Source :- BBC PUNJABI
ਤਸਵੀਰ ਸਰੋਤ, Getty Images
ਈਰਾਨ ਦੇ ਨਾਲ ਅਮਰੀਕਾ-ਈਜ਼ਰਾਇਲ ਦੀ ਜੰਗ ਖ਼ਤਮ ਕਰਨ ਦੇ ਲਈ ਹੁਣ ਸਮਝੌਤਾ ਹੋ ਗਿਆ ਹੈ ਅਤੇ ਅਧਿਕਾਰਤ ਅੰਕੜੇ ਦੱਸਦੇ ਹਨ ਕਿ ਫਰਵਰੀ ਤੋਂ ਸ਼ੁਰੂ ਹੋਈ ਇਸ ਜੰਗ ਵਿੱਚ ਪੂਰੇ ਮੱਧ ਪੂਰਬ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ।
28 ਫਰਵਰੀ ਤੋਂ ਈਰਾਨ ਅਤੇ ਲੇਬਨਾਨ ਵਿੱਚ 7,300 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ।
ਦੋਵੇਂ ਦੇਸ਼ਾਂ ਦੀਆਂ ਅਧਿਕਾਰਤ ਰਿਪੋਰਟਾਂ ਅਨੁਸਾਰ ਇਨ੍ਹਾਂ ਵਿੱਚ ਸੈਂਕੜੇ ਬੱਚੇ ਅਤੇ ਦਰਜਨਾਂ ਸਿਹਤ ਕਰਮੀ ਸ਼ਾਮਲ ਹਨ। ਇਸ ਤੋਂ ਇਲਾਵਾ ਇਲਾਕੇ ਦੇ ਹੋਰ ਹਿੱਸਿਆਂ ਵਿੱਚ ਕਈ ਲੋਕ ਮਾਰੇ ਗਏ ਹਨ।
ਹਾਲਾਂਕਿ ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਲਗਭਗ ਨਿਸ਼ਚਿਤ ਰੂਪ ਤੋਂ ਘੱਟ ਹਨ।
ਮਾਹਰਾਂ ਨੇ ਬੀਬੀਸੀ ਵੈਰੀਫਾਈ ਨੂੰ ਦੱਸਿਆ ਕਿ ਇੰਟਰਨੈੱਟ, ਮੀਡੀਆ ਅਤੇ ਸਰਕਾਰੀ ਪਾਬੰਦੀਆਂ ਦੇ ਨਾਲ-ਨਾਲ ਕੁਝ ਖੇਤਰਾਂ ਵਿੱਚ ਹਥਿਆਰਬੰਦ ਸਮੂਹਾਂ ਦੀ ਮੌਜੂਦਗੀ ਦੇ ਕਾਰਨ ਅਵਿਸ਼ਵਾਸਯੋਗ ਅੰਕੜਿਆਂ ਅਤੇ ਪਾਬੰਦੀਆਂ ਦੇ ਕਾਰਨ ਸਹੀ ਰਿਪੋਰਟ ਸਾਹਮਣੇ ਨਹੀਂ ਆ ਰਹੀ ਹੈ।
ਯੂਕੇ ਸਥਿਤ ਚੈਰਿਟੀ ‘ਐਕਸ਼ਨ ਆਨ ਆਰਮਡ ਵਾਇਲੈਂਸ’ ਦੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਇਆਨ ਓਵਰਟਨ ਨੇ ਕਿਹਾ ਕਿ ਕਈ ਦੇਸ਼ਾਂ ਵਿੱਚ ਚੱਲ ਰਹੇ ਟਕਰਾਅ ਦਾ ਮਤਲਬ ਹੈ ਕਿ ਮਾਰੇ ਗਏ ਲੋਕਾਂ ਦੇ ਅੰਕੜੇ “ਅਕਸਰ ਅਧੂਰੇ, ਦੇਰੀ ਨਾਲ ਮਿਲਦੇ ਹਨ ਜਾਂ ਇਨ੍ਹਾਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਕਰਨਾ ਅਸੰਭਵ” ਹੁੰਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ‘ਅੰਤਿਮ ਮੌਤਾਂ ਦਾ ਅੰਕੜਾ ਸ਼ਾਇਦ ਸੰਘਰਸ਼ ਖਤਮ ਹੋਣ ਦੇ ਸਾਲਾਂ ਬਾਅਦ ਵੀ ਵਿਵਾਦਤ ਰਹੇਗਾ।’
ਈਰਾਨ
ਤਸਵੀਰ ਸਰੋਤ, Getty Images
ਈਰਾਨੀ ਸਰਕਾਰ ਦੇ ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਦੀ ਸ਼ੁਰੂਆਤ ਤੋਂ ਅਪ੍ਰੈਲ ਦੇ ਮੱਧ ਤੱਕ ਘੱਟੋ-ਘੱਟ 3,468 ਈਰਾਨੀ ਮਾਰੇ ਗਏ, ਜਿਨ੍ਹਾਂ ਵਿੱਚ 499 ਔਰਤਾਂ ਸ਼ਾਮਲ ਸਨ।
ਸਰਕਾਰੀ ਸਮਾਚਾਰ ਏਜੰਸੀ ਆਈਆਰਐੱਨਏ ਨੇ 26 ਅਪ੍ਰੈਲ ਨੂੰ ਰਿਪੋਰਟ ਦਿੱਤੀ ਕਿ ਇਸ ਅੰਕੜੇ ਵਿੱਚ 1,460 ਨਾਗਰਿਕ ਅਤੇ 2,008 ਫੌਜੀ ਕਰਮਚਾਰੀ ਸ਼ਾਮਲ ਹਨ।
ਪਰ ਯੂਐਸ-ਅਧਾਰਤ ਮਨੁੱਖੀ ਅਧਿਕਾਰ ਕਾਰਕੁਨ ਸਮਾਚਾਰ ਏਜੰਸੀ ਐੱਚਆਰਏਐੱਨਏ ਨੇ ਕਿਹਾ ਕਿ ਉਨ੍ਹਾਂ ਦੇ ਅਨੁਸਾਰ ਇਹ ਅੰਕੜਾ ਵੱਡਾ ਹੈ, 3,636 ਮੌਤਾਂ ਹੋਈਆਂ ਹਨ।
18 ਮਈ ਨੂੰ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਐੱਚਆਰਏਐੱਨਏ ਨੇ ਕਿਹਾ ਕਿ ਉਨ੍ਹਾਂ ਦੇ ਅੰਕੜਿਆਂ ਵਿੱਚ 1,701 ਨਾਗਰਿਕ ਸ਼ਾਮਲ ਹਨ, ਜਿਨ੍ਹਾਂ ਵਿੱਚ 307 ਬੱਚੇ, 1,221 ਫੌਜੀ ਕਰਮਚਾਰੀ ਅਤੇ 714 ਲੋਕ ਸ਼ਾਮਲ ਹਨ ਜਿਨ੍ਹਾਂ ਦੀ ਪਛਾਣ ਜਾਂ ਸਥਿਤੀ ਦੀ ਪੁਸ਼ਟੀ ਨਹੀਂ ਹੋ ਸਕੀ।
ਸੰਸਥਾ ਨੇ ਕਿਹਾ ਕਿ ਉਨ੍ਹਾਂ ਦੁਆਰਾ ਦਰਜ ਕੀਤੇ ਗਏ ਅੰਕੜਿਆਂ ਨੂੰ ‘ਘੱਟੋ-ਘੱਟ’ ਮੰਨੇ ਜਾਣ ਕਿਉਂਕਿ ਮੌਤਾਂ ਬਾਰੇ ਜਾਣਕਾਰੀ ਇਕੱਠੀ ਕਰਨਾ ਬੇਹੱਦ ਮੁਸ਼ਕਲ ਰਿਹਾ ਹੈ। ਇਸਦਾ ਕਾਰਨ ਮੌਕਿਆਂ ਤੱਕ ਪਹੁੰਚਣ ਵਿੱਚ ਮੁਸ਼ਕਲ, ਸਰਕਾਰ ਦੁਆਰਾ ਲਗਾਏ ਗਏ ਇੰਟਰਨੈੱਟ ਬਲੈਕਆਉਟ ਅਤੇ ਰਾਜਨੀਤਿਕ ਦਮਨ ਹੈ।
ਸੰਸਥਾ ਦੇ ਡਿਪਟੀ ਡਾਇਰੈਕਟਰ, ਸਕਾਈਲਰ ਥੌਮਸਨ ਨੇ ਕਿਹਾ, “ਅਧਿਕਾਰੀਆਂ ਵੱਲੋਂ ਮਾਰੇ ਗਏ ਲੋਕਾਂ ਬਾਰੇ ਜਾਣਕਾਰੀ ਅਕਸਰ ਰੋਕੀ ਜਾਂਦੀ ਹੈ ਅਤੇ ਪਰਿਵਾਰਾਂ ‘ਤੇ ਮੌਤ ਦੇ ਹਾਲਾਤਾਂ ਬਾਰੇ ਜਨਤਕ ਤੌਰ ‘ਤੇ ਨਾ ਬੋਲਣ ਲਈ ਦਬਾਅ ਪਾਇਆ ਜਾ ਸਕਦਾ ਹੈ।”
ਈਰਾਨੀ ਅਧਿਕਾਰੀਆਂ ਨੇ ਅਮਰੀਕਾ ਅਤੇ ਇਜ਼ਰਾਈਲ ‘ਤੇ ਦੇਸ਼ ਭਰ ਦੇ ਨਾਗਰਿਕ ਢਾਂਚੇ ਨੂੰ ਨਿਸ਼ਾਨਾ ਬਣਾਉਣ ਦਾ ਇਲਜ਼ਾਮ ਲਗਾਇਆ ਹੈ।
ਤਸਵੀਰ ਸਰੋਤ, Reuters
ਕਈ ਜਾਂਚਾਂ ਵਿੱਚ ਪਾਇਆ ਗਿਆ ਕਿ ਯੁੱਧ ਦੇ ਪਹਿਲੇ ਦਿਨ, ਇੱਕ ਅਮਰੀਕੀ ਮਿਜ਼ਾਈਲ ਹਮਲੇ ਨੇ ਮਿਨਾਬ ਸ਼ਹਿਰ ਦੇ ਇੱਕ ਸਕੂਲ ਨੂੰ ਨਿਸ਼ਾਨਾ ਬਣਾਇਆ ਸੀ। ਈਰਾਨੀ ਅਧਿਕਾਰੀਆਂ ਦੇ ਅਨੁਸਾਰ, ਹਮਲੇ ਵਿੱਚ 168 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 110 ਬੱਚੇ ਵੀ ਸ਼ਾਮਲ ਸਨ। ਅਮਰੀਕੀ ਫੌਜ ਨੇ ਕਿਹਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਕੁਝ ਦਿਨਾਂ ਬਾਅਦ, ਈਰਾਨੀ ਅਧਿਕਾਰੀਆਂ ਨੇ ਕਿਹਾ ਕਿ ਕੁੜੀਆਂ ਦੇ ਵਾਲੀਬਾਲ ਮੈਚ ਦੌਰਾਨ ਲਾਮੇਰਦ ਸ਼ਹਿਰ ਦੇ ਇੱਕ ਸਪੋਰਟਸ ਹਾਲ ਵਿੱਚ ਇੱਕ ਮਿਜ਼ਾਈਲ ਡਿੱਗਣ ਨਾਲ 20 ਲੋਕ ਮਾਰੇ ਗਏ ਸਨ।
ਅਮਰੀਕਾ ਨੇ ਹਮਲੇ ਦੀ ਜ਼ਿੰਮੇਵਾਰੀ ਤੋਂ ਇਨਕਾਰ ਕੀਤਾ ਹੈ ਪਰ ਮਾਹਰਾਂ ਨੇ ਬੀਬੀਸੀ ਵੈਰੀਫਾਈ ਨੂੰ ਦੱਸਿਆ ਕਿ ਇਸ ਹਮਲੇ ਵਿੱਚ ਅਮਰੀਕੀ-ਨਿਰਮਿਤ ਪ੍ਰੀਸੀਜ਼ਨ ਸਟ੍ਰਾਈਕ ਮਿਜ਼ਾਈਲ (ਪੀਆਰਐੱਸਐੱਮ) ਦੀ ਵਰਤੋਂ ਦੀ ਸੰਭਾਵਨਾ ਹੈ।
ਲੇਬਨਾਨ
ਈਰਾਨ ਦੇ ਸਰਵਉੱਚ ਨੇਤਾ ਦੀ ਹੱਤਿਆ ਤੋਂ ਬਾਅਦ ਹਿਜ਼ਬੁੱਲਾ ਨੇ 2 ਮਾਰਚ ਨੂੰ ਇਜ਼ਰਾਈਲ ‘ਤੇ ਰਾਕੇਟ ਦਾਗੇ, ਜਿਸ ਨਾਲ ਟਕਰਾਅ ਮੁੜ ਸ਼ੁਰੂ ਹੋ ਗਿਆ। ਜਵਾਬ ਵਿੱਚ, ਇਜ਼ਰਾਈਲ ਨੇ ਦੱਖਣੀ ਲੇਬਨਾਨ ਵਿੱਚ ਹਵਾਈ ਹਮਲੇ ਅਤੇ ਜ਼ਮੀਨੀ ਕਾਰਵਾਈਆਂ ਦੀ ਮੁਹਿੰਮ ਸ਼ੁਰੂ ਕੀਤੀ।
ਲੇਬਨਾਨ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਦੋਂ ਤੋਂ ਇਜ਼ਰਾਈਲੀ ਹਮਲਿਆਂ ਵਿੱਚ 3,912 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 366 ਔਰਤਾਂ ਅਤੇ 247 ਬੱਚੇ ਸ਼ਾਮਲ ਹਨ।
ਪਰ ਸਪੱਸ਼ਟ ਨਹੀਂ ਹੈ ਕਿ ਮਾਰੇ ਗਏ ਲੋਕਾਂ ਵਿੱਚੋਂ ਕਿੰਨੇ ਹਿਜ਼ਬੁੱਲਾ ਲੜਾਕੇ ਹਨ। ਬੀਬੀਸੀ ਵੈਰੀਫਾਈ ਨੇ ਸਿਹਤ ਮੰਤਰਾਲੇ ਨਾਲ ਸੰਪਰਕ ਕੀਤਾ ਪਰ ਕੋਈ ਜਵਾਬ ਨਹੀਂ ਮਿਲਿਆ।
ਹਿਜ਼ਬੁੱਲਾ ਨੇ ਆਪਣੇ ਅੰਕੜੇ ਜਾਰੀ ਨਹੀਂ ਕੀਤੇ ਹਨ ਪਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਈਰਾਨ ਨਾਲ ਟਕਰਾਅ ਸ਼ੁਰੂ ਹੋਣ ਤੋਂ ਬਾਅਦ 3,000 ਲੜਾਕੇ ਮਾਰੇ ਗਏ ਹਨ।
ਤਸਵੀਰ ਸਰੋਤ, Reuters
ਮਾਰਚ ਦੇ ਸ਼ੁਰੂ ਵਿੱਚ ਲੇਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਪੂਰਬੀ ਬੇਕਾ ਘਾਟੀ ਦੇ ਇੱਕ ਕਸਬੇ ਵਿੱਚ ਇੱਕ ਵੱਡੇ ਇਜ਼ਰਾਈਲੀ ਹਵਾਈ ਅਤੇ ਜ਼ਮੀਨੀ ਕਾਰਵਾਈ ਦੌਰਾਨ 41 ਲੋਕ ਮਾਰੇ ਗਏ ਸਨ।
ਆਈਡੀਐੱਫ ਨੇ ਕਿਹਾ ਕਿ ਉਸਦੇ ਸੈਨਿਕ ਇੱਕ ਇਜ਼ਰਾਈਲੀ ਹਵਾਈ ਸੈਨਾ ਦੇ ਜਵਾਨ ਦੀ ਲਾਸ਼ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜੋ 40 ਸਾਲ ਪਹਿਲਾਂ ਲੇਬਨਾਨ ਵਿੱਚ ਲਾਪਤਾ ਹੋ ਗਿਆ ਸੀ, ਪਰ ਲੇਬਨਾਨੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਸੈਨਿਕ ਮਾਰੇ ਗਏ, ਨਾਲ ਹੀ ਕਈ ਨਾਗਰਿਕ ਅਤੇ ਬੱਚੇ ਵੀ।
ਲੇਬਨਾਨੀ ਅਧਿਕਾਰੀਆਂ ਦੇ ਅਨੁਸਾਰ, 8 ਅਪ੍ਰੈਲ ਨੂੰ ਵੱਡੇ ਪੱਧਰ ‘ਤੇ ਇਜ਼ਰਾਈਲੀ ਹਮਲਿਆਂ ਦੌਰਾਨ ਸਿਰਫ 10 ਮਿੰਟਾਂ ਵਿੱਚ ਘੱਟੋ-ਘੱਟ 361 ਲੋਕ ਮਾਰੇ ਗਏ ਸਨ। ਆਈਡੀਐਫ ਨੇ ਕਿਹਾ ਕਿ ਉਸ ਨੇ 250 ਹਿਜ਼ਬੁੱਲਾ ਕਾਰਕੁਨਾਂ ਨੂੰ ਨਿਸ਼ਾਨਾ ਬਣਾਇਆ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਮਾਰੇ ਗਏ ਲੋਕਾਂ ਵਿੱਚੋਂ ਵੱਡੀ ਗਿਣਤੀ ਆਮ ਨਾਗਰਿਕ ਸਨ।
ਇਸ ਦੌਰਾਨ, ਸੰਯੁਕਤ ਰਾਸ਼ਟਰ ਨੇ ਕਿਹਾ ਕਿ ਲੇਬਨਾਨ ਵਿੱਚ ਉਸਦੇ ਸੱਤ ਸ਼ਾਂਤੀ ਰੱਖਿਅਕ ਵੀ ਮਾਰੇ ਗਏ ਹਨ, ਜਿਸ ਵਿੱਚ ਸਭ ਤੋਂ ਤਾਜ਼ਾ ਘਟਨਾ 4 ਜੂਨ ਨੂੰ ਵਾਪਰੀ ਹੈ।
ਇਜ਼ਰਾਇਲ ਦੀ ਇਹ ਮੁਹਿੰਮ ਵੱਡੀ ਗਿਣਤੀ ਵਿੱਚ ਨਾਗਰਿਕਾਂ ਦੇ ਮਾਰੇ ਜਾਣ ਕਾਰਨ ਗੰਭੀਰ ਆਲੋਚਨਾ ਦਾ ਸ਼ਿਕਾਰ ਹੋਈ ਹੈ। ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਈਡੀਐੱਫ ਦੀਆਂ ਕਾਰਵਾਈਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ “ਬਹੁਤ ਸਾਰੇ ਲੋਕ ਮਾਰੇ ਗਏ ਹਨ।”
ਪੈਰਿਸ ਵਿੱਚ ਜੀ7 ਸੰਮੇਲਨ ਵਿੱਚ ਬੋਲਦੇ ਹੋਏ ਟਰੰਪ ਨੇ ਕਿਹਾ, “ਤੁਹਾਨੂੰ ਹਰ ਵਾਰ ਕਿਸੇ ਨੂੰ ਲੱਭਦੇ ਸਮੇਂ ਅਪਾਰਟਮੈਂਟ ਇਮਾਰਤ ਨੂੰ ਢਾਹ ਦੇਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਬਹੁਤ ਸਾਰੇ ਲੋਕ ਉਨ੍ਹਾਂ ਅਪਾਰਟਮੈਂਟਾਂ ਵਿੱਚ ਰਹਿੰਦੇ ਹਨ ਅਤੇ ਉਹ ਸਾਰੇ ਹਿਜ਼ਬੁੱਲਾ ਨਹੀਂ ਹਨ।”
ਇਜ਼ਰਾਇਲ
ਤਸਵੀਰ ਸਰੋਤ, Reuters
ਇਜ਼ਰਾਈਲੀ ਅਧਿਕਾਰੀਆਂ ਨੇ ਦੱਸਿਆ ਕਿ 18 ਜੂਨ ਤੱਕ 60 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਈਰਾਨੀ ਹਮਲਿਆਂ ਅਤੇ ਹਿਜ਼ਬੁੱਲਾ ਨਾਲ ਲੜਾਈ ਕਾਰਨ ਹੋਈਆਂ ਸਨ।
ਬੀਬੀਸੀ ਨੂੰ ਦਿੱਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ, ਇਸ ਗਿਣਤੀ ਵਿੱਚ 29 ਨਾਗਰਿਕ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 21 ਈਰਾਨੀ ਮਿਜ਼ਾਈਲ ਹਮਲਿਆਂ ਵਿੱਚ ਮਾਰੇ ਗਏ ਸਨ, ਬਾਕੀ 31 ਆਈਡੀਐਫ ਸੈਨਿਕ ਲੜਾਈ ਵਿੱਚ ਮਾਰੇ ਗਏ। ਇੱਕ ਵਿਅਕਤੀ ਦੀ ਮੌਤ ਦੁਰਘਟਨਾ ਵਿੱਚ ‘ਫ੍ਰੈਂਡਲੀ ਫਾਇਰ’ ਘਟਨਾ ਵਿੱਚ ਹੋਈ।
ਇਜ਼ਰਾਈਲ ਨੇ ਈਰਾਨ ‘ਤੇ ਆਬਾਦੀ ਵਾਲੇ ਖੇਤਰਾਂ ਵਿੱਚ ਕਲੱਸਟਰ ਬੰਬਾਂ ਦੀ ਵਰਤੋਂ ਕਰਨ ਦਾ ਵਾਰ-ਵਾਰ ਇਲਜ਼ਾਮ ਲਗਾਇਆ ਹੈ। ਆਈਡੀਐੱਫ ਨੇ ਕਿਹਾ ਕਿ ਇੱਕ ਘਟਨਾ ਵਿੱਚ ਇੱਕ ਬਜ਼ੁਰਗ ਜੋੜਾ (ਦੋਵੇਂ 70 ਸਾਲ ਤੋਂ ਵੱਧ) ਏਅਰ-ਰੈੱਡ ਸ਼ੈਲਟਰ ਵੱਲ ਜਾ ਰਿਹਾ ਸੀ, ਉਦੋਂ ਹੀ ਕਲੱਸਟਰ ਬੰਬ ਤੋਂ ਨਿਕਲੇ ਛੋਟੇ ਬੰਬ ਰਮਤ ਗੰਨ ਸ਼ਹਿਰ ਵਿੱਚ ਡਿੱਗੇ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਮਾਰਚ ਵਿੱਚ ਹਿਊਮਨ ਰਾਈਟਸ ਵਾਚ (ਐੱਚਆਰਡਬਲਿਯੂ) ਨੇ ਤਹਿਰਾਨ ‘ਤੇ ਕਲੱਸਟਰ ਬੰਬਾਂ ਨਾਲ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਜੰਗੀ ਅਪਰਾਧ ਕਰਨ ਦਾ ਇਲਜ਼ਾਮ ਲਗਾਇਆ।
ਐੱਚਆਰਡਬਲਿਯੂ ਦੇ ਸੰਕਟ, ਸੰਘਰਸ਼ ਅਤੇ ਹਥਿਆਰ ਖੋਜਕਰਤਾ ਪੈਟ੍ਰਿਕ ਥੌਂਪਸਨ ਨੇ ਕਿਹਾ, “ਕਲੱਸਟਰ ਬੰਬ ਦੇ ਛੋਟੇ-ਛੋਟੇ ਗੋਲੇ ਵੱਡੇ ਇਲਾਕਿਆਂ ਵਿੱਚ ਫੈਲ ਜਾਂਦੇ ਹਨ, ਜਿੱਥੇ ਉਹ ਕਿਸੇ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ, ਜੋ ਯੁੱਧ ਨਿਯਮਾਂ ਦੇ ਖਿਲਾਫ਼ ਹੈ।”
ਪੂਰੇ ਮੱਧਮ ਪੂਰਬ ਵਿੱਚ ਮੌਤਾਂ
ਅਮਰੀਕਾ-ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿੱਚ ਈਰਾਨ ਨੇ ਗੁਆਂਢੀ ਅਰਬ ਦੇਸ਼ਾਂ ‘ਤੇ ਵੀ ਹਮਲਾ ਕੀਤਾ, ਜਿੱਥੇ ਅਮਰੀਕੀ ਟਿਕਾਣੇ ਹਨ।
ਈਰਾਨੀ ਫੌਜ ਨੇ ਬੈਲਿਸਟਿਕ ਮਿਜ਼ਾਈਲਾਂ ਅਤੇ ਵਿਸਫੋਟਕਾਂ ਨਾਲ ਭਰੇ ਡਰੋਨਾਂ ਦੀ ਵਰਤੋਂ ਕਰਕੇ ਕਈ ਹਮਲੇ ਕੀਤੇ। ਇਨ੍ਹਾਂ ਵਿੱਚੋਂ ਬਹੁਤ ਸਾਰੇ ਹਵਾਈ ਅੱਡਿਆਂ, ਪਾਵਰ ਪਲਾਂਟਾਂ ਅਤੇ ਬੰਦਰਗਾਹਾਂ ਸਮੇਤ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਕਈ ਮਾਮਲਿਆਂ ਵਿੱਚ, ਰੋਕੀਆਂ ਗਈਆਂ ਮਿਜ਼ਾਈਲਾਂ ਦਾ ਮਲਬਾ ਰਿਹਾਇਸ਼ੀ ਖੇਤਰਾਂ ‘ਤੇ ਡਿੱਗਿਆ।
ਬੀਬੀਸੀ ਵੈਰੀਫਾਈ ਨੇ ਪਹਿਲੇ ਅੱਠ ਦੇਸ਼ਾਂ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂਏਈ), ਕਤਰ, ਕੁਵੈਤ, ਇਰਾਕ, ਜਾਰਡਨ, ਬਹਿਰੀਨ ਅਤੇ ਓਮਾਨ ਵਿੱਚ ਫੌਜੀ ਠਿਕਾਣਿਆਂ ‘ਤੇ ਹਮਲਿਆਂ ਦਾ ਦਸਤਾਵੇਜ਼ੀਕਰਨ ਕੀਤਾ ਹੈ।
ਤਸਵੀਰ ਸਰੋਤ, Getty Images
ਇਨ੍ਹਾਂ ਹਮਲਿਆਂ ‘ਤੇ ਈਰਾਨ ਦੇ ਗੁਆਂਢੀਆਂ ਨੇ ਨਾਰਾਜ਼ਗੀ ਪ੍ਰਗਟ ਕੀਤੀ। ਯੂਏਈ ਦੇ ਰਾਸ਼ਟਰਪਤੀ ਦੇ ਸਲਾਹਕਾਰ ਡਾ. ਅਨਵਰ ਗਰਗਾਸ਼ ਨੇ ਐਕਸ ‘ਤੇ ਲਿਖਿਆ, “ਤੁਹਾਡੀ ਜੰਗ ਤੁਹਾਡੇ ਗੁਆਂਢੀਆਂ ਨਾਲ ਨਹੀਂ ਹੈ ਅਤੇ ਇਸ ਤਰੀਕੇ ਨਾਲ ਤਣਾਅ ਵਧਾ ਕੇ ਤੁਸੀਂ ਉਨ੍ਹਾਂ ਲੋਕਾਂ ਦੀਆਂ ਦਲੀਲਾਂ ਨੂੰ ਪ੍ਰਮਾਣਿਤ ਕਰਦੇ ਹੋ ਜੋ ਈਰਾਨ ਨੂੰ ਖੇਤਰ ਲਈ ਮੁੱਖ ਖ਼ਤਰਾ ਮੰਨਦੇ ਹਨ।”
ਪੂਰੇ ਖੇਤਰ ਵਿੱਚ ਅੰਤਿਮ ਮੌਤਾਂ ਦੀ ਗਿਣਤੀ ਨਿਰਧਾਰਤ ਕਰਨਾ ਮੁਸ਼ਕਲ ਹੈ, ਕਿਉਂਕਿ ਸਾਰੇ ਦੇਸ਼ਾਂ ਨੇ ਕੁੱਲ ਅੰਕੜੇ ਪ੍ਰਕਾਸ਼ਿਤ ਨਹੀਂ ਕੀਤੇ ਹਨ। ਹਾਲਾਂਕਿ, ਜ਼ਿਆਦਾਤਰ ਖਾੜੀ ਦੇਸ਼ਾਂ ਵਿੱਚ ਅਧਿਕਾਰਤ ਬਿਆਨਾਂ ਅਤੇ ਮੀਡੀਆ ਰਿਪੋਰਟਾਂ ਵਿੱਚ ਮੌਤਾਂ ਦਰਜ ਕੀਤੀਆਂ ਗਈਆਂ ਹਨ> ਉਦਾਹਰਣ ਵਜੋਂ, ਯੂਏਈ ਦੇ ਰੱਖਿਆ ਮੰਤਰਾਲੇ ਨੇ 13 ਮੌਤਾਂ ਦੀ ਰਿਪੋਰਟ ਕੀਤੀ ਹੈ।
ਅਲ ਜਜ਼ੀਰਾ ਅਤੇ ਏਜੰਸੀ ਫਰਾਂਸ ਪ੍ਰੈਸ ਦੇ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਇਰਾਕ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਹਨ। ਉਨ੍ਹਾਂ ਵਿੱਚੋਂ ਘੱਟੋ-ਘੱਟ 80 ਈਰਾਨ-ਸਮਰਥਿਤ ਸ਼ੀਆ ਮਿਲੀਸ਼ੀਆ ਤੋਂ ਬਣੇ ਅਰਧ ਸੈਨਿਕ ਸੰਗਠਨ ਪੌਪੁਲਰ ਮੋਬਿਲਾਈਜ਼ੇਸ਼ਨ ਫੋਰਸਿਜ਼ (ਪੀਐੱਮਐੱਫ) ਦੇ ਮੈਂਬਰ ਸਨ, ਜੋ ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਗਏ ਸਨ।
ਇਸ ਦੌਰਾਨ ਪੈਂਟਾਗਨ ਦੇ ਅਨੁਸਾਰ ਮੱਧ ਪੂਰਬ ਵਿੱਚ ਤਾਇਨਾਤ 13 ਅਮਰੀਕੀ ਸੈਨਿਕ ਵੀ ਮਾਰੇ ਗਏ ਹਨ। ਇਨ੍ਹਾਂ ਵਿੱਚੋਂ ਸੱਤ ਈਰਾਨੀ ਹਮਲਿਆਂ ਵਿੱਚ ਅਤੇ ਛੇ ਇਰਾਕ ਵਿੱਚ ਇੱਕ ਰਿਫਿਊਲਿੰਗ ਜਹਾਜ਼ ਹਾਦਸੇ ਵਿੱਚ ਮਾਰੇ ਗਏ।
ਇੰਟਰਨੈਸ਼ਨਲ ਸਮੁੰਦਰੀ ਸੰਗਠਨ (ਈਐੱਮਓ) ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਅਤੇ ਮੱਧ ਪੂਰਬ ਦੇ ਹੋਰ ਹਿੱਸਿਆਂ ਵਿੱਚ ਜਹਾਜ਼ਾਂ ‘ਤੇ ਹਮਲਿਆਂ ਵਿੱਚ ਵੱਖ-ਵੱਖ ਦੇਸ਼ਾਂ ਦੇ 14 ਮਲਾਹ ਮਾਰੇ ਗਏ ਸਨ।
ਡਾ. ਓਵਰਟਨ ਨੇ ਕਿਹਾ ਕਿ “ਮੱਧ ਪੂਰਬ ਦੇ ਕੁਝ ਹਿੱਸਿਆਂ ਵਿੱਚ ਪਹੁੰਚ ਦੀਆਂ ਪਾਬੰਦੀਆਂ, ਨੁਕਸਾਨੇ ਗਏ ਬੁਨਿਆਦੀ ਢਾਂਚੇ ਅਤੇ ਰਾਜਨੀਤਿਕ ਦਬਾਅ ਨੇ ਸਹੀ ਰਿਕਾਰਡ ਰੱਖਣ ਵਿੱਚ ਰੁਕਾਵਟ ਪਾਈ ਹੈ ਅਤੇ ਕੁਝ ਮਾਮਲਿਆਂ ਵਿੱਚ ਮੌਤਾਂ ਦੀ ਗਿਣਤੀ ਨੂੰ ਪੂਰੀ ਤਰ੍ਹਾਂ ਦਬਾ ਦਿੱਤਾ ਗਿਆ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਇਰਾਕ, ਸੀਰੀਆ ਅਤੇ ਹੋਰ ਥਾਵਾਂ ‘ਤੇ ਟਕਰਾਵਾਂ ਦੇ ਤਜਰਬਾ ਦੱਸਦਾ ਹੈ ਕਿ ਅੰਤਿਮ ਮੌਤਾਂ ਦੀ ਗਿਣਤੀ ਵਿਵਾਦਪੂਰਨ ਰਹੇਗੀ ਅਤੇ ਮੌਤਾਂ ਦੀ ਗਿਣਤੀ ਮੌਜੂਦਾ ਉਪਲਬਧ ਅੰਕੜਿਆਂ ਤੋਂ ਕਾਫ਼ੀ ਜ਼ਿਆਦਾ ਹੋ ਸਕਦੀ ਹੈ।”
ਐਡੀਸ਼ਨਲ ਰਿਪੋਰਟਿੰਗ: ਗਿਡੀ ਕਲੀਮੈਨ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


