Home rss national punjabi2ਰਾਸ਼ਟਰੀ ਖ਼ਬਰਾਂ ਘਰ ਵਿੱਚ ਇਹ ਆਸਾਨ ਫਿਟਨੈੱਸ ਟੈਸਟ ਕਰਕੇ ਲਗਾਇਆ ਜਾ ਸਕਦਾ ਹੈ ਮੌਤ...

ਘਰ ਵਿੱਚ ਇਹ ਆਸਾਨ ਫਿਟਨੈੱਸ ਟੈਸਟ ਕਰਕੇ ਲਗਾਇਆ ਜਾ ਸਕਦਾ ਹੈ ਮੌਤ ਦੇ ਖ਼ਤਰੇ ਦਾ ਅੰਦਾਜ਼ਾ

3
0

Source :- BBC PUNJABI

ਕਸਰਤ

ਕਸਰਤ ਤੋਂ ਬਾਅਦ ਤੁਹਾਡੇ ਦਿਲ ਦੀ ਧੜਕਣ ਕਿੰਨੀ ਜਲਦੀ ਨਾਰਮਲ ਹੁੰਦੀ ਹੈ, ਇਸ ਤੋਂ ਤੁਹਾਡੀ ਸਿਹਤ ਬਾਰੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਦਾ ਪਤਾ ਲੱਗ ਸਕਦਾ ਹੈ।

ਜੇ ਪੌੜੀਆਂ ਚੜ੍ਹਦੇ ਸਮੇਂ ਤੁਹਾਡਾ ਦਿਲ ਬਹੁਤ ਤੇਜ਼ ਧੜਕਣ ਲੱਗਦਾ ਹੈ ਜਾਂ ਬੱਸ ਫੜਨ ਲਈ ਭੱਜਦੇ ਸਮੇਂ ਤੁਹਾਡਾ ਸਾਹ ਫੁੱਲਣ ਲੱਗਦਾ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਸੀਂ ਸਰੀਰਕ ਤੌਰ ‘ਤੇ ਪੂਰੀ ਤਰ੍ਹਾਂ ਫਿੱਟ ਨਹੀਂ ਹੋ।

ਪਰ ਕਸਰਤ ਬੰਦ ਕਰਨ ਤੋਂ ਬਾਅਦ ਤੁਹਾਡੇ ਸਰੀਰ ਵਿੱਚ ਕੀ ਹੁੰਦਾ ਹੈ, ਇਸ ਨਾਲ ਵੀ ਸਰੀਰ ਦੇ ਅੰਦਰ ਚੱਲ ਰਹੀਆਂ ਕਈ ਪ੍ਰਕਿਰਿਆਵਾਂ ਬਾਰੇ ਪਤਾ ਲੱਗ ਸਕਦਾ ਹੈ।

ਇੱਥੇ ਹਾਰਟ ਰੇਟ ਰਿਕਵਰੀ (ਐੱਚਆਰਆਰ) ਟੈਸਟ ਕੰਮ ਆਉਂਦਾ ਹੈ। ਇਸ ਵਿੱਚ ਦੇਖਿਆ ਜਾਂਦਾ ਹੈ ਕਿ ਕਸਰਤ ਦੌਰਾਨ ਜਦੋਂ ਦਿਲ ਤੇਜ਼ੀ ਨਾਲ ਧੜਕ ਰਿਹਾ ਹੁੰਦਾ ਹੈ, ਉਦੋਂ ਤੁਹਾਡੀ ਨਬਜ਼ ਕਿੰਨੀ ਹੁੰਦੀ ਹੈ ਅਤੇ ਕਸਰਤ ਬੰਦ ਕਰਨ ਦੇ ਲਗਭਗ ਇੱਕ ਮਿੰਟ ਬਾਅਦ ਦਿਲ ਕਿੰਨੀ ਤੇਜ਼ੀ ਨਾਲ ਧੜਕ ਰਿਹਾ ਹੁੰਦਾ ਹੈ। ਇਨ੍ਹਾਂ ਦੋਵਾਂ ਵਿਚਾਲੇ ਦੇ ਫ਼ਰਕ ਨੂੰ ਹਾਰਟ ਰੇਟ ਰਿਕਵਰੀ ਕਿਹਾ ਜਾਂਦਾ ਹੈ।

ਪਰ ਐੱਚਆਰਆਰ ਇਸ ਤੋਂ ਕਿਤੇ ਵੱਧ ਜਾਣਕਾਰੀ ਦੇ ਸਕਦਾ ਹੈ। ਟੈਸਟ ਵਿੱਚ ਮਾੜਾ ਨਤੀਜਾ ਸ਼ੁਰੂਆਤੀ ਚਿਤਾਵਨੀ ਵਜੋਂ ਕੰਮ ਕਰ ਸਕਦਾ ਹੈ ਅਤੇ ਸਰੀਰ ਵਿੱਚ ਲੁਕੀਆਂ ਹੋਰ ਸਮੱਸਿਆਵਾਂ ਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦਾ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਕਿਸੇ ਵਿਅਕਤੀ ਦੀ ਮੌਤ ਦਾ ਖ਼ਤਰਾ ਕਿੰਨਾ ਹੈ।

ਘੜੀ ਦੇਖਦੀ ਮਹਿਲਾ

1999 ਵਿੱਚ ਅਮਰੀਕਾ ਦੇ ਓਹਾਇਓ ਸੂਬੇ ਵਿੱਚ ਸਥਿਤ ਕਲੀਵਲੈਂਡ ਕਲੀਨਿਕ ਦੇ ਵਿਗਿਆਨੀਆਂ ਨੇ ਕੁਝ ਹੈਰਾਨ ਕਰਨ ਵਾਲੇ ਨਤੀਜੇ ਪ੍ਰਕਾਸ਼ਿਤ ਕੀਤੇ ਸਨ। ਉਨ੍ਹਾਂ ਨੇ 2,400 ਬਾਲਗਾਂ ਦੀ ਹਾਰਟ ਰੇਟ ਰਿਕਵਰੀ (ਐੱਚਆਰਆਰ) ਦੀ ਜਾਂਚ ਕੀਤੀ ਅਤੇ ਫਿਰ ਛੇ ਸਾਲਾਂ ਤੱਕ ਉਨ੍ਹਾਂ ‘ਤੇ ਨਜ਼ਰ ਰੱਖੀ।

ਖੋਜ ਟੀਮ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਦੀ ਹਾਰਟ ਰੇਟ ਰਿਕਵਰੀ ਘੱਟ ਸੀ, ਉਨ੍ਹਾਂ ਵਿੱਚ ਅਧਿਐਨ ਦੌਰਾਨ ਮੌਤ ਦਾ ਖ਼ਤਰਾ ਲਗਭਗ ਚਾਰ ਗੁਣਾ ਵੱਧ ਸੀ।

ਹੁਣ ਜਾਣਦੇ ਹਾਂ ਕਿ ਘਰ ਵਿੱਚ ਆਮ ਤੌਰ ‘ਤੇ ਮੌਜੂਦ ਚੀਜ਼ਾਂ ਦੀ ਮਦਦ ਨਾਲ ਤੁਸੀਂ ਬਹੁਤ ਆਸਾਨੀ ਅਤੇ ਜਲਦੀ ਆਪਣਾ ਐੱਚਆਰਆਰ ਕਿਵੇਂ ਪਤਾ ਕਰ ਸਕਦੇ ਹੋ।

ਆਪਣੀ ਦਿਲ ਦੀ ਧੜਕਣ ਕਿਵੇਂ ਪਤਾ ਕਰੀਏ?

ਕਸਰਤ

ਕਸਰਤ ਦਾ ਕੋਈ ਵੀ ਨਵਾਂ ਰੁਟੀਨ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਜੇ ਤੁਹਾਨੂੰ ਚੱਕਰ ਆਉਣ, ਛਾਤੀ ਵਿੱਚ ਦਰਦ ਜਾਂ ਜਕੜਨ ਮਹਿਸੂਸ ਹੋਵੇ ਜਾਂ ਕਸਰਤ ਦੇ ਮੁਕਾਬਲੇ ਤੁਹਾਡਾ ਸਾਹ ਬਹੁਤ ਜ਼ਿਆਦਾ ਫੁੱਲਣ ਲੱਗੇ, ਤਾਂ ਤੁਰੰਤ ਰੁਕ ਜਾਓ। ਪਹਿਲਾਂ ਤੋਂ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਡਾਕਟਰ ਦੀ ਨਿਗਰਾਨੀ ਤੋਂ ਬਿਨਾਂ ਇਹ ਟੈਸਟ ਨਹੀਂ ਕਰਨਾ ਚਾਹੀਦਾ।

ਸਭ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣੇ ਅੰਕੜੇ ਲਿਖਣ ਦਾ ਕੋਈ ਤਰੀਕਾ ਅਤੇ ਇੱਕ ਟਾਈਮਰ ਹੋਵੇ। ਜ਼ਿਆਦਾਤਰ ਫ਼ੋਨਾਂ ਵਿੱਚ ਟਾਈਮਰ ਹੁੰਦਾ ਹੈ। ਜੇ ਤੁਹਾਡੇ ਕੋਲ ਸਮਾਰਟਵਾਚ ਜਾਂ ਕੋਈ ਹੋਰ ਪਹਿਨਣਯੋਗ ਐਕਟੀਵਿਟੀ ਟ੍ਰੈਕਰ ਹੈ, ਤਾਂ ਉਹ ਵੀ ਕੰਮ ਆਵੇਗਾ।

ਇਸ ਤੋਂ ਬਾਅਦ ਤੁਹਾਨੂੰ ਆਪਣੀ ਵੱਧ ਤੋਂ ਵੱਧ ਦਿਲ ਦੀ ਧੜਕਣ ਦਾ ਪਤਾ ਲਗਾਉਣਾ ਪਵੇਗਾ। ਜੇ ਤੁਹਾਡੇ ਕੋਲ ਸਮਾਰਟਵਾਚ ਜਾਂ ਕੋਈ ਹੋਰ ਪਹਿਨਣਯੋਗ ਡਿਵਾਈਸ ਹੈ, ਤਾਂ ਉਹ ਤੁਹਾਨੂੰ ਤੁਹਾਡੀ ਵੱਧ ਤੋਂ ਵੱਧ ਦਿਲ ਦੀ ਧੜਕਣ ਦੱਸ ਸਕਦੀ ਹੈ। ਜੇ ਅਜਿਹਾ ਨਹੀਂ ਹੈ, ਤਾਂ ਆਮ ਤੌਰ ‘ਤੇ 220 ਵਿੱਚੋਂ ਤੁਹਾਡੀ ਉਮਰ ਘਟਾ ਕੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਹੁਣ ਕਸਰਤ ਕਰਨ ਦੀ ਵਾਰੀ ਹੈ। ਕਸਰਤ ਇੰਨੀ ਤੇਜ਼ ਹੋਣੀ ਚਾਹੀਦੀ ਹੈ ਕਿ ਤੁਹਾਡੀ ਦਿਲ ਦੀ ਧੜਕਣ, ਤੁਹਾਡੀ ਵੱਧ ਤੋਂ ਵੱਧ ਦਿਲ ਦੀ ਧੜਕਣ ਦੇ 70 ਤੋਂ 85 ਫ਼ੀਸਦੀ ਤੱਕ ਪਹੁੰਚ ਜਾਵੇ। ਤੁਹਾਡੀ ਫਿਟਨੈੱਸ ਦੇ ਪੱਧਰ ਦੇ ਹਿਸਾਬ ਨਾਲ ਇਸ ਵਿੱਚ ਦੌੜਨਾ, ਸਾਈਕਲ ਚਲਾਉਣਾ ਜਾਂ ਰੋਇੰਗ ਕਰਨਾ ਸ਼ਾਮਿਲ ਹੋ ਸਕਦਾ ਹੈ।

ਆਪਣਾ ਐੱਚਆਰਆਰ ਪਤਾ ਕਰਨ ਲਈ ਕਸਰਤ ਬੰਦ ਕਰਨ ਤੋਂ ਤੁਰੰਤ ਆਪਣੀ ਨਬਜ਼ ਮਾਪੋ, ਜਦੋਂ ਤੁਹਾਡੀ ਦਿਲ ਦੀ ਧੜਕਣ ਹਾਲੇ ਆਪਣੇ ਸਭ ਤੋਂ ਉੱਚੇ ਪੱਧਰ ‘ਤੇ ਹੋਵੇ। ਅਜਿਹਾ ਕਰਨ ਦਾ ਸਭ ਤੋਂ ਆਸਾਨ ਤਰੀਕਾ ਸਮਾਰਟਵਾਚ ਜਾਂ ਫਿਟਨੈੱਸ ਟ੍ਰੈਕਰ ਦੀ ਵਰਤੋਂ ਕਰਨਾ ਹੈ।

ਇਸ ਤੋਂ ਇਲਾਵਾ, ਤੁਸੀਂ ਆਪਣੀ ਗਰਦਨ ‘ਤੇ ਉਂਗਲ ਰੱਖ ਕੇ 10 ਸਕਿੰਟਾਂ ਤੱਕ ਧੜਕਣਾਂ ਵੀ ਗਿਣ ਸਕਦੇ ਹੋ। 10 ਸਕਿੰਟ ਦੀਆਂ ਧੜਕਣਾਂ ਨੂੰ ਛੇ ਨਾਲ ਗੁਣਾ ਕਰ ਦਿਓ, ਇਸ ਨਾਲ ਇੱਕ ਮਿੰਟ ਵਿੱਚ ਦਿਲ ਕਿੰਨੀ ਵਾਰ ਧੜਕ ਰਿਹਾ ਹੈ, ਇਸ ਦਾ ਅੰਦਾਜ਼ਾ ਲੱਗ ਜਾਵੇਗਾ।

ਇਸ ਤੋਂ ਬਾਅਦ ਬੈਠ ਕੇ ਜਾਂ ਲੇਟ ਕੇ ਇੱਕ ਮਿੰਟ ਆਰਾਮ ਕਰੋ ਅਤੇ ਫਿਰ ਆਪਣੀ ਨਬਜ਼ ਦੀ ਜਾਂਚ ਕਰੋ। ਹੁਣ ਦੂਜੀ ਵਾਰ ਮਿਲੀ ਸੰਖਿਆ ਨੂੰ ਪਹਿਲੀ ਸੰਖਿਆ (ਤੇਜ਼ ਧੜਕਣ) ਵਿੱਚੋਂ ਘਟਾ ਦਿਓ। ਇਹੀ ਤੁਹਾਡਾ ਐੱਚਆਰਆਰ ਯਾਨੀ ਹਾਰਟ ਰੇਟ ਰਿਕਵਰੀ ਹੈ।

ਐੱਚਆਰਆਰ ਕਿੰਨਾ ਹੋਣਾ ਬਿਹਤਰ ਹੈ?

ਹਾਲਾਂਕਿ, ਇਹ ਗਿਣਤੀ ਹਰ ਵਿਅਕਤੀ ਵਿੱਚ ਵੱਖਰੀ ਹੋ ਸਕਦੀ ਹੈ ਅਤੇ ਉਮਰ ਵਰਗੇ ਕਈ ਕਾਰਕਾਂ ‘ਤੇ ਨਿਰਭਰ ਕਰਦੀ ਹੈ।

ਸ਼ੁਰੂਆਤੀ ਚਿਤਾਵਨੀ

ਘੜੀ ਦੇਖਦੀ ਮਹਿਲਾ

ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਹਰਟਫੋਰਡਸ਼ਾਇਰ ਵਿੱਚ ਕਸਰਤ ਅਤੇ ਸਿਹਤ ਵਿਗਿਆਨ ਦੇ ਪ੍ਰੋਫੈਸਰ ਲਿੰਡਸੇ ਬੌਟਮਜ਼ ਕਹਿੰਦੇ ਹਨ, “ਸਾਡੇ ਦਿਲ ‘ਤੇ ਕੰਮ ਕਰਨ ਵਾਲੇ ਇਹ ਦੋ ਸਿਸਟਮ ਹਨ। ਇੱਕ ਬ੍ਰੇਕ ਵਾਂਗ ਕੰਮ ਕਰਦਾ ਹੈ ਅਤੇ ਦੂਜਾ ਐਕਸੇਲੇਟਰ ਵਾਂਗ।”

ਜਦੋਂ ਤੁਸੀਂ ਕਸਰਤ ਕਰਦੇ ਹੋ, ਤਾਂ ਐਕਸਲੇਟਰ ਯਾਨੀ ਸਿਮਪੈਥੈਟਿਕ ਨਰਵਸ ਸਿਸਟਮ ਸਰਗਰਮ ਹੋ ਜਾਂਦਾ ਹੈ ਅਤੇ ਸਰੀਰ ‘ਫਾਈਟ ਜਾਂ ਫਲਾਈਟ’ ਮੋਡ ਵਿੱਚ ਚਲਾ ਜਾਂਦਾ ਹੈ। ਤੁਹਾਡਾ ਦਿਲ ਤੇਜ਼ੀ ਨਾਲ ਧੜਕਣ ਲੱਗਦਾ ਹੈ ਅਤੇ ਖ਼ੂਨ ਦੀਆਂ ਨਾੜੀਆਂ ਫੈਲ ਜਾਂਦੀਆਂ ਹਨ, ਤਾਂ ਜੋ ਮਾਸਪੇਸ਼ੀਆਂ ਤੱਕ ਆਕਸੀਜਨ ਪਹੁੰਚਾਈ ਜਾ ਸਕੇ।

ਜੇ ਤੁਸੀਂ ਆਪਣੇ ਐੱਚਆਰਆਰ ਨੂੰ ਲੈ ਕੇ ਚਿੰਤਤ ਹੋ, ਤਾਂ ਗੋਲਡਬਰਗ ਡਾਕਟਰ ਕੋਲ ਜਾਣ ਦੀ ਸਲਾਹ ਦਿੰਦੇ ਹਨ, ਜੋ ਦਿਲ ਨਾਲ ਜੁੜੇ ਖ਼ਤਰਿਆਂ ਦਾ ਪੂਰੀ ਤਰ੍ਹਾਂ ਮੁਲਾਂਕਣ ਕਰ ਸਕਣ

ਜਦੋਂ ਤੁਸੀਂ ਕਸਰਤ ਕਰਨੀ ਬੰਦ ਕਰਦੇ ਹੋ, ਤਾਂ ਸਰੀਰ ਨੇ ਕਸਰਤ ਦੌਰਾਨ ਪੈਦਾ ਹੋਏ ਮੈਟਾਬੌਲਿਕ ‘ਵੇਸਟ (ਕਚਰੇ)’ ਨੂੰ ਬਾਹਰ ਕੱਢਣ ਦੀ ਲੋੜ ਹੁੰਦੀ ਹੈ। ਇਸ ਵਿੱਚ ਲੈਕਟਿਕ ਐਸਿਡ ਅਤੇ ਹੋਰ ਵੇਸਟ ਪ੍ਰੋਡਕਟ ਸ਼ਾਮਿਲ ਹੁੰਦੇ ਹਨ। ਇਸ ਪ੍ਰਕਿਰਿਆ ਲਈ ਆਕਸੀਜਨ ਦੀ ਲੋੜ ਹੁੰਦੀ ਹੈ।

ਬੌਟਮਜ਼ ਕਹਿੰਦੇ ਹਨ, “ਇਨ੍ਹਾਂ ਪਦਾਰਥਾਂ ਨੂੰ ਮਾਸਪੇਸ਼ੀਆਂ ਵਿੱਚੋਂ ਹਟਾਉਣ ਲਈ ਸਰੀਰ ਵਿੱਚ ਖ਼ੂਨ ਦਾ ਵਹਾਅ ਵਧਿਆ ਰਹਿਣਾ ਜ਼ਰੂਰੀ ਹੈ। ਇਸੇ ਕਰਕੇ ਕਸਰਤ ਬੰਦ ਕਰਨ ਤੋਂ ਬਾਅਦ ਵੀ ਦਿਲ ਦੀ ਧੜਕਣ ਕੁਝ ਸਮੇਂ ਤੱਕ ਤੇਜ਼ ਰਹਿੰਦੀ ਹੈ।”

ਜਦੋਂ ਇਹ ਕੰਮ ਹੋ ਜਾਂਦਾ ਹੈ, ਤਾਂ ਸਰੀਰ ਬ੍ਰੇਕ ਲਗਾਉਂਦਾ ਹੈ ਅਤੇ ਪੈਰਾਸਿਮਪੈਥੈਟਿਕ ਮੋਡ ਵਿੱਚ ਚਲਾ ਜਾਂਦਾ ਹੈ। ਇਹੀ ਬ੍ਰੇਕ ਹੈ, ਜੋ ਸਰੀਰ ਨੂੰ ਆਰਾਮ ਅਤੇ ਪਾਚਨ ਵਾਲੀ ਸਥਿਤੀ ਵਿੱਚ ਲੈ ਜਾਂਦੀ ਹੈ।

ਜਿਵੇਂ-ਜਿਵੇਂ ਤੁਹਾਡੀ ਫਿਟਨੈੱਸ ਬਿਹਤਰ ਹੁੰਦੀ ਹੈ, ਸਰੀਰ ਐਕਸੇਲੇਟਰ ਅਤੇ ਬ੍ਰੇਕ ਵਿਚਾਲੇ ਤੇਜ਼ੀ ਨਾਲ ਅਤੇ ਬਿਹਤਰ ਤਰੀਕੇ ਨਾਲ ਬਦਲਾਅ ਕਰਨ ਲੱਗਦਾ ਹੈ। ਇਸ ਨੂੰ ਹਾਇਰ ਵੇਗਲ ਟੋਨ ਕਿਹਾ ਜਾਂਦਾ ਹੈ ਅਤੇ ਇਸ ਨੂੰ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

ਸੁਧਾਰ ਦੀ ਗੁੰਜਾਇਸ਼

ਕਸਰਤ

ਜੇ ਤੁਸੀਂ ਆਪਣੇ ਐੱਚਆਰਆਰ ਨੂੰ ਲੈ ਕੇ ਚਿੰਤਤ ਹੋ, ਤਾਂ ਗੋਲਡਬਰਗ ਡਾਕਟਰ ਕੋਲ ਜਾਣ ਦੀ ਸਲਾਹ ਦਿੰਦੇ ਹਨ, ਜੋ ਦਿਲ ਨਾਲ ਜੁੜੇ ਖ਼ਤਰਿਆਂ ਦਾ ਪੂਰੀ ਤਰ੍ਹਾਂ ਮੁਲਾਂਕਣ ਕਰ ਸਕਣ।

ਚੰਗੀ ਗੱਲ ਇਹ ਹੈ ਕਿ ਜੇ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਥਿਤੀ ਹਮੇਸ਼ਾ ਅਜਿਹੀ ਹੀ ਰਹੇਗੀ। ਖੋਜ ਵਿੱਚ ਪਾਇਆ ਗਿਆ ਹੈ ਕਿ ਐਕਸਰਸਾਈਜ਼ ਪ੍ਰੋਗਰਾਮ ਰਾਹੀਂ ਤੁਸੀਂ ਆਪਣਾ ਐੱਚਆਰਆਰ ਬਿਹਤਰ ਕਰ ਸਕਦੇ ਹੋ। ਇਸ ਨਾਲ ਮੌਤ ਦਾ ਖ਼ਤਰਾ ਵੀ ਘਟ ਕੇ ਆਮ ਨਾਰਮਲ ਲੈਵਲ ‘ਤੇ ਆ ਸਕਦਾ ਹੈ।

ਬੌਟਮਜ਼ ਅਤੇ ਗੋਲਡਬਰਗ, ਦੋਵੇਂ ਹੀ ਦਿਲ ਅਤੇ ਖ਼ੂਨ ਦੀਆਂ ਨਾੜੀਆਂ ਦੇ ਸਿਸਟਮ ਨੂੰ ਪੂਰੀ ਤਰ੍ਹਾਂ ਫਿੱਟ ਰੱਖਣ ਲਈ ਨਿਯਮਿਤ ਕਾਰਡੀਓ ਕਸਰਤ ਕਰਨ ਦੀ ਸਲਾਹ ਦਿੰਦੇ ਹਨ।

ਗੋਲਡਬਰਗ ਕਹਿੰਦੇ ਹਨ, “ਜੇ ਤੁਸੀਂ ਆਪਣੀ ਹਾਰਟ ਰੇਟ ਰਿਕਵਰੀ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ, ਤਾਂ ਆਮ ਰਫ਼ਤਾਰ ਨਾਲ ਪੈਦਲ ਚੱਲਣ, ਸਾਈਕਲ ਚਲਾਉਣ ਜਾਂ ਜੇ ਤੁਸੀਂ ਕਰ ਸਕਦੇ ਹੋ, ਤਾਂ ਹੌਲੀ ਜਾਗਿੰਗ, ਦੌੜਨ ਜਾਂ ਤੈਰਾਕੀ ਕਰਨ ਦੀ ਕੋਸ਼ਿਸ਼ ਕਰੋ।”

ਤੁਸੀਂ ਡਾਂਸ ਵੀ ਕਰ ਸਕਦੇ ਹੋ।

ਜਦੋਂ ਤੁਹਾਡਾ ਐੱਚਆਰਆਰ ਬਿਹਤਰ ਹੋ ਜਾਵੇਗਾ, ਤਾਂ ਫਿਰ ਤਾਂ ਤੁਸੀਂ ਉਂਝ ਹੀ ਨੱਚਣ ਲੱਗ ਪਵੋਗੇ।

ਨੋਟ: ਇਸ ਲੇਖ ਵਿੱਚ ਦਿੱਤੀ ਗਈ ਸਾਰੀ ਜਾਣਕਾਰੀ ਸਿਰਫ਼ ਆਮ ਜਾਣਕਾਰੀ ਲਈ ਹੈ ਅਤੇ ਇਸ ਨੂੰ ਡਾਕਟਰ ਜਾਂ ਕਿਸੇ ਹੋਰ ਸਿਹਤ ਮਾਹਿਰ ਦੀ ਡਾਕਟਰੀ ਸਲਾਹ ਦਾ ਬਦਲ ਨਹੀਂ ਮੰਨਿਆ ਜਾਣਾ ਚਾਹੀਦਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI