Source :- BBC PUNJABI
ਪੰਜਾਬ ਦੇ ਮੁਕਤਸਰ ਵਿਖੇ ਮਾਘੀ ਦੇ ਤਿਉਹਾਰ ਮੌਕੇ ਬੀਤੇ ਮੰਗਲਵਾਰ ਨੂੰ ਇੱਕ ਨਵੀਂ ਖੇਤਰੀ ਸਿਆਸੀ ਧਿਰ ਹੋਂਦ ਵਿੱਚ ਆ ਗਈ ਹੈ।
ਬਠਿੰਡਾ-ਮੁਕਤਸਰ ਮਾਰਗ ਉੱਤੇ ਭਾਈ ਦਾਨ ਸਿੰਘ ਗੇਟ ਦੇ ਨੇੜੇ ਬਣੇ ਮੈਰੇਜ ਪੈਲੇਸ ਵਿੱਚ ਐਲਾਨੀ ਗਈ ਇਸ ਧਿਰ ਦਾ ਨਾਮ ʻਅਕਾਲੀ ਦਲ ਵਾਰਿਸ ਪੰਜਾਬ ਦੇʼ ਹੈ ਅਤੇ ਇਸ ਦੀ ਅਗਵਾਈ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਨੂੰ ਸੌਂਪੀ ਗਈ ਹੈ।
ਅਮ੍ਰਿਤਪਾਲ ਸਿੰਘ ਇਸ ਵੇਲੇ ਐੱਨਐੱਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਪਾਰਟੀ ਦੇ ਐਲਾਨ ਸਮੇਂ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਤੱਕ ਸਥਾਈ ਪ੍ਰਧਾਨ ਦੀ ਚੋਣ ਨਹੀਂ ਹੁੰਦੀ, ਉਦੋਂ ਤੱਕ ਰਾਜਸੀ ਜਮਾਤ ਦੀ ਅਗਵਾਈ ਪੰਜ ਮੈਂਬਰੀ ਕਮੇਟੀ ਕਰੇਗੀ, ਜਿਸ ਦੇ ਮੈਂਬਰ ਤਰਸੇਮ ਸਿੰਘ (ਅਮ੍ਰਿਤਪਾਲ ਸਿੰਘ ਦੇ ਪਿਤਾ), ਸਰਬਜੀਤ ਸਿੰਘ ਖਾਲਸਾ (ਫਰੀਦਕੋਟ ਤੋਂ ਲੋਕ ਸਭਾ ਮੈਂਬਰ),ਅਮਰਜੀਤ ਸਿੰਘ, ਹਰਭਜਨ ਸਿੰਘ ਤੁੜ ਅਤੇ ਸੁਰਜੀਤ ਸਿੰਘ ਹੋਣਗੇ।
ਇਹ ਕਮੇਟੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਉਸਾਰਨ ਲਈ ਕੰਮ ਕਰੇਗੀ।
ʻਅਕਾਲੀ ਦਲ ਵਾਰਿਸ ਪੰਜਾਬ ਦੇʼ ਧਿਰ ਦਾ ਏਜੰਡਾ
ਅਕਾਲੀ ਦਲ ਬਾਦਲ ਦਾ ਕੁਝ ਪੰਥਕ ਧਿਰਾਂ ਇਸ ਲਈ ਵਿਰੋਧ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਨਿਰੋਲ ਸਿੱਖਾਂ ਦੀ ਪਾਰਟੀ ਕਹਿਣ ਦੀ ਬਜਾਏ ਪੰਜਾਬੀ ਪਾਰਟੀ ਐਲਾਨ ਦਿੱਤਾ ਸੀ।
ਅਜਿਹੀ ਦੁਚਿੱਤੀ ਫਿਲਹਾਲ ਇਸ ਨਵੇਂ ਅਕਾਲੀ ਦਲ ਦੀ ਲੀਡਰਸ਼ਿੱਪ ਵਿੱਚ ਵੀ ਨਜ਼ਰ ਆਉਂਦੀ ਹੈ।
ਪਾਰਟੀ ਦੀ ਲੀਡਰਸ਼ਿਪ ਦੀਆਂ ਤਕਰੀਰਾਂ ਪੰਥਕ ਏਜੰਡੇ ਵਾਲੀਆਂ ਸਨ ਪਰ ਮੀਡੀਆ ਵਿੱਚ ਉਨ੍ਹਾਂ ਦੀ ਬਿਆਨਬਾਜੀ ਨਵੀਂ ਪਾਰਟੀ ਨੂੰ ਪੰਜਾਬ ਦੇ ਸਾਰੇ ਵਰਗਾਂ ਦੀ ਖੇਤਰੀ ਪਾਰਟੀ ਕਹਿੰਦੀ ਹੈ।
ਬੀਬੀਸੀ ਨਾਲ ਗੱਲਬਤ ਕਰਦੇ ਹੋਏ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਆਖਿਆ ਕਿ ʻਅਕਾਲੀ ਦਲ ਵਾਰਿਸ ਪੰਜਾਬ ਦੇʼ ਇਕੱਲੇ ਸਿੱਖਾਂ ਦੀ ਨਹੀਂ ਬਲਕਿ ਪੰਜਾਬੀਆਂ ਦੀ ਪਾਰਟੀ ਹੈ।
ਖਾਲਿਸਤਾਨ ਦੀ ਮੰਗ ਦੇ ਮੁੱਦੇ ਉੱਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਨਾਂ ਤਾਂ ਇਸ ਦੇ ਵਿਰੋਧ ਵਿੱਚ ਹਨ ਅਤੇ ਨਾ ਹੀ ਇਸ ਦੇ ਪੱਖ ਵਿੱਚ ਹਨ।
ਪਾਰਟੀ ਦੇ ਏਜੰਡੇ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਵੀ ਸ਼ਾਮਲ ਹੈ। ਤਰਸੇਮ ਸਿੰਘ ਨੇ ਦੱਸਿਆ ਹੈ ਕਿ ਸਿੱਖ ਕੈਦੀਆਂ ਦੀ ਰਿਹਾਈ ਲਈ ਸ਼ਾਂਤਮਈ ਸੰਘਰਸ਼ ਉਨ੍ਹਾਂ ਚਿਰ ਜਾਰੀ ਰਹੇਗਾ, ਜਦੋਂ ਤੱਕ ਸਾਰੇ ਸਿੱਖ ਕੈਦੀ ਰਿਹਾਅ ਨਹੀਂ ਹੋ ਜਾਂਦੇ।
ਪਾਰਟੀ ਦੇ ਜਾਰੀ ਕੀਤੇ ਗਏ 15 ਸੂਤਰੀ ਏਜੰਡੇ ਅਨੁਸਾਰ ʻਨਸਲਾਂ ਅਤੇ ਫ਼ਸਲਾਂʼ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਸ਼ਾਮਲ ਹੈ।
ਪਾਰਟੀ ਨੇ ਆਪਣੇ ਏਜੰਡੇ ਵਿੱਚ ਇੱਕ ਮੁਹਿੰਮ ʻਅਨੰਦਪੁਰ ਵਾਪਸੀʼ ਦਾ ਜ਼ਿਕਰ ਕੀਤਾ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਕਿਹਾ ਹੈ ਕਿ ਨਸ਼ਿਆਂ ਦਾ ਇੱਕੋ-ਇੱਕ ਹੱਲ ਧਰਮ ਵੱਲ ਵਾਪਸੀ ਹੈ।
ਪਾਰਟੀ ਦੇ ਇੱਕ ਹੋਰ ਮਤੇ ʻਪੰਜਾਬ ਪੰਜਾਬੀਆਂ ਦਾʼ ਦੇ ਅਨੁਸਾਰ ਇਹ ਯਕੀਨੀ ਬਣਾਇਆ ਜਾਵੇਗਾ ਕਿ ਪੰਜਾਬ ਵਿੱਚ ਹਰ ਤਰੀਕੇ ਦੇ ਸਰਕਾਰੀ ਅਤੇ ਨਿੱਜੀ ਕਾਰੋਬਾਰ ਦੀਆਂ ਨੌਕਰੀਆਂ ਵਿੱਚ ਸਿਰਫ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇ।
ਇਸ ਤੋਂ ਇਲਾਵਾ ਬੇਅਦਬੀ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਪੰਜਾਬ ਦੇ ਹੋਰਨਾਂ ਵਰਗਾਂ ਦੀ ਨੁਮਾਇੰਦਗੀ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ।
ਕੀ ਅਮ੍ਰਿਤਪਾਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਲਵੇਗੀ ?
ਪਿਛਲੇ ਕਾਫੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਜ਼ਮੀਨੀ ਆਧਾਰ ਲਾਗਤਾਰ ਘੱਟਦਾ ਗਿਆ ਹੈ।
ਸਥਿਤੀ ਇਹ ਰਹੀ ਹੈ ਕਿ ਲੋਕ ਸਭਾ ਦੀਆਂ 13 ਸੀਟਾਂ ਵਿੱਚ ਇਕਲੌਤੀ (ਬਠਿੰਡਾ) ਸੀਟ ਹੀ ਜਿੱਤ ਸਕੀ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 117 ਸੀਟਾਂ ਵਿਚੋਂ ਪਾਰਟੀ ਦੇ ਹਿੱਸੇ ਤਿੰਨ ਹੀ ਆਈਆਂ ਸਨ, ਜਿਸ ਵਿੱਚੋਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਿਧਾਇਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ।
ਪਾਰਟੀ ਲਗਾਤਾਰ ਸਿਆਸੀ ਧਰਾਤਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਾਰੇ ਯਤਨਾਂ ਦੇ ਬਾਵਜੂਦ ਵੀ ਕਾਮਯਾਬੀ ਨਹੀਂ ਮਿਲ ਰਹੀ।
ਅਜਿਹੇ ਵਿੱਚ ਸਵਾਲ ਇਹ ਹੈ ਕਿ ਕੀ ਅਮ੍ਰਿਤਪਾਲ ਸਿੰਘ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਲੈ ਸਕਦੀ ਹੈ, ਇਸ ਦਾ ਜਵਾਬ ਹਾਸਲ ਕਰਨ ਲਈ ਬੀਬੀਸੀ ਨੇ ਰਾਜਨੀਤਿਕ ਮਾਹਰਾਂ ਨਾਲ ਗੱਲਬਾਤ ਕੀਤੀ।
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਮੁਤਾਬਕ ਜੋ ਚਿਹਰੇ ਮਾਘੀ ਮੇਲੇ ਦੌਰਾਨ ʻਅਕਾਲੀ ਦਲ ਵਾਰਿਸ ਪੰਜਾਬ ਦੇʼ ਦੀ ਸਟੇਜ ਉਤੇ ਨਜ਼ਰ ਆਏ,ਉਹ ਪਹਿਲਾਂ ਵੀ ਕਈ ਵਾਰ ਅਜਿਹੀਆਂ ਕੋਸ਼ਿਸਾਂ ਕਰ ਚੁੱਕੇ ਹਨ।
ਜਸਪਾਲ ਸਿੰਘ ਮੁਤਾਬਕ ਪਾਰਟੀ ਦੇ ਮੰਚ ਉੱਤੇ ਜੋ ਤਕਰੀਰਾਂ ਸੁਣਨ ਨੂੰ ਮਿਲੀਆਂ, ਉਸ ਰਾਹੀਂ ਸਿਰਫ ਇੱਕ ਧਿਰ ਨੂੰ ਸੰਬੋਧਨ ਕਰਨ ਦੀ ਕੋਸ਼ਿਸ ਕੀਤੀ ਗਈ ਹੈ।
“ਪੰਜਾਬ ਨੂੰ ਲੈ ਕੇ ਪਾਰਟੀ ਦਾ ਰੋਡ ਮੈਪ ਕੀ ਹੋਵੇਗਾ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ।”
ਪਾਰਟੀ ਦਾ ਭਵਿੱਖ ਕੀ ਹੋਵੇਗਾ ?
ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਖਾਲਿਦ ਮੁਹੰਮਦ ਮੁਤਾਬਕ ਇਹ ਕਹਿਣਾ ਫਿਲਹਾਲ ਕਾਫੀ ਮੁਸ਼ਕਿਲ ਲੱਗਦਾ ਹੈ ਕਿ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਲੈ ਲਵੇਗੀ।
ਉਨ੍ਹਾਂ ਆਖਿਆ, ਕਿ ਅਮ੍ਰਿਤਪਾਲ ਸਿੰਘ ਦੀ ਪਾਰਟੀ ਫਿਲਹਾਲ ਪੰਜਾਬ ਦੇ ਗਰਮਖਿਆਲੀ ਧਿਰਾਂ ਦੀ ਵੱਧ ਨੁਮਾਇੰਦਗੀ ਕਰਦੀ ਨਜ਼ਰ ਆ ਰਹੀ ਹੈ ।
ਜਦਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਹੀ ਨਹੀਂ ਬਲਕਿ ਪੰਜਾਬ ਦੇ ਸਾਰੇ ਵਰਗਾਂ ਦੀ ਨੁਮਾਇੰਦਗੀ ਕਰਦੀ ਹੈ ਜਿਸ ਵਿੱਚ ਹਿੰਦੂ, ਸਿੱਖ, ਅਤੇ ਮੁਸਲਿਮ ਵਰਗ ਸ਼ਾਮਲ ਹਨ।
ਦੂਜੇ ਪਾਸੇ ਕੁਝ ਸਿਆਸੀ ਮਾਹਰ ਇਹ ਵੀ ਮੰਨਦੇ ਹਨ ਕਿ ਜਦੋਂ ਤੱਕ ਅਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਨਹੀਂ ਆਉਂਦੇ, ਉਦੋਂ ਤੱਕ ਇਸ ਪਾਰਟੀ ਦਾ ਭਵਿੱਖ ਕੁਝ ਖ਼ਾਸ ਨਹੀਂ ਹੋਣ ਵਾਲਾ ਹੈ।
ਮਾਹਰਾਂ ਮੁਤਾਬਕ ਇਹ ਸਾਰੀ ਕਵਾਇਦ ਅਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਨੂੰ ਲੈ ਕੇ ਹੈ। ਕਿਉਂਕਿ ਜੋ ਵੀ ਪੰਥਕ ਪਾਰਟੀ ਇਨ੍ਹਾਂ ਚੋਣਾਂ ਵਿੱਚ ਆਪਣਾ ਦਬਦਬਾ ਕਾਇਮ ਕਰੇਗੀ, ਉਹ ਸ਼੍ਰੋਮਣੀ ਅਕਾਲੀ ਦਲ ਦਾ ਬਦਲ ਹੋ ਸਕਦੀ ਹੈ।
ਹਾਲਾਂਕਿ ਦਰਜਨ ਦੇ ਕਰੀਬ ਪਾਰਟੀਆਂ ਅਕਾਲੀ ਦਲ ਦੇ ਨਾਲ ਮੇਲ ਖਾਂਦੇ ਨਾਵਾਂ ਹੇਠ ਹੋਂਦ ਵਿੱਚ ਆਈਆਂ ਹਨ, ਪਰ ਇਹ ਜਾਂ ਤਾਂ ਖ਼ਤਮ ਹੋ ਗਈਆਂ ਜਾਂ ਹੋਰ ਸਿਆਸੀ ਪਾਰਟੀਆਂ ਦਾ ਪੱਲਾ ਫ਼ੜ ਤੁਰ ਪਈਆਂ।
ਵੱਖ-ਵੱਖ ਪੰਥਕ ਦਲਾਂ ਨੂੰ ਕਿਉਂ ਨਹੀਂ ਮਿਲੀ ਕਾਮਯਾਬੀ
ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇੱਕ ਸਦੀ ਤੋਂ ਜ਼ਿਆਦਾ ਦਾ ਹੈ। ਇਸ ਅਰਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਇੱਕ ਹੋਰ ਪੰਥਕ ਦਲ ਖੜਾ ਕਰਨ ਦੀਆਂ ਕਈ ਕੋਸ਼ਿਸਾਂ ਹੋਈਆਂ ਪਰ ਕਾਮਯਾਬੀ ਨਹੀਂ ਮਿਲੀ ਪਾਈ।
ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਗੁਰਚਰਨ ਸਿੰਘ ਟੌਹੜਾ ਬਿਨਾਂ ਅਧੂਰਾ ਹੈ।
ਉਹ 1973 ਤੋਂ ਲੈ ਕੇ 1998 ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਉੱਤੇ ਰਹੇ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਕਾਮਯਾਬ ਸਿਆਸੀ ਸਫ਼ਰ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਰਹੀ।
1999 ਵਿੱਚ ਗੁਰਚਰਨ ਸਿੰਘ ਟੌਹੜਾ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ। ਇਸ ਤੋਂ ਨਾਰਾਜ਼ ਟੌਹੜਾ ਨੇ ਆਪਣੀ ਪਾਰਟੀ ਬਣਾਈ- ਸਰਬਹਿੰਦ ਅਕਾਲੀ ਦਲ।
ਸਰਬਹਿੰਦ ਅਕਾਲੀ ਦਲ ਨੇ ਗੁਰਚਰਨ ਸਿੰਘ ਟੋਹੜਾ ਦੀ ਅਗਵਾਈ ਵਿੱਚ 1999 ਦੀ ਲੋਕ ਸਭਾ ਚੋਣ ਲੜੀ ਅਤੇ ਫ਼ਿਰ 2002 ਵਿੱਚ ਵੀ ਚੋਣ ਮੈਦਾਨ ਵਿੱਚ ਉੱਤਰੇ ਪਰ ਦੋਵੇਂ ਵਾਰ ਹਾਰ ਹੱਥ ਲੱਗੀ।
ਆਖਰਕਾਰ 2003 ਵਿੱਚ ਸਰਬਹਿੰਦ ਅਕਾਲੀ ਦਲ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਿੱਸਾ ਬਣ ਗਿਆ।
ਜਾਣਕਾਰ ਮੰਨਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਿਲਦੀ ਹੈ ਅਤੇ ਇਹੀ ਇਸ ਦੀ ਕਾਮਯਾਬੀ ਦਾ ਇਕ ਵੱਡਾ ਕਾਰਨ ਵੀ ਹੈ ਜੋ ਸਮੇਂ-ਸਮੇਂ ਉੱਥੇ ਗਠਿਤ ਹੋਈਆਂ ਦੂਜੀਆਂ ਧਿਰਾਂ ਕੋਲ ਨਹੀਂ ਹੈ।
ਇਸ ਤੋਂ ਪਹਿਲਾਂ ਵੀ ਕਈ ਸਿਆਸੀ ਆਗੂਆਂ ਵੱਲੋਂ ਰਾਜਸੀ ਧਿਰਾਂ ਬਣਾਈਆਂ ਗਈਆਂ ਹਨ, ਜਿਸ ਵਿੱਚੋਂ ਪ੍ਰਮੁੱਖ ਹਨ ਕੈਪਟਨ ਅਮਰਿੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ-ਕਾਬਲ),ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ (ਸ਼੍ਰੋਮਣੀ ਅਕਾਲੀ ਦਲ 1920),ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ- ਅੰਮ੍ਰਿਤਸਰ), ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ (ਸ਼੍ਰੋਮਣੀ ਅਕਾਲੀ ਦਲ- ਸੰਯੁਕਤ) ਪ੍ਰਮੁੱਖ ਹਨ।
ਇਹੀ ਨਹੀਂ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਦੀ (ਸ਼੍ਰੋਮਣੀ ਅਕਾਲੀ ਦਲ- ਲੌਂਗੋਵਾਲ),ਪੰਥਕ ਆਗੂ ਜਸਬੀਰ ਸਿੰਘ ਰੋਡੇ ਦੀ (ਸ਼੍ਰੋਮਣੀ ਅਕਾਲੀ ਦਲ- ਪੰਥਕ), ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ (ਸ਼੍ਰੋਮਣੀ ਅਕਾਲੀ ਦਲ- ਡੈਮੋਕ੍ਰੇਟਿਕ) ਵੱਲੋਂ ਵੀ ਪਾਰਟੀਆਂ ਬਣਾਈਆਂ ਗਈਆਂ ਸਨ।
ਪੰਜਾਬ ਵਿੱਚ ਵੱਖ ਵੱਖ ਸਮੇਂ ਦੌਰਾਨ ਗਠਿਤ ਹੋਈਆਂ ਸਿਆਸੀ ਧਿਰਾਂ ਬਾਰੇ ਟਿੱਪਣੀ ਕਰਦਿਆਂ ਪ੍ਰੋਫੈਸਰ ਖਾਲਿਦ ਮੁਹੰਮਦ ਦਾ ਕਹਿਣਾ ਹੈ ਕਿ ਇਸ ਦੇ ਕਈ ਕਾਰਨ ਹਨ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਥਾਪੜਾ ਹੈ ਦੂਜੇ ਪਾਸੇ ਇਸ ਨੇ ਸਮੇਂ ਸਮੇਂ ਉੱਤੇ ਆਪਣੀ ਵਿਚਾਰਧਾਰਾ ਵਿੱਚ ਬਦਲਾਅ ਕੀਤਾ ਹੈ, ਇਹੀ ਕਾਰਨ ਹੈ ਕਿ ਕੋਈ ਵੀ ਪਾਰਟੀ ਇਸ ਦਾ ਥਾਂ ਨਹੀਂ ਲੈ ਸਕੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI