Home rss national punjabi2ਰਾਸ਼ਟਰੀ ਖ਼ਬਰਾਂ ਗੁਪਤ ਅੰਗਾਂ ਦੀ ਇਸ ਬਿਮਾਰੀ ਨੇ ਕਿਵੇਂ ਮੋਨਿਕਾ ਦੀ ਜ਼ਿੰਦਗੀ ਬਦਲ ਦਿੱਤੀ,...

ਗੁਪਤ ਅੰਗਾਂ ਦੀ ਇਸ ਬਿਮਾਰੀ ਨੇ ਕਿਵੇਂ ਮੋਨਿਕਾ ਦੀ ਜ਼ਿੰਦਗੀ ਬਦਲ ਦਿੱਤੀ, ‘ਮੈਨੂੰ ਇਸ ਬਾਰੇ ਗੱਲ ਕਰਨ ‘ਚ ਵੀ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ’

3
0

Source :- BBC PUNJABI

ਮੋਨਿਕਾ ਥਾਮਸ

(ਇਸ ਰਿਪੋਰਟ ਵਿੱਚ ਮੈਡੀਕਲ ਲੱਛਣਾਂ ਦਾ ਵਿਸਥਾਰਿਤ ਵੇਰਵਾ ਹੈ।)

ਮੋਨਿਕਾ ਥਾਮਸ ਕਿਸ਼ੋਰ ਉਮਰ ਵਿੱਚ ਸੀ ਜਦੋਂ ਉਸ ਨੂੰ ਗੁਪਤ ਅੰਗਾਂ ਵਿੱਚ ਖੁਰਕ ਅਤੇ ਦਰਦ ਹੋਣਾ ਸ਼ੁਰੂ ਹੋਇਆ ਪਰ ਕਈ ਵਾਰ ਡਾਕਟਰਾਂ ਕੋਲ ਜਾਣ ਦੇ ਬਾਵਜੂਦ ਇਸ ਨੂੰ ਸਿਰਫ਼ ਇੱਕ ਆਮ ਫੰਗਲ ਇਨਫੈਕਸ਼ਨ ਕਹਿ ਕੇ ਖਾਰਜ ਕਰ ਦਿੱਤਾ ਗਿਆ।

ਉਸ ਦੇ ਲੱਛਣ ਬਦਤਰ ਹੋ ਗਏ। ਛਾਲਿਆਂ ਤੇ ਜ਼ਖ਼ਮਾਂ ਕਾਰਨ ਉਹ ਲਗਾਤਾਰ ਦਰਦ ਵਿੱਚ ਰਹਿਣ ਲੱਗੀ।

ਉਹ ਕਹਿੰਦੀ ਹੈ, ” ਮੈਂ ਕਾਫ਼ੀ ਸਮਾਂ ਬਿਸਤਰ ‘ਤੇ ਰਹੀ ਕਿਉਂਕਿ ਤੁਰ ਨਹੀਂ ਸਕਦੀ ਸੀ।”

ਮੋਨਿਕਾ ਕਹਿੰਦੀ ਹੈ ਕਿ ਬਾਇਓਪਸੀ ਦੀ ਪੇਸ਼ਕਸ਼ ਤੋਂ ਪਹਿਲਾਂ ਉਸ ਦੀ ਛੇ ਮਹੀਨਿਆਂ ਵਿੱਚ 28 ਵਾਰ ਜਾਂਚ ਹੋਈ।

ਉਹ ਕਹਿੰਦੀ ਹੈ, “ਅਸੀਂ ਇੱਕ ਸਮਾਜ ਵਜੋਂ ਇਸਤਰੀ ਰੋਗਾਂ ਬਾਰੇ ਅਸਲ ਵਿੱਚ ਗੱਲ ਨਹੀਂ ਕਰਦੇ ਇਸ ਲਈ ਲੱਛਣਾਂ ਬਾਰੇ ਬੋਲਣਾ ਇੱਕ ਸਮਾਜਿਕ ਝਿਜਕ ਬਣੀ ਹੋਈ ਹੈ।”

ਮੋਨਿਕਾ ਨੇ ਕਿਹਾ, “ਜਦੋਂ ਅਸੀਂ ਡਾਕਟਰਾਂ ਕੋਲ ਜਾਂਦੇ ਹਾਂ ਤਾਂ ਮੇਰੇ ਲਈ ਕਪੜੇ ਉਤਾਰਨਾ ਅਤੇ ਇਨ੍ਹਾਂ ਡਾਕਟਰਾਂ ਸਾਹਮਣੇ ਦਿਖਾਉਣਾ ਬਹੁਤ ਸ਼ਰਮਿੰਦਗੀ ਵਾਲਾ ਹੁੰਦਾ ਹੈ।”

“ਪਰ ਉਸ ਦਰਦ, ਖਾਰਿਜ ਅਤੇ ਬੇ-ਅਰਾਮੀ ਨਾਲ ਰਹਿਣਾ ਵੀ ਓਨਾ ਹੀ ਬੁਰਾ ਹੁੰਦਾ ਹੈ।”

ਸਫੋਕ ਦੀ ਰਹਿਣ ਵਾਲੀ 34 ਸਾਲਾ ਮੋਨਿਕਾ ਵਿੱਚ ਆਖਿਰਕਾਰ ਲਾਈਕਨ ਸਕਲੇਰੋਸਿਸ ਨਾਮੀ ਬਿਮਾਰੀ ਦੀ ਪਛਾਣ ਹੋਈ।

ਔਰਤਾਂ ਦੀ ਸਿਹਤ ਦੀ ਮਾਹਿਰ ਡਾਕਟਰ ਨਿਘਾਤ ਆਰਿਫ਼ ਦਾ ਕਹਿਣਾ ਹੈ ਕਿ ਇਹ ਜ਼ਿੰਦਗੀ ਭਰ ਰਹਿਣ ਵਾਲੀ ਸੋਜ਼ਿਸ਼ ਗੁਪਤ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਨਾਲ ਸਫੇਦ ਰੰਗ ਦੇ ਧੱਬੇ ਬਣ ਸਕਦੇ ਹਨ ਜਿਸ ਨਾਲ ਖਾਰਸ਼, ਦਰਦ, ਚਮੜੀ ਦਾ ਫਟਣਾ ਤੇ ਜ਼ਖ਼ਮ ਹੋ ਸਕਦੇ ਹਨ।

ਇਹ ਆਦਮੀਆਂ ਅਤੇ ਔਰਤਾਂ ਦੋਹਾਂ ਨੂੰ ਪ੍ਰਭਾਵਿਤ ਕਰਦੀ ਹੈ ਪਰ ਪੰਜਾਹ ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਵਧੇਰੇ ਹੁੰਦੀ ਹੈ। ਗੁਪਤ ਅੰਗ ਦੇ ਕੈਂਸਰ ਦਾ ਵੀ ਥੋੜ੍ਹਾ ਜਿਹਾ ਖਤਰਾ ਹੁੰਦਾ ਹੈ।

ਬੀਬੀਸੀ ਰੇਡੀਓ5 ਦੇ ਲਾਈਵ ਪੌਡਕਾਸਟ ‘ਦੈਟ ਟਾਈਮ ਆਫ ਦ ਮੰਥ’ ਵਿਚ ਉਹ ਕਹਿੰਦੀ ਹੈ, “ਸੰਭੋਗ ਅਤੇ ਪਿਸ਼ਾਬ ਕਰਨ ਵੇਲੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਕਈ ਵਾਰ ਇਸ ਨੂੰ ਗਲਤੀ ਨਾਲ ਐਸ.ਟੀ.ਡੀ(ਜਿਨਸੀ ਸੰਬੰਧਾਂ ਨਾਲ ਫੈਲਣ ਵਾਲੇ ਰੋਗ) ਸਮਝ ਲਿਆ ਜਾਂਦਾ ਹੈ ਪਰ ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ।”

ਇਸ ਬਿਮਾਰੀ ਬਾਰੇ ਖੋਜਾਂ ਬਹੁਤ ਘੱਟ ਹਨ ਪਰ ਵੈਸਟ ਮਿਡਲੈਂਡਸ ਅਤੇ ਵਾਰਵਿਕਸ਼ਾਇਰ ਦੇ ਲੋਕਾਂ ‘ਤੇ ਯੂਨੀਵਰਸਿਟੀ ਆਫ ਬ੍ਰਿਸਟਲ ਦੇ ਵਿਸ਼ਲੇਸ਼ਣ ਵਿੱਚ ਅਨੁਮਾਨ ਲਗਾਇਆ ਗਿਆ ਕਿ ਇਹ ਲਗਭਗ ਇੱਕ ਫ਼ੀਸਦੀ ਮਹਿਲਾਵਾਂ ਨੂੰ ਪ੍ਰਭਾਵਿਤ ਕਰਦਾ ਹੈ।

ਇਸ ਖੋਜ ਵਿੱਚ ਮਦਦ ਕਰਨ ਵਾਲੀ ਡਾਕਟਰ ਸੋਫ਼ੀ ਰੀਸ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, “ਇਹ ਗਿਣਤੀ ਯਕੀਨਨ ਅਸਲ ਨਾਲੋਂ ਘੱਟ ਅਨੁਮਾਨਿਤ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਅਕਸਰ ਇਸ ਬਿਮਾਰੀ ਦੀ ਪਛਾਣ ਹੋਣ ਵਿਚ ਬਹੁਤ ਸਮਾਂ ਬੀਤ ਜਾਂਦਾ ਹੈ ਅਤੇ ਕੁਝ ਲੋਕ ਸ਼ਾਇਦ ਪੂਰੀ ਜ਼ਿੰਦਗੀ ਇਸ ਦੇ ਨਿਦਾਨ ਤੋਂ ਬਿਨ੍ਹਾਂ ਲੰਘਾਂ ਦਿੰਦੇ ਹਨ।”

ਬਦਕਿਸਮਤੀ ਨਾਲ ਗੁਪਤ ਅੰਗ ਦੇ ਲੱਛਣਾਂ ਲਈ ਮਦਦ ਮੰਗਣ ਵਿਚ ਬਹੁਤ ਸ਼ਰਮ ਅਤੇ ਝਿਜਕ ਦੇਖੀ ਜਾਂਦੀ ਹੈ ਅਤੇ ਇਥੋਂ ਤੱਕ ਕਿ ਹੈਲਥ ਕੇਅਰ ਮਾਹਿਰਾਂ ਵਿੱਚ ਵੀ ਇਸ ਬਾਰੇ ਜਾਗਰੂਕਤਾ ਦੀ ਕਮੀ ਹੈ।

ਉਹ ਕਹਿੰਦੀ ਹੈ, “ਇਸ ਬਿਮਾਰੀ ਦੀ ਅਸਲੀਅਤ ਪਤਾ ਲਗਾਉਣ ਲਈ ਹੋਰ ਖੋਜ ਦੀ ਬਹੁਤ ਲੋੜ ਹੈ।”

ਇਕੱਲਾਪਣ ਅਤੇ ਇੱਕ ਭਿਆਨਕ ਸਮਾਂ

ਡਾਕਟਰ ਨਿਘਾਤ ਆਰਿਫ਼

ਮੋਨਿਕਾ ਕਹਿੰਦੀ ਹੈ ਕਿ ਕਈ ਵਾਰ ਦੇ ਗਲਤ ਨਿਦਾਨ ਨੇ ਉਸ ਦੀ ਮਾਨਸਿਕ ਸਿਹਤ ‘ਤੇ ਬਹੁਤ ਅਸਰ ਪਾਇਆ।

“ਮੈਨੂੰ ਨਹੀਂ ਪਤਾ ਸੀ ਕਿ ਕੀ ਕਰਨਾ ਹੈ, ਕੋਈ ਜਵਾਬ ਨਹੀਂ ਸੀ ਇਹ ਬਹੁਤ ਭਿਆਨਕ, ਇਕੱਲੇਪਣ ਵਾਲਾ ਸਮਾਂ ਸੀ।”

ਉਸ ਨੂੰ ਹਰਪੀਜ਼ ਦੀ ਦਵਾਈ ਦਿੱਤੀ ਗਈ ਸੀ। ਉਸ ਨੇ ਕਿਹਾ, “ਮੈਂ ਇੱਕ ਚਮੜੀ ਦੇ ਮਾਹਿਰ ਨਾਲ ਮੁਲਾਕਾਤ ਵੇਲੇ ਬਹੁਤ ਪਰੇਸ਼ਾਨ ਹੋ ਗਈ ਸੀ ਜੋ ਮੈਨੂੰ ਕਾਫ਼ੀ ਗੁੱਸਾ ਹੋ ਗਏ ਸੀ ਕਿਉਂਕਿ ਮੈਂ ਕਹਿ ਰਹੀ ਸੀ ਕਿ ਇਹ ਉਹ ਬਿਮਾਰੀ ਨਹੀਂ ਹੈ।”

ਫਿਰ ਉਸ ਨੇ ਮੈਨੂੰ ਕਿਹਾ ਕਿ ਉਹ ਮੇਰੇ ਐਚਆਈਵੀ ਟੈਸਟ ਕਰਵਾਉਣਾ ਚਾਹੁੰਦੀ ਹੈ।

ਡਾਕਟਰਾਂ ਨੇ ਉਸ ਨੂੰ ਕਿਹਾ ਕਿ ਲਾਈਕਨ ਸਕਲੇਰੋਸਿਸ ਹੋਣ ਲਈ ਉਸ ਦੀ ਉਮਰ ਬਹੁਤ ਛੋਟੀ ਹੈ।

ਮੋਨਿਕਾ ਕਹਿੰਦੀ ਹੈ, “ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਮਹਿਲਾਵਾਂ ਨੂੰ ਹਰ ਉਮਰ ਵਿਚ ਇਹ ਹੁੰਦਾ ਹੈ, ਇੱਥੋਂ ਤੱਕ ਕਿ ਬਚਪਨ ਵਿੱਚ ਵੀ ਹੋ ਸਕਦਾ ਹੈ। ਇਸ ਲਈ ਮੈਨੂੰ ਬਹੁਤ ਮੁਸ਼ਕਲ ਲੱਗਿਆ ਪਰ ਮੈਂ ਹਮੇਸ਼ਾ ਜਾਣਦੀ ਸੀ ਕਿ ਜੋ ਹੋ ਰਿਹਾ ਹੈ ਉਹ ਠੀਕ ਨਹੀਂ ਸੀ।”

ਮੋਨਿਕਾ ਮੰਨਦੀ ਹੈ ਕਿ ਲਾਈਕਨ ਸਕਲੇਰੋਸਿਸ ਵਾਲੇ ਲੋਕਾਂ ਨੂੰ ਵਧੇਰੇ ਸਹਿਯੋਗ ਮਿਲਣਾ ਚਾਹੀਦਾ ਹੈ।

ਉਹ ਕਹਿੰਦੀ ਹੈ, “ਨਿਦਾਨ ਹੋ ਜਾਣ ਬਾਅਦ ਵੀ ਜ਼ਰੂਰੀ ਨਹੀਂ ਕਿ ਤੁਹਾਡਾ ਉਸ ਤਰ੍ਹਾਂ ਇਲਾਜ ਹੋ ਰਿਹਾ ਹੋਵੇ ਜਿਸ ਤਰ੍ਹਾਂ ਚਾਹੀਦਾ ਹੈ, ਮੈਨੂੰ ਤਾਂ ਕੋਈ ਨਿਯਮਤ ਚੈੱਕਅਪ ਵੀ ਨਹੀਂ ਮਿਲਦਾ।”

“ਮੈਂ ਆਪਣੀ ਸਟੀਰਾਇਡ ਕਰੀਮ ਨਾਲ ਖੁਦ ਹੀ ਦੇਖਭਾਲ ਕਰਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਸਭ ਕੁਝ ਠੀਕ ਕਰ ਰਹੀ ਹਾਂ।”

ਐਨਐਚਐਸ ਦੀ ਵੈਬਸਾਈਟ ਮੁਤਾਬਕ, ਇਸ ਬਿਮਾਰੀ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਹੈ। ਇਸ ਤੁਹਾਡੀ ਪ੍ਰਤੀਰੋਧਕ ਪ੍ਰਣਾਲੀ ਵੱਲੋਂ ਗਲਤੀ ਨਾਲ ਚਮੜੀ ‘ਤੇ ਹਮਲਾ ਕਰਨ ਕਰਕੇ ਹੋ ਸਕਦਾ ਹੈ।

ਇਹ ਛੂਤ ਦੀ ਬਿਮਾਰੀ ਨਹੀਂ ਹੈ ਅਤੇ ਨਾ ਹੀ ਕਿਸੇ ਇਨਫੈਕਸ਼ਨ ਜਾਂ ਨਿੱਜੀ ਸਫਾਈ ਦੀ ਘਾਟ ਕਾਰਨ ਹੁੰਦੀ ਹੈ। ਚਮੜੀ ਨੂੰ ਰਗੜਨਾ ਜਾਂ ਨੁਕਸਾਨ ਪਹੁੰਚਣਾ ਇਸ ਬਿਮਾਰੀ ਨੂੰ ਸ਼ੁਰੂ ਕਰ ਸਕਦਾ ਹੈ ਜਾਂ ਇਸ ਨੂੰ ਵਿਗਾੜ ਸਕਦਾ ਹੈ।

53 ਸਾਲਾ ਕਲੇਅਰ ਬੌਮਹੌਅਰ ਨੂੰ ਪਹਿਲੇ ਵਾਰ ਪੰਜ ਸਾਲ ਦੀ ਉਮਰ ਵਿੱਚ ਇਹ ਲੱਛਣ ਮਹਿਸੂਸ ਹੋਏ ਸੀ।

“ਮੈਨੂੰ ਖ਼ਾਰਸ਼ ਹੁੰਦੀ ਸੀ ਅਤੇ ਦਰਦ ਹੁੰਦਾ ਸੀ ਅਤੇ ਮੈਨੂੰ ਹਮੇਸ਼ਾ ਝਿੜਕਾਂ ਪੈਂਦੀਆਂ ਸੀ। ਮੈਨੂੰ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ।”

ਬਾਲਗ ਉਮਰ ਤੱਕ ਪਹੁੰਚ ਕੇ ਚਮੜੀ ਫਟਣ, ਛਾਲੇ ਤੇ ਜ਼ਖ਼ਮ ਹੋਣ ਕਾਰਨ ਉਸ ਦੇ ਲੱਛਣ ਹੋਰ ਵਿਗੜ ਗਏ।

ਉਨ੍ਹਾਂ ਕਿਹਾ, “ਪਰ ਤੁਸੀਂ ਦੂਜਿਆਂ ਦੇ ਗੁਪਤ ਅੰਗ ਨਹੀਂ ਦੇਖਦੇ ਇਸ ਲਈ ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਮੇਰਾ ਅੰਗ ਨਾਰਮਲ ਨਹੀਂ ਹੈ। ਉਸ ਦੌਰਾਨ ਮੈਂ ਅੱਠ ਵਾਰ ਸਮੀਅਰ ਟੈਸਟ ਵੀ ਕਰਵਾਏ ਸਨ ਅਤੇ ਕਦੇ ਵੀ ਕਿਸੇ ਨੇ ਕੁਝ ਨਹੀਂ ਕਿਹਾ।”

2016 ਵਿਚ ਕਲੇਅਰ ਨੂੰ ਇੱਕ ਅਜਿਹਾ ਜ਼ਖ਼ਮ ਨਹੀਂ ਹੋਇਆ ਜੋ ਠੀਕ ਨਹੀਂ ਹੋਇਆ।

ਉਸ ਨੇ ਕਿਹਾ, “ਮੈਂ ਉਦੋਂ 43 ਸਾਲ ਦੀ ਸੀ। ਉਸ ਸਮੇਂ 38 ਸਾਲਾਂ ਤੱਕ ਇਸ ਬਿਮਾਰੀ ਨੂੰ ਬਰਦਾਸ਼ਤ ਕਰਨ ਬਾਅਦ ਮੈਂ ਇਸ ਨੂੰ ਹੋਰ ਬਿਲਕੁਲ ਵੀ ਸਹਿਣ ਨਹੀਂ ਕਰ ਸਕਦੀ ਸੀ।”

ਇੱਕ ਜਨਰਲ ਪ੍ਰੈਕਟਿਸ਼ਨਰ ਨੇ ਕਲੇਅਰ ਨੂੰ ਦੱਸਿਆ ਕਿ ਉਸ ਨੂੰ ਹਰਪੀਜ਼ ਹੈ ਅਤੇ ਉਸ ਨੂੰ ਸੈਕਸੁਅਲ ਹੈਲਥ ਕਲੀਨਿਕ ਵਿੱਚ ਜਾਣਾ ਚਾਹੀਦਾ ਹੈ। ਉਹ ਕਹਿੰਦੀ ਹੈ ਕਿ ਉਹ ਬਹੁਤ ਹੈਰਾਨ ਹੋਈ ਕਿਉਂਕਿ ਉਹ 25 ਸਾਲਾਂ ਤੋਂ ਵਿਆਹੀ ਹੋਈ ਸੀ।

ਉਸ ਨੂੰ ਬਾਇਓਪਸੀ ਲਈ ਰੈਫਰ ਕੀਤਾ ਗਿਆ ਅਤੇ ਲਾਈਕਨ ਸਕਲੇਰੋਸਿਸ ਤੇ ਵੁਲਵੁਲ ਕੈਂਸਰ (ਗੁਪਤ ਅੰਗ ਦੇ ਕੈਂਸਰ) ਦੀ ਪਛਾਣ ਹੋਈ।

ਮੈਂ ਕਦੇ ਵੀ ਇਸ ਬਾਰੇ ਨਹੀਂ ਸੁਣਿਆ ਸੀ

ਕਲੇਅਰ ਬੌਮਹੌਅਰ

ਉਹ ਕਹਿੰਦੀ ਹੈ, “ਮੈਂ ਕਦੇ ਲਾਈਕਨ ਸਕਲੇਰੋਸਿਸ ਬਾਰੇ ਨਹੀਂ ਸੁਣਿਆ ਸੀ ਅਤੇ ਨਾਲ ਹੀ ਮੈਨੂੰ ਅਜਿਹਾ ਕੈਂਸਰ ਹੋ ਗਿਆ ਸੀ ਜਿਸ ਬਾਰੇ ਮੈਂ ਕਦੇ ਸੁਣਿਆ ਵੀ ਨਹੀਂ ਸੀ, ਉਹ ਵੀ ਅਜਿਹੀ ਜਗ੍ਹਾ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ।”

“ਮੈਂ ਪਹਿਲੀ ਵਾਰ ਵੁਲਵੁਲ ਸ਼ਬਦ ਸੁਣਿਆ ਸੀ, ਕਦੇ ਕਿਸੇ ਡਾਕਟਰ ਨੇ ਇਸ ਦਾ ਜ਼ਿਕਰ ਨਹੀਂ ਕੀਤਾ ਸੀ, ਉਸ ਵੇਲੇ ਇਹ ਸਭ ਕੁਝ ਮੇਰੇ ਲਈ ਸਮਝਣਾ ਬਹੁਤ ਮੁਸ਼ਕਲ ਸੀ।”

ਪਿਛਲੇ ਸੱਤ ਸਾਲ ਤੋਂ ਕਲੇਅਰ, ਵੁਲਵੁਲ ਕੈਂਸਰ ਤੋਂ ਠੀਕ ਹੋ ਚੁੱਕੀ ਸੀ ਜਦੋਂ ਇੱਕ ਨਿਯਮਿਤ ਚੈੱਕ ਅਪ ਦੌਰਾਨ ਦੁਬਾਰਾ ਕੈਂਸਰ ਹੋਣ ਦਾ ਪਤਾ ਲੱਗਿਆ ਅਤੇ ਤਿੰਨ ਸਾਲ ਪਹਿਲਾਂ ਉਸ ਦੀ ਸਰਜਰੀ ਹੋਈ।

ਜੂਨ ਵਿੱਚ ਇੱਕ ਹੋਰ ਚੈੱਕ ਅਪ ਦੌਰਾਨ ਕੈਂਸਰ ਤੋਂ ਪਹਿਲਾਂ ਵਾਲੇ ਸੈੱਲਾਂ ਦਾ ਪਤਾ ਲੱਗਿਆ ਅਤੇ ਉਸ ਦੀ ਛੇਵੀਂ ਸਰਜਰੀ ਹੋਈ।

ਕਲੇਅਰ ਮੰਨਦੀ ਹੈ ਕਿ ਜੇ ਉਸ ਦੀ ਬਿਮਾਰੀ ਦਾ ਨਿਦਾਨ ਪਹਿਲਾਂ ਹੋ ਗਿਆ ਹੁੰਦਾ ਤਾਂ ਉਸ ਦੇ ਕੈਂਸਰ ਬਾਰੇ ਤੀਜੀ ਸਟੇਜ ਵਿੱਚ ਪਹੁੰਚਣ ਤੋਂ ਪਹਿਲਾਂ ਪਤਾ ਲੱਗ ਗਿਆ ਹੋਣਾ ਸੀ।

” ਮੈਨੂੰ ਦੋ ਵਾਰ ਰੇਡੀਓਥੈਰੇਪੀ ਕਰਵਾਉਣੀ ਪਈ ਅਤੇ ਉਸ ਕਾਰਨ ਮੈਨੂੰ ਸਮੇਂ ਤੋਂ ਪਹਿਲਾਂ ਮੈਨੀਪੌਜ਼, ਲਿੰਫੋਡੀਮਾ ਅਤੇ ਨਰਵ ਡੈਮੇਜ ਹੋ ਗਿਆ।”

ਆਪਣੇ ਸਰੀਰ ਵਿੱਚ ਮਹਿਸੂਸ ਹੁੰਦੇ ਬਦਲਾਵਾਂ ਬਾਰੇ ਮੋਨਿਕਾ ਮਹਿਲਾਵਾਂ ਨੂੰ ਡਾਇਰੀ ਰੱਖਣ ਲਈ ਉਤਸ਼ਾਹਿਤ ਕਰਦੀ ਹੈ।

ਉਹ ਕਹਿੰਦੀ ਹੈ, “ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਸਰੀਰ ਨੂੰ ਬਿਹਤਰ ਤਰੀਕੇ ਨਾਲ ਜਾਣੀਏ, ਇਹ ਜਾਣਨਾ ਵੀ ਜ਼ਰੂਰੀ ਹੈ ਕਿ ਤੁਹਾਡੇ ਗੁਪਤ ਅੰਗਾਂ ਲਈ ਨੌਰਮਲ ਕੀ ਹੈ ਕਿਉਂਕਿ ਅਸਲ ਵਿੱਚ ਸਾਡੇ ਗੁਪਤ ਅੰਗ ਬਦਲਦੇ ਰਹਿੰਦੇ ਹਨ।”

” ਜੇਕਰ ਤੁਹਾਡੀ ਗੱਲ ਖਾਰਿਜ ਕੀਤੀ ਜਾ ਰਹੀ ਹੈ ਤਾਂ ਕਈ ਹੋਰ ਡਾਕਟਰਾਂ ਦੀ ਰਾਏ ਲਵੋ। ਬੱਸ ਵਾਰ-ਵਾਰ ਜਾਂਦੇ ਰਹੋ ਕਿਉਂਕਿ ਤੁਹਾਨੂੰ ਜਵਾਬਾਂ ਤੋਂ ਬਿਨ੍ਹਾਂ ਜਿਉਣ ਦੀ ਕੋਈ ਲੋੜ ਨਹੀਂ ਹੈ।”

ਉਸ ਨੇ ‘ਲਾਈਕਨ ਸਕਲੇਰੋਸਿਸ ਗਾਈਡ’ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਿਸ ਵਿੱਚ ਡਾਕਟਰਾਂ ਨਾਲ ਗੱਲ ਕਰਨ ਵਿੱਚ ਤੁਹਾਡੀ ਮਦਦ ਲਈ ਚਿੱਤਰ ਅਤੇ ਟੈਂਪਲੇਟ ਦਿੱਤਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI