Home rss national punjabi2ਰਾਸ਼ਟਰੀ ਖ਼ਬਰਾਂ ਹੱਸਦੇ, ਖੰਘਦੇ ਜਾਂ ਛਿੱਕ ਮਾਰਦੇ ਹੀ ਪਿਸ਼ਾਬ ਨਿਕਲ ਜਾਂਦਾ ਹੈ? ਔਰਤਾਂ ਦੀ...

ਹੱਸਦੇ, ਖੰਘਦੇ ਜਾਂ ਛਿੱਕ ਮਾਰਦੇ ਹੀ ਪਿਸ਼ਾਬ ਨਿਕਲ ਜਾਂਦਾ ਹੈ? ਔਰਤਾਂ ਦੀ ਇਸ ਪਰੇਸ਼ਾਨੀ ਦਾ ਹੱਲ ਕੀ ਹੈ

3
0

Source :- BBC PUNJABI

ਔਰਤ (ਸੰਕੇਤਕ ਤਸਵੀਰ)

ਕਈ ਔਰਤਾਂ ਨੂੰ ਕਿਤੇ ਬਾਹਰ ਘੁੰਮਣ ਜਾਂ ਸਫ਼ਰ ‘ਤੇ ਜਾਣ ਬਾਰੇ ਸੋਚਦਿਆਂ ਹੀ ਡਰ ਲੱਗਣ ਲੱਗਦਾ ਹੈ।

ਖ਼ਾਸ ਕਰਕੇ ਲੰਬੇ ਸਫ਼ਰ ਦੌਰਾਨ ਉਨ੍ਹਾਂ ਦੇ ਮਨ ਵਿੱਚ ਸਭ ਤੋਂ ਪਹਿਲਾ ਸਵਾਲ ਇਹੀ ਆਉਂਦਾ ਹੈ ਕਿ ਜੇ ਪਿਸ਼ਾਬ ‘ਤੇ ਕੰਟ੍ਰੋਲ ਨਾ ਰਿਹਾ ਤਾਂ ਕੀ ਹੋਵੇਗਾ?

ਕਈ ਵਾਰ ਖੰਘਣ ਜਾਂ ਛਿੱਕਣ, ਪੌੜੀਆਂ ਚੜ੍ਹਦੇ ਸਮੇਂ ਜਾਂ ਜ਼ੋਰ ਨਾਲ ਹੱਸਣ ‘ਤੇ ਔਰਤਾਂ ਦਾ ਪਿਸ਼ਾਬ ਲੀਕ ਹੋ ਜਾਂਦਾ ਹੈ। ਇੱਥੋਂ ਤੱਕ ਕਿ ਭਾਰੀ ਸਮਾਨ ਚੁੱਕਦੇ ਸਮੇਂ ਵੀ ਉਨ੍ਹਾਂ ਨੂੰ ਪਿਸ਼ਾਬ ਲੀਕ ਹੋਣ ਦਾ ਡਰ ਸਤਾਉਂਦਾ ਹੈ।

ਅਜਿਹੀਆਂ ਔਰਤਾਂ ਹੌਲੀ-ਹੌਲੀ ਇਨ੍ਹਾਂ ਚੀਜ਼ਾਂ ਨੂੰ ਕਰਨ ਤੋਂ ਬਚਣ ਲੱਗਦੀਆਂ ਹਨ। ਪਰ ਡਰ ਅਤੇ ਸ਼ਰਮ ਕਰਕੇ ਉਹ ਇਸ ਸਮੱਸਿਆ ਬਾਰੇ ਕਿਸੇ ਨਾਲ ਗੱਲ ਤੱਕ ਨਹੀਂ ਕਰਨਾ ਚਾਹੁੰਦੀਆਂ।

ਦਰਅਸਲ ਗਰਭ ਅਵਸਥਾ, ਜਣੇਪਾ, ਮੀਨੋਪੌਜ਼, ਵਧਦੀ ਉਮਰ, ਮੋਟਾਪਾ ਜਾਂ ਡਾਇਬਟੀਜ਼ ਵਰਗੇ ਕਾਰਨਾਂ ਕਰਕੇ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਸਕਦੀਆਂ ਹਨ।

ਇਸ ਦਾ ਅਸਰ ਪਿਸ਼ਾਬ ‘ਤੇ ਕੰਟ੍ਰੋਲ ਰੱਖਣ ਦੀ ਸਮਰੱਥਾ ‘ਤੇ ਪੈਂਦਾ ਹੈ। ਮੈਡੀਕਲ ਭਾਸ਼ਾ ਵਿੱਚ ਇਸ ਨੂੰ ‘ਸਟ੍ਰੈੱਸ ਯੂਰੀਨਰੀ ਇਨਕਾਂਟੀਨੈਂਸ’ ਕਿਹਾ ਜਾਂਦਾ ਹੈ। ਆਮ ਸ਼ਬਦਾਂ ਵਿੱਚ ਇਸ ਨੂੰ ਪਿਸ਼ਾਬ ਦਾ ਲੀਕ ਹੋਣਾ ਜਾਂ ਯੂਰੀਨ ਲੀਕੇਜ ਕਿਹਾ ਜਾਂਦਾ ਹੈ।

ਕਈ ਔਰਤਾਂ ਨੂੰ ਲੱਗਦਾ ਹੈ ਕਿ ਉਮਰ ਵਧਣ ਜਾਂ ਬੱਚੇ ਦੇ ਜਨਮ ਤੋਂ ਬਾਅਦ ਪਿਸ਼ਾਬ ਦਾ ਲੀਕ ਹੋਣਾ ਇੱਕ ‘ਆਮ’ ਗੱਲ ਹੈ।

ਇਸ ਲਈ ਉਹ ਇਲਾਜ ਕਰਵਾਉਣ ਦੀ ਬਜਾਏ ਇਸ ਸਮੱਸਿਆ ਨੂੰ ਸਹਿੰਦੀਆਂ ਰਹਿੰਦੀਆਂ ਹਨ। ਪਰ ਮਾਹਰਾਂ ਮੁਤਾਬਕ, ਕਿਸੇ ਵੀ ਉਮਰ ਵਿੱਚ ਬਿਨਾਂ ਇੱਛਾ ਦੇ ਪਿਸ਼ਾਬ ਨਿਕਲ ਜਾਣਾ, ਅਜਿਹੀ ਸਮੱਸਿਆ ਨਹੀਂ ਹੈ ਜਿਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ।

ਸਮੇਂ ਸਿਰ ਜਾਂਚ ਅਤੇ ਇਲਾਜ ਕਰਵਾਉਣ ਨਾਲ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਕੰਟ੍ਰੋਲ ਕੀਤਾ ਜਾ ਸਕਦਾ ਹੈ। ਪੈਲਵਿਕ ਫਲੋਰ ਐਕਸਰਸਾਈਜ਼, ਜੀਵਨਸ਼ੈਲੀ ਵਿੱਚ ਬਦਲਾਅ, ਦਵਾਈਆਂ ਅਤੇ ਲੋੜ ਪੈਣ ‘ਤੇ ਸਰਜਰੀ ਵੀ ਇਸ ਦੇ ਇਲਾਜ ਵਿੱਚ ਕਾਰਗਰ ਹੋ ਸਕਦੀ ਹੈ।

ਇਸ ਲਈ ਪਿਸ਼ਾਬ ਦਾ ਲੀਕ ਹੋਣਾ ‘ਉਮਰ ਵਧਣ ਨਾਲ ਤਾਂ ਹੁੰਦਾ ਹੀ ਹੈ’ ਕਹਿ ਕੇ ਇਸ ਨੂੰ ਸਵੀਕਾਰ ਕਰਨ ਦੀ ਬਜਾਏ ਇਸ ਨੂੰ ਸਿਹਤ ਨਾਲ ਜੁੜੀ ਸਮੱਸਿਆ ਵਜੋਂ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਕਈ ਔਰਤਾਂ ਨੂੰ ਲੱਗਦਾ ਹੈ ਕਿ ‘ਇਸ ਦਾ ਕੋਈ ਇਲਾਜ ਨਹੀਂ ਹੈ’ ਜਾਂ ‘ਇਸ ਨੂੰ ਤਾਂ ਸਹਿਣਾ ਹੀ ਪਵੇਗਾ’, ਪਰ ਅਜਿਹਾ ਜ਼ਰੂਰੀ ਨਹੀਂ ਹੈ।

ਪਰੇਸ਼ਾਨੀ ਕਿਵੇਂ ਵਧਦੀ ਜਾਂਦੀ ਹੈ?

ਪਿਸ਼ਾਬ ਲੀਕ ਹੋਣ ਦੀ ਸਮੱਸਿਆ

ਪਿਸ਼ਾਬ ਲੀਕ ਹੋਣ ਦੀ ਸਮੱਸਿਆ ਅਕਸਰ ਹੌਲੀ-ਹੌਲੀ ਵਧਦੀ ਜਾਂਦੀ ਹੈ। ਸ਼ੁਰੂਆਤ ਵਿੱਚ ਖੰਘਦੇ ਜਾਂ ਕਸਰਤ ਕਰਦੇ ਸਮੇਂ ਹੀ ਪਿਸ਼ਾਬ ਦੀਆਂ ਕੁਝ ਬੂੰਦਾਂ ਲੀਕ ਹੁੰਦੀਆਂ ਹਨ, ਪਰ ਬਾਅਦ ਵਿੱਚ ਇਸ ਦਾ ਅਸਰ ਰੋਜ਼ਾਨਾ ਜ਼ਿੰਦਗੀ ‘ਤੇ ਵੀ ਪੈਣ ਲੱਗਦਾ ਹੈ।

ਕੁਝ ਔਰਤਾਂ ਲਈ ਇਸਦੇ ਕਾਰਨ ਸਫ਼ਰ ਕਰਨਾ, ਐਕਸਰਸਾਈਜ਼ ਕਰਨਾ, ਸਮਾਜਿਕ ਸਮਾਗਮਾਂ ਵਿੱਚ ਜਾਣਾ ਜਾਂ ਇੱਥੋਂ ਤੱਕ ਕਿ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਸਕਦਾ ਹੈ।

ਜੇ ਪਿਸ਼ਾਬ ਲੀਕ ਹੋਣ ਦੇ ਨਾਲ ਜਲਣ, ਦਰਦ, ਪਿਸ਼ਾਬ ਵਿੱਚ ਖੂਨ, ਵਾਰ-ਵਾਰ ਇਨਫੈਕਸ਼ਨ ਜਾਂ ਬਲੈਡਰ ਪੂਰੀ ਤਰ੍ਹਾਂ ਖਾਲ੍ਹੀ ਨਾ ਹੋਣ ਜਿਹਾ ਮਹਿਸੂਸ ਹੋਵੇ, ਤਾਂ ਡਾਕਟਰ ਨਾਲ ਸਲਾਹ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਇਲਾਜ ਜਿੰਨੀ ਜਲਦੀ ਸ਼ੁਰੂ ਕੀਤਾ ਜਾਵੇ, ਨਤੀਜੇ ਓਨੇ ਹੀ ਬਿਹਤਰ ਹੋ ਸਕਦੇ ਹਨ। ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਦੀ ਕਸਰਤ, ਵਜ਼ਨ ਨੂੰ ਕੰਟ੍ਰੋਲ ਵਿੱਚ ਰੱਖਣਾ, ਕਬਜ਼ ਅਤੇ ਲੰਬੇ ਸਮੇਂ ਤੋਂ ਚੱਲ ਰਹੀ ਖੰਘ ਦਾ ਇਲਾਜ ਵਰਗੇ ਆਸਾਨ ਉਪਾਵਾਂ ਨਾਲ ਵੀ ਕਈ ਔਰਤਾਂ ਨੂੰ ਰਾਹਤ ਮਿਲ ਸਕਦੀ ਹੈ।

ਕੁਝ ਮਾਮਲਿਆਂ ਵਿੱਚ ਦਵਾਈਆਂ ਜਾਂ ਕਿਸੇ ਖ਼ਾਸ ਮੈਡੀਕਲ ਪ੍ਰਕਿਰਿਆ ਦੀ ਲੋੜ ਵੀ ਪੈ ਸਕਦੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਪਿਸ਼ਾਬ ਦਾ ਇਸ ਤਰ੍ਹਾਂ ਲੀਕ ਹੋਣਾ ਅਜਿਹੀ ਸਮੱਸਿਆ ਨਹੀਂ ਹੈ, ਜਿਸ ‘ਤੇ ਸ਼ਰਮ ਕਾਰਨ ਚੁੱਪ ਰਿਹਾ ਜਾਵੇ।

ਇਹ ਇੱਕ ਮੈਡੀਕਲ ਸਥਿਤੀ ਹੈ ਅਤੇ ਇਸ ਦਾ ਇਲਾਜ ਸੰਭਵ ਹੈ। ਇਸ ਲਈ, ਤਕਲੀਫ਼ ਸਹਿੰਦੇ ਰਹਿਣ ਦੀ ਬਜਾਏ ਕਿਸੇ ਮਾਹਰ ਤੋਂ ਸਲਾਹ ਲੈਣਾ ਹੀ ਪਹਿਲਾ ਅਤੇ ਸਭ ਤੋਂ ਜ਼ਰੂਰੀ ਕਦਮ ਹੈ।

ਹੱਸਦੇ, ਖੰਘਦੇ ਜਾਂ ਛਿੱਕਦੇ ਸਮੇਂ ਕੀ ਹੁੰਦਾ ਹੈ?

ਛਿੱਕ ਮਾਰਦੀ ਔਰਤ (ਸੰਕੇਤਕ ਤਸਵੀਰ)

ਹੱਸਣ, ਖੰਘਣ, ਛਿੱਕਣ, ਭੱਜਣ, ਛਾਲ ਮਾਰਨ ਜਾਂ ਭਾਰੀ ਸਮਾਨ ਚੁੱਕਣ ਨਾਲ ਪੇਟ ਦੇ ਅੰਦਰ ਅਚਾਨਕ ਦਬਾਅ ਵਧ ਜਾਂਦਾ ਹੈ।

ਆਮ ਤੌਰ ‘ਤੇ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਅਤੇ ਪਿਸ਼ਾਬ ਦੀ ਨਲੀ ਨੂੰ ਸਹਾਰਾ ਦੇਣ ਵਾਲੇ ਟਿਸ਼ੂ ਇਸ ਦਬਾਅ ਨੂੰ ਸੰਭਾਲ ਲੈਂਦੇ ਹਨ ਅਤੇ ਪਿਸ਼ਾਬ ਨੂੰ ਬਾਹਰ ਨਿਕਲਣ ਤੋਂ ਰੋਕਦੇ ਹਨ।

ਪਰ ਜੇ ਇਹ ਸਹਾਰਾ ਕਮਜ਼ੋਰ ਹੋ ਜਾਵੇ ਜਾਂ ਉੱਥੋਂ ਦੀਆਂ ਮਾਸਪੇਸ਼ੀਆਂ ਵਿਚਕਾਰ ਤਾਲਮੇਲ ਵਿਗੜ ਜਾਵੇ, ਤਾਂ ਪਿਸ਼ਾਬ ਲੀਕ ਹੋਣ ਲੱਗਦਾ ਹੈ।

ਇਸ ਦਾ ਮਤਲਬ ਇਹ ਨਹੀਂ ਹੈ ਕਿ ਬਲੈਡਰ ਵਿੱਚ ਹੀ ਕੋਈ ਖ਼ਰਾਬੀ ਹੈ, ਸਗੋਂ ਇਹ ਉਸ ਸਿਸਟਮ ਦੇ ਕਮਜ਼ੋਰ ਹੋਣ ਕਰਕੇ ਹੁੰਦਾ ਹੈ, ਜੋ ਬਲੈਡਰ ਅਤੇ ਪਿਸ਼ਾਬ ਦੀ ਨਲੀ ਨੂੰ ਸਹਾਰਾ ਦਿੰਦਾ ਹੈ।

ਔਰਤਾਂ ਵਿੱਚ ਅਚਾਨਕ ਤੇਜ਼ ਪਿਸ਼ਾਬ ਲੱਗਣ ਕਰਕੇ ਹੋਣ ਵਾਲਾ ਯੂਰੀਨਰੀ ਇਨਕਾਂਟੀਨੈਂਸ, ਦਬਾਅ ਜਾਂ ਜ਼ੋਰ ਪੈਣ ਕਰਕੇ ਹੋਣ ਵਾਲਾ ਯੂਰੀਨਰੀ ਇਨਕਾਂਟੀਨੈਂਸ ਅਤੇ ਇਨ੍ਹਾਂ ਦੋਵਾਂ ਦਾ ਮਿਲਿਆ-ਜੁਲਿਆ ਰੂਪ ਮਿਕਸਡ ਯੂਰੀਨਰੀ ਇਨਕਾਂਟੀਨੈਂਸ ਸਭ ਤੋਂ ਆਮ ਕਿਸਮਾਂ ਹਨ।

ਕਿਹੜੇ-ਕਿਹੜੇ ਇਲਾਜ ਉਪਲਬਧ ਹਨ?

ਇਸ ਸਮੱਸਿਆ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਵੇਗਾ, ਇਹ ਯੂਰੀਨ ਲੀਕੇਜ ਦੀ ਕਿਸਮ, ਉਸ ਦੀ ਗੰਭੀਰਤਾ ਅਤੇ ਉਸ ਦੇ ਪਿੱਛੇ ਦੀ ਵਜ੍ਹਾ ‘ਤੇ ਨਿਰਭਰ ਕਰਦਾ ਹੈ।

ਸ਼ੁਰੂਆਤ ਵਿੱਚ ਪੈਲਵਿਕ ਫਲੋਰ ਐਕਸਰਸਾਈਜ਼, ਬਲੈਡਰ ਟ੍ਰੇਨਿੰਗ, ਜੀਵਨਸ਼ੈਲੀ ਵਿੱਚ ਬਦਲਾਅ ਅਤੇ ਕੁਝ ਵਿਵਹਾਰ ਨਾਲ ਜੁੜੇ ਉਪਾਅ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਕੁਝ ਔਰਤਾਂ ਨੂੰ ਦਵਾਈਆਂ ਜਾਂ ਖ਼ਾਸ ਮੈਡੀਕਲ ਡਿਵਾਈਸ ਨਾਲ ਵੀ ਫ਼ਾਇਦਾ ਹੋ ਸਕਦਾ ਹੈ। ਜੇ ਸਟ੍ਰੈੱਸ ਯੂਰੀਨਰੀ ਇਨਕਾਂਟੀਨੈਂਸ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ, ਤਾਂ ਇੰਜੈਕਸ਼ਨ ਜਾਂ ਸਲਿੰਗ ਸਰਜਰੀ ਵਰਗੇ ਇਲਾਜ ਦੇ ਬਦਲਾਂ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

ਹਾਲਾਂਕਿ, ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਸਹੀ ਬਿਮਾਰੀ ਦਾ ਪਤਾ ਲੱਗਣਾ ਬੇਹੱਦ ਜ਼ਰੂਰੀ ਹੈ ਅਤੇ ਇਹ ਜਾਂਚ ਡਾਕਟਰ ਤੋਂ ਹੀ ਕਰਵਾਉਣੀ ਚਾਹੀਦੀ ਹੈ। ਆਪਣੇ ਆਪ ਬਿਮਾਰੀ ਦਾ ਅੰਦਾਜ਼ਾ ਲਗਾ ਕੇ ਇਲਾਜ ਜਾਂ ਕਸਰਤ ਸ਼ੁਰੂ ਨਹੀਂ ਕਰਨੀ ਚਾਹੀਦੀ।

ਪੈਲਵਿਕ ਫਲੋਰ ਕੀ ਹੁੰਦਾ ਹੈ?

ਪੈਲਵਿਕ ਰੀੜ੍ਹ ਦੀ ਹੱਡੀ ਦੇ ਹੇਠਲੇ ਸਿਰੇ ਅਤੇ ਦੋਵਾਂ ਪੱਟਾਂ ਦੀਆਂ ਹੱਡੀਆਂ ਨਾਲ ਜੁੜਿਆ ਹੁੰਦਾ ਹੈ (ਸੰਕੇਤਕ ਤਸਵੀਰ)

ਪੈਲਵਿਕ ਫਲੋਰ, ਪੈਲਵਿਸ ਦੇ ਹੇਠਲੇ ਹਿੱਸੇ ਵਿੱਚ ਮੌਜੂਦ ਮਾਸਪੇਸ਼ੀਆਂ ਅਤੇ ਲਿਗਾਮੈਂਟਸ ਦਾ ਇੱਕ ਸਮੂਹ ਹੁੰਦਾ ਹੈ। ਪੈਲਵਿਸ ਭਾਵ ਕਮਰ ਦੇ ਹੇਠਾਂ, ਪੇਟ ਦੇ ਹੇਠਲੇ ਹਿੱਸੇ ਵਿੱਚ ਮੌਜੂਦ ਹੱਡੀਆਂ ਅਤੇ ਮਾਸਪੇਸ਼ੀਆਂ ਦਾ ਹਿੱਸਾ।

ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਜੇ ਪੈਲਵਿਸ ਨੂੰ ਇੱਕ ਇਮਾਰਤ ਮੰਨਿਆ ਜਾਵੇ, ਤਾਂ ਪੈਲਵਿਕ ਫਲੋਰ ਇਸ ਦੇ ਹੇਠਲੇ ਹਿੱਸੇ ਵਿੱਚ ਮੌਜੂਦ ਮਾਸਪੇਸ਼ੀਆਂ ਅਤੇ ਟਿਸ਼ੂ ਦਾ ਇੱਕ ਲਚਕੀਲਾ ਜਾਲ ਹੁੰਦਾ ਹੈ।

ਇਹ ਹਿੱਸਾ ਰੀੜ੍ਹ ਦੀ ਹੱਡੀ ਦੇ ਹੇਠਲੇ ਸਿਰੇ ਅਤੇ ਦੋਵਾਂ ਪੱਟਾਂ ਦੀਆਂ ਹੱਡੀਆਂ ਨਾਲ ਜੁੜਿਆ ਹੁੰਦਾ ਹੈ। ਇਹ ਸਰੀਰ ਦਾ ਭਾਰ ਸੰਭਾਲਣ ਦੇ ਨਾਲ-ਨਾਲ ਪੇਟ ਦੇ ਹੇਠਲੇ ਹਿੱਸੇ ਦੇ ਮਹੱਤਵਪੂਰਨ ਅੰਗਾਂ ਨੂੰ ਆਪਣੀ ਥਾਂ ‘ਤੇ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

ਸੌਖੀ ਭਾਸ਼ਾ ਵਿੱਚ ਕਹੀਏ ਤਾਂ ਇਹ ਮਾਸਪੇਸ਼ੀਆਂ ਸਰੀਰ ਦੇ ਹੇਠਲੇ ਹਿੱਸੇ ਦੇ ਅੰਗਾਂ ਨੂੰ ਸਹਾਰਾ ਦਿੰਦੀਆਂ ਹਨ। ਪਿਸ਼ਾਬ ਅਤੇ ਮਲ ਨੂੰ ਕੰਟ੍ਰੋਲ ਕਰਨ, ਪੇਟ ਦੇ ਅੰਦਰ ਦਬਾਅ ਵਧਣ ‘ਤੇ ਅੰਗਾਂ ਨੂੰ ਸਹਾਰਾ ਦੇਣ ਅਤੇ ਸੈਕਸ਼ੁਅਲ ਫੰਕਸ਼ਨ ਨੂੰ ਨਾਰਮਲ ਬਣਾਈ ਰੱਖਣ ਵਿੱਚ ਪੈਲਵਿਕ ਫਲੋਰ ਦੀ ਅਹਿਮ ਭੂਮਿਕਾ ਹੁੰਦੀ ਹੈ।

ਪ੍ਰੈਗਨੈਂਸੀ, ਡਿਲੀਵਰੀ, ਵਧਦੀ ਉਮਰ, ਮੋਟਾਪਾ, ਲੰਬੇ ਸਮੇਂ ਤੱਕ ਰਹਿਣ ਵਾਲੀ ਕਬਜ਼ ਜਾਂ ਕੁਝ ਸਰਜਰੀਆਂ ਦੇ ਕਾਰਨ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਸਕਦੀਆਂ ਹਨ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਹਰ ਵਿਅਕਤੀ ਵਿੱਚ ਹੋਣ ਵਾਲੀ ਸਮੱਸਿਆ ਦੀ ਵਜ੍ਹਾ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ ਹੀ ਹੋਵੇ।

ਕੁਝ ਲੋਕਾਂ ਵਿੱਚ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਬਹੁਤ ਜ਼ਿਆਦਾ ਟਾਈਟ ਜਾਂ ਓਵਰਐਕਟਿਵ ਹੋ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ ਪੈਲਵਿਕ ਏਰੀਆ ਵਿੱਚ ਦਰਦ, ਪਿਸ਼ਾਬ ਕਰਨ ਵਿੱਚ ਪਰੇਸ਼ਾਨੀ ਜਾਂ ਸੈਕਸ ਦੌਰਾਨ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਹਰ ਤਰ੍ਹਾਂ ਦੀ ਸਮੱਸਿਆ ਵਿੱਚ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਭਾਵ ਸਟ੍ਰੈਂਥਨਿੰਗ ਐਕਸਰਸਾਈਜ਼ ਕਰਨਾ ਹੀ ਸਹੀ ਤਰੀਕਾ ਹੋਵੇ।

ਉਮਰ ਵਧਣ ਨਾਲ ਬਲੈਡਰ ਅਤੇ ਯੂਰੀਨਰੀ ਸਿਸਟਮ ਵਿੱਚ ਕੀ ਬਦਲਾਅ ਹੁੰਦੇ ਹਨ?

ਪਿਸ਼ਾਬ ਦੀ ਸਮੱਸਿਆ ਨਾਲ ਔਰਤ (ਸੰਕੇਤਕ ਤਸਵੀਰ)

ਪਿਸ਼ਾਬ ਲੀਕ ਹੋਣ ਦੀ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਹੋਵੇ, ਡਾਕਟਰ ਤੋਂ ਇਸ ਦੀ ਜਾਂਚ ਕਰਵਾਉਣਾ ਜ਼ਰੂਰੀ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਉਮਰ ਵਧਣ ਨਾਲ ਔਰਤਾਂ ਦੇ ਯੂਰੀਨਰੀ ਸਿਸਟਮ ਵਿੱਚ ਹੋਣ ਵਾਲੀਆਂ ਤਬਦੀਲੀਆਂ ਬਾਰੇ ਸਾਨੂੰ ਡਾਕਟਰ ਸੋਨੀ ਮਹਿਤਾ ਨੇ ਜਾਣਕਾਰੀ ਦਿੱਤੀ।

ਉਹ ਮੁੰਬਈ ਦੇ ਖਾਰ ਸਥਿਤ ਪੀਡੀ ਹਿੰਦੂਜਾ ਹਸਪਤਾਲ ਅਤੇ ਐੱਮਆਰਸੀ ਵਿੱਚ ਯੂਰੋਲੋਜਿਸਟ ਅਤੇ ਐਂਡਰੋਲੋਜਿਸਟ ਕੰਸਲਟੈਂਟ ਵਜੋਂ ਕੰਮ ਕਰਦੇ ਹਨ।

ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਉਮਰ ਵਧਣ ਨਾਲ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਦਾ ਸਹਾਰਾ ਘੱਟ ਹੋ ਜਾਂਦਾ ਹੈ। ਇਸ ਕਾਰਨ ਸਿਸਟੋਸੀਲ ਅਤੇ ਰੈਕਟੋਸੀਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਬਲੈਡਰ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਇਲਾਵਾ ਯੂਰੀਨਰੀ ਟ੍ਰੈਕਟ ਦੇ ਤੰਗ ਹੋਣ, ਵਾਰ-ਵਾਰ ਯੂਰੀਨਰੀ ਇਨਫੈਕਸ਼ਨ ਹੋਣ ਅਤੇ ਪਿਸ਼ਾਬ ਪੂਰੀ ਤਰ੍ਹਾਂ ਬਾਹਰ ਨਾ ਨਿੱਕਲ ਸਕਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।”

“ਮੀਨੋਪੌਜ਼ ਤੋਂ ਬਾਅਦ ਹਾਰਮੋਨਲ ਤਬਦੀਲੀਆਂ ਕਾਰਨ ਪਿਸ਼ਾਬ ਨਿਕਲਣ ਵਾਲੀ ਜਗ੍ਹਾ ਵੀ ਤੰਗ ਹੋ ਸਕਦੀ ਹੈ ਅਤੇ ਪਿਸ਼ਾਬ ਨੂੰ ਕੰਟ੍ਰੋਲ ਕਰਨ ਦੀ ਸਮਰੱਥਾ ਘੱਟ ਹੋ ਸਕਦੀ ਹੈ।”

ਉਮਰ ਵਧਣ ਅਤੇ ਡਿਲੀਵਰੀ ਤੋਂ ਇਲਾਵਾ ਕੀ ਇਸ ਦੇ ਹੋਰ ਵੀ ਕੁਝ ਕਾਰਨ ਹਨ?

ਇਸ ਸਵਾਲ ‘ਤੇ ਡਾਕਟਰ ਮਹਿਤਾ ਨੇ ਕਿਹਾ, “ਲੰਬੇ ਸਮੇਂ ਤੱਕ ਰਹਿਣ ਵਾਲੀ ਖੰਘ, ਪੁਰਾਣੀ ਕਬਜ਼, ਮੋਟਾਪਾ, ਮੈਟਾਬੋਲਿਕ ਸਿੰਡਰੋਮ ਅਤੇ ਡਾਇਬਟੀਜ਼ ਵੀ ਪਿਸ਼ਾਬ ਲੀਕ ਹੋਣ ਦਾ ਖ਼ਤਰਾ ਵਧਾਉਣ ਵਾਲੇ ਕੁਝ ਮਹੱਤਵਪੂਰਨ ਕਾਰਨ ਹਨ।”

ਮੋਟਾਪਾ ਅਤੇ ਮੈਟਾਬੋਲਿਕ ਸਿੰਡਰੋਮ ਸਰੀਰ ਦੇ ਸਾਰੇ ਅੰਗਾਂ ‘ਤੇ ਅਸਰ ਪਾਉਂਦੇ ਹਨ, ਜਿਸ ਵਿੱਚ ਬਲੈਡਰ ਵੀ ਸ਼ਾਮਿਲ ਹੈ। ਇਸ ਦੀ ਵਜ੍ਹਾ ਨਾਲ ਬਲੈਡਰ ਨੂੰ ਕੰਟ੍ਰੋਲ ਕਰਨ ਵਾਲੀਆਂ ਨਸਾਂ ‘ਤੇ ਅਸਰ ਪੈ ਸਕਦਾ ਹੈ ਅਤੇ ਕਈ ਤਰ੍ਹਾਂ ਦੀਆਂ ਯੂਰੀਨਰੀ ਇਨਕਾਂਟੀਨੈਂਸ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।”

ਇਸ ਸਮੱਸਿਆ ਦਾ ਪਤਾ ਲਗਾਉਣ ਲਈ ਕਿਹੜੀਆਂ ਜਾਂਚਾਂ ਦੀ ਲੋੜ ਪੈ ਸਕਦੀ ਹੈ, ਇਸ ਬਾਰੇ ਡਾਕਟਰ ਸੋਨੀ ਮਹਿਤਾ ਨੇ ਕਿਹਾ, “ਇਸ ਦੀ ਜਾਂਚ ਲਈ ਪਿਸ਼ਾਬ ਦੀ ਆਮ ਜਾਂਚ, ਯੂਰੀਨ ਕਲਚਰ ਅਤੇ ਅਲਟ੍ਰਾਸਾਊਂਡ ਵਰਗੀਆਂ ਸ਼ੁਰੂਆਤੀ ਜਾਂਚਾਂ ਤੋਂ ਲੈ ਕੇ ਯੂਰੋਡਾਇਨਾਮਿਕ ਸਟੱਡੀ ਵਰਗੀ ਵਿਸਤ੍ਰਿਤ ਜਾਂਚ ਤੱਕ ਕਈ ਟੈਸਟ ਕਰਵਾਉਣੇ ਪੈ ਸਕਦੇ ਹਨ।”

“ਇਨ੍ਹਾਂ ਜਾਂਚਾਂ ਦੇ ਨਤੀਜਿਆਂ ਦਾ ਸਹੀ ਤਰੀਕੇ ਨਾਲ ਵਿਸ਼ਲੇਸ਼ਣ ਕਰਨ ਲਈ ਯੂਰੋਲੋਜਿਸਟ ਦੀ ਸਲਾਹ ਅਤੇ ਮਾਰਗਦਰਸ਼ਨ ਜ਼ਰੂਰੀ ਹੁੰਦਾ ਹੈ।”

ਪ੍ਰੈਗਨੈਂਸੀ ਦੌਰਾਨ ਜੇ ਅਜਿਹੀ ਸਮੱਸਿਆ ਹੋ ਜਾਵੇ, ਤਾਂ ਡਿਲੀਵਰੀ ਤੋਂ ਬਾਅਦ ਵੀ ਇਸ ਦੇ ਬਣੇ ਰਹਿਣ ਦਾ ਖ਼ਤਰਾ ਵਧ ਸਕਦਾ ਹੈ (ਸੰਕੇਤਕ ਤਸਵੀਰ)

ਪ੍ਰੈਗਨੈਂਸੀ ਦੌਰਾਨ ਪੈਲਵਿਕ ਫਲੋਰ ‘ਤੇ ਕੀ ਅਸਰ ਪੈਂਦਾ ਹੈ ਅਤੇ ਇਸ ਦਾ ਪਿਸ਼ਾਬ ‘ਤੇ ਕੰਟ੍ਰੋਲ ਨਾਲ ਕੀ ਸਬੰਧ ਹੈ?

ਪ੍ਰੈਗਨੈਂਸੀ ਦੌਰਾਨ ਪੈਲਵਿਕ ਫਲੋਰ ‘ਤੇ ਕਾਫ਼ੀ ਦਬਾਅ ਪੈਂਦਾ ਹੈ। ਜਿਵੇਂ-ਜਿਵੇਂ ਬੱਚੇਦਾਨੀ ਦਾ ਆਕਾਰ ਵਧਦਾ ਹੈ, ਪੈਲਵਿਕ ਏਰੀਆ ‘ਤੇ ਵੀ ਦਬਾਅ ਵਧਣ ਲੱਗਦਾ ਹੈ।

ਇਸ ਦੇ ਨਾਲ ਹੀ ਹਾਰਮੋਨਲ ਅਤੇ ਸਰੀਰਕ ਬਦਲਾਅ ਵੀ ਪਿਸ਼ਾਬ ‘ਤੇ ਕੰਟ੍ਰੋਲ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਮਾਸਪੇਸ਼ੀਆਂ ਅਤੇ ਟਿਸ਼ੂ ‘ਤੇ ਅਸਰ ਪਾਉਂਦੇ ਹਨ।

ਕੁਝ ਔਰਤਾਂ ਨੂੰ ਡਿਲੀਵਰੀ ਤੋਂ ਪਹਿਲਾਂ ਹੀ ਪਿਸ਼ਾਬ ਲੀਕ ਹੋਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।

ਪ੍ਰੈਗਨੈਂਸੀ ਦੌਰਾਨ ਜੇ ਅਜਿਹੀ ਸਮੱਸਿਆ ਹੋ ਜਾਵੇ, ਤਾਂ ਡਿਲੀਵਰੀ ਤੋਂ ਬਾਅਦ ਵੀ ਇਸ ਦੇ ਬਣੇ ਰਹਿਣ ਦਾ ਖ਼ਤਰਾ ਵਧ ਸਕਦਾ ਹੈ। ਉਮਰ, ਵਜ਼ਨ ਅਤੇ ਪਹਿਲਾਂ ਹੋ ਚੁੱਕੀ ਪ੍ਰੈਗਨੈਂਸੀ ਦਾ ਵੀ ਇਸ ‘ਤੇ ਅਸਰ ਪੈਂਦਾ ਹੈ।

ਡਿਲੀਵਰੀ ਤੋਂ ਬਾਅਦ ਜਿਨ੍ਹਾਂ ਔਰਤਾਂ ਵਿੱਚ ਇਹ ਸਮੱਸਿਆ ਸ਼ੁਰੂ ਹੁੰਦੀ ਹੈ, ਉਨ੍ਹਾਂ ਬਾਰੇ ਅਸੀਂ ਡਾਕਟਰ ਮਾਇਆ ਪੀਐੱਲ ਗਾਡੇ ਤੋਂ ਕੁਝ ਸਵਾਲ ਪੁੱਛੇ।

ਉਹ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਮਹਿਲਾ ਰੋਗ ਅਤੇ ਪ੍ਰਸੂਤੀ ਰੋਗ ਮਾਹਰ ਕੰਸਲਟੈਂਟ ਵਜੋਂ ਕੰਮ ਕਰਦੇ ਹਨ।

ਨਾਰਮਲ ਡਿਲੀਵਰੀ ਅਤੇ ਸਿਜੇਰੀਅਨ ਡਿਲੀਵਰੀ ਕਿਸ ਵਿੱਚ ਇਸ ਸਮੱਸਿਆ ਦਾ ਵੱਧ ਖ਼ਤਰਾ?

ਡਾਕਟਰ ਮਾਇਆ ਪੀਐੱਲ ਗਾਡੇ ਨੇ ਦੱਸਿਆ ਕਿ ਰਿਸਰਚ ਮੁਤਾਬਕ, ਨਾਰਮਲ ਡਿਲੀਵਰੀ ਤੋਂ ਬਾਅਦ ਯੂਰੀਨਰੀ ਇਨਕਾਂਟੀਨੈਂਸ ਭਾਵ ਪਿਸ਼ਾਬ ‘ਤੇ ਕੰਟ੍ਰੋਲ ਨਾ ਰਹਿ ਪਾਉਣ ਦਾ ਖ਼ਤਰਾ ਸਿਜੇਰੀਅਨ ਡਿਲੀਵਰੀ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ।

ਕਈ ਅਧਿਐਨਾਂ ਦੇ ਸਾਂਝੇ ਵਿਸ਼ਲੇਸ਼ਣ ਵਿੱਚ ਵੀ ਨਾਰਮਲ ਡਿਲੀਵਰੀ ਤੋਂ ਬਾਅਦ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲੀ ਹੈ।

ਹਾਲਾਂਕਿ, ਸਿਜੇਰੀਅਨ ਡਿਲੀਵਰੀ ਕਰਵਾਉਣ ਨਾਲ ਇਹ ਖ਼ਤਰਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦਾ, ਕਿਉਂਕਿ ਪ੍ਰੈਗਨੈਂਸੀ ਦਾ ਅਸਰ ਵੀ ਪੈਲਵਿਕ ਫਲੋਰ ‘ਤੇ ਪੈਂਦਾ ਹੈ।

ਡਿਲੀਵਰੀ ਤੋਂ ਪਹਿਲਾਂ ਮੌਜੂਦ ਲੱਛਣ, ਮਾਂ ਦੀ ਸਿਹਤ ਅਤੇ ਡਿਲੀਵਰੀ ਦੌਰਾਨ ਹੋਈਆਂ ਜਟਿਲਤਾਵਾਂ ਕਾਰਨ ਹਰ ਔਰਤ ਦੀ ਸਥਿਤੀ ਵੱਖਰੀ ਹੋ ਸਕਦੀ ਹੈ।

ਗਰਭਵਤੀ ਔਰਤ (ਸੰਕੇਤਕ ਤਸਵੀਰ)

ਡਿਲੀਵਰੀ ਤੋਂ ਬਾਅਦ ਹੋਣ ਵਾਲਾ ਪਿਸ਼ਾਬ ਦਾ ਲੀਕੇਜ ਕੀ ਹਮੇਸ਼ਾ ਕੁਝ ਸਮੇਂ ਲਈ ਹੀ ਹੁੰਦਾ ਹੈ?

ਇਸ ਸਵਾਲ ਦੇ ਜਵਾਬ ਵਿੱਚ ਡਾਕਟਰ ਗਾਡੇ ਕਹਿੰਦੇ ਹਨ, “ਡਿਲੀਵਰੀ ਤੋਂ ਬਾਅਦ ਸ਼ੁਰੂਆਤੀ ਕੁਝ ਮਹੀਨਿਆਂ ਵਿੱਚ ਪੈਲਵਿਕ ਫਲੋਰ ਦੇ ਠੀਕ ਹੋਣ ਦੀ ਪ੍ਰਕਿਰਿਆ ਦੇ ਨਾਲ ਪਿਸ਼ਾਬ ਲੀਕ ਹੋਣ ਦੀ ਸਮੱਸਿਆ ਆਪਣੇ ਆਪ ਘੱਟ ਹੋ ਸਕਦੀ ਹੈ। ਪਰ ਹਰ ਵਾਰ ਅਜਿਹਾ ਹੋਵੇ, ਇਹ ਜ਼ਰੂਰੀ ਨਹੀਂ ਹੈ। ਰਿਸਰਚ ਮੁਤਾਬਕ, ਕਈ ਔਰਤਾਂ ਵਿੱਚ ਇਹ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹਿ ਸਕਦੀ ਹੈ।”

“ਇਸ ਲਈ ਜੇ ਡਿਲੀਵਰੀ ਤੋਂ ਬਾਅਦ ਪਿਸ਼ਾਬ ਲੀਕ ਹੋ ਰਿਹਾ ਹੋਵੇ ਤਾਂ ਇਸ ਨੂੰ ‘ਨਾਰਮਲ’ ਮੰਨ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜਾਂਚ ਕਰਵਾਉਣ ‘ਤੇ ਯੂਰੀਨਰੀ ਇਨਕਾਂਟੀਨੈਂਸ ਦੀ ਸਹੀ ਕਿਸਮ ਅਤੇ ਇਸ ਦੇ ਇਲਾਜ ਦਾ ਪਤਾ ਲਗਾਇਆ ਜਾ ਸਕਦਾ ਹੈ।”

ਕਿਹੜੇ ਲੱਛਣ ਦਿਖਾਈ ਦੇਣ ‘ਤੇ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ?

ਇਸ ‘ਤੇ ਉਨ੍ਹਾਂ ਕਿਹਾ, “ਜੇ ਪਿਸ਼ਾਬ ਲੀਕ ਹੋਣ ਦੀ ਸਮੱਸਿਆ ਲਗਾਤਾਰ ਹੋ ਰਹੀ ਹੈ, ਵਧ ਰਹੀ ਹੈ ਜਾਂ ਕਸਰਤ, ਕੰਮ, ਨੀਂਦ, ਰਿਸ਼ਤਿਆਂ ਜਾਂ ਰੋਜ਼ਾਨਾ ਦੀ ਜ਼ਿੰਦਗੀ ‘ਤੇ ਅਸਰ ਪਾ ਰਹੀ ਹੈ, ਤਾਂ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।”

“ਇਸ ਤੋਂ ਇਲਾਵਾ ਪਿਸ਼ਾਬ ਕਰਦੇ ਸਮੇਂ ਦਰਦ ਜਾਂ ਜਲਣ ਹੋਣਾ, ਪਿਸ਼ਾਬ ਵਿੱਚ ਖੂਨ ਆਉਣਾ, ਬਲੈਡਰ ਪੂਰੀ ਤਰ੍ਹਾਂ ਖਾਲ੍ਹੀ ਨਾ ਹੋਣਾ, ਵਾਰ-ਵਾਰ ਯੂਰੀਨ ਇਨਫੈਕਸ਼ਨ ਹੋਣਾ, ਪੈਲਵਿਕ ਏਰੀਆ ਨਾਲ ਜੁੜੀਆਂ ਹੋਰ ਪਰੇਸ਼ਾਨੀਆਂ ਜਾਂ ਅਚਾਨਕ ਪਿਸ਼ਾਬ ‘ਤੇ ਕੰਟ੍ਰੋਲ ਵਿੱਚ ਬਦਲਾਅ ਹੋਣਾ ਵੀ ਮਹੱਤਵਪੂਰਨ ਲੱਛਣ ਹਨ। ਸਹੀ ਜਾਂਚ ਰਾਹੀਂ ਇਸਦੇ ਕਾਰਨ ਦਾ ਪਤਾ ਲਗਾਇਆ ਜਾ ਸਕਦਾ ਹੈ।”

ਕੀਗਲ ਐਕਸਰਸਾਈਜ਼ ਕੀ ਹੈ?

ਕਸਰਤ ਕਰਦੀ ਔਰਤ (ਸੰਕੇਤਕ ਤਸਵੀਰ)

ਕੀਗਲ ਐਕਸਰਸਾਈਜ਼ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਨੂੰ ਸੁੰਗੜਨ ਅਤੇ ਫਿਰ ਰਿਲੈਕਸ ਕਰਨ ‘ਤੇ ਆਧਾਰਿਤ ਐਕਸਰਸਾਈਜ਼ ਹਨ। 1940 ਦੇ ਦਹਾਕੇ ਵਿੱਚ ਡਾਕਟਰ ਅਰਨੋਲਡ ਕੀਗਲ ਨੇ ਔਰਤਾਂ ਵਿੱਚ ਯੂਰੀਨ ਇਨਕਾਂਟੀਨੈਂਸ ਦੇ ਇਲਾਜ ਲਈ ਪਹਿਲੀ ਵਾਰ ਇਨ੍ਹਾਂ ਐਕਸਰਸਾਈਜ਼ ਜਾਂ ਕਸਰਤਾਂ ਦੀ ਸਲਾਹ ਦਿੱਤੀ ਸੀ।

ਅੱਜ ਔਰਤਾਂ ਦੇ ਨਾਲ-ਨਾਲ ਮਰਦਾਂ ਨੂੰ ਵੀ, ਖ਼ਾਸ ਕਰਕੇ ਪ੍ਰੋਸਟੇਟ ਸਰਜਰੀ ਤੋਂ ਬਾਅਦ, ਕੀਗਲ ਐਕਸਰਸਾਈਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਸਹੀ ਤਰੀਕੇ ਨਾਲ ਕਰਨ ‘ਤੇ ਇਸ ਨਾਲ ਪਿਸ਼ਾਬ ‘ਤੇ ਕੰਟ੍ਰੋਲ ਬਿਹਤਰ ਹੋ ਸਕਦਾ ਹੈ, ਡਿਲੀਵਰੀ ਤੋਂ ਬਾਅਦ ਰਿਕਵਰੀ ਵਿੱਚ ਮਦਦ ਮਿਲ ਸਕਦੀ ਹੈ ਅਤੇ ਕੁਝ ਮਾਮਲਿਆਂ ਵਿੱਚ ਸੈਕਸ਼ੁਅਲ ਹੈਲਥ ਨਾਲ ਜੁੜੀਆਂ ਪਰੇਸ਼ਾਨੀਆਂ ਵੀ ਘੱਟ ਹੋ ਸਕਦੀਆਂ ਹਨ।

ਹਾਲਾਂਕਿ, ਕਈ ਵਾਰ ਲੋਕ ਗਲਤ ਮਾਸਪੇਸ਼ੀਆਂ ਨੂੰ ਸੁੰਗੜਾਉਣ ਲੱਗਦੇ ਹਨ। ਪੇਟ, ਕੁੱਲ੍ਹਿਆਂ ਜਾਂ ਪੱਟਾਂ ਦੀਆਂ ਮਾਸਪੇਸ਼ੀਆਂ ਨੂੰ ਕੱਸਣ ਨੂੰ ਹੀ ਕੀਗਲ ਐਕਸਰਸਾਈਜ਼ ਸਮਝ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਲੋਕ ਇਨ੍ਹਾਂ ਐਕਸਰਸਾਈਜ਼ ਨੂੰ ਲਗਾਤਾਰ ਅਤੇ ਲੋੜ ਤੋਂ ਜ਼ਿਆਦਾ ਵੀ ਕਰ ਲੈਂਦੇ ਹਨ।

ਜਿਨ੍ਹਾਂ ਲੋਕਾਂ ਦਾ ਪੈਲਵਿਕ ਫਲੋਰ ਪਹਿਲਾਂ ਤੋਂ ਹੀ ਜ਼ਿਆਦਾ ਟਾਈਟ ਹੁੰਦਾ ਹੈ, ਜੇ ਉਹ ਸਿਰਫ਼ ਮਾਸਪੇਸ਼ੀਆਂ ਨੂੰ ਹੋਰ ਕੱਸਣ ਭਾਵ ਟਾਈਟਨਿੰਗ ਵਾਲੀਆਂ ਐਕਸਰਸਾਈਜ਼ ਕਰਦੇ ਰਹਿਣ, ਤਾਂ ਦਰਦ, ਬੇਚੈਨੀ ਜਾਂ ਪਿਸ਼ਾਬ ਨਾਲ ਜੁੜੀਆਂ ਪਰੇਸ਼ਾਨੀਆਂ ਵਧ ਸਕਦੀਆਂ ਹਨ।

ਇਸ ਲਈ ਕੀਗਲ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਅਸਲ ਸਮੱਸਿਆ ਕੀ ਹੈ। ਲੋੜ ਪੈਣ ‘ਤੇ ਪੈਲਵਿਕ ਫਲੋਰ ਫਿਜ਼ਿਓਥੈਰੇਪਿਸਟ ਤੋਂ ਸਹੀ ਮਾਰਗਦਰਸ਼ਨ ਲੈਣਾ ਵੀ ਮਹੱਤਵਪੂਰਨ ਹੈ।

ਮਰਦਾਂ ਅਤੇ ਔਰਤਾਂ ਵਿੱਚ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਦੀ ਬੁਨਿਆਦੀ ਬਣਤਰ ਇੱਕੋ ਜਿਹੀ ਹੁੰਦੀ ਹੈ, ਪਰ ਔਰਤਾਂ ਵਿੱਚ ਇਹ ਮਾਸਪੇਸ਼ੀਆਂ ਪ੍ਰੈਗਨੈਂਸੀ ਅਤੇ ਡਿਲੀਵਰੀ ਸਮੇਂ ਜ਼ਰੂਰਤ ਲਈ ਜ਼ਿਆਦਾ ਲਚਕੀਲੀਆਂ ਹੁੰਦੀਆਂ ਹਨ।

ਜਦਕਿ ਮਰਦਾਂ ਵਿੱਚ ਕੀਗਲ ਮਾਸਪੇਸ਼ੀਆਂ ਪਿਸ਼ਾਬ ‘ਤੇ ਕੰਟ੍ਰੋਲ, ਇਰੇਕਸ਼ਨ ਅਤੇ ਸੈਕਸ਼ੁਅਲ ਫੰਕਸ਼ਨ ਨਾਲ ਜ਼ਿਆਦਾ ਜੁੜੀਆਂ ਹੁੰਦੀਆਂ ਹਨ।

ਕੀਗਲ ਐਕਸਰਸਾਈਜ਼ ਨਾਲ ਕਿੰਨੀ ਮਦਦ ਮਿਲਦੀ ਹੈ?

ਕਸਰਤ ਕਰਦੀ ਔਰਤ (ਸੰਕੇਤਕ ਤਸਵੀਰ)

ਕੀ ਪਿਸ਼ਾਬ ਲੀਕ ਹੋਣ ਦੀ ਸਮੱਸਿਆ ਤੋਂ ਪਰੇਸ਼ਾਨ ਔਰਤਾਂ ਨੂੰ ਕੀਗਲ ਐਕਸਰਸਾਈਜ਼ ਨਾਲ ਫ਼ਾਇਦਾ ਹੁੰਦਾ ਹੈ?

ਇਸ ਸਵਾਲ ‘ਤੇ ਠਾਣੇ ਦੇ ਕਿਮਜ਼ ਹਸਪਤਾਲ ਦੇ ਫਿਜ਼ਿਓਥੈਰੇਪੀ ਵਿਭਾਗ ਦੇ ਮੁਖੀ ਡਾਕਟਰ ਅਰੁਣ ਕੁਮਾਰ ਕੰਨੌਜੀਆ ਨੇ ਕਿਹਾ, “ਕੀਗਲ ਐਕਸਰਸਾਈਜ਼ ਅੱਜ ਵੀ ਲਾਭਦਾਇਕ ਹਨ। ਹਾਲਾਂਕਿ, ਪੈਲਵਿਕ ਫਲੋਰ ਦਾ ਰਿਹੈਬਿਲਿਟੇਸ਼ਨ ਹੁਣ ਸਿਰਫ਼ ਇਨ੍ਹਾਂ ਮਾਸਪੇਸ਼ੀਆਂ ਨੂੰ ਸੁੰਗੜਾਉਣ ਤੱਕ ਸੀਮਤ ਨਹੀਂ ਹੈ। ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਪੇਟ ਦੇ ਅੰਦਰ ਦੀਆਂ ਡੂੰਘੀਆਂ ਮਾਸਪੇਸ਼ੀਆਂ, ਡਾਇਫ੍ਰਾਮ ਅਤੇ ਕੂਲ੍ਹਿਆਂ ਦੀਆਂ ਮਾਸਪੇਸ਼ੀਆਂ ਨਾਲ ਮਿਲ ਕੇ ਇੱਕ ਫੰਕਸ਼ਨਲ ਯੂਨਿਟ ਵਾਂਗ ਕੰਮ ਕਰਦੀਆਂ ਹਨ।”

“ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਨੂੰ ਸੁੰਗੜਾਉਣ ਦੇ ਨਾਲ ਪੈਲਵਿਕ ਟਿਲਟਸ ਅਤੇ ਕੋਰ ਐਕਟੀਵੇਸ਼ਨ, ਬਰਡ-ਡੌਗਸ ਅਤੇ ਗਲੂਟ ਬ੍ਰਿਜ ਵਰਗੀਆਂ ਐਕਸਰਸਾਈਜ਼ ਕਰਨ ਨਾਲ ਰੋਜ਼ਾਨਾ ਦੀਆਂ ਗਤੀਵਿਧੀਆਂ ਦੌਰਾਨ ਮਾਸਪੇਸ਼ੀਆਂ ਦੀ ਤਾਕਤ ਅਤੇ ਉਨ੍ਹਾਂ ਵਿਚਕਾਰ ਤਾਲਮੇਲ ਨੂੰ ਬਿਹਤਰ ਕਰਨ ਵਿੱਚ ਮਦਦ ਮਿਲ ਸਕਦੀ ਹੈ।”

ਉਨ੍ਹਾਂ ਅੱਗੇ ਕਿਹਾ, “ਬਾਇਓਫੀਡਬੈਕ ਵੀ ਇੱਕ ਲਾਭਦਾਇਕ ਤਰੀਕਾ ਹੈ। ਈਐੱਮਜੀ ਜਾਂ ਪ੍ਰੈਸ਼ਰ ਆਧਾਰਿਤ ਡਿਵਾਈਸ ਦੀ ਮਦਦ ਨਾਲ ਔਰਤਾਂ ਨੂੰ ਰੀਅਲ ਟਾਈਮ ਵਿੱਚ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਉਹ ਸਹੀ ਮਾਸਪੇਸ਼ੀਆਂ ਦਾ ਇਸਤੇਮਾਲ ਕਰ ਰਹੀਆਂ ਹਨ ਜਾਂ ਨਹੀਂ।”

“ਉਹ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਰਿਲੈਕਸ ਕਰ ਪਾ ਰਹੀਆਂ ਹਨ ਜਾਂ ਨਹੀਂ। ਖ਼ਾਸ ਤੌਰ ‘ਤੇ ਉਨ੍ਹਾਂ ਔਰਤਾਂ ਲਈ ਇਹ ਜ਼ਿਆਦਾ ਮਦਦਗਾਰ ਹੋ ਸਕਦਾ ਹੈ, ਜਿਨ੍ਹਾਂ ਨੂੰ ਇਹ ਪਛਾਣਨ ਵਿੱਚ ਪਰੇਸ਼ਾਨੀ ਹੁੰਦੀ ਹੈ ਕਿ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਨੂੰ ਸਹੀ ਤਰੀਕੇ ਨਾਲ ਕਿਵੇਂ ਐਕਟੀਵੇਟ ਕਰਨਾ ਹੈ।”

ਖਾਣਾ ਖਾਂਦੀ ਔਰਤ (ਸੰਕੇਤਕ ਤਸਵੀਰ)

ਇਸ ਤੋਂ ਬਾਅਦ ਡਾਕਟਰ ਕੰਨੌਜੀਆ ਇੱਕ ਜ਼ਰੂਰੀ ਗੱਲ ਵੱਲ ਧਿਆਨ ਦਿਵਾਉਂਦੇ ਹਨ।

ਉਹ ਕਹਿੰਦੇ ਹਨ, “ਇਹ ਜ਼ਰੂਰੀ ਨਹੀਂ ਹੈ ਕਿ ਹਰੇਕ ਪੈਲਵਿਕ ਫਲੋਰ ਨੂੰ ਮਜ਼ਬੂਤ ਕਰਨ ਦੀ ਲੋੜ ਹੋਵੇ। ਕੁਝ ਔਰਤਾਂ ਵਿੱਚ ਮਾਸਪੇਸ਼ੀਆਂ ਬਹੁਤ ਜ਼ਿਆਦਾ ਟਾਈਟ ਜਾਂ ਓਵਰਐਕਟਿਵ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਮਾਸਪੇਸ਼ੀਆਂ ਨੂੰ ਰਿਲੈਕਸ ਕਰਨਾ ਅਤੇ ਉਨ੍ਹਾਂ ਵਿਚਕਾਰ ਸਹੀ ਤਾਲਮੇਲ ਬਣਾਉਣਾ ਜ਼ਿਆਦਾ ਸਹੀ ਹੋ ਸਕਦਾ ਹੈ।”

“ਫਿਜ਼ਿਓਥੈਰੇਪਿਸਟ ਵਿਅਕਤੀ ਦੀ ਸਥਿਤੀ ਦੀ ਜਾਂਚ ਕਰਕੇ, ਉਸ ਦੇ ਮੁਤਾਬਕ ਸਹੀ ਐਕਸਰਸਾਈਜ਼ ਦਾ ਪਲਾਨ ਤਿਆਰ ਕਰ ਸਕਦੇ ਹਨ।”

ਉਹ ਅੱਗੇ ਕਹਿੰਦੇ ਹਨ, “ਪੈਲਵਿਕ ਫਲੋਰ ਦੀ ਕਮਜ਼ੋਰੀ ਦਾ ਸਬੰਧ ਪੈਲਵਿਕ ਆਰਗਨ ਪ੍ਰੋਲੈਪਸ ਨਾਲ ਵੀ ਹੋ ਸਕਦਾ ਹੈ। ਹਾਲਾਂਕਿ, ਪਿਸ਼ਾਬ ਨਾਲ ਜੁੜੀ ਹਰ ਸਮੱਸਿਆ ਦਾ ਮਤਲਬ ਇਹ ਨਹੀਂ ਹੈ ਕਿ ਪੈਲਵਿਕ ਫਲੋਰ ਦੀਆਂ ਮਾਸਪੇਸ਼ੀਆਂ ਕਮਜ਼ੋਰ ਹਨ।”

“ਕੁਝ ਔਰਤਾਂ ਵਿੱਚ ਇਹ ਮਾਸਪੇਸ਼ੀਆਂ ਕਮਜ਼ੋਰ ਹੋਣ ਦੀ ਬਜਾਏ ਲੋੜ ਤੋਂ ਜ਼ਿਆਦਾ ਟਾਈਟ ਹੋ ਸਕਦੀਆਂ ਹਨ। ਇਸ ਲਈ ਪੈਲਵਿਕ ਹੈਲਥ ਫਿਜ਼ਿਓਥੈਰੇਪਿਸਟ ਤੋਂ ਜਾਂਚ ਕਰਵਾ ਕੇ ਇਹ ਸਮਝਣਾ ਫ਼ਾਇਦੇਮੰਦ ਹੋ ਸਕਦਾ ਹੈ ਕਿ ਅਸਲ ਸਮੱਸਿਆ ਕੀ ਹੈ।”

ਜੀਵਨਸ਼ੈਲੀ ਵਿੱਚ ਕੋਈ ਵੱਡਾ ਬਦਲਾਅ ਕਰਨਾ ਹੋਵੇ, ਡਾਈਟ ਵਿੱਚ ਬਦਲਾਅ ਕਰਨਾ ਹੋਵੇ, ਦਵਾਈਆਂ ਲੈਣੀਆਂ ਹੋਣ ਜਾਂ ਐਕਸਰਸਾਈਜ਼ ਸ਼ੁਰੂ ਕਰਨੀ ਹੋਵੇ, ਤਾਂ ਡਾਕਟਰ ਅਤੇ ਸਹੀ ਟ੍ਰੇਨਰ ਦੀ ਮਦਦ ਲੈਣਾ ਜ਼ਰੂਰੀ ਹੈ।

ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਠੀਕ ਤਰ੍ਹਾਂ ਜਾਂਚ ਕਰਵਾਉਣ ਤੋਂ ਬਾਅਦ, ਉਨ੍ਹਾਂ ਦੀ ਸਲਾਹ ਮੁਤਾਬਕ ਹੀ ਜੀਵਨਸ਼ੈਲੀ ਵਿੱਚ ਬਦਲਾਅ ਕਰਨਾ ਬਿਹਤਰ ਹੁੰਦਾ ਹੈ। ਡਾਕਟਰ ਨੂੰ ਦਿਖਾਏ ਬਿਨਾਂ ਆਪਣੇ ਆਪ ਇਲਾਜ ਕਰਨਾ ਨੁਕਸਾਨਦਾਇਕ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI