Home rss national punjabi2ਰਾਸ਼ਟਰੀ ਖ਼ਬਰਾਂ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਜ਼ਮਾਨਤ ਮਿਲਣ ਮਗਰੋਂ ਹੋਏ ਰਿਹਾਅ

ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਜ਼ਮਾਨਤ ਮਿਲਣ ਮਗਰੋਂ ਹੋਏ ਰਿਹਾਅ

4
0

Source :- BBC PUNJABI

ਜੱਗੀ ਜੌਹਲ

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 6 ਮਿੰਟ

ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ ਹਨ।

ਉਨ੍ਹਾਂ ਨੂੰ ਦਿੱਲੀ ਹਾਈ ਕੋਰਟ ਨੇ ਕਤਲ ਅਤੇ ਯੂਏਪੀਏ ਦੇ ਸੱਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਸੀ। ਸਕੌਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ 2017 ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਉਹ ਭਾਰਤੀ ਜੇਲ੍ਹ ਵਿੱਚ ਬੰਦ ਸਨ।

ਅਦਾਲਤੀ ਦਸਤਾਵੇਜ਼ ਮੁਤਾਬਕ ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਸੀ ਅਤੇ ਕਈ ਹੋਰ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੱਗੀ ਜੌਹਲ ਦੀ ਜ਼ਮਾਨਤ ਦੇ ਆਦੇਸ਼ ਦਿੱਤੇ ਗਏ ਸਨ।

ਹਾਲਾਂਕਿ ਇਹ ਜ਼ਮਾਨਤ ਉਨ੍ਹਾਂ ਨੂੰ ਕਈ ਸਖ਼ਤ ਸ਼ਰਤਾਂ ਦੇ ਆਧਾਰ ‘ਤੇ ਦਿੱਤੀ ਗਈ ਸੀ।

ਜ਼ਮਾਨਤ ਦੇ ਫੈਸਲੇ ਬਾਰੇ ਜੱਗੀ ਜੌਹਲ ਦੇ ਸਹੁਰਾ ਬਲਵਿੰਦਰ ਸਿੰਘ ਢਿੰਡਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬਹੁਤ ਲੰਮੇ ਸਮੇਂ ਬਾਅਦ ਇਹ ਖੁਸ਼ੀ ਮਿਲੀ ਸੀ। ਉਨ੍ਹਾਂ ਕਿਹਾ ਸੀ ਕਿ ਇਹ ਅੱਠ-ਨੌਂ ਸਾਲ ਉਨ੍ਹਾਂ ਦੇ ਪਰਿਵਾਰ ਅਤੇ ਧੀ ਲਈ ਬਹੁਤ ਔਖੇ ਗੁਜ਼ਰੇ ਸਨ।

ਬਚਾਅ ਪੱਖ ਅਤੇ ਅਦਾਲਤ ਨੇ ਆਪਣੇ ਆਦੇਸ਼ ਵਿੱਚ ਕੀ ਕਿਹਾ ਸੀ

ਜਗਤਾਰ ਜੌਹਲ ਵੀਰਵਾਰ ਨੂੰ ਜੇਲ੍ਹ ਤੋਂ ਬਾਹਰ ਆਉਣ ਵੇਲੇ

ਦਰਅਸਲ ਜਗਤਾਰ ਸਿੰਘ ਜੌਹਲ ਨੂੰ 2017 ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਫੜਿਆ ਗਿਆ ਸੀ। ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਨ੍ਹਾਂ ‘ਤੇ ਕੁੱਲ 11 ਮਾਮਲੇ ਚੱਲ ਰਹੇ ਸਨ। ਇਨ੍ਹਾਂ ਵਿੱਚੋਂ ਤਿੰਨ ਮਾਮਲਿਆਂ ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ। ਬਾਕੀ ਅੱਠ ਮਾਮਲੇ ਐੱਨਆਈਏ ਨਾਲ ਜੁੜੇ ਹੋਏ ਸਨ।

ਜੌਹਲ ਉੱਤੇ ਸਾਲ 2016-2017 ਵਿੱਚ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਹੋਈਆਂ ਟਾਰਗੇਟ ਕਿਲਿੰਗ ਦੇ ਕੁਝ ਮਾਮਲਿਆਂ ਵਿੱਚ ਇਲਜ਼ਾਮ ਲਾਏ ਗਏ ਸਨ, ਹਾਲਾਂਕਿ ਜੌਹਲ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਜਾਂਦਾ ਰਿਹਾ ਹੈ।

ਉਨ੍ਹਾਂ ਨੇ ਜਾਂਚ ਦੌਰਾਨ ਤਸ਼ੱਦਦ ਦੇ ਵੀ ਇਲਜ਼ਾਮ ਲਾਏ ਸਨ। ਹਾਲਾਂਕਿ ਉਧਰ ਭਾਰਤੀ ਅਧਿਕਾਰੀਆਂ ਨੇ ਇਲਜ਼ਾਮਾਂ ਨੂੰ ਨਕਾਰਿਆ ਸੀ ਅਤੇ ਕਿਹਾ ਗਿਆ ਸੀ ਕਿ ਮਾਮਲੇ ਵਿੱਚ ਪੂਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ।

ਜੱਗੀ ਜੌਹਲ ਦੇ ਸੱਸ ਅਮਨਦੀਪ ਕੌਰ

ਅਦਾਲਤੀ ਦਸਤਾਵੇਜ਼ ਮੁਤਾਬਕ, ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਜਗਤਾਰ ਸਿੰਘ 8 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਸਨ ਅਤੇ ਮੁਕੱਦਮੇ ਦੀ ਸੁਣਵਾਈ ਅਜੇ ਕਾਫ਼ੀ ਲੰਮੀ ਚੱਲਣੀ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਗਵਾਹਾਂ ਦੀ ਗਵਾਹੀ ਅਜੇ ਬਾਕੀ ਸੀ।

ਅਦਾਲਤੀ ਦਸਤਾਵੇਜ਼ ਮੁਤਾਬਕ, ਮੁਕੱਦਮੇ ਦੀ ਸੁਣਵਾਈ ਜਲਦੀ ਪੂਰੀ ਹੋਣ ਦੀ ਸੰਭਾਵਨਾ ਨਹੀਂ ਹੈ।

ਬਚਾਅ ਪੱਖ ਨੇ ਦੱਸਿਆ ਸੀ ਕਿ 4 ਮਾਰਚ 2025 ਨੂੰ ਮੋਗਾ ਦੀ ਅਦਾਲਤ ਨੇ ਇੱਕ ਹੋਰ ਮਾਮਲੇ ਵਿੱਚ ਜਗਤਾਰ ਸਿੰਘ ਜੌਹਲ ਨੂੰ ਸਾਰੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀ।

ਜੱਗੀ ਜੌਹਲ ਕੇਸ

ਅਦਾਲਤ ਵਿੱਚ ਦਲੀਲ ਦਿੱਤੀ ਗਈ ਸੀ ਕਿ ਜਗਤਾਰ ਸਿੰਘ ਵਿਦੇਸ਼ੀ ਨਾਗਰਿਕ ਸਨ ਅਤੇ ਉਨ੍ਹਾਂ ਦੇ ਦੇਸ਼ ਤੋਂ ਬਾਹਰ ਚਲੇ ਜਾਣ ਦਾ ਖ਼ਤਰਾ ਹੋ ਸਕਦਾ ਸੀ। ਜਿਸ ਬਾਰੇ ਹਾਈ ਕੋਰਟ ਨੇ ਕਿਹਾ ਸੀ ਕਿ ਸਿਰਫ਼ ਵਿਦੇਸ਼ੀ ਨਾਗਰਿਕ ਹੋਣ ਦੇ ਆਧਾਰ ‘ਤੇ ਉਨ੍ਹਾਂ ਦੀ ਆਜ਼ਾਦੀ ਨਹੀਂ ਰੋਕੀ ਜਾ ਸਕਦੀ।

ਇਸ ਦੀ ਬਜਾਏ ਜ਼ਮਾਨਤ ਦੀਆਂ ਅਜਿਹੀਆਂ ਸ਼ਰਤਾਂ ਲਗਾਈਆਂ ਜਾਣਗੀਆਂ, ਜਿਨ੍ਹਾਂ ਨਾਲ ਉਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ ਦੇ ਖ਼ਤਰੇ ਨੂੰ ਕੰਟਰੋਲ ਕੀਤਾ ਜਾ ਸਕੇ।

ਇਨ੍ਹਾਂ ਸਾਰੇ ਪਹਿਲੂਆਂ ਨੂੰ ਦੇਖਦੇ ਹੋਏ ਦਿੱਲੀ ਹਾਈ ਕੋਰਟ ਨੇ ਟ੍ਰਾਇਲ ਕੋਰਟ ਦੇ ਪੁਰਾਣੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਜਗਤਾਰ ਸਿੰਘ ਜੌਹਲ ਨੂੰ ਜ਼ਮਾਨਤ ਦਿੱਤੀ ਸੀ।

ਅਦਾਲਤੀ ਦਸਤਾਵੇਜ਼ ਮੁਤਾਬਕ, ਜ਼ਮਾਨਤ ਲਈ ਜੱਗੀ ਜੌਹਲ ਨੂੰ ਸਖ਼ਤ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ, ਕਿਹਾ ਗਿਆ ਕਿ ਟ੍ਰਾਇਲ ਕੋਰਟ ਦੀ ਤਸੱਲੀ ਵਾਸਤੇ ਉਨ੍ਹਾਂ ਨੂੰ ਪਰਸਨਲ ਬਾਂਡ ਭਰਨਾ ਹੈ।

ਜੇ ਉਨ੍ਹਾਂ ਕੋਲ ਪਾਸਪੋਰਟ ਹੈ ਤਾਂ ਉਹ ਟ੍ਰਾਇਲ ਕੋਰਟ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ ਹਰ ਦੋ ਹਫ਼ਤਿਆਂ ਵਿੱਚ ਇੱਕ ਵਾਰ (ਜਾਂ ਤੈਅ ਸਮੇਂ ਮੁਤਾਬਕ) ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ। ਇਸ ਤਰ੍ਹਾਂ ਕੁਝ ਹੋਰ ਸ਼ਰਤਾਂ ਵੀ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਹੋਵੇਗੀ।

ਜੇ ਜ਼ਮਾਨਤ ਦੀ ਕੋਈ ਸ਼ਰਤ ਤੋੜੀ ਜਾਂਦੀ ਹੈ, ਤਾਂ ਇਸਤਗਾਸਾ ਪੱਖ ਸਬੰਧਤ ਅਦਾਲਤ ਵਿੱਚ ਜਾ ਕੇ ਜ਼ਮਾਨਤ ਰੱਦ ਕਰਨ ਦੀ ਮੰਗ ਕਰ ਸਕਦਾ ਹੈ।

‘ਨਾ ਧੀ ਦੇ ਕੋਈ ਚਾਅ ਪੂਰੇ ਹੋਏ, ਨਾ ਜੱਗੀ ਦੇ’

ਜੱਗੀ ਜੌਹਲ ਦੇ ਸਹੁਰਾ ਬਲਵਿੰਦਰ ਸਿੰਘ ਢਿੰਡਾ

ਜ਼ਮਾਨਤ ਮਿਲਣ ਮਗਰੋਂ ਜੱਗੀ ਜੌਹਲ ਦੇ ਸਹੁਰਾ ਬਲਵਿੰਦਰ ਸਿੰਘ ਢਿੰਡਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬਹੁਤ ਲੰਮੇ ਸਮੇਂ ਬਾਅਦ ਇਹ ਖੁਸ਼ੀ ਮਿਲੀ ਹੈ।

ਉਨ੍ਹਾਂ ਕਿਹਾ, ”ਬਹੁਤ ਮੁਸ਼ਕਿਲ ਸਮਾਂ ਰਿਹਾ ਹੈ। ਭਾਵੇਂ ਸਾਡੀ ਕੁੜੀ ਇੰਗਲੈਂਡ ਬੈਠੀ ਹੈ ਪਰ ਪਤੀ ਤੋਂ ਬਿਨਾਂ ਅੱਠ-ਨੌਂ ਸਾਲ ਕੱਟਣੇ, ਕੁੜੀ ਦਾ ਸਿਦਕ ਹੈ। ਉਸਦੇ ਵਿਆਹ ਨੂੰ 15 ਕੁ ਦਿਨ ਹੀ ਹੋਏ ਸੀ, ਜਦੋਂ ਗ੍ਰਿਫ਼ਤਾਰ ਕਰ ਲਿਆ ਗਿਆ।”

ਆਪਣੀ ਧੀ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਸਨ, ”ਵਿਆਹ ਨੂੰ 15 ਦਿਨ ਹੋਏ ਸੀ ਤੇ ਉਹਨੂੰ ਚੁੱਕ ਲਿਆ। ਫਿਰ ਅਦਾਲਤ ‘ਚ ਮੁਲਾਕਾਤ ਹੋਈ। ਜਦੋਂ ਦਾ ਦਿੱਲੀ ਗਿਆ ਹੈ, ਦਿੱਲੀ ਵਾਲਿਆਂ ਨੇ ਤਾਂ ਸਾਡੀ ਮੁਲਾਕਾਤ ਹੋਣ ਹੀ ਨਹੀਂ ਦਿੱਤੀ। ਜਦੋਂ ਕਦੇ ਉਸਨੂੰ ਪੇਸ਼ੀ ‘ਤੇ ਲੈਕੇ ਆਉਂਦੇ ਸੀ, ਉਦੋਂ ਅਸੀਂ ਜੱਜ ਤੋਂ ਇਜਾਜ਼ਤ ਲੈਕੇ ਉਸਨੂੰ ਮਿਲਦੇ ਹੁੰਦੇ ਸੀ।”

ਜ਼ਮਾਨਤ ਮਿਲਣ ਮਗਰੋਂ ਜੌਹਲ ਦੇ ਪਰਿਵਾਰ ਅਤੇ ਯੂਕੇ ਸਰਕਾਰ ਨੇ ਕੀ ਕਿਹਾ ਸੀ

ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ

ਜ਼ਮਾਨਤ ਮਿਲਣ ਮਗਰੋਂ ਬੀਬੀਸੀ ਪੱਤਰਕਾਰ ਕੇਟੀ ਹੰਟਰ ਦੀ ਰਿਪੋਰਟ ਮੁਤਾਬਕ, ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਵੱਲੋਂ ਉਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲਗਾਤਾਰ ਸਰਕਾਰਾਂ ਕੋਲ ਆਵਾਜ਼ ਚੁੱਕੀ ਜਾਂਦੀ ਰਹੀ ਹੈ।

ਗੁਰਪ੍ਰੀਤ ਸਿੰਘ ਜੌਹਲ ਨੇ ਬੀਬੀਸੀ ਦੇ ‘ਰੇਡੀਓ ਸਕੌਟਲੈਂਡ ਬ੍ਰੇਕਫਾਸਟ’ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਦੱਸਿਆ, “ਜਗਤਾਰ ਦੀ ਰਿਹਾਈ ਲਈ ਚੱਲ ਰਹੀ ਮੁਹਿੰਮ ਲਈ ਇਹ ਇੱਕ ਬਹੁਤ ਮਹੱਤਵਪੂਰਨ ਪੜਾਅ ਹੈ।”

ਇਸ ਘਟਨਾਕ੍ਰਮ ਉੱਤੇ ਯੂਕੇ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ, “ਤਾਜ਼ਾ ਘਟਨਾਵਾਂ ਤੋਂ ਬਾਅਦ ਅਸੀਂ ਜੌਹਲ ਦੇ ਪਰਿਵਾਰ ਦੇ ਸੰਪਰਕ ਵਿੱਚ ਹਾਂ।”

“ਯੂਕੇ ਸਰਕਾਰ, ਭਾਰਤ ਸਰਕਾਰ ਨਾਲ ਹਰ ਢੁੱਕਵੇਂ ਮੌਕੇ ‘ਤੇ ਜੌਹਲ ਦੀ ਲੰਬੀ ਹਿਰਾਸਤ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਜ਼ਾਹਰ ਕਰਦੀ ਰਹੀ ਹੈ।”

“ਅਸੀਂ ਇਹ ਸਪੱਸ਼ਟ ਕੀਤਾ ਹੈ ਕਿ ਮਾਮਲੇ ਦਾ ਹੱਲ ਕੱਢਣ ਲਈ ਤੇਜ਼ ਪ੍ਰਕਿਰਿਆ ਦੀ ਲੋੜ ਹੈ। ਇਸ ਵਿੱਚ ਜੌਹਲ ਵੱਲੋਂ ਲਾਏ ਗਏ ਤਸ਼ੱਦਦ ਦੇ ਇਲਜ਼ਾਮਾਂ ਦੀ ਪੂਰੀ ਜਾਂਚ ਵੀ ਸ਼ਾਮਲ ਹੈ।”

ਜੱਗੀ ਜੌਹਲ

ਜੌਹਲ ਨੂੰ ਇਸ ਤੋਂ ਪਹਿਲਾਂ 2024 ਵਿੱਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਜੌਹਲ ਦੇ ਪਰਿਵਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਖ਼ਿਲਾਫ਼ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਗੈਰ ਭਰੋਸੇਯੋਗ ਗਵਾਹਾਂ ਦੀ ਗਵਾਹੀ ਦੇ ਆਧਾਰ ‘ਤੇ ਬਣਾਇਆ ਗਿਆ ਸੀ। ਇਨ੍ਹਾਂ ਵਿੱਚੋਂ ਕੁਝ ਗਵਾਹਾਂ ਨੇ ਉਸ ਖ਼ਿਲਾਫ਼ ਬਿਆਨ ਦਿੱਤੇ ਸਨ, ਪਰ ਬਾਅਦ ਵਿੱਚ ਅਦਾਲਤ ਵਿੱਚ ਉਨ੍ਹਾਂ ਬਿਆਨਾਂ ਤੋਂ ਮੁੱਕਰ ਗਏ।

ਭਾਰਤ ਵਿੱਚ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ 39 ਸਾਲਾ ਜੌਹਲ ਨੂੰ ਆਉਣ ਵਾਲੇ ਦਿਨਾਂ ਵਿੱਚ, ਸੰਭਾਵੀ ਤੌਰ ‘ਤੇ ਅਗਲੇ ਹਫ਼ਤੇ ਰਿਹਾਅ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ, “ਮੈਂ ਬਹੁਤ ਖੁਸ਼ ਹਾਂ। ਇਹ ਬਹੁਤ ਲੰਬਾ ਸਮਾਂ ਰਿਹਾ ਹੈ, ਬਹੁਤ ਦਰਦਨਾਕ ਸਮਾਂ ਰਿਹਾ ਹੈ।”

source : BBC PUNJABI