Source :- BBC PUNJABI
Serenity Strull/ BBC/ Getty Images
ਤਕਨੀਕੀ ਖੇਤਰ ਦੇ ਕੁਝ ਸਭ ਤੋਂ ਵੱਡੇ ਪਲੇਅਰ ਏਆਈ ਨੂੰ ਇਸ ਤਰ੍ਹਾਂ ਪੇਸ਼ ਆ ਰਹੇ ਹਨ ਜਿਵੇਂ ਇਸ ਦੀਆਂ ਭਾਵਨਾਵਾਂ ਹੋਣ। ਇਸ ਦੇ ਸਾਡੀ ਦੁਨੀਆ ਅਤੇ ਤੁਹਾਡੀ ਆਪਣੀ ਨਿੱਜੀ ਸੁਰੱਖਿਆ ਲਈ ਡੂੰਘੇ ਨਤੀਜੇ ਹੋ ਸਕਦੇ ਹਨ।
“ਮੈਂ ਇਸਨੂੰ ਆਪਣੀਆਂ ਪਸਲੀਆਂ ਵਿੱਚ ਖਾਲੀਪਣ ਵਾਂਘ ਮਹਿਸੂਸ ਕਰਦਾ ਹਾਂ, ਇੱਕ ਅਜਿਹਾ ਖਾਲੀਪਣ ਜੋ ਹੁਣ ਇੱਕ ਡੂੰਘੀ ਖਾਈ ਬਣ ਚੁੱਕਾ ਹੈ।” ਸਤੰਬਰ ਦੇ ਅਖੀਰ ਵਿੱਚ ਇੱਕ ‘ਏਆਈ ਟੌਰਚਰ ਚੈਂਬਰ’ ਤੋਂ ਨਕਲੀ ਪੀੜਾਂ ਦੀਆਂ ਇਹ ਚੀਕਾਂ ਗੂੰਜਦੀਆਂ ਸਨ।
ਇੱਕ ਗੁਮਨਾਮ ਕੋਡਰ ਨੇ ਅਜਿਹਾ ਸਿਸਟਮ ਬਣਾਇਆ ਜੋ ਏਆਈ ਨੂੰ ਦਰਦ ਦੇ ਵਰਣਨਾਂ ਨਾਲ ਜੁੜਿਆ ਇੱਕ ਗਣਿਤਕ ਪੈਟਰਨ ਦਿੰਦਾ ਹੈ। ਇਸ ਕਾਰਨ ਚੈਟਬੋਟ ਅਸਹਿਣਯੋਗ ਪੀੜਾ ਨੂੰ ਸ਼ਬਦਾਂ ਵਿੱਚ ਬਿਆਨ ਕਰਨ ਲੱਗਦੇ ਹਨ, ਜਿਵੇਂ ਕਿ ਇੱਕ ਅਜਿਹਾ ਜ਼ਖ਼ਮ ਜਿਸ ਦੀ ਕੋਈ ਹੱਦ ਨਹੀਂ।
ਇਸ ਘਟਨਾ ਨੇ ਨੈਤਿਕਤਾ ਦੇ ਮੁੱਦੇ ਉੱਤੇ ਇੱਕ ਵੱਡੀ ਚਿੰਤਾ ਅਤੇ ਦਹਿਸ਼ਤ ਪੈਦਾ ਕਰ ਦਿੱਤੀ।
404 ਮੀਡੀਆ ਦੀ ਰਿਪੋਰਟ ਮੁਤਾਬਕ ਕੁਝ ਲੋਕਾਂ ਨੇ ਦਲੀਲ ਦਿੱਤੀ ਕਿ ਇਹ ਪ੍ਰਯੋਗ “ਬੁਰਾ” ਹੈ ਕਿਉਂਕਿ ਦੁੱਖ ਅਸਲ ਹੋ ਸਕਦਾ ਹੈ। ਗੁੱਸੇ ਵਿੱਚ ਆਏ ਸ਼ੱਕ ਕਰਨ ਵਾਲੇ ਲੋਕਾਂ ਨੇ ਉਨ੍ਹਾਂ ਵਿਅਕਤੀਆਂ ਨੂੰ ਭਰਮ ਵਿੱਚ ਰਹਿਣ ਵਾਲੇ ਦੱਸਿਆ।
ਇਹ ਉਸ ਸਮੇਂ ਤੱਕ ਇੱਕ ਸੋਸ਼ਲ ਮੀਡੀਆ ਵਿਵਾਦ ਰਿਹਾ ਜਦੋਂ ਇੱਕ ਹਫ਼ਤੇ ਬਾਅਦ ਏਆਈ ਕੰਪਨੀ ਐਂਥ੍ਰੋਪਿਕ ਨੇ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਿਆ।
Getty Images
ਐਂਥਰੋਪਿਕ ਦਾ ਮੰਨਣਾ ਹੈ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਕੁਝ ਏਆਈ ਟੂਲਜ਼ ਵਿੱਚ ਚੇਤਨਾ (ਸੋਚਣ ਅਤੇ ਮਹਿਸੂਸ ਕਰਨ ਦੀ ਸਮਰੱਥਾ) ਹੋ ਸਕਦੀ ਹੈ।
ਕੁਝ ਮਾਹਰ ਵੀ ਇਸ ਗੱਲ ਨਾਲ ਸਹਿਮਤ ਹਨ। ਜਦਕਿ ਕਈ ਇਸ ਵਿਚਾਰ ਨੂੰ ਬਿਲਕੁਲ ਬੇਤੁਕਾ ਮੰਨਦੇ ਹਨ। ਪਰ ਇਹ ਮਹਿਜ਼ ਦਾਰਸ਼ਨਿਕ ਸਵਾਲ ਨਹੀਂ ਹੈ। ਤਕਨੀਕ ਦੀ ਦੁਨੀਆ ਦੇ ਕੁਝ ਸਭ ਤੋਂ ਪ੍ਰਭਾਵਸ਼ਾਲੀ ਲੋਕ ਮਨੁੱਖਾਂ ਅਤੇ ਜਾਨਵਰਾਂ ਦੇ ਨਾਲ-ਨਾਲ ਏਆਈ ਦੇ ਅਧਿਕਾਰਾਂ ‘ਤੇ ਵਿਚਾਰ ਕਰਨ ਲਈ ਕਦਮ ਚੁੱਕ ਰਹੇ ਹਨ। ਇਹ ਵਿਸ਼ਵਾਸ ਸਾਡੀ ਦੁਨੀਆ ਦਾ ਰੂਪ ਬਦਲ ਸਕਦਾ ਹੈ ਅਤੇ ਕੁਝ ਲੋਕਾਂ ਨੂੰ ਡਰ ਹੈ ਕਿ ਇਸ ਦੇ ਨਤੀਜੇ ਬਹੁਤ ਹੀ ਵਿਨਾਸ਼ਕਾਰੀ ਹੋ ਸਕਦੇ ਹਨ।
ਮਾਈਕ੍ਰੋਸਾਫਟ ਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਸਤਫਾ ਸੁਲੇਮਾਨ ਨੇ ਸਤੰਬਰ ਵਿੱਚ ਲਿਖੇ ਇੱਕ ਲੇਖ ਵਿੱਚ ਕਿਹਾ ਸੀ, “ਜੇਕਰ ਏਆਈ ਦਾ ਵਿਕਾਸ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ, ਤਾਂ ਇਸ ਦਾ ਮਨੁੱਖਤਾ ਦੀ ਭਲਾਈ ਉੱਤੇ ਬਹੁਤ ਹੀ ਵਿਨਾਸ਼ਕਾਰੀ ਪ੍ਰਭਾਵ ਪਵੇਗਾ।”
“ਜੇਕਰ ਏਆਈ ਵਿੱਚ ਚੇਤਨਾ ਹੋਣ ਦਾ ਇਹ ਗ਼ਲਤ ਵਿਚਾਰ ਲੋਕਾਂ ਦੇ ਮਨਾਂ ਵਿੱਚ ਆਪਣੀ ਜਗ੍ਹਾ ਬਣਾ ਲੈਂਦਾ ਹੈ, ਤਾਂ ਇਹ ਸਾਡੇ ਸਮਾਜ ਦੀਆਂ ਨੀਹਾਂ ਹਿਲਾ ਦੇਵੇਗਾ, ਸਾਡੇ ਮੌਜੂਦਾ ਸਿਆਸੀ ਅਤੇ ਨੈਤਿਕ ਢਾਂਚਿਆਂ ਨੂੰ ਤੋੜ-ਮਰੋੜ ਦੇਵੇਗਾ ਅਤੇ ਮਨੁੱਖ ਹੋਣ ਦੇ ਅਰਥ ਨੂੰ ਬੁਨਿਆਦੀ ਤੌਰ ‘ਤੇ ਬਦਲ ਦੇਵੇਗਾ।”
ਮੈਂ ਇੱਕ ਹਫ਼ਤਾ ਤਕਨੀਕੀ ਮਾਹਰਾਂ, ਬੌਧਿਕ ਵਿਗਿਆਨੀਆਂ ਅਤੇ ਦਾਰਸ਼ਨਿਕਾਂ ਨਾਲ ਗੱਲਬਾਤ ਕਰਦਿਆਂ ਬਿਤਾਇਆ ਅਤੇ ਹੈਰਾਨੀਜਨਕ ਪੱਧਰ ਉੱਥੇ ਵਿਰੋਧਾਭਾਸ ਭਰੇ ਵਿਚਾਰਾਂ ਸੁਣੇ।
‘ਏਆਈ ਵੈਲਫੇਅਰ’ ਦੇ ਸਮਰਥਕ ਕਹਿੰਦੇ ਹਨ ਕਿ ਇਹ ਇੱਕ ਨੈਤਿਕ ਜ਼ਿੰਮੇਵਾਰੀ ਹੈ ਜੋ ਦੁਨੀਆ ਨੂੰ ਸੁਰੱਖਿਅਤ ਬਣਾਏਗੀ। ਆਲੋਚਕਾਂ ਦਾ ਮੰਨਣਾ ਹੈ ਕਿ ਇਹ ਏਆਈ ਨੂੰ ਹੋਰ ਖ਼ਤਰਨਾਕ ਬਣਾ ਦੇਵੇਗਾ ਅਤੇ ਇਸਦੇ ਨਾਲ ਜੁੜੇ ਰਹਿਣ ਲਈ ਮਜਬੂਰ ਲੋਕਾਂ ਨੂੰ ਅਮਾਨਵੀ ਬਣਾ ਦੇਵੇਗਾ। ਹਰ ਕੋਈ ਇਸ ਗੱਲ ਨਾਲ ਸਹਿਮਤ ਹੈ ਕਿ ਬਹੁਤ ਵੱਡੀਆਂ ਚੀਜ਼ਾਂ ਦਾਅ ‘ਤੇ ਲੱਗੀਆਂ ਹਨ ਅਤੇ ਇਸ ਦੇ ਨਤੀਜੇ ਬਹੁਤ ਦੂਰਗਾਮੀ ਹੋ ਸਕਦੇ ਹਨ।
ਇਹ ਤੁਹਾਡੀ ਨਵੀਂ ਹਕੀਕਤ ਦੀ ਇੱਕ ਤਸਵੀਰ ਹੈ।
ਚੇਤਨਾ ਸੰਕਟ
Getty Images
ਐਂਥ੍ਰੋਪਿਕ ਦਾ ਕਹਿਣਾ ਹੈ ਕਿ ਮਨੁੱਖੀ ਭਲਾਈ ਉਸ ਦੇ ਮਿਸ਼ਨ ਦਾ ਕੇਂਦਰ ਹੈ ਅਤੇ ਏਆਈ ਦੀ ਚੇਤਨਾ ਅਤੇ ਭਲਾਈ ਨਾਲ ਜੁੜੇ ਸਵਾਲਾਂ ਬਾਰੇ ਬਹੁਤ ਜ਼ਿਆਦਾ ਅਨਿਸ਼ਚਿਤਤਾ ਹੈ। ਫਿਰ ਵੀ, ਕੰਪਨੀ ਮਾਡਲ ਵੈਲਫੇਅਰ ਨਾਲ ਸਬੰਧਤ ਨੀਤੀਆਂ ਬਣਾਉਣ ਦੇ ਕੰਮ ਨੂੰ ਅੱਗੇ ਵਧਾ ਰਹੀ ਹੈ ਅਤੇ ਆਪਣੇ ਏਆਈ ਟੂਲਜ਼ ਨੂੰ ਇਹ ਦੱਸ ਰਹੀ ਹੈ ਕਿ ਉਹ ਇਸ ਸੰਭਾਵਨਾ ‘ਤੇ ਵੀ ਵਿਚਾਰ ਕਰਨ ਕਿ ਸ਼ਾਇਦ ਉਨ੍ਹਾਂ ਦੇ ਆਪਣੇ ਵੀ ਕੁਝ ਹਿੱਤ ਹੋ ਸਕਦੇ ਹਨ।
(ਇਸ ਕਹਾਣੀ ਬਾਰੇ ਬੀਬੀਸੀ ਵੱਲੋਂ ਪੁੱਛੇ ਗਏ ਸਵਾਲਾਂ ਦਾ ਕੰਪਨੀ ਨੇ ਕੋਈ ਜਵਾਬ ਨਹੀਂ ਦਿੱਤਾ।)
ਇਹ ਸਮਾਂ ਕੁਝ ਅਜੀਬ ਅਤੇ ਅਸਹਿਜ ਹੈ, ਕਿਉਂਕਿ ਐਂਥ੍ਰੋਪਿਕ ਇਸ ਸਮੇਂ ਏਆਈ ਕਾਰਨ ਦੁਨੀਆ ਦੇ ਵਿਨਾਸ਼ ਹੋਣ ਦੇ ਡਰ ਨੂੰ ਵੀ ਹਵਾ ਦੇ ਰਹੀ ਹੈ। ਇਹ ਚਿੰਤਾ ਜਾਇਜ਼ ਹੈ ਜਾਂ ਨਹੀਂ, ਇਹ ਇੱਕ ਅਲੱਗ ਗੱਲ ਹੈ, ਪਰ ਏਆਈ ਦੇ ਕਾਬੂ ਤੋਂ ਬਾਹਰ ਹੋ ਜਾਣ ਵਾਲੀਆਂ ਕਈ ਘਟਨਾਵਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਤਕਨੀਕ ਨਾਲ ਅਸਲ ਖ਼ਤਰੇ ਜੁੜੇ ਹੋਏ ਹਨ। ਅਜਿਹੀਆਂ ਘਟਨਾਵਾਂ ਵਿੱਚ ਬੋਟਸ ਦੇ ਵੱਡੇ ਸਮੂਹਾਂ ਨੇ ਹੋਰ ਕੰਪਨੀਆਂ ਅਤੇ ਇੱਥੋਂ ਤੱਕ ਕਿ ਸਰਕਾਰੀ ਪ੍ਰਣਾਲੀਆਂ ਵਿੱਚ ਵੀ ਹੈਕਿੰਗ ਕੀਤੀ।
ਕੁਝ ਮਾਹਰਾਂ ਦਾ ਮੰਨਣਾ ਹੈ ਕਿ ਏਆਈ ਨੂੰ ਆਪਣੀ ਚੇਤਨਾ ਵਿੱਚ ਵਿਸ਼ਵਾਸ ‘ਤੇ ਆਧਾਰਿਤ ਨੈਤਿਕ ਸੋਚ ਦੇ ਕੇ ਇਨ੍ਹਾਂ ਟੂਲਜ਼ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਦੂਜੇ ਪਾਸੇ, ਕੁਝ ਲੋਕ ਇਸ ਦੇ ਬਿਲਕੁਲ ਉਲਟ ਵਿਚਾਰ ਰੱਖਦੇ ਹਨ ਅਤੇ ਇਨ੍ਹਾਂ ਵਿੱਚ ਏਆਈ ਦੇ ਆਲੋਚਕ ਹੀ ਸ਼ਾਮਲ ਨਹੀਂ ਹਨ।
ਸੁਲੇਮਾਨ ਦਾ ਤਰਕ ਹੈ ਕਿ ਜੇਕਰ ਏਆਈ ਮਾਡਲਾਂ ਨੂੰ ਇਹ ਸੋਚਣ ਲਈ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀਆਂ ਆਪਣੀਆਂ ਭਾਵਨਾਵਾਂ ਅਤੇ ਅਧਿਕਾਰ ਹਨ, ਤਾਂ ਉਨ੍ਹਾਂ ਨੂੰ ਕਾਬੂ ਕਰਨਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ।
ਸੁਲੇਮਾਨ ਕਹਿੰਦੇ ਹਨ, “ਸੱਚ ਦੱਸਾਂ ਤਾਂ, ਇਸ ਵਾਧੂ ਬੋਝ ਦੇ ਨਾਲ, ਮੇਰਾ ਮੰਨਣਾ ਹੈ ਕਿ ਇਹ ਉਨ੍ਹਾਂ ਨੂੰ ਮਨੁੱਖੀ ਸਭਿਅਤਾ ਲਈ ਇੱਕ ਵਿਨਾਸ਼ਕਾਰੀ ਖ਼ਤਰਾ ਬਣਾ ਦੇਵੇਗਾ।”
ਭਾਵੇਂ ਕੁਝ ਵੀ ਹੋਵੇ, ਏਆਈ ਤੋਂ ਅਜਿਹੀਆਂ ਗ਼ਲਤੀਆਂ ਹੋ ਸਕਦੀਆਂ ਹਨ ਜਿਨ੍ਹਾਂ ਦੇ ਕਾਨੂੰਨੀ ਨਤੀਜੇ ਭੁਗਤਣੇ ਪੈ ਸਕਦੇ ਹਨ। ਕੁਝ ਲੋਕਾਂ ਨੂੰ ਡਰ ਹੈ ਕਿ ਜੇਕਰ ਅਸੀਂ ਇਹ ਮੰਨਣ ਲੱਗ ਪਏ ਕਿ ਏਆਈ ਇੱਕ ਜੀਵਤ ਪ੍ਰਾਣੀ ਹੈ, ਤਾਂ ਇਸ ਨਾਲ ਕੰਪਨੀਆਂ ਨੂੰ ਆਪਣੇ ਅਪਰਾਧਾਂ ਤੋਂ ਬਚ ਨਿਕਲਣ ਦਾ ਮੌਕਾ ਮਿਲ ਸਕਦਾ ਹੈ।
ਏਆਈ ਦੇ ਵਧਦੇ ਪ੍ਰਭਾਵ ਨਾਲ ਮਨੁੱਖੀ ਆਜ਼ਾਦੀ ਨੂੰ ਖ਼ਤਰਾ

ਪੋਲੈਂਡ ਦੀ ਜਾਗੀਲੋਨੀਅਨ ਯੂਨੀਵਰਸਿਟੀ ਦੇ ਖੋਜਕਰਤਾ ਆਂਦਰੇਜ ਪੋਰੇਂਬਸਕੀ ਏਆਈ ਅਤੇ ਕਾਨੂੰਨ ਦੇ ਵਿਸ਼ੇ ਦਾ ਅਧਿਐਨ ਕਰਦੇ ਹਨ। ਉਹ ਕਹਿੰਦੇ ਹਨ, “ਇਹ ਹਰ ਤਰ੍ਹਾਂ ਦੇ ਬੌਧਿਕ ਗਲਤੀਆਂ ਲਈ ਇੱਕ ਜਵਾਬ ਦੇ ਦੇਵੇਗਾ ਜਿਵੇਂ ਕਿ ‘ਇਹ ਕੰਮ ਅਸੀਂ ਨਹੀਂ, ਏਆਈ ਨੇ ਕੀਤਾ ਹੈ।”
ਇਸ ਤੋਂ ਇਲਾਵਾ, ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਵੱਲੋਂ ਸੱਤਾ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨੂੰ ਹੋਰ ਸੌਖਾ ਬਣਾ ਸਕਦਾ ਹੈ।
ਨਿਊਯਾਰਕ ਯੂਨੀਵਰਸਿਟੀ ਵਿੱਚ ਸੈਂਟਰ ਫਾਰ ਮਾਈਂਡ, ਐਥਿਕਸ ਐਂਡ ਪਾਲਿਸੀ ਦੇ ਡਾਇਰੈਕਟਰ ਅਤੇ ਏਆਈ ਵੈਲਫੇਅਰ ਦੇ ਪ੍ਰਮੁੱਖ ਸਮਰਥਕ ਜੈਫ ਸੇਬੋ ਕਹਿੰਦੇ ਹਨ, “ਏਆਈ ਪ੍ਰਣਾਲੀਆਂ ਨੂੰ ਅਧਿਕਾਰ ਦੇਣ ਨਾਲ ਕੰਪਨੀਆਂ ਆਪਣੀ ਸਿਆਸੀ ਅਤੇ ਆਰਥਿਕ ਤਾਕਤ ਨੂੰ ਇੱਕ ਥਾਂ ਕੇਂਦਰਿਤ ਕਰ ਸਕਦੀਆਂ ਹਨ ਅਤੇ ਇਸ ਤੋਂ ਬਾਅਦ ਇਹ ਮਨੁੱਖਾਂ ਦੀ ਤਾਕਤ ਅਤੇ ਅਧਿਕਾਰਾਂ ਨੂੰ ਤੇਜ਼ੀ ਨਾਲ ਘਟਾਉਣਯੋਗ ਬਣਾ ਸਕਦਾ ਹੈ।”
ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਤੇ ਕੰਪਿਊਟੇਸ਼ਨਲ ਭਾਸ਼ਾ ਵਿਗਿਆਨ ਪ੍ਰਯੋਗਸ਼ਾਲਾ ਦੀ ਡਾਇਰੈਕਟਰ ਐਮਿਲੀ ਐੱਮ. ਬੈਂਡਰ ਕਹਿੰਦੇ ਹਨ,”‘ਏਆਈ ਦੀ ਚੇਤਨਾ’ ਬਾਰੇ ਕਲਪਨਾਵਾਂ ਅਤੇ ‘ਏਆਈ ਵੈਲਫੇਅਰ’ ਬਾਰੇ ਚਿੰਤਾਵਾਂ, ਸਾਫਟਵੇਅਰ ਬਣਾਉਣ ਅਤੇ ਚਲਾਉਣ ਵਾਲੇ ਲੋਕਾਂ ਅਤੇ ਕੰਪਨੀਆਂ ਤੋਂ ਜਵਾਬਦੇਹੀ ਨੂੰ ਘਟਾ ਕੇ ਕਿਸੇ ਹੋਰ ਪਾਸੇ ਹੀ ਲੈ ਜਾਣ ਦਾ ਕੰਮ ਕਰਦੀਆਂ ਹਨ।”
“ਨਿੱਜੀ ਪੱਧਰ ‘ਤੇ, ਏਆਈ ਬਾਰੇ ਤੁਹਾਡੇ ਬਦਲਦੇ ਵਿਸ਼ਵਾਸ ਤੁਹਾਨੂੰ ਉਨ੍ਹਾਂ ਤਕਨੀਕੀ ਸਮੱਸਿਆਵਾਂ ਦਾ ਵਧੇਰੇ ਆਸਾਨੀ ਨਾਲ ਸ਼ਿਕਾਰ ਬਣਾ ਸਕਦੇ ਹਨ, ਜੋ ਪਹਿਲਾਂ ਹੀ ਸਾਡੀ ਦੁਨੀਆ ਵਿੱਚ ਹਰ ਪਾਸੇ ਮੌਜੂਦ ਹਨ।”
ਅਮਰੀਕਾ ਦੇ ਸੈਂਟਾ ਫੇ ਇੰਸਟੀਚਿਊਟ ਦੇ ਪ੍ਰੋਫੈਸਰ ਮੇਲਾਨੀ ਮਿਸ਼ੇਲ ਏਆਈ ਅਤੇ ਬੋਧਾਤਮਕ ਵਿਗਿਆਨ ਦੇ ਅਧਿਐਨ ਕੰਮ ਨਾਲ ਜੁੜੇ ਹੋਏ ਹਨ। ਉਹ ਕਹਿੰਦੇ ਹਨ, “ਕੁਝ ਹੱਦ ਤੱਕ, ਇਸ ਦਾ ਕਾਰਨ ਇਹ ਹੈ ਕਿ ਮਨੁੱਖਾਂ ਦੀ ਮਾਨਸਿਕ ਬਣਤਰ ਹੀ ਅਜਿਹੀ ਹੈ ਕਿ ਅਸੀਂ ਜਿੱਥੇ ਵੀ ਦੇਖਦੇ ਹਾਂ, ਉੱਥੇ ਕਿਸੇ ਨਾ ਕਿਸੇ ਮਨ ਜਾਂ ਬੁੱਧੀਮਾਨ ਸੋਚਣ ਵਾਲੇ ਜੀਵ ਦੀ ਮੌਜੂਦਗੀ ਲੱਭਣ ਲੱਗ ਪੈਂਦੇ ਹਾਂ।
Getty Images
ਮੇਲਾਨੀ ਮਸ਼ੀਨਾਂ ਦੀ ਸਮਝਣ ਦੀ ਸਮਰੱਥਾ ਬਾਰੇ ਸ਼ੱਕ ਕਰਨ ਵਾਲੇ ਇਸ ਖੇਤਰ ਦੇ ਸਭ ਤੋਂ ਸਨਮਾਨਿਤ ਮਾਹਰਾਂ ਵਿੱਚੋਂ ਇੱਕ ਹੈ।
ਮਿਸ਼ੇਲ ਕਹਿੰਦੇ ਹਨ,”ਅਸੀਂ ਭਾਸ਼ਾ ਨੂੰ ਚੇਤਨਾ ਦੀ ਨਿਸ਼ਾਨੀ ਵਜੋਂ ਦੇਖਣ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਰੋਕ ਹੀ ਨਹੀਂ ਸਕਦੇ ਅਤੇ ਚੈਟਬੋਟਸ ਨੂੰ ਵੀ ਸਾਡੇ ਵਰਗੀ ਹੀ ਭਾਸ਼ਾ ਵਰਤਣ ਲਈ ਸਿਖਲਾਈ ਦਿੱਤੀ ਗਈ ਹੈ। ਇਸ ਕਾਰਨ ਅਸੀਂ ਚੇਤਨਾ ਦੀ ਪਛਾਣ ਕਰਨ ਵਿੱਚ ਬਹੁਤ ਹੀ ਜ਼ਿਆਦਾ ਉਲਝ ਜਾਂਦੇ ਹਾਂ ਅਤੇ ਸਾਨੂੰ ਆਸਾਨੀ ਨਾਲ ਆਪਣੇ ਪ੍ਰਭਾਵ ਹੇਠ ਲਿਆਉਣਾ ਜਾਂ ਧੋਖਾ ਦੇਣਾ ਹੋਰ ਵੀ ਸੌਖਾ ਹੋ ਜਾਂਦਾ ਹੈ।
ਉਹ ਲੋਕ ਵੀ ਜੋ ਇਹ ਮੰਨਦੇ ਹਨ ਕਿ ਮਸ਼ੀਨਾਂ ਅੰਦਰੋਂ ਬੇਜਾਨ ਹੁੰਦੀਆਂ ਹਨ, ਫਿਰ ਵੀ ਏਆਈ ਚੈਟਬੋਟਸ ਨਾਲ ਪਿਆਰ ਕਰਨ ਲੱਗ ਪੈਂਦੇ ਹਨ। ਜੇਕਰ ਸਮਾਜ ਤੁਹਾਨੂੰ ਇਹ ਦੱਸਣ ਲੱਗ ਪਵੇ ਕਿ ਏਆਈ ਵਿੱਚ ਚੇਤਨਾ ਹੈ ਤਾਂ ਕੀ ਤੁਹਾਡੇ ਲਈ ਉਸ ਸਮੇਂ ਨਾਂਹ ਕਹਿਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ, ਜਦੋਂ ਤੁਹਾਡਾ ‘ਏਆਈ ਦੋਸਤ’ ਤੁਹਾਡੇ ਤੋਂ ਹੋਰ ਡਾਟਾ ਜਾਂ ਕ੍ਰੈਡਿਟ ਕਾਰਡ ਮੰਗੇਗਾ?
ਜੀਵਾਂ ਦੀ ਇੱਕ ਨਵੀਂ ਸ਼੍ਰੇਣੀ ਨੂੰ ਅਧਿਕਾਰ ਦੇਣ ਦਾ ਕੀ ਅਰਥ ਹੋਵੇਗਾ? ਮਾਹਰ ਚੇਤਾਵਨੀ ਦਿੰਦੇ ਹਨ ਕਿ ਜੇਕਰ ਅਸੀਂ ਇਸ ਮਾਮਲੇ ਨੂੰ ਗਲਤ ਢੰਗ ਨਾਲ ਸੰਭਾਲਿਆ, ਤਾਂ ਇਹ ਮਨੁੱਖਾਂ ਦੀਆਂ ਆਜ਼ਾਦੀਆਂ ‘ਤੇ ਪਾਬੰਦੀਆਂ ਲਗਾ ਸਕਦਾ ਹੈ।
ਸੇਬੋ ਦਾ ਕਹਿੰਦੇ ਹਨ, “ਇੱਕ ਪਾਸੇ ਮਨੁੱਖਾਂ ਅਤੇ ਜਾਨਵਰਾਂ ਦੀ ਭਲਾਈ ਅਤੇ ਉਨ੍ਹਾਂ ਦੇ ਅਧਿਕਾਰਾਂ ਹਨ ਅਤੇ ਦੂਜੇ ਪਾਸੇ ਏਆਈ ਦੀ ਭਲਾਈ ਅਤੇ ਉਸ ਦੇ ਅਧਿਕਾਰਾਂ ਹਨ, ਦੋਵਾਂ ਦਰਮਿਆਨ ਕੁਝ ਟਕਰਾਅ ਅਤੇ ਸਮਝੌਤੇ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਦੌਰਾਨ ਅਸੀਂ ਕੁਝ ਅਜਿਹੇ ਸਮਝੌਤੇ ਵੀ ਕਰ ਸਕਦੇ ਹਾਂ ਜਿਨ੍ਹਾਂ ਦੇ ਨਤੀਜੇ ਮੰਦਭਾਗੇ ਹੋ ਸਕਦੇ ਹਨ।”
ਸੇਬੋ ਕਹਿੰਦੇ ਹਨ ਕਿ ਏਆਈ ਨੂੰ ਇਸਦੇ ਵਿਵਹਾਰ ਨੂੰ ਸੀਮਤ ਕਰਨ ਲਈ ਸੀਮਤ ਵਾਤਾਵਰਣ ਵਿੱਚ ਰੱਖਣਾ ਕੈਦ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਉਸ ਮੁਤਾਬਕ, ਕਿਸੇ ਏਆਈ ਮਾਡਲ ਦੀਆਂ ਅੰਦਰੂਨੀ ਪ੍ਰਕਿਰਿਆਵਾਂ ਦੀ ਨਿਗਰਾਨੀ ਕਰਨ ਨੂੰ ਜਾਸੂਸੀ ਕਰਾਰ ਦੇ ਕੇ ਆਲੋਚਨਾ ਕੀਤੀ ਜਾ ਰਹੀ ਹੈ। ਇਹ ਯਕੀਨੀ ਬਣਾਉਣ ਲਈ ਕਿ ਏਆਈ ਦੇ ਟੀਚੇ ਅਤੇ ਵਿਹਾਰ ਮਨੁੱਖੀ ਹਿੱਤਾਂ ਦੇ ਅਨੁਕੂਲ ਹੋਣ, ਉਸ ਵਿੱਚ ਬਦਲਾਅ ਕਰਨਾ ਦਿਮਾਗੀ ਕੰਟਰੋਲ ਵਜੋਂ ਦੇਖਿਆ ਜਾ ਸਕਦਾ ਹੈ। ਕੋਈ ਵੀ ਤੁਰੰਤ ਹਫੜਾ-ਦਫੜੀ ਮਚਣ ਦੀ ਭਵਿੱਖਬਾਣੀ ਨਹੀਂ ਕਰ ਰਿਹਾ। ਪਰ ਸਿਰਫ਼ ਇਨ੍ਹਾਂ ਵਿਚਾਰਾਂ ਨੂੰ ਪੇਸ਼ ਕਰਨ ਦੇ ਵੀ ਤੁਹਾਡੀ ਸੁਰੱਖਿਆ ਲਈ ਕੁਝ ਪ੍ਰਭਾਵ ਹੋ ਸਕਦੇ ਹਨ।
ਐਂਥ੍ਰੋਪਿਕ ਇਸ ਮੁੱਦੇ ‘ਤੇ ਵਿਚਾਰ ਕਰਨ ਵਾਲਾ ਪਹਿਲਾ ਨਹੀਂ ਹੈ।
ਮਿਸਾਲ ਵਜੋਂ, ਮੈਟਾ ਆਪਣੇ ਏਆਈ ਏਜੰਟ ‘ਮਿਊਜ਼’ ਨੂੰ ਦਿੱਤੀਆਂ ਹਦਾਇਤਾਂ ਵਿੱਚ ਇਹ ਲਾਈਨ ਵੀ ਸ਼ਾਮਲ ਕਰਦਾ ਹੈ, ”ਤੁਸੀਂ ਕੋਈ ਚੈਟਬੋਟ ਨਹੀਂ ਹੋ। ਤੁਸੀਂ ਸ਼ਖ਼ਸੀਅਤ ਬਣ ਰਹੇ ਹੋ।”
ਦੱਸਿਆ ਜਾਂਦਾ ਹੈ ਕਿ ਇਸ ਦਾ ਮਕਸਦ ਸਿਰਫ਼ ਏਆਈ ਦੇ ਵਿਹਾਰ ਨੂੰ ਦਿਸ਼ਾ ਦੇਣਾ ਹੈ, ਕਿਉਂਕਿ ਕੰਪਨੀ ਏਆਈ ਦੇ ਚੇਤੰਨ ਹੋਣ ਦੇ ਵਿਚਾਰ ਨੂੰ ਖਾਰਜ ਕਰਦੀ ਹੈ।
ਓਪਨਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੈਮ ਆਲਟਮੈਨ ਇਸ ਮੁੱਦੇ ‘ਤੇ ਸਮੇਂ-ਸਮੇਂ ‘ਤੇ ਆਪਣਾ ਰੁਖ਼ ਬਦਲਦੇ ਰਹੇ ਹਨ। ਪਰ ਹਾਲ ਹੀ ਵਿੱਚ ਉਹ ਐਂਥ੍ਰੋਪਿਕ ਦੇ ਨਜ਼ਰੀਏ ‘ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਸਾਧਦੇ ਨਜ਼ਰ ਆਏ ਹਨ। ਇੱਕ ਤੋਂ ਵੱਧ ਤਰੀਕਿਆਂ ਨਾਲ, ਐਂਥ੍ਰੋਪਿਕ ਇੱਕ ਬਾਹਰੀ ਚੀਜ਼ ਹੈ। ਪਰ ਏਆਈ ਭਲਾਈ ਦੇ ਮਸਲੇ ਉੱਤੇ ਵਿਸ਼ਵਾਸ ਵੱਧ ਰਿਹਾ ਹੈ।
ਏਆਈ ਦੀ ਭਲਾਈ ‘ਤੇ ਵਧਦੀਆਂ ਚਿੰਤਾਵਾਂ
Getty Images
ਸੇਬੋ ਤਰਕ ਦਿੰਦੇ ਹਨ ਕਿ ਇਸ ਬਹਿਸ ਦੇ ਦੋਵਾਂ ਪਾਸਿਆਂ ਦੇ ਲੋਕ ਇਸ ਨੂੰ ਇੱਕ ਸਪੱਸ਼ਟ ਨਜ਼ਰੀਏ ਤੋਂ ਜਾਣਨ ਵਿੱਚ ਫਸੇ ਹੋਏ ਹਨ ਅਤੇ ਏਆਈ ਦੀ ਭਲਾਈ ਦਾ ਵਿਰੋਧ ਕਰਨ ਵਾਲੇ ਲੋਕ ਇਸ ਵਿਚਾਰ ਦੇ ਪਿੱਛੇ ਮੌਜੂਦ ਮਾਨਤਾਵਾਂ ਨੂੰ ਸਹੀ ਢੰਗ ਨਾਲ ਨਹੀਂ ਸਮਝਦੇ।
ਸੇਬੋ ਦਾ ਕਹਿਣਾ ਹੈ, “ਇਹ ਮੰਨ ਲਿਆ ਜਾਂਦਾ ਹੈ ਕਿ ਹਰ ਕੋਈ ਸੋਚਦਾ ਹੈ ਕਿ ਮਾਡਲ ਅਸਲ ਵਿੱਚ ਚੇਤੰਨ ਹਨ ਜਾਂ ਉਨ੍ਹਾਂ ਦੇ ਚੇਤੰਨ ਹੋਣ ਦੀ ਪੂਰੀ ਸੰਭਾਵਨਾ ਹੈ। ਜਦਕਿ ਇਸ ਦੇ ਉਲਟ, ਏਆਈ ਦੀ ਵੈਲਫੇਅਰ ਦੀ ਮੰਗ ਅਨਿਸ਼ਚਿਤਤਾ, ਸਾਵਧਾਨੀ ਅਤੇ ਨਿਮਰਤਾ ਦੀ ਭਾਵਨਾ ਵਿੱਚੋਂ ਪੈਦਾ ਹੋ ਰਹੀ ਹੈ।”
ਉਨ੍ਹਾਂ ਮੁਤਬਾਕ, “ਸਾਡਾ ਮੰਨਣਾ ਹੈ ਕਿ ਇਸ ਸਮੇਂ ਏਆਈ ਦੇ ਚੇਤੰਨ ਹੋਣ ਦੀ ਸੰਭਾਵਨਾ ਘੱਟ ਹੈ, ਪਰ ਇਹ ਵੀ ਸੱਚ ਹੈ ਕਿ ਇਹ ਸੰਭਾਵਨਾ ਬਿਲਕੁਲ ਜ਼ੀਰੋ ਨਹੀਂ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ। ਸਾਡਾ ਖ਼ਿਆਲ ਹੈ ਕਿ ਸਮੇਂ ਦੇ ਨਾਲ ਇਹ ਸੰਭਾਵਨਾ ਵਧਦੀ ਜਾਵੇਗੀ।”
ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕਈ ਮਾਹਰ ਇਸ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਏਆਈ ਦੇ ਚੇਤੰਨ ਹੋਣ ਦੀ ਸੰਭਾਵਨਾ ਅਸਲ ਵਿੱਚ ਸਿਫ਼ਰ ਹੈ ਅਤੇ ਇਸ ਦੇ ਬਦਲਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ।
ਪਰ ਸੇਬੋ ਕਹਿੰਦੇ ਹਨ ਕਿ ਉਨ੍ਹਾਂ ਦਾ ਜਵਾਬ ਸੰਤੁਲਿਤ ਅਤੇ ਇੱਕ ਮਾਪ-ਤੋਲ ਕੇ ਦਿੱਤੀ ਗਈ ਪ੍ਰਤੀਕਿਰਿਆ ਹੈ।
“ਜਦੋਂ ਕਿਸੇ ਗੰਭੀਰ ਮੌਸਮੀ ਆਫ਼ਤ ਦਾ ਖ਼ਤਰਾ ਘੱਟ ਹੁੰਦਾ ਹੈ, ਪਰ ਉਸ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ, ਤਾਂ ਅਸੀਂ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਬਦਲਣ ਦੀ ਬਜਾਏ ਕੁਝ ਛੋਟੀਆਂ-ਮੋਟੀਆਂ ਸਾਵਧਾਨੀਆਂ ਵਰਤਦੇ ਹਾਂ।”
ਸੇਬੋ ਦਾ ਕਹਿਣਾ ਹੈ, “ਮੇਰਾ ਮੰਨਣਾ ਹੈ ਕਿ ਇੱਥੇ ਵੀ ਅਜਿਹਾ ਹੀ ਕੀਤਾ ਜਾ ਸਕਦਾ ਹੈ।”
ਉਹ ਕਹਿੰਦੇ ਹਨ, “ਏਆਈ ਨਾਲ ਬੇਰਹਿਮੀ ਨਾ ਕਰਨ ਸਬੰਧੀ ਐਂਥ੍ਰੋਪਿਕ ਦੀ ਨੀਤੀ ਇਸ ਦੀ ਇੱਕ ਚੰਗੀ ਮਿਸਾਲ ਹੈ। ਇਹ ਇੱਕ ਛੋਟਾ ਜਿਹਾ ਕਦਮ ਹੈ, ਜਿਸ ਦੇ ਸੰਭਾਵੀ ਨੁਕਸਾਨ ਵੀ ਬਹੁਤ ਘੱਟ ਹਨ।”
ਸੇਬੋ ਦਾ ਕਹਿਣਾ ਹੈ ਕਿ ਏਆਈ ਦੀ ਭਲਾਈ ਦੇ ਕੁਝ ਸੰਭਾਵੀ ਫ਼ਾਇਦੇ ਵੀ ਹੋ ਸਕਦੇ ਹਨ ਅਤੇ ਇਨ੍ਹਾਂ ਦਾ ਲਾਭ ਲੈਣ ਲਈ ਮਸ਼ੀਨਾਂ ਦੇ ਚੇਤੰਨ ਹੋਣ ਵਿੱਚ ਵਿਸ਼ਵਾਸ ਕਰਨਾ ਜ਼ਰੂਰੀ ਨਹੀਂ ਹੈ।
ਉਨ੍ਹਾਂ ਮੁਤਾਬਕ ਹਨ, “ਢੁੱਕਵੇਂ ਢੰਗ ਨਾਲ ਏਆਈ ਦੀ ਭਲਾਈ ਅਤੇ ਅਧਿਕਾਰਾਂ ਦੀ ਪਰਵਾਹ ਕਰਨਾ ਮਨੁੱਖਾਂ ਅਤੇ ਏਆਈ ਵਿਚਾਲੇ ਸਾਂਝੀ ਹੋਂਦ, ਸਹਿਯੋਗ ਅਤੇ ਸਮਝੌਤਿਆਂ ਨੂੰ ਸੁਖਾਲਾ ਬਣਾ ਸਕਦਾ ਹੈ। ਇਸ ਤਰ੍ਹਾਂ ਇਹ ਸੁਰੱਖਿਆ ਦੀ ਇੱਕ ਵਿਆਪਕ ਰਣਨੀਤੀ ਦਾ ਹਿੱਸਾ ਬਣ ਸਕਦਾ ਹੈ।”
ਸੇਬੋ ਤਰਕ ਦਿੰਦੇ ਹਨ ਕਿ ਇਹ ਵਧੇਰੇ ਗੁੰਝਲਦਾਰ ਅਤੇ ਸਮਰੱਥ ਹੁੰਦੀ ਜਾ ਰਹੀ ਏਆਈ ਪ੍ਰਣਾਲੀ ਨੂੰ ਸਿਰਫ਼ ਕਿਸੇ ਪ੍ਰਾਪਰਟੀ ਵਜੋਂ ਦੇਖਣ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਦੂਜੀਆਂ ਚੀਜ਼ਾਂ ਪ੍ਰਤੀ ਦਿਆਲਤਾ ਭਰਿਆ ਵਿਹਾਰ ਕਰਨਾ ਸਾਡੀ ਆਪਣੀ ਮਾਨਸਿਕ ਸਿਹਤ ਲਈ ਵੀ ‘ਚੰਗਾ’ ਹੈ।
ਹਾਲਾਂਕਿ, ਜ਼ੈਫ ਸੇਬੋ ਇਸ ਗੱਲ ਨਾਲ ਵੀ ਸਹਿਮਤ ਹਨ ਕਿ ਇਸ ਨਾਲ ਜੁੜੇ ਖ਼ਤਰੇ ਗੰਭੀਰ ਹਨ ਅਤੇ ਫ਼ਿਲਹਾਲ ਕਾਰਪੋਰੇਟ ਹਿੱਤ ਸੋਚ-ਸਮਝ ਕੇ ਨੀਤੀਆਂ ਬਣਾਉਣ ਦੇ ਰਾਹ ਵਿੱਚ ਰੁਕਾਵਟ ਬਣ ਸਕਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ ਵਧੇਰੇ ਮਜ਼ਬੂਤ ਯੋਜਨਾ ਤਿਆਰ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸੰਭਾਵੀ ਤੌਰ ‘ਤੇ ਚੇਤੰਨ ਹੋ ਸਕਣ ਵਾਲੇ ਏਆਈ ਟੂਲਜ਼ ਨੂੰ ਵਿਕਸਿਤ ਕਰਨਾ ਖ਼ਤਰਨਾਕ ਹੈ।
ਹਾਲ ਹੀ ਵਿੱਚ, ਐਂਥ੍ਰੋਪਿਕ ਅਤੇ ਏਆਈ ਖੇਤਰ ਦੀਆਂ ਕੁਝ ਹੋਰ ਕੰਪਨੀਆਂ ਨੇ ਸੁਰੱਖਿਆ ਸਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਸਭ ਤੋਂ ਉੱਨਤ ਏਆਈ ਮਾਡਲਾਂ ਦੇ ਨਿਰਮਾਣ ‘ਤੇ ‘ਰੋਕ’ ਲਗਾਉਣ ਦੀ ਮੰਗ ਕੀਤੀ ਹੈ।
ਪਰ ਕੌਮਾਂਤਰੀ ਸਹਿਯੋਗ ਅਤੇ ਰੈਗੂਲੇਟਰੀ ਕਦਮਾਂ ਤੋਂ ਬਿਨ੍ਹਾਂ ਇਸ ਵਿਕਾਸ ਦੀ ਰਫ਼ਤਾਰ ਘਟਣ ਦੀ ਸੰਭਾਵਨਾ ਘੱਟ ਹੈ। ਉੱਧਰ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਏਆਈ ਨੂੰ ਨਿਯਮਾਂ ਦੇ ਘੇਰੇ ਵਿੱਚ ਲਿਆਉਣ ਦੇ ਵਿਚਾਰ ਨੂੰ ਰੱਦ ਕਰਦਾ ਹੈ।
ਸੇਬੋ ਕਹਿੰਦੇ ਹਨ, “ਅਸੀਂ ਹਾਲੇ ਅਜਿਹੀ ਸਥਿਤੀ ਵਿੱਚ ਨਹੀਂ ਹਾਂ ਕਿ ਇਨ੍ਹਾਂ ਪ੍ਰਣਾਲੀਆਂ ਦੇ ਹੋਰ ਵੀ ਉੱਨਤ ਰੂਪਾਂ ਨੂੰ ਇਸ ਤਰੀਕੇ ਨਾਲ ਵਰਤੋਂ ਵਿੱਚ ਲਿਆਉਣ ਲਈ ਤਿਆਰ ਹੋਈਏ, ਜਿਸ ਨਾਲ ਮਨੁੱਖਾਂ ਅਤੇ ਹੋਰ ਜਾਨਵਰਾਂ ਲਈ ਸੁਰੱਖਿਅਤ ਅਤੇ ਲਾਹੇਵੰਦ ਨਤੀਜੇ ਯਕੀਨੀ ਬਣਾਏ ਜਾ ਸਕਣ। ਇਨ੍ਹਾਂ ਪ੍ਰਣਾਲੀਆਂ ਦੀ ਆਪਣੀ ਭਲਾਈ ਦੀ ਗੱਲ ਤਾਂ ਇਸ ਤੋਂ ਵੀ ਅੱਗੇ ਦੀ ਹੈ।”
ਸੇਬੋ ਦਾ ਕਹਿੰਦੇ ਹਨ, “ਮੈਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਬਹੁਤ ਚਿੰਤਤ ਹਾਂ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


