Source :- BBC PUNJABI

ਆਈਫੋਨ

ਤਸਵੀਰ ਸਰੋਤ, Getty Images

  • ਲੇਖਕ, ਸਾਰਦਾ ਵੀ
  • ਰੋਲ, ਬੀਬੀਸੀ ਤਮਿਲ
  • 17 ਮਈ 2025, 11:23 IST

    ਅਪਡੇਟ 2 ਮਿੰਟ ਪਹਿਲਾਂ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਜਨਤਕ ਤੌਰ ‘ਤੇ ਕਿਹਾ ਹੈ ਕਿ ਉਨ੍ਹਾਂ ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਆਈਫੋਨ ਭਾਰਤ ਵਿੱਚ ਤਿਆਰ ਕੀਤੇ ਜਾਣ।

ਨਾਲ ਹੀ, ਉਦਯੋਗ ਮਾਹਰਾਂ ਦਾ ਕਹਿਣਾ ਹੈ ਕਿ ਉਤਪਾਦਨ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਭੇਜਣਾ ਆਰਥਿਕ ਤੌਰ ‘ਤੇ ਅਸੰਭਵ ਅਤੇ ਭੂ-ਰਾਜਨੀਤਿਕ ਤੌਰ ‘ਤੇ ਵੀ ਗੁੰਝਲਦਾਰ ਹੈ।

ਬੀਬੀਸੀ ਤਮਿਲ ਨਾਲ ਗੱਲ ਕਰਦੇ ਹੋਏ, ਫੌਕਸਕੌਨ ਇੰਡੀਆ ਆਪ੍ਰੇਸ਼ਨਸ ਦੇ ਇੱਕ ਸੀਨੀਅਰ ਸਲਾਹਕਾਰ ਨੇ ਕਿਹਾ ਕਿ ਅਮਰੀਕਾ ਵਿੱਚ ਵੱਡੇ ਪੱਧਰ ‘ਤੇ ਇਲੈਕਟ੍ਰਾਨਿਕਸ ਨਿਰਮਾਣ ਲਈ ਲੋੜੀਂਦੇ ਹੁਨਰਮੰਦ ਕਰਮਚਾਰੀਆਂ ਦੀ ਘਾਟ ਹੈ, ਖਾਸ ਕਰਕੇ ਰੋਬੋਟਿਕਸ ਅਤੇ ਕਲੀਨਰੂਮ ਇੰਜੀਨੀਅਰਿੰਗ ਵਿੱਚ। ਇਸ ਕਾਰਨ ਸਥਾਨਾਂਤਰਣ (ਅਮਰੀਕਾ ਵਿੱਚ ਆਈਫ਼ੋਨ ਦਾ ਨਿਰਮਾਣ) ਅਵਿਵਹਾਰਕ ਅਤੇ ਵਿੱਤੀ ਤੌਰ ‘ਤੇ ਅਸੰਭਵ ਹੋ ਜਾਂਦਾ ਹੈ।

ਮਾਹਰਾਂ ਦਾ ਤਰਕ ਹੈ ਕਿ ਭਾਰਤ ਵੱਲ ਗਲੋਬਲ ਸਪਲਾਈ ਚੇਨ ਦਾ ਮੌਜੂਦਾ ਰੁਝਾਨ ਸਿਰਫ਼ ਇੱਕ ਰੁਝਾਨ ਨਹੀਂ ਹੈ, ਇਹ ਇੱਕ ਲੰਬੇ ਸਮੇਂ ਦੀ ਅਟੱਲਤਾ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ

ਤਸਵੀਰ ਸਰੋਤ, Getty Images

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਵਿੱਚ ਨਿਰਮਾਣ ਦੇ ਵਿਸਥਾਰ ‘ਤੇ ਐਪਲ ਦੇ ਸੀਈਓ ਟਿਮ ਕੁੱਕ ਨਾਲ ਨੂੰ ਨਾਰਾਜ਼ਗੀ ਪ੍ਰਗਟਾਈ ਹੈ।

ਕਤਰ ਦੀ ਰਾਜਧਾਨੀ ਦੋਹਾ ਵਿੱਚ ਇੱਕ ਕਾਰੋਬਾਰੀ ਮੀਟਿੰਗ ਵਿੱਚ ਬੋਲਦਿਆਂ ਉਨ੍ਹਾਂ ਕਿਹਾ, “ਮੈਨੂੰ ਟਿਮ ਕੁੱਕ ਨਾਲ ਥੋੜ੍ਹੀ ਜਿਹੀ ਸਮੱਸਿਆ ਸੀ। ਉਹ ਪੂਰੇ ਭਾਰਤ ਵਿੱਚ ਫੈਕਟਰੀਆਂ ਬਣਾ ਰਹੇ ਹਨ। ਮੈਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਭਾਰਤ ਵਿੱਚ ਨਿਰਮਾਣ ਕਰੋ।”

ਉਨ੍ਹਾਂ ਇਹ ਵੀ ਕਿਹਾ, “ਦੋਸਤ, ਮੈਂ ਤੁਹਾਡੇ ਨਾਲ ਬਹੁਤ ਚੰਗਾ ਵਿਵਹਾਰ ਕਰਦਾ ਹਾਂ। ਤੁਸੀਂ ਵੀ 500 ਬਿਲੀਅਨ ਡਾਲਰ ਦਾ ਨਿਵੇਸ਼ ਲੈ ਕੇ ਆਏ ਹੋ, ਪਰ ਹੁਣ ਮੈਂ ਸੁਣਿਆ ਹੈ ਕਿ ਤੁਸੀਂ ਪੂਰੇ ਭਾਰਤ ਵਿੱਚ ਫੈਕਟਰੀਆਂ ਲਗਾ ਰਹੇ ਹੋ। ਮੈਂ ਕਿਹਾ ਕਿ ਮੈਂ ਅਜਿਹਾ ਨਹੀਂ ਚਾਹੁੰਦਾ।”

ਗੱਲਬਾਤ ਤੋਂ ਬਾਅਦ, ਟਰੰਪ ਨੇ ਕਿਹਾ ਕਿ ਟਿਮ ਕੁੱਕ ਨੇ ਅਮਰੀਕਾ ਵਿੱਚ ਐਪਲ ਦੇ ਉਤਪਾਦਨ ਨੂੰ ਵਧਾਉਣ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਹੋਰ ਨਿਰਮਾਣ ਕਾਰਜਾਂ ਨਾਲ ਜੁੜੀਆਂ ਨੌਕਰੀਆਂ ਵੀ ਵਾਪਸ ਲਿਆਉਣਾ ਚਾਹੁੰਦੇ ਹਨ।

ਐਪਲ ਮੁੱਖ ਤੌਰ ‘ਤੇ ਚੀਨ ਅਤੇ ਭਾਰਤ ਵਿੱਚ ਆਪਣੇ ਆਈਫੋਨ ਬਣਾਉਂਦਾ ਹੈ।

ਚੀਨ, ਐਪਲ ਦਾ ਸਭ ਤੋਂ ਵੱਡਾ ਨਿਰਮਾਣ ਕੇਂਦਰ ਹੈ। ਦੁਨੀਆਂ ਭਰ ਵਿੱਚ ਵੇਚੇ ਜਾਣ ਵਾਲੇ 80 ਫੀਸਦ ਆਈਫੋਨ ਚੀਨ ਵਿੱਚ ਬਣਾਏ ਜਾਂਦੇ ਹਨ।

ਨਿਰਮਾਣ ਦੇ ਲਿਹਾਜ਼ ਤੋਂ ਭਾਰਤ ਵੀ ਇੱਕ ਮਹੱਤਵਪੂਰਨ ਅਧਾਰ ਵਜੋਂ ਉੱਭਰਿਆ ਹੈ ਅਤੇ ਵਿਸ਼ਵ ਵਿਆਪੀ ਆਈਫੋਨ ਉਤਪਾਦਨ ਦਾ ਲਗਭਗ 15-20 ਫੀਸਦੀ ਇੱਥੇ ਹੀ ਬਣਦਾ ਹੈ।

‘ਚੀਨ ਤੋਂ ਭਾਰਤ ਵਿੱਚ ਨੌਕਰੀਆਂ ਦੇ ਮੌਕੇ ਆ ਰਹੇ ਹਨ’

ਐਪਲ

ਤਸਵੀਰ ਸਰੋਤ, Getty Images

ਭਾਰਤ ਵਿੱਚ, ਮਾਰਚ 2025 ਤੱਕ ਪਿਛਲੇ 12 ਮਹੀਨਿਆਂ ਵਿੱਚ ਲਗਭਗ 22 ਬਿਲੀਅਨ ਅਮਰੀਕੀ ਡਾਲਰ ਦੇ ਆਈਫੋਨ ਅਸੈਂਬਲ ਕੀਤੇ ਗਏ ਸਨ।

ਇਹ ਪਿਛਲੇ ਸਾਲ ਨਾਲੋਂ 60 ਫੀਸਦ ਜ਼ਿਆਦਾ ਸੀ। ਭਾਰਤ ਵਿੱਚ ਆਈਫੋਨ ਦਾ ਉਤਪਾਦਨ ਫੌਕਸਕੌਨ ਦੀ ਮਲਕੀਅਤ ਵਾਲੀ ਫੈਕਟਰੀ ਵਿੱਚ ਕੀਤਾ ਜਾਂਦਾ ਹੈ, ਜੋ ਤਾਮਿਲਨਾਡੂ ਵਿੱਚ ਕੰਮ ਕਰਦੀ ਹੈ, ਇਸ ਦੇ ਨਾਲ ਹੀ ਟਾਟਾ ਇਲੈਕਟ੍ਰਾਨਿਕਸ ਅਤੇ ਪੈਗਾਟ੍ਰੋਨ ਵਿੱਚ ਵੀ ਉਤਪਾਦਨ ਹੁੰਦਾ ਹੈ।

ਆਈਫੋਨ

ਇੰਡੀਅਨ ਟੈਲੀਕਾਮ ਉਪਕਰਣ ਨਿਰਮਾਤਾ ਐਸੋਸੀਏਸ਼ਨ ਦੇ ਪ੍ਰਧਾਨ ਐਨਕੇ ਗੋਇਲ ਨੇ ਬੀਬੀਸੀ ਤਮਿਲ ਨੂੰ ਕਿਹਾ ਕਿ ਉਹ ਨਹੀਂ ਮੰਨਦੇ ਕਿ ਇਸ ਸਥਿਤੀ ਵਿੱਚ ਐਪਲ ਭਾਰਤ ਛੱਡੇਗਾ।

ਉਨ੍ਹਾਂ ਕਿਹਾ, “ਐਪਲ ਦੀਆਂ ਭਾਰਤ ਵਿੱਚ ਤਿੰਨ ਫੈਕਟਰੀਆਂ ਹਨ ਅਤੇ ਉਹ ਦੋ ਹੋਰ ਲਿਆਉਣ ਦੀ ਯੋਜਨਾ ਬਣਾ ਰਹੇ ਹਨ। ਭਾਰਤ ਵਿੱਚ ਕਾਰੋਬਾਰ ਕਰਨਾ ਅੱਜ ਇੱਕ ਬਦਲ ਨਹੀਂ ਹੈ, ਇਹ ਭਾਰਤ ਦੀਆਂ ਕਾਰੋਬਾਰ-ਅਨੁਕੂਲ ਨੀਤੀਆਂ ਕਾਰਨ ਇੱਕ ਜ਼ਰੂਰਤ ਹੈ। ਐਪਲ ਹਰ ਚੀਜ਼, ਸਿਆਸੀ ਸਥਿਰਤਾ, ਆਰਥਿਕ ਨਤੀਜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲਵੇਗਾ।”

ਐਨਕੇ ਗੋਇਲ ਕਹਿੰਦੇ ਹਨ ਕਿ “ਭਾਰਤ ਵਿੱਚ ਨਿਰਮਾਣ ਦਾ ਮਤਲਬ ਹੈ ਕਿ ਨੌਕਰੀਆਂ ਅਮਰੀਕਾ ਤੋਂ ਨਹੀਂ, ਚੀਨ ਤੋਂ ਭਾਰਤ ਵਿੱਚ ਆ ਰਹੀਆਂ ਹਨ। ਅਮਰੀਕਾ ਨੂੰ ਇਹ ਅਹਿਸਾਸ ਹੋ ਜਾਵੇਗਾ। ਫਿਰ ਉਹ ਭਾਰਤ ਨੂੰ ਚੁਣੇਗਾ ਜਾਂ ਚੀਨ ਜਾਵੇਗਾ?”

ਭਾਰਤ ਪ੍ਰਤੀ ਨਿਵੇਸ਼ਕਾਂ ‘ਚ ਖਿੱਚ

ਫੌਕਸਕੌਨ

ਤਸਵੀਰ ਸਰੋਤ, Getty Images

ਇਕੱਲੇ ਫੌਕਸਕੌਨ ਇਸ ਸਾਲ ਭਾਰਤ ਵਿੱਚ ਆਪਣੀ ਆਈਫੋਨ ਉਤਪਾਦਨ ਸਮਰੱਥਾ ਨੂੰ ਦੁੱਗਣਾ ਕਰਕੇ 25-30 ਮਿਲੀਅਨ ਯੂਨਿਟ ਤਿਆਰ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਹਾਲਾਂਕਿ, ਉਤਪਾਦਨ ਸੰਖਿਆਵਾਂ ਦੇ ਮਾਮਲੇ ਵਿੱਚ ਚੀਨ ਅਜੇ ਵੀ ਦਬਦਬਾ ਰੱਖਦਾ ਹੈ, ਅਤੇ ਲਗਭਗ 80 ਫੀਸਦੀ ਆਈਫੋਨ ਅਜੇ ਵੀ ਉੱਥੇ ਬਣਾਏ ਜਾ ਰਹੇ ਹਨ।

ਐਪਲ ਭੂ-ਰਾਜਨੀਤਿਕ ਤਣਾਅ ਅਤੇ ਟੈਕਸ ਨਿਯਮਾਂ ਵਿੱਚ ਬਦਲਾਅ ਦੇ ਕਾਰਨ ਆਪਣੀ ਸਪਲਾਈ ਚੇਨ ਨੂੰ ਵਿਭਿੰਨ ਬਣਾਉਣ ਲਈ ਭਾਰਤ ਵਿੱਚ ਆਪਣੀ ਸ਼ਿਫਟਿੰਗ ਨੂੰ ਤੇਜ਼ ਕਰ ਰਿਹਾ ਹੈ।

ਐਨਕੇ ਗੋਇਲ ਕਹਿੰਦੇ ਹਨ, “ਨਿਰਮਾਤਾ ਆਪਣੇ ਉਤਪਾਦਨ ਨੂੰ ਵਿਭਿੰਨ ਬਣਾਉਣ ਲਈ ‘ਚਾਈਨਾ ਪਲੱਸ’ ਰਣਨੀਤੀ ਅਪਣਾ ਰਹੇ ਹਨ। ਉਹ ਚੀਨ ਦੇ ਨਾਲ-ਨਾਲ ਕਿਸੇ ਹੋਰ ਦੇਸ਼ ਵਿੱਚ ਵੀ ਨਿਰਮਾਣ ਬਾਰੇ ਸੋਚ ਰਹੇ ਹਨ।”

”ਭਾਰਤ ਇੱਕ ਬਹੁਤ ਤੇਜ਼ੀ ਨਾਲ ਵਧ ਰਿਹਾ ਦੇਸ਼ ਹੈ। ਇੱਥੇ ਉਦਯੋਗਿਕ ਨੀਤੀਆਂ ਬਾਰੇ ਕੋਈ ਉਲਝਣ ਨਹੀਂ ਹੈ। ਉਤਪਾਦਨ ਨਾਲ ਜੁੜੇ ਪ੍ਰੋਤਸਾਹਨਾਂ ਦੀ ਵਿਵਸਥਾ ਭਾਰਤ ਵਿੱਚ ਨਿਵੇਸ਼ਕਾਂ ਨੂੰ ਆਪਣੇ ਵੱਲ ਖਿੱਚਦੀ ਹੈ।”

ਮਾਹਿਰਾਂ ਦਾ ਕਹਿਣਾ ਹੈ ਕਿ ਐਪਲ ਸੰਯੁਕਤ ਰਾਜ ਅਮਰੀਕਾ ਵਿੱਚ ਲਾਭਦਾਇਕ ਢੰਗ ਨਾਲ ਉਤਪਾਦਨ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ-

ਹੁਨਰਮੰਦ ਕਰਮਚਾਰੀਆਂ ਦੀ ਘਾਟ ਤੇ ਤਨਖਾਹਾਂ ਵਿੱਚ ਫਰਕ

ਐਪਲ

ਤਸਵੀਰ ਸਰੋਤ, Getty Images

ਭਾਰਤ ਵਿੱਚ ਫੌਕਸਕੌਨ ਅਤੇ ਸਟੇਟ ਇੰਡਸਟ੍ਰੀਅਲ ਕਲੱਸਟਰਜ਼ ਦੇ ਕਾਰਜਾਂ ਨਾਲ ਨੇੜਿਓਂ ਜੁੜੇ ਇੱਕ ਸੀਨੀਅਰ ਸਲਾਹਕਾਰ ਨੇ ਬੀਬੀਸੀ ਨੂੰ ਦੱਸਿਆ ਕਿ ਅਮਰੀਕਾ ਵਿੱਚ ਵੱਡੇ ਪੱਧਰ ‘ਤੇ ਇਲੈਕਟ੍ਰਾਨਿਕਸ ਨਿਰਮਾਣ ਲਈ ਲੋੜੀਂਦੇ ਹੁਨਰਮੰਦ ਕਰਮਚਾਰੀਆਂ ਦੀ ਘਾਟ ਹੈ।

ਉਨ੍ਹਾਂ ਕਿਹਾ, “ਉੱਨਤ ਨਿਰਮਾਣ ਲਈ ਰੋਬੋਟਿਕਸ ਅਤੇ ਸ਼ੁੱਧਤਾ ਇੰਜੀਨੀਅਰਿੰਗ ਹੁਨਰਾਂ ਵਿੱਚ ਮੁਹਾਰਤ ਦੀ ਲੋੜ ਹੁੰਦੀ ਹੈ। ਕਈ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਸਿਰਫ 20-25 ਫੀਸਦੀ ਅਮਰੀਕੀ ਹੀ ਫੈਕਟਰੀ ਦੀ ਨੌਕਰੀ ਕਰਨਾ ਚਾਹੁਣਗੇ। ਇਸ ਨਾਲ ਉਦਯੋਗਿਕ ਉਤਪਾਦਨ ਦੀ ਮੰਗ ਅਤੇ ਮਜ਼ਦੂਰਾਂ ਦੀ ਘਾਟ ਵਿਚਕਾਰਲੀ ਖਾਈ ਨਜ਼ਰ ਆਉਂਦੀ ਹੈ। ਇਸ ਤੋਂ ਇਲਾਵਾ, ਸੰਯੁਕਤ ਰਾਜ ਅਮਰੀਕਾ ਵਿੱਚ ਮਜ਼ਦੂਰੀ ਦੀ ਲਾਗਤ ਵਿੱਚ ਵੀ ਕਾਫ਼ੀ ਵਾਧਾ ਹੋਵੇਗਾ।”

“ਭਾਰਤ ਵਿੱਚ ਅਸੈਂਬਲ ਕਰਨ ਵਾਲੇ ਵਰਕਰ ਪ੍ਰਤੀ ਮਹੀਨਾ ਲਗਭਗ 24,816 ਰੁਪਏ (290 ਅਮਰੀਕੀ ਡਾਲਰ) ਕਮਾਉਂਦੇ ਹਨ। ਜਦਕਿ ਅਮਰੀਕੀ ਘੱਟੋ-ਘੱਟ ਉਜਰਤ ਕਾਨੂੰਨ ਇਸ ਨੂੰ ਲਗਭਗ 2,900 ਡਾਲੜ ਪ੍ਰਤੀ ਮਹੀਨਾ ਵਧਾ ਸਕਦੇ ਹਨ, ਜੋ ਕਿ ਆਈਫੋਨ ਅਸੈਂਬਲੀ ਦੀ ਲਾਗਤ ਨੂੰ ਪ੍ਰਤੀ ਫੋਨ ਲਗਭਗ 30 ਡਾਲਰ ਤੋਂ ਵਧਾ ਕੇ 300 ਡਾਲਰ ਤੋਂ ਵੱਧ ਕਰ ਸਕਦਾ ਹੈ।”

“ਉਨ੍ਹਾਂ ਕਿਹਾ, “ਅਜਿਹੇ ਕਰਮਚਾਰੀਆਂ ਤੋਂ ਬਿਨ੍ਹਾਂ ਜਿਨ੍ਹਾਂ ਨੂੰ ਵੱਧ ਤਨਖਾਹ ਦੇਣੀ ਪਵੇਗੀ, ਵੱਡੇ ਪੱਧਰ ‘ਤੇ ਅਮਰੀਕਾ ਵਿੱਚ ਨਿਰਮਾਣ ਅਸੰਭਵ ਜਾਪਦਾ ਹੈ।”

ਤਿਰੂਨੇਲਵੇਲੀ ਜ਼ਿਲ੍ਹੇ ਦੇ ਸ਼ੰਕਰਨਕੋਵਿਲ ਦੇ ਰਹਿਣ ਵਾਲੀ 23 ਸਾਲਾ ਨੰਦਿਨੀ (ਬਦਲਿਆ ਹੋਇਆ ਨਾਮ), ਤਾਮਿਲਨਾਡੂ ਦੇ ਇੱਕ ਫੌਕਸਕੌਨ ਪਲਾਂਟ ਵਿੱਚ ਕੰਮ ਕਰਦੇ ਹਨ ਅਤੇ ਇੱਕ ਦਿਨ ਵਿੱਚ 9,000 ਸੈੱਲ ਫੋਨ ਚੈੱਕ ਕਰਦੇ ਹਨ।

ਉਨ੍ਹਾਂ ਦਾ ਕੰਮ ਨਵੇਂ ਫ਼ੋਨਾਂ ਦੇ ਸਾਈਡ ਵਾਲੇ ਬਟਨਾਂ ਦੀ ਜਾਂਚ ਕਰਨਾ ਹੈ।

ਉਨ੍ਹਾਂ ਕਿਹਾ, “ਮੈਂ ਸਾਰਾ ਦਿਨ ਉਤਪਾਦਨ ਲਾਈਨ ‘ਤੇ ਅੱਗੇ-ਪਿੱਛੇ ਫਿਰਦੀ ਹਾਂ, ਹਰ ਸ਼ਿਫਟ ਦੌਰਾਨ ਲਗਭਗ 9,000 ਫ਼ੋਨ ਚੈੱਕ ਕਰਦੀ ਹਾਂ।”

‘60,000 ਨੌਕਰੀਆਂ ਨੂੰ ਜੋਖਮ’

ਐਪਲ

ਤਸਵੀਰ ਸਰੋਤ, Getty Images

ਭਾਰਤ ਦੇ ਸਭ ਤੋਂ ਵੱਡੇ ਆਈਫੋਨ ਨਿਰਮਾਣ ਪਲਾਂਟਾਂ ਵਿੱਚੋਂ ਇੱਕ ਹੈ – ਫੌਕਸਕੌਨ ਇੰਡੀਆ ਪ੍ਰਾਈਵੇਟ ਲਿਮਟਿਡ, ਜੋ ਤਾਮਿਲਨਾਡੂ ਵਿੱਚ ਸਥਿਤ ਹੈ।

ਇਹ ਚੇਨਈ ਤੋਂ ਲਗਭਗ 50 ਕਿਲੋਮੀਟਰ ਦੂਰ ਸ਼੍ਰੀਪੇਰੰਬੁਦੁਰ ਵਿੱਚ ਸਥਿਤ ਹੈ।

ਫੌਕਸਕੌਨ ਦੇ ਇਸ ਪਲਾਂਟ ਵਿੱਚ 40,000 ਤੋਂ ਵੱਧ ਕਾਮੇ ਕੰਮ ਕਰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੂਬੇ ਦੇ ਕਈ ਹਿੱਸਿਆਂ ਤੋਂ ਆਉਂਦੀਆਂ ਨੌਜਵਾਨ ਔਰਤਾਂ ਹਨ। ਉਨ੍ਹਾਂ ਨੂੰ ਬਹੁਤ ਉਮੀਦਾਂ ਹਨ ਕਿ ਇਹ ਨੌਕਰੀ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਵੇਗੀ।

12ਵੀਂ ਜਮਾਤ ਪੂਰੀ ਕਰਨ ਅਤੇ ਨਰਸਿੰਗ ਵਿੱਚ ਡਿਪਲੋਮਾ ਪੂਰਾ ਕਰਨ ਤੋਂ ਬਾਅਦ, ਨੰਦਿਨੀ (ਬਦਲਿਆ ਹੋਇਆ ਨਾਮ) ਇੱਕ ਛੋਟੇ ਜਿਹੇ ਪਿੰਡ ਦੇ ਹਸਪਤਾਲ ਵਿੱਚ ਕੰਮ ਕਰਨ ਲੱਗ ਪਏ ਸਨ।

ਉਹ ਦੱਸਦੇ ਹਨ, “ਉੱਥੇ ਮੈਂ ਲਗਭਗ 6,000 ਰੁਪਏ ਪ੍ਰਤੀ ਮਹੀਨਾ ਕਮਾਉਂਦੀ ਸੀ।” ਪਰ ਹੁਣ ਉਹ ਹਰ ਮਹੀਨੇ 17,000 ਰੁਪਏ ਕਮਾ ਰਹੇ ਹਨ।

ਉਨ੍ਹਾਂ ਕਿਹਾ, “ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਹਨ ਕਿ ਕੀ ਮੈਂ ਆਈਫੋਨ ਖੁਦ ਵਰਤਣਾ ਚਾਹੁੰਦੀ ਹਾਂ। ਮੈਂ ਨਹੀਂ ਚਾਹੁੰਦੀ। ਇੰਨੀ ਰਕਮ ਨਾਲ ਤਾਂ ਮੈਂ ਆਪਣੇ ਜੱਦੀ ਸ਼ਹਿਰ ਵਿੱਚ ਘਰ ਬਣਾਉਣ ਲਈ ਬਹੁਤ ਕੁਝ ਕਰ ਸਕਦੀ ਹਾਂ। ਮੈਂ ਇਹੀ ਚਾਹੁੰਦੀ ਹਾਂ।”

ਐਪਲ ਲਈ ਚੁਣੌਤੀ

ਐਪਲ

ਤਸਵੀਰ ਸਰੋਤ, Getty Images

ਫੌਕਸਕੌਨ ਅਤੇ ਪੈਗਾਟ੍ਰੋਨ ਤਾਮਿਲਨਾਡੂ ਵਿੱਚ ਸਥਿਤ ਹੋਣ ਕਰਕੇ, ਇਹ ਸੂਬਾ ਭਾਰਤ ਦੇ ਆਈਫੋਨ ਨਿਰਮਾਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ।

ਤਾਮਿਲਨਾਡੂ ਉਦਯੋਗ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਵਿੱਚ ਪੂਰੀ ਤਰ੍ਹਾਂ ਸ਼ਿਫਟ ਹੋਣ ਨਾਲ ਭਾਰਤ ਵਿੱਚ ਐਪਲ ਦੀ ਸਪਲਾਈ ਚੇਨ ਵਿੱਚ ਲਗਭਗ 60,000 ਨੌਕਰੀਆਂ ਜਾਣ ਦਾ ਖ਼ਤਰਾ ਹੈ, ਜੋ ਤਾਮਿਲਨਾਡੂ ਦੀ ਨਿਰਯਾਤ-ਮੁਖੀ (ਬਰਾਮਦ ਨਾਲ ਜੁੜੀ) ਅਰਥਵਿਵਸਥਾ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰੇਗਾ।

ਉਨ੍ਹਾਂ ਕਿਹਾ, “ਹਰ ਸਾਲ ਲਗਭਗ 5 ਮਿਲੀਅਨ ਆਈਫੋਨ ਬਣਾਉਣ ਵਿੱਚ ਸੂਬੇ ਦੀ ਭੂਮਿਕਾ ਨੂੰ ਦੇਖਦੇ ਹੋਏ, ਸੂਬੇ ਦੀ ਜੀਡੀਪੀ ਨੂੰ ਪ੍ਰਤੀ ਸਾਲ 3-4 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋ ਸਕਦਾ ਹੈ।”

”ਐਪਲ ਲਈ, ਉਤਪਾਦਨ ਨੂੰ ਅਮਰੀਕਾ ਵਿੱਚ ਸ਼ਿਫਟ ਕਰਨ ਨਾਲ ਪ੍ਰਤੀ ਸੈੱਲ ਫੋਨ ਮੁਨਾਫਾ ਲਗਭਗ 450 ਡਾਲਰ ਤੋਂ ਘਟ ਕੇ ਲਗਭਗ 60 ਡਾਲਰ ਹੋ ਜਾਵੇਗਾ ਕਿਉਂਕਿ ਲੇਬਰ ਦੀ ਲਾਗਤ ਵਧ ਜਾਵੇਗੀ, ਜਿਸ ਨਾਲ ਕੀਮਤ ਵਿੱਚ ਵਾਧਾ ਹੋਵੇਗਾ, ਜਾਂ ਮੁਨਾਫ਼ੇ ਵਿੱਚ ਕਟੌਤੀ ਹੋਵੇਗੀ।”

ਉਨ੍ਹਾਂ ਕਿਹਾ, ”ਇਸੇ ਆਰਥਿਕ ਅਸਮਾਨਤਾ ਕਾਰਨ ਐਪਲ ਲਈ ਆਈਫੋਨ ਦੇ ਉਤਪਾਦਨ ਨੂੰ ਪੂਰੀ ਤਰ੍ਹਾਂ ਅਮਰੀਕਾ ਵਿੱਚ ਸ਼ਿਫਟ ਕਰਨਾ ਵਪਾਰਕ ਤੌਰ ‘ਤੇ ਚੁਣੌਤੀਪੂਰਨ ਹੋਵੇਗਾ ਅਤੇ ਤਾਮਿਲਨਾਡੂ ਜਾਂ ਇੱਥੋਂ ਤੱਕ ਕਿ ਭਾਰਤ ਲਈ ਵੀ ਸੰਭਾਵੀ ਤੌਰ ‘ਤੇ ਵਿਨਾਸ਼ਕਾਰੀ ਰਹੇਗਾ।”

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI