Home rss national punjabi2ਰਾਸ਼ਟਰੀ ਖ਼ਬਰਾਂ ਅਮਰੀਕਾ ‘ਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਮਾਮਲੇ ‘ਚ ਭਾਰਤੀ...

ਅਮਰੀਕਾ ‘ਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਮਾਮਲੇ ‘ਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ 19 ਸਾਲ ਦੀ ਸਜ਼ਾ

6
0

Source :- BBC PUNJABI

ਨਿਖਿਲ ਗੁਪਤਾ ਦਾ ਸਕੈਚ ਅਤੇ ਪੰਨੂ ਦੀ ਤਸਵੀਰ

ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਅਮਰੀਕਾ ਵਿੱਚ ਸਿੱਖ ਸਿਆਸੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ ਵਿੱਚ 235 ਮਹੀਨੇ ਭਾਵ19 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਹੈ।

ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਫਰਵਰੀ ਵਿੱਚ ਕਤਲ ਲਈ ਸੁਪਾਰੀ ਦੇਣ (ਮਰਡਰ-ਫ਼ਾਰ-ਹਾਇਰ), ਅਜਿਹੀ ਹੱਤਿਆ ਦੀ ਸਾਜ਼ਿਸ਼ ਰਚਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਕਬੂਲ ਕਰ ਲਏ ਸਨ।

ਸ਼ੁੱਕਰਵਾਰ ਨੂੰ ਜੱਜ ਨੇ ਕਿਹਾ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਸੰਭਾਵਤ ਤੌਰ ‘ਤੇ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ (ਡਿਪੋਰਟ ਕਰ ਦਿੱਤਾ ਜਾਵੇਗਾ)।

ਅਮਰੀਕੀ ਸਰਕਾਰੀ ਵਕੀਲਾਂ ਦਾ ਇਲਜ਼ਾਮ ਹੈ ਕਿ ਨਿਖਿਲ ਗੁਪਤਾ ਨੂੰ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨੇ ਖਾਲਿਸਤਾਨ ਅੰਦੋਲਨ ਦੇ ਪ੍ਰਮੁੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਕਰਨ ਦਾ ਨਿਰਦੇਸ਼ ਦਿੱਤਾ ਸੀ। ਖਾਲਿਸਤਾਨ ਅੰਦੋਲਨ ਸਿੱਖਾਂ ਲਈ ਇੱਕ ਵੱਖਰੇ ਦੇਸ਼ ਦੀ ਮੰਗ ਕਰਦਾ ਹੈ।

ਭਾਰਤ ਨੇ ਇਸ ਵਿੱਚ ਆਪਣੀ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਭਾਰਤ ਸਰਕਾਰ ਨੇ ਪੰਨੂ ‘ਤੇ ਅੱਤਵਾਦੀ ਹੋਣ ਦਾ ਇਲਜ਼ਾਮ ਲਗਾਇਆ ਹੈ, ਜਦਕਿ ਪੰਨੂ ਇਨ੍ਹਾਂ ਇਲਜ਼ਾਮਾਂ ਨੂੰ ਖ਼ਾਰਜ ਕਰਦੇ ਹਨ।

ਨਿਖਿਲ ਗੁਪਤਾ ਨੂੰ ਸਿੱਖ ਵੱਖਵਾਦੀ ਆਗੂ ਅਤੇ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਹੈ

ਅਮਰੀਕੀ ਨਾਗਰਿਕ ਪੰਨੂ, ਅਮਰੀਕਾ ਸਥਿਤ ਸਿੱਖ ਵੱਖਵਾਦੀ ਸਮੂਹ ‘ਸਿੱਖਸ ਫ਼ਾਰ ਜਸਟਿਸ’ (ਐੱਸਐੱਫਜੇ) ਦੇ ਬੁਲਾਰੇ ਹਨ। ਭਾਰਤ ਵਿੱਚ ਇਸ ਸਮੂਹ ‘ਤੇ 2019 ਤੋਂ ਪਾਬੰਦੀ ਲੱਗੀ ਹੋਈ ਹੈ।

ਉਨ੍ਹਾਂ ਨੇ ਪਹਿਲਾਂ ਬੀਬੀਸੀ ਨੂੰ ਕਿਹਾ ਸੀ ਕਿ, “ਨਿਖਿਲ ਗੁਪਤਾ ਵੱਲੋਂ ਆਪਣਾ ਜੁਰਮ ਕਬੂਲ ਕਰਨਾ ਇਸ ਗੱਲ ਦੀ ਨਿਆਂਇਕ ਪੁਸ਼ਟੀ ਹੈ ਕਿ ਭਾਰਤ ਦੀ ਮੋਦੀ ਸਰਕਾਰ ਨੇ ਅਮਰੀਕੀ ਧਰਤੀ ‘ਤੇ ਇੱਕ ਸੋਚੀ-ਸਮਝੀ ਹੱਤਿਆ ਦੀ ਸਾਜ਼ਿਸ਼ ਰਚੀ ਸੀ।”

ਭਾਰਤ ਨੇ ਖਾਲਿਸਤਾਨ ਅੰਦੋਲਨ ਦਾ ਵਿਰੋਧ ਕੀਤਾ ਹੈ ਅਤੇ ਉੱਥੋਂ ਦੀਆਂ ਸਿਆਸੀ ਪਾਰਟੀਆਂ ਵੀ ਇਸ ਮੁੱਦੇ ਦੇ ਖ਼ਿਲਾਫ਼ ਰਹੀਆਂ ਹਨ। ਸਿੱਖ ਇੱਕ ਧਾਰਮਿਕ ਘੱਟਗਿਣਤੀ ਭਾਈਚਾਰਾ ਹਨ, ਜੋ ਭਾਰਤ ਦੀ ਕੁੱਲ ਆਬਾਦੀ ਦਾ ਲਗਭਗ 2% ਹਿੱਸਾ ਹਨ। ਕੁਝ ਸਮੂਹ ਲੰਬੇ ਸਮੇਂ ਤੋਂ ਸਿੱਖਾਂ ਲਈ ਇੱਕ ਵੱਖਰੇ ਦੇਸ਼ ਦੀ ਮੰਗ ਕਰਦੇ ਰਹੇ ਹਨ।

ਗੁਰਪਤਵੰਤ ਸਿੰਘ ਪੰਨੂ (ਫਾਈਲ ਫੋਟੋ)

ਸਰਕਾਰੀ ਵਕੀਲਾਂ ਦਾ ਇਲਜ਼ਾਮ

ਅਮਰੀਕੀ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ ਵਿੱਚ ਕਥਿਤ ਭੁਗਤਾਨ ਦੇ ਲੈਣ-ਦੇਣ ਦੀ ਤਸਵੀਰ

ਸਰਕਾਰੀ ਵਕੀਲਾਂ ਦਾ ਇਲਜ਼ਾਮ ਹੈ ਕਿ ਮਈ 2023 ਵਿੱਚ ਭਾਰਤੀ ਖੁਫ਼ੀਆ ਅਧਿਕਾਰੀ ਵਿਕਾਸ ਯਾਦਵ ਨੇ ਪੰਨੂ ਦੀ ਹੱਤਿਆ ਲਈ ਨਿਖਿਲ ਗੁਪਤਾ ਨੂੰ ਕੰਮ ‘ਤੇ ਰੱਖਿਆ ਸੀ।

ਸਰਕਾਰੀ ਵਕੀਲਾਂ ਮੁਤਾਬਕ, ਯਾਦਵ ਨੇ ਗੁਪਤਾ ਨੂੰ ਪੰਨੂ ਬਾਰੇ ਨਿੱਜੀ ਜਾਣਕਾਰੀਆਂ ਦਿੱਤੀਆਂ ਸਨ, ਜਿਨ੍ਹਾਂ ਵਿੱਚ ਨਿਊਯਾਰਕ ਵਿੱਚ ਉਨ੍ਹਾਂ ਦਾ ਪਤਾ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸ਼ਾਮਿਲ ਸੀ।

ਸਰਕਾਰੀ ਵਕੀਲਾਂ ਨੇ ਦੱਸਿਆ ਕਿ ਆਪਣੇ ਹੈਂਡਲਰ ਦੇ ਨਿਰਦੇਸ਼ਾਂ ‘ਤੇ ਗੁਪਤਾ ਨੇ ਹੱਤਿਆ ਨੂੰ ਅੰਜਾਮ ਦੇਣ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ, ਪਰ ਉਹ ਵਿਅਕਤੀ ਅਸਲ ਵਿੱਚ ਅਮਰੀਕੀ ਸਰਕਾਰ ਦਾ ਇੱਕ ਮੁਖ਼ਬਰ ਸੀ। ਉਸ ਮੁਖ਼ਬਰ ਨੇ ਗੁਪਤਾ ਦੀ ਮੁਲਾਕਾਤ ਇੱਕ ਹਿੱਟਮੈਨ ਨਾਲ ਕਰਵਾਈ, ਜੋ ਅਸਲ ਵਿੱਚ ਡਰੱਗ ਇਨਫੋਰਸਮੈਂਟ ਏਜੰਸੀ (ਡੀਈਏ) ਦਾ ਇੱਕ ਅੰਡਰਕਵਰ ਅਧਿਕਾਰੀ ਸੀ।

ਗੁਪਤਾ ਨੂੰ ਜੂਨ 2023 ਵਿੱਚ ਚੈੱਕ ਗਣਰਾਜ ਦੇ ਪ੍ਰਾਗ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਅਮਰੀਕਾ ਹਵਾਲੇ ਕਰ ਦਿੱਤਾ ਗਿਆ। ਉਹ ਨਿਊਯਾਰਕ ਦੀ ਇੱਕ ਜੇਲ੍ਹ ਵਿੱਚ ਬੰਦ ਹਨ ਅਤੇ ਸ਼ੁੱਕਰਵਾਰ ਨੂੰ ਮੈਨਹਟਨ ਦੀ ਅਦਾਲਤ ਵਿੱਚ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ।

ਗੁਪਤਾ ਵੱਲੋਂ ਆਪਣਾ ਜੁਰਮ ਕਬੂਲ ਕਰਨ ਦੇ ਐਲਾਨ ਤੋਂ ਬਾਅਦ, ਉਸ ਸਮੇਂ ਦੇ ਅਮਰੀਕੀ ਅਟਾਰਨੀ ਜੇ ਕਲੇਟਨ ਨੇ ਇੱਕ ਬਿਆਨ ਵਿੱਚ ਕਿਹਾ ਸੀ, “ਉਸ ਨੂੰ ਲੱਗਦਾ ਸੀ ਕਿ ਉਹ ਦੇਸ਼ ਤੋਂ ਬਾਹਰ ਰਹਿ ਕੇ, ਅਮਰੀਕਾ ਵਿੱਚ ਕਿਸੇ ਵਿਅਕਤੀ ਨੂੰ ਸਿਰਫ਼ ਇਸ ਲਈ ਮਾਰ ਸਕਦਾ ਹੈ ਕਿਉਂਕਿ ਉਹ ਆਪਣੇ ‘ਪ੍ਰਗਟਾਵੇ ਦੀ ਆਜ਼ਾਦੀ’ (ਫ੍ਰੀ ਸਪੀਚ) ਦੇ ਅਮਰੀਕੀ ਅਧਿਕਾਰ ਦੀ ਵਰਤੋਂ ਕਰ ਰਿਹਾ ਸੀ ਅਤੇ ਉਸ ਨੂੰ ਇਸ ਦੇ ਕੋਈ ਨਤੀਜੇ ਨਹੀਂ ਭੁਗਤਣੇ ਪੈਣਗੇ।”

ਗੁਪਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ, ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਯਾਦਵ ਹੁਣ ਭਾਰਤ ਸਰਕਾਰ ਦੇ ਮੁਲਾਜ਼ਮ ਨਹੀਂ ਹਨ।

ਬੁਲਾਰੇ ਨੇ ਦੱਸਿਆ ਕਿ ਅਮਰੀਕਾ ਵੱਲੋਂ ਜਤਾਈਆਂ ਗਈਆਂ ਸੁਰੱਖਿਆ ਚਿੰਤਾਵਾਂ ਦੀ ਜਾਂਚ ਕਰਨ ਲਈ ਭਾਰਤ ਨੇ ਇੱਕ ਜਾਂਚ ਕਮੇਟੀ ਵੀ ਬਣਾਈ ਹੈ।

“ਭਾਈਚਾਰੇ ਲਈ ਇੱਕ ਵੱਡੀ ਘਟਨਾ”

ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗੁਰਦੁਆਰੇ ਦੇ ਮੁਖੀ ਵਜੋਂ ਹਰਦੀਪ ਸਿੰਘ ਨਿੱਝਰ ਦੇ ਉੱਤਰਾਧਿਕਾਰੀ ਬਣੇ ਸਿੱਖ ਵੱਖਵਾਦੀ ਆਗੂ ਨਰਿੰਦਰ ਸਿੰਘ ਰੰਧਾਵਾ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਸਜ਼ਾ “ਪਹਿਲੀ ਵਾਰ ਇਨਸਾਫ਼ ਮਿਲਣ” ਵਰਗੀ ਹੈ। ਉਨ੍ਹਾਂ ਮੁਤਾਬਕ, ਭਾਰਤ ਸਰਕਾਰ ਵੱਲੋਂ ਭਾਰਤ ਅਤੇ ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਇਤਿਹਾਸਕ ਅਤੇ ਯੋਜਨਾਬੱਧ ਤਰੀਕੇ ਨਾਲ ਜ਼ੁਲਮ ਕੀਤਾ ਜਾਂਦਾ ਰਿਹਾ ਹੈ।

ਓਂਟਾਰੀਓ ਵਿੱਚ ਰਹਿਣ ਵਾਲੇ ਇੱਕ ਹੋਰ ਸਿੱਖ ਵੱਖਵਾਦੀ ਸਮਰਥਕ, ਇੰਦਰਜੀਤ ਗੋਸਲ ਨੇ ਇਸ ਸਜ਼ਾ ਨੂੰ “ਭਾਈਚਾਰੇ ਲਈ ਇੱਕ ਵੱਡੀ ਘਟਨਾ” ਦੱਸਿਆ।

ਉਨ੍ਹਾਂ ਕਿਹਾ, “ਪੂਰੇ ਭਾਈਚਾਰੇ ਲਈ ਇਹ ਦੇਖਣਾ ਇੱਕ ਵੱਡੀ ਗੱਲ ਹੈ ਕਿ ਆਖ਼ਰਕਾਰ ਕੋਈ ਵਿਅਕਤੀ ਰੰਗੇ ਹੱਥੀਂ ਫੜਿਆ ਗਿਆ ਹੈ।”

ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦਾ ਕੈਨੇਡਾ ਵਿੱਚ ਕਤਲ ਕਰ ਦਿੱਤਾ ਗਿਆ ਸੀ

ਭਾਰਤ ਨੇ 1980 ਅਤੇ 1990 ਦੇ ਦਹਾਕਿਆਂ ਵਿੱਚ ਖ਼ਾਲਿਸਤਾਨ ਬਣਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੀ ਹਥਿਆਰਬੰਦ ਸਿੱਖ ਬਗਾਵਤ ਨੂੰ ਦਬਾ ਦਿੱਤਾ ਸੀ। ਹੁਣ ਭਾਰਤ ਵਿੱਚ ਇਸ ਮੁਹਿੰਮ ਨੂੰ ਬਹੁਤ ਘੱਟ ਸਮਰਥਨ ਮਿਲਦਾ ਹੈ, ਹਾਲਾਂਕਿ ਸਿੱਖ ਡਾਇਸਪੋਰਾ ਦੇ ਕੁਝ ਲੋਕ ਅਜੇ ਵੀ ਖ਼ਾਲਿਸਤਾਨ ਦੀ ਵਕਾਲਤ ਕਰਦੇ ਹਨ।

ਪੰਨੂ ਭਾਰਤ ਵਿੱਚ ਅੱਤਵਾਦ ਨਾਲ ਸਬੰਧਤ ਮਾਮਲਿਆਂ ਸਮੇਤ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ, ਪਰ ਉਹ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਖ਼ਾਲਿਸਤਾਨ ਵਿੱਚ ਵਿਸ਼ਵਾਸ ਰੱਖਣ ਵਾਲੇ ਇੱਕ ਕਾਰਕੁਨ ਹਨ।

ਅਦਾਲਤ ਵਿੱਚ ਦਿੱਤੇ ਇੱਕ ਬਿਆਨ ਵਿੱਚ ਪੰਨੂ ਨੇ ਕਿਹਾ ਕਿ ਨਾਕਾਮ ਕੀਤੀ ਗਈ ਹੱਤਿਆ ਦੀ ਸਾਜ਼ਿਸ਼ ਨੇ ਉਨ੍ਹਾਂ ਦੀ ਸਰਗਰਮੀ ਨੂੰ ਰੋਕਿਆ ਨਹੀਂ ਹੈ।

ਉਸ ਨੇ ਲਿਖਿਆ, “ਆਜ਼ਾਦੀ ਹਾਸਲ ਕਰਨ ਲਈ ਜੇਕਰ ਇਹ ਕੀਮਤ ਚੁਕਾਉਣੀ ਪੈਂਦੀ ਹੈ, ਤਾਂ ਮੈਂ ਭਾਰਤ ਦੀਆਂ ਗੋਲੀਆਂ ਖਾਣ ਲਈ ਪੂਰੀ ਤਰ੍ਹਾਂ ਤਿਆਰ ਹਾਂ।”

ਗੁਪਤਾ ਦੇ ਮਾਮਲੇ ਨੇ ਬ੍ਰਿਟਿਸ਼ ਕੋਲੰਬੀਆ ਵਿੱਚ 2023 ਵਿੱਚ ਇੱਕ ਸਿੱਖ ਵੱਖਵਾਦੀ ਆਗੂ ਦੇ ਕਤਲ ਨਾਲ ਸਬੰਧਤ ਵੱਖਰੇ ਮਾਮਲੇ ‘ਤੇ ਵੀ ਧਿਆਨ ਕੇਂਦਰਿਤ ਕਰਵਾਇਆ ਹੈ। ਇਸ ਕਤਲ ਕਾਰਨ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧ ਗਿਆ ਸੀ।

ਸਤੰਬਰ 2023 ਵਿੱਚ, ਉਸ ਸਮੇਂ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਭਾਰਤ ਨੂੰ ਜੋੜਨ ਵਾਲੇ “ਭਰੋਸੇਯੋਗ ਇਲਜ਼ਾਮ” ਮੌਜੂਦ ਹਨ। ਨਿੱਝਰ ਵੀ ਖ਼ਾਲਿਸਤਾਨ ਬਣਾਉਣ ਦੀ ਵਕਾਲਤ ਕਰਦੇ ਸਨ ਅਤੇ ਪੰਨੂ ਦੇ ਸਾਥੀ ਸਨ।

ਨਿੱਝਰ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਸਿੱਖ ਮੰਦਰ ਦੇ ਬਾਹਰ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਭਾਰਤ ਨੇ ਵੀ ਉਸ ਦੀ ਮੌਤ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

ਨਿੱਝਰ ਦੇ ਕਤਲ ਤੋਂ ਅਗਲੇ ਦਿਨ, ਅਮਰੀਕੀ ਸਰਕਾਰੀ ਵਕੀਲਾਂ ਨੇ ਇਲਜ਼ਾਮ ਲਾਇਆ ਸੀ ਕਿ ਗੁਪਤਾ ਨੇ ਗੁਪਤ ਤੌਰ ‘ਤੇ ਕੰਮ ਕਰ ਰਹੇ ਅਧਿਕਾਰੀ ਨੂੰ ਕਿਹਾ ਸੀ ਕਿ ਨਿੱਝਰ ਵੀ “ਨਿਸ਼ਾਨਾ ਸੀ” ਅਤੇ “ਸਾਡੇ ਕੋਲ ਬਹੁਤ ਸਾਰੇ ਨਿਸ਼ਾਨੇ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI