Home rss national punjabi2ਰਾਸ਼ਟਰੀ ਖ਼ਬਰਾਂ ਕੌਣ ਹੈ ਅਮਰੀਕਾ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੀ ਕੈਦੀ, ਜੋ ਦੋ...

ਕੌਣ ਹੈ ਅਮਰੀਕਾ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੀ ਕੈਦੀ, ਜੋ ਦੋ ਜ਼ਹਿਰੀਲੇ ਟੀਕਿਆਂ ਤੋਂ ਬਾਅਦ ਵੀ ਜ਼ਿੰਦਾ ਰਹੀ, ਪੂਰਾ ਮਾਮਲਾ ਜਾਣੋ

4
0

Source :- BBC PUNJABI

ਕ੍ਰਿਸਟਾ ਪਾਈਕ

ਅਮਰੀਕਾ ਦੇ ਟੇਨੇਸੀ ਸੂਬੇ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਕੈਦੀ ਕ੍ਰਿਸਟਾ ਪਾਈਕ ਨੂੰ ਦੋ ਘਾਤਕ ਟੀਕੇ ਦਿੱਤੇ ਗਏ, ਪਰ ਉਹ ਅਜੇ ਵੀ ਜ਼ਿੰਦਾ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ ਹੈ।

ਪਾਈਕ ਦੀ ਸਜ਼ਾ ਰੋਕਣ ਲਈ ਉਨ੍ਹਾਂ ਦੀ ਕਾਨੂੰਨੀ ਟੀਮ ਨੇ ਆਖ਼ਰੀ ਸਮੇਂ ਵਿੱਚ ਇੱਕ ਐਮਰਜੈਂਸੀ ਪਟੀਸ਼ਨ ਦਾਇਰ ਕੀਤੀ। ਇਸ ਵਿੱਚ ਕਿਹਾ ਗਿਆ, “ਪਾਈਕ ਬੇਹੋਸ਼ ਹੋ ਗਈ ਹਨ, ਪਰ ਉਨ੍ਹਾਂ ਦੇ ਦਿਲ ਦੀ ਧੜਕਨ ਅਜੇ ਵੀ ਚੱਲ ਰਹੀ ਹੈ ਅਤੇ ਉਨ੍ਹਾਂ ਦੇ ਘੁਰਾੜੇ ਸੁਣਾਈ ਦੇ ਰਹੇ ਹਨ।”

ਪਾਈਕ ਦੇ ਇੱਕ ਵਕੀਲ ਨੇ ਬੀਬੀਸੀ ਨੂੰ ਦੱਸਿਆ ਕਿ 50 ਸਾਲਾ ਪਾਈਕ ਨੂੰ ਪੈਂਟੋਬਾਰਬਿਟਲ ਦੀਆਂ ਦੋ ਸਿਰਿੰਜਾਂ ਦੇਣ ਤੋਂ ਬਾਅਦ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਪਾਈਕ ਨੂੰ 1996 ਵਿੱਚ 19 ਸਾਲਾ ਕੋਲੀਨ ਸਲੇਮਰ ਦੇ ਕਤਲ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਦੀ ਸਜ਼ਾ ਰੋਕਣ ਲਈ ਆਖ਼ਰੀ ਸਮੇਂ ਤੱਕ ਕਾਨੂੰਨੀ ਲੜਾਈ ਚੱਲੀ।

ਇਸ ਦਾ ਨਤੀਜਾ ਇਹ ਹੋਇਆ ਕਿ ਅਮਰੀਕੀ ਸੁਪਰੀਮ ਕੋਰਟ ਨੇ ਘਾਤਕ ਟੀਕਾ ਦੇਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦੇ ਦਿੱਤੀ।

ਪਾਈਕ 18 ਸਾਲ ਦੀ ਸੀ, ਜਦੋਂ ਉਸ ਨੇ ਆਪਣੇ ਉਸ ਸਮੇਂ ਦੇ ਪ੍ਰੇਮੀ ਟੈਡਾਰਿਲ ਸ਼ਿਪ ਨਾਲ ਮਿਲ ਕੇ 19 ਸਾਲਾ ਸਲੇਮਰ ਦਾ ਕਤਲ ਕੀਤਾ ਸੀ। ਦੋਵਾਂ ਦੀ ਮੁਲਾਕਾਤ ਪਰੇਸ਼ਾਨ ਕਿਸ਼ੋਰਾਂ ਲਈ ਚਲਾਏ ਜਾ ਰਹੇ ਇੱਕ ਜੌਬ ਟ੍ਰੇਨਿੰਗ ਕੈਂਪ ਵਿੱਚ ਹੋਈ ਸੀ। ਉਨ੍ਹਾਂ ਨੇ ਸਲੇਮਰ ਨੂੰ ਕੁੱਟਿਆ, ਤਸੀਹੇ ਦਿੱਤੇ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ।

ਸਲੇਮਰ ਦੀ ਮਾਂ ਮੇ ਮਾਰਟਿਨੇਜ਼ ਵੀ ਪਾਈਕ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਪੱਖ ਵਿੱਚ ਸਨ।

ਹਾਲੀਆ ਘਟਨਾਕ੍ਰਮ ਬਾਰੇ ਐੱਨਬੀਸੀ ਨਿਊਜ਼ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਇਹ ਇੱਕ ਅਜੀਬ ਜਿਹੀ ਗੜਬੜ ਸੀ।”

ਮੌਤ ਦੀ ਸਜ਼ਾ ਦੇਣ ਦੀ ਇਹ ਕੋਸ਼ਿਸ਼ ਨੈਸ਼ਵਿਲ ਦੇ ਰਿਵਰਬੈਂਡ ਮੈਕਸਿਮਮ ਸਕਿਊਰਿਟੀ ਇੰਸਟੀਚਿਊਸ਼ਨ ਵਿੱਚ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਰਾਤ ਕਰੀਬ 8 ਵਜੇ (ਭਾਰਤੀ ਸਮੇਂ ਮੁਤਾਬਕ ਵੀਰਵਾਰ ਸਵੇਰੇ 6.30 ਵਜੇ) ਹੋਈ।

ਏਪੀ ਨਿਊਜ਼ ਏਜੰਸੀ ਮੁਤਾਬਕ, ਪਾਈਕ ਨੂੰ ਮਾਰਨ ਲਈ ਪੈਂਟੋਬਾਰਬਿਟਲ ਨਾਮ ਦੀ ਦਵਾਈ ਦੀਆਂ ਦੋ ਖੁਰਾਕਾਂ ਦਿੱਤੀਆਂ ਗਈਆਂ। ਇਸ ਦੌਰਾਨ ਗਵਾਹ ਕਮਰੇ ਦਾ ਪਰਦਾ ਦੋ ਵਾਰ ਬੰਦ ਕੀਤਾ ਗਿਆ।

ਏਪੀ ਨੇ ਦੱਸਿਆ ਕਿ ਕੁਝ ਦੇਰ ਬਾਅਦ ਉੱਥੇ ਮੌਜੂਦ ਮੀਡੀਆਕਰਮੀਆਂ ਨੂੰ ਜਾਣ ਲਈ ਕਿਹਾ ਗਿਆ।

ਟੇਨੇਸੀ ਦੀ ਸਜ਼ਾ ਦੇ ਪ੍ਰੋਟੋਕੋਲ ਵਿੱਚ ਦਵਾਈਆਂ ਵਾਲੀਆਂ ਸਿਰਿੰਜਾਂ ਦਾ ਦੂਜਾ ਸੈੱਟ ਰੱਖਣ ਦਾ ਪ੍ਰਬੰਧ ਹੈ। ਜੇ ਪਹਿਲਾ ਸੈੱਟ ਵਰਤਣ ਤੋਂ ਬਾਅਦ ਵਿਅਕਤੀ ਦੀ ਮੌਤ ਨਹੀਂ ਹੁੰਦੀ, ਤਾਂ ਦੂਜੇ ਸੈੱਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਹਾਲਾਂਕਿ, ਪ੍ਰੋਟੋਕੋਲ ਵਿੱਚ ਇਹ ਸਪੱਸ਼ਟ ਤੌਰ ‘ਤੇ ਨਹੀਂ ਦੱਸਿਆ ਗਿਆ ਹੈ ਕਿ ਜੇ ਦੂਜੇ ਸੈੱਟ ਦੀ ਸਿਰਿੰਜ ਦੇਣ ਤੋਂ ਬਾਅਦ ਵੀ ਵਿਅਕਤੀ ਜ਼ਿੰਦਾ ਰਹਿੰਦਾ ਹੈ ਤਾਂ ਕੀ ਕੀਤਾ ਜਾਵੇਗਾ। ਜਿਵੇਂ ਕਿ ਪਾਈਕ ਦੇ ਮਾਮਲੇ ਵਿੱਚ ਹੋਇਆ।

ਕੋਲੀਨ ਸਲੇਮਰ

ਅਮਰੀਕੀ ਮੀਡੀਆ ਨੂੰ ਦਿੱਤੇ ਇੱਕ ਬਿਆਨ ਵਿੱਚ ਟੇਨੇਸੀ ਦੇ ਗਵਰਨਰ ਬਿਲ ਲੀ ਨੇ ਕਿਹਾ ਕਿ ਉਨ੍ਹਾਂ ਨੇ “ਅਸਲ ਵਿੱਚ ਕੀ ਹੋਇਆ, ਇਹ ਪਤਾ ਲਗਾਉਣ ਲਈ ਇੱਕ ਸੁਤੰਤਰ ਅਤੇ ਵਿਆਪਕ ਸਮੀਖਿਆ” ਦੇ ਹੁਕਮ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਇਸ ਸਾਲ ਸੂਬੇ ਵਿੱਚ ਹੋਣ ਵਾਲੀ ਆਖ਼ਰੀ ਮੌਤ ਦੀ ਸਜ਼ਾ ਹੁਣ ਤੈਅ ਯੋਜਨਾ ਮੁਤਾਬਕ ਨਹੀਂ ਦਿੱਤੀ ਜਾਵੇਗੀ।

ਪਾਈਕ ਨੂੰ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਦਾ ਨਾਕਾਮ ਹੋਣਾ ਇਸ ਸਾਲ ਟੇਨੇਸੀ ਵਿੱਚ ਅਜਿਹੀ ਪਹਿਲੀ ਘਟਨਾ ਨਹੀਂ ਹੈ।

ਮਈ ਵਿੱਚ 1994 ਵਿੱਚ ਤਿੰਨ ਲੋਕਾਂ ਦੇ ਅਗਵਾ ਅਤੇ ਕਤਲ ਦੇ ਦੋਸ਼ੀ ਟੋਨੀ ਕੈਰੁਥਰਜ਼ ਦੀ ਮੌਤ ਦੀ ਸਜ਼ਾ ਰੋਕ ਦਿੱਤੀ ਗਈ ਸੀ। ਉਸ ਸਮੇਂ ਕਰਮਚਾਰੀ ਉਸ ਨੂੰ ਘਾਤਕ ਦਵਾਈ ਦੇਣ ਲਈ ਨਾੜ ਨਹੀਂ ਲੱਭ ਸਕੇ ਸਨ।

ਟੇਨੇਸੀ ਸੁਧਾਰ ਵਿਭਾਗ ਨੇ ਕਿਹਾ ਹੈ ਕਿ ਪਾਈਕ ਨੂੰ ਘਾਤਕ ਟੀਕਾ ਦੇਣ ਦੌਰਾਨ ਸਾਰੀਆਂ ਪ੍ਰਕਿਰਿਆਵਾਂ ਠੀਕ ਤਰੀਕੇ ਨਾਲ ਕੀਤੀਆਂ ਗਈਆਂ ਸਨ।

ਟੇਨੇਸੀ ਸੁਧਾਰ ਵਿਭਾਗ ਦੀ ਬੁਲਾਰਨ ਡੋਰਿੰਡਾ ਕਾਰਟਰ ਨੇ ਟੇਨੇਸੀਅਨ ਅਖ਼ਬਾਰ ਨੂੰ ਕਿਹਾ, “ਵਿਭਾਗ ਨੇ ਅਟਾਰਨੀ ਜਨਰਲ ਦੇ ਦਫ਼ਤਰ ਤੋਂ ਮੌਤ ਦੀ ਸਜ਼ਾ ਲਈ ਮਨਜ਼ੂਰ ਸੂਬੇ ਦੇ ਤੈਅ ਅਤੇ ਕਾਨੂੰਨੀ ਪ੍ਰੋਟੋਕੋਲ ਦੇ ਹਰ ਪੜਾਅ ਦੀ ਪਾਲਣਾ ਕੀਤੀ।”

ਉਨ੍ਹਾਂ ਕਿਹਾ, “ਪ੍ਰਕਿਰਿਆ ਵਿੱਚ ਵਰਤੇ ਗਏ ਘਾਤਕ ਟੀਕੇ ਦੇ ਰਸਾਇਣ ਲਗਾਤਾਰ ਪ੍ਰਭਾਵੀ ਰਹੇ ਹਨ ਅਤੇ ਇਸ ਪ੍ਰਕਿਰਿਆ ਵਿੱਚ ਅੱਜ ਸ਼ਾਮ ਜੋ ਕੀਤਾ ਗਿਆ, ਉਸ ਤੋਂ ਇਲਾਵਾ ਕਿਸੇ ਹੋਰ ਪ੍ਰਕਿਰਿਆ ਦੀ ਇਜਾਜ਼ਤ ਨਹੀਂ ਹੈ। ਕ੍ਰਿਸਟਾ ਪਾਈਕ ਨੂੰ ਇੱਕ ਬਾਹਰੀ ਮੈਡੀਕਲ ਕੇਂਦਰ ਲਿਆਂਦਾ ਗਿਆ ਹੈ।”

ਪਾਈਕ ਦੇ ਵਕੀਲਾਂ ਨੇ ਕੀ ਕਿਹਾ?

ਪਾਈਕ ਦੀ ਕਾਨੂੰਨੀ ਟੀਮ ਨੇ ਟੇਨੇਸੀਅਨ ਅਖ਼ਬਾਰ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ, “ਅੱਜ ਰਾਤ ਟੇਨੇਸੀ ਸੂਬਾ ਇੱਕ ਵਾਰ ਫਿਰ ਕਾਨੂੰਨੀ ਤੌਰ ‘ਤੇ ਮੌਤ ਦੀ ਸਜ਼ਾ ਦੇਣ ਵਿੱਚ ਨਾਕਾਮ ਰਿਹਾ।”

ਉਨ੍ਹਾਂ ਕਿਹਾ, “ਸਾਨੂੰ ਸਹੀ ਸਾਬਤ ਹੋਣ ਵਿੱਚ ਕੋਈ ਖੁਸ਼ੀ ਨਹੀਂ ਹੈ। ਪਰ ਪਾਈਕ ਨੇ ਜਿਨ੍ਹਾਂ ਮੁੱਦਿਆਂ ਨੂੰ ਉਠਾਇਆ ਸੀ, ਉਹ ਸੱਚ ਸਾਬਤ ਹੋਏ। ਇਨ੍ਹਾਂ ਵਿੱਚ ਨਾੜਾਂ ਤੱਕ ਪਹੁੰਚਣ ਵਿੱਚ ਦਿੱਕਤ, ਨਾੜਾਂ ਦਾ ਫਟ ਜਾਣਾ, ਪੈਂਟੋਬਾਰਬਿਟਲ ਦੀ ਖ਼ਰਾਬ ਗੁਣਵੱਤਾ ਅਤੇ ਹਾਲਾਤ ਵਿਗੜਨ ‘ਤੇ ਤੁਰੰਤ ਮੈਡੀਕਲ ਮਦਦ ਦਾ ਉਪਲਬਧ ਨਾ ਹੋਣਾ ਸ਼ਾਮਲ ਹੈ।”

“ਇਹ ਸਭ ਅਜਿਹੇ ਪ੍ਰੋਟੋਕੋਲ ਤਹਿਤ ਹੋਇਆ, ਜਿਸ ਬਾਰੇ ਬਹੁਤ ਘੱਟ ਜਾਣਕਾਰੀ ਜਨਤਕ ਕੀਤੀ ਜਾਂਦੀ ਹੈ।”

ਪਾਈਕ ਦੇ ਵਕੀਲਾਂ ਨੇ ਉਸ ਦੀ ਫਾਂਸੀ ਰੋਕਣ ਅਤੇ ਘਾਤਕ ਟੀਕਾ ਦੇਣ ਵਿੱਚ ਹੋਈ ਕਥਿਤ ਗੜਬੜ ਤੋਂ ਬਾਅਦ ਉਸ ਨੂੰ ਮੈਡੀਕਲ ਮਦਦ ਦੇਣ ਲਈ ਇੱਕ ਐਮਰਜੈਂਸੀ ਪਟੀਸ਼ਨ ਦਾਇਰ ਕੀਤੀ।

ਜ਼ਿਲ੍ਹਾ ਜੱਜ ਕਲਿਫਟਨ ਐੱਲ. ਕੌਰਕ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ “ਮੈਡੀਕਲ ਕਰਮਚਾਰੀਆਂ ਨੇ ਪਟੀਸ਼ਨ ਵਿੱਚ ਮੰਗੀ ਗਈ ਮੈਡੀਕਲ ਮਦਦ ਦੇਣੀ ਸ਼ੁਰੂ ਕਰ ਦਿੱਤੀ ਹੈ।”

ਐਮੋਰੀ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੇ ਪ੍ਰੋਫੈਸਰ ਡਾ. ਜੋਏਲ ਜ਼ਿਵੋਟ ਨੇ ਬੀਬੀਸੀ ਨੂੰ ਦੱਸਿਆ ਕਿ ਪਾਈਕ ਦੀ ਕਾਨੂੰਨੀ ਟੀਮ ਨੇ ਉਨ੍ਹਾਂ ਨੂੰ ਮੈਡੀਕਲ ਮਾਹਿਰ ਵਜੋਂ ਨਿਯੁਕਤ ਕੀਤਾ ਸੀ।

ਉਨ੍ਹਾਂ ਕਿਹਾ ਕਿ ਮੌਤ ਦੀ ਸਜ਼ਾ ਦੇਣ ਦੀ ਕੋਸ਼ਿਸ਼ ਦੌਰਾਨ ਪਾਈਕ ਦੇ ਖ਼ੂਨ ਵਿੱਚ ਪੈਂਟੋਬਾਰਬਿਟਲ ਦੀ ਲੋੜੀਂਦੀ ਮਾਤਰਾ ਸ਼ਾਇਦ ਨਹੀਂ ਪਹੁੰਚ ਸਕੀ। ਇਸ ਕਾਰਨ ਉਨ੍ਹਾਂ ਦੇ ਸਾਹ ਰੁਕਣ ਅਤੇ ਦਿਲ ਦਾ ਕੰਮ ਬੰਦ ਹੋਣ ਦੀ ਸਥਿਤੀ ਪੈਦਾ ਨਹੀਂ ਹੋਈ।

ਜ਼ਿਵੋਟ ਨੇ ਇੱਕ ਈਮੇਲ ਵਿੱਚ ਕਿਹਾ, “ਇਹ ਬਹੁਤ ਸੰਭਵ ਹੈ ਕਿ ਉਨ੍ਹਾਂ ਨੂੰ ਮੈਡੀਕਲ ਮਦਦ ਦੇਣ ਵਿੱਚ ਹੋਈ ਦੇਰੀ ਕਾਰਨ ਉਨ੍ਹਾਂ ਦੇ ਦਿਮਾਗ਼ ਨੂੰ ਨੁਕਸਾਨ ਪਹੁੰਚਿਆ ਹੋਵੇ।”

ਪਾਈਕ ਦੀ ਕਾਨੂੰਨੀ ਟੀਮ ਦੀਆਂ ਅਪੀਲਾਂ ਹੋਈਆਂ ਖ਼ਾਰਜ

ਪਾਈਕ ਦੇ ਵਕੀਲਾਂ ਵੱਲੋਂ ਆਖ਼ਰੀ ਸਮੇਂ ਵਿੱਚ ਕੀਤੀਆਂ ਕਈ ਕਾਨੂੰਨੀ ਕੋਸ਼ਿਸ਼ਾਂ ਨਾਕਾਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਘਾਤਕ ਟੀਕਾ ਦੇਣ ਦੀ ਪ੍ਰਕਿਰਿਆ ਅੱਗੇ ਵਧੀ।

ਅਮਰੀਕੀ ਸੁਪਰੀਮ ਕੋਰਟ ਨੇ ਘਾਤਕ ਟੀਕਾ ਦੇਣ ‘ਤੇ ਰੋਕ ਲਗਾਉਣ ਦੀਆਂ ਦੋ ਵੱਖ-ਵੱਖ ਕੋਸ਼ਿਸ਼ਾਂ ਨੂੰ ਖ਼ਾਰਜ ਕਰ ਦਿੱਤਾ ਸੀ।

ਬੁੱਧਵਾਰ ਦੇਰ ਰਾਤ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਵੱਲੋਂ ਦਿਨ ਵਿੱਚ ਦਿੱਤੀ ਗਈ ਰਾਹਤ ਨੂੰ ਪਲਟ ਦਿੱਤਾ। ਹੇਠਲੀ ਅਦਾਲਤ ਨੇ ਪਾਈਕ ਦੇ ਮਾਮਲੇ ਵਿੱਚ ਦਲੀਲਾਂ ‘ਤੇ ਵਿਚਾਰ ਕਰਨ ਲਈ ਹੋਰ ਸਮਾਂ ਮੰਗਿਆ ਸੀ ਅਤੇ ਇਸੇ ਕਾਰਨ ਮੌਤ ਦੀ ਸਜ਼ਾ ‘ਤੇ ਰੋਕ ਲਗਾਈ ਸੀ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪਾਈਕ ਦੇ ਵਕੀਲਾਂ ਦੀ ਇੱਕ ਅਪੀਲ ਖ਼ਾਰਜ ਕਰ ਦਿੱਤੀ ਸੀ।

ਵਕੀਲਾਂ ਨੇ ਦਲੀਲ ਦਿੱਤੀ ਸੀ ਕਿ 1996 ਵਿੱਚ ਪਾਈਕ ਨੂੰ ਮੌਤ ਦੀ ਸਜ਼ਾ ਸੁਣਾਉਣ ਤੋਂ ਪਹਿਲਾਂ ਜਿਊਰੀ ਨੂੰ ਉਸ ਦੇ ਬਚਪਨ ਵਿੱਚ ਹੋਏ ਜਿਨਸੀ ਸ਼ੋਸ਼ਣ ਦੇ ਦਸਤਾਵੇਜ਼ਾਂ ਅਤੇ ਇਸ ਦੇ ਪ੍ਰਭਾਵ ਨਾਲ ਜੁੜੇ ਸਬੂਤਾਂ ‘ਤੇ ਵਿਚਾਰ ਕਰਨ ਦਾ ਮੌਕਾ ਨਹੀਂ ਮਿਲਿਆ ਸੀ।

ਬਚਾਅ ਪੱਖ ਨੇ ਕਿਹਾ ਕਿ ਟੇਨੇਸੀ ਸੂਬਾ ਕਈ ਸਾਲਾਂ ਤੱਕ ਅਦਾਲਤ ਵਿੱਚ ਇਹ ਦਾਅਵਾ ਕਰਦਾ ਰਿਹਾ ਕਿ ਪਾਈਕ ਨੇ ਬਚਪਨ ਵਿੱਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣ ਬਾਰੇ ਝੂਠ ਬੋਲਿਆ ਸੀ।

ਹਾਲਾਂਕਿ, ਹਾਲ ਹੀ ਵਿੱਚ ਪਾਈਕ ਨੂੰ ਫਾਂਸੀ ਦੇਣ ਦੇ ਤਰੀਕੇ ਨੂੰ ਲੈ ਕੇ ਹੋਈ ਸੁਣਵਾਈ ਵਿੱਚ ਸੂਬੇ ਨੇ ਕਿਹਾ ਕਿ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਪਾਈਕ ਬਚਪਨ ਵਿੱਚ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦੀ ਸ਼ਿਕਾਰ ਹੋਈ ਸੀ।

ਟੇਨੇਸੀ ਦੇ ਗਵਰਨਰ ਨੇ ਇਸੇ ਹਫ਼ਤੇ ਪਾਈਕ ਦੀ ਮਾਫ਼ੀ ਦੀ ਅਪੀਲ ਖ਼ਾਰਜ ਕਰ ਦਿੱਤੀ ਸੀ। ਪਾਈਕ ਟੇਨੇਸੀ ਵਿੱਚ ਇਸ ਸਮੇਂ ਮੌਤ ਦੀ ਸਜ਼ਾ ਪਾਉਣ ਵਾਲੀ ਇਕਲੌਤੀ ਔਰਤ ਸੀ।

ਮਾਫ਼ੀ ਦੀ ਅਰਜ਼ੀ ਵਿੱਚ ਕੀ ਕਿਹਾ ਸੀ?

ਕੌਲੀਨ ਸਲੇਮਰ

ਆਪਣੀ ਮਾਫ਼ੀ ਦੀ ਅਰਜ਼ੀ ਵਿੱਚ ਪਾਈਕ ਨੇ ਕਿਹਾ ਕਿ ਉਸ ਦਾ ਇਰਾਦਾ ਸਲੇਮਰ ਨੂੰ ਕੁੱਟਣ ਦਾ ਸੀ, ਉਸ ਨੂੰ ਮਾਰਨ ਦਾ ਨਹੀਂ। ਪਰ ਉਹ ਖੁਦ ਨੂੰ ਰੋਕ ਨਹੀਂ ਸਕੀ।

ਇੱਕ ਬਿਆਨ ਵਿੱਚ ਉਸ ਨੇ ਕਿਹਾ, “ਮੈਂ ਮਾਨਸਿਕ ਤੌਰ ‘ਤੇ ਬਿਮਾਰ 18 ਸਾਲ ਦੀ ਕੁੜੀ ਸੀ। ਮੈਨੂੰ ਆਪਣੇ ਕੀਤੇ ਦੀ ਗੰਭੀਰਤਾ ਸਮਝਣ ਵਿੱਚ ਕਈ ਸਾਲ ਲੱਗ ਗਏ।”

“ਇਹ ਮੰਨਣ ਵਿੱਚ ਉਸ ਤੋਂ ਵੀ ਜ਼ਿਆਦਾ ਸਮਾਂ ਲੱਗਾ ਕਿ ਮੈਂ ਕਿੰਨੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ। ਮੈਂ ਕਿਸੇ ਦੀ ਧੀ, ਭੈਣ ਅਤੇ ਦੋਸਤ ਦੀ ਜਾਨ ਲੈ ਲਈ। ਹੁਣ ਇਹ ਸੋਚ ਕੇ ਮੈਨੂੰ ਘਿਣ ਆਉਂਦੀ ਹੈ ਕਿ ਮੈਂ ਅਜਿਹਾ ਅਪਰਾਧ ਕਰ ਸਕਦੀ ਸੀ।”

1995 ਵਿੱਚ ਹੋਈ ਇਸ ਹੱਤਿਆ ਨੇ ਟੇਨੇਸੀ ਦੇ ਨੌਕਸਵਿਲ ਵਿੱਚ ਕਾਫ਼ੀ ਸਨਸਨੀ ਪੈਦਾ ਕੀਤੀ ਸੀ। ਕੋਲੀਨ ਦੀ ਛਾਤੀ ‘ਤੇ ਇੱਕ ਅਜਿਹਾ ਨਿਸ਼ਾਨ ਬਣਿਆ ਹੋਇਆ ਮਿਲਿਆ ਸੀ ਜਿਸ ਨੂੰ ਸ਼ੈਤਾਨੀ ਸਮੂਹਾਂ ਨਾਲ ਜੋੜਿਆ ਜਾਂਦਾ ਹੈ। ਹਾਲਾਂਕਿ, ਪਾਈਕ ਨੇ ਖੁਦ ਇਹ ਪ੍ਰਤੀਕ ਬਣਾਉਣ ਤੋਂ ਇਨਕਾਰ ਕੀਤਾ ਹੈ।

ਕਤਲ ਤੋਂ ਪਹਿਲਾਂ ਪਾਈਕ ਨੇ ਕੋਲੀਨ ‘ਤੇ ਉਸ ਦਾ ਅਪਮਾਨ ਕਰਨ ਅਤੇ ਆਪਣੇ ਉਸ ਸਮੇਂ ਦੇ ਪ੍ਰੇਮੀ ਨੂੰ ਉਸ ਤੋਂ ਖੋਹਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਸੀ।

ਕੈਂਪ ਵਿੱਚ ਰਹਿਣ ਵਾਲੇ ਦੋ ਹੋਰ ਲੋਕਾਂ ਨੇ ਬਾਅਦ ਵਿੱਚ ਗਵਾਹੀ ਦਿੱਤੀ ਕਿ ਪਾਈਕ ਨੇ ਕਤਲ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਇਸ ਬਾਰੇ ਸ਼ੇਖ਼ੀ ਮਾਰੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਈਕ ਨੇ ਉਨ੍ਹਾਂ ਨੂੰ ਕੋਲੀਨ ਦੀ ਖੋਪੜੀ ਦਾ ਇੱਕ ਟੁਕੜਾ ਦਿਖਾਇਆ ਸੀ।

ਸਲੇਮਰ ਦੀ ਮਾਂ ਮਾਰਟਿਨੇਜ਼ ਨੇ ਹਫ਼ਤੇ ਦੇ ਅਖੀਰ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਪਾਈਕ ਨੂੰ ਮਿਲੀ ਸਜ਼ਾ ਨੂੰ ਲਾਗੂ ਹੁੰਦੇ ਦੇਖਣ ਲਈ ਦਹਾਕਿਆਂ ਤੱਕ ਇੰਤਜ਼ਾਰ ਕੀਤਾ ਹੈ।

ਉਨ੍ਹਾਂ ਨੇ ਏਪੀ ਨੂੰ ਦੱਸਿਆ ਕਿ ਇੱਕ ਸਮੂਹ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਲਈ ਫਲੋਰੀਡਾ ਤੋਂ ਟੇਨੇਸੀ ਜਾਣ ਦਾ ਖ਼ਰਚਾ ਇਕੱਠਾ ਕਰਨ ਵਿੱਚ ਮਦਦ ਕੀਤੀ, ਤਾਂ ਜੋ ਉਹ ਪਾਈਕ ਨੂੰ ਮਰਦੇ ਦੇਖ ਸਕਣ।

ਮਾਰਟਿਨੇਜ਼ ਨੇ ਕਿਹਾ, “ਅਜਿਹਾ ਕੋਈ ਦਿਨ ਜਾਂ ਇੱਕ ਮਿੰਟ ਵੀ ਨਹੀਂ ਲੰਘਦਾ, ਜਦੋਂ ਮੈਂ ਕੋਲੀਨ ਬਾਰੇ ਨਾ ਸੋਚਾਂ। ਛੁੱਟੀਆਂ ਸਭ ਤੋਂ ਮੁਸ਼ਕਲ ਸਮਾਂ ਹੁੰਦੀਆਂ ਹਨ।”

1976 ਵਿੱਚ ਸੁਪਰੀਮ ਕੋਰਟ ਵੱਲੋਂ ਅਮਰੀਕਾ ਵਿੱਚ ਮੌਤ ਦੀ ਸਜ਼ਾ ਮੁੜ ਲਾਗੂ ਕੀਤੇ ਜਾਣ ਤੋਂ ਲੈ ਕੇ ਹੁਣ ਤੱਕ ਸਿਰਫ਼ 18 ਔਰਤਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।

ਇਸ ਦੇ ਮੁਕਾਬਲੇ 1,663 ਪੁਰਸ਼ਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਭਾਵ ਅਮਰੀਕਾ ਵਿੱਚ ਦਿੱਤੀਆਂ ਗਈਆਂ ਕੁੱਲ ਮੌਤ ਦੀਆਂ ਸਜ਼ਾਵਾਂ ਵਿੱਚ ਮਹਿਲਾ ਕੈਦੀਆਂ ਦੀ ਗਿਣਤੀ ਸਿਰਫ਼ ਇੱਕ ਫ਼ੀਸਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI