Source :- BBC PUNJABI
Reuters
ਚੇਤਾਵਨੀ: ਇਸ ਕਹਾਣੀ ਵਿੱਚ ਜਿਨਸੀ ਹਿੰਸਾ ਅਤੇ ਸ਼ੋਸ਼ਣ ਦੇ ਵੇਰਵੇ ਸ਼ਾਮਿਲ ਹਨ।
ਜਦੋਂ ਜੋਆਨ ਯੰਗ ਦੀ ਨੀਂਦ ਖੁੱਲ੍ਹੀ, ਤਾਂ ਉਹ ਆਪਣੇ ਬਿਸਤਰੇ ਨਾਲ ਬੰਨ੍ਹੇ ਹੋਏ ਸਨ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੇ ਬੇਹੋਸ਼ ਰਹਿਣ ਦੌਰਾਨ ਉਨ੍ਹਾਂ ਨਾਲ ਕਿੰਨੀਆਂ ਭਿਆਨਕ ਘਟਨਾਵਾਂ ਵਾਪਰੀਆਂ ਸਨ।
ਉਨ੍ਹਾਂ ਨੇ ਆਪਣੇ (ਉਸ ਵੇਲੇ ਦੇ) ਪਤੀ ਫਿਲਿਪ ਯੰਗ ਨੂੰ ਕਿਸੇ ਹੋਰ ਵਿਅਕਤੀ ਨੂੰ “ਹੇਠਾਂ ਉਤਰ ਜਾਓ” ਕਹਿੰਦੇ ਸੁਣਿਆ। ਯੰਗ ਨੂੰ ਤੁਰੰਤ ਸਮਝ ਆ ਗਿਆ ਕਿ ਬੈੱਡਰੂਮ ਵਿੱਚ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਵੀ ਮੌਜੂਦ ਸੀ।
ਜੋਆਨ ਨੂੰ ਇਸ ਗੱਲ ਦੀ ਬਿਲਕੁਲ ਵੀ ਭਿਣਕ ਨਹੀਂ ਸੀ ਕਿ ਯੰਗ ਨੇ ਆਨਲਾਈਨ ਇਸ਼ਤਿਹਾਰ ਦੇ ਕੇ ਹੋਰ ਮਰਦਾਂ ਨੂੰ ਉਨ੍ਹਾਂ ਨਾਲ ਜਿਨਸੀ ਸ਼ੋਸ਼ਣ ਕਰਨ ਲਈ ਸੱਦਿਆ ਸੀ। ਉਹ ਜੋਆਨ ਨੂੰ ਨਸ਼ੀਲੀ ਦਵਾਈ ਦੇ ਦਿੰਦਾ ਸੀ ਅਤੇ ਫਿਰ ਕਈ ਅਜਨਬੀਆਂ ਨੂੰ ਉਨ੍ਹਾਂ ਦੇ ਬੈੱਡਰੂਮ ਵਿੱਚ ਬੁਲਾ ਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਵਾਉਂਦਾ ਸੀ।
ਇਹ ਸਿਲਸਿਲਾ 13 ਸਾਲਾਂ ਤੱਕ ਚੱਲਦਾ ਰਿਹਾ।
ਵੀਰਵਾਰ ਨੂੰ ਚਾਰ ਮਰਦਾਂ ਨੂੰ ਜੋਆਨ ਨਾਲ ਬਲਾਤਕਾਰ ਅਤੇ ਕੁੱਟਮਾਰ ਸਮੇਤ ਕਈ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਗਿਆ। ਉਨ੍ਹਾਂ ਦੇ ਸਾਬਕਾ ਪਤੀ ਨੇ ਪਹਿਲਾਂ ਹੀ ਬਲਾਤਕਾਰ ਦੇ ਕਈ ਦੋਸ਼ਾਂ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਸੀ।
ਫਿਲਿਪ ਯੰਗ, ਜੋ ਇੱਕ ਸਾਬਕਾ ਕੰਜ਼ਰਵੇਟਿਵ ਕੌਂਸਲਰ ਹਨ, ਅਤੇ ਇੱਕ ਹੋਰ ਵਿਅਕਤੀ ਡੀਨ ਹੈਮਿਲਟਨ ਨੇ ਪਿਛਲੀ ਸੁਣਵਾਈ ਦੌਰਾਨ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਆਪਣੇ ਜੁਰਮ ਕਬੂਲ ਕਰ ਲਏ ਸਨ।
ਇਹ ਸਾਰੇ ਮਰਦ ਵੱਖ-ਵੱਖ ਪਿਛੋਕੜਾਂ ਤੋਂ ਸਨ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਰੱਖਿਆ ਮੰਤਰਾਲੇ ਦੇ ਪ੍ਰਮਾਣੂ ਰੱਖਿਆ ਪ੍ਰੋਜੈਕਟਾਂ ਵਿੱਚ ਕੰਮ ਕਰਦਾ ਸੀ, ਜਦਕਿ ਦੂਜਾ 1980 ਦੇ ਦਹਾਕੇ ਵਿੱਚ ਰੈੱਡ ਕਰਾਸ ਦੇ ਟਰੱਕ ਰੋਮਾਨੀਆ ਤੱਕ ਚਲਾਉਂਦਾ ਸੀ।
Swindon Advertiser
ਜੋਆਨ ਦਾ ਮਾਮਲਾ ਫਰਾਂਸ ਵਿੱਚ ਗਿਜ਼ੇਲ ਪੇਲੀਕੋ ਨਾਲ ਵਾਰ-ਵਾਰ ਹੋਏ ਬਲਾਤਕਾਰ ਦੀ ਘਟਨਾ ਨਾਲ ਕਾਫ਼ੀ ਮਿਲਦਾ-ਜੁਲਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਅਪਰਾਧ “ਬੇਹੱਦ ਬੇਰਹਿਮ ਅਤੇ ਅਪਮਾਨਜਨਕ” ਸੀ।
ਯੰਗ ਨੇ ਆਨਲਾਈਨ ਇਸ ਸ਼ੋਸ਼ਣ ਨੂੰ “ਕਕੋਲਡਿੰਗ” ਨਾਂ ਦੀ ਇੱਕ ਸਾਂਝੀ ਜਿਨਸੀ ਇੱਛਾ ਵਜੋਂ ਪੇਸ਼ ਕੀਤਾ ਸੀ। ਕ੍ਰੇਗਲਿਸਟ ਅਤੇ ਗ੍ਰਾਈਂਡਰ ਵਰਗੀਆਂ ਵੈੱਬਸਾਈਟਾਂ ‘ਤੇ ਪਾਏ ਗਏ ਇਸ਼ਤਿਹਾਰਾਂ ਵਿੱਚ ਜੋਆਨ ਦੀਆਂ ਅਜਿਹੀਆਂ ਤਸਵੀਰਾਂ ਸਨ, ਜਿਨ੍ਹਾਂ ਵਿੱਚ ਉਹ ਬੇਹੋਸ਼ ਹਾਲਤ ਵਿੱਚ ਬਿਸਤਰੇ ਨਾਲ ਬੰਨ੍ਹੇ ਹੋਏ ਦਿਖਾਈ ਦੇ ਰਹੇ ਸਨ।
ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀਪੀਐੱਸ) ਦੇ ਵਿਸ਼ੇਸ਼ ਸਰਕਾਰੀ ਵਕੀਲ ਜੇਮਜ਼ ਫੋਸਟਰ ਨੇ ਦੱਸਿਆ ਕਿ ਯੰਗ “ਜੋਆਨ ਨੂੰ ਨਸ਼ੀਲੀ ਦਵਾਈ ਦੇ ਦਿੰਦਾ ਸੀ ਤਾਂ ਜੋ ਉਹ ਖ਼ੁਦ ਉਸ ਦਾ ਜਿਨਸੀ ਸ਼ੋਸ਼ਣ ਕਰ ਸਕੇ, ਇਸ ਸ਼ੋਸ਼ਣ ਦਾ ਵੀਡੀਓ ਰਿਕਾਰਡ ਕਰ ਸਕੇ ਅਤੇ ਨਾਲ ਹੀ ਹੋਰ ਮਰਦਾਂ ਨੂੰ ਵੀ ਉੱਥੇ ਬੁਲਾ ਸਕੇ ਤਾਂ ਜੋ ਉਹ ਵੀ ਜੋਆਨ ਦਾ ਜਿਨਸੀ ਸ਼ੋਸ਼ਣ ਕਰ ਸਕਣ।”
ਇਸ਼ਤਿਹਾਰ ਦਾ ਜਵਾਬ ਦੇਣ ਵਾਲਿਆਂ ਵਿੱਚੋਂ ਇੱਕ 46 ਸਾਲਾ ਡੀਨ ਹੈਮਿਲਟਨ ਸੀ, ਜਿਸ ਨੇ 2015 ਵਿੱਚ ਜੋਆਨ ਨਾਲ ਬਲਾਤਕਾਰ ਕਰਨ ਅਤੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਗੱਲ ਕਬੂਲ ਕੀਤੀ ਸੀ।
Wiltshire Police
ਜੋਆਨ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਹੋਰ ਲੋਕਾਂ ਵਿੱਚ ਸ਼ਾਮਿਲ ਸਨ – 32 ਸਾਲਾ ਕੋਨਰ ਸੈਂਡਰਸਨ-ਡੋਇਲ, 62 ਸਾਲਾ ਰਿਚਰਡ ਵਿਲਕਿੰਸ, 48 ਸਾਲਾ ਨੌਰਮਨ ਮੈਕਸੋਨੀ ਅਤੇ 38 ਸਾਲਾ ਮੁਹੰਮਦ ਹਸਨ – ਇਹ ਉਹੀ ਵਿਅਕਤੀ ਸੀ, ਜਿਸ ਨੂੰ ਜੋਆਨ ਦੇ ਜਾਗਣ ‘ਤੇ ਯੰਗ ਨੇ “ਹੇਠਾਂ ਉਤਰਣ” ਲਈ ਕਿਹਾ ਸੀ।
ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਜੋਆਨ ਅਤੇ ਯੰਗ ਦੋਵਾਂ ਦੀ ਸਹਿਮਤੀ ਸੀ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਜੋਆਨ ਸੌਣ ਦਾ ਨਾਟਕ ਕਰ ਰਹੀ ਹੈ, ਜਦਕਿ ਅਸਲ ਵਿੱਚ ਉਸ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀ ਦਵਾਈ ਦਿੱਤੀ ਗਈ ਸੀ।
ਫੋਸਟਰ ਨੇ ਕਿਹਾ, “ਪਰ ਇਸ ਪੂਰੇ ਸ਼ੋਸ਼ਣ ਦੌਰਾਨ ਉਨ੍ਹਾਂ ਨੇ ਇੱਕ ਵਾਰ ਵੀ ਜੋਆਨ ਯੰਗ ਤੋਂ ਇਹ ਨਹੀਂ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ ਅਤੇ ਨਾ ਹੀ ਉਸ ਦੀ ਇੱਛਾ ਜਾਣਨ ਵਿੱਚ ਕੋਈ ਦਿਲਚਸਪੀ ਦਿਖਾਈ।”
ਕਾਨੂੰਨ ਮੁਤਾਬਕ, ਜਿਨਸੀ ਸਹਿਮਤੀ ਉਦੋਂ ਹੀ ਮੰਨੀ ਜਾ ਸਕਦੀ ਹੈ ਜਦੋਂ ਸਬੰਧਤ ਵਿਅਕਤੀ “ਆਪਣੀ ਮਰਜ਼ੀ ਨਾਲ ਸਹਿਮਤ ਹੋਵੇ… ਅਤੇ ਉਸ ਕੋਲ ਇਹ ਫ਼ੈਸਲਾ ਲੈਣ ਦੀ ਆਜ਼ਾਦੀ ਅਤੇ ਸਮਰੱਥਾ ਹੋਵੇ।”
ਜਾਂਚਕਰਤਾਵਾਂ ਨੂੰ ਇਹ ਪਤਾ ਲਗਾਉਣ ਲਈ ਕਿਹਾ ਗਿਆ ਹੈ ਕਿ “ਸ਼ਿਕਾਇਤਕਰਤਾ ਦੀ ਸਹਿਮਤੀ ਲੈਣ ਲਈ ਸ਼ੱਕੀ ਵਿਅਕਤੀ ਨੇ, ਜੇ ਕੋਈ ਕਦਮ ਚੁੱਕਿਆ ਹੈ, ਤਾਂ ਉਹ ਕੀ ਸੀ।”
Wiltshire Police
ਬ੍ਰਿਸਟਲ ਯੂਨੀਵਰਸਿਟੀ ਦੇ ਐਮਰੀਟਸ ਪ੍ਰੋਫੈਸਰ ਮੈਰੀਅਨ ਹੇਸਟਰ ਨੇ ਕਿਹਾ ਕਿ ਜੋਆਨ ਕੋਲ ਸਪਸ਼ਟ ਤੌਰ ‘ਤੇ ‘ਨਾਂਹ’ ਕਹਿਣ ਦੀ ਕੋਈ ਸਮਰੱਥਾ ਨਹੀਂ ਸੀ। ਉਨ੍ਹਾਂ ਅੱਗੇ ਕਿਹਾ ਕਿ “ਜੇ ਕੋਈ ਮਹਿਲਾ ਸੁੱਤੀ ਹੋਈ ਹੈ, ਤਾਂ ਉਹ ਸਹਿਮਤੀ ਨਹੀਂ ਦੇ ਸਕਦੀ।”
ਉਨ੍ਹਾਂ ਕਿਹਾ, “ਇਹ ਗੱਲ ਉਦੋਂ ਵੀ ਲਾਗੂ ਹੁੰਦੀ ਹੈ ਜਦੋਂ ਕੋਈ ਮਹਿਲਾ ਨਸ਼ੀਲੀ ਦਵਾਈ ਦੇ ਅਸਰ ਹੇਠ ਪੂਰੀ ਤਰ੍ਹਾਂ ਬੇਹੋਸ਼ ਹੋਵੇ। ਅਜਿਹੀ ਸਥਿਤੀ ਵਿੱਚ ਉਹ ਜਿਨਸੀ ਸਬੰਧ ਬਣਾਉਣ ਲਈ ਸਹਿਮਤੀ ਦੇਣ ਦਾ ਫ਼ੈਸਲਾ ਨਹੀਂ ਲੈ ਸਕਦੀ।”
ਹੇਸਟਰ ਨੇ ਕਈ ਸਾਲਾਂ ਤੱਕ ਲਿੰਗ-ਆਧਾਰਿਤ ਹਿੰਸਾ ਬਾਰੇ ਖੋਜ ਕੀਤੀ ਹੈ। ਉਹ ਕਹਿੰਦੇ ਹਨ ਕਿ ਅਜਿਹੇ ਮਾਮਲੇ ਮਹਿਲਾਵਾਂ ਅਤੇ ਜਿਨਸੀ ਸਬੰਧਾਂ ਪ੍ਰਤੀ ਲੋਕਾਂ ਦੇ ਨਜ਼ਰੀਏ ਬਾਰੇ ਕਈ ਵੱਡੇ ਸਵਾਲ ਖੜ੍ਹੇ ਕਰਦੇ ਹਨ।
ਉਨ੍ਹਾਂ ਕਿਹਾ, “ਸਾਨੂੰ ਮਰਦਾਂ ਤੋਂ ਸਵਾਲ ਪੁੱਛਣ ਦੀ ਲੋੜ ਹੈ। ਮਰਦ, ਜਿਸ ਤਰ੍ਹਾਂ ਜਿਨਸੀ ਸਬੰਧ ਬਣਾਉਣ ਨੂੰ ਸਹੀ ਮੰਨਦੇ ਹਨ ਅਤੇ ਇਸ ਨੂੰ ਆਮ ਵਰਤਾਰਾ ਦੱਸਦੇ ਰਹਿੰਦੇ ਹਨ, ਉਸ ਕਾਰਨ ਅਸੀਂ ਜਿਨਸੀ ਸਬੰਧਾਂ ਦੌਰਾਨ ਹੋਣ ਵਾਲੀਆਂ ਇਨ੍ਹਾਂ ਬੇਹੱਦ ਅਪਮਾਨਜਨਕ ਅਤੇ ਹਿੰਸਕ ਕਾਰਵਾਈਆਂ ਨੂੰ ਆਮ ਸਮਝਣ ਲੱਗ ਪੈਂਦੇ ਹਾਂ। ਇਹ ਸੱਚਮੁੱਚ ਬਹੁਤ ਵੱਡੀ ਸਮੱਸਿਆ ਹੈ।”
ਹੇਸਟਰ ਨੇ ਅੱਗੇ ਕਿਹਾ, “ਸਾਨੂੰ ਪਤਾ ਹੈ ਕਿ ਹੁਣ ਕੁਝ ਵੈੱਬਸਾਈਟਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਵੱਖ-ਵੱਖ ਦੇਸ਼ਾਂ ਵਿੱਚ ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਹੈ, ਜੋ ਬਿਲਕੁਲ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਰਹੇ ਹਨ।”
“ਇਸ ਲਈ, ਮੇਰਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਸਕਦੇ ਹਨ।”
Manon Cruz/REUTERS
ਇਸ ਮਾਮਲੇ ਨੇ ਉਨ੍ਹਾਂ ਵੈੱਬਸਾਈਟਾਂ ਦੀ ਭੂਮਿਕਾ ‘ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਦੀ ਵਰਤੋਂ ਸ਼ੋਸ਼ਣ ਨੂੰ ਹੱਲਾਸ਼ੇਰੀ ਦੇਣ ਲਈ ਕੀਤੀ ਜਾਂਦੀ ਹੈ।
ਪੋਰਟਸਮਾਊਥ ਯੂਨੀਵਰਸਿਟੀ ਵਿੱਚ ਸਾਈਬਰ ਕ੍ਰਾਈਮ ਅਤੇ ਜੈਂਡਰ ਮਾਮਲਿਆਂ ਦੇ ਪ੍ਰੋਫੈਸਰ ਲੀਸਾ ਸੁਗਿਯੂਰਾ ਦਾ ਕਹਿਣਾ ਹੈ ਕਿ ਆਨਲਾਈਨ ਪਲੇਟਫਾਰਮਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਅਜਿਹੀ ਸਮੱਗਰੀ ‘ਤੇ ਰੋਕ ਲਗਾਉਣ, ਜੋ ਮਹਿਲਾਵਾਂ ਵਿਰੁੱਧ ਹਿੰਸਾ ਨੂੰ ਆਮ ਵਰਤਾਰਾ ਬਣਾਉਂਦੀ ਹੈ।
ਉਨ੍ਹਾਂ ਕਿਹਾ, “ਅਕਸਰ ਇਨ੍ਹਾਂ ਵੈੱਬਸਾਈਟਾਂ ‘ਤੇ ਤਸਵੀਰਾਂ ਰਾਹੀਂ ਮਹਿਲਾਵਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਬੇਹੱਦ ਹਿੰਸਕ ਭਾਸ਼ਾ ਜਾਂ ਬਿਆਨਬਾਜ਼ੀ ਦੀ ਵਰਤੋਂ ਕੀਤੀ ਜਾਂਦੀ ਹੈ।”
“ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਮੰਚਾਂ (ਫੋਰਮਾਂ) ਨੂੰ ਬਿਨਾਂ ਕਿਸੇ ਨਿਗਰਾਨੀ ਜਾਂ ਜਵਾਬਦੇਹੀ ਦੇ, ਬੇਖ਼ੌਫ਼ ਹੋ ਕੇ ਕੰਮ ਕਰਨ ਦੀ ਇਜਾਜ਼ਤ ਕਿਵੇਂ ਮਿਲ ਜਾਂਦੀ ਹੈ?”
“ਅਤੇ ਇਸ ਤੋਂ ਬਾਅਦ ਇਹ ਸਵਾਲ ਆਉਂਦਾ ਹੈ ਕਿ ਕੀ ਸਾਨੂੰ ਉਸ ਵਿਅਕਤੀ ਦੀ ਗੱਲ ‘ਤੇ ਭਰੋਸਾ ਕਰ ਲੈਣਾ ਚਾਹੀਦਾ ਹੈ, ਜੋ ਆਪਣੇ ਅਤੇ ਆਪਣੀ ਪਤਨੀ ਵੱਲੋਂ ਬੋਲਣ ਦਾ ਦਾਅਵਾ ਕਰ ਰਿਹਾ ਹੈ?”

ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੂਰੇ ਯੂਕੇ ਵਿੱਚ ਅਜਿਹੇ ਸੈਂਕੜੇ ਸੰਭਾਵਿਤ ਅਪਰਾਧਾਂ ਦੀ ਜਾਂਚ ਚੱਲ ਰਹੀ ਹੈ।
ਨੈਸ਼ਨਲ ਕ੍ਰਾਈਮ ਏਜੰਸੀ (ਐੱਨਸੀਏ) ਨੇ ਕਿਹਾ ਹੈ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਇਸ ਨੂੰ ਇੱਕ ਕੌਮਾਂਤਰੀ ਮੁੱਦਾ ਮੰਨਣ ਦੀ “ਫੌਰੀ ਲੋੜ” ਹੈ।
ਐੱਨਸੀਏ ਦੇ ਜਾਂਚਕਰਤਾਵਾਂ ਨੇ ਇੱਕ ਆਨਲਾਈਨ ਫੋਰਮ ਅਤੇ ਇਸ ਨਾਲ ਜੁੜੇ ਸਮੂਹਾਂ ਨਾਲ ਸਬੰਧਤ 270 ਤੋਂ ਵੱਧ ਲੋਕਾਂ ਦੀ ਪਛਾਣ ਕੀਤੀ ਹੈ।
ਸੀਪੀਐੱਸ (ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ) ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਅਪਰਾਧ ਜਾਂਚਕਰਤਾਵਾਂ ਲਈ ਇੱਕ ਨਵੀਂ ਚੁਣੌਤੀ ਬਣ ਕੇ ਉੱਭਰੇ ਹਨ।
ਫੋਸਟਰ ਨੇ ਕਿਹਾ, “ਅਪਰਾਧ ਦਾ ਇਹ ਖ਼ਾਸ ਤਰੀਕਾ – ਜਿਸ ਵਿੱਚ ਇੱਕ ਪਤੀ ਆਪਣੀ ਪਤਨੀ ਨੂੰ ਨਸ਼ੀਲੀ ਦਵਾਈ ਦੇ ਕੇ ਉਸ ਦਾ ਸ਼ੋਸ਼ਣ ਕਰਦਾ ਹੈ ਅਤੇ ਹੋਰ ਮਰਦਾਂ ਨੂੰ ਵੀ ਉਸ ਦਾ ਸ਼ੋਸ਼ਣ ਕਰਨ ਲਈ ਸੱਦਾ ਦਿੰਦਾ ਹੈ – ਅਸਲ ਵਿੱਚ ਇੱਕ ਨਵੇਂ ਤਰ੍ਹਾਂ ਦਾ ਅਪਰਾਧ ਜਾਪਦਾ ਹੈ।”
ਸੁਗਿਯੂਰਾ ਦਾ ਮੰਨਣਾ ਹੈ ਕਿ ਇਹ ਅਪਰਾਧ ਆਪਣੇ ਆਪ ਵਿੱਚ ਨਵਾਂ ਨਹੀਂ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸ਼ਾਇਦ ਸਾਲਾਂ ਤੋਂ ਮੌਜੂਦ ਰਿਹਾ ਹੋਵੇ, ਪਰ ਹੁਣ ਤਕਨੀਕ ਨੇ ਇਸ ਤਰ੍ਹਾਂ ਦੇ ਸ਼ੋਸ਼ਣ ਨੂੰ ਅੰਜਾਮ ਦੇਣਾ ਅਤੇ ਲੁਕਾਉਣਾ ਆਸਾਨ ਬਣਾ ਦਿੱਤਾ ਹੈ।
ਉਨ੍ਹਾਂ ਕਿਹਾ, “ਤਕਨੀਕ ਦੀ ਵਰਤੋਂ ਪਛਾਣ ਲੁਕਾਉਣ ਵਿੱਚ ਮਦਦ ਕਰਦੀ ਹੈ। ਇਸ ਨਾਲ ਲੋਕ ਆਪਣੀ ਅਸਲ ਪਛਾਣ ਲੁਕਾ ਕੇ ਸਮਾਜ ਦੇ ਸਾਹਮਣੇ ਇੱਕ ਸਤਿਕਾਰਯੋਗ ਅਕਸ ਬਣਾਈ ਰੱਖ ਸਕਦੇ ਹਨ, ਜਦਕਿ ਆਨਲਾਈਨ ਉਹ ਅਜਿਹੇ ਘਿਨਾਉਣੇ ਕੰਮ ਕਰਦੇ ਹਨ।”
ਉਨ੍ਹਾਂ ਨੇ ਅੱਗੇ ਦੱਸਿਆ ਕਿ ਅਜਿਹੇ ਅਪਰਾਧੀ ਅਕਸਰ ਵੱਡੀਆਂ ਆਨਲਾਈਨ ਕਮਿਊਨਿਟੀਜ਼ ਦਾ ਹਿੱਸਾ ਹੁੰਦੇ ਹਨ, ਜਿੱਥੇ ਮਹਿਲਾਵਾਂ ਪ੍ਰਤੀ ਨਫ਼ਰਤ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਅਤੇ ਅਪਮਾਨਜਨਕ ਸਮੱਗਰੀ ਸਾਂਝੀ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ, “ਇਹ ਹਮੇਸ਼ਾ ਅਲੱਗ-ਥਲੱਗ ਜਾਂ ਇੱਕਾ-ਦੁੱਕਾ ਘਟਨਾਵਾਂ ਨਹੀਂ ਹੁੰਦੀਆਂ।”
“ਇਹ ਕਿਸੇ ਵੱਡੇ ਨੈੱਟਵਰਕ ਦਾ ਹਿੱਸਾ ਹੋ ਸਕਦੀਆਂ ਹਨ, ਜਿੱਥੇ ਲੋਕ ਇੱਕ-ਦੂਜੇ ਨੂੰ ਸੁਝਾਅ ਦਿੰਦੇ ਹਨ, ਇੱਕ-ਦੂਜੇ ਦਾ ਹੌਸਲਾ ਵਧਾਉਂਦੇ ਹਨ ਅਤੇ ਅਜਿਹੀ ਸਮੱਗਰੀ ਸਾਂਝੀ ਕਰਦੇ ਹਨ, ਜੋ ਮਹਿਲਾਵਾਂ ਪ੍ਰਤੀ ਬੇਹੱਦ ਅਪਮਾਨਜਨਕ ਹੁੰਦੀ ਹੈ।”
ਉਨ੍ਹਾਂ ਅੱਗੇ ਕਿਹਾ, “ਮੈਨੂੰ ਲੱਗਦਾ ਹੈ ਕਿ ਅਜੇ ਅਜਿਹੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਸਕਦੇ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




