Source :- BBC PUNJABI
Getty Images
ਬੀਬੀਸੀ ਵੈਰਫਾਈ ਨੇ ਦਿੱਲੀ ਵਿੱਚ ਦੀਵਾਲੀ ਦੌਰਾਨ ਹਵਾ ਪ੍ਰਦੂਸ਼ਣ ਦੇ ਅੰਕੜੇ ਦਿਖਾਉਣ ਵਾਲੇ ਭਾਰਤ ਸਰਕਾਰ ਦੇ ਦੋ ਡੇਟਾਸੈੱਟ ਵਿੱਚ ਕਾਫ਼ੀ ਫਰਕ ਦੇਖਿਆ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸਰਕਾਰੀ ਅੰਕੜਿਆਂ ਵਿੱਚ ਪ੍ਰਦੂਸ਼ਣ ਦੀ ਪੂਰੀ ਤਸਵੀਰ ਸਾਹਮਣੇ ਨਹੀਂ ਆਈ ਹੋਵੇਗੀ।
8 ਨਵੰਬਰ ਨੂੰ ਦੀਵਾਲੀ ਮਨਾਉਣ ਲਈ ਦਿੱਲੀ ਦਾ ਆਸਮਾਨ ਆਤਿਸ਼ਬਾਜ਼ੀ ਨਾਲ ਜਗਮਗਾ ਉੱਠਿਆ। ਇਸ ਦੌਰਾਨ ਕੁਝ ਮਾਨਿਟਰਿੰਗ ਸਟੇਸ਼ਨਾਂ ਨੇ ਪੀਐਮ 2.5 ਦਾ ਪੱਧਰ ਬਹੁਤ ਜ਼ਿਆਦਾ ਦਰਜ ਕੀਤਾ। ਪੀਐਮ 2.5 ਹਵਾ ਵਿੱਚ ਮੌਜੂਦ ਬੇਹਦ ਛੋਟੇ ਕਣ ਹੁੰਦੇ ਹਨ। ਇਹ ਲੋਕਾਂ ਦੇ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਸਿਹਤ ਨਾਲ ਜੁੜੀਆਂ ਦੂਜੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
ਪਰ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਅੰਕੜਿਆਂ ਨਾਲ ਤੁਲਨਾ ਕਰਨ ‘ਤੇ ਪਤਾ ਲੱਗਿਆ ਕਿ ਹਰ ਘੰਟੇ ਦਰਜ ਕੀਤੇ ਗਏ ਪੀਐਮ 2.5 ਦੇ 1000 ਮਾਇਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਵੱਧ ਦੇ ਸਾਰੇ ਅੰਕੜੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਆਪਕ ਤੌਰ ‘ਤੇ ਵਰਤੇ ਜਾਣ ਵਾਲੇ ਏਅਰ ਕੁਆਲਟੀ ਇੰਡੈਕਸ ਵਿੱਚ ਸ਼ਾਮਲ ਨਹੀਂ ਸਨ।
ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਇੱਥੇ ਅਕਸਰ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ਤੱਕ ਖ਼ਰਾਬ ਰਹਿੰਦੀ ਹੈ।
ਇਸ ਲਈ ਇਹ ਬੇਹਦ ਜ਼ਰੂਰੀ ਹੈ ਕਿ ਦਿੱਲੀ ਵਿੱਚ ਰਹਿਣ ਵਾਲੇ ਲੋਕ ਸਰਕਾਰੀ ਅੰਕੜਿਆਂ ‘ਤੇ ਭਰੋਸਾ ਕਰ ਸਕਣ।
ਪ੍ਰਦੂਸ਼ਣ ਦਾ ਇਕਲੌਤਾ ਕਾਰਨ ਪਟਾਕੇ ਨਹੀਂ ਹਨ। ਇਸ ਲਈ ਗੱਡੀਆਂ ਤੋਂ ਨਿਕਲਣ ਵਾਲਾ ਧੂੰਆਂ, ਨਿਰਮਾਣ ਕਾਰਜਾਂ ਤੋਂ ਉੱਡਣ ਵਾਲੀ ਧੂੜ, ਖੇਤਾਂ ਵਿੱਚ ਪਰਾਲੀ ਸਾੜਨਾ ਅਤੇ ਵਾਯੂ ਮੰਡਲ ਦੀਆਂ ਸਥਿਤੀਆਂ ਜਿਹੇ ਕਈ ਕਾਰਨ ਵੀ ਜ਼ਿੰਮੇਵਾਰ ਹਨ। ਪਰ ਪਟਾਕੇ ਹਵਾ ਦੇ ਗੁਣਵੱਤਾ ਨੂੰ ਹੋਰ ਖ਼ਰਾਬ ਕਰ ਸਕਦੇ ਹਨ। ਖਾਸ ਕਰਕੇ ਸਰਦੀਆਂ ਵਿੱਚ।
ਸੀਪੀਸੀਬੀ, ਜਿਸ ਦੇ ਅੰਕੜੇ ਭਾਰਤੀ ਮੀਡੀਆ ਆਮ ਤੌਰ ‘ਤੇ ਵਰਤਦਾ ਹੈ, ਨੇ ਇੱਕ ਬਿਆਨ ਜਾਰੀ ਕੀਤਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ 1000 ਮਾਇਕ੍ਰੋਗ੍ਰਾਮ ਤੋਂ ਜ਼ਿਆਦਾ ਦੀ ਰੀਡਿੰਗ ਨੂੰ ਉਸ ਦੇ ਉਪਕਰਨਾਂ ਦੀ ਮਾਪ ਸੀਮਾ ਤੋਂ ਬਾਹਰ ਮੰਨਿਆ ਜਾਂਦਾ ਹੈ। ਇਨ੍ਹਾਂ ਉਪਕਰਨਾਂ ਨੂੰ ਇੱਕ ਤੈਅ ਸੀਮਾ ਤੱਕ ਪ੍ਰਦੂਸ਼ਣ ਮਾਪਣ ਲਈ ਤਿਆਰ ਕੀਤਾ ਗਿਆ ਹੈ। ਇਸ ਲਈ ਅਜਿਹੇ ਅੰਕੜਿਆਂ ਨੂੰ ਗਣਨਾ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ।
ਬਿਆਨ ਵਿੱਚ ਅੱਗੇ ਕਿਹਾ ਗਿਆ, “ਦੀਵਾਲੀ ਮੌਕੇ ਪਟਾਕੇ ਚਲਾਉਣ ਜਿਹੀਆਂ ਕਦੇ ਕਦਾਈਂ ਹੋਣ ਵਾਲੀਆਂ ਬੇਹਦ ਖ਼ਰਾਬ ਸਥਿਤੀਆਂ ਵਿੱਚ ਸਬੰਧਤ ਮਾਨਿਟਰਿੰਗ ਸਟੇਸ਼ਨ ਦੇ ਅੰਕੜਿਆਂ ਵਿੱਚ ਇਹ ਫਰਕ ਦਿਖਾਈ ਦੇ ਸਕਦਾ ਹੈ। ਅਜਿਹੇ ਘੰਟਿਆਂ ਦੇ ਅੰਕੜੇ ਉਸ ਸਟੇਸ਼ਨ ਦੇ ਸਬੰਧਤ ਪ੍ਰਦੂਸ਼ਣ ਦੇ 24 ਘੰਟੇ ਦੇ ਔਸਤ ਵਿੱਚ ਸ਼ਾਮਲ ਨਹੀਂ ਹੁੰਦੇ।”
ਸ਼ੈਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਦੇ ਖੋਜਕਰਤਾ ਡਾ.ਮਨੋਜ ਕੁਮਾਰ ਨੇ ਬੀਬੀਸੀ ਵੈਰੀਫਾਈ ਨੂੰ ਦੱਸਿਆ ਕਿ ਪ੍ਰਦੂਸ਼ਣ ਦੇ ਜ਼ਿਆਦਾ ਪੱਧਰ ਵਾਲੀ ਰੀਡਿੰਗ ਨੂੰ ਹਟਾਉਣ ਨਾਲ ਪ੍ਰਦੂਸ਼ਣ ਦੀ ਅਸਲ ਸਥਿਤੀ ਗਲਤ ਤਰੀਕੇ ਨਾਲ ਸਾਹਮਣੇ ਆ ਸਕਦੀ ਹੈ।
ਇਸ ਨਾਲ ਲੋਕਾਂ ਦਾ ਸਰਕਾਰੀ ਅੰਕੜਿਆਂ ‘ਤੇ ਭਰੋਸਾ ਘੱਟ ਹੋ ਸਕਦਾ ਹੈ।
ਸਾਡੇ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਦੀਵਾਲੀ ਦੀ ਰਾਤ ਦੇ 24 ਘੰਟਿਆਂ ਦੌਰਾਨ ਉਨ੍ਹਾਂ ਹੀ 30 ਮਾਨਿਟਰਿੰਗ ਸਟੇਸ਼ਨਾਂ ਤੋਂ ਸੀਪੀਸੀਬੀ ਦੇ ਉਪਲਬਧ ਅੰਕੜਿਆਂ ਦਾ ਔਸਤ 240 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ।
ਇਹ ਡੀਪੀਸੀਸੀ ਦੇ ਅੰਕੜਿਆਂ ਵਿੱਚ ਦਰਜ 551 ਦੇ ਔਸਤ ਤੋਂ ਅੱਧੇ ਤੋਂ ਵੀ ਘੱਟ ਸੀ।
ਪ੍ਰਦੂਸ਼ਣ ਦੇ ਅੰਕੜੇ ਕੀ ਦੱਸਦੇ ਹਨ?
Reuters
ਐਤਵਾਰ ਤੋਂ ਸੋਮਵਾਰ ਵਿੱਚ ਦੀਵਾਲੀ ਦੀ ਰਾਤ, ਜਸ਼ਨ ਆਪਣੇ ਸਿਖਰ ‘ਤੇ ਪਹੁੰਚਣ ਦੇ ਨਾਲ ਹੀ ਦਿੱਲੀ ਵਿੱਚ ਪਹਿਲਾਂ ਤੋਂ ਹੀ ਖ਼ਰਾਬ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧ ਗਿਆ।
ਬੀਬੀਸੀ ਵੈਰੀਫਾਈ ਨੇ ਡੀਪੀਸੀਸੀ ਦੇ ਅੰਕੜਿਆਂ ਦੀ ਜਾਂਚ ਕੀਤੀ। ਇਸ ਵਿੱਚ ਪਤਾ ਲੱਗਿਆ ਕਿ ਪ੍ਰਦੂਸ਼ਣ ਮਾਪਣ ਵਾਲੇ ਤਿੰਨ ਵੱਖ ਵੱਖ ਸਟੇਸ਼ਨਾਂ ‘ਤੇ ਪੀਐਮ 2.5 ਦਾ ਪ੍ਰਤੀ ਘੰਟੇ ਦਾ ਪੱਧਰ ਤਿੰਨ ਹਜ਼ਾਰ ਮਾਈਕ੍ਰੋਗ੍ਰਾਮ ਤੋਂ ਜ਼ਿਆਦਾ ਦਰਜ ਕੀਤਾ ਗਿਆ।
ਡਾ.ਕੁਮਾਰ ਨੇ ਕਿਹਾ ਕਿ ਬੇਹਦ ਜ਼ਿਆਦਾ ਮਾਤਰਾ ਵਿੱਚ ਮੌਜੂਦ ਪ੍ਰਦੂਸ਼ਣ ਦੇ ਕਣਾਂ ਦੇ ਸੰਪਰਕ ਵਿੱਚ ਥੋੜ੍ਹੇ ਸਮੇਂ ਤੱਕ ਰਹਿਣ ਨਾਲ ਵੀ ਸਿਹਤ ‘ਤੇ ਬੁਰਾ ਅਸਰ ਪੈ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਹਵਾ ਗੁਣਵੱਤਾ ਸਬੰਧੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਹਵਾ ਵਿੱਚ ਪੀਐਮ 2.5 ਦੀ ਸਲਾਨਾ ਔਸਤ ਮਾਤਰਾ ਪੰਜ ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
8 ਨਵੰਬਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 9 ਵਜੇ ਤੋਂ 9 ਨਵੰਬਰ ਸਵੇਰੇ 7 ਵਜੇ ਦੇ ਵਿਚਕਾਰ ਯਾਨਿ ਦੀਵਾਲੀ ਦੇ ਜਸ਼ਨ ਦੇ ਚਰਮ ਦੌਰਾਨ ਦਿੱਲੀ ਦੇ ਸੀਪੀਸੀਪੀ ਦੇ 59 ਸਟੇਸ਼ਨਾਂ ‘ਤੇ ਪੀਐਮ 2.5 ਦੀ ਪ੍ਰਤੀ ਘੰਟੇ ਦੀਆਂ 217 ਰੀਡਿੰਗਜ਼ ਉਪਲਬਧ ਨਹੀਂ ਸਨ।
ਇਸ ਦੌਰਾਨ ਸਿਰਫ਼ 16 ਸਟੇਸ਼ਨਾਂ ਨੇ ਪੂਰਾ ਡੇਟਾ ਦਰਜ ਕੀਤਾ ਜਦਕਿ 43 ਸਟੇਸ਼ਨਾਂ ‘ਤੇ ਘੱਟੋ ਘੱਟ ਇੱਕ ਰੀਡਿੰਗ ਗਾਇਬ ਸੀ।
ਡੀਪੀਸੀਸੀ ਦੇ ਤੀਹ ਮਾਨਿਟਰਿੰਗ ਸਟੇਸ਼ਨਾਂ ‘ਤੇ 1000 ਮਾਈਕ੍ਰੋਗ੍ਰਾਮ ਤੋਂ ਜ਼ਿਆਦਾ ਦੀਆਂ ਕੁੱਲ 116 ਰੀਡਿੰਗ ਦਰਜ ਕੀਤੀਆਂ ਗਈਆਂ। ਇਨ੍ਹਾਂ ਵਿੱਚ ਇੱਕ ਵੀ ਰੀਡਿੰਗ ਸੀਪੀਸੀਬੀ ਦੇ ਪ੍ਰਕਾਸ਼ਿਤ ਰਿਕਾਰਡ ਵਿੱਚ ਸ਼ਾਮਲ ਨਹੀਂ ਸੀ ਜਿਨ੍ਹਾਂ ਵਿੱਚ ਇਹ ਸਟੇਸ਼ਨ ਆਪਣਾ ਡੇਟਾ ਭੇਜਦੇ ਹਨ।
ਇਹ ਇਸ ਲਈ ਅਹਿਮ ਹੈ ਕਿਉਂਕਿ ਸੀਪੀਸੀਬੀ ਦੀ ਕਾਰਜ ਪ੍ਰਣਾਲੀ ਮੁਤਾਬਕ ਕਿਸੇ ਸਟੇਸ਼ਨ ‘ਤੇ ਰੋਜ਼ਾਨਾ ਦਾ ਔਸਤ ਕੱਢਣ ਲਈ ਪੀਐਮ 2.5 ਦੇ ਘੱਟੋ ਘੱਟ 16 ਘੰਟਿਆਂ ਦੇ ਪ੍ਰਮਾਣਿਤ ਮਾਪ ਹੋਣਾ ਜ਼ਰੂਰੀ ਹੈ।
ਇਸ ਲਈ ਜਿਹੜੇ ਸਟੇਸ਼ਨਾਂ ‘ਤੇ ਬਹੁਤ ਜ਼ਿਆਦਾ ਰੀਡਿੰਗ ਗਾਇਬ ਹੋਣ ਜਾਂ ਅਵੈਧ ਹੋਣ, ਉਹ ਪ੍ਰਦੂਸ਼ਣ ਦੇ ਅਧਿਕਾਰਕ ਅੰਕੜਿਆਂ ਦੀ ਗਣਨਾ ਵਿੱਚ ਸ਼ਾਮਲ ਨਹੀਂ ਹੋ ਸਕਣਗੇ।
ANI
ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ 8 ਅਤੇ 9 ਨਵੰਬਰ ਨੂੰ ਸ਼ਹਿਰ ਦੇ ਉੱਪਰ ਪ੍ਰਦੂਸ਼ਣ ਦੀ ਸੰਘਣੀ ਧੁੰਦ ਦਿਖਾਈ ਦਿੰਦੀ ਹੈ।
ਦੱਖਣੀ ਦਿੱਲੀ ਦੇ ਆਰਕੇ ਪੁਰਮ ਵਿੱਚ ਇੱਕ ਅਜਿਹਾ ਮਾਨਿਟਰਿੰਗ ਸਟੇਸ਼ਨ ਸੀ, ਜਿੱਥੇ ਕਈ ਘੰਟਿਆਂ ਦਾ ਡੇਟਾ ਉਪਲਬਧ ਨਹੀਂ ਸੀ। ਇੱਥੇ ਪ੍ਰਦੂਸ਼ਣ ਦਾ ਪੱਧਰ ਵਧ ਕੇ ਕਰੀਬ 2500 ਮਾਈਕ੍ਰੋਗ੍ਰਾਮ ਤੱਕ ਪਹੁੰਚ ਗਿਆ ਸੀ।
ਇਸ ਸਟੇਸ਼ਨ ‘ਤੇ ਪੀਐਮ 2.5 ਦੀ ਹਰ ਘੰਟੇ ਦੀ ਰੀਡਿੰਗ ਦੇ ਅਧਾਰ ‘ਤੇ ਬੀਬੀਸੀ ਵੈਰੀਫਾਈ ਨੇ ਅੱਠ ਨਵੰਬਰ ਨੂੰ ਸ਼ਾਮ ਪੰਜ ਵਜੇ ਦੇ ਬਾਅਦ ਦੇ 24 ਘੰਟਿਆਂ ਦਾ ਔਸਤ ਕੱਢਿਆ। ਇਹ ਕਰੀਬ 945 ਮਾਈਕ੍ਰੋਗ੍ਰਾਮ ਤੱਕ ਪਹੁੰਚ ਗਿਆ ਸੀ।
ਪਰ ਇਨ੍ਹਾਂ 24 ਘੰਟਿਆਂ ਵਿੱਚੋਂ 14 ਘੰਟਿਆਂ ਦੇ ਸੀਪੀਸੀਬੀ ਦੇ ਪ੍ਰਕਾਸ਼ਿਤ ਅੰਕੜਿਆਂ ਦਾ ਔਸਤ ਕੱਢਣ ‘ਤੇ ਇਹ ਪੱਧਰ ਕਾਫੀ ਘੱਟ ਯਾਨੀ 299 ਮਾਈਕ੍ਰੋਗ੍ਰਾਮ ਸੀ।
ਬਾਕੀ 10 ਘੰਟਿਆਂ ਦਾ ਡੇਟਾ ਉਪਲਬਧ ਨਹੀਂ ਸੀ। ਇਸ ਕਾਰਨ ਇਸ ਨੂੰ ਰੋਜ਼ਾਨਾ ਦੇ ਔਸਤ ਦੀ ਗਣਨਾ ਵਿੱਚ ਵੀ ਸ਼ਾਮਲ ਨਹੀਂ ਕੀਤਾ ਗਿਆ।
ਪੂਰੇ ਸ਼ਹਿਰ ਵਿੱਚ ਡੇਟਾ ਗਾਇਬ ਹੋਣ ਦਾ ਅਸਰ ਇਹ ਹੋਇਆ ਕਿ ਕੁਝ ਮਾਨਿਟਰਿੰਗ ਸਟੇਸ਼ਨਾਂ ‘ਤੇ ਰਾਤ ਵੇਲੇ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧਣ ਦੇ ਬਾਵਜੂਦ ਸੀਪੀਸੀਬੀ ਨੇ 9 ਨਵੰਬਰ ਨੂੰ ਸ਼ਾਮ 4 ਵਜੇ ਦਿੱਲੀ ਦਾ ਏਕਿਉਆਈ 344 ਦਰਜ ਕੀਤਾ। ਇਸ ਤੋਂ ਇੱਕ ਦਿਨ ਪਹਿਲਾਂ ਇਸੇ ਵੇਲੇ ਇਹ 376 ਸੀ।
ਲੰਡਨ ਦੀ ਸਿਟੀ ਸੇਂਟ ਬ੍ਰਜ ਯੂਨੀਵਰਸਿਟੀ ਦੀ ਵਾਤਾਵਰਣ ਮਹਾਮਾਰੀ ਮਾਹਰ ਡਾ.ਸਿਏਰਾ ਕਲਾਰਕ ਨੇ ਚੇਤਾਵਨੀ ਦਿੱਤੀ ਕਿ ਪ੍ਰਦੂਸ਼ਣ ਦੇ ਜ਼ਿਆਦਾ ਪੱਧਰ ਵਾਲੀ ਰੀਡਿੰਗ ਗਾਇਬ ਮੰਨਣ ਨਾਲ ਉਨ੍ਹਾਂ ਦਿਨ੍ਹਾਂ ਦੇ ਅੰਕੜੇ ਛੁੱਟ ਸਕਦੇ ਹਨ ਜੋ ਅਸਥਮਾ ਦੇ ਦੌਰੇ ਅਤੇ ਦਿਲ ਦੇ ਦੌਰੇ ਜਿਹੀਆਂ ਘੱਟ ਸਮੇਂ ਵਿੱਚ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਦਿੰਦੇ ਹਨ।
ਉਨ੍ਹਾਂ ਨੇ ਬੀਬੀਸੀ ਵੈਰੀਫਾਈ ਨੂੰ ਕਿਹਾ ਕਿ ਪਾਰਦਰਸ਼ਤਾ ਲਈ ਦਿੱਲੀ ਦੇ ਪ੍ਰਦੂਸ਼ਣ ਸਬੰਧੀ ਅੰਕੜਿਆਂ ਵਿੱਚ ਦੋ ਤਰ੍ਹਾਂ ਦੀਆਂ ਸਥਿਤੀਆਂ ਦਿਖਾਈਆਂ ਜਾ ਸਕਦੀਆਂ ਹਨ।
ਇੱਕ ਵਿੱਚ ਪ੍ਰਦੂਸ਼ਣ ਦੇ ਬੇਹਦ ਜ਼ਿਆਦਾ ਪੱਧਰ ਵਾਲੇ ਦਿਨਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਦੂਜੇ ਵਿੱਚ ਉਨ੍ਹਾਂ ਨੂੰ ਹਟਾ ਦਿੱਤਾ ਜਾਵੇ।
ਡਾ.ਕਲਾਰਕ ਨੇ ਅੱਗੇ ਕਿਹਾ, “ਦੂਜੀ ਸਥਿਤੀ ਤੋਂ ਪ੍ਰਦੂਸ਼ਣ ਦੇ ਆਮ ਪੱਧਰ ਦਾ ਪਤਾ ਲੱਗੇਗਾ। ਇਹ ਲੋਕਾਂ ਦੇ ਰੋਜ਼ਾਨਾ ਦੇ ਤਜਰਬੇ ਨੂੰ ਬਿਹਤਰ ਤਰੀਕੇ ਨਾਲ ਦਿਖਾਏਗੀ। ਪਰ ਉਨ੍ਹਾਂ ਕੁਝ ਦਿਨਾਂ ਦੇ ਅਸਰ ਅਤੇ ਪ੍ਰਦੂਸ਼ਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦਿਖਾਉਣਾ ਵੀ ਜ਼ਰੂਰੀ ਹੈ।”
ਦਿੱਲੀ ਵਿੱਚ ਪ੍ਰਦੂਸ਼ਣ ਸਿਰਫ਼ ਪੀਐਮ 2.5 ਤੱਕ ਸੀਮਤ ਨਹੀਂ ਹੈ। ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ 8 ਅਤੇ 9 ਨਵੰਬਰ ਨੂੰ ਸ਼ਹਿਰ ਦੇ ਉੱਪਰ ਪ੍ਰਦੂਸ਼ਣ ਦੀ ਸੰਘਣੀ ਧੁੰਦ ਦਿਖਾਈ ਦਿੰਦੀ ਹੈ।
ਪਰ ਜ਼ਮੀਨ ਦੀ ਬਜਾਏ ਵਾਯੂਮੰਡਲ ਵਿੱਚ ਨਾਈਟ੍ਰੋਜਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਅੱਗ ਦੀਆਂ ਗਤੀਵਿਧੀਆਂ ਨੂੰ ਮਾਪਣ ਵਾਲੇ ਸੈਟੇਲਾਈਟ ਅੰਕੜਿਆਂ ਵਿੱਚ ਅੱਠ ਨਵੰਬਰ ਨੂੰ ਵਾਧਾ ਦਰਜ ਕੀਤਾ ਗਿਆ।
ਹਾਲਾਂਕਿ, ਦੀਵਾਲੀ ਵਾਲੇ ਹਫਤੇ ਦਾ ਇਨ੍ਹਾਂ ਦਾ ਕੁੱਲ ਔਸਤ 2024 ਅਤੇ 2025 ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਨਹੀਂ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




