Source :- BBC PUNJABI
Harrow School, Bengaluru
ਭਾਰਤ ਦੇ ਉੱਤਰ-ਪੱਛਮੀ ਸੂਬੇ ਪੰਜਾਬ ਵਿੱਚ ਚੰਡੀਗੜ੍ਹ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਬ੍ਰਿਟੇਨ ਦੇ 473 ਸਾਲ ਪੁਰਾਣੇ ਇਤਿਹਾਸਕ ਪਬਲਿਕ ਸਕੂਲ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਲੜਕੀਆਂ ਲਈ ਆਪਣਾ ਪਹਿਲਾ ਅੰਤਰਰਾਸ਼ਟਰੀ ਕੈਂਪਸ ਖੋਲ੍ਹਿਆ ਹੈ।
ਇੰਗਲੈਂਡ ਦੇ ਬੈੱਡਫੋਰਡਸ਼ਾਇਰ ਵਿੱਚ ਸਥਿਤ ਇਸ ਸਕੂਲ ਦੇ ਕੈਂਪਸ ਵਿੱਚ ਗੌਥਿਕ ਸ਼ੈਲੀ ਦੀ ਸ਼ਾਨਦਾਰ ਕੇਂਦਰੀ ਇਮਾਰਤ ਹੈ। ਇਸ ਦੇ ਉਲਟ, ਭਾਰਤ ਵਿੱਚ ਬਣਾਇਆ ਗਿਆ ਕੈਂਪਸ ਵਧੇਰੇ ਆਧੁਨਿਕ ਹੈ, ਜਿੱਥੇ ਪੜ੍ਹਾਈ ਲਈ ਖ਼ਾਸ ਤੌਰ ‘ਤੇ ਇਮਾਰਤਾਂ ਬਣਾਈਆਂ ਗਈਆਂ ਹਨ। ਪਰ ਲਾਲ ਇੱਟਾਂ ਨਾਲ ਬਣਿਆ ਇੱਕ ਉੱਚਾ ਘੜੀ ਵਾਲਾ ਟਾਵਰ ਸਕੂਲ ਦੇ ਬ੍ਰਿਟਿਸ਼ ਵਿਰਸੇ ਦੀ ਝਲਕ ਦਿਖਾਉਂਦਾ ਹੈ।
ਮੋਹਾਲੀ ਵਿੱਚ ਸਥਿਤ ਬੈੱਡਫੋਰਡ ਸਕੂਲ, ਉਨ੍ਹਾਂ ਘੱਟੋ-ਘੱਟ ਅੱਧੀ ਦਰਜਨ ਬ੍ਰਿਟਿਸ਼ ਪਬਲਿਕ ਸਕੂਲਾਂ ਵਿੱਚੋਂ ਸਭ ਤੋਂ ਨਵਾਂ ਹੈ, ਜਿਨ੍ਹਾਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੇ ਕੈਂਪਸ ਖੋਲ੍ਹੇ ਹਨ। ਇਨ੍ਹਾਂ ਵਿੱਚੋਂ ਤਿੰਨ ਸਕੂਲ ਦੇਸ਼ ਦੇ ਸਭ ਤੋਂ ਪੁਰਾਣੇ ਸਕੂਲਾਂ ਵਿੱਚ ਸ਼ਾਮਲ ਹਨ। ਬ੍ਰਿਟੇਨ ਵਿੱਚ ਇਨ੍ਹਾਂ ਸਕੂਲਾਂ ਨੂੰ ਉੱਚ ਪੱਧਰੀ, ਫ਼ੀਸ ਲੈਣ ਵਾਲੇ ਨਿੱਜੀ ਸਕੂਲਾਂ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਦਾ ਲੰਮਾ ਇਤਿਹਾਸ ਹੈ। ਇਨ੍ਹਾਂ ਸਕੂਲਾਂ ਦਾ ਭਾਰਤ ਵਿੱਚ ਵਿਸਥਾਰ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਚੀਨ ਵਿੱਚ ਕਾਰੋਬਾਰ ਦੀਆਂ ਸਥਿਤੀਆਂ ਹੋਰ ਮੁਸ਼ਕਲ ਹੋ ਰਹੀਆਂ ਹਨ ਅਤੇ ਬ੍ਰਿਟੇਨ ਵਿੱਚ 1 ਜਨਵਰੀ 2025 ਤੋਂ ਨਿੱਜੀ ਸਕੂਲਾਂ ਦੀ ਫ਼ੀਸ ‘ਤੇ ਵੈਲਿਊ ਐਡਿਡ ਟੈਕਸ (ਵੈਟ) ਲਾਗੂ ਕੀਤਾ ਗਿਆ ਹੈ।
2023 ਤੋਂ ਭਾਰਤ ਦੀ ਸਿਲੀਕਾਨ ਵੈਲੀ ਅਤੇ ਸਾਫ਼ਟਵੇਅਰ ਤੇ ਸਟਾਰਟਅੱਪ ਕੰਪਨੀਆਂ ਦੇ ਕੇਂਦਰ ਵਜੋਂ ਜਾਣੇ ਜਾਂਦੇ ਬੈਂਗਲੁਰੂ ਵਿੱਚ ਮਸ਼ਹੂਰ ਹੈਰੋ ਸਕੂਲ ਦਾ ਕੈਂਪਸ ਹੈ। ਹੈਰੋ ਸਕੂਲ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਵੀ ਪੜ੍ਹਾਈ ਕੀਤੀ ਸੀ। ਸ਼ਰੂਜ਼ਬਰੀ ਸਕੂਲ ਦਾ ਕੈਂਪਸ ਮੱਧ ਭਾਰਤ ਦੇ ਭੋਪਾਲ ਵਿੱਚ ਹੈ, ਜਦਕਿ ਵੈਲਿੰਗਟਨ ਕਾਲਜ ਨੇ ਪੱਛਮੀ ਭਾਰਤ ਦੇ ਪੁਣੇ ਸ਼ਹਿਰ ਵਿੱਚ ਆਪਣਾ ਕੇਂਦਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਪੁਣੇ ਨੂੰ ਇੱਥੋਂ ਦੀਆਂ ਮਸ਼ਹੂਰ ਯੂਨੀਵਰਸਿਟੀਆਂ ਅਤੇ ਕਾਲਜਾਂ ਕਾਰਨ “ਪੂਰਬ ਦਾ ਆਕਸਫੋਰਡ” ਵੀ ਕਿਹਾ ਜਾਂਦਾ ਹੈ।
ਖ਼ਬਰਾਂ ਮੁਤਾਬਕ ਮਿਲਫੀਲਡ, ਕੁਈਨ ਐਲਿਜ਼ਾਬੈਥ ਸਕੂਲ ਅਤੇ ਕੁਝ ਹੋਰ ਸਕੂਲ ਵੀ ਆਉਣ ਵਾਲੇ ਸਾਲਾਂ ਵਿੱਚ ਭਾਰਤ ਵਿੱਚ ਆਪਣੇ ਛੋਟੇ ਕੈਂਪਸ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ।
ਕਈ ਦਹਾਕਿਆਂ ਤੋਂ ਭਾਰਤ ਵਿੱਚ ਬ੍ਰਿਟਿਸ਼ ਬਸਤੀਵਾਦੀ ਦੌਰ ਦੇ ਪਬਲਿਕ ਸਕੂਲਾਂ ਦੇ ਮਾਡਲ ‘ਤੇ ਬਣੇ ਮਸ਼ਹੂਰ ਸਥਾਨਕ ਬੋਰਡਿੰਗ ਸਕੂਲ ਮੌਜੂਦ ਹਨ। ਇਨ੍ਹਾਂ ਸਕੂਲਾਂ ਵਿੱਚ ਅਮੀਰ ਅਤੇ ਰਾਜਘਰਾਣਿਆਂ ਨਾਲ ਸਬੰਧਤ ਪਰਿਵਾਰਾਂ ਦੇ ਬੱਚੇ ਪੜ੍ਹਦੇ ਰਹੇ ਹਨ। ਪਰ ਹੁਣ ਇਹ ਖੇਤਰ ਤੇਜ਼ੀ ਨਾਲ ਵਧਿਆ ਹੈ, ਕਿਉਂਕਿ ਭਾਰਤ ਵਿੱਚ ਨਵੇਂ ਅਮੀਰ ਹੋਏ ਪਰਿਵਾਰ ਆਪਣੇ ਬੱਚਿਆਂ ਨੂੰ ਦੁਨੀਆ ਬਾਰੇ ਵਧੇਰੇ ਜਾਣਕਾਰੀ ਅਤੇ ਅੰਤਰਰਾਸ਼ਟਰੀ ਪੱਧਰ ਦਾ ਤਜਰਬਾ ਦਿਵਾਉਣਾ ਚਾਹੁੰਦੇ ਹਨ।
ਬੈਂਗਲੁਰੂ ਵਿੱਚ ਹੈਰੋ ਸਕੂਲ ਦੀ ਮੁਖੀ ਕੈਰੋਲਿਨ ਪਾਸਕੋ ਨੇ ਬੀਬੀਸੀ ਨੂੰ ਦੱਸਿਆ, “ਸਾਡਾ ਅੰਤਰਰਾਸ਼ਟਰੀ ਪਾਠਕ੍ਰਮ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਵੱਲ ਖਿੱਚਣ ਦਾ ਇੱਕ ਵੱਡਾ ਕਾਰਨ ਹੈ।”
ਹੈਰੋ ਅਤੇ ਬੈੱਡਫੋਰਡ ਭਾਰਤ ਦੇ ਉਨ੍ਹਾਂ ਕੁਝ ਸਕੂਲਾਂ ਵਿੱਚ ਸ਼ਾਮਲ ਹਨ, ਜਿੱਥੇ ਸ਼ੁਰੂਆਤੀ ਜਮਾਤਾਂ ਤੋਂ ਲੈ ਕੇ ਏ-ਲੈਵਲ ਤੱਕ ਕੈਂਬਰਿਜ ਦਾ ਪੂਰਾ ਪਾਠਕ੍ਰਮ ਪੜ੍ਹਾਇਆ ਜਾਂਦਾ ਹੈ। ਇਹ ਦੁਨੀਆ ਭਰ ਵਿੱਚ ਮਾਨਤਾ ਪ੍ਰਾਪਤ ਸਿੱਖਿਆ ਪ੍ਰਣਾਲੀ ਹੈ, ਜਿਸ ਨੂੰ ਦੁਨੀਆ ਦੇ 10,000 ਸਕੂਲਾਂ ਵਿੱਚ ਮਾਨਤਾ ਹਾਸਲ ਹੈ।
Bedford School, Mohali
ਹਰਸਿਮਰਨ ਸਿੰਘ ਕੋਛੜ ਦੇ ਆਪਣੇ ਪਰਿਵਾਰ ਦੇ ਕਈ ਮੈਂਬਰ ਭਾਰਤ ਵਿੱਚ ਸਕੂਲਾਂ ਦੀ ਇੱਕ ਲੜੀ ਚਲਾਉਂਦੇ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਪੰਜ ਸਾਲਾ ਧੀ ਪਰਿਣੀਤ ਨੂੰ ਬੈੱਡਫੋਰਡ ਮੋਹਾਲੀ ਭੇਜਣ ਦਾ ਫੈਸਲਾ ਇਸ ਲਈ ਕੀਤਾ ਕਿਉਂਕਿ “ਸਕੂਲ ਸਿਰਫ਼ ਪੜ੍ਹਾਈ ‘ਤੇ ਹੀ ਨਹੀਂ, ਸਗੋਂ ਬੱਚੇ ਦੇ ਚਰਿੱਤਰ ਨਿਰਮਾਣ, ਆਤਮ-ਵਿਸ਼ਵਾਸ ਅਤੇ ਸਰਬਪੱਖੀ ਵਿਕਾਸ ‘ਤੇ ਪੂਰਾ ਧਿਆਨ ਦਿੰਦਾ ਹੈ।”
ਉਨ੍ਹਾਂ ਕਿਹਾ ਕਿ ਸਕੂਲ ਦੀ ਇੱਕ ਹੋਰ ਗੱਲ ਵੀ ਉਨ੍ਹਾਂ ਨੂੰ ਪਸੰਦ ਆਈ ਕਿ ਇੱਥੇ ਭਾਰਤ ਦੇ ਕਈ ਹੋਰ ਸਕੂਲਾਂ ਵਾਂਗ “ਵੀਆਈਪੀ ਸੱਭਿਆਚਾਰ” ਨਹੀਂ ਹੈ।
ਹਰਸਿਮਰਨ ਕੋਛੜ ਨੇ ਕਿਹਾ, “ਇੱਥੇ ਸਾਰੇ ਬੱਚਿਆਂ ਨਾਲ ਇੱਕੋ ਜਿਹਾ ਸਲੂਕ ਕੀਤਾ ਜਾਂਦਾ ਹੈ। ਮੰਤਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਬੱਚਿਆਂ ਨੂੰ ਦੂਜੇ ਬੱਚਿਆਂ ਨਾਲੋਂ ਵੱਧ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ।”
ਪਾਸਕੋ ਦਾ ਕਹਿਣਾ ਹੈ ਕਿ ਇਨ੍ਹਾਂ ਸਕੂਲਾਂ ਲਈ ਸਿਰਫ਼ ਭਾਰਤ ਦੇ ਵਧਦੀ ਆਰਥਿਕ ਸਮਰੱਥਾ ਵਾਲੇ ਪਰਿਵਾਰ ਹੀ ਮਹੱਤਵਪੂਰਨ ਨਹੀਂ ਹਨ, ਸਗੋਂ ਉਹ ਐਨਆਰਆਈ ਵੀ ਇੱਕ ਵੱਡਾ ਗਾਹਕ ਵਰਗ ਹਨ, ਜੋ ਲੰਮਾ ਸਮਾਂ ਵਿਦੇਸ਼ ਵਿੱਚ ਰਹਿਣ ਤੋਂ ਬਾਅਦ ਵਾਪਸ ਭਾਰਤ ਆ ਗਏ ਹਨ। ਇਸ ਤੋਂ ਇਲਾਵਾ, ਬ੍ਰਿਟੇਨ ਜਾਂ ਮੱਧ ਪੂਰਬ ਵਿੱਚ ਰਹਿ ਰਹੇ ਉਹ ਭਾਰਤੀ ਵੀ ਆਪਣੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਉਣਾ ਚਾਹੁੰਦੇ ਹਨ ਤਾਂ ਜੋ ਬੱਚੇ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ।
ਬੈਂਗਲੁਰੂ ਵਿੱਚ ਹੈਰੋ ਸਕੂਲ ਦੇ 60 ਫ਼ੀਸਦੀ ਕਰਮਚਾਰੀ ਵਿਦੇਸ਼ੀ ਹਨ। ਦੂਜੇ ਸਕੂਲਾਂ ਵਾਂਗ, ਇਸ ਨੇ ਵੀ ਆਪਣੀਆਂ ਵਿਲੱਖਣ ਰਵਾਇਤਾਂ ਨੂੰ ਬੈਂਗਲੁਰੂ ਕੈਂਪਸ ਵਿੱਚ ਲਿਆਂਦਾ ਹੈ। ਇੱਥੇ ਅਧਿਆਪਕਾਂ ਨੂੰ ਬੀਕਸ ਕਿਹਾ ਜਾਂਦਾ ਹੈ ਅਤੇ ਵਿਦਿਆਰਥੀ ਹੈਰੋ ਸਕੂਲ ਦੀਆਂ ਰਵਾਇਤੀ ਟੋਪੀਆਂ ਅਤੇ ਵਰਦੀਆਂ ਪਹਿਨਦੇ ਹਨ। ਉਹ ‘ਦ ਲੌਂਗ ਡੱਕਰ ਨਾਮ ਦੀ ਦੌੜ ਵਿੱਚ ਵੀ ਹਿੱਸਾ ਲੈਂਦੇ ਹਨ। ਇਹ ਇੱਕ ਅਜਿਹੀ ਦੌੜ ਹੈ, ਜੋ ਦੁਨੀਆ ਭਰ ਵਿੱਚ ਇਸ ਸਕੂਲ ਦੇ ਵੱਖ-ਵੱਖ ਕੈਂਪਸਾਂ ਵਿੱਚ ਕਰਵਾਈ ਜਾਂਦੀ ਹੈ। ਇਸ ਸਕੂਲ ਵਿੱਚ ਹਾਊਸ ਸਿਸਟਮ ਵੀ ਹੈ, ਜੋ ਰਵਾਇਤੀ ਬ੍ਰਿਟਿਸ਼ ਸਿੱਖਿਆ ਪ੍ਰਣਾਲੀ ਦੀ ਇੱਕ ਖ਼ਾਸ ਪਛਾਣ ਹੈ।
ਇਨ੍ਹਾਂ ਰਵਾਇਤੀ ਬ੍ਰਿਟਿਸ਼ ਰਸਮਾਂ ਨੂੰ ਸਥਾਨਕ ਰੀਤੀ-ਰਿਵਾਜਾਂ ਨਾਲ ਵੀ ਜੋੜਿਆ ਗਿਆ ਹੈ। ਉਦਾਹਰਨ ਵਜੋਂ ਰੋਜ਼ਾਨਾ ਸਵੇਰ ਭਾਰਤ ਦਾ ਰਾਸ਼ਟਰੀ ਗੀਤ ਗਾਇਆ ਜਾਂਦਾ ਹੈ ਅਤੇ ਗਣੇਸ਼ ਚਤੁਰਥੀ ਵਰਗਾ ਵੱਡਾ ਹਿੰਦੂ ਤਿਉਹਾਰ ਵੀ ਮਨਾਇਆ ਜਾਂਦਾ ਹੈ।
Harrow School, Bengaluru
ਹਾਲਾਂਕਿ ਭਾਰਤ ਦੀ ਵਧਦੀ ਆਰਥਿਕ ਤਾਕਤ ਅਤੇ ਨਵੇਂ ਕਰੋੜਪਤੀਆਂ ਦੀ ਵਧਦੀ ਗਿਣਤੀ ਇਨ੍ਹਾਂ ਸਕੂਲਾਂ ਦੇ ਵਿਸਥਾਰ ਲਈ ਸੁਭਾਵਿਕ ਤੌਰ ‘ਤੇ ਮਦਦਗਾਰ ਹੈ। ਪਰ ਇਸ ਵਾਧੇ ਦਾ ਇੱਕ ਕਾਰਨ ਚੀਨ ਵਿੱਚ ਇਨ੍ਹਾਂ ਸਕੂਲਾਂ ਦੇ ਵਿਸਥਾਰ ਦੀ ਰਫ਼ਤਾਰ ਹੌਲੀ ਪੈਣਾ ਵੀ ਹੈ।
ਪਿਛਲੇ ਦਹਾਕੇ ਦੌਰਾਨ ਵਿਦੇਸ਼ਾਂ ਵਿੱਚ ਬ੍ਰਿਟਿਸ਼ ਪਬਲਿਕ ਸਕੂਲਾਂ ਦੇ ਵਿਸਥਾਰ ਦਾ ਵੱਡਾ ਹਿੱਸਾ ਚੀਨ ਅਤੇ ਹਾਂਗਕਾਂਗ ਵਿੱਚ ਹੋਇਆ ਸੀ। ਬ੍ਰਿਟੇਨ ਦੇ 50 ਸਕੂਲਾਂ ਵੱਲੋਂ ਚਲਾਏ ਜਾਂਦੇ 151 ਸੈਟੇਲਾਈਟ ਕੈਂਪਸਾਂ ਵਿੱਚੋਂ ਅੱਧੇ ਇਨ੍ਹਾਂ ਦੋਵਾਂ ਥਾਵਾਂ ‘ਤੇ ਸਥਿਤ ਹਨ।
ਪਰ ਨਿਯਮਾਂ ਵਿੱਚ ਬਦਲਾਅ ਅਤੇ “ਸਰਕਾਰਾਂ ਵੱਲੋਂ ਵਧਦੀ ਜਾਂਚ-ਪੜਤਾਲ ਅਤੇ ਇੱਥੋਂ ਤੱਕ ਕਿ ਵਿਰੋਧ” ਕਾਰਨ ਇਸ ਵਾਧੇ ਦੀ ਰਫ਼ਤਾਰ ਹੌਲੀ ਹੋ ਗਈ ਹੈ। ਇਹ ਗੱਲ ਬ੍ਰਿਟੇਨ ਸਥਿਤ ਥਿੰਕ ਟੈਂਕ ਪ੍ਰਾਈਵੇਟ ਐਜੂਕੇਸ਼ਨ ਪਾਲਿਸੀ ਫੋਰਮ (ਪੀਈਪੀਐੱਫ) ਦੇ 2025 ਦੇ ਇੱਕ ਅਧਿਐਨ ਵਿੱਚ ਕਹੀ ਗਈ ਹੈ।
ਚੀਨ ਦੇ 2024 ਵਿੱਚ ਬਣੇ ਇੱਕ ਨਵੇਂ ਕਾਨੂੰਨ ਨੇ ਵੀ ਇਨ੍ਹਾਂ ਸਕੂਲਾਂ ਦੇ ਵਿਸਥਾਰ ਵਿੱਚ ਰੁਕਾਵਟ ਪਾਈ। ਇਸ ਕਾਨੂੰਨ ਤਹਿਤ ਸਕੂਲਾਂ ਲਈ ਸਾਰੇ ਵਿਸ਼ਿਆਂ ਵਿੱਚ ਦੇਸ਼ ਭਗਤੀ ਦੀ ਸਿੱਖਿਆ ਨੂੰ ਸ਼ਾਮਲ ਕਰਨਾ ਲਾਜ਼ਮੀ ਕੀਤਾ ਗਿਆ ਸੀ। ਇਸ ਕਾਰਨ ਕੁਝ ਯੋਜਨਾਬੱਧ ਕੈਂਪਸਾਂ ਨੂੰ ਰੱਦ ਵੀ ਕਰਨਾ ਪਿਆ। ਪੀਈਪੀਐੱਫ ਮੁਤਾਬਕ, ਇਸ ਤੋਂ ਬਾਅਦ ਇਨ੍ਹਾਂ ਸਕੂਲਾਂ ਨੇ ਭਾਰਤ ਅਤੇ ਵੀਅਤਨਾਮ ਵਰਗੇ ਹੋਰ ਦੇਸ਼ਾਂ ਵਿੱਚ ਆਪਣੇ ਕੈਂਪਸ ਖੋਲ੍ਹਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਇਲਾਵਾ, ਬ੍ਰਿਟੇਨ ਨੇ 2024 ਦੇ ਪਤਝੜ ਵਾਲੇ ਬਜਟ ਵਿੱਚ ਨਿੱਜੀ ਸਕੂਲਾਂ ਦੀ ਫ਼ੀਸ ‘ਤੇ 20 ਫ਼ੀਸਦੀ ਵੈਟ ਲਾਗੂ ਕੀਤਾ। ਬੈੱਡਫੋਰਡ ਸਕੂਲ ਮੋਹਾਲੀ ਦੀ ਸੰਸਥਾਪਕ ਪ੍ਰਿੰਸੀਪਲ ਨਾਓਮੀ ਐਟਕਿਨਜ਼ ਦਾ ਕਹਿਣਾ ਹੈ ਕਿ ਇਸ ਕਾਰਨ ਕਈ ਨਿੱਜੀ ਸਕੂਲਾਂ ਨੂੰ ਵਿਦੇਸ਼ਾਂ ਵੱਲ ਰੁਖ਼ ਕਰਨਾ ਪਿਆ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਉਹ ਬਹੁਤ ਮੁਸ਼ਕਲ ਹਾਲਾਤ ਵਿੱਚ ਹਨ। ਇੱਥੋਂ ਤੱਕ ਕਿ ਜਿਨ੍ਹਾਂ ਸਕੂਲਾਂ ਨੇ ਪਹਿਲਾਂ ਕਦੇ ਵਿਦੇਸ਼ਾਂ ਵਿੱਚ ਵਿਸਥਾਰ ਕਰਨ ਬਾਰੇ ਨਹੀਂ ਸੋਚਿਆ ਸੀ, ਉਹ ਵੀ ਹੁਣ ਅਚਾਨਕ ਭਾਰਤ ਵਿੱਚ ਸਰਗਰਮ ਹੋ ਗਏ ਹਨ।”
Harrow School, Bengaluru
ਹਾਲਾਂਕਿ, ਉਹ ਮੰਨਦੇ ਹਨ ਕਿ ਭਾਰਤ ਵਿੱਚ ਕਾਰੋਬਾਰ ਕਰਨਾ ਇਨ੍ਹਾਂ ਸਕੂਲਾਂ ਲਈ ਆਸਾਨ ਨਹੀਂ ਰਿਹਾ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਸਕੂਲ ਸਥਾਨਕ ਨਿਵੇਸ਼ਕਾਂ ਜਾਂ ਸੰਚਾਲਕਾਂ ਨਾਲ ਸਾਂਝੇਦਾਰੀ ਕਰਕੇ ਖੋਲ੍ਹੇ ਜਾਂਦੇ ਹਨ।
ਐਟਕਿਨਜ਼ ਮੁਤਾਬਕ, ਪਹਿਲਾਂ ਦੂਜੇ ਦੇਸ਼ਾਂ ਵਿੱਚ ਇਹ ਸਕੂਲ ਸਥਾਨਕ ਭਾਈਵਾਲ ਜਾਂ ਨਿਵੇਸ਼ਕ ਨਾਲ 10 ਫ਼ੀਸਦੀ ਆਮਦਨ ਦੇ ਹਿਸਾਬ ਨਾਲ ਸਮਝੌਤਾ ਕਰ ਸਕਦੇ ਸਨ, ਪਰ ਭਾਰਤ ਵਿੱਚ ਕੁਝ ਮਾਮਲਿਆਂ ਵਿੱਚ ਉਨ੍ਹਾਂ ਦਾ ਮੁਨਾਫ਼ਾ ਘਟ ਕੇ ਸਿਰਫ਼ 1 ਫ਼ੀਸਦੀ ਤੱਕ ਰਹਿ ਗਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਕੂਲਾਂ ਨੇ ਭਾਰਤ ਵਿੱਚ ਸੰਭਾਵੀ ਗਾਹਕਾਂ ਦੀ ਗਿਣਤੀ ਦਾ ਅੰਦਾਜ਼ਾ ਵੀ ਲੋੜ ਤੋਂ ਵੱਧ ਲਗਾਇਆ ਸੀ।
ਭਾਵੇਂ ਭਾਰਤ ਵਿੱਚ ਲਗਭਗ 25 ਕਰੋੜ ਬੱਚੇ ਸਕੂਲਾਂ ਵਿੱਚ ਪੜ੍ਹਦੇ ਹਨ, ਪਰ ਇੱਥੇ ਅੰਗਰੇਜ਼ੀ ਸਿੱਖਿਆ ਦੀਆਂ ਜੜ੍ਹਾਂ ਪਹਿਲਾਂ ਹੀ ਬਹੁਤ ਮਜ਼ਬੂਤ ਹਨ ਅਤੇ ਚੀਨ, ਕੋਰੀਆ ਜਾਂ ਵੀਅਤਨਾਮ ਵਰਗੇ ਗ਼ੈਰ-ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਦੇ ਮੁਕਾਬਲੇ ਸਥਾਨਕ ਸਕੂਲਾਂ ਨਾਲ ਮੁਕਾਬਲਾ ਬਹੁਤ ਸਖ਼ਤ ਹੈ।
ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਵੀ ਕਾਫ਼ੀ ਘੱਟ ਹੈ। ਇਸ ਤੋਂ ਇਲਾਵਾ, ਬ੍ਰਿਟਿਸ਼ ਸਕੂਲਾਂ ਦੀਆਂ ਉੱਚੀਆਂ ਫ਼ੀਸਾਂ ਵੀ ਉਨ੍ਹਾਂ ਦੇ ਵਿਸਥਾਰ ਨੂੰ ਸੀਮਤ ਕਰ ਸਕਦੀਆਂ ਹਨ। ਇਨ੍ਹਾਂ ਸਕੂਲਾਂ ਵਿੱਚ ਪੂਰੇ ਸਮੇਂ ਹੋਸਟਲ ਵਿੱਚ ਰਹਿ ਕੇ ਪੜ੍ਹਨ ਲਈ 15,000 ਪੌਂਡ (ਕਰੀਬ 19 ਲੱਖ ਰੁਪਏ) ਜਾਂ ਇਸ ਤੋਂ ਵੀ ਵੱਧ ਫ਼ੀਸ ਲਈ ਜਾ ਸਕਦੀ ਹੈ।
ਐਟਕਿਨਜ਼ ਕਹਿੰਦੀ ਹੈ, “ਮੈਂ ਇੰਡੋਨੇਸ਼ੀਆ, ਮਲੇਸ਼ੀਆ ਅਤੇ ਚੀਨ ਵਿੱਚ ਕੰਮ ਕੀਤਾ ਹੈ, ਪਰ ਭਾਰਤੀ ਕੀਮਤਾਂ ਨੂੰ ਲੈ ਕੇ ਬਹੁਤ ਜ਼ਿਆਦਾ ਸੋਚਦੇ ਹਨ। ਉਹ ਚੰਗੀ ਕੀਮਤ ‘ਤੇ ਚੀਜ਼ ਖ਼ਰੀਦਣਾ ਪਸੰਦ ਕਰਦੇ ਹਨ।”
ਇਸੇ ਕਾਰਨ ਬੈੱਡਫੋਰਡ ਮੋਹਾਲੀ ਨੇ ਆਪਣੀ ਫ਼ੀਸ ਹੋਰ ਬ੍ਰਿਟਿਸ਼ ਸਕੂਲਾਂ ਦੀ ਫ਼ੀਸ ਦੇ ਮੁਕਾਬਲੇ ਲਗਭਗ ਅੱਧੀ ਰੱਖੀ ਹੈ।
ਪੀਈਪੀਐੱਫ ਮੁਤਾਬਕ, 2011-12 ਤੋਂ 2022-23 ਦਰਮਿਆਨ ਬ੍ਰਿਟਿਸ਼ ਸਕੂਲਾਂ ਦੇ ਵਿਦੇਸ਼ੀ ਸੈਟੇਲਾਈਟ ਕੈਂਪਸਾਂ ਨੇ 15.24 ਕਰੋੜ ਪੌਂਡ ਦਾ ਮੁਨਾਫ਼ਾ ਕਮਾਇਆ। ਸਾਲਾਂ ਦੌਰਾਨ ਇਹ ਮੁਨਾਫ਼ਾ ਕਾਫ਼ੀ ਵਧਿਆ ਹੈ।
ਪਰ ਭਾਰਤ ਵਿੱਚ ਇਨ੍ਹਾਂ ਸਕੂਲਾਂ ਦਾ ਵਿਸਥਾਰ ਤੇਜ਼ੀ ਨਾਲ ਹੋਣ ਦੀ ਬਜਾਏ ਹੌਲੀ-ਹੌਲੀ ਅਤੇ ਲਗਾਤਾਰ ਹੋਣ ਦੀ ਸੰਭਾਵਨਾ ਹੈ।
ਭਾਰਤ ਦੇ ਪੁਰਾਣੇ ਬਸਤੀਵਾਦੀ ਸਬੰਧ ਅਤੇ ਹੁਣ ਵਧ ਰਹੀ ਦੌਲਤ ਇਨ੍ਹਾਂ ਪੁਰਾਣੇ ਅਤੇ ਮਸ਼ਹੂਰ ਸਕੂਲਾਂ ਲਈ ਕਾਰੋਬਾਰ ਦੇ ਵੱਡੇ ਮੌਕੇ ਪੈਦਾ ਕਰਦੇ ਹਨ। ਪਰ ਸੰਭਾਵਨਾ ਘੱਟ ਹੈ ਕਿ ਭਾਰਤ ਵਿੱਚ ਮਿਲਣ ਵਾਲੇ ਮੌਕੇ ਚੀਨ ਦੇ ਬਾਜ਼ਾਰ ਦੇ ਨੁਕਸਾਨ ਦੀ ਭਰਪਾਈ ਕਰ ਸਕਣਗੇ, ਘੱਟੋ-ਘੱਟ ਤੁਰੰਤ ਤਾਂ ਨਹੀਂ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


