Home rss national punjabi2ਰਾਸ਼ਟਰੀ ਖ਼ਬਰਾਂ ਕਾਕਰੋਚ ਜਨਤਾ ਪਾਰਟੀ ਦੇ ਅਭਿਜੀਤ ਦੀਪਕੇ ਨੇ ਦਿਲਜੀਤ ਦੋਸਾਂਝ ਨੂੰ ਕਿਉਂ ਕਿਹਾ,...

ਕਾਕਰੋਚ ਜਨਤਾ ਪਾਰਟੀ ਦੇ ਅਭਿਜੀਤ ਦੀਪਕੇ ਨੇ ਦਿਲਜੀਤ ਦੋਸਾਂਝ ਨੂੰ ਕਿਉਂ ਕਿਹਾ, ‘ਛੋਟਾ ਭਰਾ ਸਮਝ ਕੇ ਹੁਣ ਮਿੱਟੀ ਪਾਓ’, ਕੀ ਹੈ ਪੂਰਾ ਵਿਵਾਦ

4
0

Source :- BBC PUNJABI

ਦਿਲਜੀਤ ਦੋਸਾਂਝ

ਪੜ੍ਹਨ ਦਾ ਸਮਾਂ: 5 ਮਿੰਟ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ‘ਤੇ ਕੀਤੀ ਟਿੱਪਣੀ ਦੇ ਮਸਲੇ ਉੱਤੇ ਹੁਣ ਇੱਕ ਪੋਸਟ ਪਾ ਕੇ ਮਾਮਲਾ ਸੁਲਝਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਦਿੱਲੀ ਵਿੱਚ ਨੀਟ ਪੇਪਰ ਲੀਕ ਤੋਂ ਬਾਅਦ ਹੋਏ ਵਿਦਿਆਰਥੀ ਪ੍ਰਦਰਸ਼ਨਾਂ ਦੌਰਾਨ ਆਵਾਜ਼ ਨਾ ਚੁੱਕਣ ਨੂੰ ਲੈ ਕੇ ਦਿਲਜੀਤ ਦੀ ਆਲੋਚਨਾ ਕੀਤੀ ਸੀ।

ਦੀਪਕੇ ਨੇ ਇਹ ਪੋਸਟ ਸ਼ੁੱਕਰਵਾਰ ਸ਼ਾਮ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਆਪਣੇ ਕੰਸਰਟ ਦੌਰਾਨ ਦਿਲਜੀਤ ਦੋਸਾਂਝ ਵੱਲੋਂ ਇੱਕ ਪ੍ਰਤੀਕਰਮ ਦੇਣ ਤੋਂ ਬਾਅਦ ਕੀਤੀ।

ਦਿਲਜੀਤ ਨੇ ਬਿਨਾਂ ਦੀਪਕੇ ਜਾਂ ਸੀਜੇਪੀ ਦਾ ਨਾਮ ਲਏ ਕਿਹਾ ਕਿ ਕਿਸੇ ਨੂੰ ਵੀ ਪੰਜਾਬੀਆਂ ਨੂੰ ਲੜਨਾ ਸਿਖਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਇਹ ਵੀ ਸਵਾਲ ਚੁੱਕਿਆ ਕਿ ਮੰਚ ‘ਤੇ ਉਨ੍ਹਾਂ ਦੀ ਫ਼ਿਲਮ ‘ਸਤਲੁਜ’ ਦਾ ਮਜ਼ਾਕ ਕਿਉਂ ਉਡਾਇਆ ਗਿਆ।

ਇੰਸਟਾਗ੍ਰਾਮ ‘ਤੇ ਦੀਪਕੇ ਨੇ ਦਿਲਜੀਤ ਨੂੰ ਵਿਵਾਦ ਖ਼ਤਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਆਪਣਾ ਛੋਟਾ ਭਰਾ ਸਮਝ ਕੇ ਹੁਣ ਇਸ ਨੂੰ ਗੱਲ ਨੂੰ ਛੱਡ ਦੇਣ।

ਦਿਲਜੀਤ ਦੋਸਾਂਝ ਨੇ ਕੀ ਕਿਹਾ?

ਦਿਲਜੀਤ

ਕੰਸਰਟ ਦੌਰਾਨ ਦਿਲਜੀਤ ਨੇ ਨੀਟ ਪੇਪਰ ਲੀਕ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਲੈ ਕੇ ਇੱਕ ਪ੍ਰਸ਼ੰਸਕ ਦੇ ਸਵਾਲ ‘ਤੇ ਆਪਣੀ ਪ੍ਰਤੀਕਿਰਿਆ ਦਾ ਬਚਾਅ ਕੀਤਾ। ਉਸ ਸਮੇਂ ਉਨ੍ਹਾਂ ਨੇ ਕਿਹਾ ਸੀ, “ਮੈਂ ਸਿਰਫ਼ ਇੱਕ ਕਲਾਕਾਰ ਹਾਂ।”

ਉਨ੍ਹਾਂ ਦੀ ਇਸ ਟਿੱਪਣੀ ਦੀ ਕਾਫ਼ੀ ਆਲੋਚਨਾ ਹੋਈ ਸੀ। ਆਲੋਚਨਾ ਕਰਨ ਵਾਲਿਆਂ ਵਿੱਚ ਅਭਿਜੀਤ ਦੀਪਕੇ ਵੀ ਸ਼ਾਮਲ ਸਨ।

ਉਨ੍ਹਾਂ ਨੇ ਦਿਲਜੀਤ ‘ਤੇ ਦੋਹਰੇ ਮਾਪਦੰਡ ਅਪਣਾਉਣ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਦਿਲਜੀਤ ‘ਸਤਲੁਜ’ ਵਰਗੇ ਸਿਆਸੀ ਵਿਸ਼ਿਆਂ ‘ਤੇ ਆਧਾਰਿਤ ਫ਼ਿਲਮਾਂ ਵਿੱਚ ਕੰਮ ਕਰਦੇ ਹਨ, ਪਰ ਵਿਦਿਆਰਥੀ ਪ੍ਰਦਰਸ਼ਨਾਂ ਦਾ ਸਮਰਥਨ ਨਹੀਂ ਕਰਦੇ।

ਦਿਲਜੀਤ ਨੇ ਬਿਨਾਂ ਕਿਸੇ ਸਿਆਸੀ ਪਾਰਟੀ ਦਾ ਨਾਮ ਲਏ ਦਰਸ਼ਕਾਂ ਨੂੰ ਕਿਹਾ, “ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹਾਂ, ਕਿਉਂਕਿ ਮੈਂ ਇੱਕ ਕਲਾਕਾਰ ਹਾਂ। ਮੈਂ ਚੁੱਪ ਹਾਂ, ਤਾਂ ਮੈਨੂੰ ਚੁੱਪ ਰਹਿਣ ਦਿਓ। ਮੈਂ ਤੁਹਾਡਾ ਸਾਰਿਆਂ ਦਾ ਸਮਰਥਨ ਕਰਦਾ ਹਾਂ। ਪਰ ਪੰਜਾਬੀਆਂ ਨੂੰ ਲੜਨਾ ਨਾ ਸਿਖਾਓ।”

ਉਨ੍ਹਾਂ ਨੇ ਕਿਹਾ, “ਜਿਸ ਫ਼ਿਲਮ ਦਾ ਤੁਸੀਂ ਮੰਚ ‘ਤੇ ਮਜ਼ਾਕ ਉਡਾ ਰਹੇ ਹੋ, ਜਸਵੰਤ ਸਿੰਘ ਖਾਲੜਾ ਦੀ ਉਸ ਫ਼ਿਲਮ ਲਈ ਅਸੀਂ ਲੰਬੇ ਸਮੇਂ ਤੱਕ ਸੰਘਰਸ਼ ਕੀਤਾ ਹੈ। ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹਾਂ। ਜੇਕਰ ਕੋਈ ਸਾਡੇ ਨਾਲ ਨਫ਼ਰਤ ਕਰਦਾ ਹੈ, ਤਾਂ ਕੋਈ ਗੱਲ ਨਹੀਂ। ਪਰ ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹਾਂ।”

ਦਿਲਜੀਤ ਦੀ ਇਸ ਟਿੱਪਣੀ ਤੋਂ ਬਾਅਦ ਹੁਣ ਅਭਿਜੀਤ ਦੀਪਕੇ ਨੇ ਪ੍ਰਤੀਕਰਮ ਦਿੱਤਾ ਹੈ।

ਅਭਿਜੀਤ ਦੀਪਕੇ ਨੇ ਕਿਹਾ- ‘ਛੋਟਾ ਭਰਾ ਸਮਝ ਕੇ ਇਸ ਵਿਵਾਦ ਨੂੰ ਖ਼ਤਮ ਕਰ ਦਿਓ’

ਇੰਸਟਾਗ੍ਰਾਮ ‘ਤੇ ਦੀਪਕੇ ਨੇ ਲਿਖਿਆ, “ਭਾਜੀ, ਜੂਨ ਵਿੱਚ ਜਦੋਂ ਅਸੀਂ ਪ੍ਰਦਰਸ਼ਨ ਕਰ ਰਹੇ ਸੀ, ਉਦੋਂ ਤੁਹਾਡੀ ਟਿੱਪਣੀ ਨਾਲ ਮੈਨੂੰ ਥੋੜ੍ਹਾ ਦੁੱਖ ਹੋਇਆ ਸੀ। ਅਜਿਹਾ ਇਸ ਲਈ ਨਹੀਂ ਸੀ ਕਿ ਮੇਰੇ ਮਨ ਵਿੱਚ ਤੁਹਾਡੇ ਲਈ ਨਿੱਜੀ ਤੌਰ ‘ਤੇ ਕੁਝ ਸੀ, ਸਗੋਂ ਇਸ ਲਈ ਕਿਉਂਕਿ ਮੈਂ ਹਮੇਸ਼ਾ ਤੁਹਾਨੂੰ ਅਜਿਹੇ ਵਿਅਕਤੀ ਵਜੋਂ ਦੇਖਿਆ ਹੈ ਜੋ ਕਿਸੇ ਮੁੱਦੇ ‘ਤੇ ਆਪਣੀ ਆਵਾਜ਼ ਉਠਾਉਂਦਾ ਹੈ। ਜਿਵੇਂ ਕਿ ਤੁਸੀਂ ਖ਼ੁਦ ਵੀ ਕਿਹਾ ਸੀ।”

ਉਨ੍ਹਾਂ ਨੇ ਅੱਗੇ ਲਿਖਿਆ, “ਜੇਕਰ ਕੁਝ ਹੈ ਤਾਂ ਉਹ ਇਹ ਕਿ ਮੈਂ ਹਮੇਸ਼ਾ ਤੋਂ ਤੁਹਾਡਾ ਪ੍ਰਸ਼ੰਸਕ ਰਿਹਾ ਹਾਂ ਅਤੇ ਇਹ ਗੱਲ ਅੱਜ ਵੀ ਨਹੀਂ ਬਦਲੀ ਹੈ। ਮੈਂ ਅੱਜ ਵੀ ਤੁਹਾਡੇ ਗਾਣੇ ਸੁਣਦਾ ਹਾਂ। ਦਰਅਸਲ, ਭਾਰਤ ਪਰਤਣ ਤੋਂ ਠੀਕ ਪਹਿਲਾਂ ਇਸ ਸਾਲ ਮਈ ਵਿੱਚ ਮੈਂ ਸ਼ਿਕਾਗੋ ਵਿੱਚ ਤੁਹਾਡੇ ਕੰਸਰਟ ਵਿੱਚ ਵੀ ਆਇਆ ਸੀ। ਸਿਰਫ਼ ਤੁਹਾਡੇ ਸੰਗੀਤ ਲਈ ਨਹੀਂ, ਸਗੋਂ ਇਸ ਲਈ ਵੀ ਕਿਉਂਕਿ ਮੇਰੇ ਮਨ ਵਿੱਚ ਤੁਹਾਡੀ ਸ਼ਖ਼ਸੀਅਤ ਲਈ ਹਮੇਸ਼ਾ ਬਹੁਤ ਸਤਿਕਾਰ ਰਿਹਾ ਹੈ।”

ਦੀਪਕੇ ਨੇ ਕੀਤੀ ਦਿਲਜੀਤ ਦੀ ਤਾਰੀਫ਼

ਅਭਿਜੀਤ

ਦੀਪਕੇ ਨੇ ਦਿਲਜੀਤ ਦੇ ਹੌਸਲੇ, ਉਨ੍ਹਾਂ ਦੇ ਅਸਲ ਰੂਪ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹੋਏ ਭਾਰਤੀ ਸੱਭਿਆਚਾਰ ਨੂੰ ਆਲਮੀ ਮੰਚ ਤੱਕ ਪਹੁੰਚਾਉਣ ਦੇ ਉਨ੍ਹਾਂ ਦੇ ਯਤਨਾਂ ਦੀ ਵੀ ਤਾਰੀਫ਼ ਕੀਤੀ।

ਉਨ੍ਹਾਂ ਨੇ ਲਿਖਿਆ, “ਸ਼ਾਇਦ ਇਹੀ ਵਜ੍ਹਾ ਸੀ ਕਿ ਤੁਹਾਡੀ ਟਿੱਪਣੀ ਨਾਲ ਮੈਨੂੰ ਥੋੜ੍ਹਾ ਦੁੱਖ ਹੋਇਆ, ਕਿਉਂਕਿ ਮੈਂ ਹਮੇਸ਼ਾ ਤੁਹਾਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ। ਪਰ ਕਿਸੇ ਇੱਕ ਅਸਹਿਮਤੀ ਜਾਂ ਗ਼ਲਤਫ਼ਹਿਮੀ ਨਾਲ ਤੁਹਾਡੇ ਪ੍ਰਤੀ ਮੇਰਾ ਸਤਿਕਾਰ ਅਤੇ ਪ੍ਰਸ਼ੰਸਾ ਘੱਟ ਨਹੀਂ ਹੁੰਦੀ।”

ਆਪਣੀ ਪੋਸਟ ਦੇ ਅਖੀਰ ਵਿੱਚ ਉਨ੍ਹਾਂ ਨੇ ਸੁਲ੍ਹਾ ਦਾ ਸੁਨੇਹਾ ਦਿੰਦੇ ਹੋਏ ਲਿਖਿਆ, “ਬਾਕੀ ਭਾਜੀ, ਛੋਟਾ ਭਾਈ ਸਮਝ ਕੇ ਮਿੱਟੀ ਪਾਓ। ਅਤੇ ਅਖ਼ੀਰ ਵਿੱਚ ਮੈਂ ਬੱਸ ਇੰਨਾ ਕਹਿਣਾ ਚਾਹਾਂਗਾ- ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ, ਨੀ ਤੂੰ ਤਾਂ ਫੇਰ ਜੱਟ ਦਾ ਪਿਆਰ ਗੋਰੀਏ।”

ਅਭਿਜੀਤ ਦੀਪਕੇ ਅਤੇ ਦਿਲਜੀਤ ਦੋਸਾਂਝ ਵਿਚਾਲੇ ਵਿਵਾਦ ਕੀ ਹੈ?

ਪ੍ਰਦਰਸ਼ਨਕਾਰੀਆਂ ਦੀ ਫੋਟੋ

ਇਹ ਵਿਵਾਦ ਜੂਨ ਵਿੱਚ ਸ਼ੁਰੂ ਹੋਇਆ ਸੀ, ਜਦੋਂ ਦਿਲਜੀਤ ਦੋਸਾਂਝ ਨੇ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਅਤੇ ਨੀਟ ਪੇਪਰ ਲੀਕ ਖ਼ਿਲਾਫ਼ ਜੰਤਰ-ਮੰਤਰ ‘ਤੇ ਚੱਲ ਰਹੇ ਪ੍ਰਦਰਸ਼ਨਾਂ ਤੋਂ ਖ਼ੁਦ ਨੂੰ ਵੱਖ ਕਰ ਲਿਆ ਸੀ।

ਇੰਸਟਾਗ੍ਰਾਮ ਲਾਈਵ ਦੌਰਾਨ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਕੀ ਉਹ ਇਹਨਾਂ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣਗੇ। ਇਸ ‘ਤੇ ਉਨ੍ਹਾਂ ਨੇ ਜਵਾਬ ਦਿੱਤਾ ਸੀ, “ਮੈਨੂੰ ਇਨ੍ਹਾਂ ਸਭ ਚੀਜ਼ਾਂ ਤੋਂ ਦੂਰ ਰੱਖੋ। ਵੀਰੇ, ਮੈਂ ਇੱਕ ਕਲਾਕਾਰ ਹਾਂ। ਮੈਂ ਕੋਈ ਸਿਆਸਤਦਾਨ ਨਹੀਂ ਹਾਂ। ਪਤਾ ਨਹੀਂ ਤੁਸੀਂ ਮੈਨੂੰ ਕੀ ਸਮਝਦੇ ਹੋ।”

ਇਸ ਤੋਂ ਬਾਅਦ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਗਤੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਸਾਰਾ ਸੰਸਾਰ ਦੁੱਖਾਂ, ਚਿੰਤਾਵਾਂ ਅਤੇ ਕਸ਼ਟਾਂ ਨਾਲ ਘਿਰਿਆ ਹੋਇਆ ਹੈ। ਸੁਖੀ ਉਹੀ ਵਿਅਕਤੀ ਹੈ, ਜਿਸਨੇ ਪਰਮਾਤਮਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ।

ਉਨ੍ਹਾਂ ਨੇ ਕਿਹਾ ਸੀ, “ਦੇਖੋ, ਇਸ ਦੁਨੀਆ ਵਿੱਚ ਸਭ ਕੁਝ ਕਦੇ ਸਹੀ ਨਹੀਂ ਹੋ ਸਕਦਾ। ਇਸ ਲਈ ਜੋ ਲੋਕ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੂੰ ਵਧਾਈ ਅਤੇ ਜਿਨ੍ਹਾਂ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਵੀ ਵਧਾਈ। ਕਿਉਂਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ।”

ਉਨ੍ਹਾਂ ਦੀ ਇਸ ਪ੍ਰਤੀਕਿਰਿਆ ਨੂੰ ਕਈ ਲੋਕਾਂ ਨੇ ਪਸੰਦ ਨਹੀਂ ਕੀਤਾ। ਲੋਕਾਂ ਨੇ ਇਸ ਦੀ ਤੁਲਨਾ ਸਾਲ 2020 ਦੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੇ ਰੁਖ਼ ਨਾਲ ਕੀਤੀ ਸੀ। ਉਸ ਸਮੇਂ ਦਿਲਜੀਤ ਨੇ ਕੇਂਦਰ ਸਰਕਾਰ ਦੇ ਉਨ੍ਹਾਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਜਨਤਕ ਤੌਰ ‘ਤੇ ਸਮਰਥਨ ਕੀਤਾ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਵਾਪਸ ਲੈ ਲਿਆ ਗਿਆ ਸੀ।

ਪ੍ਰਦਰਸ਼ਨਕਾਰੀ

ਇਸ ਦੌਰਾਨ, ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫ਼ਿਲਮ ‘ਸਤਲੁਜ’ ਨੂੰ ਕੁਝ ਸਮੇਂ ਲਈ ਜ਼ੀ-5 ‘ਤੇ ਰਿਲੀਜ਼ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇਸ ਨੂੰ ਹਟਾ ਦਿੱਤਾ ਗਿਆ।

ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਵੱਲੋਂ ਕਥਿਤ ਤੌਰ ‘ਤੇ ਸਰਟੀਫਿਕੇਟ ਨਾ ਦਿੱਤੇ ਜਾਣ ਕਾਰਨ ਇਸ ਫ਼ਿਲਮ ਨੂੰ ਰਿਲੀਜ਼ ਹੋਣ ਵਿੱਚ ਕਰੀਬ ਤਿੰਨ ਸਾਲ ਲੱਗੇ ਸਨ।

ਇਹ ਫ਼ਿਲਮ ਖਾਲੜਾ ਦੀ ਕਹਾਣੀ ਦੱਸਦੀ ਹੈ। ਉਨ੍ਹਾਂ ਨੇ 1980 ਦੇ ਦਹਾਕੇ ਦੇ ਅਖ਼ੀਰ ਅਤੇ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਪੰਜਾਬ ਵਿੱਚ ਕਥਿਤ ਗ਼ੈਰ-ਕਾਨੂੰਨੀ ਕਤਲਾਂ ਅਤੇ ਗੁਪਤ ਤਰੀਕੇ ਨਾਲ ਲਾਸ਼ਾਂ ਦੇ ਅੰਤਿਮ ਸਲਸਕਾਰ ਕੀਤੇ ਜਾਣ ਦੇ ਮਾਮਲਿਆਂ ਨੂੰ ਸਾਹਮਣੇ ਲਿਆਂਦਾ ਸੀ।

ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੋਣ ਅਤੇ ਫ਼ਿਲਮ ਦਾ ਇਸਤੇਮਾਲ ਵਿਰੋਧੀ ਅਨਸਰਾਂ ਵੱਲੋਂ ਕੀਤੇ ਜਾਣ ਦੇ ਖ਼ਦਸ਼ੇ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਓਟੀਟੀ ਪਲੇਟਫਾਰਮ ਤੋਂ ਹਟਾ ਦਿੱਤਾ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI