Home rss national punjabi2ਰਾਸ਼ਟਰੀ ਖ਼ਬਰਾਂ ਬੰਗਲਾ ਸਾਹਿਬ: ਹਰਸਿਮਰਤ ਬਾਦਲ ਵੱਲੋਂ ਪੁਲਿਸ ਕਾਰਵਾਈ ਦੀ ਨਿੰਦਾ ਕਰਨ ਵਾਲੀ ਪੋਸਟ...

ਬੰਗਲਾ ਸਾਹਿਬ: ਹਰਸਿਮਰਤ ਬਾਦਲ ਵੱਲੋਂ ਪੁਲਿਸ ਕਾਰਵਾਈ ਦੀ ਨਿੰਦਾ ਕਰਨ ਵਾਲੀ ਪੋਸਟ ਡਿਲੀਟ ਕਰਨਾ ਕੀ ਦਰਸਾਉਂਦਾ ਹੈ

3
0

Source :- BBC PUNJABI

 ਹਰਸਿਮਰਤ ਬਾਦਲ

ਕਾਕਰੋਚ ਜਨਤਾ ਪਾਰਟੀ ਦੇ ਸੱਦੇ ‘ਤੇ ਦਿੱਲੀ ਵਿੱਚ ਬੀਤੇ ਦਿਨੀਂ ਹੋਏ ਪ੍ਰਦਰਸ਼ਨ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਦੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿੱਚ ਪਹੁੰਚਣ ਅਤੇ ਪੁਲਿਸ ਦੇ ਦਾਖ਼ਲ ਹੋਣ ਨੂੰ ਲੈ ਕੇ ਸਿਆਸੀ ਵਿਵਾਦ ਹੋਰ ਤੇਜ਼ ਹੋ ਗਿਆ ਹੈ।

ਜਿੱਥੇ ਦਿੱਲੀ ਪੁਲਿਸ ਨੇ ਇਸ ਮਾਮਲੇ ‘ਚ ਇੱਕ ਐੱਫਆਈਆਰ ਦਰਜ ਕੀਤੀ ਹੈ ਉੱਥੇ ਹੀ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਐਕਸ ‘ਤੇ ਕੀਤੀ ਇੱਕ ਪੋਸਟ ਵੀ ਚਰਚਾ ਦਾ ਕੇਂਦਰ ਬਣ ਗਈ ਹੈ।

ਗੁਰਦੁਆਰਾ ਬੰਗਲਾ ਸਾਹਿਬ ਮਾਮਲੇ ‘ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਸ਼ਿਕਾਇਤ ‘ਤੇ ਦਿੱਲੀ ਪੁਲਿਸ ਨੇ ਇੱਕ ਐੱਫਆਈਆਰ ਵੀ ਦਰਜ ਕੀਤੀ ਹੈ। ਉਨ੍ਹਾਂ ਨੇ ਇਹ ਸ਼ਿਕਾਇਤ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਖਿਲਾਫ਼ ਕੀਤੀ ਸੀ।

ਪ੍ਰਦਰਸ਼ਨ ਦੌਰਾਨ ਬੰਗਲਾ ਸਾਹਿਬ ‘ਚ ਦਾਖਲ ਹੋਏ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੀ ਗੁਰਦੁਆਰਾ ਸਾਹਿਬ ‘ਚ ਆਮਦ ਨੂੰ ਲੈ ਕੇ ਹਰਸਿਮਰਤ ਬਾਦਲ ਨੇ ਪਹਿਲਾਂ ਦਿੱਲੀ ਪੁਲਿਸ ਦੀ ਕਥਿਤ ਕਾਰਵਾਈ ਦੀ ਨਿੰਦਾ ਕੀਤੀ, ਪਰ ਕੁਝ ਸਮੇਂ ਬਾਅਦ ਇਹ ਪੋਸਟ ਡਿਲੀਟ ਕਰ ਦਿੱਤੀ ਗਈ। ਇਸ ਤੋਂ ਬਾਅਦ ਵਿਰੋਧੀ ਧਿਰਾਂ ਅਤੇ ਖ਼ਾਸ ਕਰਕੇ ਭਾਜਪਾ ਆਗੂ ਐੱਚਐੱਸ ਫੂਲਕਾ ਨੇ ਅਕਾਲੀ ਦਲ ਅਤੇ ਹਰਸਿਮਰਤ ਬਾਦਲ ‘ਤੇ ਸਵਾਲ ਚੁੱਕੇ ਹਨ।

ਹਰਸਿਮਰਤ ਬਾਦਲ ਨੇ ਆਪਣੀ ਡਿਲੀਟ ਕੀਤੀ ਜਾ ਚੁੱਕੀ ਪੋਸਟ ਵਿੱਚ ਕਿਹਾ ਸੀ ਕਿ, ”ਮੈਂ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਪਵਿੱਤਰ ਅਸਥਾਨ ਵਿੱਚ ਦਾਖ਼ਲ ਹੋਣ ਅਤੇ ਅੱਜ (ਸ਼ਨੀਵਾਰ) ਦੇ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ, ਖ਼ਾਸ ਕਰਕੇ ਮਹਿਲਾਵਾਂ ਨਾਲ ਕਥਿਤ ਤੌਰ ‘ਤੇ ਕੀਤੇ ਗਏ ਅੱਤਿਆਚਾਰਾਂ ਦੀ ਸਖ਼ਤ ਨਿੰਦਾ ਕਰਦੀ ਹਾਂ।”

”ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਦਾ ਨਿਰਾਦਰ ਕਰਨਾ ਅਤੇ ਆਪਣੇ ਪ੍ਰਦਰਸ਼ਨ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਉੱਥੇ ਪਨਾਹ ਲੈ ਰਹੀਆਂ ਮਹਿਲਾਵਾਂ ਨਾਲ ਧੱਕਾ-ਮੁੱਕੀ ਕਰਨਾ ਬਿਲਕੁਲ ਵੀ ਬਰਦਾਸ਼ਤਯੋਗ ਨਹੀਂ ਹੈ! ਦਿੱਲੀ ਪੁਲਿਸ ਨੂੰ ਆਪਣੀਆਂ ਇਨ੍ਹਾਂ ਕਾਰਵਾਈਆਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।”

ਹਾਲਾਂਕਿ, ਇਸ ਪੋਸਟ ਦੇ ਕੁਝ ਸਮੇਂ ਬਾਅਦ ਇਸ ਨੂੰ ਐਕਸ ਤੋਂ ਹਟਾ ਦਿੱਤਾ ਗਿਆ। ਪੋਸਟ ਡਿਲੀਟ ਹੋਣ ਤੋਂ ਪਹਿਲਾਂ ਇਸ ਦੇ ਸਕਰੀਨਸ਼ੌਟ ਸੋਸ਼ਲ ਮੀਡੀਆ ‘ਤੇ ਸਾਂਝੇ ਹੋਣ ਲੱਗੇ ਸਨ। ਹੁਣ ਇਸ ਨੂੰ ਲੈ ਕੇ ਹਰ ਕੋਈ ਸਵਾਲ ਪੁੱਛ ਰਿਹਾ ਹੈ ਕਿ ਹਰਸਿਮਰਤ ਬਾਦਲ ਨੇ ਆਪਣੀ ਪੋਸਟ ਕਿਉਂ ਹਟਾਈ। ਉਨ੍ਹਾਂ ਵੱਲੋਂ ਪੋਸਟ ਡਿਲੀਟ ਕਰਨ ਦਾ ਕੋਈ ਸਪੱਸ਼ਟ ਕਾਰਨ ਜਨਤਕ ਤੌਰ ‘ਤੇ ਸਾਹਮਣੇ ਤਾਂ ਨਹੀਂ ਆਇਆ ਪਰ ਵਿਰੋਧੀ ਧਿਰਾਂ ਨੇ ਇਲਜ਼ਾਮ ਜ਼ਰੂਰ ਲਗਾਏ ਹਨ।

ਪੋਸਟ ਡਿਲੀਟ ਕਰਨ ‘ਤੇ ਵਿਰੋਧੀਆਂ ਦੇ ਸਵਾਲ

ਉਹ ਪੋਸਟ ਜਿਸ ਨੂੰ ਹਰਸਿਮਰਤ ਕੌਰ ਬਾਦਲ ਵੱਲੋਂ ਪੋਸਟ ਕੀਤਾ ਗਿਆ ਸੀ ਅਤੇ ਬਾਅਦ 'ਚ ਹਟਾ ਦਿੱਤਾ ਗਿਆ ਸੀ।

ਹਰਸਿਮਰਤ ਕੌਰ ਬਾਦਲ ਵੱਲੋਂ ਪੋਸਟ ਡਿਲੀਟ ਕੀਤੇ ਜਾਣ ‘ਤੇ ਆਮ ਆਦਮੀ ਪਾਰਟੀ ਨੇ ਸਵਾਲ ਕੀਤਾ ਕਿ ਕੀ ਹੁਣ ਹਰਸਿਮਰਤ ਕੌਰ ਬਾਦਲ ਗੁਰੂ ਘਰ ਦੀ ਮਰਿਆਦਾ ਨੂੰ ਭੰਗ ਕਰਨ ਵਾਲੀ ਭਾਜਪਾ ਦੀ ਪੁਲਿਸ ਨਾਲ ਸਹਿਮਤ ਹਨ?

ਆਮ ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਪਾ ਕੇ ਹਰਸਿਮਰਤ ਕੌਰ ਬਾਦਲ ਨੂੰ ਪੁੱਛਿਆ ਹੈ ਕਿ ਉਨ੍ਹਾਂ ਨੂੰ ਕਿਸ ਨੇ ਪੋਸਟ ਡਿਲੀਟ ਕਰਨ ਲਈ ਕਿਹਾ ਸੀ?

‘ਆਪ’ ਨੇ ਇਲਜ਼ਾਮ ਲਾਇਆ ਕਿ ਕੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਫੋਨ ਆਇਆ ਸੀ?

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਵੀ ਇਸੇ ਮੁੱਦੇ ‘ਤੇ ਸਵਾਲ ਪੁੱਛੇ ਗਏ ਹਨ।

ਪਾਰਟੀ ਨੇ ਐਕਸ ‘ਤੇ ਪੋਸਟ ਪਾ ਕੇ ਕਿਹਾ, ”ਹਰਸਿਮਰਤ ਬਾਦਲ ਜੀ, ਤੁਸੀਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪੁਲਿਸ ਕਾਰਵਾਈ ਦੀ ਨਿੰਦਾ ਕਰਨ ਵਾਲਾ ਆਪਣਾ ਟਵੀਟ ਕਿਉਂ ਡਿਲੀਟ ਕੀਤਾ? ਕੀ ਤੁਹਾਨੂੰ ਇਸ ਨੂੰ ਹਟਾਉਣ ਲਈ ਭਾਜਪਾ ਵੱਲੋਂ ਦਬਾਅ ਪਾਇਆ ਗਿਆ ਸੀ? ਇੱਕ ਸਿੱਖ ਹੋਣ ਦੇ ਨਾਤੇ, ਤੁਸੀਂ ਇੰਨੇ ਗੰਭੀਰ ਮਾਮਲੇ ‘ਤੇ ਆਪਣਾ ਬਿਆਨ ਵਾਪਸ ਲੈਣ ਨੂੰ ਕਿਵੇਂ ਸਹੀ ਠਹਿਰਾਉਂਦੇ ਹੋ? ਸਿੱਖ ਸੰਗਤ ਜਵਾਬ ਦੀ ਹੱਕਦਾਰ ਹੈ।”

ਭਾਜਪਾ ਆਗੂਆਂ ਨੇ ਪੋਸਟ ‘ਤੇ ਚੁੱਕੇ ਸਵਾਲ

ਐੱਚ ਐੱਸ ਫੂਲਕਾ

ਭਾਜਪਾ ਆਗੂ ਅਤੇ ਸੁਪਰੀਮ ਕੋਰਟ ਦੇ ਵਕੀਲ ਐੱਚਐੱਸ ਫੂਲਕਾ ਨੇ ਸਭ ਤੋਂ ਪਹਿਲਾਂ ਹਰਸਿਮਰਤ ਬਾਦਲ ਵੱਲੋਂ ਕੀਤੀ ਹੋਈ ਪੋਸਟ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਕਥਿਤ ਤੌਰ ‘ਤੇ ਗਲਤ ਬਿਰਤਾਂਤ ਫੈਲਾਉਣ ਵਿੱਚਕਿਉਂ ਸ਼ਾਮਲ ਹੋ ਰਿਹਾ ਹੈ।

ਐੱਚਐੱਸ ਫੂਲਕਾ ਨੇ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਇਲਜ਼ਾਮ ਲਾਇਆ ਸੀ ਕਿ ਗੁਰਦੁ ਬੰਗਲਾ ਸਾਹਿਬ ਮਾਮਲੇ ‘ਚ ਆਮ ਆਦਮੀ ਪਾਰਟੀ ਵੱਲੋਂ ਜੋ ਬਿਰਤਾਂਤ ਪੇਸ਼ ਕੀਤਾ ਜਾ ਰਿਹਾ ਹੈ, ਅਕਾਲੀ ਦਲ ਉਸ ਵਿੱਚ ਸ਼ਾਮਲ ਹੋ ਰਿਹਾ ਹੈ।

ਪ੍ਰੈੱਸ ਨੋਟ ‘ਚ ਫੂਲਕਾ ਨੇ ਕਿਹਾ, ”ਇਹ ਬਹੁਤ ਹੀ ਮੰਦਭਾਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਇਸ ਝੂਠੇ ਪ੍ਰਚਾਰ ਨੂੰ ਫੈਲਾਉਣ ਵਿੱਚ ਆਮ ਆਦਮੀ ਪਾਰਟੀ ਨਾਲ ਰਲ ਗਏ। ਇਹ ਅਕਾਲੀ ਆਗੂ ਤੱਥਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਪਰ ਉਨ੍ਹਾਂ ਨੇ ਜਾਣਬੁੱਝ ਕੇ ਸਿੱਖ ਸੰਗਤ ਵਿੱਚ ਇੱਕ ਝੂਠਾ ਬਿਰਤਾਂਤ ਫੈਲਾਇਆ।”

”ਇੱਥੋਂ ਤੱਕ ਕਿ ਇੱਕ ਸੀਨੀਅਰ ਆਗੂ ਨੇ ਟਵੀਟ ਕਰਕੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਔਰਤਾਂ ਨਾਲ ਦੁਰਵਿਵਹਾਰ ਕੀਤਾ ਗਿਆ। ਇਹ ਪੂਰੀ ਤਰ੍ਹਾਂ ਝੂਠ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਨਾ ਤਾਂ ਪੁਲਿਸ ਵੱਲੋਂ ਅਤੇ ਨਾ ਹੀ ਗੁਰਦੁਆਰਾ ਸਟਾਫ਼ ਵੱਲੋਂ ਕਿਸੇ ਵੀ ਔਰਤ ਨਾਲ ਕੋਈ ਬਦਸਲੂਕੀ ਕੀਤੀ ਗਈ।”

ਇਸੇ ਦੌਰਾਨ ਭਾਜਪਾ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਵੀ ਗੁਰਦੁਆਰਾ ਸਾਹਿਬ ਦੀ ਵਰਤੋਂ ਸਿਆਸੀ ਪ੍ਰਦਰਸ਼ਨ, ਨਾਅਰੇਬਾਜ਼ੀ ਅਤੇ ਗੈਰ-ਧਾਰਮਿਕ ਭਾਸ਼ਣਾਂ ਲਈ ਕੀਤੇ ਜਾਣ ‘ਤੇ ਸਵਾਲ ਚੁੱਕੇ ਹਨ।

ਉਨ੍ਹਾਂ ਐਕਸ ‘ਤੇ ਪੋਸਟ ਸਾਂਝੀ ਕਰਕੇ ਹਰਸਿਮਰਤ ਕੌਰ ਬਾਦਲ ਤੋਂ ਗੁਰਦੁਆਰਾ ਕੰਪਲੈਕਸ ਦੇ ਅੰਦਰ ਔਰਤਾਂ ਨਾਲ ਹੋਈ ਬਦਸਲੂਕੀ ਦੇ ਸਬੂਤ ਮੰਗੇ ਹਨ। ਉਨ੍ਹਾਂ ਨੇ ਵੀ ਆਪਣੀ ਪੋਸਟ ਨਾਲ ਹਰਸਿਮਰਤ ਕੌਰ ਬਾਦਲ ਦੀ ਡਿਲੀਟ ਕੀਤੀ ਪੋਸਟ ਦਾ ਸਕਰੀਨਸ਼ੌਟ ਲਗਾਇਆ ਹੈ।

ਬੰਗਲਾ ਸਾਹਿਬ ‘ਚ 10 ਅਕਤੂਬਰ ਨੂੰ ਕੀ ਹੋਇਆ?

10 ਅਕਤੂਬਰ ਨੂੰ ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਦਾ ਇੱਕ ਹਿੱਸਾ ਜੰਤਰ-ਮੰਤਰ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।

10 ਅਕਤੂਬਰ ਨੂੰ ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਦਾ ਇੱਕ ਹਿੱਸਾ ਜੰਤਰ-ਮੰਤਰ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।

ਰਿਪੋਰਟਾਂ ਮੁਤਾਬਕ ਪੁਲਿਸ ਵੱਲੋਂ ਰੋਕਣ ਤੋਂ ਬਾਅਦ ਸੈਂਕੜੇ ਪ੍ਰਦਰਸ਼ਨਕਾਰੀ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸ਼ਰਨ ਲੈਣ ਲਈ ਪਹੁੰਚੇ। ਜਿਨ੍ਹਾਂ ਦੀ ਭਾਲ ‘ਚ ਪੁਲਿਸ ਗੁਰਦੁਆਰਾ ਸਾਹਿਬ ਵੱਲ ਗਈ ਸੀ। ਇਸ ਦੇ ਵੀਡੀਓ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪੇਜਾਂ ‘ਤੇ ਸਾਂਝੇ ਕੀਤੇ ਸਨ।

ਇਸ ਦੌਰਾਨ ਕੁਝ ਹੋਰ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ, ਜਿਨ੍ਹਾਂ ਵਿੱਚ ਪੁਲਿਸ ਮੁਲਾਜ਼ਮ ਗੁਰਦੁਆਰਾ ਕੰਪਲੈਕਸ ਦੇ ਇੱਕ ਹਿੱਸੇ ਵਿੱਚ ਦਿਖਾਈ ਦਿੱਤੇ। ਇਨ੍ਹਾਂ ਵੀਡੀਓਜ਼ ਨੂੰ ਲੈ ਕੇ ਇਹ ਇਲਜ਼ਾਮ ਲੱਗੇ ਕਿ ਪੁਲਿਸ ਮੁਲਾਜ਼ਮ ਜੁੱਤੀਆਂ ਪਾ ਕੇ ਅਤੇ ਨੰਗੇ ਸਿਰ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਏ ਤੇ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਕੱਢਿਆ।

ਦਿੱਲੀ ਪੁਲਿਸ ਦਾ ਕੀ ਕਹਿਣਾ ਹੈ?

ਦਿੱਲੀ ਪੁਲਿਸ ਨੇ ਇਨ੍ਹਾਂ ਇਲਜ਼ਾਮ ਤੋਂ ਇਨਕਾਰ ਕੀਤਾ। ਪੁਲਿਸ ਵੱਲੋਂ ਕਿਹਾ ਗਿਆ ਕਿ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਹੇ ਪੁਲਿਸ ਮੁਲਾਜ਼ਮ ਗੁਰਦੁਆਰੇ ਦੇ ਮੁੱਖ ਧਾਰਮਿਕ ਸਥਾਨ ਵਿੱਚ ਨਹੀਂ ਗਏ ਸਨ, ਸਗੋਂ ਉਹ ਉਸ ਸਾਂਝੇ ਰਸਤੇ ਵਿੱਚੋਂ ਲੰਘ ਰਹੇ ਸਨ ਜੋ ਸ਼ਰਧਾਲੂਆਂ ਨੂੰ ਉਸ ਥਾਂ ਤੱਕ ਲੈ ਜਾਂਦਾ ਹੈ ਜਿੱਥੇ ਜੁੱਤੀਆਂ ਉਤਾਰੀਆਂ ਜਾਂਦੀਆਂ ਹਨ।

ਪੁਲਿਸ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਦੀ ਮੰਦਭਾਵਨਾ ਨਾਲ ਇਹ ਵੀਡੀਓ ਫੈਲਾਈ ਗਈ ਹੈ, ਜਿਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦਿੱਲੀ ਕਮੇਟੀ ਨੇ ‘ਆਪ’ ਖ਼ਿਲਾਫ਼ ਕੀਤੀ ਸ਼ਿਕਾਇਤ

ਹਰਮੀਤ ਸਿੰਘ ਕਾਲਕਾ ਨੇ ਗੁਰਦੁਆਰਾ ਸਾਹਿਬ ਨੂੰ ਸਿਆਸੀ ਪ੍ਰਦਰਸ਼ਨ ਦਾ ਕੇਂਦਰ ਬਣਾਉਣ ਦਾ ਇਲਜ਼ਾਮ ਲਗਾਉਂਦਿਆਂ ਅਰਵਿੰਦ ਕੇਜਰੀਵਾਲ, ਪਾਰਟੀ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਸ਼ਿਕਾਇਤ ਦਿੱਤੀ।

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐੱਸਜੀਐੱਮਸੀ) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਮੁਤਾਬਕ ਪ੍ਰਦਰਸ਼ਨਕਾਰੀਆਂ ਨੂੰ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਸ਼ਰਨ ਦਿੱਤੀ ਗਈ ਅਤੇ ਲੰਗਰ ਵੀ ਛਕਾਇਆ ਗਿਆ।ਪਰ ਬਾਅਦ ਵਿੱਚ ਕੁਝ ਲੋਕਾਂ ਨੇ ਗੁਰਦੁਆਰਾ ਕੰਪਲੈਕਸ ਵਿੱਚ ਪੋਸਟਰ ਕੱਢ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਜਦੋਂ ਦਿੱਲੀ ਪੁਲਿਸ ਗੁਰਦੁਆਰਾ ਸਾਹਿਬ ਆਈ ਤਾਂ ਇੱਥੇ ਕੋਈ ਪ੍ਰਦਰਸ਼ਨਕਾਰੀ ਨਹੀਂ ਸੀ, ਸੇਵਾਦਾਰਾ ਨੇ ਪ੍ਰਦਰਸ਼ਨਕਾਰੀਆਂ ਨੂੰ ਇੱਥੋ ਬਾਹਰ ਕੱਢ ਦਿੱਤਾ ਸੀ।

ਹਰਮੀਤ ਸਿੰਘ ਕਾਲਕਾ ਨੇ ਗੁਰਦੁਆਰਾ ਸਾਹਿਬ ਨੂੰ ਸਿਆਸੀ ਪ੍ਰਦਰਸ਼ਨ ਦਾ ਕੇਂਦਰ ਬਣਾਉਣ ਦਾ ਇਲਜ਼ਾਮ ਲਗਾਉਂਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪਾਰਟੀ ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਦਿੱਲੀ ਪੁਲਿਸ ਕੋਲ ਸ਼ਿਕਾਇਤ ਵੀ ਦਿੱਤੀ। ਇਸ ਸ਼ਿਕਾਇਤ ਦੇ ਆਧਾਰ ‘ਤੇ ਦਿੱਲੀ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਹੈ।

ਕਾਲਕਾ ਨੇ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਲੋੜਵੰਦਾਂ ਨੂੰ ਸ਼ਰਨ ਦੇਣ ਲਈ ਹਮੇਸ਼ਾ ਖੁੱਲ੍ਹਾ ਹੈ, ਪਰ ਧਾਰਮਿਕ ਸਥਾਨ ਦੇ ਅੰਦਰ ਸਿਆਸੀ ਧਰਨਾ ਜਾਂ ਨਾਅਰੇਬਾਜ਼ੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਗੁਰਦੁਆਰਾ ਸਾਹਿਬ ‘ਚ ਪੁਲਿਸ ਦੀ ਐਂਟਰੀ ‘ਤੇ ਸਵਾਲ

vਆਮ ਆਦਮੀ ਪਾਰਟੀ ਨੇ ਪੁਲਿਸ 'ਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰਨ ਦੇ ਇਲਜ਼ਾਮ ਲਗਾਏ।

ਆਮ ਆਦਮੀ ਪਾਰਟੀ ਨੇ ਪੁਲਿਸ ‘ਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰਨ ਦੇ ਇਲਜ਼ਾਮ ਲਗਾਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੁਲਿਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ, ”ਜੇ ਪ੍ਰੋਟੈਸਟ ਕਰ ਰਹੇ ਇਸ ਦੇਸ਼ ਦੇ ਨੌਜਵਾਨ ਉੱਥੇ ਦਾਖਲ ਹੋ ਗਏ ਤਾਂ ਗੁਰੂ ਘਰ ਦਾ ਸਿਧਾਂਤ ਹੈ ਕਿ ਸੇਵਾਦਾਰ ਉਨ੍ਹਾਂ ਨੂੰ ਸ਼ਰਨ ਦੇਣ। ਬੀਜੇਪੀ ਦੀ ਦਿੱਲੀ ਪੁਲਿਸ ਨੰਗੇ ਸਿਰ ਤੇ ਪੈਰਾਂ ‘ਚ ਬੂਟ ਪਾ ਕੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਈ ਤੇ ਉਹਨਾਂ ਵੱਲੋਂ ਗੁਰੂ ਘਰ ਦੀ ਮਰਿਯਾਦਾ ਨੂੰ ਰੋਲਿਆ ਗਿਆ। ਸਿੱਖ ਕੌਮ ਇਸ ਸ਼ਰਮਨਾਕ ਹਰਕਤ ਲਈ ਬੀਜੇਪੀ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ।”

ਦੂਜੇ ਪਾਸੇ ਡੀਐੱਸਜੀਐੱਮਸੀ ਅਤੇ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਵਿੱਚ ਸਿਆਸੀ ਨਾਅਰੇਬਾਜ਼ੀ ਤੇ ਪ੍ਰਦਰਸ਼ਨ ਆਪਣੇ ਆਪ ਵਿੱਚ ਮਰਿਆਦਾ ਦੀ ਉਲੰਘਣਾ ਹੈ।

ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਬੀਤੇ ਦਿਨੀ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਗੁਰੂ ਘਰ ਹਰ ਕਿਸੇ ਲਈ ਖੁੱਲ੍ਹਾ ਹੈ ਇੱਥੇ ਆਓ ਲੰਗਰ ਛਕੋ, ਠਹਿਰੋ ਪਰ ਇੱਥੇ ਪ੍ਰਦਰਸ਼ਨ ਕਰਨਾ ਤੇ ਨਾਅਰੇ ਲਗਾਉਣੇ ਬਰਦਾਸ਼ਤ ਨਹੀਂ। ਅਸੀਂ ਕਿਸੇ ਵੀ ਪੁਲਿਸ ਵਾਲੇ ਨੂੰ ਵਰਦੀ ਵਿੱਚ ਗੁਰੂ ਘਰ ‘ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਵਾਂਗੇ।

ਹਰਸਿਮਰਤ ਵੱਲੋਂ ਡਿਲੀਟ ਕੀਤੀ ਪੋਸਟ ਦੇ ਕੀ ਮਾਇਨੇ

ਬਠਿੰਡਾ 'ਚ ਹਰਸਿਮਰਤ ਕੌਰ ਬਾਦਲ ਨੂੰ ਜਦੋਂ ਪੱਤਰਕਾਰਾਂ ਨੇ ਪੋਸਟ ਹਟਾਉਣ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਇਸ ਪੂਰੇ ਵਿਵਾਦ ਵਿੱਚ ਹਰਸਿਮਰਤ ਬਾਦਲ ਦੀ ਪੋਸਟ ਇਸ ਲਈ ਵੀ ਮਹੱਤਵਪੂਰਨ ਬਣ ਗਈ ਹੈ ਕਿਉਂਕਿ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਸਿਆਸੀ ਗਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

ਇਸ ਬਾਰੇ ਪੰਜਾਬ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਮੁਹੰਮਦ ਖ਼ਾਲਿਦ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦੀ ਸਥਿਤੀ ਸਪੱਸ਼ਟ ਹੋਣ ਦੀਆਂ ਤਰੀਕਾਂ ਵੀ ਨੇੜੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦੇ ਤੌਰ ‘ਤੇ ਵਿਚਰਦੀ ਹੈ, ਅਜਿਹੇ ‘ਚ ਹਰਸਿਮਰਤ ਕੌਰ ਬਾਦਲ ਦਾ ਟਵੀਟ ਵੀ ਇਸੇ ਪੱਖ ‘ਚ ਸੀ ਕਿ ਉਹ ਗੁਰਦੁਆਰਾ ਸਾਹਿਬ ‘ਚ ਪੁਲਿਸ ਦਖ਼ਲ ਜਾਂ ਪ੍ਰਦਰਸ਼ਨ ਸਵਿਕਾਰ ਨਹੀਂ ਕਰ ਸਕਦੇ। ਪਰ ਬਾਅਦ ‘ਚ ਟਵੀਟ ਨੂੰ ਡਿਲੀਟ ਕਰਨ ਇਸ ਤੋਂ ਸਮਝ ਆਉਂਦੀ ਹੈ ਕਿ ਅਕਾਲੀ ਦਲ ਨਹੀਂ ਚਾਹੁੰਦਾ ਕਿ ਭਾਜਪਾ ਨਾਲ ਕੋਈ ਨਾਰਾਜ਼ਗੀ ਵਧੇ।

ਪ੍ਰੋ. ਮੁਹੰਮਦ ਖ਼ਾਲਿਦ ਨੇ ਅੱਗੇ ਇਹ ਵੀ ਕਿਹਾ ਕਿ ਵਿਰੋਧੀ ਧਿਰਾਂ ਨੂੰ ਇੱਕ ਮੁੱਦਾ ਮਿਲ ਗਿਆ ਹੈ ਅਕਾਲੀ ਦਲ ਨੂੰ ਘੇਰਨ ਦੇ ਲਈ ਕਿ ਟਵੀਟ ਭਾਜਪਾ ਦੇ ਡਰ ਕਰਕੇ ਡਿਲੀਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵੀ ਜ਼ਰੂਰੀ ਨਹੀਂ ਕਿ ਭਾਜਪਾ ਨੇ ਹੀ ਟਵੀਟ ਡਿਲੀਟ ਕਰਨ ਲਈ ਕਿਹਾ ਹੋਵੇ ਹੋ ਸਕਦਾ ਅਕਾਲੀ ਦਲ ਨੇ ਆਪ ਹੀ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਫੈਸਲਾ ਲਿਆ ਹੋਵੇ।

ਹਲਾਂਕਿ ਪ੍ਰੋਫੈਸਰ ਮਨਜੀਤ ਸਿੰਘ ਇਸ ਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖਦੇ ਹਨ। ਉਹ ਕਹਿੰਦੇ ਹਨ, ”ਗ਼ਲਤ ਹੁੰਦਾ ਹੋਵੇ ਤੇ ਤੁਸੀਂ ਚੁੱਪ ਕਰਕੇ ਬੈਠ ਜਾਂਦੇ ਹੋ ਤਾਂ ਸਮਝੋ ਕਿ ਤੁਸੀਂ ਗ਼ਲਤ ਦਾ ਸਾਥ ਦੇ ਰਹੇ। ਅਜਿਹਾ ਹੀ ਹਰਸਿਮਰਤ ਕੌਰ ਬਾਦਲ ਬਾਰੇ ਸੋਚਿਆ ਜਾ ਸਕਦਾ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਆਪਣੀ ਸੋਚ ਬਾਰੇ ਦੱਸਿਆ ਭਾਵੇ ਕਿਸੇ ਸਿਆਸੀ ਦਬਾਅ ਕਰਕੇ ਉਹ ਟਵੀਟ ਹਟਾਉਣਾ ਵੀ ਪਿਆ ਪਰ ਉਨ੍ਹਾਂ ਨੇ ਆਪਣੀ ਪੰਥਕ ਸੋਚ ਨੂੰ ਪਹਿਲ ਦਿੱਤੀ।”

ਪ੍ਰੋਫੈਸਰ ਮਨਜੀਤ ਸਿੰਘ ਨੇ ਅੱਗੇ ਕਿਹਾ ਕਿ ਉਂਝ ਹਰਸਿਮਰਤ ਕੌਰ ਬਾਦਲ ਨੂੰ ਪੋਸਟ ਹਟਾਉਣ ਦੀ ਜ਼ਰੂਰਤ ਨਹੀਂ ਸੀ, ਪਰ ਸਿਆਸੀ ਹਾਲਾਤ ਅਜਿਹੇ ਹਨ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਨੇੜੇ ਹਨ ਇਸ ਲਈ ਹਰਸਿਮਰਤ ਬਾਦਲ ਜਾਂ ਅਕਾਲੀ ਦਲ ਨੇ ਸੋਚਿਆ ਹੋ ਸਕਦਾ ਕਿ ਚੋਣਾਂ ਦੇ ਸਮੇਂ ਇਹ ਵਿਰੋਧੀਆਂ ਦੇ ਏਜੰਡੇ ‘ਚ ਸਵਾਲ ਨਾ ਬਣ ਜਾਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI