸੜਕ ਤੋਂ ਹਟਾ ਕੇ ਯੂਨੀਵਰਸਿਟੀ ਕੈਂਪਸ ਵਿੱਚ ਵਾਪਸ ਭੇਜਣ ਦੀ ਕੋਸ਼ਿਸ਼ ਦੌਰਾਨ, ਆਸ-ਪਾਸ ਖੜ੍ਹੇ ਮੋਟਰਸਾਈਕਲਾਂ ਅਤੇ ਚਾਰ ਪਹੀਆ ਵਾਹਨਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੇ ਜਾਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ।

ਖਬਰ ਏਜੰਸੀ ਏਐੱਨਆਈ ਮੁਤਾਬਕ, ਐੱਸਐੱਸਪੀ ਜਲੰਧਰ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਕੁਝ ਪੁਲਿਸ ਵਾਲਿਆਂ ਨੂੰ ਸੱਟਾਂ ਵੱਜੀਆਂ ਹਨ ਅਤੇ ਪੁਲਿਸ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ।

ਵਿਦਿਆਰਥੀਆਂ ਦੇ ਇਲਜ਼ਾਮ ਹਨ ਕਿ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਬਲਾਤਕਾਰ ਹੋਣ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਨੇ ਮਾਮਲੇ ਨੂੰ ਦਬਾ ਦਿੱਤਾ ਹੈ ਅਤੇ ਇਸੇ ਮੁੱਦੇ ਨੂੰ ਲੈਕੇ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ।

ਬੀਤੀ ਰਾਤ ਯੂਨੀਵਰਸਿਟੀ ‘ਚ ਕੀ-ਕੀ ਹੋਇਆ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੰਗਾਮਾ

  • ਪਿਛਲੀ ਰਾਤ ਅਤੇ ਦਿਨ ਭਰ ਚੱਲੇ ਹੰਗਾਮੇ ਤੋਂ ਬਾਅਦ ਕੱਲ੍ਹ ਰਾਤ ਵੀ ਐੱਲਪੀਯੂ ਦੇ ਵਿਦਿਆਰਥੀ ਪ੍ਰਦਰਸ਼ਨ ਕਰਦੇ ਰਹੇ ਅਤੇ ਇਹ ਪ੍ਰਦਰਸ਼ਨ ਹੋਰ ਤਿੱਖਾ ਹੋ ਗਿਆ।
  • ਪੁਲਿਸ ਵੱਲੋਂ ਸੜਕ ਖ਼ਾਲੀ ਕਰਵਾਉਣ ਦੀ ਕੋਸ਼ਿਸ਼ ਦੌਰਾਨ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਹਾਲਾਤ ਹੋਰ ਤਣਾਅਪੂਰਨ ਹੋ ਗਏ।
  • ਇਸ ਦੌਰਾਨ ਨੇੜ-ਤੇੜੇ ਖੜ੍ਹੇ ਵਾਹਨਾਂ ਨੂੰ ਅੱਗ ਲਾਉਣ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ। ਕੁਝ ਵੀਡੀਓਜ਼ ਵਿੱਚ ਵਾਹਨਾਂ ਨੂੰ ਲੱਗੀ ਅੱਗ ਦੇਖੀ ਜਾ ਸਕਦੀ ਹੈ।
  • ਜਲੰਧਰ (ਦਿਹਾਤੀ) ਦੇ ਐੱਸਐੱਸਪੀ ਹਰਵਿੰਦਰ ਸਿੰਘ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਜਾਣਕਾਰੀ ਦਿੱਤੀ ਕਿ ਪੱਥਰਬਾਜ਼ੀ ਦੀ ਘਟਨਾ ਵੀ ਹੋਈ ਹੈ। ਕੁਝ ਪੁਲਿਸ ਵਾਲਿਆਂ ਦੇ ਸੱਟਾਂ ਵੀ ਵੱਜੀਆਂ ਹਨ।
  • ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਜਦੋਂ ਵਿਦਿਆਰਥੀਆਂ ਦਾ ਪ੍ਰਦਰਸ਼ਨ ਹਿੰਸਕ ਰੂਪ ਲੈ ਗਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰਨ ਲਈ ਲਾਠੀਚਾਰਜ ਵੀ ਕੀਤਾ।
  • ਏਜੰਸੀ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਕਰਮਚਾਰੀ ਵਿਦਿਆਰਥੀਆਂ ਉੱਤੇ ਲਾਠੀਆਂ ਦਾ ਇਸਤੇਮਾਲ ਕਰ ਰਹੇ ਹਨ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੰਗਾਮਾ

ਪੁਲਿਸ ਨੇ ਤਾਜ਼ਾ ਹਾਲਾਤ ਬਾਰੇ ਕੀ ਦੱਸਿਆ

ਜਲੰਧਰ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ

ਉਨ੍ਹਾਂ ਕਿਹਾ, ”ਹੋਰ ਮਾਮਲੇ ਵਿਦਿਆਰਥੀਆਂ ਨਾਲ ਗੱਲਬਾਤ ਰਾਹੀਂ ਹੱਲ ਕਰ ਲਏ ਜਾਣਗੇ। ਕੁੱਲ ਮਿਲਾ ਕੇ ਮਾਹੌਲ ਠੀਕ ਹੈ ਅਤੇ ਛੋਟੀਆਂ-ਮੋਟੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਵੀ ਹੱਲ ਕਰ ਦਿੱਤਾ ਜਾਵੇਗਾ। ਕਿਰਪਾ ਕਰਕੇ ਪਰਿਵਾਰਾਂ ਨੂੰ ਦੱਸੋ ਕਿ ਸਾਰੇ ਵਿਦਿਆਰਥੀ ਸੁਰੱਖਿਅਤ ਹਨ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।”

ਮੀਡੀਆ ਵੱਲੋਂ ਇਹ ਪੁੱਛੇ ਜਾਣ ‘ਤੇ ਜਿਸ ਗੱਲ ਕਰਕੇ ਧਰਨਾ ਲੱਗਿਆ ਸੀ, ਉਹ ਸੱਚ ਹੈ ਜਾਂ ਅਫਵਾਹ ਹੈ, ਪੁਲਿਸ ਕਮਿਸ਼ਨਰ ਨੇ ਕਿਹਾ, ”ਅਜੇ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ। ਇਸ ਵੇਲੇ ਸਭ ਤੋਂ ਜ਼ਰੂਰੀ ਸੀ ਕਿ ਸ਼ਾਂਤੀ ਭਾਲ ਹੋਵੇ, ਬੱਚਿਆਂ ਦੇ ਸਹਿਯੋਗ ਨਾਲ ਸ਼ਾਂਤੀ ਹੋ ਗਈ ਹੈ। ਹੋਸਟਲ ਸੁਰੱਖਿਅਤ ਹਨ।”

ਕੀ ਹੈ ਮਾਮਲਾ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੰਗਾਮਾ

ਵਿਦਿਆਰਥੀਆਂ ਦੇ ਇਲਜ਼ਾਮ ਹਨ ਕਿ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਬਲਾਤਕਾਰ ਹੋਣ ਦੀ ਜਾਣਕਾਰੀ ਮਿਲੀ ਹੈ।

ਉਨ੍ਹਾਂ ਇਲਜ਼ਾਮ ਲਗਾਏ ਕਿ ਯੂਨੀਵਰਸਿਟੀ ਨੇ ਮਾਮਲੇ ਨੂੰ ਤੁਰੰਤ ਦਬਾਅ ਦਿੱਤਾ ਹੈ, ਜਿਸ ਕਾਰਨ ਇਸ ਬਾਰੇ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ ਕਿ ਕੁੜੀ ਕੌਣ ਹੈ। ਨਾਲ ਹੀ ਉਨ੍ਹਾਂ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕੇ।

ਇਸ ਮਾਮਲੇ ਵਿੱਚ ਯੂਨੀਵਰਸਿਟੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਸਭ ਅਫਵਾਹਾਂ ਹਨ ਅਤੇ ਯੂਨੀਵਰਸਿਟੀ ਦੇ ਅਕਸ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਹਨ।

ਉੱਧਰ, ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵੀ ਕਿਸੇ ਕੁੜੀ ਨਾਲ ਬਲਾਤਕਾਰ ਹੋਣ ਸਬੰਧੀ ਕੋਈ ਰਿਪੋਰਟ ਜਾਂ ਐਪਲੀਕੇਸ਼ਨ ਨਹੀਂ ਆਈ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਉਹ ਵਿਦਿਆਰਥੀਆਂ ਦੇ ਕਹਿਣ ਮੁਤਾਬਕ ਜਾਂਚ ਲਈ ਤਿਆਰ ਹਨ ਪਰ ਪਹਿਲਾਂ ਇਹ ਤਾਂ ਦੱਸਿਆ ਜਾਵੇ ਕਿ ਕਿਸ ਨਾਲ, ਕਿੱਥੇ ਘਟਨਾ ਵਾਪਰੀ ਹੈ।

ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਜਿਸ ਕੁੜੀ ਨਾਲ ਬਲਾਤਕਾਰ ਦੀ ਘਟਨਾ ਵਾਪਰੀ ਹੈ, ਉਹ ਗਾਇਬ ਹੈ। ਨਾਲ ਹੀ ਉਹ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦੀ ਸੁਰੱਖਿਆ ‘ਤੇ ਵੀ ਸਵਾਲ ਖੜ੍ਹੇ ਕਰ ਰਹੇ ਹਨ।

ਮਹੱਤਵਪੂਰਨ ਸੂਚਨਾ

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।

ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।

ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਯੂਨੀਵਰਸਿਟੀ ਅਤੇ ਪੁਲਿਸ ਨੇ ਕੀ ਕਿਹਾ

ਯੂਨੀਵਰਸਿਟੀ ਦੇ ਸਟੂਡੈਂਟ ਵੈਲਫੇਅਰ ਵਿੰਗ ਦੇ ਐਗਜ਼ੀਕਿਊਟਿਵ ਡੀਨ, ਡਾਕਟਰ ਸੌਰਭ ਲਖਨ ਪਾਲ ਨੇ ਕਿਹਾ ''ਐੱਲਪੀਯੂ ਝੂਠੀਆਂ ਅਤੇ ਮਨਘੜਤ ਖ਼ਬਰਾਂ ਅਤੇ ਅਫਵਾਹਾਂ ਦਾ ਪੂਰੀ ਤਰ੍ਹਾਂ ਖੰਡਨ ਕਰਦੀ ਹੈ''

ਲਵਲੀ ਪ੍ਰੋਫੈਸ਼ਲ ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਝੂਠੀ ਅਤੇ ਮਨਘੜਤ ਜਾਣਕਰੀ ਫੈਲਾਈ ਜਾ ਰਹੀ ਹੈ। ਇਹ ਸਭ ਯੂਨੀਵਰਸਿਟੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ।

ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਬੀਤੇ ਦਿਨੀਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ”ਐਫਆਈਆਰ ਦਰਜ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦੀਆਂ ਕੁਝ ਹੋਰ ਵੀ ਮੰਗਾਂ ਹਨ, ਜਿਨ੍ਹਾਂ ਬਾਰੇ 12 ਵਜੇ ਯੂਨੀਵਰਸਿਟੀ ਮੈਨੇਜਮੈਂਟ ਨਾਲ ਮੀਟਿੰਗ ਰੱਖੀ ਗਈ ਹੈ।”

”ਅਜੇ ਇਨ੍ਹਾਂ ਨੇ ਇਨਾਂ ਹੀ ਲਿਖਿਆ ਹੈ ਕਿ ਜੀ-3 ਹੋਸਟਲ ਵਿੱਚ ਇੱਕ ਕੁੜੀ ਰਹਿੰਦੀ ਸੀ, ਜਿਸ ਨਾਲ ਬਲਾਤਕਾਰ ਦੀ ਘਟਨਾ ਹੋਈ ਹੈ, ਕੁੜੀ ਦਾ ਨਾਮ ਅਜੇ ਨਹੀਂ ਪਤਾ ਲੱਗ ਸਕਿਆ ਹੈ। ਅਜੇ ਅਣਜਾਣ ਸਖਸ਼ ਦੇ ਨਾਮ ‘ਤੇ ਹੀ ਐੱਫਆਈਰ ਦਰਜ ਕੀਤੀ ਗਈ ਹੈ।”

”ਸਾਇੰਟਿਫਿਕ ਢੰਗ ਨਾਲ ਜਾਂਚ ਕੀਤੀ ਜਾਵੇਗੀ ਤੇ ਇਸ ਦੌਰਾਨ ਵਿਦਿਆਰਥੀਆਂ ਦੇ ਲੀਡਰਜ਼ ਨੂੰ ਨਾਲ ਰੱਖਿਆ ਜਾਵੇਗਾ।”

ਸੂਬੇ ਦੀ ਸਿਆਸਤ ਗਰਮਾਈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ

ਇਸ ਪੂਰੇ ਮਾਮਲੇ ਨੂੰ ਲੈਕੇ ਸੂਬੇ ਦੀ ਸਿਆਸਤ ਵੀ ਗਰਮਾ ਗਈ ਹੈ ਅਤੇ ਇਲਜ਼ਾਮਾਂ ਦੇ ਦੌਰ ਸ਼ੁਰੂ ਹੋ ਗਏ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਕਸ ‘ਤੇ ਵਿਦਿਆਰਥੀਆਂ ‘ਤੇ ਹੁੰਦੇ ਲਾਠੀਚਾਰਜ ਦਾ ਵੀਡੀਓ ਸਾਂਝਾ ਕਰਦਿਆਂ ਲਿਖ, ”ਭਗਵੰਤ ਮਾਨ ਨੇ ਪੰਜਾਬ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਵਿੱਚ ਨਾਕਾਮੀ ਦਿਖਾਈ ਹੈ। ਸਥਿਤੀ ਨੂੰ ਸਮੇਂ ਸਿਰ ਕਾਬੂ ਵਿੱਚ ਨਹੀਂ ਲਿਆਂਦਾ ਗਿਆ ਅਤੇ ਹੁਣ ਇਸ ਕਾਰਨ ਪੈਦਾ ਹੋਇਆ ਗੁੱਸਾ ਵਿਦਿਆਰਥੀਆਂ ਵੱਲ ਮੋੜਿਆ ਜਾ ਰਿਹਾ ਹੈ।”

ਉਨ੍ਹਾਂ ਲਿਖਿਆ, ”ਮੈਂ ਬੀਤੀ ਰਾਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ‘ਆਪ’ ਸਰਕਾਰ ਵੱਲੋਂ ਵਿਦਿਆਰਥੀਆਂ ‘ਤੇ ਕਥਿਤ ਤੌਰ ‘ਤੇ ਕੀਤੇ ਗਏ ਬਲ ਦੇ ਇਸਤੇਮਾਲ, ਜਿਸ ਵਿੱਚ ਲਾਠੀਚਾਰਜ ਦੀ ਰਿਪੋਰਟ ਵੀ ਸ਼ਾਮਿਲ ਹੈ, ਦੀ ਸਖ਼ਤ ਨਿੰਦਾ ਕਰਦਾ ਹਾਂ।”

ਇਸਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਾਂਤੀਪੂਰਨ ਅਤੇ ਜ਼ਿੰਮੇਵਾਰ ਢੰਗ ਨਾਲ ਆਪਣੀ ਆਵਾਜ਼ ਉਠਾਉਣ ਤੇ ਕਾਨੂੰਨੀ ਤਰੀਕਿਆਂ ਰਾਹੀਂ ਜਵਾਬਦੇਹੀ ਦੀ ਮੰਗ ਕਰਨ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਬੀਤੀ ਰਾਤ ਹੋਈਆਂ ਘਟਨਾਵਾਂ ਦੇ ਵੀਡੀਓ ਸ਼ੇਅਰ ਕੀਤੇ ਅਤੇ ਪੰਜਾਬ ਸਰਕਾਰ ਤੇ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕੇ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਐਕਸ ਪੋਸਟ ਵਿੱਚ ਲਿਖਿਆ, ”ਐੱਲਪੀਯੂ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਬਹੁਤ ਚਿੰਤਾਜਨਕ ਹੈ।”

”ਜੇਕਰ ਵਿਦਿਆਰਥੀਆਂ ਦੇ ਮਨ ਵਿੱਚ ਕਿਸੇ ਘਟਨਾ ਬਾਰੇ ਗੰਭੀਰ ਸਵਾਲ ਜਾਂ ਚਿੰਤਾਵਾਂ ਹਨ, ਤਾਂ ਉਹ ਅਫਵਾਹਾਂ ਜਾਂ ਦਬਾਅ ਦੀ ਬਜਾਏ ਪਾਰਦਰਸ਼ੀ, ਨਿਰਪੱਖ ਅਤੇ ਸਮਾਂ-ਬੱਧ ਜਵਾਬਾਂ ਦੇ ਹੱਕਦਾਰ ਹਨ।”

”ਹਾਲੀਆ ਹਿੰਸਾ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਅਸਫਲਤਾ ਦਾ ਸਬੂਤ ਹੈ।”

ਉਨ੍ਹਾਂ ਇਲਜ਼ਾਮ ਲਗਾਏ ਕਿ ‘ਆਪ’ ਸਰਕਾਰ ਵੱਲੋਂ ਕਿਸੇ ਨੇ ਵੀ ਜਾਕੇ ਵਿਦਿਆਰਥੀਆਂ ਦੀ ਗੱਲ ਸੁਣਨ ਦੀ ਖੇਚਲ ਨਹੀਂ ਕੀਤੀ।

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ”ਜਾਣ ਬੁੱਝ ਕੇ ਢਿੱਲ ਵਰਤੀ ਗਈ ਹੈ।”

ਐਕਸ ‘ਤੇ ਇੱਕ ਪੋਸਟ ਵਿੱਚ ਉਨ੍ਹਾਂ ਇਲਜ਼ਾਮ ਲਗਾਇਆ ਕਿ ”ਆਮ ਆਦਮੀ ਪਾਰਟੀ ਸਿਆਸਤ ਕਰ ਰਹੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI