Home rss national punjabi2ਰਾਸ਼ਟਰੀ ਖ਼ਬਰਾਂ ਏਸ਼ੀਅਨ ਗੇਮਜ਼ 2026: ਭਾਰਤੀ ਤੀਰਅੰਦਾਜ਼ਾਂ ਦਾ ਗੋਲਡ ਮੈਡਲ ‘ਤੇ ਦੋਹਰਾ ਨਿਸ਼ਾਨਾ, ਨੀਰੂ...

ਏਸ਼ੀਅਨ ਗੇਮਜ਼ 2026: ਭਾਰਤੀ ਤੀਰਅੰਦਾਜ਼ਾਂ ਦਾ ਗੋਲਡ ਮੈਡਲ ‘ਤੇ ਦੋਹਰਾ ਨਿਸ਼ਾਨਾ, ਨੀਰੂ ਢਾਂਡਾ ਨੇ ਵੀ ਜਿੱਤਿਆ ਦੂਜਾ ਗੋਲਡ

3
0

Source :- BBC PUNJABI

ਨੀਰੂ ਢਾਂਡਾ

ਭਾਰਤ ਦੀ ਨੀਰੂ ਢਾਂਡਾ ਅਤੇ ਕਾਇਨਾਨ ਚੇਨਈ ਨੇ ਟਰੈਪ ਮਿਕਸਡ ਟੀਮ ਸ਼ੂਟਿੰਗ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਉਨ੍ਹਾਂ ਨੇ 40 ਵਿੱਚੋਂ 34 ਸ਼ੌਟ ਦੇ ਕੇ ਏਸ਼ੀਆਈ ਰਿਕਾਰਡ ਨਾਲ ਇਹ ਤਗ਼ਮਾ ਜਿੱਤਿਆ।

ਟਰੈਪ ਮਿਕਸਡ ਟੀਮ ਮੁਕਾਬਲੇ ਵਿੱਚ ਭਾਰਤ ਦਾ ਇਹ ਹੁਣ ਤੱਕ ਦਾ ਪਹਿਲਾ ਸੋਨ ਤਗ਼ਮਾ ਹੈ।

ਅਤੇ ਨੀਰੂ ਢਾਂਡਾ ਦਾ ਇਸ ਵਾਰ ਦੀਆਂ ਏਸ਼ੀਅਨ ਖੇਡਾਂ ਵਿੱਚ ਲਗਾਤਾਰ ਦੂਜਾ ਗੋਲ਼ਡ ਮੈਡਲ ਹੈ।

ਤੀਰਅੰਦਾਜ਼ੀ ਵਿਚ ਭਾਰਤ ਨੇ ਇੱਕੋ ਦਿਨ ਦੋ ਗੋਲ਼ਡ ਮੈਡਲ ਜਿੱਤ ਲਏ ਹਨ। ਮਹਿਲਾਵਾਂ ਦੀ ਕੰਪਾਊਡ ਟੀਮ ਨੇ ਚੀਨ ਨੂੰ ਹਾਰ ਕੇ ਸੋਨ ਤਗ਼ਮਾ ਜਿੱਤਿਆ। ਇਸ ਟੀਮ ਵਿੱਚ ਸੁਰੇਖਾ ਵੇਨਮ, ਚਿਕੀਥਾ ਤਾਨੀਪਾਰਥੀ ਅਤੇ ਪ੍ਰਿਥਿਕਾ ਪ੍ਰਦੀਪ ਸਨ।

ਨਾਲ ਹੀ ਤੀਰਅੰਦਾਜ਼ੀ ਵਿਚ ਹੀ ਚਿਕੀਥਾ ਤਾਨੀਪਾਰਥੀ ਅਤੇ ਸਾਹਿਲ ਜਾਧਵ ਦੀ ਕੰਪਾਊਡ ਮਿਕਸਡ ਟੀਮ ਨੇ ਵੀ ਸੋਨ ਤਗ਼ਮਾ ਜਿੱਤਿਆ। ਕੰਪਾਊਡ ਮਿਕਸਡ ਟੀਮ ਨੇ ਦੱਖਣੀ ਕੋਰੀਆ ਨੂੰ ਹਰਾਇਆ।

ਇਸ ਇਤਿਹਾਸਕ ਜਿੱਤ ਨਾਲ ਭਾਰਤ ਨੇ ਲੌਂਸ ਏਂਜਲਸ ਵਿੱਚ ਹੋਣ ਜਾ ਰਹੀਆਂ 2028 ਦੀਆਂ ਉਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ।

ਭਾਰਤੀ ਸਮੇਂ ਮੁਤਾਬਕ 30 ਸਤੰਬਰ ਦੀ ਸਵੇਰ ਤੱਕ ਭਾਰਤ ਨੇ ਕੁੱਲ 9 ਗੋਲ਼ਡ, 21 ਸਿਲਵਰ ਅਤੇ 27 ਕਾਂਸੀ ਤਗ਼ਮੇ ਜਿੱਤੇ ਹਨ। ਭਾਰਤ ਦੇ ਕੁੱਲ ਮੈਡਲਾਂ ਦੀ ਗਿਣਤੀ 57 ਹੋ ਗਈ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ‘ਤੇ ਜਾਣਕਾਰੀ ਦਿੱਤੀ ਕਿ ਭਾਰਤੀ ਮਹਿਲਾ ਰਿਲੇ ਰੇਸ ਟੀਮ ਨੇ ਗੋਲ਼ਡ ਮੈਡਲ ਜਿੱਤਿਆ।

ਭਾਰਤੀ ਟੀਮ 3 ਮਿੰਟ, 29.69 ਸੈਕੰਡ ਦਾ ਸਮਾਂ ਕੱਢ ਕੇ 4×400 ਰਿਲੇ ਰੇਸ ਵਿੱਚ ਪਹਿਲੇ ਸਥਾਨ ‘ਤੇ ਰਹੀ। ਜਦਕਿ ਬਹਿਰੀਨ 3 ਮਿੰਟ 30.21 ਸੈਕੰਡ ਦੇ ਸਮੇਂ ਨਾਲ ਦੂਜੇ ਥਾਂ ‘ਤੇ ਰਿਹਾ। ਬਾਕੀ ਟੀਮਾਂ ਦੇ ਨਤੀਜੇ ਹਾਲੇ ਤੱਕ ਨਹੀਂ ਆਏ ਹਨ।

ਮੌਜੂਦਾ ਏਸ਼ੀਅਨ ਖੇਡਾਂ ਵਿੱਚ ਅਥਲੈਟਿਕਸ ਪ੍ਰਤੀਯੋਗਤਾ ਵਿੱਚ ਭਾਰਤ ਦਾ ਇਹ ਪਹਿਲਾ ਗੋਲ਼ਡ ਮੈਡਲ ਰਿਹਾ।

ਰਿਲੇ ਰੇਸ ਦੀ ਭਾਰਤੀ ਟੀਮ ਵਿੱਚ ਕਿਰਨ, ਮਾਚੋਤਿਰਾ ਪੂਵੱਮਾ, ਪ੍ਰਾਚੀਨ ਅਤੇ ਵਿਥਿਆ ਰਾਮਰਾਜ ਸ਼ਾਮਲ ਹਨ।

ਇਸ ਨੂੰ ਮਿਲਾ ਕੇ ਭਾਰਤ ਨੇ ਮੰਗਲਵਾਰ ਨੂੰ ਦੋ ਖੇਡਾਂ ਵਿੱਚ ਗੋਲ਼ਡ ਮੈਡਲ ਜਿੱਤੇ। ਭਾਰਤ ਦੀ ਨੀਰੂ ਢਾਂਡਾ ਨੇ ਵੂਮਨ ਟਰੈਪ ਸ਼ੂਟਿੰਗ ਮੁਕਾਬਲੇ ਵਿਚ ਗੋਲਡ ਮੈਡਲ ਹਾਸਿਲ ਕੀਤਾ ਹੈ।

ਇਸ ਤੋਂ ਇਲਾਵਾ ਮੰਗਲਵਾਰ ਨੂੰ ਹੀ ਪੁਰਸ਼ 4×400 ਮੀਟਰ ਰਿਲੇ ਵਿੱਚ ਭਾਰਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਮੰਗਲਵਾਰ ਨੂੰ ਇੱਕ ਹੋਰ ਕਾਂਸੀ ਦਾ ਤਗ਼ਮਾ ਮਹਿਲਾ ਉੱਚੀ ਛਲਾਂਗ ਵਿੱਚ ਪੂਜਾ ਨੇ ਦਵਾਇਆ।

ਜੀਂਦ ਦੀ ਨੀਰੂ ਢਾਂਡਾ ਨੇ ਰਚਿਆ ਇਤਿਹਾਸ

ਨੀਰੂ ਢਾਂਡਾ ਗੋਲਡ ਮੈਡਲ ਦੇ ਨਾਲ

ਜਾਪਾਨ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਨੀਰੂ ਢਾਂਡਾ ਨੇ ਮਹਿਲਾ ਟ੍ਰੈਪ ਸ਼ੂਟਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਹੈ।

ਇਸ ਦੇ ਨਾਲ ਹੀ ਉਹ ਏਸ਼ਿਆਈ ਖੇਡਾਂ ਵਿੱਚ ਮਹਿਲਾ ਟ੍ਰੈਪ ਮੁਕਾਬਲੇ ਵਿੱਚ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣ ਗਈ ਹੈ।

ਹਰਿਆਣਾ ਦੀ 26 ਸਾਲਾ ਨੀਰੂ ਨੇ ਫਾਈਨਲ ਵਿੱਚ 28 ਦਾ ਸਕੋਰ ਬਣਾਕੇ ਨਵਾਂ ਏਸ਼ਿਆਈ ਖੇਡ ਰਿਕਾਰਡ ਵੀ ਕਾਇਮ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ 24 ਦਾ ਸੀ।

ਚੀਨ ਦੀ ਸੁਨ ਯੂਨੋਂਗ ਨੇ 26 ਅੰਕਾਂ ਨਾਲ ਸਿਲਵਰ ਮੈਡਲ ਜਿੱਤਿਆ, ਜਦਕਿ ਕੁਵੈਤ ਦੀ ਅਬਦੁਲਮਲਿਕ ਹਜ਼ਰ 21 ਅੰਕਾਂ ਨਾਲ ਬ੍ਰੌਂਜ਼ ਮੈਡਲ ਜਿੱਤਣ ਵਿੱਚ ਕਾਮਯਾਬ ਰਹੀ।

ਇਨ੍ਹਾਂ ਏਸ਼ੀਅਨ ਖੇਡਾਂ ਵਿੱਚ ਭਾਰਤ ਦਾ ਇਹ ਪਹਿਲਾ ਵਿਅਕਤੀਗਤ ਗੋਲਡ ਮੈਡਲ ਵੀ ਹੈ। ਇਸ ਤੋਂ ਪਹਿਲਾਂ ਚਾਰੇ ਗੋਲਡ ਮੈਡਲ ਟੀਮ ਈਵੈਂਟ ਵਿੱਚ ਭਾਰਤ ਨੂੰ ਮਿਲੇ ਸਨ।

ਨੀਰੂ ਨੇ ਇਸ ਤੋਂ ਪਹਿਲਾਂ ਮਹਿਲਾ ਟ੍ਰੈਪ ਟੀਮ ਮੁਕਾਬਲੇ ਵਿੱਚ ਵੀ ਭਾਰਤ ਨੂੰ ਸਿਲਵਰ ਮੈਡਲ ਦਿਵਾਇਆ ਸੀ।

ਜੁਲਾਈ 2026 ਵਿੱਚ ਉਹ ਟ੍ਰੈਪ ਸ਼ੂਟਿੰਗ ਦੇ ਵਿਸ਼ਵ ਕੱਪ ਵਿੱਚ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣੇ ਸਨ।

ਭਾਰਤ ਨੂੰ ਮਹਿਲਾ ਟੀਮ ਈਵੈਂਟ ਵਿੱਚ ਮਿਲਿਆ ਸਿਲਵਰ

ਭਾਰਤ ਨੇ ਮਹਿਲਾ ਟ੍ਰੈਪ ਸ਼ੂਟਿੰਗ ਈਵੈਂਟ ਵਿੱਚ 328 ਅੰਕ ਹਾਸਿਲ ਕਰਕੇ ਚਾਂਦੀ ਦਾ ਤਗਮਾ ਹਾਸਿਲ ਕੀਤਾ ਸੀ।

ਭਾਰਤ ਦੀ ਤਿਕੜੀ ਮਨੀਸ਼ਾ ਕੀਰ , ਡੈਬਿਊ ਕਰ ਰਹੀਆਂ ਨੀਰੂ ਅਤੇ ਆਸ਼ਿਮਾ ਅਹਲਾਵਤ ਨੇ ਦੂਜਾ ਸਥਾਨ ਹਾਸਲ ਕੀਤਾ ਸੀ।

ਬੌਕਸਿੰਗ ਵਿੱਚ ਭਾਰਤ ਨੂੰ ਤਗਮਾ

ਭਾਰਤ ਦੇ ਨਰਿੰਦਰ ਨੂੰ ਪੁਰਸ਼ਾਂ ਦੇ +90 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਕਜ਼ਾਕਿਸਤਾਨ ਦੇ ਆਈਬੇਕ ਓਰਲਬੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ, ਨਰਿੰਦਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।

ਭਾਰਤ ਤਗਮਾ ਸੂਚੀ ਵਿੱਚ 11ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤ ਨੇ ਹੁਣ ਤੱਕ ਕੁੱਲ 48 ਮੈਡਲ ਜਿੱਤੇ ਹਨ। ਜਿਨ੍ਹਾਂ ਵਿੱਚ 5 ਗੋਲਡ, 21 ਸਿਲਵਰ ਅਤੇ 22 ਬ੍ਰੌਂਜ਼ ਮੈਡਲ ਸ਼ਾਮਿਲ ਹਨ।

ਪੰਜਾਬ ਪੁਲਿਸ ਦੇ ਡੀਐੱਸਪੀ ਤਜਿੰਦਰਪਾਲ ਸਿੰਘ ਤੂਰ ਨੇ ਸ਼ੌਟਪੁਟ ਵਿੱਚ ਜਿੱਤਿਆ ਸਿਲਵਰ

ਪੰਜਾਬ ਪੁਲਿਸ ਦੇ ਡੀਐੱਸਪੀ ਤਜਿੰਦਰਪਾਲ ਸਿੰਘ ਤੂਰ

ਏਸ਼ੀਅਨ ਗੇਮਜ਼ ਵਿੱਚ ਪੰਜਾਬ ਪੁਲਿਸ ਦੇ ਡੀਐੱਸਪੀ ਤਜਿੰਦਰਪਾਲ ਸਿੰਘ ਤੂਰ ਨੇ ਸ਼ੌਟਪੁਟ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਪੁਰਸ਼ ਸ਼ੌਟਪੁਟ ਦੇ ਫਾਈਨਲ ਮੁਕਾਬਲੇ ਵਿੱਚ ਤਜਿੰਦਰਪਾਲ ਸਿੰਘ ਤੂਰ ਨੇ 20.64 ਮੀਟਰ ਦਾ ਥ੍ਰੋਅ ਸੁੱਟ ਕੇ ਚਾਂਦੀ ਦਾ ਤਮਗਾ ਆਪਣੇ ਨਾਂਅ ਕੀਤਾ।

ਏਸ਼ੀਅਨ ਗੇਮਜ਼ 2026 ‘ਚ ਗੋਲਡ ਜਿੱਤਣ ਤੋਂ ਬਾਅਦ ਜਸ਼ਨ ਮਨਾਉਂਦੀ ਭਾਰਤੀ ਕਬੱਡੀ ਟੀਮ

ਜਪਾਨ ਦੇ ਆਈਚੀ-ਨਾਗੋਯਾ ਵਿੱਚ ਏਸ਼ੀਅਨ ਗੇਮਜ਼ 2026 ਦੇ 7ਵੇਂ ਦਿਨ ਭਾਰਤੀ ਪੁਰਸ਼ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਈਰਾਨ ਨੂੰ 40-34 ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਂਅ ਕਰ ਲਿਆ।

ਇਸ ਦੇ ਨਾਲ ਹੀ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਪੁਰਸ਼ ਕਬੱਡੀ ਦਾ 9ਵਾਂ ਖ਼ਿਤਾਬ ਜਿੱਤ ਲਿਆ ਹੈ।

ਭਾਰਤ ਨੇ ਹੁਣ ਤੱਕ ਖੇਡੇ ਗਏ 10 ਏਸ਼ੀਅਨ ਗੇਮਜ਼ ਕਬੱਡੀ ਟੂਰਨਾਮੈਂਟਸ ਵਿੱਚੋਂ 9 ਵਾਰ ਗੋਲਡ ਮੈਡਲ ਜਿੱਤਿਆ ਹੈ। ਸਿਰਫ਼ ਜਕਾਰਤਾ 2018 ਵਿੱਚ ਭਾਰਤੀ ਟੀਮ ਖ਼ਿਤਾਬ ਤੋਂ ਖੁੰਝ ਗਈ ਸੀ, ਜਦੋਂ ਈਰਾਨ ਚੈਂਪੀਅਨ ਬਣਿਆ ਸੀ।

ਫਾਈਨਲ ਮੁਕਾਬਲੇ ਦੀ ਸ਼ੁਰੂਆਤ ਬੇਹੱਦ ਰੋਮਾਂਚਕ ਰਹੀ। ਦੋਹਾਂ ਟੀਮਾਂ ਦੇ ਖਿਡਾਰੀਆਂ ਨੇ ਦਮਦਾਰ ਟੈਕਲ ਕੀਤੇ ਅਤੇ ਮੁਕਾਬਲਾ ਬਰਾਬਰੀ ਦਾ ਰਿਹਾ। ਇੱਕ ਸਮੇਂ ਈਰਾਨ ਨੇ ਭਾਰਤ ਨੂੰ ਸਿਰਫ਼ ਦੋ ਖਿਡਾਰੀਆਂ ਤੱਕ ਸੀਮਤ ਕਰ ਦਿੱਤਾ ਅਤੇ ਸਕੋਰ 9-7 ਨਾਲ ਆਪਣੇ ਪੱਖ ਵਿੱਚ ਕਰ ਲਿਆ ਸੀ।

ਅਜਿਹੇ ਮੁਸ਼ਕਿਲ ਸਮੇਂ ਵਿੱਚ ਜੈਦੀਪ ਦਹੀਆ ਨੇ ਈਰਾਨ ਦੇ ਸਟਾਰ ਖਿਡਾਰੀ ਮੁਹੰਮਦਰੇਜਾ ਸ਼ਾਦਲੋਈ ਚਿਆਨੇਹ ਨੂੰ ਸੁਪਰ ਟੈਕਲ ਕਰਕੇ ਭਾਰਤ ਦੀਆਂ ਉਮੀਦਾਂ ਕਾਇਮ ਰੱਖੀਆਂ। ਇਸ ਤੋਂ ਬਾਅਦ ਭਾਰਤੀ ਟੀਮ ਨੇ ਮੁਕਾਬਲੇ ਵਿੱਚ ਬੜ੍ਹਤ ਬਣਾਈ ਰੱਖੀ, ਹਾਲਾਂਕਿ ਈਰਾਨ ਲਗਾਤਾਰ ਦਬਾਅ ਬਣਾਉਂਦਾ ਰਿਹਾ ਸੀ।

ਮੈਚ ਵਿਚਾਲੇ ਈਰਾਨ ਦੇ ਅਮੀਰਮੁਹੰਮਦ ਜ਼ਫ਼ਰ ਦਾਨੇਸ਼ ਨੇ ਦੋ ਅੰਕਾਂ ਦੀ ਰੇਡ ਲਗਾ ਕੇ ਮੁਕਾਬਲੇ ਦਾ ਪਹਿਲਾ ਆਲਆਊਟ ਕਰਵਾਇਆ। ਇਸ ਦੇ ਬਾਵਜੂਦ ਦੋਹਾਂ ਟੀਮਾਂ ਵਿਚਾਲੇ ਕਾਂਟੇ ਦੀ ਟੱਕਰ ਜਾਰੀ ਰਹੀ ਅਤੇ ਸਕੋਰ ਬਰਾਬਰੀ ‘ਤੇ ਬਣਿਆ ਰਿਹਾ।

ਇਸ ਤੋਂ ਬਾਅਦ ਅਰਜੁਨ ਦੇਸ਼ਵਾਲ ਨੇ ਸ਼ਾਨਦਾਰ ਰੇਡ ਕਰਕੇ ਮਹੱਤਵਪੂਰਨ ਅੰਕ ਹਾਸਲ ਕੀਤੇ। ਉੱਥੇ ਹੀ ਸ਼ਾਦਲੋਈ ‘ਤੇ ਭਾਰਤ ਦੇ ਦਲੇਰ ਡੈਸ਼ ਟੈਕਲ ਨੇ ਟੀਮ ਨੂੰ 16-14 ਦੀ ਬੜ੍ਹਤ ਦਿਵਾ ਦਿੱਤੀ।

ਭਾਰਤੀ ਖਿਡਾਰੀਆਂ ਨੇ ਦੂਜੇ ਹਾਫ਼ ਵਿੱਚ ਵੀ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਆਖ਼ਰਕਾਰ 40-34 ਨਾਲ ਜਿੱਤ ਦਰਜ ਕਰਕੇ ਇੱਕ ਵਾਰ ਫਿਰ ਏਸ਼ੀਆਈ ਕਬੱਡੀ ਵਿੱਚ ਆਪਣਾ ਦਬਦਬਾ ਸਾਬਤ ਕੀਤਾ।

ਭਾਰਤੀ ਮਹਿਲਾ ਕਬੱਡੀ ਟੀਮ

ਇਸ ਤੋਂ ਪਹਿਲਾਂ ਏਸ਼ੀਅਨ ਗੇਮਜ਼ ਵਿੱਚ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਸੋਨੇ ਦਾ ਤਮਗਾ ਜਿੱਤ ਲਿਆ ਹੈ। ਰੋਮਾਂਚਕ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਇਰਾਨ ਦੀ ਟੀਮ ਨੂੰ 37-34 ਨਾਲ ਹਰਾਇਆ ਅਤੇ ਚੈਂਪੀਅਨ ਦਾ ਖਿਤਾਬ ਹਾਸਿਲ ਕੀਤਾ।

ਇਸ ਜਿੱਤ ਦੇ ਨਾਲ ਹੀ ਭਾਰਤ ਦੇ ਖਾਤੇ ਹੁਣ ਕੁੱਲ 4 ਸੋਨ ਤਮਗੇ ਹੋ ਗਏ ਹਨ।

25 ਸਤੰਬਰ ਨੂੰ ਸੁਰੁਚੀ ਸਿੰਘ ਅਤੇ ਕਮਲਜੀਤ ਨੇ ਸ਼ੂਟਿੰਗ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ।

ਭਾਰਤ ਦੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਰੁਦਰਾਕਸ਼ ਪਾਟਿਲ ਅਤੇ ਨੀਰਜ ਕੁਮਾਰ ਨੇ ਪੁਰਸ਼ਾਂ ਦੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ।

ਭਾਰਤ ਦੇ ਸਾਵਨ ਬਰਵਾਲ ਨੇ ਵੀ ਪੁਰਸ਼ਾਂ ਦੀ ਮੈਰਾਥਨ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਉਨ੍ਹਾਂ ਤੋਂ ਇਲਾਵਾ, ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ ਤਿੰਨ ਸਾਲ ਪਹਿਲਾਂ ਜਿੱਤੇ ਕਾਂਸੀ ਦੇ ਤਮਗੇ ਨੂੰ ਚਾਂਦੀ ਦੇ ਤਗਮੇ ਵਿੱਚ ਬਦਲਿਆ।

ਬਰਾਨਿਕਾ ਏਲਾਂਗੋਵਨ ਨੇ ਮਹਿਲਾਵਾਂ ਦੇ ਪੋਲ ਵਾਲਟ ਮੁਕਾਬਲੇ ਵਿੱਚ ਸਾਂਝੇ ਤੌਰ ‘ਤੇ ਕਾਂਸੀ ਦਾ ਤਮਗਾ ਜਿੱਤਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਇਸ ਖੇਡ ਦਾ ਪਹਿਲਾ ਤਮਗਾ ਜਿੱਤਣ ਦਾ ਇਤਿਹਾਸ ਰਚਿਆ।

ਇਸ ਤੋਂ ਇਲਾਵਾ, ਭਾਰਤ ਦੇ ਮਾਨੁਸ਼ ਸ਼ਾਹ ਅਤੇ ਦੀਆ ਚਿਤਾਲੇ ਨੇ ਮਿਕਸਡ ਡਬਲਜ਼ ਟੇਬਲ ਟੈਨਿਸ ਮੁਕਾਬਲੇ ਵਿੱਚ ਅਤੇ ਮਨਪ੍ਰੀਤ ਕੌਰ ਨੇ ਮਹਿਲਾ ਸ਼ਾਟ ਪੁਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ।

ਸੁਰੁਚੀ ਸਿੰਘ ਅਤੇ ਕਮਲਜੀਤ ਨੇ ਸ਼ੂਟਿੰਗ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਭਾਰਤ ਲਈ ਇਹ ਸੋਨ ਤਮਗਾ ਜਿੱਤਿਆ ਹੈ

ਇਸਦੇ ਨਾਲ ਹੀ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਸੈਮੀਫਾਈਨਲ ਵਿੱਚ ਨੇਪਾਲ ਨੂੰ 48-24 ਨਾਲ ਹਰਾ ਕੇ ਫਾਈਨਲ ਮੁਕਾਬਲੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।

ਓਲੰਪਿੰਕਸ ਡਾਟ ਕਾਮ ਦੀ ਵੈੱਬਸਾਈਟ ਮੁਤਾਬਕ, ਭਾਰਤ ਨੇ ਹੁਣ ਤੱਕ ਕੁੱਲ 24 ਮੈਡਲ ਜਿੱਤ ਲਏ ਹਨ।

20ਵੀਆਂ ਏਸ਼ੀਅਨ ਖੇਡਾਂ 2026 ਜਪਾਨ ਦੇ ਆਈਚੀ-ਨਾਗੋਯਾ ਵਿਖੇ ਹੋ ਰਹੀਆਂ ਹਨ। ਇਹ ਖੇਡ ਮੁਕਾਬਲੇ 19 ਸਤੰਬਰ ਤੋਂ ਸ਼ੁਰੂ ਹੋ ਚੁੱਕੇ ਹਨ ਅਤੇ 4 ਅਕਤੂਬਰ ਤੱਕ ਚੱਲਣਗੇ। ਏਸ਼ੀਅਨ ਖੇਡਾਂ 2026 ਵਿੱਚ 46 ਦੇਸ਼ ਹਿੱਸਾ ਲੈ ਰਹੇ ਹਨ ਅਤੇ 43 ਖੇਡ ਈਵੈਂਟ ਹੋ ਰਹੇ ਹਨ।

24 ਸਤੰਬਰ ਨੂੰ ਕੁੱਲ 5 ਹੋਰ ਮੈਡਲ ਭਾਰਤ ਦੀ ਝੋਲੀ ਪਏ ਸਨ। ਇਨ੍ਹਾਂ ਵਿੱਚ ਦੋ ਚਾਂਦੀ ਦੇ ਤਮਗੇ ਅਤੇ ਤਿੰਨ ਕਾਂਸੀ ਦੇ ਤਮਗੇ ਸ਼ਾਮਿਲ ਹਨ।

ਭਾਰਤ ਲਈ, ਸੀਮਾ ਨੇ ਮਹਿਲਾਵਾਂ ਦੀ 10,000 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਮੁਕਾਬਲੇ ਵਿੱਚ 16 ਸਾਲ ਬਾਅਦ ਭਾਰਤ ਨੂੰ ਏਸ਼ਿਆਈ ਖੇਡਾਂ ਵਿੱਚ ਕੋਈ ਮੈਡਲ ਮਿਲਿਆ ਹੈ।

ਮਨੂ ਟੀਐੱਸ, ਪੂਵੰਮਾ ਐੱਮਆਰ, ਵਿਸ਼ਾਲ ਟੀਕੇ ਅਤੇ ਵਿਥਿਆ ਰਾਮਰਾਜ ਦੀ ਭਾਰਤ ਦੀ ਮਿਕਸਡ 4×400 ਮੀਟਰ ਰਿਲੇਅ ਟੀਮ ਨੇ ਰੋਮਾਂਚਕ ਦੌੜ ਵਿੱਚ ਚਾਂਦੀ ਦਾ ਮੈਡਲ ਜਿੱਤਿਆ।

ਇਨ੍ਹਾਂ ਤੋਂ ਪਹਿਲਾਂ, ਅਨੰਤਜੀਤ ਸਿੰਘ ਨਰੂਕਾ ਅਤੇ ਪਰੀਨਾਜ਼ ਧਾਲੀਵਾਲ ਨੇ ਮਿਕਸਡ ਸਕੀਟ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸਦੇ ਨਾਲ ਹੀ ਉਨ੍ਹਾਂ ਨੇ ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਇਸ ਈਵੈਂਟ ਦਾ ਇਹ ਪਹਿਲਾ ਮੈਡਲ ਜਿੱਤਿਆ ਹੈ।

ਰੋਸ਼ੀਬੀਨਾ ਦੇਵੀ ਨੇ ਵੁਸ਼ੂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਸਤਨਾਮ ਸਿੰਘ ਅਤੇ ਸਲਮਾਨ ਖਾਨ ਨੇ ਪੁਰਸ਼ਾਂ ਦੇ ਡਬਲ ਸਕਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ।

ਰੋਸ਼ੀਬੀਨਾ ਦੇਵੀ

ਓਲੰਪਿਕਸ ਡਾਟ ਕਾਮ ਦੀ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਮੁਤਾਬਕ, ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਸਤਨਾਮ ਸਿੰਘ ਦਾ ਖੇਡ ਸਫ਼ਰ ਹੈਂਡਬਾਲ ਕੋਰਟ ਤੋਂ ਸ਼ੁਰੂ ਹੋਇਆ ਸੀ ਪਰ ਸਾਲ 2018 ਵਿੱਚ ਉਨ੍ਹਾਂ ਨੇ ਰੋਇੰਗ ਦਾ ਰੁਖ ਕੀਤਾ ਸੀ। ਇਸਦੇ ਲਈ ਓਲੰਪੀਅਨ ਸਵਰਨ ਸਿੰਘ ਵਿਰਕ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਸੀ।

ਉਨ੍ਹਾਂ ਨੇ 2018 ਯੂਥ ਓਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਇਸ ਤੋਂ ਬਾਅਦ 40ਵੀਂ ਸੀਨੀਅਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਸਿੰਗਲ ਸਕਲਜ਼ ਦਾ ਖ਼ਿਤਾਬ ਜਿੱਤਿਆ। ਉਹ ਇਹ ਵੱਕਾਰੀ ਮੁਕਾਬਲਾ ਜਿੱਤਣ ਵਾਲੇ ਪਹਿਲੇ ਭਾਰਤੀ ਨੇਵੀ ਰੋਅਰ ਬਣੇ।

ਮੈਡਲ ਟੈਲੀ ਵਿੱਚ ਭਾਰਤ ਇਸ ਵੇਲੇ 14ਵੇਂ ਨੰਬਰ ‘ਤੇ ਹੈ। 80 ਤਗ਼ਮਿਆਂ ਨਾਲ ਚੀਨ ਸਭ ਤੋਂ ਪਹਿਲੇ ਰੈਂਕ ‘ਤੇ ਬਣਿਆ ਹੋਇਆ ਹੈ।

ਮੀਰਾ ਬਾਈ ਚਾਨੂ

ਇਸ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਫ਼ਾਈਨਲ ਵਿੱਚ ਸ੍ਰੀ ਲੰਕਾਂ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਚਾਂਦੀ ਤਗ਼ਮਿਆਂ ਵਿੱਚ ਮੀਰਾਬਾਈ ਚਾਨੂ ਦਾ ਵੇਟਲਿਫਟਿੰਗ ਈਵੈਂਟ ਵਿੱਚ ਜਿੱਤਿਆ ਤਗ਼ਮਾ ਵੀ ਸ਼ਾਮਲ ਹੈ। ਮੀਰਾਬਈ ਚਾਨੂ 48 ਕਿਲੋ ਭਾਰ ਵਰਗ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਏਸ਼ੀਆਈ ਖੇਡਾਂ 2026 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਪਿਛਲੀਆਂ ਏਸ਼ੀਆਈ ਖੇਡਾਂ ਵਿੱਚ ਉਹ ਚੌਥੇ ਥਾਂ ‘ਤੇ ਰਹੇ ਸਨ।

ਕਰਣਮ ਮੱਲੇਸ਼ਵਰੀ ਤੋਂ ਬਾਅਦ ਮੀਰਾਬਾਈ ਚਾਨੂ ਸਾਰੀਆਂ ਪ੍ਰਮੁਖ ਕੌਮਾਂਤਰੀ ਵੇਟਲਿਫਟਿੰਗ ਪ੍ਰਤੀਯੋਗਤਾਵਾਂ ਯਾਨੀ ਉਲੰਪਿਕ, ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਅਤੇ ਰਾਸ਼ਟਰਮੰਡਲ ਚੈਂਪੀਅਨਸ਼ਿਪਾਂ ਵਿੱਚ ਤਗ਼ਮਾ ਜਿੱਤਣ ਵਾਲੀ ਦੂਜੀ ਭਾਰਤੀ ਵੇਟਲਿਫਟਰ ਬਣ ਗਈ ਹੈ।

ਕਾਂਸੀ ਤਗ਼ਮਿਆਂ ਵਿੱਚ ਮਿਕਸਡ ਮਾਰਸ਼ਲ ਆਰਟਸ ਵਿੱਚ ਸੁਚਿਕਾ ਤਾਰਿਆਲ ਹੁੱਡਾ ਦੇ ਤਗ਼ਮੇ ਸਮੇਤ ਸ਼ੂਟਿੰਗ, ਸੌਫਟ ਟੈਨਿਸ, ਬੈਡਮਿੰਟਨ ਈਵੈਂਟਸ ਵਿੱਚ ਜਿੱਤੇ ਤਗ਼ਮੇ ਸ਼ਾਮਲ ਹਨ।

ਉਧਰ ਭਾਰਤ ਦੀ ਸਟਾਰ ਸ਼ੂਟਰ ਮਨੂ ਭਾਂਕਰ ਨੇ 10 ਮੀਟਰ ਏਅਰ ਪਿਸਟਲ ਦੇ ਫ਼ਾਈਨਲ ਵਿੱਚ ਪੰਜਵਾ ਸਥਾਨ ਹਾਸਿਲ ਕੀਤਾ। ਉਹ ਤਗ਼ਮਾ ਜਿੱਤਣ ਤੋਂ ਖੁੰਝ ਗਈ।

ਭਾਰਤ ਦੇ ਕੁੱਲ ਕਿੰਨੇ ਐਥਲੀਟ ਹਿੱਸਾ ਲੈ ਰਹੇ ਹਨ

ਤੇਜਿੰਦਰਪਾਲ ਤੂਰ ਅਤੇ ਗੁਰਵਿੰਦਰਵੀਰ ਸਿੰਘ

ਭਾਰਤ ਦੇ ਖੇਡ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 501 ਐਥਲੀਟ ਵੱਖ ਵੱਖ 36 ਖੇਡਾਂ ਵਿੱਚ ਹਿੱਸਾ ਲੈਣਗੇ।

ਇਨ੍ਹਾਂ ਵਿੱਚ 267 ਪੁਰਸ਼ ਤੇ 234 ਮਹਿਲਾ ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ‘ਚੋਂ 259 ਈਵੈਂਟ ਵਿੱਚ 356 ਮੈਡਲਾਂ ਲਈ ਭਾਰਤ ਦੇ ਐਥਲੀਟ ਜੱਦੋ-ਜਹਿਦ ਕਰਨਗੇ।

ਇਸ ਵਾਰ 310 ਐਥਲੀਟ ਅਜਿਹੇ ਹਨ ਜੋ ਪਹਿਲੀ ਵਾਰ ਏਸ਼ੀਅਨ ਖੇਡਾਂ ਵਿੱਚ ਭਾਗ ਲੈਣਗੇ। ਸਭ ਤੋਂ ਵੱਧ ਐਥਲੈਟਿਕਸ ਵਿੱਚ ਭਾਰਤ ਦੇ 78 ਐਥਲੀਟ ਹਿੱਸਾ ਲੈਣਗੇ।

ਖੇਡ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤ ਨੇ ਇਸ ਵਾਰ ਏਸ਼ੀਅਨ ਖੇਡਾਂ ਦੀ ਤਿਆਰੀ ਲਈ 702.86 ਕਰੋੜ ਰੁਪਏ ਖਰਚ ਕੀਤੇ ਹਨ।

ਕਿਹੜਾ ਖਿਡਾਰੀ ਸਭ ਤੋਂ ਛੋਟੀ ਉਮਰ ਦਾ

ਸੂਰਿਆਵੰਸ਼ੀ

ਜਪਾਨ ਵਿੱਚ ਖੇਡੀਆਂ ਜਾਣ ਵਾਲੀਆਂ ਏਸ਼ੀਅਨ ਖੇਡਾਂ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਉਭਰਦੇ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਹੋਣਗੇ, ਜੋ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣਗੇ।

ਸੂਰਿਆਵੰਸ਼ੀ ਦਾ ਜਨਮ 27 ਮਾਰਚ 2011 ਨੂੰ ਹੋਇਆ ਸੀ। ਉਸ ਹਿਸਾਬ ਨਾਲ ਉਨ੍ਹਾਂ ਦੀ ਉਮਰ ਕਰੀਬ 15 ਸਾਲ ਹੈ।

ਜੇਕਰ ਸਭ ਤੋਂ ਵੱਡੀ ਉਮਰ ਦੇ ਐਥਲੀਟ ਦੀ ਗੱਲ ਕਰੀਏ ਤਾਂ ਉਹ ਸ਼ਰੂਤੀ ਵੋਰਾ ਹਨ। ਖੇਡ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਰੂਤੀ ਦਾ ਜਨਮ 16-01-1971 ਨੂੰ ਹੋਇਆ ਸੀ। ਸ਼ਰੂਤੀ ਘੁੜਸਵਾਰ ਹਨ।

ਆਖਰੀ ਏਸ਼ੀਅਨ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ

ਖਿਡਾਰੀ

ਆਖਰੀ ਏਸ਼ੀਅਨ ਖੇਡਾਂ ਚੀਨ ਦੇ ਹੋਂਗਜੋਊ ਵਿੱਚ 2023 ਵਿੱਚ ਹੋਈਆਂ ਸਨ। ਹਾਲਾਂਕਿ ਇਨ੍ਹਾਂ ਖੇਡਾਂ ਦਾ ਆਯੋਜਨ 2022 ਵਿੱਚ ਹੋਣਾ ਸੀ, ਪਰ ਕੋਵਿਡ ਕਾਰਨ ਇਹ ਖੇਡਾਂ 2023 ਵਿੱਚ ਕਰਵਾਈਆਂ ਗਈਆਂ।

ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ ਸੀ। ਭਾਰਤ ਨੇ ਕੁੱਲ 106 ਮੈਡਲ ਜਿੱਤ ਕੇ ਏਸ਼ੀਅਨ ਖੇਡਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਤਗਮੇ ਜਿੱਤੇ ਸਨ।

ਭਾਰਤ ਨੇ 28 ਗੋਲਡ, 38 ਚਾਂਦੀ ਅਤੇ 40 ਕਾਂਸੇ ਦੇ ਤਗਮੇ ਹਾਸਿਲ ਕੀਤੇ ਸਨ ਅਤੇ ਭਾਰਤ ਚੌਥੇ ਸਥਾਨ ‘ਤੇ ਰਿਹਾ ਸੀ। ਇਸ ਵਾਰ ਭਾਰਤੀ ਖਿਡਾਰੀਆਂ ਦੀ ਕੋਸ਼ਿਸ਼ ਇਸ ਪ੍ਰਦਰਸ਼ਨ ਨੂੰ ਹੋਰ ਸੁਧਾਰਨ ਦੀ ਰਹੇਗੀ।

ਪੰਜਾਬ ਦੇ ਕਿਹੜੇ-ਕਿਹੜੇ ਖਿਡਾਰੀ ਹਿੱਸਾ ਲੈ ਰਹੇ ਹਨ

ਭਾਰਤੀ ਹਾਕੀ ਟੀਮ

ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਦੀ ਸੂਚੀ

  • ਤੇਜਿੰਦਰਪਾਲ ਸਿੰਘ ਤੂਰ- ਸ਼ਾਟ ਪੁੱਟ
  • ਕਰਨਵੀਰ ਸਿੰਘ- ਸ਼ਾਟ ਪੁੱਟ
  • ਦਮਨੀਤ ਸਿੰਘ- ਹੈਮਰ ਥ੍ਰੋਅ
  • ਗੁਰਿੰਦਰਵੀਰ ਸਿੰਘ- 100 ਮੀਟਰ ਦੌੜ ਤੇ 4×100 ਮੀਟਰ ਰੀਲੇਅ
  • ਰਸ਼ਦੀਪ ਕੌਰ- 4×400 ਮੀਟਰ ਰੀਲੇਅ, ਮਿਕਸਡ 4×400 ਮੀਟਰ ਰੀਲੇਅ
  • ਮੰਜੂ ਰਾਣੀ- ਐਥਲੀਟ (ਰੇਸ ਵਾਕਰ)
  • ਨਿਹਾਰਿਕਾ ਵਸ਼ਿਸ਼ਟ- ਟ੍ਰਿਪਲ ਜੰਪ
  • ਸਤਨਾਮ ਸਿੰਘ ਘੁਰਦੇ – ਰੋਇੰਗ
  • ਜਸਵਿੰਦਰ ਸਿੰਘ- ਰੋਇੰਗ
  • ਕੁਲਵਿੰਦਰ ਸਿੰਘ- ਰੋਇੰਗ
  • ਜਰਮਨਪ੍ਰੀਤ ਸਿੰਘ- ਹਾਕੀ
  • ਹਰਮਨਪ੍ਰੀਤ ਸਿੰਘ – ਹਾਕੀ
  • ਜੁਗਰਾਜ ਸਿੰਘ- ਹਾਕੀ
  • ਹਾਰਦਿਕ ਸਿੰਘ- ਹਾਕੀ
  • ਮਨਪ੍ਰੀਤ ਸਿੰਘ- ਹਾਕੀ
  • ਸੁਖਜੀਤ ਸਿੰਘ- ਹਾਕੀ
  • ਮਨਦੀਪ ਸਿੰਘ- ਹਾਕੀ
  • ਦਿਲਪ੍ਰੀਤ ਸਿੰਘ – ਹਾਕੀ
  • ਬਲਜੀਤ ਕੌਰ- ਹਾਕੀ
  • ਹਰਜਿੰਦਰ ਕੌਰ – ਵੇਟਲਿਫਟਿੰਗ
  • ਅਰਸ਼ਦੀਪ ਸਿੰਘ- ਕ੍ਰਿਕਟ
  • ਅਭਿਸ਼ੇਕ ਸ਼ਰਮਾ- ਕ੍ਰਿਕਟ
  • ਹਰਮਨਪ੍ਰੀਤ ਕੌਰ- ਕ੍ਰਿਕਟ
  • ਤਨਵੀ ਸ਼ਰਮਾ- ਬੈਡਮਿੰਟਨ
  • ਪਰੀਨਾਜ਼ ਧਾਲੀਵਾਲ- ਸਕੀਟ ਸ਼ੂਟਿੰਗ
  • ਭਵਤੇਗ ਸਿੰਘ ਗਿੱਲ- ਸਕੀਟ ਸ਼ੂਟਿੰਗ-
  • ਹਰਸ਼ਵੀਰ ਸਿੰਘ ਸੇਖੋਂ- ਸਾਇਕਲਿੰਗ
  • ਵਿਸ਼ਵਜੀਤ ਸਿੰਘ – ਸਾਇਕਲਿੰਗ
  • ਅਮਨਦੀਪ ਕੌਰ- ਰਗਬੀ

ਏਸ਼ੀਅਨ ਖੇਡਾਂ ਦੀ ਸ਼ੁਰੂਆਤ ਕਦੋਂ ਹੋਈ

ਏਸ਼ੀਆਈ ਖੇਡਾਂ

ਏਸ਼ੀਅਨ ਖੇਡਾਂ ਤੋਂ ਭਾਵ ਏਸ਼ੀਆਈ ਮੁਲਕਾਂ ਦੇ ਆਪਸ ਵਿੱਚ ਮੁਕਾਬਲੇ ਹਨ। ਏਸ਼ੀਅਨ ਖੇਡਾਂ ਦੀ ਸ਼ੁਰੂਆਤ ਵੀ ਇਸੇ ਲਈ ਹੋਈ ਸੀ ਕਿ ਏਸ਼ੀਆ ਦੇ ਮੁਲਕ ਇਕੱਠੇ ਹੋ ਸਕਣ।

ਪਹਿਲੀ ਵਾਰ ਏਸ਼ੀਅਨ ਖੇਡਾਂ ਦਾ ਆਗਾਜ਼ 1951 ਵਿੱਚ ਭਾਰਤ ਵਿਖੇ ਹੋਇਆ ਸੀ। ਇਹ ਖੇਡਾਂ ਹਰ ਚਾਰ ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਹਨ। 1982 ਵਿੱਚ ਭਾਰਤ ਨੂੰ ਦੂਜੀ ਵਾਰ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਸੀ।

ਭਾਰਤ ਦੇ ਕੁੱਲ ਤਗਮੇ

ਭਾਰਤ ਨੇ ਹੁਣ ਤੱਕ ਏਸ਼ੀਅਨ ਖੇਡਾਂ ਵਿੱਚੋਂ ਕੁੱਲ 778 ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚੋਂ 183 ਗੋਲਡ, 238 ਚਾਂਦੀ ਅਤੇ 357 ਕਾਂਸੇ ਦੇ ਤਗਮੇ ਸ਼ਾਮਿਲ ਹਨ। ਭਾਰਤ ਨੇ ਸਭ ਤੋਂ ਵੱਧ ਮੈਡਲ ਐਥਲੈਟਿਕਸ ਵਿੱਚੋਂ ਜਿੱਤੇ ਹਨ, ਜਿਨ੍ਹਾਂ ਦੀ ਗਿਣਤੀ 85 ਸੋਨੇ ਦੇ ਤਗਮਿਆਂ ਸਮੇਤ 283 ਹੈ।

ਦੂਜੇ ਨੰਬਰ ‘ਤੇ ਸ਼ੂਟਿੰਗ ਹੈ, ਜਿਸ ਵਿੱਚੋਂ ਕੁੱਲ 80 ਤਗਮੇ ਹਾਸਿਲ ਕੀਤੇ। ਤੀਜੇ ਨੰਬਰ ‘ਤੇ ਰੈਸਲਿੰਗ ਹੈ, ਜਿਸ ਵਿੱਚੋਂ 65 ਤਗਮੇ ਭਾਰਤ ਨੇ ਝੋਲੀ ਪਾਏ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI