Source :- BBC PUNJABI

ਪਰਵਿੰਦਰ ਸਿੰਘ ਝੋਟਾ ਦਾ ਹੋਇਆ ਸਸਕਾਰ, ਅੰਤਿਮ ਵਿਦਾਈ ਮੌਕੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ
13 ਅਕਤੂਬਰ ਨੂੰ ਹੋਏ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਅੱਜ 8 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਮਾਨਸਾ ਵਿਖੇ ਹੋਈ ਅੰਤਿਮ ਵਿਦਾਈ ਮੌਕੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕਾਂ ਨੇ ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਯਾਤਰਾ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਕਈ ਲੋਕ ਭਾਵੁਕ ਵੀ ਨਜ਼ਰ ਆਏ।
ਪੋਸਟਮਾਰਟਮ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਸਵੇਰੇ ਚੰਡੀਗੜ੍ਹ ਤੋਂ ਮਾਨਸਾ ਲਿਆਂਦੀ ਗਈ। ਰਸਤੇ ਵਿੱਚ ਵੀ ਕਈ ਥਾਵਾਂ ‘ਤੇ ਲੋਕ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਮਾਨਸਾ ਵਿੱਚ ਕਈ ਦਿਨਾਂ ਤੱਕ ਧਰਨਾ ਜਾਰੀ ਰਿਹਾ ਸੀ। ਇਨਸਾਫ਼ ਦੀ ਮੰਗ ਅਤੇ ਪਰਿਵਾਰ ਦੀਆਂ ਮੰਗਾਂ ਸਬੰਧੀ ਸਰਕਾਰ ਨਾਲ ਗੱਲਬਾਤ ਕਰਨ ਲਈ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਦੌਰਾਨ ਮੰਗਾਂ ਪੂਰੀਆਂ ਹੋਣ ਤੱਕ ਸਸਕਾਰ ਨਾ ਕਰਨ ਦਾ ਫੈਸਲਾ ਲਿਆ ਗਿਆ ਸੀ।
ਬੀਤੇ ਦਿਨੀਂ ਝੋਟਾ ਇਨਸਾਫ਼ ਮੋਰਚੇ ਅਤੇ ਸਰਕਾਰ ਵਿਚਾਲੇ ਕੁਝ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਸੀ। ਹਾਲਾਂਕਿ, ਪਰਵਿੰਦਰ ਸਿੰਘ ਝੋਟਾ ਦੇ ਪਿਤਾ ਵੱਲੋਂ ਮਾਨਸਾ ਦੇ ਐੱਸਐੱਸਪੀ ਦੇ ਤਬਾਦਲੇ ਦੀ ਮੰਗ ਅਜੇ ਵੀ ਰੱਖੀ ਗਈ ਹੈ।
ਦੱਸ ਦੇਈਏ ਕਿ ਪਰਵਿੰਦਰ ਸਿੰਘ ਝੋਟਾ ਦੀ ਮੌਤ 13 ਅਕਤੂਬਰ ਨੂੰ ਉਸ ਸਮੇਂ ਹੋਈ ਸੀ, ਜਦੋਂ ਉਹ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੀ ਦੁਕਾਨ ਦੇ ਬਾਹਰ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਲਾਈਵ ਹੋ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਸਮੇਤ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉੱਧਰ, ਸਰਕਾਰ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਰੱਖੀਆਂ ਗਈਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ।
ਰਿਪੋਰਟ- ਚਰਨਜੀਵ ਕੌਸ਼ਲ, ਐਡਿਟ- ਸੁਖਮਨਦੀਪ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




