Source :- BBC PUNJABI

ਤਸਵੀਰ ਸਰੋਤ, Ravinder Singh Robin
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੂੰ ਤਨਖ਼ਾਹੀਆ ਐਲਾਨਿਆਂ ਗਿਆ ਹੈ। ਇਸ ਤੋਂ ਬਾਅਦ ਪੰਥਕ ਧਿਰਾਂ ਦੇ ਵਖਰੇਵੇਂ ਹੋਰ ਉੱਭਰ ਕੇ ਸਾਹਮਣੇ ਆਏ ਹਨ।
ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ।
ਹਾਲਾਂਕਿ, ਸਿੱਖਾਂ ਦੀ ਸਿਰਮੌਰ ਸੰਸਥਾ ਵਜੋਂ ਪ੍ਰਵਾਨੇ ਜਾਂਦੇ ਅਕਾਲ ਤਖ਼ਤ ਨੇ ਵੀਰਵਾਰ ਨੂੰ ਇੱਕ ਮੀਟਿੰਗ ਸੱਦੀ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਇਨ੍ਹਾਂ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਅਕਾਲ ਤਖ਼ਤ ਵੱਲੋਂ ਮੁਆਫ਼ ਕਰਨ ਦਾ ਮਾਮਲਾ ਵੀ ਦੋਵਾਂ ਤਖ਼ਤਾਂ ਵਿੱਚ ਵਿਵਾਦ ਦਾ ਕਾਰਨ ਬਣਿਆ ਹੈ।
ਦੋਵਾਂ ਤਖ਼ਤਾਂ ਵੱਲੋਂ ਇੱਕ ਦੂਜੇ ਦੇ ਹੁਕਮਨਾਮਿਆਂ ਨੂੰ ਮੰਨਣ ਤੋਂ ਇਨਕਾਰੀ ਹੋਣ ਨੂੰ ਕੁਝ ਮਾਹਰ ਸਿਆਸਤ ਤੋਂ ਪ੍ਰੇਰਿਤ ਦੱਸਦੇ ਹਨ ਤਾਂ ਕੁਝ ਮਾਹਰ ਇਸ ਨੂੰ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਵਜੋਂ ਵੀ ਦੇਖਦੇ ਹਨ।
ਸਵਾਲ ਇਹ ਵੀ ਉੱਠਦਾ ਹੈ ਕਿ, ਕੀ ਅਕਾਲ ਤਖ਼ਤ ਦੇ ਹੁਕਮਨਾਮਿਆਂ ਨੂੰ ਨਕਾਰਕੇ ਕੋਈ ਹੋਰ ਤਖ਼ਤ ਅਕਾਲ ਤਖ਼ਤ ਦੇ ਜਥੇਦਾਰ ਨੂੰ ਤਨਖ਼ਾਹੀਆ ਕਰਾਰ ਦੇ ਸਕਦਾ ਹੈ?
ਤਖ਼ਤ ਸ੍ਰੀ ਪਟਨਾ ਸਾਹਿਬ ਵਿੱਚ ਪੰਜ ਪਿਆਰਿਆਂ ਦੀ ਮੀਟਿੰਗ

ਤਸਵੀਰ ਸਰੋਤ, Getty Images
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬੁੱਧਵਾਰ ਨੂੰ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਪੰਜ ਪਿਆਰਿਆਂ ਦੀ ਮੀਟਿੰਗ ਸੱਦੀ ਗਈ ਸੀ।
ਇਸ ਮੀਟਿੰਗ ਵਿੱਚ ਤਖ਼ਤ ਦੇ ਵਧੀਕ ਹੈੱਡ ਗ੍ਰੰਥੀ ਦਲੀਪ ਸਿੰਘ ਤੇ ਗੁਰਦਿਆਲ ਸਿੰਘ, ਸੀਨੀਅਰ ਮੀਤ ਗ੍ਰੰਥੀ ਪਰਸ਼ੂਰਾਮ ਸਿੰਘ ਅਤੇ ਮੀਤ ਗ੍ਰੰਥੀ ਅਮਰਜੀਤ ਸਿੰਘ ਮੌਜੂਦ ਸਨ।
ਮੀਟਿੰਗ ਤੋਂ ਬਾਅਦ ਪੰਜ ਸਿੰਘ ਸਹਿਬਾਨ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ।
ਹੁਕਮਨਾਮੇ ਵਿੱਚ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਜਥੇਦਾਰ ਬਾਬਾ ਟੇਕ ਸਿੰਘ ਨੂੰ ਕਥਿਤ ਅਤੇ ਆਪੇ ਥਾਪੇ ਜਥੇਦਾਰ ਦੱਸਦਿਆਂ ਅਸਵਿਕਾਰਿਆਂ ਕਰਾਰ ਦਿੱਤਾ ਗਿਆ ਅਤੇ ਦੋਵਾਂ ਨੂੰ ਤਨਖ਼ਾਹੀਆ ਵੀ ਐਲਾਨਿਆ ਹੈ।
ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ, ਅੰਮ੍ਰਿਤਸਰ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਮੁਆਫ਼ੀ ਦੇਣ ਵਾਲੇ ਹੁਕਮਨਾਮੇ ਨੂੰ ਮੰਨਣ ਤੋਂ ਵੀ ਇਨਕਾਰ ਕੀਤਾ ਗਿਆ ਹੈ।
ਕਿਹਾ ਗਿਆ ਕਿ ਜਥੇਦਾਰ ਗੌਹਰ ਪਹਿਲਾਂ ਜਾਰੀ ਹੁਕਮਨਾਮੇ ਮੁਤਾਬਕ ਤਨਖਾਹੀਆ ਅਤੇ ਪੰਥ ਵਿੱਚੋਂ ਛੇਕੇ ਹੋਏ ਹਨ, ਉਹ ਹੁਕਮਨਾਮਾ ਲਾਗੂ ਰਹੇਗਾ।
ਪੰਜ ਪਿਆਰਿਆਂ ਨੇ ਸ੍ਰੀ ਅਕਾਲ ਤਖ਼ਤ ਤੋਂ ਜਾਰੀ ਕੀਤੇ ਗਏ ਹੁਕਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਅਤੇ ਇਸ ਨੂੰ ਰੱਦ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਅੱਜ ਤੋਂ ਸ੍ਰੀ ਅਕਾਲ ਤਖ਼ਤ ਜਾਂ ਬਾਹਰੀ ਕਿਸੇ ਵੀ ਤਖ਼ਤ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਆਦੇਸ਼ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਾ ਲਾਗੂ ਕੀਤਾ ਜਾਵੇਗਾ ਅਤੇ ਨਾ ਹੀ ਮੰਨਿਆ ਜਾਵੇਗਾ।
ਅਕਾਲ ਤਖ਼ਤ ਦਾ ਹੁਕਮਨਾਮਾ ਕੀ ਸੀ

ਤਸਵੀਰ ਸਰੋਤ, Getty Images
ਸ੍ਰੀ ਅਕਾਲ ਤਖ਼ਤ ਤੋ ਜਾਰੀ ਕੀਤੇ ਗਏ ਹੁਕਮਨਾਮੇ ਮੁਤਾਬਕ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਨੂੰ ਤਲਬ ਕੀਤਾ ਗਿਆ ਹੈ।
ਹਾਲਾਂਕਿ ਤਖ਼ਤ ਸ੍ਰੀ ਪਟਨਾ ਸਾਹਿਬ ਨੇ ਅਕਾਲ ਤਖ਼ਤ ਦੇ ਇਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਅਹੁਦੇਦਾਰਾਂ ਨੂੰ ਵੀ ਤਾਕੀਦ ਕੀਤੀ ਕਿ ਜੇ ਕੋਈ ਸ੍ਰੀ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਪਾਲਣਾ ਕਰੇਗਾ ਉਸ ਖ਼ਿਲਾਫ਼ ਮਰਿਆਦਾ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।
ਇੱਕ ਹੋਰ ਮਾਮਲਾ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨਾਲ ਜੁੜਿਆ ਹੈ।
ਗੌਹਰ ਨੂੰ ਸ੍ਰੀ ਅਕਾਲ ਤਖ਼ਤ ਵਲੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਧਾਰਮਿਕ ਪ੍ਰਚਾਰ ਕਰਨ ਉੱਤੇ ਵੀ ਪਾਬੰਦੀ ਲਾਈ ਗਈ ਸੀ।
ਪਰ ਬੀਤੇ ਦਿਨੀਂ ਅਕਾਲ ਤਖ਼ਤ ਨੇ ਗੌਹਰ ਦੀ ਮੁਆਫ਼ੀ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਉੱਤੇ ਲਾਈਆਂ ਗਈਆਂ ਪਾਬੰਦੀਆਂ ਹਟਾ ਦਿੱਤੀਆਂ ਸਨ।
ਇਸ ਬਾਰੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹੁਕਮਨਾਮੇ ਵਿੱਚ ਕਿਹਾ ਗਿਆ ਹੈ ਕਿ ਜਥੇਦਾਰ ਗੌਹਰ ਪਹਿਲਾਂ ਜਾਰੀ ਹੁਕਮਨਾਮੇ ਮੁਤਾਬਕ ਤਨਖਾਹੀਆ ਅਤੇ ਪੰਥ ਵਿੱਚੋਂ ਛੇਕੇ ਹੋਏ ਹਨ, ਉਹ ਹੁਕਮਨਾਮਾ ਲਾਗੂ ਰਹੇਗਾ।
‘ਤਖ਼ਤ ਸ੍ਰੀ ਪਟਨਾ ਸਾਹਿਬ, ਅਕਾਲ ਤਖ਼ਤ ਦੇ ਫ਼ੈਸਲਿਆਂ ਵਿਰੁੱਧ ਨਹੀਂ ਜਾ ਸਕਦਾ’

ਤਸਵੀਰ ਸਰੋਤ, Takhat Sri Harimandir Ji Patna Sahib
ਕੀ ਤਖ਼ਤ ਸ੍ਰੀ ਪਟਨਾ ਸਾਹਿਬ ਅਕਾਲ ਤਖ਼ਤ ਦੇ ਜਥੇਦਾਰ ਨੂੰ ਤਨਖਾਹੀਆ ਕਰਾਰ ਦੇ ਸਕਦਾ ਹੈ?
ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦਾਅਵਾ ਕਰਦੇ ਹਨ ਕਿ ਅਜਿਹਾ ਇਤਿਹਾਸ ਵਿੱਚ ਕਦੇ ਨਹੀਂ ਹੋਇਆ ਕਿ ਅਕਾਲ ਤਖ਼ਤ ਦੇ ਜਥੇਦਾਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੋਵੇ।
“ਅਕਾਲ ਤਖ਼ਤ ਸਿੱਖਾਂ ਦੀ ਸਰਵ-ਉੱਚ ਸੰਸਥਾ ਹੈ ਅਤੇ ਉਸ ਵੱਲੋਂ ਕੀਤੇ ਗਏ ਐਲਾਨ ਨੂੰ ਮੰਨਣਾ ਹਰ ਇੱਕ ਦਾ ਫ਼ਰਜ਼ ਹੈ।”
ਗੁਰਚਰਨ ਸਿੰਘ ਗਰੇਵਾਲ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਲੋਂ ਦਸੰਬਰ, 2022 ਵਿੱਚ ਜਾਰੀ ਕੀਤੀ ਗਈ ਚਿੱਠੀ ਦਾ ਹਵਾਲਾ ਵੀ ਦਿੱਤਾ ਜਿਸ ਵਿੱਚ ਲਿਖਿਆ ਗਿਆ ਹੈ, “ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨਣਾ ਹਰ ਇੱਕ ਸਿੱਖ ਦਾ ਧਰਮ ਅਤੇ ਫ਼ਰਜ ਹੈ। ਅਕਾਲ ਤਖ਼ਤ ਦੇ ਪਵਿੱਤਰ ਹੁਕਮ ਦੀ ਉਲੰਘਣਾ ਕਰਨਾ ਕੰਟੈਪਟ ਆਫ਼ ਕੋਰਟ ਵਰਗਾ ਵੀ ਮੰਨਿਆਂ ਜਾਂਦਾ ਹੈ।”
ਹਾਲਾਂਕਿ, ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਕਹਿੰਦੇ ਹਨ, “ਪੰਥਕ ਮਾਮਲਿਆਂ ਵਿੱਚ ਤੰਦ ਨਹੀਂ ਬਲਕਿ ਤਾਣੀ ਵਿਗੜ ਗਈ ਹੈ। ਯਾਨੀ ਮਰਿਆਦਾ ਦਾ ਤੇ ਮੀਰੀ ਪੀਰੀ ਦੇ ਸਿਧਾਂਤ ਦਾ ਖ਼ਿਆਲ ਰੱਖੇ ਬਿਨ੍ਹਾਂ ਸਿਆਸਤ ਤੋਂ ਪ੍ਰੇਰਿਤ ਹੋ ਕੇ ਫ਼ੈਸਲੇ ਲਏ ਜਾ ਰਹੇ ਹਨ।”
ਉਹ ਕਹਿੰਦੇ ਹਨ, “ਇਸ ਵਾਰ ਮਾਮਲਾ ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਮੁਆਫ਼ੀ ਦੇਣ ਨਾਲ ਵਿਗੜਿਆ ਹੈ। ਜਦੋਂਕਿ ਵੱਡੀ ਗਿਣਤੀ ਸਿੱਖ ਵੀ ਇਸ ਮੁਆਫ਼ੀ ਨੂੰ ਸਹੀ ਨਹੀਂ ਮੰਨਦੇ।”
ਜਥੇਦਾਰ ਰਣਜੀਤ ਸਿੰਘ ਕਹਿੰਦੇ ਹਨ ਕਿ ਸਮਾਂ ਆ ਗਿਆ ਹੈ ਜਦੋਂ ਤਖ਼ਤਾਂ ਦੇ ਅਹੁਦੇਦਾਰ ਆਪਣੀਆਂ ਪੰਥਕ ਜ਼ਿੰਮੇਵਾਰੀਆਂ ਨੂੰ ਗੁਰੂ ਦੀ ਦੱਸੀ ਮਰਿਆਦਾ ਮੁਤਾਬਕ ਨਿਭਾਉਣ ਨਾ ਕਿ ਸਿਆਸੀ ਦੁਬਾਵਾਂ ਹੇਠ ਫ਼ੈਸਲੇ ਲੈਣ।
ਅਸੀਂ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨਾਲ ਫੋਨ ਜ਼ਰੀਏ ਸੰਪਰਕ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਹੋ ਸਕੀ।
ਜਦੋਂ ਅਕਾਲ ਤਖ਼ਤ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ

ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਜਾਂ ਨਹੀਂ ਇਸ ਬਾਰੇ ਗੁਰਚਰਨ ਸਿੰਘ ਗਰੇਵਾਲ ਕਹਿੰਦੇ ਹਨ ਕਿ ਕੋਈ ਵੀ ਤਖ਼ਤ ਅਜਿਹਾ ਨਹੀਂ ਕਰ ਸਕਦਾ।
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਫ਼ੈਸਲੇ ਬਾਰੇ ਉਹ ਕਹਿੰਦੇ ਹਨ ਕਿ ਹਰ ਤਖ਼ਤ ਵਲੋਂ ਆਪਣੇ ਪੰਜ ਪਿਆਰੇ ਥਾਪੇ ਜਾਂਦੇ ਹਨ। ਉਹ ਤਖ਼ਤਾਂ ਤੇ ਅੰਮ੍ਰਿਤ ਸੰਚਾਰ ਦੇ ਕਾਰਜ ਦਾ ਪ੍ਰਬੰਧਨ ਵੀ ਕਰਦੇ ਹਨ।
ਗਰੇਵਾਲ ਨੇ ਕਿਹਾ,”ਪੰਜ ਪਿਆਰੇ ਗੁਰਦੁਆਰਿਆਂ ਵਿੱਚ ਵੀ ਥਾਪੇ ਜਾ ਸਕਦੇ ਹਨ, ਪਰ ਉਨ੍ਹਾਂ ਕੋਲ ਇਸ ਤਰ੍ਹਾਂ ਅਕਾਲ ਤਖ਼ਤ ਜਾਂ ਉਸ ਦੇ ਜਥੇਦਾਰ ਦੇ ਖ਼ਿਲਾਫ਼ ਫ਼ੈਸਲਾ ਲੈਣ ਦਾ ਅਖ਼ਤਿਆਰ ਨਹੀਂ ਹੁੰਦਾ।”
ਮਾਹਰ ਇਸ ਨੂੰ ਹੋਰ ਨਜ਼ਰੀਏ ਤੋਂ ਦੇਖਦੇ ਹਨ।
ਸਿੱਖ ਮਾਮਲਿਆਂ ਦੇ ਮਾਹਰ ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਕੋਈ ਤਖ਼ਤ ਬੇਸ਼ੱਕ ਅਕਾਲ ਤਖ਼ਤ ਦੇ ਫ਼ੈਸਲੇ ਨੂੰ ਨਹੀਂ ਉਲਟਾ ਸਕਦਾ ਪਰ ਸੰਗਤ ਅਜਿਹਾ ਕਰ ਸਕਦੀ ਹੈ।
ਉਹ ਕਹਿੰਦੇ ਹਨ ਕਿ ਐੱਸਜੀਪੀਸੀ ਐਕਟ ਦੇ ਮੁਤਾਬਕ ਵੱਖ-ਵੱਖ ਤਖ਼ਤਾਂ ਦੇ ਜਥੇਦਾਰਾਂ ਦੀ ਜਿੰਮੇਵਾਰੀ ਉਨ੍ਹਾਂ ਥਾਵਾਂ ਦੀ ਧਾਰਮਿਕ ਮਰਿਆਦਾ ਨੂੰ ਸੰਭਾਲਣਾ ਹੈ। ਇਹ ਪੰਥ ਦੇ ਜਥੇਦਾਰ ਵਜੋਂ ਕੰਮ ਨਹੀਂ ਕਰ ਸਕਦੇ। ਇੱਕ ਇਕੱਲਿਆਂ ਕੋਈ ਵੀ ਫ਼ੈਸਲਾ ਨਹੀਂ ਲੈ ਸਕਦੇ।”
“ਪੰਥਕ ਫ਼ੈਸਲੇ ਸਰਬੱਤ ਖ਼ਾਲਸਾ ਹੀ ਕਰਦਾ ਹੈ। ਉਹ ਫ਼ੈਸਲੇ ਜਿਹੜੇ ਸਮੁੱਚੇ ਪੰਥ ਨੂੰ ਪ੍ਰਭਾਵਿਤ ਕਰਦੇ ਹਨ ਉਹ ਸੰਗਤ ਵਲੋਂ ਲਏ ਜਾਂਦੇ ਹਨ।”
ਉਹ ਕਹਿੰਦੇ ਹਨ ਕਿ ਅਕਾਲ ਤਖ਼ਤ ਦੇ ਫ਼ੈਸਲੇ ਨੂੰ ਵੀ ਸੰਗਤ ਹੀ ਚੁਣੌਤੀ ਦੇ ਸਕਦੀ ਹੈ।
ਇਸ ਨੂੰ ਗੁਰਪ੍ਰੀਤ ਸਿੰਘ ਨੇ ਇੱਕ ਉਦਾਹਰਣ ਨਾਲ ਸਮਝਾਇਆ,”ਜਦੋਂ 2015 ਵਿੱਚ ਅਕਾਲ ਤਖ਼ਤ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦਾ ਮੁਆਫ਼ੀਨਾਮਾ ਕਬੂਲਿਆ ਸੀ ਉਸ ਸਮੇਂ ਸੰਗਤ ਨੇ ਹੀ ਅਕਾਲ ਤਖ਼ਤ ਦਾ ਫ਼ੈਸਲਾ ਉਲਟਵਾਇਆ ਸੀ।”
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਸੈਂਟਰ ਦੇ ਪ੍ਰੋਫ਼ੈਸਰ ਅਮਰਜੀਤ ਸਿੰਘ ਵੀ ਇਸ ਤੱਥ ਨਾਲ ਹਾਮੀ ਭਰਦੇ ਹਨ,”ਨੈਤਿਕ ਤੌਰ ਉੱਤੇ ਅਤੇ ਮਰਿਆਦਾ ਦੇ ਪੱਖ ਤੋਂ ਅਕਾਲ ਤਖ਼ਤ ਦੇ ਹੁਕਮਾਂ ਨੂੰ ਨਾਮਨਜ਼ੂਰ ਕਰਨਾ ਗ਼ਲਤ ਹੈ।”
“ਪਰ ਸਿੱਖ ਪੰਥ ਵਿੱਚ ਸਭ ਤੋਂ ਵੱਧ ਤਾਕਤ ਸੰਗਤ ਦੇ ਹੱਥ ਹੈ। ਕਈ ਵਾਰ ਜਦੋਂ ਅਹੁਦੇਦਾਰ ਸੰਸਥਾਵਾਂ ਦੇ ਕੱਦ ਦੇ ਨਹੀਂ ਹੁੰਦੇ ਉਸ ਸਮੇਂ ਸੰਗਤ ਆਪਣਾ ਫ਼ੈਸਲਾ ਸੁਣਾਉਂਦੀ ਹੈ।”
ਉਹ ਕਹਿੰਦੇ ਹਨ,”ਜਥੇਦਾਰ ਦੇ ਫ਼ੈਸਲਿਆਂ ਨੂੰ ਚੁਣੌਤੀ ਦੇਣ ਲਈ ਸਰਬੱਤ ਖ਼ਾਲਸਾ ਸੱਦਣ ਦੀ ਵੀ ਲੋੜ ਨਹੀਂ ਪੈਂਦੀ। ਜਿਵੇਂ ਕਿ ਰਾਮ ਰਹੀਮ ਦੇ ਮਾਮਲੇ ਵਿੱਚ ਸੰਗਤ ਦੀ ਆਵਾਜ਼ ਦੇ ਆਧਾਰ ਉੱਤੇ ਹੀ ਅਕਾਲ ਤਖ਼ਤ ਨੇ ਰਾਮ ਰਹੀਮ ਨੂੰ ਦਿੱਤੀ ਮਾਫ਼ੀ ‘ਤੇ ਲਏ ਆਪਣੇ ਫ਼ੈਸਲਿਆਂ ਨੂੰ ਉਲਟਾਇਆ।”
ਮਾਹਰਾਂ ਦਾ ਮੰਨਣਾ ਹੈ ਕਿ ਪੰਥ ਦੇ ਫ਼ੈਸਲੇ ਲੈਣ ਦਾ ਅਖਤਿਆਰ ਸੰਗਤ ਦਾ ਹੈ ਅਤੇ ਸੰਗਤ ਕੋਲ ਅਕਾਲ ਤਖ਼ਤ ਜਾਂ ਜਥੇਦਾਰਾਂ ਦੇ ਲਏ ਫ਼ੈਸਲੇ ਉਲਟਾਉਣ ਦਾ ਵੀ ਅਧਿਕਾਰ ਹੈ।

ਤਸਵੀਰ ਸਰੋਤ, Getty Images
‘ਸਿਆਸਤ ਸੰਸਥਾਵਾਂ ‘ਤੇ ਭਾਰੂ ਹੋ ਰਹੀ ਹੈ’
ਹਾਲ ਦੇ ਘਟਨਾਕ੍ਰਮ ਨੂੰ ਮਾਹਰ ਪੰਥਕ ਘੱਟ ਅਤੇ ਸਿਆਸਤ ਤੋਂ ਵੱਧ ਪ੍ਰੇਰਿਤ ਦੱਸਦੇ ਹਨ।
ਗੁਰਪ੍ਰੀਤ ਸਿੰਘ ਕਹਿੰਦੇ ਹਨ, “ਪੰਥਕ ਫ਼ੈਸਲੇ ਕਦੇ ਵੀ ਦੋ ਧਿਰਾਂ ਵਲੋਂ ਨਹੀਂ ਲਏ ਜਾ ਸਕਦੇ। ਅਜਿਹਾ ਨਹੀਂ ਹੁੰਦਾ ਕਿ ਕੋਈ ਇੱਕ ਤਖ਼ਤ ਫ਼ੈਸਲਾ ਲਵੇ ਅਤੇ ਦੂਸਰਾ ਉਸ ਨੂੰ ਨਾ-ਮਨਜ਼ੂਰ ਕਰ ਦੇਵੇ।”
“ਪਰ ਮੌਜੂਦਾ ਮਾਮਲਾ ਸਿਆਸਤ ਦਾ ਹੈ। ਇਸ ਵਿੱਚ ਫ਼ੈਸਲੇ ਸਰਬ-ਸਹਿਮਤੀ ਨਾਲ ਨਹੀਂ ਲਏ ਗਏ ਬਲਕਿ ਆਪਣੇ ਸੌੜੇ ਹਿੱਤਾਂ ਦੇ ਆਧਾਰ ਉੱਤੇ ਲਏ ਗਏ ਹਨ।”
ਉਹ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਸਿੱਖਾਂ ਦੇ ਵੱਡੇ ਤਬਕੇ ਵਲੋਂ ਨਾ-ਸਵਿਕਾਰੇ ਜਾਣ ਨੂੰ ਵੀ ਅਜਿਹੇ ਘਟਨਾਕ੍ਰਮ ਲਈ ਜਿੰਮੇਵਾਰ ਮੰਨਦੇ ਹਨ।
ਗੁਰਪ੍ਰੀਤ ਸਿੰਘ ਕਹਿੰਦੇ ਹਨ,”ਅਹੁਦੇ ਸਿਆਸੀ ਤੌਰ ਉੱਤੇ ਦਿੱਤੇ ਜਾ ਰਹੇ, ਇਸ ਲਈ ਸੰਗਤ ਵਲੋਂ ਸਵਿਕਾਰੇ ਵੀ ਨਹੀਂ ਜਾ ਰਹੇ।”
ਅਮਰਜੀਤ ਵੀ ਇਸ ਤੱਥ ਨਾਲ ਇਤਫ਼ਾਕ ਰੱਖਦੇ ਹਨ। ਉਹ ਸੰਸਥਾਵਾਂ ਨੂੰ ਸਿਆਸਤ ਤੋਂ ਪਰੇ ਪੰਥਕ ਮਾਮਲਿਆਂ ਲਈ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੰਦੇ ਹਨ।
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਥਕ ਸੰਸਥਾਵਾਂ ਅਤੇ ਪੰਥਕ ਮਸਲਿਆਂ ਨੂੰ ਸੰਜੀਦਗੀ ਨਾਲ ਹੀ ਹੱਲ ਕਰਨਾ ਚਾਹੀਦਾ ਹੈ ਅਤੇ ਇਸ ਲਈ ਆਪਸੀ ਵਿਚਾਰ-ਵਟਾਂਦਰੇ ਦਾ ਰਾਹ ਹੀ ਬਿਹਤਰ ਰਸਤਾ ਹੈ।”
ਉਨ੍ਹਾਂ ਆਖਿਆ ਕਿ ਅਜਿਹੇ ਆਪਸੀ ਟਕਰਾਅ ਵਾਲੇ ਮਾਹੌਲ ਨਾਲ ਕੌਮ ਅੰਦਰ ਦੁਬਿਧਾ ਬਣੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI