Source :- BBC PUNJABI
Oleksii Bykov
ਨਿਕਾ ਦੀ ਉਮਰ ਲਗਭਗ ਤਿੰਨ ਸਾਲ ਹੈ ਅਤੇ ਉਸ ਦੀ ਮਾਂ ਅੰਨਾ ਦੱਸਦੀ ਹੈ ਕਿ ਆਪਣੀ ਉਮਰ ਦੇ ਹੋਰ ਬੱਚਿਆਂ ਵਾਂਗ ਉਹ ਵੀ ਉਤਸੁਕ ਰਹਿੰਦੀ ਹੈ, ਕਿਤਾਬਾਂ ਦੇਖਣਾ ਪਸੰਦ ਕਰਦੀ ਹੈ ਅਤੇ ਸ਼ਰਾਰਤਾਂ ਕਰਦੀ ਹੈ।
ਪਰ ਹੋਰ ਛੋਟੇ ਬੱਚਿਆਂ ਤੋਂ ਵੱਖਰੀ, ਨਿਕਾ ਨੂੰ ਇੱਕ ਬਹੁਤ ਹੀ ਦੁਰਲੱਭ ਜੈਨੇਟਿਕ ਬਿਮਾਰੀ ਹੈ, ਜਿਸ ਨੂੰ ‘ਹੈਰੇਡਿਟਰੀ ਸਪੈਸਟਿਕ ਪੈਰਾਪਲੀਜੀਆ ਟਾਈਪ 47’ ਕਿਹਾ ਜਾਂਦਾ ਹੈ। ਇਸ ਨੂੰ ਐੱਸਪੀਜੀ47 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਦੁਨੀਆ ਭਰ ਵਿੱਚ ਹੁਣ ਤੱਕ ਸਿਰਫ਼ 130 ਲੋਕਾਂ ਦੀ ਹੀ ਇਸ ਬਿਮਾਰੀ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਹਜ਼ਾਰਾਂ ਲੋਕ ਅਜਿਹੇ ਹੋ ਸਕਦੇ ਹਨ, ਜਿਨ੍ਹਾਂ ਦੀ ਬਿਮਾਰੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।
ਇਹ ਜੈਨੇਟਿਕ ਬਿਮਾਰੀ ਹੌਲੀ-ਹੌਲੀ ਬੱਚੇ ਦੇ ਦਿਮਾਗੀ ਅਤੇ ਨਰਵਸ ਸਿਸਟਮ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਕਾਰਨ ਉਸ ਦੀ ਬੋਲਣ ਅਤੇ ਹਿੱਲਣ-ਜੁਲਣ ਦੀ ਸਮਰੱਥਾ ਉੱਤੇ ਅਸਰ ਪੈਂਦਾ ਹੈ।
ਅਮਰੀਕਾ ਦੇ ਬੋਸਟਨ ਚਿਲਡਰਨਜ਼ ਹਸਪਤਾਲ ਵਿੱਚ ਮੂਵਮੈਂਟ ਡਿਸਆਰਡਰਜ਼ ਪ੍ਰੋਗਰਾਮ ਦੇ ਡਾਇਰੈਕਟਰ ਡਾ. ਡੇਰੀਅਸ ਇਬਰਾਹਿਮੀ-ਫਖਾਰੀ ਦੱਸਦੇ ਹਨ ਕਿ ਜਿਹੜੇ ਬੱਚੇ ਤੁਰਨਾ ਅਤੇ ਬੋਲਣਾ ਸਿੱਖ ਚੁੱਕੇ ਹੁੰਦੇ ਹਨ, ਉਹ ਵੀ ਸਮੇਂ ਦੇ ਨਾਲ ਇਹ ਸਮਰੱਥਾਵਾਂ ਗੁਆ ਸਕਦੇ ਹਨ।
ਕਈ ਸਾਲਾਂ ਤੋਂ ਐੱਸਪੀਜੀ47 ਦਾ ਕੋਈ ਇਲਾਜ ਮੌਜੂਦ ਨਹੀਂ ਹੈ। ਇਸ ਬਿਮਾਰੀ ਦੇ ਬਹੁਤ ਦੁਰਲੱਭ ਹੋਣ ਕਾਰਨ ਬਾਇਓਟੈਕ ਕੰਪਨੀਆਂ ਇਸ ਦੇ ਇਲਾਜ ਨੂੰ ਵਿਕਸਤ ਕਰਨ ਲਈ ਨਿਵੇਸ਼ ਕਰਨ ਵਾਸਤੇ ਤਿਆਰ ਨਹੀਂ ਹਨ।
Oleksii Bykov
ਅਜਿਹੇ ਵਿੱਚ ਇਸ ਬਿਮਾਰੀ ਤੋਂ ਪੀੜਤ ਬੱਚਿਆਂ ਦੇ ਮਾਪਿਆਂ ਨੇ ਜੀਨ ਥੈਰੇਪੀ ਵਿਕਸਤ ਕਰਨ ਲਈ ਲੱਖਾਂ ਡਾਲਰ ਇਕੱਠੇ ਕੀਤੇ ਹਨ।
ਇਲਾਜ ਦੀ ਜਾਂਚ ਲਈ ਤਿਆਰ ਹੋਣ ਦੇ ਬਾਵਜੂਦ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਦੇ ਕਲੀਨਿਕਲ ਟ੍ਰਾਇਲ ਸ਼ੁਰੂ ਕਰਨ ਲਈ ਅਜੇ ਵੀ ਲੱਖਾਂ ਡਾਲਰਾਂ ਦੀ ਲੋੜ ਹੈ। ਇਨ੍ਹਾਂ ਟ੍ਰਾਇਲਾਂ ਦੀ ਸਫ਼ਲਤਾ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਬਦਲ ਸਕਦੀ ਹੈ।
ਨਿਕਾ ਦੀ ਮਾਂ ਅੰਨਾ ਪੋਪੋਵਿਚ ਨੂੰ ਉਦੋਂ ਅਹਿਸਾਸ ਹੋਇਆ ਕਿ ਕੁਝ ਠੀਕ ਨਹੀਂ ਹੈ, ਜਦੋਂ ਉਨ੍ਹਾਂ ਦੀ ਧੀ ਵਿਕਾਸ ਦੇ ਆਮ ਪੜਾਅ ਪੂਰੇ ਨਹੀਂ ਕਰ ਸਕੀ। ਨਿਕਾ ਨੇ ਦੇਰ ਨਾਲ ਪਾਸਾ ਪਰਤਣਾ ਸ਼ੁਰੂ ਕੀਤਾ, ਉਹ ਰਿੜ ਨਹੀਂ ਸਕੀ ਅਤੇ ਇੱਕ ਸਾਲ ਦੀ ਉਮਰ ਤੱਕ ਆਪਣੇ ਆਪ ਬੈਠਣ ਦੇ ਯੋਗ ਵੀ ਨਹੀਂ ਹੋਈ।
ਯੂਕਰੇਨ ਦੇ ਇਸ ਪਰਿਵਾਰ ਨੂੰ ਆਪਣੀ ਧੀ ਦੀ ਬਿਮਾਰੀ ਬਾਰੇ ਚੈੱਕ ਗਣਰਾਜ ਵਿੱਚ ਪਤਾ ਲੱਗਾ। ਰੂਸ ਵੱਲੋਂ 2022 ਵਿੱਚ ਯੂਕਰੇਨ ਉੱਤੇ ਪੂਰੀ ਤਾਕਤ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ ਇਹ ਪਰਿਵਾਰ ਉੱਥੇ ਜਾ ਕੇ ਰਹਿਣ ਲੱਗਾ ਸੀ।
ਨਿਕਾ ਨੂੰ ਲਗਾਤਾਰ ਮਿਰਗੀ ਦੇ ਦੌਰੇ ਪੈਣ ਲੱਗੇ। ਡਾਕਟਰਾਂ ਨੇ ਕਈ ਜਾਂਚਾਂ ਕੀਤੀਆਂ, ਪਰ ਉਹ ਇਹ ਪਤਾ ਨਹੀਂ ਲਗਾ ਸਕੇ ਕਿ ਇਨ੍ਹਾਂ ਦੌਰਿਆਂ ਦਾ ਕਾਰਨ ਕੀ ਸੀ।
ਇਸ ਤੋਂ ਬਾਅਦ ਨਿਕਾ ਦਾ ਇੱਕ ਹੋਰ ਜੈਨੇਟਿਕ ਟੈਸਟ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ। ਇਸ ਜਾਂਚ ਦਾ ਖ਼ਰਚਾ ਯੂਰਪੀ ਸੰਘ ਵੱਲੋਂ ਦਿੱਤੀ ਗਈ ਗ੍ਰਾਂਟ ਰਾਹੀਂ ਚੁੱਕਿਆ ਗਿਆ ਸੀ।
ਇਹ ਗ੍ਰਾਂਟ ਉਨ੍ਹਾਂ ਬੱਚਿਆਂ ਨਾਲ ਸਬੰਧਤ ਜੈਨੇਟਿਕ ਖੋਜ ਲਈ ਦਿੱਤੀ ਗਈ ਸੀ, ਜਿਨ੍ਹਾਂ ਦੀਆਂ ਬਿਮਾਰੀਆਂ ਦੀ ਪਛਾਣ ਨਹੀਂ ਹੋ ਸਕੀ ਸੀ।
ਪੋਪੋਵਿਚ ਦੱਸਦੀ ਹੈ ਕਿ ਜਦੋਂ ਡਾਕ ਰਾਹੀਂ ਜਾਂਚ ਦੇ ਨਤੀਜੇ ਮਿਲੇ ਤਾਂ ਉਨ੍ਹਾਂ ਨੇ ਕਿਹੜਾ ਨਾਂ ਪੜ੍ਹਿਆ ਅਤੇ ਉਸ ਤੋਂ ਬਾਅਦ ਕੀ ਕੀਤਾ।
ਉਹ ਕਹਿੰਦੀ ਹੈ, “ਜਦੋਂ ਅਸੀਂ ਐੱਸਪੀਜੀ47 ਦਾ ਨਾਂ ਦੇਖਿਆ ਤਾਂ ਇਸ ਬਾਰੇ ਗੂਗਲ ‘ਤੇ ਜਾਣਕਾਰੀ ਲੱਭਣੀ ਸ਼ੁਰੂ ਕਰ ਦਿੱਤੀ।”
“ਡਾਕਟਰ ਨੇ ਕਿਹਾ ਕਿ ਉਸ ਨੇ ਪਹਿਲਾਂ ਕਦੇ ਇਸ ਬਿਮਾਰੀ ਬਾਰੇ ਨਹੀਂ ਸੁਣਿਆ ਸੀ ਅਤੇ ਇਹ ਬਹੁਤ ਹੀ ਦੁਰਲੱਭ ਬਿਮਾਰੀ ਹੈ।”
ਐੱਸਪੀਜੀ47 ਕੀ ਹੈ?

ਡਾ. ਇਬਰਾਹਿਮੀ-ਫਖਾਰੀ ਦੱਸਦੇ ਹਨ ਕਿ ਐੱਸਪੀਜੀ47 ਬਿਮਾਰੀ ਉਦੋਂ ਹੁੰਦੀ ਹੈ, ਜਦੋਂ ਬੱਚੇ ਦੇ ਏਪੀ4ਬੀ1 ਜੀਨ ਵਿੱਚ ਤਬਦੀਲੀ (ਮਿਊਟੇਸ਼ਨ) ਆ ਜਾਂਦੀ ਹੈ। ਇਹ ਬਿਮਾਰੀ ਨਰਵਸ ਸਿਸਟਮ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ, ਹਾਲਾਂਕਿ ਇਸ ਦਾ ਅਸਰ ਸਿਰਫ਼ ਨਰਵਸ ਸਿਸਟਮ ਤੱਕ ਹੀ ਸੀਮਤ ਨਹੀਂ ਰਹਿੰਦਾ।
ਉਹ ਕਹਿੰਦੇ ਹਨ, “ਜ਼ਿਆਦਾਤਰ ਬੱਚਿਆਂ ਵਿੱਚ ਇਸ ਬਿਮਾਰੀ ਦੇ ਪਹਿਲੇ ਲੱਛਣ ਜ਼ਿੰਦਗੀ ਦੇ ਪਹਿਲੇ ਸਾਲ ਦੌਰਾਨ ਹੀ ਦਿਖਾਈ ਦੇਣ ਲੱਗਦੇ ਹਨ।”
“ਇਨ੍ਹਾਂ ਵਿੱਚ ਵਿਕਾਸ ਵਿੱਚ ਦੇਰੀ ਸ਼ਾਮਲ ਹੈ। ਅਜਿਹੇ ਬੱਚੇ ਉਮੀਦ ਮੁਤਾਬਕ ਸਮੇਂ ਨਾਲੋਂ ਦੇਰ ਨਾਲ ਬੈਠਣਾ, ਖੜ੍ਹੇ ਹੋਣਾ ਜਾਂ ਤੁਰਨਾ ਸ਼ੁਰੂ ਕਰਦੇ ਹਨ। ਉਨ੍ਹਾਂ ਦੇ ਬੋਲਣ ਦੇ ਵਿਕਾਸ ਵਿੱਚ ਵੀ ਅਕਸਰ ਦੇਰੀ ਹੁੰਦੀ ਹੈ।”
ਜਦੋਂ ਇਸ ਬਿਮਾਰੀ ਤੋਂ ਪੀੜਤ ਬੱਚੇ ਦੀ ਉਮਰ ਚਾਰ ਤੋਂ ਛੇ ਸਾਲ ਦੇ ਵਿਚਕਾਰ ਪਹੁੰਚਦੀ ਹੈ ਤਾਂ ਉਸ ਦੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਵਿੱਚ ਅਕੜਾਅ ਵਧਣ ਲੱਗਦਾ ਹੈ।
ਇਸ ਨੂੰ ਸਪੈਸਟੀਸਿਟੀ ਕਿਹਾ ਜਾਂਦਾ ਹੈ। ਇਸ ਹਾਲਤ ਵਿੱਚ ਮਾਸਪੇਸ਼ੀਆਂ ਦਾ ਤਣਾਅ ਅਸਧਾਰਨ ਤੌਰ ‘ਤੇ ਵਧ ਜਾਂਦਾ ਹੈ।
ਸਮੇਂ ਦੇ ਨਾਲ ਇਹ ਬਿਮਾਰੀ ਵਧਦੀ ਜਾਂਦੀ ਹੈ ਅਤੇ ਜਿਹੜੇ ਬੱਚੇ ਪਹਿਲਾਂ ਤੁਰਨ ਅਤੇ ਬੋਲਣ ਦੇ ਯੋਗ ਹੁੰਦੇ ਹਨ, ਉਹ ਹੌਲੀ-ਹੌਲੀ ਇਹ ਸਮਰੱਥਾ ਗੁਆ ਸਕਦੇ ਹਨ।
ਡਾ. ਇਬਰਾਹਿਮੀ-ਫਖਾਰੀ ਮੁਤਾਬਕ, 10 ਜਾਂ 11 ਸਾਲ ਦੀ ਉਮਰ ਤੱਕ ਇਨ੍ਹਾਂ ਬੱਚਿਆਂ ਨੂੰ ਵ੍ਹੀਲਚੇਅਰ ਦੀ ਲੋੜ ਪੈਣ ਦੀ ਸੰਭਾਵਨਾ ਹੁੰਦੀ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਇਸ ਬਿਮਾਰੀ ਤੋਂ ਪੀੜਤ ਲੋਕਾਂ ਦੀ ਅਸਲ ਗਿਣਤੀ, ਹੁਣ ਤੱਕ ਸਾਹਮਣੇ ਆਏ ਪੁਸ਼ਟੀਸ਼ੁਦਾ ਮਾਮਲਿਆਂ ਨਾਲੋਂ ਕਿਤੇ ਵੱਧ ਹੋ ਸਕਦੀ ਹੈ।
ਐੱਸਪੀਜੀ47 ਤੋਂ ਪੀੜਤ ਬੱਚਿਆਂ ਦੇ ਮਾਪਿਆਂ ਵੱਲੋਂ ਸਥਾਪਤ ਕੀਤੀ ਗਈ ਬਾਇਓਟੈਕਨਾਲੋਜੀ ਫਾਰਮਾਸਿਊਟੀਕਲ ਸੰਸਥਾ ਬਲੈਕਫਿਨ ਬਾਇਓ ਦਾ ਅੰਦਾਜ਼ਾ ਹੈ ਕਿ ਦੁਨੀਆ ਭਰ ਵਿੱਚ ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ 3,600 ਤੋਂ ਵੱਧ ਹੋ ਸਕਦੀ ਹੈ।
Chris Edwards
ਡਾ. ਇਬਰਾਹਿਮੀ-ਫਖਾਰੀ ਦੱਸਦੇ ਹਨ ਕਿ ਸਰਕਾਰੀ ਅੰਕੜਿਆਂ ਅਤੇ ਅੰਦਾਜ਼ਨ ਮਾਮਲਿਆਂ ਦੀ ਗਿਣਤੀ ਵਿੱਚ ਇਹ ਫ਼ਰਕ ਇਸ ਲਈ ਹੈ, ਕਿਉਂਕਿ ਕਈ ਦੇਸ਼ਾਂ ਵਿੱਚ ਐੱਸਪੀਜੀ47 ਦੀ ਪਛਾਣ ਕਰਨ ਲਈ ਲੋੜੀਂਦੀਆਂ ਵਿਸ਼ੇਸ਼ ਜੈਨੇਟਿਕ ਜਾਂਚਾਂ ਦੀ ਸਹੂਲਤ ਉਪਲਬਧ ਨਹੀਂ ਹੈ।
ਇਸ ਦੇ ਨਤੀਜੇ ਵਜੋਂ ਕੁਝ ਬੱਚਿਆਂ ਦੀ ਬਿਮਾਰੀ ਨੂੰ ਸੇਰੇਬ੍ਰਲ ਪਾਲਸੀ (ਦਿਮਾਗੀ ਲਕਵਾ) ਸਮਝ ਲਿਆ ਜਾਂਦਾ ਹੈ। ਇਹ ਸ਼ਬਦ ਅਜਿਹੀਆਂ ਕਈ ਉਮਰ ਭਰ ਰਹਿਣ ਵਾਲੀਆਂ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ, ਜੋ ਸਰੀਰ ਦੀ ਹਿਲਜੁਲ ਅਤੇ ਤਾਲਮੇਲ ਨੂੰ ਪ੍ਰਭਾਵਿਤ ਕਰਦੀਆਂ ਹਨ।
ਕ੍ਰਿਸ ਐਡਵਰਡਜ਼ ਦੀ 12 ਸਾਲਾ ਧੀ ਰੌਬੀ ਹੁਣ ਵ੍ਹੀਲਚੇਅਰ ਦੀ ਵਰਤੋਂ ਕਰਦੀ ਹੈ। ਸਾਲ 2016 ਵਿੱਚ ਜਦੋਂ ਉਸ ਦੀ ਧੀ ਦੀ ਬਿਮਾਰੀ ਦੀ ਪਛਾਣ ਹੋਈ ਸੀ, ਉਦੋਂ ਉਹ ਦੁਨੀਆ ਵਿੱਚ ਐੱਸਪੀਜੀ47 ਦਾ ਦਸਵਾਂ ਪੁਸ਼ਟੀਸ਼ੁਦਾ ਮਾਮਲਾ ਸੀ।
ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਦੇ ਰਹਿਣ ਵਾਲੇ ਕ੍ਰਿਸ ਨੇ ਲੰਬੇ ਸਮੇਂ ਤੱਕ ਇਸ ਬਿਮਾਰੀ ਵੱਲ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਇਸ ਬਿਮਾਰੀ ਨਾਲ ਸਬੰਧਤ ਖੋਜ ਕਰ ਰਹੇ ਵਿਗਿਆਨਕ ਰਸਾਲਿਆਂ ਦੇ ਲੇਖਕਾਂ ਨਾਲ ਸੰਪਰਕ ਕੀਤਾ ਅਤੇ ਆਪਣੀ ਧੀ ਦੀਆਂ ਤਸਵੀਰਾਂ ਸਮੇਤ ਉਨ੍ਹਾਂ ਨੂੰ ਈਮੇਲ ਭੇਜੀਆਂ। ਉਨ੍ਹਾਂ ਨੇ ਇਨ੍ਹਾਂ ਮਾਹਰਾਂ ਤੋਂ ਸਲਾਹ ਅਤੇ ਮਦਦ ਮੰਗੀ।
2017 ਵਿੱਚ ਬੋਸਟਨ ਚਿਲਡਰਨਜ਼ ਹਸਪਤਾਲ ਵਿੱਚ ਮਾਹਰਾਂ ਦੇ ਇੱਕ ਸਮੂਹ ਦੀ ਮੀਟਿੰਗ ਹੋਈ। ਇਸ ਦੌਰਾਨ ਸਹਿਮਤੀ ਬਣੀ ਕਿ ਜੀਨ ਥੈਰੇਪੀ ਰਾਹੀਂ ਇਨ੍ਹਾਂ ਬੱਚਿਆਂ ਦੀ ਮਦਦ ਕਰਨ ਦੀਆਂ ਸਭ ਤੋਂ ਵੱਧ ਸੰਭਾਵਨਾਵਾਂ ਹਨ।
ਇਸ ਤੋਂ ਬਾਅਦ ਮਾਹਰਾਂ ਦੀ ਭਾਲ ਅਤੇ ਫੰਡ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਹੋਈ।
ਐਡਵਰਡਜ਼ ਦੱਸਦੇ ਹਨ ਕਿ ਇਸ ਦੌਰਾਨ ਉਨ੍ਹਾਂ ਨੇ ਦੁਨੀਆ ਦੀ ਲਗਭਗ ਹਰ ਉਸ ਕੰਪਨੀ ਨਾਲ ਸੰਪਰਕ ਕੀਤਾ, ਜੋ ਦੁਰਲੱਭ ਬਿਮਾਰੀਆਂ ਦੇ ਖੇਤਰ ਵਿੱਚ ਕੰਮ ਕਰ ਰਹੀ ਸੀ।
ਉਨ੍ਹਾਂ ਨੇ ਕੰਪਨੀਆਂ ਸਾਹਮਣੇ ਐੱਸਪੀਜੀ47 ਦੇ ਇਲਾਜ ਨੂੰ ਵਿਕਸਤ ਕਰਨ ਅਤੇ ਉਸ ਦੀ ਰਜਿਸਟ੍ਰੇਸ਼ਨ ਕਰਵਾਉਣ ਦਾ ਪ੍ਰਸਤਾਵ ਰੱਖਿਆ।
ਉਹ ਦੱਸਦੇ ਹਨ, “ਜ਼ਿਆਦਾਤਰ ਬਾਇਓਟੈਕਨਾਲੋਜੀ ਕੰਪਨੀਆਂ ਲਈ ਕਿਸੇ ਪ੍ਰੋਗਰਾਮ ਨੂੰ ਵਪਾਰਕ ਤੌਰ ‘ਤੇ ਲਾਹੇਵੰਦ ਮੰਨਣ ਵਾਸਤੇ ਘੱਟੋ-ਘੱਟ 500 ਸੰਭਾਵੀ ਮਰੀਜ਼ਾਂ ਦੀ ਲੋੜ ਹੁੰਦੀ ਹੈ।”
“ਮੈਂ ਬਹੁਤ ਸਾਰੇ ਨੇਕਦਿਲ, ਧਿਆਨ ਨਾਲ ਗੱਲ ਸੁਣਨ ਵਾਲੇ ਅਤੇ ਸੁਹਿਰਦ ਲੋਕਾਂ ਨੂੰ ਮਿਲਿਆ, ਪਰ ਆਖ਼ਰ ਵਿੱਚ ਸਾਰਿਆਂ ਦਾ ਜਵਾਬ ਇੱਕੋ ਜਿਹਾ ਸੀ: ਤੁਹਾਡਾ ਪ੍ਰੋਗਰਾਮ ਬਹੁਤ ਛੋਟਾ ਹੈ।”
‘ਸਮੇਂ ਨਾਲ ਦੌੜ’
Oleksii Bykov
ਦਰਜਨਾਂ ਕੰਪਨੀਆਂ ਵੱਲੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਐਡਵਰਡਜ਼ ਨੇ ਹੋਰ ਮਾਪਿਆਂ ਨਾਲ ਮਿਲ ਕੇ ਗ਼ੈਰ-ਮੁਨਾਫ਼ਾ ਸੰਸਥਾ ‘ਕਿਊਰ ਏਪੀ-4’ ਦੀ ਸਹਿ-ਸਥਾਪਨਾ ਕੀਤੀ।
ਬਾਅਦ ਵਿੱਚ ਉਨ੍ਹਾਂ ਨੇ ‘ਬਲੈਕਫਿਨ ਬਾਇਓ’ ਦੀ ਸਥਾਪਨਾ ਵਿੱਚ ਵੀ ਯੋਗਦਾਨ ਪਾਇਆ, ਤਾਂ ਜੋ ਐੱਸਪੀਜੀ47 ਦਾ ਇਲਾਜ ਸੰਭਵ ਬਣਾਇਆ ਜਾ ਸਕੇ।
ਕਈ ਦੇਸ਼ਾਂ ਦੇ ਪਰਿਵਾਰ ਇਸ ਇਲਾਜ ਨੂੰ ਵਿਕਸਤ ਕਰਨ ਲਈ ਪੈਸੇ ਇਕੱਠੇ ਕਰਨ ਵਾਸਤੇ ਇਕੱਠੇ ਹੋਏ। ਇਨ੍ਹਾਂ ਵਿੱਚ ਕ੍ਰੋਏਸ਼ੀਆ, ਭਾਰਤ, ਯੂਕਰੇਨ, ਲੀਬੀਆ, ਕੈਨੇਡਾ, ਜਪਾਨ, ਨੀਦਰਲੈਂਡਜ਼, ਅਮਰੀਕਾ ਅਤੇ ਬ੍ਰਿਟੇਨ ਦੇ ਪਰਿਵਾਰ ਸ਼ਾਮਲ ਸਨ।
ਨਿਕਾ ਦੇ ਪਿਤਾ ਓਲੇਕਸੀ ਬਾਇਕੋਵ ਦੱਸਦੇ ਹਨ ਕਿ ਪਹਿਲੀ ਵਾਰ ਆਪਣੀ ਧੀ ਦੀ ਬਿਮਾਰੀ ਬਾਰੇ ਜਨਤਕ ਤੌਰ ‘ਤੇ ਗੱਲ ਕਰਨੀ ਅਤੇ ਲੋਕਾਂ ਤੋਂ ਦਾਨ ਮੰਗਣਾ ਉਨ੍ਹਾਂ ਲਈ ਕਿੰਨਾ ਮੁਸ਼ਕਲ ਸੀ।
ਉਹ ਕਹਿੰਦੇ ਹਨ, “ਪਰ ਅਸੀਂ ਫ਼ੈਸਲਾ ਕੀਤਾ ਕਿ ਆਪਣੇ ਬੱਚੇ ਲਈ ਸਾਨੂੰ ਇਹ ਕਰਨਾ ਹੀ ਪਵੇਗਾ।”
ਪ੍ਰਭਾਵਿਤ ਪਰਿਵਾਰਾਂ ਵੱਲੋਂ ਇਕੱਠੀ ਕੀਤੀ ਗਈ ਰਕਮ ਦਾ ਇੱਕ ਹਿੱਸਾ ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਸ਼ੈਫੀਲਡ ਨੂੰ ਦਿੱਤਾ ਗਿਆ, ਜਿੱਥੇ ਡਾ. ਮਿਮੂਨ ਅਜ਼ੂਜ਼ ਨੇ ਐੱਸਪੀਜੀG47 ਲਈ ਜੀਨ ਥੈਰੇਪੀ ਵਿਕਸਤ ਕੀਤੀ।
ਇਸ ਇਲਾਜ ਵਿੱਚ ਨੁਕਸਾਨੇ ਗਏ ਏਪੀ4ਬੀ1 ਜੀਨ ਦੀ ਸਿਹਤਮੰਦ ਨਕਲ ਤਿਆਰ ਕਰਕੇ ਉਸ ਨੂੰ ਇੱਕ ਸੁਰੱਖਿਅਤ ਅਤੇ ਸੋਧੇ ਹੋਏ ਵਾਇਰਸ ਦੇ ਅੰਦਰ ਪਾਇਆ ਜਾਂਦਾ ਹੈ।
ਇਸ ਤੋਂ ਬਾਅਦ ਬੱਚੇ ਦੇ ਸਰੀਰ ਵਿੱਚ ਇਹ ਵਾਇਰਸ ਟੀਕੇ ਰਾਹੀਂ ਪਹੁੰਚਾਇਆ ਜਾਂਦਾ ਹੈ। ਇਹ ਵਾਇਰਸ ਸਿਹਤਮੰਦ ਜੀਨ ਨੂੰ ਦਿਮਾਗ਼ ਦੇ ਸੈੱਲਾਂ ਤੱਕ ਲੈ ਜਾਂਦਾ ਹੈ। ਇਸ ਤੋਂ ਬਾਅਦ ਸੈੱਲ ਨੁਕਸਾਨੇ ਹੋਏ ਜੀਨ ਦੀ ਬਜਾਏ ਜੀਨ ਦੀ ਨਵੀਂ ਸਿਹਤਮੰਦ ਨਕਲ ਦੀ ਵਰਤੋਂ ਕਰਨ ਲੱਗਦੇ ਹਨ।
ਖੋਜਕਾਰਾਂ ਮੁਤਾਬਕ, ਇਹ ਇਲਾਜ ਇੱਕ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਲਈ ਸਭ ਤੋਂ ਵੱਧ ਅਸਰਦਾਰ ਹੋਣ ਦੀ ਸੰਭਾਵਨਾ ਹੈ।
ਡਾ. ਇਬਰਾਹਿਮੀ-ਫਖਾਰੀ ਕਹਿੰਦੇ ਹਨ, “ਇਹ ਸਮੇਂ ਨਾਲ ਦੌੜ ਹੈ।”
ਉਹ ਦੱਸਦੇ ਹਨ, “ਜਦੋਂ ਕਿਸੇ ਮਰੀਜ਼ ਦੀਆਂ ਸਰੀਰਕ ਜਾਂ ਦਿਮਾਗੀ ਸਮਰੱਥਾਵਾਂ ਪਹਿਲਾਂ ਹੀ ਘਟਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਇਲਾਜ ਤੋਂ ਵੱਡਾ ਫ਼ਾਇਦਾ ਹੋਣ ਦੀਆਂ ਸੰਭਾਵਨਾਵਾਂ, ਬਿਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਇਲਾਜ ਕਰਨ ਦੇ ਮੁਕਾਬਲੇ ਕਾਫ਼ੀ ਘੱਟ ਜਾਂਦੀਆਂ ਹਨ।”
ਸਾਲ 2025 ਵਿੱਚ ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) ਨੇ ਬੱਚਿਆਂ ‘ਤੇ ਐੱਸਪੀਜੀ47 ਜੀਨ ਥੈਰੇਪੀ ਦੇ ਪਹਿਲੇ ਕਲੀਨਿਕਲ ਟਰਾਇਲ ਨੂੰ ਮਨਜ਼ੂਰੀ ਦਿੱਤੀ ਸੀ।
ਡਾ. ਇਬਰਾਹਿਮੀ-ਫਖਾਰੀ ਕਹਿੰਦੇ ਹਨ, “ਅੱਜ ਸਮੱਸਿਆ ਵਿਗਿਆਨ ਨਾਲ ਜੁੜੀ ਨਹੀਂ ਹੈ।”
ਪ੍ਰਭਾਵਿਤ ਬੱਚਿਆਂ ਦੇ ਮਾਪੇ ਹੁਣ ਤੱਕ ਲਗਭਗ 15 ਲੱਖ ਡਾਲਰ ਇਕੱਠੇ ਕਰ ਚੁੱਕੇ ਹਨ, ਪਰ ਕਲੀਨਿਕਲ ਟ੍ਰਾਇਲਾਂ ਲਈ ਅਜੇ ਵੀ ਤਕਰੀਬਨ 35 ਲੱਖ ਡਾਲਰ ਦੀ ਲੋੜ ਹੈ। ਇਨ੍ਹਾਂ ਟ੍ਰਾਇਲਾਂ ਦੌਰਾਨ ਪੰਜ ਸਾਲਾਂ ਤੱਕ ਇਲਾਜ ਦੀ ਸੁਰੱਖਿਆ ਅਤੇ ਅਸਰਦਾਰਤਾ ਦੀ ਜਾਂਚ ਕੀਤੀ ਜਾਵੇਗੀ।
Boston Children’s Hospital
ਡਾ. ਇਬਰਾਹਿਮੀ-ਫਖਾਰੀ ਦੱਸਦੇ ਹਨ ਕਿ ਜੇਕਰ ਖੋਜਕਰਤਾਵਾਂ ਨੂੰ ਅੱਜ ਲੋੜੀਂਦੀ ਰਕਮ ਮਿਲ ਜਾਵੇ ਤਾਂ ਉਹ ਮਹਿਜ਼ ਛੇ ਮਹੀਨਿਆਂ ਦੇ ਅੰਦਰ ਪਹਿਲੇ ਬੱਚੇ ਦਾ ਇਲਾਜ ਸ਼ੁਰੂ ਕਰ ਸਕਦੇ ਹਨ।
ਖ਼ਤਰਿਆਂ ਦੇ ਬਾਵਜੂਦ ਐੱਸਪੀਜੀ47 ਤੋਂ ਪੀੜਤ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਇਸ ਟ੍ਰਾਇਲ ਵਿੱਚ ਸ਼ਾਮਲ ਹੋਣ ਲਈ ਬੇਤਾਬ ਹਨ, ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਹੈ।
ਪੋਪੋਵਿਚ ਕਹਿੰਦੀ ਹੈ, “ਨਿਕਾ ਦੀ ਉਮਰ ਲਗਭਗ ਤਿੰਨ ਸਾਲ ਹੈ ਅਤੇ ਸਾਡੇ ਕੋਲ ਇਲਾਜ ਦੇ ਬਾਜ਼ਾਰ ਵਿੱਚ ਆਉਣ ਦੀ ਉਡੀਕ ਕਰਨ ਦਾ ਸਮਾਂ ਨਹੀਂ ਹੈ। ਇਸ ਵਿੱਚ ਕਈ ਸਾਲ ਲੱਗ ਸਕਦੇ ਹਨ।”
ਐਡਵਰਡਜ਼ ਦੇ ਅੰਦਾਜ਼ੇ ਮੁਤਾਬਕ, ਇਸ ਦਵਾਈ ਦੇ ਵਿਕਾਸ ਨੂੰ ਪੂਰੀ ਤਰ੍ਹਾਂ ਮੁਕੰਮਲ ਕਰਨ ਅਤੇ ਅਮਰੀਕਾ ਵਿੱਚ ਇਸ ਦੀ ਵਿਆਪਕ ਵਰਤੋਂ ਲਈ ਮਨਜ਼ੂਰੀ ਹਾਸਲ ਕਰਨ ਵਾਸਤੇ ਲਗਭਗ ਇੱਕ ਕਰੋੜ ਡਾਲਰ ਹੋਰ ਦੀ ਲੋੜ ਪਵੇਗੀ।
ਉਹ ਸਮਝਦੇ ਹਨ ਕਿ ਇਹ ਬਹੁਤ ਵੱਡੀ ਰਕਮ ਹੈ ਅਤੇ ਇਲਾਜ ਨੂੰ ਪੂਰੀ ਮਨਜ਼ੂਰੀ ਮਿਲਣ ਤੱਕ ਦਾ ਸਫ਼ਰ ਲੰਬਾ ਹੋ ਸਕਦਾ ਹੈ।
ਪੋਪੋਵਿਚ ਦੱਸਦੀ ਹੈ ਕਿ ਉਨ੍ਹਾਂ ਦਾ ਪਰਿਵਾਰ “ਪੈਸੇ ਇਕੱਠੇ ਕਰਨ ਦੇ ਹਰ ਸੰਭਵ ਮੌਕੇ ਦੀ ਭਾਲ ਲਗਾਤਾਰ ਕਰ ਰਿਹਾ ਹੈ।”
ਉਹ ਕਹਿੰਦੀ ਹੈ, “ਨਿਕਾ ਅਜੇ ਵੀ ਨਾ ਤਾਂ ਤੁਰ ਸਕਦੀ ਹੈ ਅਤੇ ਨਾ ਹੀ ਬੋਲ ਸਕਦੀ ਹੈ, ਪਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਹ ਸਮਝਦਾਰ ਅਤੇ ਖੁਸ਼ਮਿਜ਼ਾਜ਼ ਬੱਚੀ ਹੈ।”
ਐਡਵਰਡਜ਼ ਜਾਣਦੇ ਹਨ ਕਿ ਉਨ੍ਹਾਂ ਦੀ ਧੀ ਰੌਬੀ ਦੀ ਉਮਰ ਕਲੀਨਿਕਲ ਟ੍ਰਾਇਲਾਂ ਵਿੱਚ ਸ਼ਾਮਲ ਹੋਣ ਲਈ ਹੁਣ ਬਹੁਤ ਜ਼ਿਆਦਾ ਹੋ ਚੁੱਕੀ ਹੈ ਅਤੇ ਸੰਭਾਵਨਾ ਹੈ ਕਿ ਉਸ ਨੂੰ ਇਸ ਇਲਾਜ ਦਾ ਲਾਭ ਵੀ ਨਹੀਂ ਮਿਲ ਸਕੇਗਾ।
ਉਹ ਕਹਿੰਦੇ ਹਨ, “ਮੈਂ ਹਰ ਰੋਜ਼ ਇਹ ਕੰਮ ਇਸ ਉਮੀਦ ਨਾਲ ਕਰਦਾ ਹਾਂ ਕਿ ਉਹ ਪਲ ਦੇਖ ਸਕਾਂ, ਜਦੋਂ ਪਹਿਲੇ ਪਰਿਵਾਰ ਨੂੰ ਇਹ ਇਲਾਜ ਮਿਲੇਗਾ ਅਤੇ ਇਸ ਨਾਲ ਉਨ੍ਹਾਂ ਦੇ ਬੱਚੇ ਦੀ ਜ਼ਿੰਦਗੀ ਬਿਹਤਰ ਹੋ ਜਾਵੇਗੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




