Home rss national punjabi2ਰਾਸ਼ਟਰੀ ਖ਼ਬਰਾਂ ਰਾਜਪੁਰਾ-ਸ਼ੰਭੂ ਰੇਲਵੇ ਟ੍ਰੈਕ ਧਮਾਕਾ: ਐੱਨਆਈਏ ਵੱਲੋਂ 6 ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਇਰ, ਪਾਕਿਸਤਾਨ...

ਰਾਜਪੁਰਾ-ਸ਼ੰਭੂ ਰੇਲਵੇ ਟ੍ਰੈਕ ਧਮਾਕਾ: ਐੱਨਆਈਏ ਵੱਲੋਂ 6 ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਇਰ, ਪਾਕਿਸਤਾਨ ਨਾਲ ਕੀ ਸਬੰਧ ਦੱਸਿਆ

3
0

Source :- BBC PUNJABI

ਰਾਜਪੁਰਾ-ਸ਼ੰਭੂ ਵਿਚਕਾਰ ਰੇਲਵੇ ਟ੍ਰੈਕ 'ਤੇ ਜਾਂਚ ਕਰਦੇ ਪੁਲਿਸ ਅਧਿਕਾਰੀ

ਪੜ੍ਹਨ ਦਾ ਸਮਾਂ: 5 ਮਿੰਟ

ਪੰਜਾਬ ‘ਚ ਸੰਭੂ-ਰਾਜਪੁਰਾ ਰੇਲਵੇ ਲਾਈਨ ‘ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ 6 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਹੈ। ਇਸ ਦੀ ਜਾਣਕਾਰੀ ਖੁਦ ਐੱਨਆਈਏ ਨੇ ਇੱਕ ਪ੍ਰੈੱਸ ਰਿਲੀਜ਼ ਰਾਹੀਂ ਦਿੱਤੀ ਹੈ।

ਜਾਣਕਾਰੀ ਮੁਤਾਬਕ, ਇਨ੍ਹਾਂ ਮੁਲਜ਼ਮਾਂ ਖਿਲਾਫ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਚਾਰਜ ਲਗਾਏ ਗਏ ਹਨ।

ਇਹ ਚਾਰਜਸ਼ੀਟ ਪੰਜਾਬ ਦੇ ਮੋਹਾਲੀ ਸਥਿਤ ਐੱਨਆਈਏ ਦੀ ਵਿਸ਼ੇਸ਼ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਹੈ।

ਇਹ ਮਾਮਲਾ 27 ਅਪ੍ਰੈਲ 2026 ਦਾ ਹੈ, ਜਦੋਂ ਪੰਜਾਬ ਦੇ ਸ਼ੰਭੂ ਅਤੇ ਰਾਜਪੁਰਾ ਸਟੇਸ਼ਨਾਂ ਵਿਚਕਾਰ ਰੇਲਵੇ ਲਾਈਨ ‘ਤੇ ਇੱਕ ਧਮਾਕਾ ਹੋਇਆ ਸੀ। ਇਸ ਘਟਨਾ ਵਿੱਚ ਖਾਲਿਸਤਾਨੀ ਕਾਰਕੁਨ ਜਗਰੂਪ ਸਿੰਘ ਦੀ ਮੌਤ ਹੋ ਗਈ ਸੀ, ਜੋ ਉਸ ਸਮੇਂ ਕਥਿਤ ਤੌਰ ‘ਤੇ ਵਿਸਫੋਟਕ ਸਮੱਗਰੀ ਤਿਆਰ ਕਰ ਰਿਹਾ ਸੀ।

ਉਸ ਸਮੇਂ ਪੰਜਾਬ ਪੁਲਿਸ ਨੇ ਇਸ ਮਾਮਲੇ ‘ਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਮੁਲਜ਼ਮਾਂ ਬਾਰੇ ਕੀ ਜਾਣਕਾਰੀ ਹੈ

ਐੱਨਆਈਨੇ ਵੱਲੋਂ ਚਾਰਜਸ਼ੀਟ ਸਬੰਧੀ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼

ਐੱਨਆਈਏ ਦੀ ਪ੍ਰੈੱਸ ਰਿਲੀਜ਼ ਮੁਤਾਬਕ, ਧਮਾਕੇ ਦੇ ਮਾਮਲੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸਟ (ਕੇਜ਼ੈੱਡਐੱਫ) ਨਾਲ ਜੁੜੇ 6 ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।

ਪ੍ਰੈੱਸ ਰਿਲੀਜ਼ ਮੁਤਾਬਕ, ਮਾਮਲੇ ਵਿੱਚ ਗੁਰਜਿੰਦਰ ਸਿੰਘ ਉਰਫ਼ ਬੇਅੰਤ ਬਾਬਾ, ਸਤਨਾਮ ਸਿੰਘ, ਪ੍ਰਦੀਪ ਸਿੰਘ ਉਰਫ਼ ਖਾਲਸਾ, ਕੁਲਵਿੰਦਰ ਸਿੰਘ ਉਰਫ਼ ਬੱਗਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਮਨਜੀਤ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਹੈ।

ਇਨ੍ਹਾਂ ਵਿਰੁੱਧ ਭਾਰਤੀ ਨਿਆਂ ਸੰਹਿਤਾ, ਆਰਮਜ਼ ਐਕਟ, ਵਿਸਫੋਟਕ ਪਦਾਰਥ ਐਕਟ (Explosive Substances Act), ਰੇਲਵੇ ਐਕਟ, ਜਨਤਕ ਜਾਇਦਾਦ ਨੂੰ ਨੁਕਸਾਨ ਤੋਂ ਬਚਾਅ ਕਾਨੂੰਨ ਅਤੇ ਯੂਏ(ਪੀ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਚਾਰਜ ਲਗਾਏ ਗਏ ਹਨ।

ਐੱਨਆਈਏ ਮੁਤਾਬਕ, ਜਾਂਚ ਦੌਰਾਨ ਏਜੰਸੀ ਨੇ ਪਾਇਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਤੇ ਮ੍ਰਿਤਕ ਮੁਲਜ਼ਮ ਜਗਰੂਪ ਸਿੰਘ, ਪਾਕਿਸਤਾਨ ਸਥਿਤ ਰਣਜੀਤ ਸਿੰਘ ਉਰਫ਼ ‘ਨੀਤਾ’ ਵੱਲੋਂ ਰਚੀ ਗਈ ਸਾਜ਼ਿਸ਼ ਦਾ ਹਿੱਸਾ ਸਨ। ਰਣਜੀਤ ਸਿੰਘ ਕੇਜ਼ੈੱਡਐੱਫ ਨਾਲ ਜੁੜਿਆ ਹੋਇਆ ਹੈ ਅਤੇ ਉਸ ਨੂੰ ਇੱਕ ‘ਨਾਮਜ਼ਦ ਅੱਤਵਾਦੀ’ (ਡੀਆਈਟੀ) ਐਲਾਨਿਆ ਗਿਆ ਹੈ। ਇਸ ਸਾਜ਼ਿਸ਼ ਦਾ ਮਕਸਦ ਖਾਲਿਸਤਾਨੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨਾ ਅਤੇ ਅੱਤਵਾਦੀ ਸੰਗਠਨ ਦੇ ਉਦੇਸ਼ਾਂ ਨੂੰ ਅੱਗੇ ਵਧਾਉਣਾ ਸੀ।

ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

ਐੱਨਆਈਏ ਨੇ ਹੋਰ ਕੀ-ਕੀ ਕਿਹਾ

ਐੱਨਆਈਏ ਮੁਤਾਬਕ, ਜਾਂਚ ਦੌਰਾਨ ਏਜੰਸੀ ਨੇ ਪਾਇਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਤੇ ਮ੍ਰਿਤਕ ਮੁਲਜ਼ਮ ਜਗਰੂਪ ਸਿੰਘ, ਪਾਕਿਸਤਾਨ ਸਥਿਤ ਰਣਜੀਤ ਸਿੰਘ ਉਰਫ਼ 'ਨੀਤਾ' ਵੱਲੋਂ ਰਚੀ ਗਈ ਸਾਜ਼ਿਸ਼ ਦਾ ਹਿੱਸਾ ਸਨ (ਸੰਕੇਤਕ ਤਸਵੀਰ)

ਐੱਨਆਈਏ ਮੁਤਾਬਕ, ਇਹ ਮੁਲਜ਼ਮ ਇੱਕ ਅਜਿਹੀ ਸਾਜ਼ਿਸ਼ ਵਿੱਚ ਸ਼ਾਮਿਲ ਸਨ, ਜਿਸ ਦੇ ਨਤੀਜੇ ਵਜੋਂ 27 ਅਪ੍ਰੈਲ 2026 ਨੂੰ ਸ਼ੰਭੂ ਅਤੇ ਰਾਜਪੁਰਾ ਸਟੇਸ਼ਨਾਂ ਵਿਚਕਾਰ ਡੈਡੀਕੇਟਿਡ ਫ੍ਰੇਟ ਕੋਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (DFCCIL) ਦੀ ਰੇਲਵੇ ਲਾਈਨ ‘ਤੇ ਕਿਲੋਮੀਟਰ ਨੰਬਰ 1174-5 ‘ਤੇ ਧਮਾਕਾ ਹੋਇਆ।

ਏਜੰਸੀ ਮੁਤਾਬਕ, ਇਸ ਸਾਜ਼ਿਸ਼ ਦਾ ਮਕਸਦ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਖਾਲਿਸਤਾਨ ਜ਼ਿੰਦਾਬਾਦ ਫੋਰਸ’ (KZF) ਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੱਗੇ ਵਧਾਉਣਾ, ਆਪਸੀ ਸਦਭਾਵਨਾ ਨੂੰ ਵਿਗਾੜਨਾ ਅਤੇ ਪੰਜਾਬ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਵਿਗਾੜਨਾ ਸੀ।

ਐੱਨਆਈਏ ਦੀ ਪ੍ਰੈੱਸ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਇਹ ਅੱਤਵਾਦੀ ਗਿਰੋਹ ਕਈ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਿਲ ਹੈ, ਜਿਵੇਂ ਕਿ ਅੱਤਵਾਦੀ ਫੰਡ ਇਕੱਠੇ ਕਰਨਾ, ਵਿਸਫੋਟਕ, ਹਥਿਆਰ ਅਤੇ ਗੋਲਾ-ਬਾਰੂਦ ਹਾਸਿਲ ਕਰਨਾ, ਆਮ ਲੋਕਾਂ ਵਿੱਚ ਦਹਿਸ਼ਤ ਫੈਲਾਉਣਾ ਅਤੇ ਦੇਸ਼ ਦੀ ਅਖੰਡਤਾ, ਸੁਰੱਖਿਆ ਤੇ ਪ੍ਰਭੂਸੱਤਾ ਲਈ ਖ਼ਤਰਾ ਪੈਦਾ ਕਰਨਾ।

ਕਿਵੇਂ ਵਾਪਰੀ ਸੀ ਘਟਨਾ

ਘਟਨਾ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ

ਇਹ ਘਟਨਾ 27 ਅਪ੍ਰੈਲ 2026 ਦੀ ਰਾਤ ਤਕਰੀਬਨ 10 ਵਜੇ ਦੇ ਕਰੀਬ ਵਾਪਰੀ। ਇਸ ਧਮਾਕੇ ਦੀ ਗੂੰਜ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ ਸੀ।

ਹਾਲਾਂਕਿ ਜਿਸ ਵੇਲੇ ਇਹ ਧਮਾਕਾ ਹੋਇਆ ਉਸ ਵੇਲੇ ਕੋਈ ਰੇਲ ਗੱਡੀ ਉਸ ਟਰੈਕ ਤੋਂ ਨਹੀਂ ਲੰਘ ਰਹੀ ਸੀ। ਇਸੇ ਦੌਰਾਨ ਜਗਰੂਪ ਸਿੰਘ ਦੀ ਧਮਾਕੇ ਵਿੱਚ ਮੌਤ ਹੋ ਗਈ ਸੀ।

ਧਮਾਕੇ ਤੋਂ ਬਾਅਦ ਸਾਹਮਣੇ ਆਈ ਜਾਣਕਾਰੀ ਮੁਤਾਬਕ, ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ, ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਸ ਵੇਲੇ ਪੁਲਿਸ ਨੇ ਕਿਹਾ ਸੀ ਕਿ “ਜਗਰੂਪ ਸਿੰਘ ਇਸ ਮਡਿਊਲ ਦਾ ਹਿੱਸਾ ਸੀ ਅਤੇ ਧਮਾਕਾ ਸਮੱਗਰੀ ਉੱਥੇ ਰੱਖਣ ਦੌਰਾਨ ਜਦੋਂ ਧਮਾਕਾ ਹੋਇਆ ਤਾਂ ਉਸ ਦੀ ਮੌਤ ਹੋ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਜਗਰੂਪ ਖਾਲਿਸਤਾਨੀ ਪੱਖੀਆਂ ਦੇ ਨਾਲ ਜੁੜਿਆ ਹੋਇਆ ਸੀ ਅਤੇ 2019 ਵਿੱਚ ਮਲੇਸ਼ੀਆ ਵੀ ਜਾ ਕੇ ਆਇਆ ਸੀ। ਸਤਨਾਮ ਸਿੰਘ, ਜਗਰੂਪ ਸਿੰਘ ਦਾ ਭਰਾ ਹੈ। ਜਗਰੂਪ ਸਿੰਘ ਉੱਤੇ 2024 ਵਿੱਚ ਇੱਕ ਐੱਫਆਈਆਰ ਦਰਜ ਹੋਈ ਸੀ।”

ਜਗਰੂਪ ਸਿੰਘ ਕੌਣ ਸੀ

ਪੁਲਿਸ ਨੇ ਦੱਸਿਆ ਸੀ ਕਿ

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਦੀ ਉਸ ਵੇਲੇ ਦੀ ਇੱਕ ਰਿਪੋਰਟ ਮੁਤਾਬਕ, ਪੁਲਿਸ ਨੇ ਦੱਸਿਆ ਸੀ ਕਿ “ਜਗਰੂਪ ਸਿੰਘ ਇਸ ਮਡਿਊਲ ਦਾ ਹਿੱਸਾ ਸੀ ਅਤੇ ਧਮਾਕਾ ਸਮੱਗਰੀ ਰੱਖਣ ਦੌਰਾਨ ਧਮਾਕਾ ਹੋਣ ਨਾਲ ਉਸ ਦੀ ਮੌਤ ਹੋ ਗਈ। ਪ੍ਰਦੀਪ ਸਿੰਘ ਖਾਲਸਾ ਇਸ ਮਡਿਊਲ ਦਾ ਮੁੱਖ ਸਿਰਗਣਾ ਸੀ ਅਤੇ ਉਹ ਨੌਜਵਾਨਾਂ ਨੂੰ ਮਲੇਸ਼ੀਆ ਭੇਜ ਕੇ ਟ੍ਰੇਨਿੰਗ ਦਿਵਾਉਂਦਾ ਸੀ।”

ਪੁਲਿਸ ਨੇ ਇਹ ਵੀ ਦੱਸਿਆ, “ਜਗਰੂਪ ਸਿੰਘ ਉੱਤੇ 2024 ਵਿੱਚ ਇੱਕ ਮੁਕੱਦਮਾ ਦਰਜ ਹੋਇਆ ਸੀ ਅਤੇ ਉਹ ਇਸ ਮਡਿਊਲ ਦੇ ਸੰਪਰਕ ਵਿੱਚ ਆਇਆ ਹੋਇਆ ਸੀ।”

ਜਗਰੂਪ ਸਿੰਘ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ।

ਧਮਾਕੇ ਦੀ ਘਟਨਾ ਤੋਂ ਬਾਅਦ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਪਿੰਡ ਦੇ ਲੋਕਾਂ ਨੇ ਕਿਹਾ ਸੀ ਕਿ ਜਗਰੂਪ ਸਿੰਘ ਨਿਹੰਗ ਜਥੇਬੰਦੀਆਂ ਨਾਲ ਜੁੜਿਆ ਹੋਇਆ ਸੀ ਅਤੇ ਘੋੜਿਆਂ ਦੀ ਸੇਵਾ ਕਰਦਾ ਸੀ। ਉਸ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦੌਰਾਨ ਵੀ ਕੰਮ ਕੀਤਾ ਸੀ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਉਸ ਵੇਲੇ ਦੀ ਰਿਪੋਰਟ ਮੁਤਾਬਕ, ਜਗਰੂਪ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਸੀ ਕਿ “ਜਗਰੂਪ ਸਿੰਘ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ ਅਤੇ ਉਹ ਮਿਹਨਤ ਕਰਕੇ ਰੋਜ਼ੀ ਕਮਾਉਂਦਾ ਸੀ।”

ਇੱਕ ਗੁਆਂਢੀ ਤਲਵੀਰ ਸਿੰਘ ਨੇ ਕਿਹਾ ਸੀ, “ਅਸੀਂ ਅਜੇ ਵੀ ਇਸ ਗੱਲ ‘ਤੇ ਯਕੀਨ ਨਹੀਂ ਕਰ ਸਕਦੇ। ਉਹ ਹਮੇਸ਼ਾ ਖੁਸ਼ਮਿਜਾਜ਼ ਰਹਿੰਦਾ ਸੀ ਅਤੇ ਸਭ ਨਾਲ ਪਿਆਰ ਨਾਲ ਮਿਲਦਾ ਸੀ। ਉਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ।”

ਸਰਪੰਚ ਮਨਜੀਤ ਸਿੰਘ ਨੇ ਕਿਹਾ, “ਸਾਨੂੰ ਇਸ ਮਾਮਲੇ ਬਾਰੇ ਟੀਵੀ ਚੈਨਲਾਂ ਰਾਹੀਂ ਪਤਾ ਲੱਗਾ। ਪੁਲਿਸ ਸਵੇਰੇ ਕਰੀਬ 5:30 ਵਜੇ ਉਸ ਦੇ ਘਰ ਪਹੁੰਚੀ ਅਤੇ ਉਸ ਦੇ ਛੋਟੇ ਭਰਾ ਨੂੰ ਆਪਣੇ ਨਾਲ ਲੈ ਗਈ।”

“ਉਸ ਉੱਤੇ ਪਹਿਲਾਂ ਇੱਕ ਕੇਸ ਦਰਜ ਸੀ, ਪਰ ਉਹ ਗੰਭੀਰ ਨਹੀਂ ਸੀ। ਜਗਰੂਪ ਸਿੰਘ ਨਿਹੰਗ ਸੀ ਅਤੇ ਦਲ ਪੰਥ ਨਾਲ ਜੁੜਿਆ ਹੋਇਆ ਸੀ, ਪਰ ਪਿੰਡ ਨਾਲ ਉਸ ਦੇ ਰਿਸ਼ਤੇ ਚੰਗੇ ਸਨ। ਜੇ ਉਹ ਇਸ ਵਿੱਚ ਸ਼ਾਮਲ ਹੈ ਤਾਂ ਇਹ ਗ਼ਲਤ ਹੈ ਅਤੇ ਅਸੀਂ ਇਸ ਦਾ ਸਮਰਥਨ ਨਹੀਂ ਕਰਾਂਗੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI