Source :- BBC PUNJABI

ਤਸਵੀਰ ਸਰੋਤ, Getty Images
ਇੱਕ ਨਾਟਕੀ ਘਟਨਾਕ੍ਰਮ ਵਿੱਚ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਚਾਰ ਦਿਨਾਂ ਦੀ ਸਰਹੱਦੀ ਝੜਪ ਤੋਂ ਬਾਅਦ “ਪੂਰੀ ਅਤੇ ਤੁਰੰਤ ਜੰਗਬੰਦੀ” ਲਈ ਸਹਿਮਤ ਹੋ ਗਏ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਪਰਦੇ ਪਿੱਛੇ, ਖੇਤਰੀ ਸ਼ਕਤੀਆਂ ਨਾਲ ਮਿਲ ਕੇ ਅਮਰੀਕੀ ਵਿਚੋਲਿਆਂ ਨੇ ਕੂਟਨੀਤਕ ਬੈਕਚੈਨਲਾਂ ਰਾਹੀਂ, ਜੰਗ ਦੀ ਕਗਾਰ ‘ਤੇ ਖੜ੍ਹੇ ਪ੍ਰਮਾਣੂ ਹਥਿਆਰਬੰਦ ਵਿਰੋਧੀਆਂ (ਭਾਰਤ ਅਤੇ ਪਾਕਿਸਤਾਨ) ਨੂੰ ਪਿੱਛੇ ਖਿੱਚਣ ਵਿੱਚ ਅਹਿਮ ਭੂਮਿਕਾ ਨਿਭਾਈ।
ਹਾਲਾਂਕਿ, ਜੰਗਬੰਦੀ ਸਮਝੌਤੇ ਦੇ ਕੁਝ ਘੰਟਿਆਂ ਦੇ ਅੰਦਰ ਹੀ, ਭਾਰਤ ਅਤੇ ਪਾਕਿਸਤਾਨ ਵਿਚਕਾਰ ਇਸਦੀ ਉਲੰਘਣਾ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ। ਜਿਸ ਨਾਲ ਇੱਕ ਵਾਰ ਫਿਰ ਸਥਿਤੀ ਬਹੁਤ ਨਾਜ਼ੁਕ ਬਣ ਗਈ।
ਭਾਰਤ ਨੇ ਪਾਕਿਸਤਾਨ ‘ਤੇ “ਵਾਰ-ਵਾਰ ਉਲੰਘਣ” ਦਾ ਇਲਜ਼ਾਮ ਲਗਾਇਆ, ਜਦਕਿ ਪਾਕਿਸਤਾਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਹ ਜੰਗਬੰਦੀ ਪ੍ਰਤੀ ਵਚਨਬੱਧ ਹੈ ਅਤੇ ਉਸ ਦੀਆਂ ਫੌਜਾਂ “ਜ਼ਿੰਮੇਵਾਰੀ ਅਤੇ ਸੰਜਮ” ਦਿਖਾ ਰਹੀਆਂ ਹਨ।
ਟਰੰਪ ਦੇ ਜੰਗਬੰਦੀ ਦੇ ਐਲਾਨ ਤੋਂ ਪਹਿਲਾਂ, ਭਾਰਤ ਅਤੇ ਪਾਕਿਸਤਾਨ ਦੇ ਸਬੰਧ ਉਸ ਦਿਸ਼ਾ ਵੱਲ ਵਧ ਰਹੇ ਸਨ, ਜਿਸ ਬਾਰੇ ਬਹੁਤ ਸਾਰੇ ਲੋਕਾਂ ਨੂੰ ਖਦਸ਼ਾ ਸੀ ਕਿ ਇਹ ਪੂਰੀ ਤਰ੍ਹਾਂ ਸੰਘਰਸ਼ ਵਿੱਚ ਬਦਲ ਸਕਦਾ ਹੈ।

ਤਸਵੀਰ ਸਰੋਤ, Getty Images
ਪਿਛਲੇ ਮਹੀਨੇ ਜੰਮੂ-ਕਸ਼ਮੀਰ ਦੇ ਪਹਿਲਾਗਾਮ ਵਿੱਚ ਹੋਏ ਘਾਤਕ ਹਮਲੇ ਵਿੱਚ 26 ਸੈਲਾਨੀਆਂ ਦੀ ਮੌਤ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ ਕੀਤੇ ਸਨ।
ਇਸ ਤੋਂ ਬਾਅਦ ਕਈ ਦਿਨਾਂ ਤੱਕ ਹਵਾਈ ਝੜਪਾਂ, ਤੋਪਾਂ ਨਾਲ ਗੋਲਾਬਾਰੀ ਹੋਈ, ਅਤੇ ਸ਼ਨੀਵਾਰ ਸਵੇਰ ਤੱਕ ਦੋਵਾਂ ਧਿਰਾਂ ਨੇ ਇੱਕ-ਦੂਜੇ ‘ਤੇ ਆਪਣੇ ਹਵਾਈ ਟਿਕਾਣਿਆਂ ‘ਤੇ ਮਿਜ਼ਾਈਲ ਹਮਲੇ ਕਰਨ ਦਾ ਇਲਜ਼ਾਮ ਲਗਾਇਆ।
ਬਿਆਨਬਾਜ਼ੀ ਤੇਜ਼ੀ ਨਾਲ ਵਧ ਗਈ ਅਤੇ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਹਮਲਿਆਂ ਨੂੰ ਨਾਕਾਮ ਕਰਦੇ ਹੋਏ ਭਾਰੀ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ।
ਅਮਰੀਕਾ, ਬ੍ਰਿਟੇਨ ਅਤੇ ਸਾਊਦੀ ਅਰਬ ਦੀ ਕੀ ਭੂਮਿਕਾ?

ਤਸਵੀਰ ਸਰੋਤ, Getty Images
ਵਾਸ਼ਿੰਗਟਨ ਡੀਸੀ ਵਿੱਚ ਬਰੂਕਿੰਗਜ਼ ਇੰਸਟੀਚਿਊਟ ਦੀ ਸੀਨੀਅਰ ਫੈਲੋ, ਤਨਵੀ ਮਦਾਨ ਦਾ ਕਹਿਣਾ ਹੈ ਕਿ 9 ਮਈ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਨੂੰ ਕੀਤਾ ਗਿਆ ਫ਼ੋਨ ਕਾਲ “ਸ਼ਾਇਦ ਇੱਕ ਫੈਸਲਾਕੁੰਨ ਬਿੰਦੂ ਰਿਹਾ ਹੋਵੇਗਾ।”
ਤਨਵੀ ਕਹਿੰਦੇ ਹਨ, “ਵੱਖ-ਵੱਖ ਅੰਤਰਰਾਸ਼ਟਰੀ ਆਗੂਆਂ ਦੀਆਂ ਭੂਮਿਕਾਵਾਂ ਬਾਰੇ ਅਸੀਂ ਅਜੇ ਵੀ ਬਹੁਤ ਕੁੱਝ ਨਹੀਂ ਜਾਣਦੇ। ਪਰ ਪਿਛਲੇ ਤਿੰਨ ਦਿਨਾਂ ਵਿੱਚ ਇਹ ਸਪਸ਼ਟ ਹੋ ਗਿਆ ਹੈ ਕਿ ਘੱਟੋ-ਘੱਟ ਤਿੰਨ ਦੇਸ਼ ਤਣਾਅ ਘਟਾਉਣ ਲਈ ਕੰਮ ਕਰ ਰਹੇ ਸਨ – ਅਮਰੀਕਾ, ਯੂਕੇ ਅਤੇ ਸਾਊਦੀ ਅਰਬ।”
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਪਾਕਿਸਤਾਨੀ ਮੀਡੀਆ ਨੂੰ ਦੱਸਿਆ ਕਿ ਇਸ ਕੂਟਨੀਤੀ ਵਿੱਚ “ਤਿੰਨ ਦਰਜਨ ਦੇਸ਼” ਸ਼ਾਮਲ ਹਨ – ਜਿਨ੍ਹਾਂ ਵਿੱਚ ਤੁਰਕੀ, ਸਾਊਦੀ ਅਰਬ ਅਤੇ ਸੰਯੁਕਤ ਰਾਜ ਅਮਰੀਕਾ ਵੀ ਸ਼ਾਮਲ ਹਨ।

ਤਨਵੀ ਕਹਿੰਦੇ ਹਨ, “ਜੇਕਰ ਇਹ (ਅਮਰੀਕੀ ਵਿਦੇਸ਼ ਮੰਤਰੀ ਦੀ) ਕਾਲ ਸ਼ੁਰੂ ਵਿੱਚ ਹੀ ਕੀਤੀ ਗਈ ਹੁੰਦੀ, ਤਾਂ ਟਕਰਾਅ ਇੰਨਾ ਨਾ ਵਧਦਾ।”
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਦੀ ਵਿਚੋਲਗੀ ਨੇ ਭਾਰਤ-ਪਾਕਿਸਤਾਨ ਸੰਕਟ ਨੂੰ ਘਟਾਉਣ ਵਿੱਚ ਮਦਦ ਕੀਤੀ ਹੈ।
ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਆਪਣੀ ਕਿਤਾਬ ਵਿੱਚ ਦਾਅਵਾ ਕੀਤਾ ਸੀ ਕਿ ਇੱਕ ਵਾਰ ਉਨ੍ਹਾਂ ਨੂੰ ਉਨ੍ਹਾਂ ਦੇ ‘ਭਾਰਤੀ ਹਮਰੁਤਬਾ’ ਨੇ ਗੱਲਬਾਤ ਕਰਨ ਲਈ ਜਗਾਇਆ ਸੀ, ਜਿਨ੍ਹਾਂ ਨੂੰ ਡਰ ਸੀ ਕਿ ਪਾਕਿਸਤਾਨ 2019 ਦੇ ਗਤੀਰੋਧ ਲਈ ਪ੍ਰਮਾਣੂ ਹਥਿਆਰ ਤਿਆਰ ਕਰ ਰਿਹਾ ਹੈ।
ਵਧਾ-ਚੜ੍ਹਾ ਕੇ ਦੱਸ ਰਿਹਾ ਅਮਰੀਕਾ

ਤਸਵੀਰ ਸਰੋਤ, Getty Images
ਪਾਕਿਸਤਾਨ ਵਿੱਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਬਾਅਦ ਵਿੱਚ ਲਿਖਿਆ ਕਿ ਮਾਈਕ ਪੋਂਪੀਓ ਨੇ ਪ੍ਰਮਾਣੂ ਯੁੱਧ ਦੇ ਖ਼ਤਰੇ ਅਤੇ ਟਕਰਾਅ ਨੂੰ ਸ਼ਾਂਤ ਕਰਾਉਣ ਵਿੱਚ ਅਮਰੀਕਾ ਦੀ ਭੂਮਿਕਾ, ਦੋਵਾਂ ਨੂੰ ਵਧਾ-ਚੜ੍ਹਾ ਕੇ ਦੱਸਿਆ।
ਹਾਲਾਂਕਿ, ਡਿਪਲੋਮੈਟਾਂ ਦਾ ਕਹਿਣਾ ਹੈ ਕਿ ਅਮਰੀਕਾ ਨੇ ਇਸ ਸੰਕਟ ਨੂੰ ਟਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ।
ਅਜੈ ਬਿਸਾਰੀਆ ਨੇ ਸ਼ਨੀਵਾਰ ਨੂੰ ਬੀਬੀਸੀ ਨੂੰ ਦੱਸਿਆ, “ਅਮਰੀਕਾ ਸਭ ਤੋਂ ਮੁੱਖ ਬਾਹਰੀ ਖਿਡਾਰੀ ਸੀ। ਪਿਛਲੀ ਵਾਰ, ਪੋਂਪੀਓ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਪ੍ਰਮਾਣੂ ਯੁੱਧ ਨੂੰ ਟਾਲ ਦਿੱਤਾ ਸੀ। ਸ਼ਾਇਦ ਉਹ ਇਸ ਨੂੰ ਵਧਾ-ਚੜ੍ਹਾ ਕੇ ਦੱਸ ਰਹੇ ਹੋਣਗੇ ਅਤੇ ਸ਼ਾਇਦ ਇਸਲਾਮਾਬਾਦ ਵਿੱਚ ਦਿੱਲੀ ਦੀ ਸਥਿਤੀ ਨੂੰ ਮਜ਼ਬੂਤੀ ਨਾਲ ਰੱਖਣ ਵਿੱਚ ਉਨ੍ਹਾਂ ਨੇ ਪ੍ਰਮੁੱਖ ਕੂਟਨੀਤਕ ਭੂਮਿਕਾ ਨਿਭਾਈ ਹੋਵੇ।”
ਹਾਲਾਂਕਿ, ਸ਼ੁਰੂਆਤ ਵਿੱਚ ਅਮਰੀਕਾ ਦਾ ਰੁਖ ਅਲੱਗ-ਥਲੱਗ ਜਾਪਦਾ ਸੀ। ਜਿਵੇਂ ਹੀ ਤਣਾਅ ਵਧਿਆ, ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਵੀਰਵਾਰ ਨੂੰ ਕਿਹਾ, “ਅਮਰੀਕਾ ਉਸ ਯੁੱਧ ਵਿੱਚ ਸ਼ਾਮਲ ਨਹੀਂ ਹੋਣ ਵਾਲਾ ਹੈ। ਇਹ ਸਾਡਾ ਕੰਮ ਨਹੀਂ ਹੈ।”
ਉਨ੍ਹਾਂ ਨੇ ਟੀਵੀ ‘ਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ, “ਹਾਲਾਂਕਿ, ਅਸੀਂ ਇਨ੍ਹਾਂ ਦੇਸ਼ਾਂ ਨੂੰ ਕੰਟਰੋਲ ਨਹੀਂ ਕਰ ਸਕਦੇ। ਮੂਲ ਰੂਪ ਵਿੱਚ, ਭਾਰਤ ਨੂੰ ਪਾਕਿਸਤਾਨ ਨਾਲ ਸ਼ਿਕਾਇਤਾਂ ਹਨ… ਅਮਰੀਕਾ ਭਾਰਤ ਨੂੰ ਹਥਿਆਰ ਰੱਖਣ ਲਈ ਨਹੀਂ ਕਹਿ ਸਕਦਾ। ਅਸੀਂ ਪਾਕਿਸਤਾਨੀਆਂ ਨੂੰ ਹਥਿਆਰ ਰੱਖਣ ਲਈ ਨਹੀਂ ਕਹਿ ਸਕਦੇ। ਅਤੇ ਇਸ ਲਈ ਅਸੀਂ ਕੂਟਨੀਤਕ ਤਰੀਕਿਆਂ ਦਾ ਸਹਾਰਾ ਲਵਾਂਗੇ।”
ਇਸੇ ਦੌਰਾਨ, ਰਾਸ਼ਟਰਪਤੀ ਟਰੰਪ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਹਾ ਸੀ, “ਮੈਂ ਦੋਵਾਂ (ਭਾਰਤ ਅਤੇ ਪਾਕਿਸਤਾਨ ਦੇ ਆਗੂਆਂ) ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ, ਅਤੇ ਮੈਂ ਉਨ੍ਹਾਂ ਨੂੰ ਇਸ ਨੂੰ ਹੱਲ ਕਰਦੇ ਹੋਏ ਦੇਖਣਾ ਚਾਹੁੰਦਾ ਹਾਂ… ਮੈਂ ਉਨ੍ਹਾਂ ਨੂੰ ਰੁਕਦੇ ਹੋਏ ਦੇਖਣਾ ਚਾਹੁੰਦਾ ਹਾਂ, ਅਤੇ ਉਮੀਦ ਹੈ ਕਿ ਉਹ ਹੁਣ ਰੁਕ ਜਾਣਗੇ।”
ਲਾਹੌਰ ਵਿੱਚ ਰੱਖਿਆ ਵਿਸ਼ਲੇਸ਼ਕ ਏਜਾਜ਼ ਹੈਦਰ ਨੇ ਬੀਬੀਸੀ ਨੂੰ ਦੱਸਿਆ ਕਿ ਹਾਲੀਆ ਮਾਮਲਾ ਪਿਛਲੀਆਂ ਘਟਨਾਵਾਂ ਤੋਂ ਵੱਖਰਾ ਜਾਪਦਾ ਹੈ।
ਹੈਦਰ ਨੇ ਬੀਬੀਸੀ ਨੂੰ ਦੱਸਿਆ, “ਅਮਰੀਕਾ ਦੀ ਭੂਮਿਕਾ ਪਿਛਲੇ ਪੈਟਰਨ ਵਾਂਗ ਹੀ ਹੈ, ਪਰ ਇਸ ਵਾਰ ਇੱਕ ਮਹੱਤਵਪੂਰਨ ਅੰਤਰ ਹੈ, ਸ਼ੁਰੂ ਵਿੱਚ ਉਨ੍ਹਾਂ ਨੇ ਦੂਰੀ ਬਣਾਈ ਰੱਖੀ। ਉਨ੍ਹਾਂ ਨੇ ਤੁਰੰਤ ਦਖਲ ਦੇਣ ਤੋਂ ਪਹਿਲਾਂ ਸੰਕਟ ਨੂੰ ਵਧਦੇ ਹੋਏ ਦੇਖਿਆ, ਅਤੇ ਜਦੋਂ ਉਨ੍ਹਾਂ ਨੇ ਇਹ ਦੇਖ ਲਿਆ ਕਿ ਸਥਿਤੀ ਕਿਸੇ ਹੋਰ ਪਾਸੇ ਜਾ ਰਹੀ ਹੈ, ਤਾਂ ਉਨ੍ਹਾਂ ਨੇ ਇਸਨੂੰ ਰੋਕਣ ਲਈ ਕਦਮ ਚੁੱਕਿਆ।
ਪਾਕਿਸਤਾਨ ਦੀ ਇਸ ਖ਼ਬਰ ‘ਤੇ ਸ਼ੁਰੂ ਹੋਈ ਦਖ਼ਲਅੰਦਾਜ਼ੀ

ਤਸਵੀਰ ਸਰੋਤ, ANI
ਪਾਕਿਸਤਾਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤਣਾਅ ਵਧਿਆ ਤਾਂ ਪਾਕਿਸਤਾਨ ਨੇ “ਦੋਹਰੇ ਸੰਕੇਤ” ਦਿੱਤੇ – ਇੱਕ ਪਾਸੇ ਫੌਜੀ ਜਵਾਬੀ ਕਾਰਵਾਈ ਅਤੇ ਦੂਜੇ ਪਾਸੇ ਨੈਸ਼ਨਲ ਕਮਾਂਡ ਅਥਾਰਟੀ (ਐਨਸੀਏ) ਦੀ ਮੀਟਿੰਗ ਬੁਲਾਉਣਾ, ਜੋ ਕਿ ਪ੍ਰਮਾਣੂ ਸਮਰੱਥਾ ਦੀ ਯਾਦ ਦਿਵਾਉਣ ਦਾ ਸੰਕੇਤ ਸੀ।
ਪਾਕਿਸਤਾਨ ਕਮਾਂਡ ਅਥਾਰਟੀ, ਦੇਸ਼ ਦੇ ਪ੍ਰਮਾਣੂ ਹਥਿਆਰਾਂ ਨੂੰ ਕੰਟਰੋਲ ਕਰਦੀ ਹੈ ਅਤੇ ਉਨ੍ਹਾਂ ਦੀ ਵਰਤੋਂ ਸੰਬੰਧੀ ਫੈਸਲੇ ਲੈਂਦੀ ਹੈ।
ਇਹ ਉਹੀ ਸਮਾਂ ਸੀ ਜਦੋਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਖਲ ਦਿੱਤਾ।
ਕਾਰਨੇਗੀ ਐਨਡਾਉਮੈਂਡ ਫਾਰ ਇੰਟਰਨੈਸ਼ਨਲ ਪੀਸ ਦੇ ਸੀਨੀਅਰ ਫੈਲੋ ਐਸ਼ਲੇ ਜੇ ਟੈਲਿਸ ਨੇ ਬੀਬੀਸੀ ਨੂੰ ਦੱਸਿਆ, “ਅਮਰੀਕਾ ਲਈ ਇਸ ਤੋਂ ਬਾਹਰ ਰਹਿਣਾ ਸੰਭਵ ਹੀ ਨਹੀਂ ਸੀ। ਵਿਦੇਸ਼ ਮੰਤਰੀ ਰੂਬੀਓ ਦੇ ਯਤਨਾਂ ਤੋਂ ਬਿਨਾਂ ਇਹ ਚੀਜ਼ ਨਹੀਂ ਹੋ ਸਕਦੀ ਸੀ।”
ਇਸ ਗੱਲ ਵਿੱਚ, ਇੱਕ ਹੋਰ ਚੀਜ਼ ਜਿਸਨੇ ਮਦਦ ਕੀਤੀ ਹੈ – ਉਹ ਹੈ ਅਮਰੀਕਾ ਦੇ ਭਾਰਤ ਨਾਲ ਡੂੰਘੇ ਹੁੰਦੇ ਸਬੰਧ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਰੰਪ ਨਾਲ ਨਿੱਜੀ ਸਬੰਧ, ਇਸ ਦੇ ਨਾਲ ਹੀ ਅਮਰੀਕਾ ਦੇ ਵਿਆਪਕ ਰਣਨੀਤਕ ਅਤੇ ਆਰਥਿਕ ਹਿੱਤਾਂ ਨੇ ਅਮਰੀਕੀ ਪ੍ਰਸ਼ਾਸਨ ਨੂੰ ਦੋਵੇਂ ਪ੍ਰਮਾਣੂ ਹਥਿਆਰਬੰਦ ਵਿਰੋਧੀਆਂ ਨੂੰ ਤਣਾਅ ਘਟਾਉਣ ਵੱਲ ਇੱਕ ਕੂਟਨੀਤਕ ਲਾਭ ਦਿੱਤਾ।

ਤਸਵੀਰ ਸਰੋਤ, Getty Images
ਭਾਰਤੀ ਡਿਪਲੋਮੈਟ ਇਸ ਵਾਰ ਤਿੰਨ ਪ੍ਰਮੁੱਖ ਸ਼ਾਂਤੀ ਯਤਨਾਂ ਨੂੰ ਦੇਖਦੇ ਹਨ, ਜਿਵੇਂ ਕਿ 2019 ਵਿੱਚ ਪੁਲਵਾਮਾ-ਬਾਲਾਕੋਟ ਤੋਂ ਬਾਅਦ ਹੋਇਆ ਸੀ।
- ਅਮਰੀਕਾ ਅਤੇ ਬ੍ਰਿਟੇਨ ਦਾ ਦਬਾਅ
- ਸਾਊਦੀ ਅਰਬ ਦੀ ਵਿਚੋਲਗੀ, ਜਿਸ ਵਿੱਚ ਸਾਊਦੀ ਜੂਨੀਅਰ ਵਿਦੇਸ਼ ਮੰਤਰੀ ਦਾ ਦੋਵਾਂ ਦੇਸ਼ਾਂ ਦਾ ਦੌਰਾ ਸ਼ਾਮਲ ਹੈ
- ਭਾਰਤ-ਪਾਕਿਸਤਾਨ ਦੋਵਾਂ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ (ਐਨਐਸਏ) ਵਿਚਕਾਰ ਸਿੱਧਾ ਚੈਨਲ
ਗਲੋਬਲ ਤਰਜੀਹਾਂ ਵਿੱਚ ਬਦਲਾਅ ਅਤੇ ਸ਼ੁਰੂਆਤ ਵਿੱਚ ਹੱਥ ਤੇ ਹੱਥ ਰੱਖ ਕੇ ਬੈਠਣ ਤੋਂ ਬਾਅਦ, ਅਮਰੀਕਾ ਨੇ ਆਖਿਰਕਾਰ ਦੱਖਣੀ ਏਸ਼ੀਆ ਦੇ ਪ੍ਰਮਾਣੂ-ਹਥਿਆਰਬੰਦ ਵਿਰੋਧੀਆਂ ਵਿਚਕਾਰ ਇੱਕ ਮਹੱਤਵਪੂਰਨ ਵਿਚੋਲਗੀ ਨਿਭਾਈ।
ਭਾਵੇਂ ਅਮਰੀਕੀ ਅਧਿਕਾਰੀਆਂ ਦੁਆਰਾ ਇਸਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਣਾ ਹੋਵੇ ਜਾਂ ਦਿੱਲੀ ਅਤੇ ਇਸਲਾਮਾਬਾਦ ਦਾ ਇਸਨੂੰ ਘੱਟ ਕਰਕੇ ਅੰਕਿਆ ਜਾਣਾ ਹੋਵੇ, ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸੰਕਟ ਨੂੰ ਸੰਭਾਲਣ ਵਾਲੇ ਕ੍ਰਾਈਸਿਸ ਮੈਨੇਜਰ ਦੇ ਰੂਪ ‘ਚ ਅਮਰੀਕਾ ਦੀ ਭੂਮਿਕਾ ਬਹੁਤ ਮਹੱਤਵਪੂਰਨ ਬਣੀ ਹੋਈ ਹੈ ਅਤੇ ਓਨੀ ਹੀ ਜਟਿਲ ਵੀ ਹੈ।
ਹਾਲਾਂਕਿ, ਅਜੇ ਵੀ ਸ਼ਨੀਵਾਰ ਦੀਆਂ ਘਟਨਾਵਾਂ ਤੋਂ ਬਾਅਦ ਜੰਗਬੰਦੀ ਦੀ ਸਥਿਰਤਾ ਬਾਰੇ ਸ਼ੰਕਾ ਦੀ ਸਥਿਤੀ ਬਣੀ ਹੋਈ ਹੈ। ਮੀਡੀਆ ਵਿੱਚ ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਕਿ ਇਹ ਜੰਗਬੰਦੀ ਦੋਵਾਂ ਦੇਸ਼ਾਂ ਦੇ ਸੀਨੀਅਰ ਫੌਜੀ ਅਧਿਕਾਰੀਆਂ ਜ਼ਰੀਏ ਕੀਤੀ ਗਈ ਹੈ, ਨਾ ਕਿ ਅਮਰੀਕਾ ਰਾਹੀਂ।
ਵਿਦੇਸ਼ ਨੀਤੀ ਵਿਸ਼ਲੇਸ਼ਕ ਮਾਈਕਲ ਕੁਗਲਮੈਨ ਨੇ ਬੀਬੀਸੀ ਨੂੰ ਦੱਸਿਆ, “ਇਹ ਜੰਗਬੰਦੀ ਨਾਜ਼ੁਕ ਬਣੀ ਰਹੇਗੀ। ਇਹ ਬਹੁਤ ਹੀ ਤਣਾਅਪੂਰਨ ਸਥਿਤੀ ਵਿੱਚ ਬਹੁਤ ਤੇਜ਼ੀ ਨਾਲ ਹੋਈ ਹੈ। ਭਾਰਤ ਨੇ ਇਸਨੂੰ ਅਮਰੀਕਾ ਅਤੇ ਪਾਕਿਸਤਾਨ ਦੀ ਤੁਲਨਾ ਵਿੱਚ ਵੱਖਰੇ ਢੰਗ ਨਾਲ ਦੇਖਿਆ ਹੈ।”
“ਇਸ ਤੋਂ ਇਲਾਵਾ, ਇਸਨੂੰ ਇੰਨੀ ਜਲਦਬਾਜ਼ੀ ਵਿੱਚ ਤਿਆਰ ਕੀਤਾ ਗਿਆ ਹੈ ਕਿ ਸਮਝੌਤੇ ਵਿੱਚ ਜ਼ਰੂਰੀ ਗਾਰੰਟੀ ਅਤੇ ਭਰੋਸਾ ਸ਼ਾਮਲ ਨਹੀਂ ਹੈ, ਜੋ ਅਜਿਹੇ ਤਣਾਅਪੂਰਨ ਮਾਹੌਲ ਵਿੱਚ ਜ਼ਰੂਰੀ ਹੁੰਦੇ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI