Source :- BBC PUNJABI
ਤਸਵੀਰ ਸਰੋਤ, ANI
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ
ਆਪਣੀ ਬੇਟੀ ਲਈ ਇਨਸਾਫ ਦੀ ਮੰਗ ਲੈ ਕੇ ਇੰਡੀਆ ਗੇਟ ‘ਤੇ ਧਰਨੇ ਬੈਠੇ ਅੰਕਿਤਾ ਭੰਡਾਰੀ ਦੇ ਮਾਤਾ ਪਿਤਾ ਨੂੰ ਪੁਲਿਸ ਨੇ ਵੀਰਵਾਰ ਨੂੰ ਤੜਕੇ ਹਿਰਾਸਤ ਵਿੱਚ ਲਿਆ।
ਅੰਕਿਤਾ ਭੰਡਾਰੀ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸੀਬੀਆਈ ਜਾਂਚ ਪੂਰੀ ਹੋਣ ਤੱਕ ਬੀਜੇਪੀ ਨੇਤਾ ਦੁਸ਼ਯੰਤ ਕੁਮਾਰ ਗੌਤਮ ਦੀ ਸਿੱਕਮ ਦੇ ਰਾਜਪਾਲ ਵਜੋਂ ਨਿਯੁਕਤੀ ‘ਤੇ ਰੋਕ ਲਗਾਈ ਜਾਵੇ।
ਇਸ ਤੋਂ ਪਹਿਲਾਂ ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਵਿੱਚ ਅੰਕਿਤਾ ਭੰਡਾਰੀ ਦੇ ਪਿਤਾ ਵੀਰੇਂਦਰ ਭੰਡਾਰੀ ਨੇ ਪੰਜ ਮੰਗਾਂ ਰੱਖੀਆਂ ਸਨ।
ਇਸ ਘਟਨਾਕ੍ਰਮ ਤੋਂ ਬਾਅਦ ਉੱਤਰਾਖੰਡ ਦਾ ਅੰਕਿਤ ਭੰਡਾਰੀ ਮਰਡਰ ਕੇਸ ਇੱਕ ਵਾਰ ਫਿਰ ਚਰਚਾ ਵਿੱਚ ਹੈ। ਆਓ ਜਾਣਦੇ ਹਾਂ ਕੌਣ ਸੀ ਅੰਕਿਤਾ ਭੰਡਾਰੀ ਅਤੇ ਉਨ੍ਹਾ ਦੇ ਕਤਲ ਨੂੰ ਲੈ ਕੇ ਬੀਜੇਪੀ ਨੇਤਾ ਦੁਸ਼ਯੰਤ ਕੁਮਾਰ ਗੌਤਮ ‘ਤੇ ਕਿਉਂ ਸਵਾਲ ਉੱਠ ਰਹੇ ਹਨ।
1.ਕੌਣ ਸੀ ਅੰਕਿਤਾ ਭੰਡਾਰੀ ?
ਤਸਵੀਰ ਸਰੋਤ, ANI
ਉੱਤਰਾਖੰਡ ਦੇ ਪੌੜੀ ਗੜਵਾਲ ਦੀ ਰਹਿਣ ਵਾਲੀ ਅੰਕਿਤਾ ਭੰਡਾਰੀ ਰਿਸ਼ੀਕੇਸ਼ ਵਿੱਚ ਲਛਮਣ ਝੂਲਾ ਥਾਣਾ ਖੇਤਰ ਅਤੇ ਚੀਲਾਂ ਦੇ ਵਿਚਕਾਰ ਮੌਜੂਦ ਵਨਤਾਰਾ ਰਿਜ਼ੌਰਟ ਵਿੱਚ ਰਿਸੈਪਸ਼ਨਿਸਟ ਦੀ ਨੌਕਰੀ ਕਰਦੀ ਸੀ।
18 ਸਤੰਬਰ 2022 ਨੂੰ ਅੰਕਿਤਾ ਦੇ ਲਾਪਤਾ ਹੋਣ ਦੀ ਖਬਰ ਮਿਲੀ ਸੀ। 24 ਤਾਰੀਖ ਨੂੰ ਸਵੇਰੇ ਚੀਲਾਂ ਨਹਿਰ ਤੋਂ ਅੰਕਿਤਾ ਦੀ ਲਾਸ਼ ਬਰਾਮਦ ਕੀਤੀ ਗਈ ਸੀ।
ਰਿਜ਼ੌਰਟ ਦੇ ਮਾਲਿਕ ਪੁਲਕਿਤ ਆਰਿਯਾ, ਮੈਨੇਜਰ ਸੌਰਭ ਭਾਸਕਰ ਅਤੇ ਅਸਿਸਟੈਂਟ ਮੈਨੇਜਰ ਅੰਕਿਤ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਤਿੰਨਾਂ ਨੇ ਉਸ ਨੂੰ ਨਹਿਰ ਵਿਚ ਧੱਕਣ ਦੀ ਗੱਲ ਕਬੂਲੀ ਅਤੇ ਮਈ 2025 ਵਿੱਚ ਤਿੰਨਾਂ ਨੂੰ ਦੋਸ਼ੀ ਠਹਿਰਾਇਆ ਗਿਆ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਉੱਤਰਾਖੰਡ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਮਾਮਲਾ ਸਿਆਸੀ ਪੱਖੋਂ ਵੀ ਵਿਵਾਦਤ ਹੋ ਗਿਆ ਕਿਉਂਕਿ ਤਿੰਨ ਦੋਸ਼ੀਆਂ ਵਿਚੋਂ ਇੱਕ ਵਿਅਕਤੀ ਪੁਲਕਿਤ ਆਰਿਯਾ ਤਤਕਾਲੀ ਬੀਜੇਪੀ ਨੇਤਾ ਵਿਨੋਦ ਆਰਿਯਾ ਦਾ ਬੇਟਾ ਹੈ।
ਅੰਕਿਤਾ ਦੇ ਕਤਲ ਦਾ ਮਾਮਲਾ ਸਾਹਮਣੇ ਆਉਣ ਬਾਅਦ ਵਿਨੋਦ ਆਰਿਯਾ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ।
2. ਸਜ਼ਾ ਪਾਉਣ ਵਾਲੇ ਕੌਣ ਹਨ?
ਪੁਲਿਸ ਮੁਤਾਬਕ 19 ਸਾਲਾ ਅੰਕਿਤਾ ਦਾ ਕਤਲ ਰਿਜ਼ੌਰਟ ਸੰਚਾਲਕ ਅਤੇ ਭਾਜਪਾ ਨੇਤਾ ਤੇ ਸਾਬਕਾ ਰਾਜ ਮੰਤਰੀ ਵਿਨੋਦ ਆਰਿਯਾ ਦੇ ਬੇਟੇ ਪੁਲਕਿਤ ਆਰਿਯਾ, ਰਿਜ਼ੌਰਟ ਮੈਨੇਜਰ ਸੌਰਭ ਭਾਸਕਰ ਅਤੇ ਇੱਕ ਹੋਰ ਕਰਮਚਾਰੀ ਅੰਕਿਤ ਨੇ ਕੀਤਾ ਸੀ।
ਪੁਲਕਿਤ ਦਾ ਭਰਾ ਅੰਕਿਤ ਵੀ ਉੱਤਰਾਖੰਡ ਵਿੱਚ ਹੋਰ ਪਿਛੜੇ ਵਰਗ ਕਮਿਸ਼ਨ ਦਾ ਉੱਪ ਪ੍ਰਧਾਨ ਸੀ ਜਿਨ੍ਹਾਂ ਨੂੰ ਇਹ ਮਾਮਲਾ ਸਾਹਮਣੇ ਆਉਣ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ।
ਪੁਲਿਸ ਦਾ ਕਹਿਣਾ ਸੀ ਕਿ ਅੰਕਿਤਾ ਨੂੰ ‘ਅਨੈਤਿਕ ਕੰਮ’ ਲਈ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਜਦੋਂ ਅੰਕਿਤਾ ਨੇ ਇਸ ਬਾਰੇ ਦੂਜਿਆਂ ਨੂੰ ਦੱਸਣ ਦੀ ਧਮਕੀ ਦਿੱਤੀ ਸੀ ਤਾਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਇਸ ਕਤਲ ਕਾਂਡ ਵਿੱਚ ਮੁੱਖ ਮੁਲਜ਼ਮ ਪੁਲਕਿਤ ਆਰਿਯਾ, ਅੰਕਿਤ ਗੁਪਤਾ ਅਤੇ ਸੌਰਭ ਭਾਸਕਰ ਨੂੰ ਮਈ 2025 ਵਿਚ ਦੋਸ਼ੀ ਠਹਿਰਾਇਆ ਗਿਆ ਅਤੇ ਹੁਣ ਉਹ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।
3.ਵੀਆਈਪੀ ਐਂਗਲ ਕੀ ਹੈ ?
ਤਸਵੀਰ ਸਰੋਤ, Getty Images
ਦਿ ਹਿੰਦੂ ਨੇ ਆਪਣੇ ਸਹਿਯੋਗੀ ਪ੍ਰਕਾਸ਼ਨ ਫਰੰਟਲਾਈਨ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਇੱਕ ਅਜਿਹੇ ਵੀਆਈਪੀ ਦੀ ਮੌਜੂਦਗੀ ਦਾ ਜ਼ਿਕਰ ਕੀਤਾ ਗਿਆ ਹੈ।
ਜਨਵਰੀ 2026 ਦੀ ਦਿ ਹਿੰਦੂ ਦੀ ਇੱਕ ਰਿਪੋਰਟ ਮੁਤਾਬਕ ਬੀਜੇਪੀ ਦੇ ਸਾਬਕਾ ਵਿਧਾਇਕ ਸੁਰੇਸ਼ ਰਾਠੌਰ ਦੀ ਸਾਥੀ ਅਭਿਨੇਤਰੀ ਉਰਮਿਲਾ ਜਨਾਵਰ ਨੇ ਇਲਜ਼ਾਮ ਲਗਾਇਆ ਸੀ ਕਿ ਇਸ ਮਾਮਲੇ ਵਿੱਚ ਵੀਆਈਪੀ ਬੀਜੇਪੀ ਦੇ ਇੱਕ ਸੀਨੀਅਰ ਨੇਤਾ ਸੀ।
ਫਰੰਟਲਾਈਨ ਦੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਵਟਸਐਪ ‘ਤੇ ਹੋਈ ਗੱਲਬਾਤ ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਸੀ ਕਿ ਪੁਲਕਿਤ ਆਰਿਯਾ ਅੰਕਿਤਾ ‘ਤੇ ‘ਅਨੈਤਿਕ ਕੰਮ’ ਲਈ ਦਬਾਅ ਪਾਉਂਦਾ ਸੀ।
ਅੰਕਿਤਾ ਭੰਡਾਰੀ ਕਤਲ ਦੇ ਮਾਮਲੇ ਨੂੰ ਲੈ ਕੇ ਚੱਲ ਰਹੇ ਅੰਦੋਲਨ ਵਿਚਕਾਰ ਬੀਜੇਪੀ ਨੇਤਾ ਦੁਸ਼ਯੰਤ ਕੁਮਾਰ ਗੌਤਮ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਖਾਰਿਜ ਕਰਦਿਆਂ ਐਫਆਈਆਰ ਦਰਜ ਕਰਾਈ ਸੀ।
4.ਦੁਸ਼ਯੰਤ ਗੌਤਮ ਦਾ ਨਾਮ ਕਿਉਂ ਚਰਚਾ ਵਿੱਚ ?
ਅੰਕਿਤਾ ਭੰਡਾਰੀ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਦੇ ਕਤਲ ਲਈ ਜ਼ਿੰਮੇਵਾਰ ਅਸਲੀ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ।
ਬੀਜੇਪੀ ਨੇਤਾ ਦੁਸ਼ਯੰਤ ਕੁਮਾਰ ਗੌਤਮ ਦਾ ਨਾਮ ਅੰਕਿਤਾ ਭੰਡਾਰੀ ਦੇ ਪਰਿਵਾਰ ਅਤੇ ਸਮਾਜਿਕ ਕਾਰਜਕਰਤਾਵਾਂ ਨੇ ਇਸ ਮਾਮਲੇ ਵਿੱਚ ਕਥਿਤ ਵੀਆਈਪੀ ਵਜੋਂ ਵਾਰ ਵਾਰ ਚੁੱਕਿਆ ਹੈ।
ਗੌਤਮ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਇਲਜ਼ਾਮ ਲਗਾਉਣ ਵਾਲਿਆਂ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ। ਬੀਜੇਪੀ ਦੇ ਸਾਬਕਾ ਕੌਮੀ ਮਹਾਂ ਸਕੱਤਰ ਰਹੇ ਗੌਤਮ ਉੱਤਰਾਖੰਡ ਵਿੱਚ ਪਾਰਟੀ ਦੇ ਪ੍ਰਭਾਰੀ ਵੀ ਰਹਿ ਚੁੱਕੇ ਹਨ।
12 ਅਕਤੂਬਰ ਨੂੰ ਉਨ੍ਹਾਂ ਨੂੰ ਸਿੱਕਿਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ।
ਅੰਕਿਤਾ ਭੰਡਾਰੀ ਦੇ ਮਾਤਾ ਪਿਤਾ ਮੰਗ ਕਰ ਰਹੇ ਹਨ ਕਿ ਕਥਿਤ ਵੀਆਈਪੀ ਗੈਸਟ ਦੀ ਜਾਂਚ ਪੂਰੀ ਹੋਣ ਤੱਕ ਸਿੱਕਿਮ ਦੇ ਰਾਜਪਾਲ ਵਜੋਂ ਉਨ੍ਹਾਂ ਦੀ ਨਿਯੁਕਤੀ ‘ਤੇ ਰੋਕ ਲਗਾਈ ਜਾਵੇ।
ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਗੌਤਮ ਨੂੰ ਬਚਾਉਣ ਦੇ ਮਕਸਦ ਨਾਲ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ।
ਪਾਰਟੀ ਦਾ ਤਰਕ ਹੈ ਕਿ ਰਾਜਪਾਲ ਅਹੁਦੇ ‘ਤੇ ਰਹਿੰਦਿਆਂ ਕਿਸੇ ਵਿਅਕਤੀ ਖ਼ਿਲਾਫ਼ ਅਪਰਾਧਿਕ ਕਾਰਵਾਈ ਨਹੀਂ ਕੀਤੀ ਜਾ ਸਕਦੀ।
5.ਦੁਸ਼ਯੰਤ ਗੌਤਮ ਨੇ ਕਿਸ ਸਾਜਿਸ਼ ਦਾ ਇਲਜ਼ਾਮ ਲਗਾਇਆ?
ਤਸਵੀਰ ਸਰੋਤ, ANI
ਗੌਤਮ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਇਲਜ਼ਾਮ ਲਗਾਉਣ ਵਾਲਿਆਂ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਹੈ। ਗੌਤਮ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਖਾਰਿਜ ਕਰਦਿਆਂ ਐਫਆਈਆਰ ਵੀ ਦਰਜ ਕਰਾਈ ਹੈ।
ਦੇਹਰਾਦੂਨ ਦੇ ਡਾਲਨਵਾਲਾ ਥਾਣੇ ਵਿੱਚ ਦਰਜ ਸ਼ਿਕਾਇਤ ਮੁਤਾਬਕ ਦੁਸ਼ਯੰਤ ਗੌਤਮ ਨੇ ਇਲਜ਼ਾਮ ਲਾਇਆ ਕਿ ਹਰਿਦੁਆਰ ਦੇ ਜਵਾਲਾਪੁਰ ਤੋਂ ਸਾਬਕਾ ਵਿਧਾਇਕ ਸੁਰੇਸ਼ ਰਾਠੌਰ ਅਤੇ ਅਭਿਨੇਤਰੀ ਉਰਮਿਲਾ ਜਨਾਵਰ ਨੇ ਹੋਰ ਅਗਿਆਤ ਲੋਕਾਂ ਦੇ ਨਾਲ ਮਿਲ ਕੇ ਉਨ੍ਹਾਂ ਖ਼ਿਲਾਫ਼ ਯੋਜਨਾਬੱਧ ਅਪਰਾਧਿਕ ਸਾਜ਼ਿਸ਼ ਘੜੀ ਹੈ।
ਪਟੀਸ਼ਨ ਵਿੱਚ ਦੁਸ਼ਯੰਤ ਗੌਤਮ ਨੇ ਅਦਾਲਤ ਤੋਂ ਮੰਗ ਕੀਤੀ ਕਿ ਉਨ੍ਹਾਂ ਖ਼ਿਲਾਫ਼ ਇਤਰਾਜ਼ਯੋਗ ਕੰਟੈਂਟ ਦੇ ਪ੍ਰਸਾਰ ‘ਤੇ ਰੋਕ ਲਗਾਈ ਜਾਵੇ ਅਤੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਅਜਿਹੇ ਕੰਟੈਂਟ ਹਟਾਉਣ ਦੇ ਨਿਰਦੇਸ਼ ਦਿੱਤੇ ਜਾਣ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਇਲਜ਼ਾਮਾਂ ‘ਤੇ ਸਥਾਈ ਰੋਕ ਲਗਾਈ ਜਾਵੇ।
ਦੁਸ਼ਯੰਤ ਗੌਤਮ ਨੇ ਇਹ ਵੀ ਕਿਹਾ ਸੀ ਕਿ ਅੰਕਿਤਾ ਭੰਡਾਰੀ ਕਤਲ ਕਾਂਡ ਦੀ ਪੂਰੀ ਜਾਂਚ, ਚਾਰਜਸ਼ੀਟ ਅਤੇ ਅਦਾਲਤ ਦੀ ਕਾਰਵਾਈ ਵਿੱਚ ਕਿਤੇ ਵੀ ਉਨ੍ਹਾਂ ਦਾ ਨਾਮ ਸਾਹਮਣੇ ਨਹੀਂ ਆਇਆ ਹੈ।
ਉਨ੍ਹਾਂ ਨੇ ਆਪਣੀ ਐਫਆਈਆਰ ਵਿੱਚ ਕਾਂਗਰਸ ‘ਤੇ ਵੀ ਇਲਜ਼ਾਮ ਲਗਾਏ ਸੀ।
5.ਅੰਕਿਤਾ ਦੇ ਮਾਤਾ ਪਿਤਾ ਕੀ ਚਾਹੁੰਦੇ ਹਨ ?
ਤਸਵੀਰ ਸਰੋਤ, ANI
ਅੰਕਿਤਾ ਭੰਡਾਰੀ ਦੇ ਪਿਤਾ ਵੀਰੇਂਦਰ ਭੰਡਾਰੀ ਨੇ ਬੀਬੀਸੀ ਨਿਊਜ਼ ਹਿੰਦੀ ਨਾਲ ਖਾਸ ਗੱਲਬਾਤ ਵਿੱਚ ਦੁਸ਼ਯੰਤ ਗੌਤਮ ਦੀ ਨਿਯੁਕਤੀ ਦੇ ਫ਼ੈਸਲੇ ‘ਤੇ ਡੂੰਘਾ ਦੁੱਖ ਅਤੇ ਨਿਰਾਸ਼ਾ ਜਤਾਈ ਸੀ।
ਉਨ੍ਹਾਂ ਨੇ ਦੱਸਿਆ ਸੀ ਕਿ ਇਸ ਫ਼ੈਸਲੇ ਦੀ ਖਬਰ ਸੁਣ ਕੇ ਉਨ੍ਹਾਂ ਦਾ ਪੂਰਾ ਪਰਿਵਾਰ ਰਾਤ ਭਰ ਸੌਂ ਨਹੀਂ ਸਕਿਆ ਅਤੇ ਬੇਹਦ ਪਰੇਸ਼ਾਨ ਰਿਹਾ।
ਬੀਬੀਸੀ ਨਿਊਜ਼ ਹਿੰਦੀ ਦੇ ਸਹਿਯੋਗੀ ਪੱਤਰਕਾਰ ਆਸਿਫ਼ ਅਲੀ ਨਾਲ ਗੱਲਬਾਤ ਵਿੱਚ ਅੰਕਿਤਾ ਦੇ ਪਿਤਾ ਨੇ ਪੰਜ ਮੁੱਖ ਮੰਗਾਂ ਰੱਖੀਆਂ ਸੀ।
- ਅੰਕਿਤਾ ਮਾਮਲੇ ਵਿਚ ਸੀਬੀਆਈ ਦੀ ਪੂਰੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਵਰਤਮਾਨ ਜਾਂ ਰਿਟਾਇਰਡ ਜੱਜ ਦੀ ਸਿੱਧੀ ਨਿਗਰਾਨੀ ਵਿਚ ਕਰਾਈ ਜਾਵੇ।
- ਯਮਕੇਸ਼ਵਰ ਦੀ ਵਿਧਾਇਕ ਰੇਨੂੰ ਬਿਸ਼ਟ ਤੋਂ ਪੁੱਛਗਿੱਛ ਕੀਤੀ ਜਾਵੇ ਅਤੇ ਘਟਨਾ ਦੌਰਾਨ 22-23 ਸਤੰਬਰ ਨੂੰ ਉਨ੍ਹਾਂ ਦੇ ਫੋਨ ਦੀ ਕਾਲ ਡਿਟੇਲ ਦੀ ਜਾਂਚ ਕੀਤੀ ਜਾਵੇ। ਨਾਲ ਹੀ ਪਤਾ ਲਗਾਇਆ ਜਾਵੇ ਕਿ ਵਨਤਾਰਾ ਰਿਜ਼ੌਰਟ ਨੂੰ ਢਾਹੁਣ ਦੇ ਕਿਸ ਨੇ ਦਿੱਤਾ ਸੀ।
- ਮਾਮਲੇ ਵਿੱਚ ਉਰਮਿਲਾ ਜਨਾਵਰ ਅਤੇ ਉਨ੍ਹਾਂ ਦੇ ਪਤੀ ਦੇ ਉਪਚਾਰਿਕ ਬਿਆਨ ਦਰਜ ਕੀਤੇ ਜਾਣ ਅਤੇ ਸੁਰੇਸ਼ ਰਾਠੌਰ ਦਾ ਨਾਰਕੋ ਟੈਸਟ ਕਰਾਇਆ ਜਾਵੇ।
- 18 ਸਤੰਬਰ ਤੋਂ 24 ਸਤੰਬਰ 2022 ਦੇ ਵਿਚਕਾਰ ਅਜੇ ਕੁਮਾਰ ਅਤੇ ਦੁਸ਼ਯੰਤ ਕੁਮਾਰ ਗੌਤਮ ਦੇ ਫੋਨ ਦੀ ਲੋਕੇਸ਼ਨ ਅਤੇ ਪੂਰੀ ਕਾਲ ਡਿਟੇਲ ਦੀ ਜਾਂਚ ਕੀਤੀ ਜਾਵੇ।
- ਮੁਲਜ਼ਮ ਪੁਲਕਿਤ ਆਰਿਯਾ ਦੇ ਫੋਨ ਦੀ 18 ਅਤੇ 19 ਸਤੰਬਰ ਦੀ ਕਾਲ ਡਿਟੋਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਉਹ ਕਿਹੜੇ ਲੋਕਾਂ ਦੇ ਸੰਪਰਕ ਵਿੱਚ ਸੀ।
7.ਜਾਂਚ ਨਾਲ ਜੁੜੇ ਅਧਿਕਾਰੀ ਨੇ ਕੀ ਕਿਹਾ ਸੀ
ਤਸਵੀਰ ਸਰੋਤ, ANI
ਇਸ ਮਾਮਲੇ ਦੀ ਜਾਂਚ ਨਾਲ ਜੁੜੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਸ਼ੇਖਰ ਸੁਯਾਲ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ‘ਕਿਸੇ ਵੀਆਈਪੀ’ ਦੀ ਕੋਈ ਭੂਮਿਕਾ ਨਹੀਂ ਸੀ।
ਅੰਕਿਤਾ ਭੰਡਾਰੀ ਕਤਲ ਮਾਮਲੇ ਤੋਂ ਬਾਅਦ ਸੂਬਾ ਸਰਕਾਰ ਨੇ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਸੁਯਾਲ ਉਸ ਵੇਲੇ ਪੌੜੀ ਵਿੱਚ ਏਐਸਪੀ ਦੇ ਅਹੁਦੇ ‘ਤੇ ਤਾਇਨਾਤ ਸਨ ਅਤੇ ਐਸਆਈਟੀ ਦੇ ਮੈਂਬਰ ਵੀ ਸੀ।
ਉਨ੍ਹਾਂ ਨੇ ਮੀਡੀਆ ਨੂੰ ਕਿਹਾ ਸੀ, “18 ਤੋਂ 22 ਸਤੰਬਰ 2022 ਦੇ ਵਿਚਕਾਰ ਰਿਜ਼ੌਰਟ ਵਿੱਚ ਠਹਿਰਨ ਜਾਂ ਬੁਕਿੰਗ ਕਰਾਉਣ ਵਾਲਾ ਹਰ ਵਿਅਕਤੀ ਅਸਲ ਵਿੱਚ ‘ਵੀਆਈਪੀ’ ਸੀ।”
8.ਜਾਂਚ ਬਾਰੇ ਸੀਐਮ ਧਾਮੀ ਨੇ ਕੀ ਕਿਹਾ ਸੀ?
ਤਸਵੀਰ ਸਰੋਤ, ANI
ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਉੱਤਰਾਖੰਡ ਵਿੱਚ ਕਈ ਥਾਈਂ ਅੰਦੋਲਨ ਹੁੰਦੇ ਰਹੇ ਹਨ।
ਹਾਲਾਂਕਿ ਉੱਤਰਾਖੰਡ ਸਰਕਾਰ ਨੇ ਕਿਹਾ ਸੀ ਕਿ ਸੂਬੇ ਦੀ ਬੇਟੀ ਅੰਕਿਤਾ ਨੂੰ ਇਨਸਾਫ ਦਿਵਾਉਣਾ ਸੂਬਾ ਸਰਕਾਰ ਦੀ ਪਹਿਲ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਸਰਕਾਰ ਨੇ ਪੂਰੀ ਗੰਭੀਰਤਾ, ਸੰਵੇਦਨਸ਼ੀਲਤਾ ਅਤੇ ਪਾਰਦਰਸ਼ਤਾ ਦੇ ਨਾਲ ਕੰਮ ਕੀਤਾ ਹੈ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਹ ਵੀ ਕਿਹਾ ਸੀ ਕਿ ਸੂਬਾ ਸਰਕਾਰ ਵੱਲੋਂ ਗਠਿਤ ਐਸਆਈਟੀ ਦੀ ਜਾਂਚ ‘ਤੇ ਨਾ ਕੇਵਲ ਹੇਠਲੀ ਅਦਾਲਤ, ਬਲਕਿ ਮਾਣਯੋਗ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਵੀ ਸੰਤੁਸ਼ਟੀ ਜ਼ਾਹਿਰ ਕੀਤੀ ਹੈ ਜੋ ਜਾਂਚ ਦੀ ਨਿਰਪੱਖਤਾ ਅਤੇ ਮਜ਼ਬੂਤੀ ਨੂੰ ਦਰਸਾਉਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਰਤਮਾਨ ਵਿਚ ਕਿਸੇ ਕਥਿਤ ਆਡੀਓ ਕਲਿੱਪ ਦੇ ਅਧਾਰ ‘ਤੇ ਸੂਬੇ ਵਿੱਚ ਗੈਰ-ਜ਼ਰੂਰੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦਕਿ ਅਸਲੀਅਤ ਇਹ ਹੈ ਕਿ ਨਿਆਂਇਕ ਪ੍ਰਕਿਰਿਆ ਪੂਰੀ ਗੰਭੀਰਤਾ ਨਾਲ ਆਪਣੇ ਨਿਚੋੜ ਤੱਕ ਪਹੁੰਚ ਚੁੱਕੀ ਹੈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲ ਚੁੱਕੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




