Source :- BBC PUNJABI
ਤਸਵੀਰ ਸਰੋਤ, Video Grab/FACEBOOK/Pranit More Official/BBC
ਬਿਰਿਆਨੀ ਦੇ ਬਦਲੇ ਸੈਕਸੁਅਲ ਫੇਵਰ ਮੰਗਣ ਨੂੰ ਲੈ ਕੇ ਹਿਮਾਂਸ਼ੂ ਜਾਂਗੜਾ ਉੱਤੇ ਉੱਠਿਆ ਵਿਵਾਦ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਇੱਕ ਨਵਾਂ ਵਿਵਾਦ ਸਾਹਮਣੇ ਆ ਗਿਆ। ਇਹ ਮਾਮਲਾ ਵੀ ਕਾਮੇਡੀਅਨ ਪ੍ਰਣੀਤ ਮੋਰੇ ਦੇ ਸ਼ੋਅ ਨਾਲ ਜੁੜਿਆ ਹੈ, ਜਿੱਥੇ ਹਿਮਾਂਸ਼ੂ ਨੇ ਵਿਵਾਦਤ ਗੱਲਾਂ ਕੀਤੀਆਂ ਸਨ।
ਤਾਜ਼ਾ ਵਿਵਾਦ ਦੇ ਕੇਂਦਰ ਵਿੱਚ ਮੈਡੀਕਲ ਵਿਦਿਆਰਥਣ ਸੇਜਲ ਪਵਾਰ ਹਨ। ਉਹ ਮੁੰਬਈ ਵਿੱਚ ਐੱਮਬੀਬੀਐੱਸ ਦੇ ਤੀਜੇ ਸਾਲ ਦੇ ਵਿਦਿਆਰਥਣ ਹਨ। ਲਗਭਗ ਤਿੰਨ ਮਹੀਨੇ ਪੁਰਾਣੇ ਸ਼ੋਅ ਵਿੱਚ ਹੋਸਟ ਪ੍ਰਣੀਤ ਮੋਰੇ ਕ੍ਰਾਊਡ ਵਰਕ ਦੌਰਾਨ ਸੇਜਲ ਨਾਲ ਗੱਲ ਕਰਦੇ ਹਨ। ਉਹ ਉਨ੍ਹਾਂ ਤੋਂ ਐਨਾਟੌਮੀ ਅਤੇ ਪੋਸਟਮਾਰਟਮ ਬਾਰੇ ਸਵਾਲ ਪੁੱਛ ਰਹੇ ਸਨ।
ਸੇਜਲ ਦੱਸ ਰਹੀ ਹਨ ਕਿ ਲਾਸ਼ਾਂ ਦੀ ਮੈਡੀਕਲ ਜਾਂਚ ਕਿਵੇਂ ਕੀਤੀ ਜਾਂਦੀ ਹੈ। ਇਸ ਦੌਰਾਨ ਉਹ ਕਹਿੰਦੀ ਹਨ ਕਿ ਡਾਕਟਰ ਕਈ ਵਾਰ ਮ੍ਰਿਤਕ ਪੁਰਸ਼ਾਂ ਦੇ ਗੁਪਤ ਅੰਗਾਂ ਨੂੰ ਲੈ ਕੇ ਮਜ਼ਾਕ ਕਰਦੇ ਹਨ।
ਜਦੋਂ ਉਹ ਇਹ ਗੱਲ ਕਰ ਰਹੇ ਸਨ ਤਾਂ ਵੀ ਪ੍ਰਣੀਤ ਨੇ ਉਨ੍ਹਾਂ ਨੂੰ ਨਹੀਂ ਰੋਕਿਆ, ਸਗੋਂ ਹੱਸਦੇ ਹੋਏ ਹੋਰ ਬੋਲਣ ਲਈ ਉਕਸਾਉਂਦੇ ਰਹੇ। ਇਹ ਵੀਡੀਓ ਕਲਿੱਪ ਉਸ ਵੇਲੇ ਵਾਇਰਲ ਨਹੀਂ ਹੋਈ ਸੀ, ਪਰ ਹਿਮਾਂਸ਼ੂ ਮਾਮਲੇ ਤੋਂ ਬਾਅਦ ਤੇਜ਼ੀ ਨਾਲ ਫੈਲ ਗਈ।
ਸੋਸ਼ਲ ਮੀਡੀਆ ਉੱਤੇ ਸੇਜਲ ਪਵਾਰ ਦੀ ਇਸ ਟਿੱਪਣੀ ਨੂੰ ਲੈ ਕੇ ਯੂਜਰਸ ਸਵਾਲ ਪੁੱਛਣ ਲੱਗੇ ਕਿ ਉਹ ਤਾਂ ਮੈਡੀਕਲ ਪੇਸ਼ੇ ਨਾਲ ਜੁੜੀ ਹੋਈ ਹੈ। ਜੇਕਰ ਉਹ ਮ੍ਰਿਤਕਾਂ ਦਾ ਵੀ ਸਨਮਾਨ ਨਹੀਂ ਕਰੇਗੀ, ਤਾਂ ਮਰੀਜ਼ਾਂ ਨਾਲ ਕਿਹੋ ਜਿਹਾ ਵਰਤਾਅ ਕਰਦੀ ਹੋਵੇਗੀ।
ਇੱਥੋਂ ਤੱਕ ਕਿ ਕਈ ਯੂਜਰਸ ਨੇ ਉਨ੍ਹਾਂ ਨੂੰ ਮੈਡੀਕਲ ਕਾਲਜ ਤੋਂ ਕੱਢਣ ਦੀ ਮੰਗ ਵੀ ਕੀਤੀ ਹੈ। ਸੋਸ਼ਲ ਮੀਡੀਆ ਉੱਤੇ ਇਹ ਗੱਲ ਵੀ ਹੋ ਰਹੀ ਹੈ ਕਿ ਮੈਡੀਕਲ ਵਿਦਿਆਰਥੀਆਂ ਦੀ ਪੜ੍ਹਾਈ ਲਈ ਆਪਣਾ ਸਰੀਰ ਦਾਨ ਕਰਨ ਵਾਲੇ ਮ੍ਰਿਤਕਾਂ ਦੀ ਮਰਿਆਦਾ ਦਾ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ।
ਹੱਦ ਕੌਣ ਤੈਅ ਕਰੇਗਾ- ਦਰਸ਼ਕ, ਕਾਨੂੰਨ ਜਾਂ ਕਾਮੇਡੀਅਨ?
ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ, “ਮੈਂ ਪਹਿਲੀ ਵਾਰ ਕਿਸੇ ਕਾਮੇਡੀ ਸ਼ੋਅ ਵਿੱਚ ਗਈ ਸੀ। ਮੈਂ ਉੱਥੇ ਕਈ ਗੱਲਾਂ ਕੀਤੀਆਂ ਸਨ। ਗਾਣਾ ਵੀ ਗਾਇਆ ਸੀ। ਪਰ ਉਹੀ ਟਿੱਪਣੀ ਵਾਇਰਲ ਹੋ ਗਈ। ਮੈਂ ਮੰਨਦੀ ਹਾਂ ਕਿ ਮੈਂ ਬਹੁਤ ਗਲਤ ਗੱਲ ਕੀਤੀ ਸੀ। ਜੇ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਮਾਫ਼ੀ ਚਾਹੁੰਦੀ ਹਾਂ। ਅੱਗੇ ਤੋਂ ਅਜਿਹਾ ਕਦੇ ਨਹੀਂ ਹੋਵੇਗਾ।”
ਹੁਣ ਮਹਾਰਾਸ਼ਟਰ ਸਾਈਬਰ ਸੈੱਲ ਨੇ ਪ੍ਰਣੀਤ ਮੋਰੇ, ਹਿਮਾਂਸ਼ੂ ਜਾਂਗੜਾ ਅਤੇ ਸੇਜਲ ਪਵਾਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।
ਸਾਈਬਰ ਪੁਲਿਸ ਦਾ ਕਹਿਣਾ ਹੈ ਕਿ ਯੂਟਿਊਬ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਵਾਇਰਲ ਹੋ ਰਹੀ ਇਸ ਕੰਟੈਂਟ ਵਿੱਚ ਔਰਤਾਂ ਅਤੇ ਮ੍ਰਿਤਕਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ।
ਇਲਜ਼ਾਮ ਹੈ ਕਿ ਕਾਮੇਡੀਅਨ ਪ੍ਰਣੀਤ ਮੋਰੇ ਵੱਲੋਂ ਹੋਸਟ ਕੀਤੇ ਗਏ ਪ੍ਰੋਗਰਾਮਾਂ ਦੀਆਂ ਕਲਿੱਪਾਂ ਰਿਕਾਰਡ ਕੀਤੀਆਂ ਗਈਆਂ ਅਤੇ ਵਪਾਰਕ ਲਾਭ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਫੈਲਾਇਆ ਗਿਆ।
ਪ੍ਰਣੀਤ ਮੋਰੇ ਦੇ ਸ਼ੋਅ ਨਾਲ ਜੁੜੀਆਂ ਦੋ ਵਾਇਰਲ ਕਲਿੱਪਾਂ ਉੱਤੇ ਕਾਰਵਾਈ ਤੋਂ ਬਾਅਦ ਬਹਿਸ ਹੁਣ ਸਿਰਫ਼ ਹਿਮਾਂਸ਼ੂ ਜਾਂਗੜਾ ਜਾਂ ਸੇਜਲ ਪਵਾਰ ਤੱਕ ਸੀਮਤ ਨਹੀਂ ਰਹੀ ਹੈ।
ਸਵਾਲ ਇਹ ਉੱਠ ਰਿਹਾ ਹੈ ਕਿ ਕੀ ਕਾਮੇਡੀ ਦੇ ਨਾਮ ਉੱਤੇ ਅਸ਼ਲੀਲ ਅਤੇ ਇਤਰਾਜ਼ਯੋਗ ਸਮੱਗਰੀ ਆਮ ਹੁੰਦੀ ਜਾ ਰਹੀ ਹੈ ਅਤੇ ਜੇ ਅਜਿਹਾ ਹੈ ਤਾਂ ਇਸ ਦੀ ਹੱਦ ਕੌਣ ਤੈਅ ਕਰੇਗਾ- ਦਰਸ਼ਕ, ਕਾਨੂੰਨ ਜਾਂ ਕਾਮੇਡੀਅਨ?
‘ਹਿਊਮਰ ਅਕਸਰ ਤਾਕਤ ਦੇ ਪ੍ਰਦਰਸ਼ਨ ਦਾ ਇੱਕ ਤਰੀਕਾ ਹੁੰਦਾ ਹੈ’

ਬੀਬੀਸੀ ਨੇ ਇਸ ਬਾਰੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਕਾਲਜ ਵਿੱਚ ਸਮਾਜ ਸ਼ਾਸਤਰ ਦੀ ਪ੍ਰੋਫੈਸਰ ਰੀਮਾ ਭਾਟੀਆ ਨਾਲ ਗੱਲ ਕੀਤੀ।
ਉਹ ਕਹਿੰਦੀ ਹਨ, “ਹਾਸਾ-ਮਜ਼ਾਕ ਅਕਸਰ ਤਾਕਤ ਦੇ ਪ੍ਰਦਰਸ਼ਨ ਦਾ ਇੱਕ ਤਰੀਕਾ ਹੁੰਦਾ ਹੈ। ਭਾਵ, ਅਸੀਂ ਅਕਸਰ ਉਨ੍ਹਾਂ ਲੋਕਾਂ ਜਾਂ ਭਾਈਚਾਰਿਆਂ ਬਾਰੇ ਮਜ਼ਾਕ ਕਰਦੇ ਹਾਂ ਜਿਨ੍ਹਾਂ ਬਾਰੇ ਅਸੀਂ ਮੰਨਦੇ ਹਾਂ ਕਿ ਅਸੀਂ ਉਨ੍ਹਾਂ ਨਾਲੋਂ ਬਿਹਤਰ ਜਾਂ ਵੱਧ ਤਾਕਤਵਰ ਹਾਂ। ਰਵਾਇਤੀ ਤੌਰ ਉੱਤੇ ਵੀ ਇਸੇ ਤਰ੍ਹਾਂ ਦੇ ਮਜ਼ਾਕ ਹੁੰਦੇ ਰਹੇ ਹਨ, ਜਿਵੇਂ ਪਤਨੀ ਬਾਰੇ ਚੁਟਕਲੇ, ਜਿਨ੍ਹਾਂ ਵਿੱਚ ਪਤਨੀ ਨੂੰ ‘ਛੋਟਾ’ ਮੰਨਿਆ ਜਾਂਦਾ ਰਿਹਾ ਹੈ ਅਤੇ ਉਹ ਹਾਸੇ ਦਾ ਕੇਂਦਰ ਬਣਦੀ ਰਹੀ।”
“ਇਸ ਦਾ ਉਲਟ ਪ੍ਰਤੀਕਰਮ ਵੀ ਹੁੰਦਾ ਹੈ, ਭਾਵ ਜਿਨ੍ਹਾਂ ਲੋਕਾਂ ਨੂੰ ਦਬਾਇਆ ਜਾਂਦਾ ਰਿਹਾ ਹੈ, ਉਹ ਜਵਾਬੀ ਪ੍ਰਤੀਕਿਰਿਆ ਦਿੰਦੇ ਹਨ। ਮੈਡੀਕਲ ਵਿਦਿਆਰਥਣ ਦੀ ਗੱਲ ਸੁਣ ਕੇ ਵੀ ਇਹੀ ਲੱਗਦਾ ਹੈ ਕਿ ਜਿਵੇਂ ਉਹ ਕਹਿਣਾ ਚਾਹੁੰਦੀ ਹੋਵੇ ਕਿ ਦੇਖੋ, ਅਸੀਂ ਔਰਤਾਂ ਵੀ ਮਰਦਾਂ ਬਾਰੇ ਚੁਟਕਲੇ ਬਣਾ ਸਕਦੀਆਂ ਹਾਂ। ਹਾਲਾਂਕਿ ਨੈਤਿਕ ਤੌਰ ‘ਤੇ ਦੋਵੇਂ ਪੱਖ ਹੀ ਗਲਤ ਹਨ।”
ਸਿਰਫ਼ ਭਾਰਤ ਹੀ ਨਹੀਂ, ਸਗੋਂ ਲਗਭਗ ਪੂਰੀ ਦੁਨੀਆ ਵਿੱਚ ਇਤਰਾਜ਼ਯੋਗ ਕੰਟੈਂਟ ਨੂੰ ਕਾਮੇਡੀ ਦੇ ਰੂਪ ਵਿੱਚ ਪੇਸ਼ ਕੀਤਾ ਜਾਣ ਲੱਗ ਪਿਆ ਹੈ।
ਬ੍ਰਿਟਿਸ਼ ਕਾਮੇਡੀਅਨ ਰਿਕੀ ਗਰਵੇਸ ਆਪਣੇ ਡਾਰਕ ਹਿਊਮਰ ਲਈ ਜਾਣੇ ਜਾਂਦੇ ਹਨ। ਪਰ ਸਾਲ 2009 ਵਿੱਚ ਉਨ੍ਹਾਂ ਨੇ ਬਲਾਤਕਾਰ ਨੂੰ ਹੀ ਕਾਮੇਡੀ ਦਾ ਵਿਸ਼ਾ ਬਣਾ ਦਿੱਤਾ ਸੀ।
ਇੱਕ ਵਿਵਾਦਤ ਚੁਟਕਲੇ ਵਿੱਚ ਗਰਵੇਸ ਕਾਲਪਨਿਕ ਡ੍ਰਿੰਕ ਡ੍ਰਾਈਵਿੰਗ ਦਾ ਜ਼ਿਕਰ ਕਰਦੇ ਹਨ, ਜਿਸ ਵਿੱਚ ਉਹ ਅਲਜ਼ਾਈਮਰ ਦੀ ਬਿਮਾਰੀ ਨਾਲ ਜੂਝ ਰਹੀ ਇੱਕ ਬਜ਼ੁਰਗ ਔਰਤ ਨਾਲ ਬਲਾਤਕਾਰ ਕਰ ਦਿੰਦੇ ਹਨ।
ਕਾਮੇਡੀਅਨ ਦਾ ਮਜ਼ਾਕ ਇਸ ਗੱਲ ‘ਤੇ ਖ਼ਤਮ ਹੁੰਦਾ ਹੈ ਕਿ “ਖੁਸ਼ਕਿਸਮਤੀ ਨਾਲ ਉਸ ਨੂੰ ਅਲਜ਼ਾਈਮਰ ਸੀ, ਇਸ ਲਈ ਉਹ ਭਰੋਸੇਯੋਗ ਗਵਾਹ ਨਹੀਂ ਸੀ।”
ਇਸ ਮਜ਼ਾਕ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਤੋਂ ਲੈ ਕੇ ਬਲਾਤਕਾਰ ਅਤੇ ਬਿਮਾਰੀ ਤੱਕ ਨੂੰ ਸ਼ਾਮਲ ਕੀਤਾ ਗਿਆ ਸੀ। ਵਿਵਾਦ ਵਧਣ ‘ਤੇ ਗਰਵੇਸ ਨੇ ਆਪਣਾ ਬਚਾਅ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਵਿਅੰਗ ਕੀਤਾ ਸੀ।
ਕੀ ਲੋਕ ਅਸ਼ਲੀਲ ਜਾਂ ਬੋਲਡ ਪੰਚਲਾਈਨਾਂ ‘ਤੇ ਵੱਧ ਹੱਸਦੇ ਹਨ?
ਤਸਵੀਰ ਸਰੋਤ, VIDEO GRAB/FACEBOOK/PRANEET MORE OFFFICIAL
ਬੀਬੀਸੀ ਨਾਲ ਗੱਲ ਕਰਦਿਆਂ ਮੱਧ ਪ੍ਰਦੇਸ਼ ਦੇ ਇੰਦੌਰ ਦੇ ਸੀਨੀਅਰ ਮਨੋਚਿਕਿਤਸਕ ਡਾਕਟਰ ਉੱਜਵਲ ਸਰਦੇਸਾਈ ਕਹਿੰਦੇ ਹਨ, “ਕਈ ਵਾਰ ਅਸੀਂ ਕਿਸੇ ਅਜਿਹੀ ਗੱਲ ‘ਤੇ, ਜਿਸ ਨੂੰ ਅਸੀਂ ਗ਼ਲਤ ਮੰਨਦੇ ਹਾਂ, ਨਾਰਾਜ਼ ਹੋਣ ਦੀ ਬਜਾਏ ਹੱਸ ਕੇ ਪ੍ਰਤੀਕਿਰਿਆ ਦਿੰਦੇ ਹਾਂ।”
“ਮਨੋਵਿਗਿਆਨ ਵਿੱਚ ਇਸ ਨੂੰ ਰਿਐਕਸ਼ਨ ਫਾਰਮੇਸ਼ਨ ਕਿਹਾ ਜਾਂਦਾ ਹੈ। ਇਹ ਇੱਕ ਤਰ੍ਹਾਂ ਦਾ ਡਿਫੈਂਸ ਮਕੈਨਿਜ਼ਮ ਹੈ। ਅਜਿਹਾ ਉਦੋਂ ਹੁੰਦਾ ਹੈ, ਜਦੋਂ ਅਸੀਂ ਕਿਸੇ ਵੀ ਵਜ੍ਹਾ ਨਾਲ ਸਿੱਧਾ ਵਿਰੋਧ ਨਹੀਂ ਕਰਨਾ ਚਾਹੁੰਦੇ।”
“ਕਈ ਵਾਰ ਆਡੀਅੰਸ ਨੂੰ ਇਹ ਡਰ ਵੀ ਰਹਿੰਦਾ ਹੈ ਕਿ ਕਥਿਤ ਕਾਮੇਡੀ ‘ਤੇ ਉਨ੍ਹਾਂ ਦਾ ਭੜਕ ਜਾਣਾ ਉਨ੍ਹਾਂ ਨੂੰ ਘੱਟ ਕੂਲ ਦਿਖਾ ਸਕਦਾ ਹੈ। ਇਹੀ ਵਜ੍ਹਾ ਹੈ ਕਿ ਅਜਿਹੇ ਲੋਕ ਵੀ ਅਸ਼ਲੀਲ ਮਜ਼ਾਕ ‘ਤੇ ਹੱਸਦੇ ਹਨ, ਜੋ ਉਸ ਨਾਲ ਸਹਿਮਤ ਨਹੀਂ ਰੱਖਦੇ। ਸਟੈਂਡ-ਅਪ ਕਾਮੇਡੀ ਵਿੱਚ ਆਮ ਤੌਰ ‘ਤੇ ਲੋਕ ਝਿਜਕ ਦੂਰ ਕਰਨ ਲਈ ਹੱਸਦੇ ਹਨ, ਜਾਂ ਫਿਰ ਜੋਕਸ ਕਰਦੇ ਹਨ।”
ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਕਾਮੇਡੀ ਸ਼ੋਅ ਵਿੱਚ ਅਚਾਨਕ ਕੋਈ ਦੋਅਰਥੀ ਗੱਲ ਆ ਜਾਵੇ ਤਾਂ ਕਮਰੇ ਜਾਂ ਹਾਲ ਵਿੱਚ ਹਾਸੇ ਦੀ ਆਵਾਜ਼ ਵਧ ਜਾਂਦੀ ਹੈ।
ਇਸ ਦੇ ਪਿੱਛੇ ਵੀ ਮਨੋਵਿਗਿਆਨ ਹੈ। ਅਮਰੀਕੀ ਬਿਹੇਵੀਅਰਲ ਸਾਇੰਟਿਸਟ ਏ. ਪੀਟਰ ਮੈਕਗ੍ਰਾ ਨੇ ਹਾਸੇ ਦੇ ਮਨੋਵਿਗਿਆਨ ਉੱਤੇ ਇੱਕ ਅਧਿਐਨ ਕੀਤਾ ਸੀ। ‘ਬਿਨਾਇਨ ਵਾਇਲੇਸ਼ਨ- ਮੇਕਿੰਗ ਇਮਮੌਰਲ ਬਿਹੇਵੀਅਰ ਫਨੀ’ ਨਾਮ ਨਾਲ ਇਹ ਅਧਿਐਨ ਪੀਅਰ-ਰਿਵਿਊਡ ਜਰਨਲ ਸਾਈਕੋਲੋਜੀਕਲ ਸਾਇੰਸ ਵਿੱਚ ਪ੍ਰਕਾਸ਼ਿਤ ਹੋਇਆ ਸੀ।
ਇਸ ਮੁਤਾਬਕ, ਲੋਕ ਅਕਸਰ ਉਨ੍ਹਾਂ ਗੱਲਾਂ ‘ਤੇ ਹੱਸਦੇ ਹਨ, ਜਿਨ੍ਹਾਂ ਬਾਰੇ ਆਮ ਤੌਰ ‘ਤੇ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ਜਾਂਦੀ। ਜਿਨਸੀ ਸਬੰਧ ਅਤੇ ਸਰੀਰ ਕੁਝ ਅਜਿਹੇ ਹੀ ਵਿਸ਼ੇ ਹਨ। ਮਤਲਬ ਜਿਸ ਚੀਜ਼ ਨੂੰ ਸਮਾਜ ਸੰਵੇਦਨਸ਼ੀਲ ਮੰਨਦਾ ਹੈ, ਉਹੀ ਕਾਮੇਡੀ ਵਿੱਚ ਆ ਜਾਵੇ ਤਾਂ ਲੋਕਾਂ ਨੂੰ ਜ਼ਿਆਦਾ ਮਜ਼ੇਦਾਰ ਲੱਗਦੀ ਹੈ।
ਇਸ ਲਈ ਬਕਾਇਦਾ ਇੱਕ ਟਰਮ ਹੈ- ਬਿਨਾਇਨ ਵਾਇਲੇਸ਼ਨ ਥਿਊਰੀ। ਇਸ ਮੁਤਾਬਕ, ਸਾਨੂੰ ਹਾਸਾ ਉਦੋਂ ਹੀ ਆਉਂਦਾ ਹੈ ਜਦੋਂ ਕੋਈ ਗੱਲ ਜਾਂ ਘਟਨਾ ਕਿਸੇ ਨਿਯਮ ਨੂੰ ਤੋੜਦੀ ਦਿਖੇ।
ਮਿਸਾਲ ਵਜੋਂ, ਕੋਈ ਸ਼ਖ਼ਸ ਡਿੱਗਦਾ ਦਿਖੇ ਤਾਂ ਆਲੇ-ਦੁਆਲੇ ਬਹੁਤ ਸਾਰੇ ਲੋਕ ਹੱਸ ਪੈਂਦੇ ਹਨ, ਜੇਕਰ ਨੁਕਸਾਨ ਜ਼ਿਆਦਾ ਗੰਭੀਰ ਨਾ ਹੋਵੇ।
ਪਰ ਹਰ ਕੋਈ ਕਿਉਂ ਨਹੀਂ ਹੱਸਦਾ?
ਤਸਵੀਰ ਸਰੋਤ, VIDEO GRAB/Pranit More Official/Facebook
ਇੱਕ ਹੀ ਮਜ਼ਾਕ ਸੁਣ ਕੇ ਇੱਕ ਵਿਅਕਤੀ ਜ਼ੋਰ ਨਾਲ ਹੱਸ ਸਕਦਾ ਹੈ, ਜਦਕਿ ਦੂਜਾ ਸ਼ਖ਼ਸ ਨਾਰਾਜ਼ ਹੋ ਸਕਦਾ ਹੈ। ਦਰਅਸਲ ਕਾਮੇਡੀ ਦੀ ਸਮਝ ਦਾ ਉਮਰ, ਪਰਵਰਿਸ਼ ਅਤੇ ਨਿੱਜੀ ਤਜਰਬਿਆਂ ਨਾਲ ਸਬੰਧ ਹੈ। ਹੋ ਸਕਦਾ ਹੈ ਕਿ ਜੋ ਕਾਮੇਡੀ ਇੱਕ ਕਾਲਜ ਵਿਦਿਆਰਥੀ ਨੂੰ ਹਸਾਵੇ, ਉਹੀ ਉਸ ਦੇ ਪਰਿਵਾਰ ਦੇ ਵੱਡਿਆਂ ਨੂੰ ਭੱਦੀ ਲੱਗੇ।
ਪ੍ਰੋਫੈਸਰ ਰੀਮਾ ਭਾਟੀਆ ਕਹਿੰਦੀ ਹਨ, “ਪੜ੍ਹਾਈ-ਲਿਖਾਈ, ਤਜ਼ਰਬੇ ਅਤੇ ਕਈ ਹੋਰ ਚੀਜ਼ਾਂ ਨਾਲ ਸੋਚ ਬਦਲਦੀ ਹੈ। ਇਹੀ ਵਜ੍ਹਾ ਹੈ ਕਿ ਪੀੜ੍ਹੀ ਦਰ ਪੀੜ੍ਹੀ ਕਿਸੇ ਗੱਲ ਨੂੰ ਮਜ਼ਾਕ ਮੰਨਣ ਜਾਂ ਨਾ ਮੰਨਣ ਦੀ ਸੋਚ ਵੀ ਬਦਲਦੀ ਹੈ। ਮਿਸਾਲ ਵਜੋਂ, ‘ਜੋਰੂ ਦਾ ਗੁਲਾਮ’ ਸ਼ਬਦ ਨੂੰ ਪਹਿਲਾਂ ਹਿਊਮਰ ਮੰਨਿਆ ਜਾਂਦਾ ਸੀ, ਅੱਜ ਬਹੁਤ ਘੱਟ ਲੋਕ ਹੋਣਗੇ ਜੋ ਅਜਿਹੀ ਗੱਲ ਕਰਨ।”
ਮਜ਼ਾਕ ਦੀ ਆੜ ਵਿੱਚ ਕਈ ਇਤਰਾਜ਼ਯੋਗ ਗੱਲਾਂ ਨੂੰ ਆਮ ਬਣਾਇਆ ਜਾ ਰਿਹਾ ਹੈ। ਜੇ ਲਿੰਗ ਜਾਂ ਧਰਮ ਨੂੰ ਲੈ ਕੇ ਵਾਰ-ਵਾਰ ਅਪਮਾਨਜਨਕ ਗੱਲਾਂ ਕਾਮੇਡੀ ਦੇ ਰੂਪ ਵਿੱਚ ਪੇਸ਼ ਕੀਤੀਆਂ ਜਾਣ ਤਾਂ ਕੁਝ ਲੋਕ ਉਨ੍ਹਾਂ ਨੂੰ ਘੱਟ ਗੰਭੀਰ ਮੰਨ ਸਕਦੇ ਹਨ।
ਪ੍ਰਣੀਤ ਮੋਰੇ ਦੇ ਸ਼ੋਅ ਦੀਆਂ ਕਲਿੱਪਾਂ ਵਾਇਰਲ ਹੋਣ ਤੋਂ ਬਾਅਦ ਵੀ ਇਹੀ ਸਵਾਲ ਉੱਠਿਆ। ਯੂਜ਼ਰਸ ਦਾ ਮੰਨਣਾ ਹੈ ਕਿ ਜਦੋਂ ਔਰਤਾਂ ਖ਼ਿਲਾਫ਼ ਹਿੰਸਾ ਜਾਂ ਸਹਿਮਤੀ (ਕਨਸੈਂਟ) ਵਰਗੇ ਵਿਸ਼ਿਆਂ ਉੱਤੇ ਵਾਰ-ਵਾਰ ਮਜ਼ਾਕ ਕੀਤਾ ਜਾਵੇ, ਤਾਂ ਇਸ ਨਾਲ ਇਨ੍ਹਾਂ ਮੁੱਦਿਆਂ ਦੀ ਗੰਭੀਰਤਾ ਘੱਟ ਹੋ ਸਕਦੀ ਹੈ।
ਪਰ ਕੀ ਇਸ ਨਾਲ ਸਿੱਧੇ ਤੌਰ ‘ਤੇ ਅਪਰਾਧ ਵਧਦੇ ਹਨ?
ਹੁਣ ਤੱਕ ਅਜਿਹਾ ਕੋਈ ਠੋਸ ਸਬੂਤ ਨਹੀਂ ਹੈ ਜੋ ਇਹ ਸਾਬਤ ਕਰਦਾ ਹੋਵੇ ਕਿ ਕਾਮੇਡੀ ਸ਼ੋਅ ਦੇਖਣ ਨਾਲ ਕੋਈ ਵਿਅਕਤੀ ਅਪਰਾਧ ਕਰਨ ਲੱਗ ਪੈਂਦਾ ਹੈ। ਪਰ ਚਿੰਤਾ ਉਸ ਮਾਹੌਲ ਨੂੰ ਲੈ ਕੇ ਹੈ, ਜੋ ਗਲਤ ਗੱਲਾਂ ਨੂੰ ਆਮ ਬਣਾ ਰਿਹਾ ਹੈ।
ਇਸ ਨਾਲ ਸਮਾਜ ਦੀ ਸੋਚ ਹੋਰ ਪੂਰਵਾਗ੍ਰਹੀ ਹੋ ਸਕਦੀ ਹੈ। ਖ਼ਾਸ ਕਰਕੇ ਉਸ ਸਮੇਂ, ਜਦੋਂ ਔਰਤਾਂ ਖ਼ਿਲਾਫ਼ ਹਿੰਸਾ ਵਧੀ ਹੈ।
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਮੁਤਾਬਕ, ਸਾਲ 2021 ਤੋਂ ਸਾਲ 2023 ਦੇ ਵਿਚਕਾਰ ਔਰਤਾਂ ਅਤੇ ਬੱਚਿਆਂ ਖ਼ਿਲਾਫ਼ ਦਰਜ ਅਪਰਾਧਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ।
ਇਸ ਦੌਰਾਨ ਔਰਤਾਂ ਖ਼ਿਲਾਫ਼ ਅਪਰਾਧ ਦੇ ਮਾਮਲੇ ਲਗਭਗ 4.28 ਲੱਖ ਤੋਂ ਵੱਧ ਕੇ ਕਰੀਬ 4.48 ਲੱਖ ਹੋ ਗਏ, ਜਦਕਿ ਬੱਚਿਆਂ ਖ਼ਿਲਾਫ਼ ਅਪਰਾਧ ਲਗਭਗ 1.49 ਲੱਖ ਤੋਂ ਵੱਧ ਕੇ ਕਰੀਬ 1.77 ਲੱਖ ਤੱਕ ਪਹੁੰਚ ਗਏ।
ਭਾਵ ਜੋ ਸਮੂਹ ਪਹਿਲਾਂ ਹੀ ਵਲਨਰੇਬਲ ਹੈ, ਉਸ ਨਾਲ ਹੋ ਰਹੇ ਅਪਰਾਧਾਂ ਉੱਤੇ ਹੱਸਣਾ ਉਸ ਲਈ ਖ਼ਤਰਾ ਵਧਾ ਸਕਦਾ ਹੈ।
ਪਰ ਅਜਿਹਾ ਨਹੀਂ ਕਿ ਸਿਰਫ਼ ਇੱਕ ਹੀ ਜੈਂਡਰ ਨਿਸ਼ਾਨੇ ਉੱਤੇ ਹੈ।
ਔਰਤਾਂ ਦੇ ਕੱਪੜਿਆਂ, ਸਰੀਰ, ਉਮਰ, ਵਿਆਹ ਜਾਂ ਰਿਸ਼ਤਿਆਂ ਉੱਤੇ ਜੋਕਸ ਅਕਸਰ ਸੁਣਨ ਨੂੰ ਮਿਲ ਜਾਂਦੇ ਹਨ। ਪਰ ਮਰਦ ਵੀ ਇਸ ਤੋਂ ਬਚੇ ਹੋਏ ਨਹੀਂ ਹਨ। ਉਨ੍ਹਾਂ ਦੀ ਲੰਬਾਈ, ਗੰਜਾਪਣ, ਕਮਾਈ, ਨੌਕਰੀ, ਪਿਆਰ ਵਿੱਚ ਅਸਫਲਤਾ, ਇੱਥੋਂ ਤੱਕ ਕਿ ਕਥਿਤ ਮਰਦਾਨਗੀ ਉੱਤੇ ਵੀ ਕਈ ਮਜ਼ਾਕ ਕੀਤੇ ਜਾਂਦੇ ਹਨ।
ਇੱਕ ਮਰਦ ਕਿਹੋ ਜਿਹਾ ਹੋਣਾ ਚਾਹੀਦਾ ਹੈ, ਕਿੰਨਾ ਕਮਾਉਣਾ ਚਾਹੀਦਾ ਹੈ, ਕਿੰਨਾ ਮਜ਼ਬੂਤ ਹੋਣਾ ਚਾਹੀਦਾ ਹੈ, ਜਿਹੀਆਂ ਗੱਲਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਮਜ਼ਾਕ ਕੀਤੇ ਜਾਂਦੇ ਹਨ। ਜੋ ਇਨ੍ਹਾਂ ਮਾਪਦੰਡਾਂ ਉੱਤੇ ਖਰੇ ਨਹੀਂ ਉਤਰਦੇ, ਉਹ ਕਈ ਵਾਰ ਮਜ਼ਾਕ ਦਾ ਸ਼ਿਕਾਰ ਹੋ ਜਾਂਦੇ ਹਨ।
ਭਾਵ ਕਾਮੇਡੀ ਦੀ ਦੁਨੀਆ ਵਿੱਚ ਔਰਤਾਂ ਅਤੇ ਮਰਦਾਂ, ਦੋਵਾਂ ਨਾਲ ਜੁੜੀਆਂ ਰੂੜ੍ਹੀਵਾਦੀ ਧਾਰਨਾਵਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਸੇਜਲ, ਜੋ ਕਿ ਇੱਕ ਮੈਡੀਕਲ ਪ੍ਰੋਫੈਸ਼ਨਲ ਹਨ, ਉਨ੍ਹਾਂ ਦਾ ਮਜ਼ਾਕ ਵੀ ਮ੍ਰਿਤਕ ਮਰਦਾਂ ਦੇ ਜਣਨ ਅੰਗਾਂ ਨਾਲ ਜੁੜਿਆ ਹੋਇਆ ਸੀ।
ਕੀ ਹਰ ਡਬਲ ਮੀਨਿੰਗ ਮਜ਼ਾਕ ਕਾਨੂੰਨ ਦੀ ਨਜ਼ਰ ਵਿੱਚ ਅਸ਼ਲੀਲ ਹੁੰਦਾ ਹੈ?

ਜਦੋਂ ਵੀ ਕਿਸੇ ਕਾਮੇਡੀ ਸ਼ੋਅ, ਫ਼ਿਲਮ, ਵੈੱਬ ਸੀਰੀਜ਼ ਜਾਂ ਸੋਸ਼ਲ ਮੀਡੀਆ ਵੀਡੀਓ ਨੂੰ ਲੈ ਕੇ ਵਿਵਾਦ ਹੁੰਦਾ ਹੈ, ਇੱਕ ਸ਼ਬਦ ਵਾਰ-ਵਾਰ ਸੁਣਨ ਨੂੰ ਮਿਲਦਾ ਹੈ- ਅਸ਼ਲੀਲਤਾ।
ਪਰ ਕਦੋਂ ਇਨ੍ਹਾਂ ਨੂੰ ਅਸ਼ਲੀਲ ਮੰਨਿਆ ਜਾ ਸਕਦਾ ਹੈ ਤਾਂ ਜੋ ਕਾਰਵਾਈ ਕੀਤੀ ਜਾਵੇ?
ਇਸ ਦਾ ਜਵਾਬ ਉਨਾ ਸਿੱਧਾ ਨਹੀਂ ਹੈ ਜਿੰਨਾ ਪਹਿਲੀ ਨਜ਼ਰ ਵਿੱਚ ਲੱਗਦਾ ਹੈ।
ਇਸ ਬਾਰੇ ਬੀਬੀਸੀ ਨਾਲ ਗੱਲਬਾਤ ਦੌਰਾਨ ਸੁਪਰੀਮ ਕੋਰਟ ਦੀ ਵਕੀਲ ਸੀਮਾ ਕੁਸ਼ਵਾਹਾ ਨੇ ਕਿਹਾ, “ਕਾਮੇਡੀ ਵਿੱਚ ਵਰਤੀ ਜਾਣ ਵਾਲੀ ਅਸ਼ਲੀਲ ਭਾਸ਼ਾ ਨੂੰ ਲੈ ਕੇ ਕੋਈ ਵੱਖਰਾ ਕਾਨੂੰਨ ਨਹੀਂ ਹੈ। ਅਜਿਹੇ ਮਾਮਲਿਆਂ ਵਿੱਚ ਕੰਟੈਂਟ ਦੇ ਸੰਦਰਭ ਅਤੇ ਉਸ ਦੇ ਅਸਰ ਨੂੰ ਦੇਖਿਆ ਜਾਂਦਾ ਹੈ। ਜੇਕਰ ਸਮੱਗਰੀ ਡਿਜੀਟਲ ਪਲੇਟਫਾਰਮ ‘ਤੇ ਹੈ, ਤਾਂ ਆਈਟੀ ਐਕਟ ਅਤੇ ਹੋਰ ਕਾਨੂੰਨੀ ਧਾਰਾਵਾਂ ਲੱਗ ਸਕਦੀਆਂ ਹਨ।”
ਉਹ ਕਹਿੰਦੀ ਹਨ ਕਿ ਸੰਵਿਧਾਨ ਦੇ ਅਨੁਛੇਦ 51A(e) ਵਿੱਚ ਸਾਫ਼ ਕਿਹਾ ਗਿਆ ਹੈ ਕਿ ਔਰਤਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਪਰ ਇਹ ਇੱਕ ਫੰਡਾਮੈਂਟਲ ਡਿਊਟੀ ਹੈ, ਜਿਸ ਦੀ ਪਾਲਣਾ ਨਾ ਕਰਨ ‘ਤੇ ਸਜ਼ਾ ਦੇਣ ਲਈ ਕੋਈ ਵੱਖਰਾ ਕਾਨੂੰਨ ਨਹੀਂ ਹੈ।
ਤਾਜ਼ਾ ਵਿਵਾਦ ਨੂੰ ਦੇਖੀਏ ਤਾਂ ਅਜਿਹਾ ਲੱਗਦਾ ਹੈ ਕਿ ਪੁਲਿਸ ਨੇ ਸੰਕੇਤਕ ਤੌਰ ‘ਤੇ ਐੱਫਆਈਆਰ ਦਰਜ ਕੀਤੀ ਹੈ। ਹਿਮਾਂਸ਼ੂ ਦੇ ਮਾਮਲੇ ਵਿੱਚ ਜੇਕਰ ਉਸ ਦੀ ਕਥਿਤ ਡੇਟ ਵੀ ਸਾਹਮਣੇ ਆ ਕੇ ਸ਼ਿਕਾਇਤ ਕਰੇ ਤਾਂ ਸਜ਼ਾ ਹੋ ਸਕਦੀ ਹੈ, ਨਹੀਂ ਤਾਂ ਕੇਸ ਖ਼ਾਰਜ ਹੋਣ ਦੀ ਸੰਭਾਵਨਾ ਵੱਧ ਹੈ।
ਹਾਲਾਂਕਿ ਇੱਥੇ ਇਹ ਗੱਲ ਵੀ ਹੈ ਕਿ ਨੈਤਿਕ ਅਤੇ ਕਾਨੂੰਨੀ ਜਵਾਬਦੇਹੀ ਹਮੇਸ਼ਾ ਇੱਕੋ ਜਿਹੀ ਨਹੀਂ ਹੁੰਦੀ। ਕੋਈ ਗੱਲ ਨੈਤਿਕ ਤੌਰ ‘ਤੇ ਇਤਰਾਜ਼ਯੋਗ ਹੋ ਸਕਦੀ ਹੈ, ਪਰ ਹਰ ਮਾਮਲੇ ਵਿੱਚ ਉਸ ਨੂੰ ਅਪਰਾਧ ਸਾਬਤ ਕਰਨਾ ਆਸਾਨ ਨਹੀਂ ਹੁੰਦਾ।
ਦਰਅਸਲ ਭਾਰਤੀ ਕਾਨੂੰਨ ਵਿੱਚ ਅਸ਼ਲੀਲਤਾ ਦੀ ਕੋਈ ਇੱਕ ਜਾਂ ਬਿਲਕੁਲ ਸਪੱਸ਼ਟ ਪਰਿਭਾਸ਼ਾ ਨਹੀਂ ਹੈ। ਅਕਸਰ ਵੱਖ-ਵੱਖ ਅਦਾਲਤਾਂ ਵੱਖ-ਵੱਖ ਮਾਮਲਿਆਂ ਵਿੱਚ ਇਹ ਤੈਅ ਕਰਦੀਆਂ ਹਨ ਕਿ ਕਿਹੜੀ ਸਮੱਗਰੀ ਨੂੰ ਅਸ਼ਲੀਲ ਮੰਨਿਆ ਜਾ ਸਕਦਾ ਹੈ ਅਤੇ ਕਿਹੜੀ ਨੂੰ ਨਹੀਂ।
ਕਾਨੂੰਨ ਆਮ ਤੌਰ ‘ਤੇ ਇਹ ਦੇਖਦਾ ਹੈ ਕਿ ਕੀ ਕੋਈ ਸਮੱਗਰੀ ਅਜਿਹੀ ਹੈ, ਜੋ ਜਿਨਸੀ ਉਤੇਜਨਾ ਪੈਦਾ ਕਰਨ ਦੇ ਇਰਾਦੇ ਨਾਲ ਬਣਾਈ ਗਈ ਹੈ ਅਤੇ ਕੀ ਉਸ ਦਾ ਸਮਾਜ ‘ਤੇ ਮਾੜਾ ਅਸਰ ਪੈ ਸਕਦਾ ਹੈ। ਇੱਕੋ ਸ਼ਬਦ ਨੂੰ ਵੱਖ-ਵੱਖ ਹਾਲਾਤਾਂ ਵਿੱਚ ਵੱਖਰੇ ਢੰਗ ਨਾਲ ਦੇਖਿਆ ਜਾ ਸਕਦਾ ਹੈ।
ਫ਼ਿਲਮਾਂ ਅਤੇ ਓਟੀਟੀ ਪਲੇਟਫਾਰਮਾਂ ‘ਤੇ ਗਾਲ੍ਹਾਂ ਦੇ ਇਸਤੇਮਾਲ ਨੂੰ ਲੈ ਕੇ ਵੀ ਅਕਸਰ ਬਹਿਸ ਹੁੰਦੀ ਹੈ। ਪਰ ਅਦਾਲਤਾਂ ਹਰ ਚੀਜ਼ ‘ਤੇ ਪਾਬੰਦੀ ਨਹੀਂ ਲਗਾ ਦਿੰਦੀਆਂ। ਜਿਨਸੀ ਵਿਸ਼ਿਆਂ ‘ਤੇ ਚਰਚਾ ਆਪਣੇ ਆਪ ਵਿੱਚ ਅਸ਼ਲੀਲ ਨਹੀਂ ਹੁੰਦੀ, ਸਗੋਂ ਅਹਿਮ ਗੱਲ ਇਹ ਹੁੰਦੀ ਹੈ ਕਿ ਉਸ ਬਾਰੇ ਕਿਸ ਇਰਾਦੇ ਨਾਲ ਗੱਲ ਕੀਤੀ ਗਈ।
ਅਜਿਹੇ ਮਾਮਲਿਆਂ ਦੇ ਸੰਦਰਭ ਦੀ ਜਾਂਚ ਕਰਨ ਤੋਂ ਬਾਅਦ ਭਾਰਤੀ ਨਿਆਂ ਸੰਹਿਤਾ ਅਤੇ ਆਈਟੀ ਐਕਟ ਤਹਿਤ ਕਈ ਧਾਰਾਵਾਂ ਲਗਾਈਆਂ ਜਾਂਦੀਆਂ ਹਨ, ਜਿਵੇਂ ਕਿ ਤਾਜ਼ਾ ਮਾਮਲੇ ਵਿੱਚ ਕੀਤਾ ਗਿਆ ਹੈ।
ਜੇਕਰ ਕੋਈ ਮਜ਼ਾਕ ਕਿਸੇ ਧਰਮ, ਜਾਤੀ ਜਾਂ ਭਾਈਚਾਰੇ ਖ਼ਿਲਾਫ਼ ਨਫ਼ਰਤ ਫੈਲਾਉਣ ਵਾਲਾ ਮੰਨਿਆ ਜਾਂਦਾ ਹੈ, ਤਾਂ ਅਸ਼ਲੀਲਤਾ ਨਾਲ ਸਬੰਧਿਤ ਧਾਰਾਵਾਂ ਤੋਂ ਇਲਾਵਾ ਹੋਰ ਕਈ ਅਪਰਾਧਿਕ ਧਾਰਾਵਾਂ ਵੀ ਲੱਗ ਸਕਦੀਆਂ ਹਨ।
ਸੇਜਲ ਅਤੇ ਹਿਮਾਂਸ਼ੂ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਅੱਗੇ ਕਿਹੜਾ ਮੋੜ ਲੈਂਦੀ ਹੈ, ਇਹ ਅਜੇ ਸਪੱਸ਼ਟ ਨਹੀਂ ਹੈ। ਪਰ ਇਸ ਵਿਵਾਦ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਕਾਮੇਡੀ ਦੇ ਨਾਮ ‘ਤੇ ਹਰ ਵਿਸ਼ੇ ਨੂੰ ਛੂਹਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਜਾਂ ਫਿਰ ਕਾਨੂੰਨ ਅਤੇ ਸਮਾਜ ਨੂੰ ਇਸ ਬਾਰੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI






