Source :- BBC PUNJABI
Getty Images
ਪੜ੍ਹਨ ਦਾ ਸਮਾਂ: 3 ਮਿੰਟ
ਓਂਟਾਰੀਓ ਲਾਟਰੀ ਐਂਡ ਗੇਮਿੰਗ ਕੋਅਪਰੇਸ਼ਨ ਮੁਤਾਬਕ ਲਾਟਰੀ ਦਾ ਚਾਰ ਕਰੋੜ ਕੈਨੇਡੀਅਨ ਡਾਲਰ(ਤਕਰੀਬਨ 272 ਕਰੋੜ ਰੁਪਏ) ਦਾ ਇਨਾਮ ਜਿੱਤਣ ਵਾਲੇ ਟਿਕਟ ਮਾਲਿਕ ਨੇ ਉਸ ਦੀ ਮਿਆਦ ਖ਼ਤਮ ਹੋਣ ਤੋਂ ਕਝ ਹੀ ਘੰਟੇ ਪਹਿਲਾਂ ਆਪਣਾ ਦਾਅਵਾ ਪੇਸ਼ ਕੀਤਾ।
ਓਐਲਜੀ ਦੇ ਮੀਡੀਆ ਰਿਲੇਸ਼ਨਜ਼ ਦੇ ਨਿਰਦੇਸ਼ਕ ਟੋਨੀ ਬਿਟੋਂਟੀ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਲਾਟਰੀ ਟਰਮੀਨਲ ਜ਼ਰੀਏ ਟਿਕਟ ਦੀ ਪੁਸ਼ਟੀ ਕੀਤੀ ਗਈ। ਇਸ ਟਿਕਟ ਦੀ ਮਿਆਦ ਬੁੱਧਵਾਰ ਦੀ ਅੱਧੀ ਰਾਤ ਨੂੰ ਖ਼ਤਮ ਹੋਣ ਵਾਲੀ ਸੀ।
ਲਾਟਰੀ ਕੋਅਪਰੇਸ਼ਨ ਲੋਟੋ ਮੈਕਸ ਜੈਕਪਾਟ ਜਿੱਤਣ ਵਾਲੇ ਟਿਕਟ ਦੇ ਮਾਲਿਕ ਦੀ ਭਾਲ ਕਰ ਰਿਹਾ ਸੀ।
ਲਗਭਗ ਇੱਕ ਸਾਲ ਪਹਿਲਾਂ 28 ਅਕਤੂਬਰ 2025 ਨੂੰ ਓਂਟਾਰੀਓ ਦੇ ਗ੍ਰੇ ਕਾਉਂਟੀ ਵਿੱਚ ਇੱਕ ਰਿਟੇਲਰ ਤੋਂ ਇਹ ਟਿਕਟ ਖ਼ਰੀਦਿਆ ਗਿਆ ਸੀ।
ਓਐਲਜੀ ਨੇ ਜੇਤੂ ਦਾ ਨਾਮ ਨਹੀਂ ਦੱਸਿਆ ਅਤੇ ਕਿਹਾ ਕਿ ਉਸ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਪੁਸ਼ਟੀ ਕੀਤੀ ਹੈ ਕਿ ਟਿਕਟ ਦੇ ਅਸਲੀ ਮਾਲਿਕ ਉਹੀ ਹਨ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, “ਜੇ ਅਸਲੀ ਮਾਲਿਕਾਨਾ ਹੱਕ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਓਐਲਜੀ ਜੇਤੂ ਦੇ ਸਨਮਾਨ ਵਿੱਚ ਇੱਕ ਸਮਾਰੋਹ ਦਾ ਪ੍ਰਬੰਧ ਕਰੇਗਾ ਅਤੇ ਜੇਤੂ ਬਾਰੇ ਜਾਣਕਾਰੀ ਜਨਤਕ ਕਰਨ ਦੀ ਆਪਣੀ ਪ੍ਰਕਿਰਿਆ ਤਹਿਤ ਉਨ੍ਹਾਂ ਦੀ ਕਹਾਣੀ ਮੀਡੀਆ ਅਤੇ ਆਮ ਲੋਕਾਂ ਨਾਲ ਸਾਂਝੀ ਕਰੇਗਾ।”
ਓਐਲਜੀ ਨੇ ਕਿਹਾ ਸੀ ਕਿ ਬਲੂ ਮਾਊਂਟੇਨਜ਼ ਅਤੇ ਓਵੇਨ ਸਾਊਂਡ ਨੂੰ ਸ਼ਾਮਲ ਕਰਨ ਵਾਲਾ ਗ੍ਰੇ ਕਾਊਂਟੀ ਇੱਕ ਹਰਮਨ ਪਿਆਰਾ ਟੂਰਿਸਟ ਸਥਾਨ ਹੈ। ਅਜਿਹੇ ਵਿੱਚ ਹੋ ਸਕਦਾ ਹੈ ਕਿ ਕਿਸੇ ਨੇ ਉੱਥੇ ਟਿਕਟ ਖ਼ਰੀਦਿਆ ਹੋਵੇ ਅਤੇ ਘਰ ਪਰਤਣ ਬਾਅਦ ਉਸ ਨੂੰ ਚੈੱਕ ਕਰਨਾ ਭੁੱਲ ਗਿਆ ਹੋਵੇ।
ਬਿਟੋਂਟੀ ਨੇ ਬੁੱਧਵਾਰ ਨੂੰ ਇਸ ਤੋਂ ਪਹਿਲਾਂ ਸੀਟੀਵੀ ਨਿਊਜ਼ ਨੂੰ ਦੱਸਿਆ ਸੀ ਕਿ ‘ਅਫ਼ਸੋਸ ਦੀ ਗੱਲ’ ਇਹ ਸੀ ਕਿ ਟਿਕਟ ਨੂੰ ਓਐਲਜੀ ਐਪ ਜਾਂ ਕਿਸੇ ਦੁਕਾਨ ‘ਤੇ ਚੈੱਕ ਨਹੀਂ ਕੀਤਾ ਗਿਆ ਸੀ।
ਓਐਲਜੀ ਨੇ ਦੱਸਿਆ ਕਿ ਜੈਕਪੌਟ ਜਿੱਤਣ ਵਾਲੇ ਨੰਬਰ 06,14,17,19,26,43 ਅਤੇ 45 ਹਨ। ਬੋਨਸ ਨੰਬਰ 27 ਹੈ।
ਓਂਟਾਰੀਓ ਲਾਟਰੀ ਐਂਡ ਗੇਮਿੰਗ ਕੋਅਪਰੇਸ਼ਨ ਨੇ ਟਿਕਟ ਖ਼ਰੀਦਣ ਵਾਲਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਕੱਪੜਿਆਂ ਦੀਆਂ ਜੇਬਾਂ, ਹੈਂਡਬੈਗ, ਬੈਗਪੈਕ, ਬਟੂਏ ਅਤੇ ਗੱਡੀਆਂ ਦੇ ਗਲਵ ਕੰਪਾਰਟਮੈਂਟ ਜਿਹੀਆਂ ਥਾਂਵਾਂ ਚੈੱਕ ਕਰੇ।
ਜੇ ਮਿਆਦ ਖਤਮ ਹੋ ਜਾਂਦੀ ਤਾਂ…?
Getty Images
ਜੇ ਟਿਕਟ ਦੀ ਮਿਆਦ ਖਤਮ ਹੋ ਜਾਂਦੀ ਤਾਂ ਲਾਟਰੀ ਕੋਅਪਰੇਸ਼ਨ ਚਾਰ ਕਰੋੜ ਕੈਨੇਡੀਅਨ ਡਾਲਰ ਦੀ ਇਨਾਮੀ ਰਾਸ਼ੀ ਭਵਿੱਖ ਦੀਆਂ ਖੇਡਾਂ ਲਈ ਆਪਣੇ ਕੋਲ ਰੱਖ ਲੈਂਦਾ।
ਪਹਿਲਾਂ ਵੀ ਲਾਟਰੀ ਦੇ ਵੱਡੇ ਇਨਾਮਾਂ ‘ਤੇ ਕਿਸੇ ਨੇ ਦਾਅਵਾ ਨਹੀਂ ਕੀਤਾ ਹੈ।
28 ਜੂਨ 2022 ਨੂੰ ਓਂਟਾਰੀਓ ਦੇ ਸਕਾਰਬਰੋ ਵਿੱਚ ਕਿਸੇ ਨੇ ਸੱਤ ਕਰੋੜ ਡਾਲਰ ਦਾ ਮੈਕਸ ਡਰਾਅ ਜਿੱਤਿਆ ਸੀ ਪਰ ਕੋਈ ਵੀ ਟਿਕਟ ਗਾਹਕ ਇਨਾਮ ਲੈਣ ਸਾਹਮਣੇ ਨਹੀਂ ਆਇਆ।
ਉਸ ਸਮੇਂ ਓਐਲਜੀ ਨੇ ਦੱਸਿਆ ਸੀ ਕਿ ਟਿਕਟ ਬਾਰੇ 2700 ਲੋਕਾਂ ਨੇ ਫੋਨ ਅਤੇ ਈਮੇਲ ਜ਼ਰੀਏ ਸੰਪਰਕ ਕੀਤਾ ਸੀ ਪਰ ਉਨ੍ਹਾਂ ਵਿੱਚੋਂ ਕੋਈ ਵੀ ਜੇਤੂ ਨਹੀਂ ਸੀ।
ਬਿਟੋਂਟੀ ਨੇ ਦੱਸਿਆ ਕਿ ਹਰ ਸਾਲ ਲਗਭਗ ਇੱਕ ਫ਼ੀਸਦੀ ਇਨਾਮਾਂ ‘ਤੇ ਕੋਈ ਦਾਅਵਾ ਨਹੀਂ ਕਰਦਾ। ਉਨ੍ਹਾਂ ਨੇ ਕਿਹਾ ਕਿ ਆਮ ਤੌਰ ‘ਤੇ ਇਹ ਇਨਾਮ ਬਹੁਤ ਛੋਟੀ ਰਕਮ ਹੁੰਦੇ ਹਨ।
ਪਿਛਲੇ ਹਫਤੇ ਅਲਬਰਟਾ ਦੇ ਇੱਕ ਨਿਵਾਸੀ ਨੇ ਕੈਨੇਡਾ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਲਾਟਰੀ ਜੈਕਪੌਟ ਨੌ ਕਰੋੜ ਡਾਲਰ ਜਿੱਤਿਆ ਸੀ। ਜੇਤੂ ਦੀ ਪਛਾਣ ਹੁਣ ਤਕ ਜਨਤਕ ਨਹੀਂ ਕੀਤੀ ਗਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




