Home rss national punjabi2ਰਾਸ਼ਟਰੀ ਖ਼ਬਰਾਂ ਇਸ ਕੁੜੀ ਨੇ ਆਪਣੇ ਪਰਿਵਾਰ ਨੂੰ ਫ਼ੋਨ ‘ਤੇ ਦੱਸਿਆ, ‘ਮੇਰੇ ਕੋਚ ਵਿੱਚ...

ਇਸ ਕੁੜੀ ਨੇ ਆਪਣੇ ਪਰਿਵਾਰ ਨੂੰ ਫ਼ੋਨ ‘ਤੇ ਦੱਸਿਆ, ‘ਮੇਰੇ ਕੋਚ ਵਿੱਚ ਕੁਝ ਲੋਕ ਸ਼ਰਾਬ ਪੀ ਰਹੇ ਹਨ’, ਅਗਲੇ ਦਿਨ ਕੁੜੀ ਦੀ ਲਾਸ਼ ਮਿਲੀ

4
0

Source :- BBC PUNJABI

ਹਿਮਾਸ਼੍ਰੀ ਬੋਰੋ

ਅਸਮ ਦੇ ਹਿਮਾਸ਼੍ਰੀ ਬੋਰੋ, ਜੋ ਇੱਕ ਡਾਂਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਵਿਸ਼ਾਖਾਪਟਨਮ ਆਏ ਸਨ ਅਤੇ ਫਿਰ ਪ੍ਰੀਖਿਆ ਦੇਣ ਲਈ ਆਪਣੇ ਘਰ ਵਾਪਸ ਜਾ ਰਹੇ ਸਨ।

ਉਹ ਕੰਨਿਆਕੁਮਾਰੀ ਅਤੇ ਡਿਬਰੂਗੜ੍ਹ ਵਿਚਕਾਰ ਚੱਲਣ ਵਾਲੀ ਵਿਵੇਕ ਐਕਸਪ੍ਰੈੱਸ ਰਾਹੀਂ ਸਫ਼ਰ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਡਰ ਲੱਗ ਰਿਹਾ ਹੈ ਕਿਉਂਕਿ ਜਿਸ ਕੋਚ ਵਿੱਚ ਉਹ ਸਫ਼ਰ ਕਰ ਰਹੇ ਹਨ, ਉਸ ਵਿੱਚ ਕੁਝ ਲੋਕ ਸ਼ਰਾਬ ਪੀ ਰਹੇ ਹਨ।

ਕੁਝ ਦੇਰ ਬਾਅਦ, ਉਨ੍ਹਾਂ ਦਾ ਫ਼ੋਨ ਨੈੱਟਵਰਕ ਤੋਂ ਬਾਹਰ ਹੋ ਗਿਆ।

ਅਗਲੇ ਦਿਨ, ਸ਼੍ਰੀਕਾਕੁਲਮ ਜ਼ਿਲ੍ਹੇ ਵਿੱਚ ਰੇਲਵੇ ਟਰੈਕ ਦੇ ਨੇੜੇ ਉਨ੍ਹਾਂ ਦੀ ਲਾਸ਼ ਮਿਲੀ।

ਪੁਲਿਸ ਨੇ ਦੱਸਿਆ ਕਿ ਇਹ ਸਾਰੀਆਂ ਘਟਨਾਵਾਂ 5 ਅਕਤੂਬਰ ਦੀ ਸ਼ਾਮ ਅਤੇ 7 ਅਕਤੂਬਰ ਦੀ ਸਵੇਰ ਦੇ ਵਿਚਕਾਰ ਵਾਪਰੀਆਂ।

ਕੀ ਹਿਮਾਸ਼੍ਰੀ ਗਲਤੀ ਨਾਲ ਰੇਲਗੱਡੀ ਤੋਂ ਡਿੱਗ ਗਏ ਸੀ? ਕੀ ਕਿਸੇ ਨੇ ਉਨ੍ਹਾਂ ਨੂੰ ਧੱਕਾ ਦਿੱਤਾ ਸੀ? ਉਸ ਰਾਤ ਰੇਲਗੱਡੀ ਵਿੱਚ ਅਸਲ ਵਿੱਚ ਕੀ ਹੋਇਆ ਸੀ? ਸੂਚਨਾ ਮਿਲਣ ਦੇ ਬਾਵਜੂਦ ਰੇਲਵੇ ਸੁਰੱਖਿਆ ਕਰਮਚਾਰੀ ਉਨ੍ਹਾਂ ਦੀ ਪਛਾਣ ਕਿਉਂ ਨਹੀਂ ਕਰ ਸਕੇ?

ਆਂਧਰਾ ਪ੍ਰਦੇਸ਼ ਅਤੇ ਅਸਮ ਪੁਲਿਸ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਜਾਂਚ ਕਰ ਰਹੀ ਹੈ।

ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਪੱਤਰ ਲਿਖ ਕੇ ਹਿਮਾਸ਼੍ਰੀ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।

ਅਸਮ ਤੋਂ ਵਿਸ਼ਾਖਾਪਟਨਮ ਤੱਕ…

ਬੋਡੋ ਸਟੂਡੈਂਟਸ ਫੋਰਮ ਨੇ ਹਿਮਾਸ਼੍ਰੀ ਬੋਰੋ ਨੂੰ ਸ਼ਰਧਾਂਜਲੀ ਦਿੱਤੀ

ਅਸਮ ਦੇ ਗੁਵਾਹਾਟੀ ਦੇ ਬੋਂਡਾ ਇਲਾਕੇ ਦੇ ਰਹਿਣ ਵਾਲੇ ਹਿਮਾਸ਼੍ਰੀ ਬੋਰੋ, ਇੱਕ ਡਾਂਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਇੱਕ ਗਰੁੱਪ ਨਾਲ ਵਿਸ਼ਾਖਾਪਟਨਮ ਆਏ ਸਨ।

ਟੀਮ ਦੇ ਬਾਕੀ ਮੈਂਬਰ ਉੱਥੇ ਹੀ ਰੁਕੇ ਹੋਏ ਸਨ ਪਰ ਹਿਮਾਂਸ਼੍ਰੀ ਨੇ ਆਪਣੇ ਘਰ ਵਾਪਸ ਜਾਣ ਦਾ ਫ਼ੈਸਲਾ ਕੀਤਾ, ਕਿਉਂਕਿ ਅਗਲੇ ਦਿਨ ਉਨ੍ਹਾਂ ਦੀ ਪ੍ਰੀਖਿਆ ਸੀ।

ਸ਼੍ਰੀਕਾਕੁਲਮ ਦੇ ਐੱਸਪੀ ਕੇਵੀ ਮਹੇਸ਼ਵਰ ਰੈੱਡੀ ਨੇ ਦੱਸਿਆ ਕਿ ਹਾਲਾਂਕਿ ਹਿਮਾਸ਼੍ਰੀ ਨੇ 5 ਅਕਤੂਬਰ ਨੂੰ ਗੁਵਾਹਾਟੀ ਜਾਣ ਲਈ ਰੇਲਗੱਡੀ ਦੀ ਟਿਕਟ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲ ਸਕੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਹਿਮਾਸ਼੍ਰੀ ਨੇ ਜਨਰਲ ਟਿਕਟ ਲਈ ਅਤੇ ਵਿਵੇਕ ਐਕਸਪ੍ਰੈੱਸ ਵਿੱਚ ਸਵਾਰ ਹੋ ਗਏ, ਜੋ ਕੰਨਿਆਕੁਮਾਰੀ ਅਤੇ ਡਿਬਰੂਗੜ੍ਹ ਵਿਚਕਾਰ ਚੱਲਦੀ ਹੈ।

ਐੱਸਪੀ ਨੇ ਦੱਸਿਆ ਕਿ ਰੇਲਗੱਡੀ ਵਿੱਚ ਪਹਿਲਾਂ ਹੀ ਬਹੁਤ ਭੀੜ ਹੋਣ ਕਾਰਨ ਹਿਮਾਸ਼੍ਰੀ ਨੂੰ ਸੀਟ ਨਹੀਂ ਮਿਲ ਸਕੀ ਅਤੇ ਉਹ ਆਪਣੇ ਕੋਚ ਦੇ ਦਰਵਾਜ਼ੇ ਕੋਲ ਹੀ ਖੜ੍ਹੇ ਰਹੇ। ਉਨ੍ਹਾਂ ਦੱਸਿਆ ਕਿ ਕੋਚ ਵਿੱਚ ਬਹੁਤ ਭੀੜ ਸੀ, ਕਿਉਂਕਿ ਬਿਨਾਂ ਰਿਜ਼ਰਵੇਸ਼ਨ ਵਾਲੇ ਯਾਤਰੀ ਵੀ ਸਲੀਪਰ ਕੋਚ ਵਿੱਚ ਚੜ੍ਹ ਗਏ ਸਨ।

ਫ਼ੋਨ ‘ਤੇ ਦੱਸਿਆ ਕਿ ਰੇਲਗੱਡੀ ਵਿੱਚ ਡਰ ਲੱਗ ਰਿਹਾ ਸੀ

ਹਿਮਾਸ਼੍ਰੀ ਬੋਰੋ

ਹਿਮਾਸ਼੍ਰੀ ਐੱਸ-2 ਕੋਚ ਵਿੱਚ ਸਫ਼ਰ ਕਰ ਰਹੇ ਸਨ। ਉਨ੍ਹਾਂ ਨੇ ਅੱਧੀ ਰਾਤ ਦੇ ਕਰੀਬ ਆਪਣੇ ਪਰਿਵਾਰ ਨਾਲ ਫ਼ੋਨ ‘ਤੇ ਗੱਲ ਕੀਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਿਮਾਸ਼੍ਰੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਕੋਚ ਵਿੱਚ ਕੁਝ ਲੋਕ ਸ਼ਰਾਬ ਪੀ ਰਹੇ ਸਨ ਅਤੇ ਉਹ ਡਰੀ ਹੋਈ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਰਾਤ 2.30 ਵਜੇ ਤੋਂ ਬਾਅਦ ਉਸ ਨੂੰ ਫ਼ੋਨ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ।

ਪਰੇਸ਼ਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਰੇਲਵੇ ਹੈਲਪਲਾਈਨ 139 ਅਤੇ ਗੁਹਾਟੀ ਰੇਲਵੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ।

ਸ਼੍ਰੀਕਾਕੁਲਮ ਜ਼ਿਲ੍ਹੇ ਦੇ ਐੱਸਪੀ ਨੇ ਦੱਸਿਆ ਕਿ ਹਿਮਾਸ਼੍ਰੀ ਨੇ ਕੋਚ ਦੇ ਹਾਲਾਤ ਦਿਖਾਉਣ ਵਾਲਾ ਇੱਕ ਵੀਡੀਓ ਆਪਣੀ ਸਹੇਲੀ ਨੂੰ ਵੀ ਭੇਜਿਆ ਸੀ। ਵੀਡੀਓ ਵਿੱਚ ਸ਼ਰਾਬ ਪੀਂਦੇ ਦਿਖਾਈ ਦੇ ਰਹੇ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਹਾਲਾਂਕਿ, ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਕੁਝ ਵੀ ਸ਼ੱਕੀ ਦਿਖਾਈ ਨਹੀਂ ਦਿੱਤਾ। ਫਿਰ ਵੀ, ਉਹ ਵੀਡੀਓ ਵਿੱਚ ਦਿਖਾਈ ਦੇ ਰਹੇ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਹਾਲਾਂਕਿ, ਸ਼੍ਰੀਕਾਕੁਲਮ ਦੇ ਐੱਸਪੀ ਨੇ ਕਿਹਾ ਕਿ ਜਦੋਂ ਹੈਲਪਲਾਈਨ ਨੂੰ ਜਾਣਕਾਰੀ ਮਿਲੀ ਸੀ, ਤਾਂ ਇਹ ਸਪਸ਼ਟ ਤੌਰ ‘ਤੇ ਨਹੀਂ ਦੱਸਿਆ ਗਿਆ ਸੀ ਕਿ ਹਿਮਾਸ਼੍ਰੀ ਕਿਸ ਕੋਚ ਵਿੱਚ ਸਫ਼ਰ ਕਰ ਰਹੇ ਸਨ।

ਐੱਸਪੀ ਮਹੇਸ਼ਵਰ ਰੈੱਡੀ ਨੇ ਬੀਬੀਸੀ ਨੂੰ ਦੱਸਿਆ, “ਵਿਜੇਨਗਰਮ ਸਟੇਸ਼ਨ ਪਾਰ ਕਰਨ ਤੋਂ ਬਾਅਦ ਇੱਕ ਫ਼ੋਨ ਕਾਲ ਆਈ ਸੀ। ਅਗਲਾ ਸਟੇਸ਼ਨ ਅਮਾਦਾਲਵਲਸਾ ਸੀ, ਇਸ ਲਈ ਉੱਥੇ ਰੇਲਵੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਹਿਮਾਸ਼੍ਰੀ ਨਹੀਂ ਮਿਲੇ।”

ਪੱਟੜੀ ਦੇ ਨੇੜੇ ਮਿਲੀ ਲਾਸ਼

ਹਿਮਾਸ਼੍ਰੀ ਬੋਰੋ ਦੀ ਲਾਸ਼ ਇਸ ਇਲਾਕੇ ਵਿੱਚ ਮਿਲੀ ਸੀ

7 ਅਕਤੂਬਰ ਨੂੰ ਰੇਲਵੇ ਪੁਲਿਸ ਨੂੰ ਸ਼੍ਰੀਕਾਕੁਲਮ ਜ਼ਿਲ੍ਹੇ ਦੇ ਅਮਾਦਾਲਵਲਸਾ-ਪੋਂਦੂਰ ਰੇਲਵੇ ਸੈਕਸ਼ਨ ਵਿੱਚ ਬੋੱਡੇਪੱਲੀ ਪੇਟਾ ਦੇ ਨੇੜੇ ਪਟੜੀ ਕਿਨਾਰੇ ਹਿਮਾਸ਼੍ਰੀ ਦੀ ਲਾਸ਼ ਮਿਲੀ।

ਉਨ੍ਹਾਂ ਦੇ ਦੋ ਬੈਗ ਉਸੇ ਰੇਲਗੱਡੀ ਦੇ ਕੋਚ ਵਿੱਚ ਮਿਲੇ, ਜਿਸ ਵਿੱਚ ਉਹ ਸਫ਼ਰ ਕਰ ਰਹੇ ਸਨ।

ਲਾਸ਼ ਦੇ ਨਾਲ ਮਿਲੇ ਆਧਾਰ ਕਾਰਡ ਦੀ ਜਾਣਕਾਰੀ ਦੇ ਆਧਾਰ ‘ਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਬਾਅਦ ਵਿੱਚ ਲਾਸ਼ ਨੂੰ ਸ਼੍ਰੀਕਾਕੁਲਮ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਪਰਿਵਾਰਕ ਮੈਂਬਰ ਸ਼੍ਰੀਕਾਕੁਲਮ ਪਹੁੰਚੇ ਅਤੇ ਉਨ੍ਹਾਂ ਨੇ ਲਾਸ਼ ਦੀ ਪਛਾਣ ਕੀਤੀ।

ਫਿਰ ਉਹ ਐੱਸਪੀ ਕੇਵੀ ਮਹੇਸ਼ਵਰ ਰੈੱਡੀ ਨੂੰ ਮਿਲੇ ਅਤੇ ਆਪਣੀਆਂ ਚਿੰਤਾਵਾਂ ਬਾਰੇ ਦੱਸਿਆ।

ਉਨ੍ਹਾਂ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਅਤੇ ਇਹ ਪਤਾ ਲਗਾਉਣ ਲਈ ਕਿਹਾ ਕਿ ਉਨ੍ਹਾਂ ਦੀ ਧੀ ਨਾਲ ਕੀ ਹੋਇਆ ਸੀ, ਕਿਉਂਕਿ ਉਸ ਨੇ ਕਿਹਾ ਸੀ ਕਿ ਉਸ ਨੂੰ ਰੇਲਗੱਡੀ ਵਿੱਚ ਡਰ ਲੱਗ ਰਿਹਾ ਸੀ।

ਕੀ ਇਹ ਹਾਦਸਾ ਸੀ… ਜਾਂ ਕਿਸੇ ਨੇ ਉਨ੍ਹਾਂ ਨੂੰ ਧੱਕਾ ਦਿੱਤਾ?

ਸ਼੍ਰੀਕਾਕੁਲਮ ਦੇ ਐੱਸਪੀ ਕੇਵੀ ਮਹੇਸ਼ਵਰ ਰੈੱਡੀ ਮੁਤਾਬਕ, ਪੋਸਟਮਾਰਟਮ ਰਿਪੋਰਟ ਵਿੱਚ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਤੋਂ ਪਤਾ ਲੱਗੇ ਕਿ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ

ਪੁਲਿਸ ਹਿਮਾਸ਼੍ਰੀ ਦੀ ਮੌਤ ਦੇ ਕਾਰਨਾਂ ਦੀ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

ਕੀ ਉਹ ਗਲਤੀ ਨਾਲ ਰੇਲਗੱਡੀ ਤੋਂ ਡਿੱਗ ਗਏ ਸੀ? ਕੀ ਕਿਸੇ ਨੇ ਜਾਣਬੁੱਝ ਕੇ ਉਨ੍ਹਾਂ ਨੂੰ ਧੱਕਾ ਦਿੱਤਾ ਸੀ? ਕੀ ਰੇਲਗੱਡੀ ਵਿੱਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਾਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦਾ ਸਾਹਮਣਾ ਕਰਨਾ ਪਿਆ ਸੀ? ਪੁਲਿਸ ਇਨ੍ਹਾਂ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

ਸ਼੍ਰੀਕਾਕੁਲਮ ਦੇ ਐੱਸਪੀ ਕੇਵੀ ਮਹੇਸ਼ਵਰ ਰੈੱਡੀ ਮੁਤਾਬਕ, ਪੋਸਟਮਾਰਟਮ ਰਿਪੋਰਟ ਵਿੱਚ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਤੋਂ ਪਤਾ ਲੱਗੇ ਕਿ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ।

ਹਾਲਾਂਕਿ, ਉਨ੍ਹਾਂ ਕਿਹਾ ਕਿ ਜਾਂਚ ਤੋਂ ਹੀ ਇਹ ਪਤਾ ਲੱਗ ਸਕੇਗਾ ਕਿ ਉਹ ਗਲਤੀ ਨਾਲ ਰੇਲਗੱਡੀ ਤੋਂ ਡਿੱਗੇ ਸਨ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਸੀ।

ਪੁਲਿਸ ਨੇ ਰੇਲਗੱਡੀ ਵਿੱਚ ਸਫ਼ਰ ਕਰਨ ਵਾਲੇ ਕੁਝ ਯਾਤਰੀਆਂ ਤੋਂ ਪੁੱਛਗਿੱਛ ਕੀਤੀ। ਐੱਸਪੀ ਨੇ ਦੱਸਿਆ ਕਿ ਹੁਣ ਤੱਕ ਜਿਨ੍ਹਾਂ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਕਿਸੇ ਨੇ ਵੀ ਅਜਿਹੀ ਕਿਸੇ ਘਟਨਾ ਬਾਰੇ ਨਹੀਂ ਦੱਸਿਆ।

ਉਨ੍ਹਾਂ ਕਿਹਾ ਕਿ ਬਿਨਾਂ ਰਿਜ਼ਰਵੇਸ਼ਨ ਦੇ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਪਛਾਣ ਕਰਨਾ ਮੁਸ਼ਕਿਲ ਹੈ, ਪਰ ਉਨ੍ਹਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

‘ਹੋ ਸਕਦਾ ਹੈ ਕਿ ਉਹ ਡਰ ਗਈ ਹੋਵੇ, ਕਿਉਂਕਿ ਕੋਚ ਵਿੱਚ ਬਹੁਤ ਸਾਰੇ ਪੁਰਸ਼ ਸਨ’

ਪੁਲਿਸ ਨੇ ਇਹ ਵੀ ਸਪਸ਼ਟ ਕੀਤਾ ਕਿ ਜਦੋਂ ਤੱਕ ਵੀਡੀਓ ਵਿੱਚ ਦਿਖਾਈ ਦੇ ਰਹੀਆਂ ਗੱਲਾਂ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਮੌਤ ਦੇ ਕਾਰਨ ਬਾਰੇ ਕੋਈ ਅੰਤਿਮ ਨਤੀਜਾ ਨਹੀਂ ਕੱਢਿਆ ਜਾ ਸਕਦਾ

ਅਸਮ ਸਰਕਾਰ ਨੇ ਇਸ ਘਟਨਾ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ।

ਅਸਮ ਦੇ ਆਈਜੀ ਜੀਵੀ ਸ਼ਿਵਪ੍ਰਸਾਦ ਸ਼੍ਰੀਕਾਕੁਲਮ ਪਹੁੰਚੇ, ਉਨ੍ਹਾਂ ਨੇ ਸਥਾਨਕ ਪੁਲਿਸ ਅਤੇ ਰੇਲਵੇ ਪੁਲਿਸ ਨਾਲ ਗੱਲਬਾਤ ਕੀਤੀ ਅਤੇ ਜਾਣਕਾਰੀ ਇਕੱਠੀ ਕੀਤੀ।

ਜੀਵੀ ਸ਼ਿਵਪ੍ਰਸਾਦ ਨੇ ਕਿਹਾ, “ਕਈ ਪਹਿਲੂਆਂ ਤੋਂ ਜਾਂਚ ਚੱਲ ਰਹੀ ਹੈ। ਅਸੀਂ ਕੋਚ ਵਿੱਚ ਮੌਜੂਦ ਸਾਰੇ ਯਾਤਰੀਆਂ ਨਾਲ ਸੰਪਰਕ ਕੀਤਾ ਹੈ। ਹੁਣ ਤੱਕ ਕੁਝ ਵੀ ਸ਼ੱਕੀ ਸਾਹਮਣੇ ਨਹੀਂ ਆਇਆ ਹੈ। ਹੋ ਸਕਦਾ ਹੈ ਕਿ ਉਹ ਡਰ ਗਈ ਹੋਵੇ, ਕਿਉਂਕਿ ਕੋਚ ਵਿੱਚ ਕਈ ਪੁਰਸ਼ ਸਨ। ਜਾਂਚ ਤੋਂ ਪਤਾ ਲੱਗੇਗਾ ਕਿ ਇਹ ਕੋਈ ਹਾਦਸਾ ਸੀ ਜਾਂ ਕਿਸੇ ਨੇ ਜਾਣਬੁੱਝ ਕੇ ਅਜਿਹਾ ਕੀਤਾ ਸੀ।”

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਿਮਾਸ਼੍ਰੀ ਦੇ ਫ਼ੋਨ ਵਿੱਚ ਮੌਜੂਦ ਵੀਡੀਓ ਵੀ ਦੇਖਿਆ ਹੈ।

ਪੁਲਿਸ ਨੇ ਇਹ ਵੀ ਸਪਸ਼ਟ ਕੀਤਾ ਕਿ ਜਦੋਂ ਤੱਕ ਵੀਡੀਓ ਵਿੱਚ ਦਿਖਾਈ ਦੇ ਰਹੀਆਂ ਗੱਲਾਂ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਮੌਤ ਦੇ ਕਾਰਨ ਬਾਰੇ ਕੋਈ ਅੰਤਿਮ ਨਤੀਜਾ ਨਹੀਂ ਕੱਢਿਆ ਜਾ ਸਕਦਾ।

ਕੀ ਡਾਂਸ ਗਰੁੱਪ ਵਿੱਚ ਤਨਖਾਹ ਨੂੰ ਲੈਕੇ ਕੋਈ ਵਿਵਾਦ ਸੀ?

ਪੁਲਿਸ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਦੀ ਸੀਸੀਟੀਵੀ ਫੁਟੇਜ, ਹਿਮਾਸ਼੍ਰੀ ਦੇ ਫ਼ੋਨ ਕਾਲ ਰਿਕਾਰਡ, ਯਾਤਰਾ ਨਾਲ ਸਬੰਧਤ ਜਾਣਕਾਰੀ ਅਤੇ ਇੱਕ ਦੋਸਤ ਨੂੰ ਭੇਜੇ ਗਏ ਵੀਡੀਓ ਦੀ ਜਾਂਚ ਕਰ ਰਹੀ ਹੈ

ਅਸਮ ਦੇ ਡਿਮੋਰੀਆ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾਕਟਰ ਤਪਨ ਦਾਸ ਨੇ ਕਿਹਾ ਕਿ ਹਿਮਾਸ਼੍ਰੀ ਦੀ ਮੌਤ ਤੋਂ ਪਹਿਲਾਂ ਡਾਂਸ ਗਰੁੱਪ ਵਿੱਚ ਪੈਸਿਆਂ ਦੀ ਅਦਾਇਗੀ ਨੂੰ ਲੈ ਕੇ ਵਿਵਾਦ ਹੋਇਆ ਸੀ।

ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ, ਵਿਸ਼ਾਖਾਪਟਨਮ ਵਿੱਚ ਇੱਕ ਇਵੈਂਟ ਆਯੋਜਕ ਤੋਂ ਆਪਣੀ ਬਕਾਇਆ ਰਕਮ ਮੰਗਣ ‘ਤੇ ਗਰੁੱਪ ਦੇ ਦੋ ਨੌਜਵਾਨਾਂ ‘ਤੇ ਹਮਲਾ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਡਾਂਸ ਗਰੁੱਪ ਉਸ ਹੋਸਟਲ ਤੋਂ ਚਲਾ ਗਿਆ, ਜਿੱਥੇ ਉਹ ਠਹਿਰਿਆ ਹੋਇਆ ਸੀ ਅਤੇ ਰੇਲਵੇ ਸਟੇਸ਼ਨ ਪਹੁੰਚ ਗਿਆ।

ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ‘ਤੇ ਹਮਲਾ ਹੋਇਆ ਸੀ, ਉਨ੍ਹਾਂ ਵਿੱਚੋਂ ਇੱਕ ਨੇ ਹਿਮਾਸ਼੍ਰੀ ਦੀ ਵਿਵੇਕ ਐਕਸਪ੍ਰੈੱਸ ਵਿੱਚ ਸਵਾਰ ਹੋਣ ਵਿੱਚ ਮਦਦ ਕੀਤੀ ਸੀ। ਇਹ ਘਟਨਾ ਸਟੇਸ਼ਨ ਦੀ ਸੀਸੀਟੀਵੀ ਫੁਟੇਜ ਵਿੱਚ ਵੀ ਦੇਖੀ ਗਈ ਹੈ।

ਹਾਲਾਂਕਿ, ਅਜੇ ਇਹ ਸਪਸ਼ਟ ਨਹੀਂ ਹੈ ਕਿ ਪੈਸਿਆਂ ਦੀ ਅਦਾਇਗੀ ਨੂੰ ਲੈ ਕੇ ਹੋਏ ਵਿਵਾਦ ਅਤੇ ਹਿਮਾਸ਼੍ਰੀ ਦੀ ਮੌਤ ਵਿਚਕਾਰ ਕੋਈ ਸਬੰਧ ਹੈ ਜਾਂ ਨਹੀਂ।

ਇਨ੍ਹਾਂ ਇਲਜ਼ਾਮਾਂ ਬਾਰੇ ਇਵੈਂਟ ਆਯੋਜਕ ਦਾ ਕੀ ਕਹਿਣਾ ਹੈ ਅਤੇ ਪੁਲਿਸ ਦੀ ਜਾਂਚ ਵਿੱਚ ਕੀ ਜਾਣਕਾਰੀ ਸਾਹਮਣੇ ਆਈ ਹੈ, ਇਹ ਅਜੇ ਪਤਾ ਲੱਗਣਾ ਬਾਕੀ ਹੈ।

ਹਿਮਾਸ਼੍ਰੀ ਬੋਰੋ ਡਿਮੋਰੀਆ ਵਿਧਾਨ ਸਭਾ ਹਲਕੇ ਦੇ ਰਹਿਣ ਵਾਲੇ ਸਨ।

ਜਾਂਚ ਲਈ ਵਿਸ਼ੇਸ਼ ਟੀਮਾਂ

ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਪੱਤਰ ਲਿਖ ਕੇ ਹਿਮਾਸ਼੍ਰੀ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ

ਸ਼੍ਰੀਕਾਕੁਲਮ ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਹੈ।

ਐੱਸਪੀ ਕੇਵੀ ਮਹੇਸ਼ਵਰ ਰੈੱਡੀ ਦੀ ਅਗਵਾਈ ਹੇਠ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ।

ਜਾਂਚ ਵਿੱਚ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਚਾਰ ਜਵਾਨ ਵੀ ਸ਼ਾਮਿਲ ਹਨ। ਘਟਨਾ ਵਾਲੀ ਥਾਂ ਦੀ ਜਾਂਚ ਖੇਤਰੀ ਫੋਰੈਂਸਿਕ ਸਾਇੰਸ ਲੈਬ ਦੇ ਮਾਹਿਰਾਂ, ਕਲੂ ਟੀਮ (ਸੁਰਗਾਂ ਦੀ ਜਾਂਚ ਕਰਨ ਵਾਲੀ ਟੀਮ), ਡੌਗ ਸਕੁਐਡ ਅਤੇ ਡਰੋਨ ਟੀਮਾਂ ਨੇ ਕੀਤੀ।

ਪੁਲਿਸ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਦੀ ਸੀਸੀਟੀਵੀ ਫੁਟੇਜ, ਹਿਮਾਸ਼੍ਰੀ ਦੇ ਫ਼ੋਨ ਕਾਲ ਰਿਕਾਰਡ, ਯਾਤਰਾ ਨਾਲ ਸਬੰਧਤ ਜਾਣਕਾਰੀ ਅਤੇ ਇੱਕ ਦੋਸਤ ਨੂੰ ਭੇਜੇ ਗਏ ਵੀਡੀਓ ਦੀ ਜਾਂਚ ਕਰ ਰਹੀ ਹੈ।

ਪੁਲਿਸ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਬਾਰੇ ਹਿਮਾਸ਼੍ਰੀ ਨੇ ਕਿਹਾ ਸੀ ਕਿ ਉਹ ਰੇਲਗੱਡੀ ਵਿੱਚ ਸ਼ਰਾਬ ਪੀ ਰਹੇ ਸਨ।

ਜਾਂਚ ਦੇ ਹਿੱਸੇ ਵਜੋਂ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਸ਼ਿਕਾਇਤ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਆਂਧਰਾ ਪ੍ਰਦੇਸ਼ ਅਤੇ ਅਸਮ ਪੁਲਿਸ ਵਿਚਕਾਰ ਤਾਲਮੇਲ ਨਾਲ ਜਾਂਚ ਚੱਲ ਰਹੀ ਹੈ।

ਅਸਮ ਦੇ ਆਈਜੀ ਸ਼ਿਵਪ੍ਰਸਾਦ ਨੇ ਕਿਹਾ ਕਿ ਜਾਂਚ ਜਾਰੀ ਹੈ, ਕਿਉਂਕਿ ਅਜੇ ਤੱਕ ਇਸ ਸਵਾਲ ਦਾ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ ਕਿ ਹਿਮਾਸ਼੍ਰੀ ਦੀ ਮੌਤ ਇੱਕ ਹਾਦਸਾ ਸੀ ਜਾਂ ਇਸ ਲਈ ਕੋਈ ਜ਼ਿੰਮੇਵਾਰ ਸੀ।

ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ 9 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਵੱਖ-ਵੱਖ ਪੱਤਰ ਲਿਖ ਕੇ ਹਿਮਾਸ਼੍ਰੀ ਬੋਰੋ ਦੀ ਮੌਤ ਦੀ ਵਿਆਪਕ, ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ।

ਉਨ੍ਹਾਂ ਨੇ ਹਿਮਾਸ਼੍ਰੀ ਦੀ ਰੇਲ ਯਾਤਰਾ, ਉਨ੍ਹਾਂ ਦੇ ਲਾਪਤਾ ਹੋਣ ਅਤੇ ਬਾਅਦ ਵਿੱਚ ਉਨ੍ਹਾਂ ਦੀ ਲਾਸ਼ ਮਿਲਣ ਨਾਲ ਜੁੜੇ ਹਾਲਾਤ ਦੀ ਪੂਰੀ ਜਾਂਚ ਕਰਨ ਦੀ ਮੰਗ ਕੀਤੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI