Home rss national punjabi2ਰਾਸ਼ਟਰੀ ਖ਼ਬਰਾਂ ਮਨੁੱਖੀ ਸਰੀਰ ਦਾ ਤਾਪਮਾਨ ਘੱਟ ਹੁੰਦਾ ਕਿਉਂ ਜਾਪ ਰਿਹਾ ਹੈ, ਇਸ ਦਾ...

ਮਨੁੱਖੀ ਸਰੀਰ ਦਾ ਤਾਪਮਾਨ ਘੱਟ ਹੁੰਦਾ ਕਿਉਂ ਜਾਪ ਰਿਹਾ ਹੈ, ਇਸ ਦਾ ਮਤਲਬ ਕੀ ਹੈ

5
0

Source :- BBC PUNJABI

ਸਰੀਰ ਦਾ ਤਾਪਮਾਨ

150 ਸਾਲ ਪਹਿਲਾਂ ਮਨੁੱਖੀ ਸਰੀਰ ਦਾ ਔਸਤ ਤਾਪਮਾਨ ਹੁਣ ਤੋਂ ਮੁਕਾਬਲੇ ਜ਼ਿਆਦਾ ਹੁੰਦਾ ਸੀ। ਵਿਗਿਆਨੀ ਹਾਲੇ ਵੀ ਖੋਜ ਕਰ ਰਹੇ ਹਨ ਕਿ ਅਜਿਹਾ ਕਿਉਂ ਹੈ।

1860ਵਿਆਂ ਵਿੱਚ ਜਰਮਨ ਡਾਕਟਰ ਕਾਰਲ ਵੰਡਰਲਿਖ ਦੇ ਸਾਹਮਣੇ ਇੱਕ ਵੱਡਾ ਸਵਾਲ ਸੀ ਕਿ ਕੀ ਬੁਖਾਰ ਆਪਣੇ ਆਪ ਵਿੱਚ ਇੱਕ ਬਿਮਾਰੀ ਹੈ ਜਾਂ ਕਿਸੇ ਹੋਰ ਅੰਦੂਰਨੀ ਬਿਮਾਰੀ ਦਾ ਇੱਕ ਲੱਛਣ ਹੈ?

ਅਜਿਹੇ ਵੇਲੇ ਜਦੋਂ ਥਰਮਾਮੀਟਰ ਦੀ ਵਰਤੋਂ ਆਮ ਨਹੀਂ ਸੀ, ਵੰਡਰਲਿਖ ਨੇ ਪੰਦਰਾਂ ਸਾਲਾਂ ਦੌਰਾਨ 25,000 ਮਰੀਜ਼ਾਂ ਦੇ ਕੁੱਲ ਦਸ ਲੱਖ ਤੋਂ ਵੱਧ ਤਾਪਮਾਨ ਦੇ ਅੰਕੜੇ ਇਕੱਠੇ ਕਰਨ ਦਾ ਵੱਡਾ ਮਿਸ਼ਨ ਪੂਰਾ ਕੀਤਾ।

ਇਸ ਵਿਸ਼ਾਲ ਡੇਟਾਸੈੱਟ ਤੋਂ ਵੰਡਰਲਿਖ ਨੇ ਤੰਦਰੁਸਤ ਬਾਲਗਾਂ ਲਈ 37 ਡਿਗਰੀ ਸੈਲਸੀਅਸ ਦਾ ਇੱਕ ਔਸਤ ਤਾਪਮਾਨ ਕੱਢਿਆ।

ਇਹ ਆਮ ਮਨੁੱਖੀ ਸਰੀਰ ਦੇ ਤਾਪਮਾਨ ਨੂੰ ਮਾਪਣ ਦਾ ਸੰਖ ਮਾਪਦੰਡ ਬਣ ਗਿਆ। ਉਨ੍ਹਾਂ ਲਿਖਿਆ ਕਿ ਜੇ ਇਹ ਤਾਪਮਾਨ 38 ਡਿਗਰੀ ਸੈਲਸੀਅਸ (100.4 ਡਿਗਰੀ ਫਾਰਨਹੀਟ) ਤੋਂ ਉੱਤੇ ਜਾਂਦਾ ਹੈ ਤਾਂ ਇਹ ਬੁਖਾਰ ਦਾ ਸੰਕੇਤ ਹੈ।

ਯੂਨੀਵਰਸਿਟੀ ਆਫ ਮੈਰੀਲੈਂਡ ਦੇ ਇੱਕ ਮੈਡੀਕਲ ਇਤਿਹਾਸਕਾਰ ਅਤੇ ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਫਿਲਿਪ ਮੈਕੋਵਿਆਕ ਕਹਿੰਦੇ ਹਨ ਕਿ ਭਾਵੇਂ ਕਿ ਹੋਰ ਲੋਕ ਵੀ ਪਹਿਲਾਂ ਇਸ ਨਿਚੋੜ ‘ਤੇ ਪਹੁੰਚੇ ਸੀ ਪਰ ਵੰਡਰਲਿਖ ਦਾ ਡੇਟਾਸੈੱਟ ਇੰਨਾ ਵੱਡਾ ਸੀ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦੇ ਅੰਕੜੇ ਨੂੰ ਯੂਨੀਵਰਸਲ ਡਾਇਗਨੋਸਟਿਕ ਟੂਲ ਵਜੋਂ ਰੁਤਬਾ ਹਾਸਿਲ ਹੈ।

ਪਰ ਹੋਰ ਤਾਜ਼ਾ ਖੋਜਾਂ ਤੋਂ ਪਤਾ ਲਗਦਾ ਹੈ ਕਿ ਪਿਛਲੀ ਡੇਢ ਸਦੀ ਦੌਰਾਨ ਔਸਤਨ ਆਮ ਸਰੀਰਕ ਤਾਪਮਾਨ ਬਦਲ ਗਿਆ ਹੈ?। ਕੀ ਸ਼ੁਰੂਆਤੀ ਅਧਾਰ ਹੀ ਗਲਤ ਸੀ? ਜਾਂ ਕੀ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਸਾਡੇ ਜੀਵ ਵਿਗਿਆਨ ਨੂੰ ਬਦਲ ਰਹੀ ਹੈ?

ਤਾਪਮਾਨ ਦਾ ਘਟਣਾ

ਤਾਪਮਾਨ

ਸਟੈਨਫੋਰਡ ਯੂਨੀਵਰਸਿਟੀ ਦੀ ਇੱਕ ਛੂਤ ਦੀਆਂ ਬਿਮਾਰੀਆਂ ਦੀ ਕਲੀਨਿਕ ਮਾਹਿਰ ਜੂਲੀ ਪਾਰਸੋਨੇਟ ਕਹਿੰਦੀ ਹੈ ਕਿ ਵੰਡਰਲਿਖ ਨੇ ਸਰੀਰ ਦੇ ਤਾਪਮਾਨ ਬਾਰੇ ਬਹੁਤ ਕੁਝ ਅਜਿਹਾ ਸਥਾਪਤ ਕੀਤਾ ਜਿਸ ਨੂੰ ਅਸੀਂ ਅੱਜ ਸੱਚ ਮੰਨਦੇ ਹਾਂ।

ਆਪਣੇ ਡੇਟਾਸੈੱਟ ਤੋਂ ਵੰਡਰਲਿਖ ਨੇ ਖੋਜ ਕੀਤੀ ਕਿ ਆਮ ਤਾਪਮਾਨ ਬਦਲਦਾ ਰਹਿੰਦਾ ਹੈ।

ਉਨ੍ਹਾਂ ਨੇ ਇਸ ਡੇਟਾਸੈੱਟ ਵਿੱਚ ਜ਼ਿਆਦਾਤਰ ਲਾਈਪਜ਼ਿਗ ਹਸਪਤਾਲ ਦੇ ਮਜ਼ਦੂਰ ਵਰਗ ਦੇ ਮਰੀਜ਼ਾਂ ਦੇ ਤਾਪਮਾਨ ਨੂੰ ਮਾਪਿਆ ਸੀ ਜਿੱਥੇ ਉਹ ਮੈਡੀਕਲ ਡਾਇਰੈਕਟਰ ਸਨ।

ਫਿਰ ਵੀ ਅੱਜ ਦੇ ਔਸਤ ਵਿਅਕਤੀ ਦਾ ਤਾਪਮਾਨ 150 ਸਾਲ ਪਹਿਲਾਂ ਦੇ ਵਿਅਕਤੀ ਦੇ ਮੁਕਾਬਲੇ ਘੱਟ ਦੇਖਿਆ ਗਿਆ ਹੈ ਜਿਸ ਵਿੱਚ ਅਮਰੀਕੀ ਮਰਦਾਂ ਦਾ ਤਾਪਮਾਨ ਉੱਨੀਵੀਂ ਸਦੀ ਦੀ ਸ਼ੁਰੂਆਤ ਦੇ ਮੁਕਾਬਲੇ ਲਗਭਗ 0.59 ਡਿਗਰੀ ਘੱਟ ਹੈ।

ਇੱਕ ਦਹਾਕਾ ਪਹਿਲਾਂ ਪਾਰਸੋਨੇਟ ਦੀ ਟੀਮ ਨੇ ਅਮਰੀਕਾ ਵਿੱਚ 1862 ਤੋਂ 2017 ਵਿਚਕਾਰ ਲਏ ਗਏ ਲਗਭਗ 1,90,000 ਲੋਕਾਂ ਦੇ ਸਰੀਰਕ ਤਾਪਮਾਨ ਦੇ ਕਈ ਅੰਕੜਿਆਂ ਵਾਲੇ ਤਿੰਨ ਵੱਡੇ ਡੇਟਾਸੈੱਟਾਂ ਦਾ ਵਿਸ਼ਲੇਸ਼ਣ ਕੀਤਾ।

ਉਹ ਕਹਿੰਦੀ ਹੈ, “ਬਾਲਗਾਂ ਲਈ ਨਵਾਂ ਆਮ ਤਾਪਮਾਨ 97.5 ਡਿਗਰੀ ਫਾਰਨਹੀਟ (36.39 ਡਿਗਰੀ ਸੈਲਸੀਅਸ) ਦੇ ਜ਼ਿਆਦਾ ਨੇੜੇ ਜਾਪਦਾ ਹੈ।”

ਸਰੀਰ ਦੇ ਔਸਤ ਤਾਪਮਾਨ ਵਿੱਚ ਇਹ ਗਿਰਾਵਟ ਸਿਰਫ਼ ਵਿਕਸਿਤ ਦੇਸ਼ਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਦੁਨੀਆ ਦੇ ਹੋਰ ਖੇਤਰਾਂ ਵਿੱਚ ਵੀ ਦੇਖੀ ਜਾ ਰਹੀ ਹੈ।

ਸਵਿਟਜ਼ਰਲੈਂਡ ਦੀ ਯੂਨੀਵਰਸਿਟੀ ਆਫ ਜ਼ਿਉਰਿਖ ਦੇ ਜੀਵ ਵਿਗਿਆਨ ਮਾਨਵ ਵਿਗਿਆਨੀ ਐਡਰੀਅਨ ਜੇਗੀ ਕਹਿੰਦੇ ਹਨ ਕਿ ਐਮਾਜ਼ਾਨ ਦੇ ਰੇਨਫੋਰੈਸਟ ਵਿੱਚ ਰਹਿਣ ਵਾਲੇ ਇੱਕ ਅੱਧ-ਘੁੰਮਤਰੂ ਆਦੀਵਾਸੀ ਭਾਈਚਾਰੇ, ਤਸਿਮਾਨੇਸ ਦਾ ਔਸਤ ਸਰੀਰਕ ਤਾਪਮਾਨ 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ 37 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਰਹਿੰਦਾ ਸੀ।

ਪਰ 2018 ਵਿੱਚ ਦੋ ਦਹਾਕਿਆਂ ਦੇ ਤੇਜ਼ ਸਮਾਜਿਕ ਤੇ ਆਰਥਿਕ ਬਦਲਾਅ ਤੋਂ ਬਾਅਦ ਉਨ੍ਹਾਂ ਦਾ ਔਸਤ ਤਾਪਮਾਨ ਡਿੱਗ ਕੇ 36.5 ਡਿਗਰੀ ਸੈਲਸੀਅਸ ਰਹਿ ਗਿਆ।

ਔਸਤ ਮਨੁੱਖੀ ਸਰੀਰਕ ਤਾਪਮਾਨ ਕਿਉਂ ਘਟਿਆ ਹੈ?

ਥਰਮਾਮੀਟਰ

ਕੁਝ ਅਜਿਹੇ ਕਾਰਨ ਹਨ ਜੋ ਅੱਜ ਦੇ ਸਮੇਂ ਵਿੱਚ ਦੇਖੇ ਜਾ ਰਹੇ ਘੱਟ ਔਸਤ ਤਾਪਮਾਨ ਦੀ ਵਿਆਖਿਆ ਕਰ ਸਕਦੇ ਹਨ।

ਉਦਾਹਰਨ ਵਜੋਂ ਪਾਰਸੋਨੇਟ ਦਾ ਮੰਨਣਾ ਹੈ ਕਿ ਇਹ ਆਮ ਅਬਾਦੀ ਦੀ ਬਿਹਤਰ ਸਿਹਤ ਦਾ ਨਤੀਜਾ ਹੈ। ਵੰਡਰਲਿਖ ਦੇ ਸਮੇਂ ਵਿੱਚ ਔਸਤ ਉਮਰ 38 ਸਾਲ ਸੀ, ਅੱਜ ਉਸ ਦੇ ਮੁਕਾਬਲੇ ਲਗਭਗ ਦੁੱਗਣੀ ਹੈ।

ਪਾਰਸੋਨੇਟ ਕਹਿੰਦੀ ਹੈ, “ਲੋਕ ਉਹੋ ਜਿਹਾ ਸਿਹਤਮੰਦ ਜੀਵਨ ਨਹੀਂ ਜਿਉਂਦੇ ਸੀ ਜਿਵੇਂ ਦਾ ਅਸੀਂ ਹੁਣ ਜਿਉਂਦੇ ਹਾਂ। ਉਨ੍ਹਾਂ ਨੂੰ ਅਕਸਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਸੀ ਜਿਵੇਂ ਕਿ ਟੀਬੀ, ਦੰਦਾਂ ਦੀ ਖ਼ਰਾਬ ਹਾਲਤ, ਪੇਚਿਸ, ਰੁਮੇਟਿਕ ਬੁਖਾਰ ਅਤੇ ਹੱਡੀਆਂ ਦੀ ਇਨਫੈਕਸ਼ਨ।”

ਪਾਰਸੋਨੇਟ ਮੁਤਾਬਕ ਜਦੋਂ ਤੁਹਾਡੀ ਰੋਗ ਪ੍ਰਤੀਰੋਧਕ ਪ੍ਰਣਾਲੀ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੁੰਦਾ ਹੈ ਜੋ ਤੁਹਾਡੇ ਲਈ ਜਾਨਲੇਵਾ ਹੋ ਸਕਦੀਆਂ ਹਨ ਤਾਂ ਇਹ ਕੈਲੋਰੀਜ਼ ਦੀ ਖਪਤ ਕਰਦੀ ਹੈ ਅਤੇ ਕੈਲੋਰੀ, ਹੀਟ ਦਾ ਹੀ ਦੂਜਾ ਨਾਮ ਹੈ।

ਇਸੇ ਤਰ੍ਹਾਂ ਜੇਗੀ ਕਹਿੰਦੇ ਹਨ ਕਿ ਤਸਿਮਾਨੇਸ ਭਾਈਚਾਰੇ ਵਿੱਚ ਵੀ ਵੈਕਸੀਨਾਂ ਅਤੇ ਸਾਫ਼ ਸਫਾਈ ਦੇ ਪ੍ਰਬੰਧਾਂ ਨੇ ਸਿਹਤ ਵਿਚ ਸੁਧਾਰ ਕੀਤਾ ਹੈ।

ਉਹ ਨੋਟ ਕਰਦੇ ਹਨ ਕਿ ਵੀਹ ਸਾਲ ਪਹਿਲਾਂ ਦੇ ਮੁਕਾਬਲੇ ਹੁਣ ਟਾਇਲਟ ਦੀ ਵਰਤੋਂ ਅਤੇ ਜੁੱਤੀਆਂ ਪਹਿਨਣਾ ਜ਼ਿਆਦਾ ਆਮ ਹੋ ਗਿਆ ਹੈ ਜਿਸ ਨਾਲ ਦੂਸ਼ਿਤ ਮਿੱਟੀ ‘ਤੇ ਨੰਗੇ ਪੈਰ ਚੱਲਣ ਕਾਰਨ ਹੋਣ ਵਾਲੇ ਪੇਟ ਦੇ ਕੀੜਿਆਂ ਦੇ ਇਨਫੈਕਸ਼ਨ ਦੀ ਗਿਣਤੀ ਘਟ ਗਈ ਹੈ।

ਹੁਣ ਘਰਾਂ ਦੇ ਅੰਦਰਲੀ ਹਵਾ ਦੇ ਤਾਪਮਾਨ ਨੂੰ ਕੰਟਰੋਲ ਕਰਨਾ ਵੀ ਸੌਖਾ ਹੋ ਗਿਆ ਹੈ। ਅਮਰੀਕਾ ਦੇ 88 ਫ਼ੀਸਦੀ ਘਰਾਂ ਵਿੱਚ ਏਅਰ ਕੰਡੀਸ਼ਨਿੰਗ ਮੌਜੂਦ ਹੈ ਜਦਕਿ ਯੂਕੇ ਦੇ ਲਗਭਗ ਇੰਨੇ ਹੀ ਘਰਾਂ ਵਿੱਚ ਸੈਂਟਰਲ ਹੀਟਿੰਗ ਹੈ।

ਪਾਰਸੋਨੇਟ ਕਹਿੰਦੀ ਹੈ, “ਸਾਡੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਇੱਕ ਆਦਰਸ਼ ਜਲਵਾਯੂ ਵਿੱਚ ਬੀਤਦਾ ਹੈ, ਜਿਸ ਨੂੰ ਥਰਮਲ ਨਿਊਟਰਲ ਜ਼ੋਨ ਕਿਹਾ ਜਾਂਦਾ ਹੈ ਜਿੱਥੇ ਸਾਨੂੰ ਆਪਣੇ ਸਰੀਰ ਦੇ ਤਾਪਮਾਨ ਨੂੰ ਬਣਾਈ ਰੱਖਣ ਲਈ ਕੋਈ ਵਾਧੂ ਮਿਹਨਤ ਨਹੀਂ ਕਰਨੀ ਪੈਂਦੀ ਅਤੇ ਜੇ ਤੁਹਾਨੂੰ ਮਿਹਨਤ ਨਹੀਂ ਕਰਨੀ ਪੈਂਦੀ ਤਾਂ ਤੁਸੀਂ ਊਰਜਾ ਪੈਦਾ ਨਹੀਂ ਕਰਦੇ ਅਤੇ ਨਾ ਹੀ ਹੀਟ ਪੈਦਾ ਹੁੰਦੀ ਹੈ।”

ਕੀ ਵੰਡਰਲਿਖ ਤੋਂ ਗਲਤੀ ਹੋਈ ਹੋ ਸਕਦੀ ਹੈ?

ਜੂਲੀ ਪਾਰਸੋਨੇਟ

ਮੈਕੋਵਿਆਕ ਦਾ ਮੰਨਣਾ ਹੈ ਕਿ ਔਸਤ ਸਰੀਰਕ ਤਾਪਮਾਨ ਵਿੱਚ ਆਈ ਇਹ ਗਿਰਾਵਟ ਕਿਸੇ ਬਿਲਕੁਲ ਹੀ ਵੱਖਰੇ ਕਾਰਨ ਕਰਕੇ ਹੋ ਸਕਦੀ ਹੈ।

ਜਦੋਂ ਮੈਕੋਵਿਆਕ ਨੂੰ ਵੰਡਰਲਿਖ ਦੇ ਸ਼ੀਸ਼ੇ ਵਾਲੇ ਥਰਮਾਮੀਟਰਾਂ ਵਿੱਚੋਂ ਇੱਕ ਦੀ ਜਾਂਚ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇਖਿਆ ਕਿ ਇਹ ਆਧੁਨਿਕ ਥਰਮਾਮੀਟਰਾਂ ਦੇ ਮੁਕਾਬਲੇ ਲਗਭਗ ਦੋ ਡਿਗਰੀ ਸੈਲਸੀਅਸ ਜ਼ਿਆਦਾ ਮਾਪ ‘ਤੇ ਸੈਂਟ ਸੀ।

ਇਸ ਦਾ ਮਤਲਬ ਹੈ ਕਿ ਇਨ੍ਹਾਂ ਯੰਤਰਾਂ ਰਾਹੀਂ ਲਿਆ ਗਿਆ ਕੋਈ ਵੀ ਤਾਪਮਾਨ ਅਸਲ ਨਾਲੋਂ ਦੋ ਡਿਗਰੀ ਜ਼ਿਆਦਾ ਗਰਮ ਦਿਖਾਈ ਦਿੰਦਾ ਸੀ।

ਮੈਕੋਵਿਆਕ ਕਹਿੰਦੇ ਹਨ ਕਿ ਉਸ ਵੇਲੇ ਤਾਪਮਾਨ ਮਾਪਣਾ ਇੱਕ ਮੁਸ਼ਕਲ ਕੰਮ ਸੀ। ਲਗਭਗ ਇੱਕ ਫੁੱਟ ਲੰਬੇ ਸ਼ੀਸ਼ੇ ਦੇ ਪਾਰੇ ਵਾਲੇ ਥਰਮਾਮੀਟਰਾਂ ਨੂੰ ਪਹਿਲਾਂ ਉਬਲਦੇ ਪਾਣੀ ਅਤੇ ਪਿਘਲਦੀ ਬਰਫ਼ ਜਿਹੇ ਸਥਿਰ ਬਿੰਦੂਆਂ ਨਾਲ ਮਾਪਿਆ ਜਾਂਦਾ ਸੀ।

ਉਸ ਤੋਂ ਬਾਅਦ ਮਰੀਜ਼ਾਂ ਨੂੰ ਪੰਦਰਾਂ ਤੋਂ ਵੀਹ ਮਿੰਟਾਂ ਲਈ ਬਿਲਕੁਲ ਸਿੱਧੇ ਲੇਟਣਾ ਪੈਂਦਾ ਸੀ ਕਿਉਂਕਿ “ਉਨ੍ਹਾਂ ਥਰਮਾਟੀਰਾਂ ਵਿੱਚ ਤਾਪਮਾਨ ਦਰਜ ਹੋਣ ਵਿੱਚ ਕਾਫੀ ਸਮਾਂ ਲਗਦਾ ਸੀ।”

ਦੂਜੇ ਸ਼ਬਦਾਂ ਵਿੱਚ, ਹੋ ਸਕਦਾ ਹੈ ਕਿ ਵੰਡਰਲਿਖ ਦਾ ਅੰਕੜਾ ਸ਼ੁਰੂਆਤ ਤੋਂ ਹੀ ਗਲਤ ਰਿਹਾ ਹੋਵੇ।

ਉਨ੍ਹਾਂ ਨੇ ਅੱਜ ਕੱਲ੍ਹ ਵਧੇਰੇ ਵਰਤੇ ਜਾਣ ਵਾਲੇ ਮੂੰਹ ਦੇ ਤਾਪਮਾਨ ਦੀ ਬਜਾਏ ਬਗਲ ਦਾ ਤਾਪਮਾਨ ਲਿਆ ਸੀ ਜਿਸ ਕਾਰਨ ਉਨ੍ਹਾਂ ਦੇ ਮਾਪਾਂ ਦੀ ਤੁਲਨਾ ਅਜੋਕੇ ਵੇਲੇ ਦੇ ਮਾਪਾਂ ਨਾਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਪਰ ਪਾਰਸੋਨੇਟ ਨਹੀਂ ਮੰਨਦੇ ਕਿ ਵੰਡਰਲਿਖ ਦੇ ਜ਼ਿਆਦਾ ਤਾਪਮਾਨ ਦੇ ਅੰਕੜੇ ਲਈ ਗਲਤ ਮਾਪ ਜ਼ਿੰਮੇਵਾਰ ਹੈ।

ਜਦੋਂ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਟੀਮ ਨੇ 1862 ਅਤੇ 1930 ਵਿਚਕਾਰ ਯੂਨੀਅਨ ਆਰਮੀ ਦੇ ਸਾਬਕਾ ਫ਼ੌਜੀਆਂ ਤੋਂ ਇਕੱਠੇ ਕੀਤੇ ਸਰੀਰਕ ਤਾਪਮਾਨ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਤਾਂ ਉਨ੍ਹਾਂ ਨੇ ਦੇਖਿਆ ਕਿ ਪਹਿਲਾਂ ਪੈਦਾ ਹੋਏ ਲੋਕਾਂ ਦਾ ਔਸਤ ਤਾਪਮਾਨ ਅਸਲ ਵਿੱਚ ਬਾਅਦ ਵਿਚ ਪੈਦਾ ਹੋਏ ਲੋਕਾਂ ਨਾਲੋਂ ਜ਼ਿਆਦਾ ਸੀ।

ਉਹ ਸਮਝਾਉਂਦੇ ਹਨ, ਕਿਉਂਕਿ ਅਸੀਂ ਵੱਖ-ਵੱਖ ਸਾਲਾਂ ਵਿਚ ਪੈਦਾ ਹੋਏ ਉਨ੍ਹਾਂ ਲੋਕਾਂ ਦੀ ਤੁਲਨਾ ਕੀਤੀ ਜਿਨ੍ਹਾਂ ਦਾ ਤਾਪਮਾਨ ਇੱਕੋ ਸਮੇਂ ਮਾਪਿਆ ਗਿਆ ਸੀ ਅਤੇ ਇੱਕੋ ਸਾਲ ਵਿਚ ਪੈਦਾ ਹੋਏ ਉਨ੍ਹਾਂ ਲੋਕਾਂ ਦਾ ਤੁਲਨਾ ਕੀਤੀ ਜਿਨ੍ਹਾਂ ਦਾ ਤਾਪਮਾਨ ਵੱਖ ਵੱਖ ਸਮਿਆਂ ‘ਤੇ ਮਾਪਿਆ ਗਿਆ ਸੀ।

ਇਸ ਲਈ ਤੁਸੀਂ ਥਰਮਾਮੀਟਰ ਦੇ ਪ੍ਰਭਾਵ ਨੂੰ ਉਮਰ ਅਤੇ ਜਨਮ ਦੇ ਸਾਲ ਦੇ ਪ੍ਰਭਾਵ ਤੋਂ ਵੱਖ ਕਰ ਸਕਦੇ ਹੋ।

ਪਾਰਸੋਨੇਟ ਦੀ ਟੀਮ ਨੂੰ ਉਦੋਂ ਹੋਰ ਵੀ ਯਕੀਨ ਹੋ ਗਿਆ ਜਦੋਂ ਉਨ੍ਹਾਂ ਨੇ ਦੋ ਹੋਰ ਵਧੇਰੇ ਆਧੁਨਿਕ ਡੇਟਾਸੈੱਟ ਦੇਖੇ ਅਤੇ ਉੱਥੇ ਵੀ ਅਜਿਹੀ ਗਿਰਾਵਟ ਦੇਖੀ।

ਇਨ੍ਹਾਂ ਵਿੱਚ 1971 ਅਤੇ 2017 ਵਿਚਕਾਰ ਲਏ ਗਏ ਤਾਪਮਾਨ ਦੇ ਅੰਕੜੇ ਸ਼ਾਮਲ ਸਨ, ਜਿਨ੍ਹਾਂ ਵਿੱਚ ਅਜਿਹੇ ਥਰਮਾਟੀਰਾਂ ਦੀ ਵਰਤੋਂ ਕੀਤੀ ਗਈ ਸੀ ਜਿਨ੍ਹਾਂ ਦੇ ਇੱਕੋ ਜਿਹੇ ਮਾਪ ‘ਤੇ ਸੈਂਟ ਹੋਣ ਦੀ ਉਮੀਦ ਸੀ।

ਤਾਪਮਾਨ ਬਾਰੇ ਨਵਾਂ ਗਾਈਡ

ਕੀ ਇਸ ਦਾ ਮਤਲਬ ਇਹ ਹੈ ਕਿ ਹੁਣ 37 ਡਿਗਰੀ ਸੈਲਸੀਅਸ ਨੂੰ ਦਿੱਤੀ ਜਾਣ ਵਾਲੀ ਮਹੱਤਤਾ ਬਾਰੇ ਮੁੜ ਵਿਚਾਰ ਦਾ ਸਮਾਂ ਆ ਗਿਆ ਹੈ?

ਕੁਝ ਲੋਕਾਂ ਨੇ ਪਹਿਲਾਂ ਹੀ ਅਜਿਹਾ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਡਾਕਟਰਾਂ ਵੱਲੋਂ ਵਿਆਪਕ ਤੌਰ ‘ਤੇ ਵਰਤੋ ਜਾਣ ਵਾਲੇ ਦੋ ਪ੍ਰਮਾਣਿਕ ਸ੍ਰੋਤ ਸ਼ਾਮਲ ਹਨ। ਇਨ੍ਹਾਂ ਵਿੱਚ ਹੈਰੀਸਨਜ਼ ਪ੍ਰਿੰਸੀਪਲਜ਼ ਆਫ ਇੰਟਰਨਲ ਮੈਡੀਸਨ ਨਾਮੀ ਕਿਤਾਬ ਅਤੇ ਅਪ ਟੂ ਡੇਟ ਡੇਟਾਬੇਸ ਸ਼ਾਮਲ ਹਨ।

ਫਿਰ ਵੀ ਜਦੋ ਤੁਹਾਡੇ ਸਰੀਰਕ ਤਾਪਮਾਨ ਲਈ ਇੱਕ ਮਾਪਦੰਡ ਅੰਕੜਾ ਹੋਣਾ ਮਦਦਗਾਰ ਗਾਈਡ ਹੋ ਸਕਦਾ ਹੈ, ਪਰ ਜ਼ਿਆਦਾਤਰ ਮਾਹਿਰ ਕਿਸੇ ਇੱਕ ਮੁੱਲ ‘ਤੇ ਬਹੁਤ ਜ਼ੋਰ ਦੇਣ ਖ਼ਿਲਾਫ਼ ਚੇਤਾਵਨੀ ਦਿੰਦੇ ਹਨ।

ਜੇਗੀ ਕਹਿੰਦੇ ਹਨ, “ਇਹ ਮਹੱਤਵਪੂਰਨ ਹੈ ਕਿ ਇਸ ਤਰ੍ਹਾਂ ਦੀਆਂ ਸੀਮਾਵਾਂ ਨੂੰ ਬਹੁਤ ਗੰਭੀਰਤਾ ਨਾਲ ਨਾ ਲਿਆ ਜਾਵੇ ਕਿਉਂਕਿ ਇਹ ਕੋਈ ਸ਼ਾਰਪ ਬਾਊਂਡਰੀਜ਼ ਨਹੀਂ ਦਰਸਾਉਂਦੀਆਂ।”

“ਕੋਈ ਵੀ ਇਹ ਦਲੀਲ ਨਹੀਂ ਦੇਵੇਗਾ ਕਿ 36.99 ਡਿਗਰੀ ਸੈਲਸੀਅਸ ਕਿਸੇ ਤਰ੍ਹਾਂ 37.01 ਡਿਗਰੀ ਸੈਲਸੀਅਸ ਨਾਲੋਂ ਬਿਲਕੁਲ ਵੱਖ ਹੈ।”

ਫਿਰ ਵੀ ਜਦੋਂ ਤਾਪਮਾਨ ਬਹੁਤ ਘਟ ਜਾਂਦਾ ਹੈ ਜਾਂ ਬਹੁਤ ਵਧ ਜਾਂਦਾ ਹੈ ਆਮ ਤੌਰ ‘ਤੇ ਬਾਲਗਾਂ ਲਈ 35 ਡਿਗਰੀ ਸੈਲਸੀਅਸ ਤੋਂ ਹੇਠਾਂ ਜਾਂ 40 ਡਿਗਰੀ ਸੈਲਸੀਅਸ ਤੋਂ ਉੱਤੇ, ਤਾਂ ਇਹ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਤੁਹਾਡੇ ਸਰੀਰ ਵਿੱਚ ਕੋਈ ਗੰਭੀਰ ਸਮੱਸਿਆ ਚੱਲ ਰਹੀ ਹੋ ਸਕਦੀ ਹੈ।

ਤੁਹਾਡੇ ਸਰੀਰ ਦੇ ਆਮ ਤਾਪਮਾਨ ਨੂੰ ਪ੍ਰਭਾਵਿਤ ਕਰਨ ਵਾਲੇ ਚਾਰ ਕਾਰਕ

ਸਰੀਰ ਦਾ ਤਾਪਮਾਨ

1. ਉਮਰ: ਵਧਦੀ ਉਮਰ ਦੇ ਨਾਲ ਸਰੀਰ ਦਾ ਤਾਪਮਾਨ ਘਟਦਾ ਹੈ

ਵੈਸਟ ਵਰਜੀਨੀਆ ਯੂਨੀਵਰਸਿਟੀ ਦੇ ਛੂਤ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਵਲੀਦ ਜਾਵੈਦ ਦੱਸਦੇ ਹਨ ਕਿ ਵਧਦੀ ਉਮਰ ਦੇ ਨਾਲ ਸਾਡਾ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਸਰੀਰਕ ਸਰਗਰਮੀ ਵੀ ਘਟ ਜਾਂਦੀ ਹੈ। ਇਸ ਕਾਰਨ ਸਰੀਰ ਘੱਟ ਊਰਜਾ ਦੀ ਵਰਤੋਂ ਕਰਦਾ ਹੈ ਅਤੇ ਸਰੀਰ ਦਾ ਤਾਪਮਾਨ ਵੀ ਘੱਟ ਰਹਿੰਦਾ ਹੈ।

2. ਲਿੰਗ: ਔਰਤਾਂ ਦੇ ਸਰੀਰ ਦਾ ਤਾਪਮਾਨ ਮਰਦਾਂ ਨਾਲੋਂ ਵੱਧ ਹੁੰਦਾ ਹੈ

ਜੂਲੀ ਪਾਰਸੋਨੇਟ ਦੱਸਦੀ ਹੈ ਕਿ ਮਾਹਵਾਰੀ ਚੱਕਰ ਦੌਰਾਨ ਤਾਪਮਾਨ ਵਿੱਚ ਹੋਣ ਵਾਲੇ ਵਾਧੇ ਨੂੰ ਛੱਡ ਵੀ ਦਿੱਤਾ ਜਾਵੇ ਤਾਂ ਵੀ ਬਜ਼ੁਰਗ ਔਰਤਾਂ ਦੇ ਸਰੀਰ ਦਾ ਤਾਪਮਾਨ ਮਰਦਾਂ ਦੇ ਮੁਕਾਬਲੇ ਵੱਧ ਹੁੰਦਾ ਹੈ। ਉਹ ਅੱਗੇ ਕਹਿੰਦੀ ਹੈ ਕਿ ਵਿਗਿਆਨੀਆਂ ਨੂੰ ਅਜੇ ਤੱਕ ਇਸ ਦਾ ਸਹੀ ਕਾਰਨ ਪਤਾ ਨਹੀਂ ਹੈ। ਉਨ੍ਹਾਂ ਮੁਤਾਬਕ, “ਸਾਡੇ ਸਰੀਰ ਦੇ ਤਾਪਮਾਨ ਨੂੰ ਨਿਯੰਤਰਿਤ ਕਰਨ ਵਾਲੀ ਪ੍ਰਣਾਲੀ ਹੀ ਵੱਖਰੀ ਹੈ।”

3. ਦਿਨ ਦਾ ਸਮਾਂ: ਸਵੇਰ ਵੇਲੇ ਸਰੀਰ ਦਾ ਤਾਪਮਾਨ ਘੱਟ ਹੁੰਦਾ ਹੈ

ਬੋਸਟਨ ਚਿਲਡਰਨਜ਼ ਹਸਪਤਾਲ ਅਤੇ ਮੈਸੇਚਿਉਸੇਟਸ ਜਨਰਲ ਹਸਪਤਾਲ ਦੇ ਰਿਊਮੈਟੋਲੋਜਿਸਟ (ਜੋੜਾਂ ਅਤੇ ਮਾਸਪੇਸ਼ੀਆਂ ਨਾਲ ਜੁੜੀਆਂ ਬਿਮਾਰੀਆਂ ਦੇ ਮਾਹਿਰ) ਜੋਨਾਥਨ ਹਾਊਸਮੈਨ ਦੱਸਦੇ ਹਨ ਕਿ ਸਰੀਰ ਦੇ ਤਾਪਮਾਨ ਦਾ ਇੱਕ ਸਰਕਾਡੀਅਨ ਰਿਧਮ ਹੁੰਦਾ ਹੈ।

ਉਨ੍ਹਾਂ ਦੀ ਤਾਜ਼ਾ ਖੋਜ ਵਿੱਚ ਦੇਖਿਆ ਗਿਆ ਕਿ ਸਵੇਰੇ 3 ਵਜੇ ਤੋਂ 5 ਵਜੇ ਦਰਮਿਆਨ ਸਰੀਰ ਦਾ ਤਾਪਮਾਨ ਸਭ ਤੋਂ ਘੱਟ ਹੁੰਦਾ ਹੈ, ਜਦਕਿ ਸ਼ਾਮ 4 ਵਜੇ ਤੋਂ 6 ਵਜੇ ਦਰਮਿਆਨ ਇਹ ਸਭ ਤੋਂ ਵੱਧ ਹੁੰਦਾ ਹੈ। ਇਸ ਦਾ ਸੰਭਾਵੀ ਕਾਰਨ ਦਿਨ ਵੇਲੇ ਸਰੀਰਕ ਸਰਗਰਮੀ ਦਾ ਵਧਣਾ ਹੈ।

4. ਕੱਦ ਅਤੇ ਭਾਰ: ਕੱਦ ਤਾਪਮਾਨ ਘਟਾਉਂਦਾ ਹੈ, ਜਦਕਿ ਭਾਰ ਇਸ ਨੂੰ ਵਧਾਉਂਦਾ ਹੈ

ਜੂਲੀ ਪਾਰਸੋਨੇਟ ਦੱਸਦੀ ਹੈ ਕਿ ਕੱਦ ਵਧਣ ਨਾਲ ਸਰੀਰ ਦਾ ਤਾਪਮਾਨ ਘਟਦਾ ਹੈ ਕਿਉਂਕਿ ਸਰੀਰ ਦੀ ਸਤ੍ਹਾ ਦਾ ਖੇਤਰਫਲ ਵੱਧ ਹੋਣ ਕਾਰਨ ਸਰੀਰ ਵਿੱਚੋਂ ਵਧੇਰੇ ਗਰਮੀ ਬਾਹਰ ਨਿਕਲਦੀ ਹੈ। ਦੂਜੇ ਪਾਸੇ, ਸਰੀਰ ਦਾ ਭਾਰ ਵਧਣ ਨਾਲ ਤਾਪਮਾਨ ਵਿੱਚ ਥੋੜ੍ਹਾ ਵਾਧਾ ਹੁੰਦਾ ਹੈ।

ਹਾਲਾਂਕਿ, ਪਾਰਸੋਨੇਟ ਇਹ ਨਹੀਂ ਮੰਨਦੀ ਕਿ ਵੰਡਰਲਿਖ ਵੱਲੋਂ ਸਰੀਰ ਦੇ ਤਾਪਮਾਨ ਦਾ ਔਸਤ ਅੰਕੜਾ ਵੱਧ ਦਰਜ ਕੀਤੇ ਜਾਣ ਪਿੱਛੇ ਥਰਮਾਮੀਟਰਾਂ ਦੀ ਗਲਤ ਕੈਲੀਬ੍ਰੇਸ਼ਨ (ਮਾਪਦੰਡਾਂ ਅਨੁਸਾਰ ਸੈੱਟ ਨਾ ਹੋਣਾ) ਜ਼ਿੰਮੇਵਾਰ ਸੀ।

ਉਹ ਦੱਸਦੀ ਹੈ, “ਅਸੀਂ ਵੱਖ-ਵੱਖ ਸਾਲਾਂ ਵਿੱਚ ਜਨਮੇ ਉਨ੍ਹਾਂ ਲੋਕਾਂ ਦੇ ਤਾਪਮਾਨ ਦੀ ਤੁਲਨਾ ਕੀਤੀ, ਜਿਨ੍ਹਾਂ ਦਾ ਤਾਪਮਾਨ ਇੱਕੋ ਸਮੇਂ ਮਾਪਿਆ ਗਿਆ ਸੀ। ਇਸ ਦੇ ਨਾਲ ਹੀ ਅਸੀਂ ਇੱਕੋ ਸਾਲ ਵਿੱਚ ਜਨਮੇ ਉਨ੍ਹਾਂ ਲੋਕਾਂ ਦੀ ਵੀ ਤੁਲਨਾ ਕੀਤੀ, ਜਿਨ੍ਹਾਂ ਦਾ ਤਾਪਮਾਨ ਵੱਖ-ਵੱਖ ਸਮਿਆਂ ‘ਤੇ ਮਾਪਿਆ ਗਿਆ ਸੀ। ਇਸ ਤਰ੍ਹਾਂ ਅਸੀਂ ਥਰਮਾਮੀਟਰ ਦੇ ਪ੍ਰਭਾਵ ਨੂੰ ਉਮਰ ਅਤੇ ਜਨਮ ਦੇ ਸਾਲ ਦੇ ਪ੍ਰਭਾਵ ਤੋਂ ਵੱਖ ਕਰ ਸਕਦੇ ਹਾਂ।”

ਪਾਰਸੋਨੇਟ ਦੀ ਟੀਮ ਨੂੰ ਇਸ ਗੱਲ ਦਾ ਹੋਰ ਵੀ ਯਕੀਨ ਹੋ ਗਿਆ ਜਦੋਂ ਉਨ੍ਹਾਂ ਨੇ ਦੋ ਹੋਰ ਆਧੁਨਿਕ ਡੇਟਾਸੈੱਟਾਂ ਦਾ ਅਧਿਐਨ ਕੀਤਾ ਅਤੇ ਉੱਥੇ ਵੀ ਤਾਪਮਾਨ ਵਿੱਚ ਇਸੇ ਤਰ੍ਹਾਂ ਦੀ ਗਿਰਾਵਟ ਦੇਖੀ।

ਇਨ੍ਹਾਂ ਡੇਟਾਸੈੱਟਾਂ ਵਿੱਚ 1971 ਤੋਂ 2017 ਦਰਮਿਆਨ ਮਾਪੇ ਗਏ ਸਰੀਰਕ ਤਾਪਮਾਨ ਦੇ ਅੰਕੜੇ ਸ਼ਾਮਲ ਸਨ। ਇਨ੍ਹਾਂ ਵਿੱਚ ਅਜਿਹੇ ਥਰਮਾਮੀਟਰਾਂ ਦੀ ਵਰਤੋਂ ਕੀਤੀ ਗਈ ਸੀ, ਜਿਨ੍ਹਾਂ ਦੇ ਇੱਕੋ ਜਿਹੇ ਮਾਪਦੰਡਾਂ ਅਨੁਸਾਰ ਕੈਲੀਬਰੇਟ ਹੋਣ ਦੀ ਉਮੀਦ ਸੀ।

ਤਾਪਮਾਨ ਬਾਰੇ ਨਵਾਂ ਮਾਪਦੰਡ

 ਐਡਰੀਅਨ ਜੇਗੀ

ਕੀ ਇਨ੍ਹਾਂ ਸਾਰੀਆਂ ਖੋਜਾਂ ਦਾ ਮਤਲਬ ਇਹ ਹੈ ਕਿ ਹੁਣ 37 ਡਿਗਰੀ ਸੈਲਸੀਅਸ (98.6 ਡਿਗਰੀ ਫਾਰਨਹੀਟ) ਨੂੰ ਦਿੱਤੀ ਜਾਂਦੀ ਵਿਸ਼ੇਸ਼ ਮਹੱਤਤਾ ਬਾਰੇ ਮੁੜ ਵਿਚਾਰ ਕਰਨ ਦਾ ਸਮਾਂ ਆ ਗਿਆ ਹੈ?

ਕੁਝ ਸੰਸਥਾਵਾਂ ਅਤੇ ਮਾਹਿਰ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ। ਇਨ੍ਹਾਂ ਵਿੱਚ ਡਾਕਟਰਾਂ ਵੱਲੋਂ ਵਿਆਪਕ ਤੌਰ ‘ਤੇ ਵਰਤੇ ਜਾਂਦੇ ਦੋ ਪ੍ਰਮਾਣਿਕ ਸਰੋਤ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ‘ਹੈਰੀਸਨਜ਼ ਪ੍ਰਿੰਸੀਪਲਜ਼ ਆਫ ਇੰਟਰਨਲ ਮੈਡੀਸਨ’ ਨਾਮ ਦੀ ਕਿਤਾਬ ਅਤੇ ‘ਅਪਟੂਡੇਟ‘ ਨਾਮ ਦਾ ਆਨਲਾਈਨ ਡੇਟਾਬੇਸ ਸ਼ਾਮਲ ਹਨ।

ਹਾਲਾਂਕਿ, ਆਪਣੇ ਸਰੀਰ ਦੇ ਤਾਪਮਾਨ ਲਈ ਇੱਕ ਮਿਆਰੀ ਅੰਕੜਾ ਹੋਣਾ ਇੱਕ ਮਦਦਗਾਰ ਸੰਕੇਤਕ ਹੋ ਸਕਦਾ ਹੈ, ਪਰ ਜ਼ਿਆਦਾਤਰ ਮਾਹਿਰ ਕਿਸੇ ਇੱਕ ਅੰਕੜੇ ਨੂੰ ਬਹੁਤ ਜ਼ਿਆਦਾ ਮਹੱਤਵ ਦੇਣ ਤੋਂ ਸਾਵਧਾਨ ਕਰਦੇ ਹਨ।

ਜੇਗੀ ਕਹਿੰਦੇ ਹਨ, “ਇਹ ਮਹੱਤਵਪੂਰਨ ਹੈ ਕਿ ਅਜਿਹੀਆਂ ਹੱਦਾਂ ਨੂੰ ਬਹੁਤ ਗੰਭੀਰਤਾ ਨਾਲ ਨਾ ਲਿਆ ਜਾਵੇ, ਕਿਉਂਕਿ ਇਹ ਕੋਈ ਸਪੱਸ਼ਟ ਅਤੇ ਪੱਕੀਆਂ ਹੱਦਾਂ ਨਹੀਂ ਹੁੰਦੀਆਂ। ਕੋਈ ਵੀ ਇਹ ਨਹੀਂ ਕਹੇਗਾ ਕਿ 36.99 ਡਿਗਰੀ ਸੈਲਸੀਅਸ ਦਾ ਤਾਪਮਾਨ 37.01 ਡਿਗਰੀ ਸੈਲਸੀਅਸ ਦੇ ਮੁਕਾਬਲੇ ਬਿਲਕੁਲ ਵੱਖਰਾ ਹੈ।”

ਫਿਰ ਵੀ, ਜਦੋਂ ਸਰੀਰ ਦਾ ਤਾਪਮਾਨ ਬਹੁਤ ਘੱਟ ਹੋ ਜਾਂਦਾ ਹੈ ਜਾਂ ਬਹੁਤ ਜ਼ਿਆਦਾ ਵਧ ਜਾਂਦਾ ਹੈ ਤਾਂ ਇਹ ਸਰੀਰ ਵਿੱਚ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਆਮ ਤੌਰ ‘ਤੇ ਬਾਲਗਾਂ ਵਿੱਚ 35 ਡਿਗਰੀ ਸੈਲਸੀਅਸ (96 ਡਿਗਰੀ ਫਾਰਨਹੀਟ) ਤੋਂ ਘੱਟ ਜਾਂ 40 ਡਿਗਰੀ ਸੈਲਸੀਅਸ (104 ਡਿਗਰੀ ਫਾਰਨਹੀਟ) ਤੋਂ ਵੱਧ ਤਾਪਮਾਨ ਇਸ ਤਰ੍ਹਾਂ ਦੀ ਸਮੱਸਿਆ ਵੱਲ ਇਸ਼ਾਰਾ ਕਰ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI