Home rss national punjabi2ਰਾਸ਼ਟਰੀ ਖ਼ਬਰਾਂ ਅਗਨੀਵੀਰਾਂ ਦੇ ਕਾਰਜਕਾਲ ਵਿੱਚ ਦੋ ਸਾਲ ਦਾ ਵਾਧਾ, ਜਾਣੋ ਕੀ ਹੋਏ ਹਨ...

ਅਗਨੀਵੀਰਾਂ ਦੇ ਕਾਰਜਕਾਲ ਵਿੱਚ ਦੋ ਸਾਲ ਦਾ ਵਾਧਾ, ਜਾਣੋ ਕੀ ਹੋਏ ਹਨ ਬਦਲਾਅ ਅਤੇ ਕੁਝ ਅਹਿਮ ਸਵਾਲਾਂ ਦੇ ਜਵਾਬ

6
0

Source :- BBC PUNJABI

ਅਗਨੀਪਥ ਯੋਜਨਾ ਤਹਿਤ ਮਹਿਲਾ ਮਿਲਟਰੀ ਪੁਲਿਸ ਦੀ ਭਰਤੀ ਲਈ ਸਰੀਰਕ ਸਮਰੱਥਾ ਟੈਸਟ ਵਿੱਚ ਸ਼ਾਮਲ ਮਹਿਲਾ ਉਮੀਦਵਾਰ (ਸੰਕੇਤਕ ਤਸਵੀਰ)

ਪੜ੍ਹਨ ਦਾ ਸਮਾਂ: 6 ਮਿੰਟ

ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ਤਹਿਤ ਭਰਤੀ ਹੋਣ ਵਾਲੇ ਅਗਨੀਵੀਰਾਂ ਦੇ ਸੇਵਾਕਾਲ ਨੂੰ ਲੈ ਕੇ ਅਹਿਮ ਫ਼ੈਸਲਾ ਕੀਤਾ ਹੈ, ਜਿਸ ਦੇ ਤਹਿਤ ਹੁਣ ਚਾਰ ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਅਗਨੀਵੀਰਾਂ ਨੂੰ ਦੋ ਸਾਲ ਹੋਰ ਸੇਵਾ ਨਿਭਾਉਣ ਦਾ ਮੌਕਾ ਮਿਲੇਗਾ।

ਇਸ ਦੇ ਨਾਲ ਹੀ ਯੋਗਤਾ ਅਤੇ ਚੋਣ ਮਾਪਦੰਡਾਂ ਦੇ ਆਧਾਰ ‘ਤੇ 25 ਫ਼ੀਸਦੀ ਅਗਨੀਵੀਰਾਂ ਨੂੰ ਨਿਯਮਿਤ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਕਰਨ ਦੀ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।

ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਐੱਨਐੱਸ ਰਾਜਾ ਸੁਬਰਾਮਣੀ ਨੇ ਅੱਜ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਬਾਰੇ ਜਾਣਕਾਰੀ ਦਿੱਤੀ।

ਦਰਅਸਲ ਭਾਰਤ ਸਰਕਾਰ ਨੇ ਸਾਲ 2022 ਵਿੱਚ ਅਗਨੀਪਥ ਯੋਜਨਾ ਤਹਿਤ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਨੌਜਵਾਨਾਂ ਦੀ ਭਰਤੀ ਕਰਨ ਦੀ ਸ਼ੁਰੂਆਤ ਕੀਤੀ ਸੀ।

ਇਸ ਯੋਜਨਾ ਤਹਿਤ ਭਰਤੀ ਕੀਤੇ ਜਾਣ ਵਾਲੇ ਨੌਜਵਾਨਾਂ ਨੂੰ ‘ਅਗਨੀਵੀਰ’ ਕਿਹਾ ਜਾਂਦਾ ਹੈ।

ਸੀਡੀਐੱਸ ਜਨਰਲ ਐੱਨਐੱਸ ਰਾਜਾ ਸੁਬਰਾਮਣੀ

ਜਨਰਲ ਐੱਨਐੱਸ ਰਾਜਾ ਸੁਬਰਾਮਣੀ ਨੇ ਕਿਹਾ ਕਿ ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਇਹ ਫ਼ੈਸਲਾ ਲਗਭਗ 18,000 ਅਗਨੀਵੀਰਾਂ ਦੇ ਹਥਿਆਰਬੰਦ ਸੈਨਾਵਾਂ ਤੋਂ ਬਾਹਰ ਜਾਣ ਤੋਂ ਕੁਝ ਹਫ਼ਤੇ ਪਹਿਲਾਂ ਆਇਆ ਹੈ।

ਜਨਰਲ ਐੱਨਐੱਸ ਰਾਜਾ ਸੁਬਰਾਮਣੀ ਨੇ ਕਿਹਾ ਕਿ ਅਗਨੀਵੀਰਾਂ ਦੀ ਚੋਣ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਸਮੀਖਿਆ ਦੇ ਆਧਾਰ ‘ਤੇ ਕੀਤੀ ਜਾਵੇਗੀ।

ਉਨ੍ਹਾਂ ਕਿਹਾ, “ਸ਼ੁਰੂ ਤੋਂ ਹੀ ਇਹ ਸਪੱਸ਼ਟ ਸੀ ਕਿ ਇਸ ਯੋਜਨਾ ਦੀ ਸਮੀਖਿਆ ਕੀਤੀ ਜਾਵੇਗੀ। ਹਰ ਸਾਲ ਅਗਨੀਵੀਰਾਂ ਦੀ ਸਮੀਖਿਆ ਕੀਤੀ ਜਾਂਦੀ ਸੀ ਅਤੇ ਅਸੀਂ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਇਸ ‘ਤੇ ਚਰਚਾ ਕਰ ਰਹੇ ਹਾਂ ਅਤੇ ਅੱਜ ਕੈਬਨਿਟ ਨੇ ਸਾਡੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।”

ਜਨਰਲ ਨੇ ਸਪੱਸ਼ਟ ਕੀਤਾ ਕਿ ਅਗਨੀਪਥ ਯੋਜਨਾ ਬੰਦ ਨਹੀਂ ਕੀਤੀ ਗਈ ਹੈ ਅਤੇ ਇਹ ਜਾਰੀ ਰਹੇਗੀ।

ਸਾਰੇ ਇੱਛੁਕ ਅਗਨੀਵੀਰਾਂ ਲਈ ਮੌਕਾ

ਅਗਨੀਵੀਰ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਇਸ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।

ਉਨ੍ਹਾਂ ਲਿਖਿਆ, “ਕੇਂਦਰੀ ਮੰਤਰੀ ਮੰਡਲ ਨੇ ਅਗਨੀਵੀਰ ਯੋਜਨਾ ਤਹਿਤ ਅਗਨੀਵੀਰਾਂ ਲਈ ਦੋ ਸਾਲਾਂ ਦੇ ‘ਸੈਕਿੰਡ ਟੂਰ ਆਫ਼ ਡਿਊਟੀ’ ਨੂੰ ਮਨਜ਼ੂਰੀ ਦੇ ਦਿੱਤੀ ਹੈ।”

ਉਨ੍ਹਾਂ ਕਿਹਾ ਕਿ ਇਸ ਨਾਲ ਚਾਰ ਜਾਂ ਛੇ ਸਾਲਾਂ ਦੇ ਕਾਰਜਕਾਲ ਤੋਂ ਬਾਅਦ ਚੋਣ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਇੱਛੁਕ ਅਗਨੀਵੀਰਾਂ ਨੂੰ ਨਿਯਮਿਤ ਫ਼ੌਜੀਆਂ ਵਜੋਂ ਭਰਤੀ ਹੋਣ ਦਾ ਮੌਕਾ ਮਿਲੇਗਾ।

ਰਾਜਨਾਥ ਸਿੰਘ ਮੁਤਾਬਕ, ਇਸ ਫ਼ੈਸਲੇ ਦਾ ਮਕਸਦ ਅਜਿਹੀ ਫ਼ੌਜ ਤਿਆਰ ਕਰਨਾ ਹੈ, ਜੋ ਵਧੇਰੇ ਨੌਜਵਾਨ, ਚੁਸਤ-ਦਰੁਸਤ, ਤਕਨੀਕੀ ਤੌਰ ‘ਤੇ ਲੈਸ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਹੋਵੇ। ਉਨ੍ਹਾਂ ਕਿਹਾ ਕਿ ਇਹ ਭਾਰਤੀ ਫ਼ੌਜ ਨੂੰ ਜੰਗ ਦੇ ਬਦਲਦੇ ਸਰੂਪ ਲਈ ਤਿਆਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।

ਉਨ੍ਹਾਂ ਨੇ ਕਿਹਾ, “ਇਹ ਸਿਰਫ਼ ਭਰਤੀ ਦੀ ਨੀਤੀ ਨਹੀਂ ਹੈ, ਸਗੋਂ ਇਹ ਭਾਰਤੀ ਫੌਜ ਨੂੰ ਜੰਗ ਦੇ ਬਦਲਦੇ ਸਰੂਪ ਲਈ ਤਿਆਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।”

ਭਾਰਤ ਸਰਕਾਰ ਦੀ ਅਗਨੀਪਥ ਯੋਜਨਾ ਕੀ ਹੈ?

ਫੌਜ ਵਿੱਚ ਭਰਤੀ ਹੋਣ ਲਈ ਸਰੀਰਕ ਅਭਿਆਸ ਕਰਦਾ ਹੋਇਆ ਨੌਜਵਾਨ

ਭਾਰਤ ਸਰਕਾਰ ਨੇ 14 ਜੂਨ, 2022 ਨੂੰ ਅਗਨੀਪਥ ਯੋਜਨਾ ਸ਼ੁਰੂ ਕੀਤੀ ਸੀ। ਇਸ ਤਹਿਤ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਨੌਜਵਾਨਾਂ ਦੀ ਭਰਤੀ ਕੀਤੀ ਜਾਂਦੀ ਹੈ। ਇਸ ਯੋਜਨਾ ਤਹਿਤ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ‘ਅਗਨੀਵੀਰ’ ਕਿਹਾ ਜਾਂਦਾ ਹੈ।

ਸ਼ੁਰੂਆਤ ਵਿੱਚ ਅਗਨੀਵੀਰਾਂ ਦੀ ਭਰਤੀ ਚਾਰ ਸਾਲਾਂ ਲਈ ਕੀਤੀ ਜਾਂਦੀ ਸੀ, ਜਿਸ ਵਿੱਚ ਸਿਖਲਾਈ ਦਾ ਸਮਾਂ ਵੀ ਸ਼ਾਮਲ ਸੀ।

ਚਾਰ ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ, ਹਰ ਬੈਚ ਦੇ ਵੱਧ ਤੋਂ ਵੱਧ 25 ਫ਼ੀਸਦੀ ਅਗਨੀਵੀਰਾਂ ਨੂੰ ਯੋਗਤਾ, ਕਾਰਗੁਜ਼ਾਰੀ ਅਤੇ ਫ਼ੌਜ ਦੀ ਲੋੜ ਦੇ ਆਧਾਰ ‘ਤੇ ਨਿਯਮਿਤ ਸੇਵਾ ਵਿੱਚ ਸ਼ਾਮਲ ਕਰਨ ਦਾ ਪ੍ਰਬੰਧ ਸੀ।

ਬਾਕੀ 75 ਫ਼ੀਸਦੀ ਅਗਨੀਵੀਰਾਂ ਨੂੰ ਚਾਰ ਸਾਲ ਬਾਅਦ ਸੇਵਾ ਤੋਂ ਬਾਹਰ ਹੋਣਾ ਪੈਂਦਾ ਸੀ। ਉਨ੍ਹਾਂ ਨੂੰ ‘ਸੇਵਾ ਨਿਧੀ ਪੈਕੇਜ’ ਦਿੱਤਾ ਜਾਂਦਾ ਸੀ, ਜੋ ਆਮਦਨ ਕਰ ਤੋਂ ਮੁਕਤ ਹੈ। ਅਸਲ ਯੋਜਨਾ ਤਹਿਤ ਅਗਨੀਵੀਰਾਂ ਨੂੰ ਪੈਨਸ਼ਨ ਅਤੇ ਗ੍ਰੈਚੁਟੀ ਦੀ ਸਹੂਲਤ ਨਹੀਂ ਦਿੱਤੀ ਗਈ ਸੀ।

ਹਾਲਾਂਕਿ, ਸਾਲ 2022 ਵਿੱਚ ਜਦੋਂ ਅਗਨੀਪਥ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਤਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਦੇ ਵਿਰੋਧ ਵਿੱਚ ਨੌਜਵਾਨਾਂ ਨੇ ਹਿੰਸਕ ਅਤੇ ਸ਼ਾਂਤਮਈ ਪ੍ਰਦਰਸ਼ਨ ਕੀਤੇ ਸਨ।

ਨੌਜਵਾਨਾਂ ਦਾ ਮੁੱਖ ਇਤਰਾਜ਼ ਚਾਰ ਸਾਲ ਦੀ ਸੀਮਤ ਨੌਕਰੀ, ਪੈਨਸ਼ਨ ਦੀ ਸਹੂਲਤ ਨਾ ਹੋਣ ਅਤੇ ਚਾਰ ਸਾਲ ਬਾਅਦ ਸਿਰਫ਼ 25 ਫ਼ੀਸਦੀ ਅਗਨੀਵੀਰਾਂ ਨੂੰ ਹੀ ਨਿਯਮਿਤ ਸੇਵਾ ਵਿੱਚ ਰੱਖੇ ਜਾਣ ਦੀ ਵਿਵਸਥਾ ਨੂੰ ਲੈ ਕੇ ਸੀ।

ਹੁਣ ਦੋ ਸਾਲ ਦੀ ਵਾਧੂ ਸੇਵਾ ਅਤੇ ਉਸ ਤੋਂ ਬਾਅਦ ਨਿਯਮਿਤ ਫ਼ੌਜ ਵਿੱਚ ਭਰਤੀ ਦਾ ਇੱਕ ਹੋਰ ਮੌਕਾ ਦੇਣ ਦੇ ਫ਼ੈਸਲੇ ਨਾਲ ਇਸ ਯੋਜਨਾ ਵਿੱਚ ਤਬਦੀਲੀ ਕੀਤੀ ਗਈ ਹੈ।

ਜੇਕਰ ਤੁਹਾਡੀ ਉਮਰ 17.5 ਸਾਲ ਤੋਂ 21 ਸਾਲ ਦੇ ਵਿਚਕਾਰ ਹੈ, ਤਾਂ ਤੁਸੀਂ ਇਸ ਯੋਜਨਾ ਤਹਿਤ ਭਰਤੀ ਹੋਣ ਲਈ ਅਰਜ਼ੀ ਦੇ ਸਕਦੇ ਹੋ।

ਕੁਝ ਅਹਿਮ ਸਵਾਲਾਂ ਦੇ ਜਵਾਬ

ਅਗਨੀਵੀਰ

ਕੀ ਤਿੰਨਾਂ ਸੈਨਾਵਾਂ ਦੇ ਅਫ਼ਸਰਾਂ ਦੀ ਭਰਤੀ ਵੀ ਅਗਨੀਪਥ ਯੋਜਨਾ ਤਹਿਤ ਕੀਤੀ ਜਾਂਦੀ ਹੈ?

ਨਹੀਂ, ਇਹ ਯੋਜਨਾ ਅਫ਼ਸਰ ਰੈਂਕ ਲਈ ਨਹੀਂ ਹੈ। ਉਨ੍ਹਾਂ ਦੀ ਭਰਤੀ ਲਈ ਵੱਖ-ਵੱਖ ਪ੍ਰਕਿਰਿਆਵਾਂ ਹਨ।

ਕੀ ਅਗਨੀਪਥ ਯੋਜਨਾ ਤਹਿਤ ਭਰਤੀ ਹੋਣ ਵਾਲੇ ਜਵਾਨਾਂ ਲਈ ਕੰਮ ਕਰਨ ਦੀਆਂ ਸ਼ਰਤਾਂ ਅਤੇ ਭੱਤੇ ਬਾਕੀ ਜਵਾਨਾਂ ਨਾਲੋਂ ਵੱਖਰੇ ਹੁੰਦੇ ਹਨ?

ਫੌਜ ਦੇ ਤਿੰਨਾਂ ਅੰਗਾਂ ਨੇ ਕਿਹਾ ਹੈ ਕਿ ਕੰਮ ਕਰਨ ਦੀਆਂ ਸ਼ਰਤਾਂ ਅਤੇ ਹਰ ਤਰ੍ਹਾਂ ਦੇ ਭੱਤੇ ਪਹਿਲਾਂ ਵਾਂਗ ਹੀ ਹਨ। ਅਗਨੀਵੀਰਾਂ ਨੂੰ ਰਾਸ਼ਨ, ਵਰਦੀ ਅਤੇ ਯਾਤਰਾ ਆਦਿ ਨਾਲ ਜੁੜੇ ਸਾਰੇ ਭੱਤੇ ਮਿਲਦੇ ਹਨ।

ਹਾਲਾਂਕਿ, ਅਗਨੀਵੀਰਾਂ ਨੂੰ ਮਹਿੰਗਾਈ ਭੱਤਾ ਅਤੇ ਮਿਲਟਰੀ ਸਰਵਿਸ ਪੇਅ ਨਹੀਂ ਮਿਲਦੀ।

ਕੀ ਛੇ ਸਾਲ ਦੀ ਸੇਵਾ ਤੋਂ ਬਾਅਦ ਫ਼ੌਜ ਛੱਡਣ ਵਾਲੇ ਅਗਨੀਵੀਰ ਕਿਸੇ ਤਰ੍ਹਾਂ ਦੀ ਪੈਨਸ਼ਨ, ਗ੍ਰੈਚੁਟੀ, ਕੰਟੀਨ ਸਹੂਲਤ ਅਤੇ ਸਿਹਤ ਸਹੂਲਤਾਂ ਦੇ ਹੱਕਦਾਰ ਹੋਣਗੇ?

ਫੌਜ ਨੇ ਐਲਾਨ ਕੀਤਾ ਹੈ ਕਿ ਸੇਵਾ ਦੌਰਾਨ ਅਗਨੀਵੀਰਾਂ ਨੂੰ ਫ਼ੌਜ ਵਿੱਚ ਰਹਿੰਦਿਆਂ ਮਿਲਣ ਵਾਲੀਆਂ ਸਿਹਤ ਅਤੇ ਕੰਟੀਨ ਸਹੂਲਤਾਂ ਮਿਲਣਗੀਆਂ।

ਪਰ ਛੇ ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਉਹ ਨਾ ਤਾਂ ਕਿਸੇ ਤਰ੍ਹਾਂ ਦੀ ਪੈਨਸ਼ਨ ਜਾਂ ਗ੍ਰੈਚੁਟੀ ਦੇ ਹੱਕਦਾਰ ਹੋਣਗੇ ਅਤੇ ਨਾ ਹੀ ਸਾਬਕਾ ਫੌਜੀਆਂ ਨੂੰ ਮਿਲਣ ਵਾਲੀਆਂ ਮੈਡੀਕਲ ਅਤੇ ਕੰਟੀਨ ਸਹੂਲਤਾਂ ਪ੍ਰਾਪਤ ਕਰ ਸਕਣਗੇ।

ਰਿਟਾਇਰ ਹੋਣ ਵਾਲੇ ਅਗਨੀਵੀਰਾਂ ਲਈ ਕੀ ਐਲਾਨ ਕੀਤੇ ਗਏ ਸਨ?

ਅਗਨੀਵੀਰ

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਵੈਬਸਾਈਟ ‘ਤੇ 21 ਜੁਲਾਈ 2026 ਨੂੰ ਪਬਲਿਸ਼ ਇੱਕ ਰਿਪੋਰਟ ਮੁਤਾਬਕ ਮੁਤਾਬਕ ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਦੱਸਿਆ ਸੀ ਕਿ ਕੇਂਦਰ ਸਰਕਾਰ ਵੱਲੋਂ 4 ਸਾਲ ਦੀ ਸੇਵਾ ਪੂਰੀ ਕਰਕੇ ਰਿਟਾਇਰ ਹੋਣ ਵਾਲੇ ਅਗਨੀਵੀਰਾਂ ਲਈ ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਜਿਵੇਂ ਕਿ ਬੀਐੱਸਐੱਫ, ਸੀਆਰਪੀਐੱਫ, ਸੀਆਈਐੱਸਐੱਫ, ਆਈਟੀਬੀਪੀ ਅਤੇ ਅਸਾਮ ਰਾਈਫਲਜ਼ ਵਿੱਚ ਕਾਂਸਟੇਬਲ (ਜਨਰਲ ਡਿਊਟੀ) ਅਤੇ ਰਾਈਫਲਮੈਨ ਦੀਆਂ ਭਰਤੀਆਂ ਵਿੱਚ 50% ਰਾਖਵਾਂਕਰਨ ਦਾ ਐਲਾਨ ਕੀਤਾ ਗਿਆ ਹੈ।

ਵੈੱਬਸਾਈਟ ਸਾਬਕਾ ਅਗਨੀਵੀਰਾਂ ਨੂੰ ਉਪਰਲੀ ਉਮਰ ਸੀਮਾ ਵਿੱਚ 3 ਸਾਲ ਦੀ ਛੋਟ ਦਾ ਐਲਾਨ ਹੈ ਜਦਕਿ ਅਗਨੀਵੀਰਾਂ ਦੇ ਪਹਿਲੇ ਬੈਚ ਲਈ ਇਹ ਉਮਰ ਰਾਹਤ 5 ਸਾਲ ਦੀ ਹੋਵੇਗੀ।

ਇਸ ਤੋਂ ਇਲਾਵਾ ਰਿਟਾਇਰ ਅਗਨੀਵੀਰਾਂ ਨੂੰ ਇਨ੍ਹਾਂ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਲਈ ਕੋਈ ਲਿਖਤੀ ਪ੍ਰੀਖਿਆ ਨਹੀਂ ਦੇਣੀ ਪਵੇਗੀ। ਉਨ੍ਹਾਂ ਨੂੰ ਫਿਜ਼ੀਕਲ ਸਟੈਂਡਰਡ ਟੈਸਟ ਅਤੇ ਫਿਜ਼ੀਕਲ ਐਫੀਸ਼ੈਂਸੀ ਟੈਸਟ ਤੋਂ ਵੀ ਪੂਰੀ ਤਰ੍ਹਾਂ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।

ਸਾਬਕਾ ਅਗਨੀਵੀਰਾਂ ਨੂੰ ਉਪਰਲੀ ਉਮਰ ਸੀਮਾ ਵਿੱਚ 3 ਸਾਲ ਦੀ ਛੋਟ ਦਾ ਐਲਾਨ ਹੈ। ਜਦੋਂ ਕਿ ਅਗਨੀਵੀਰਾਂ ਦੇ ਪਹਿਲੇ ਬੈਚ ਲਈ ਇਹ ਉਮਰ ਰਾਹਤ 5 ਸਾਲ ਦੀ ਹੋਵੇਗੀ।

ਰਿਟਾਇਰ ਅਗਨੀਵੀਰਾਂ ਦੇ ਕਰੀਅਰ ਅਤੇ ਅਗਲੀ ਭਰਤੀ ਪ੍ਰਕਿਰਿਆ ਦੀ ਦੇਖਭਾਲ ਤੇ ਤਾਲਮੇਲ ਲਈ ਗ੍ਰਹਿ ਮੰਤਰਾਲੇ ਦੇ ਅਧੀਨ ਇੱਕ ਸਮਰਪਿਤ ਵਿੰਗ ਸਥਾਪਿਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਟਾਇਰ ਅਗਨੀਵੀਰਾਂ ਨੂੰ ਪੁਲਿਸ, ਬੈਂਕ ਸੁਰੱਖਿਆ, ਫਾਰੈਸਟਗਾਰਡ ਵਿੱਚ ਅਡਜਸਟ ਕਰਨ ਬਾਰੇ ਵੀ ਕਿਹਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI