Home ਰਾਸ਼ਟਰੀ ਖ਼ਬਰਾਂ ਆਯੁਰਵੇਦ ਅਤੇ ਹੋਮਿਓਪੈਥੀ ‘ਤੇ ਸਵਾਲ ਉਠਾਉਣ ਵਾਲੇ ‘ਲਿਵਰ ਡਾਕਟਰ’ ਕੌਣ ਹਨ? ਡਾ....

ਆਯੁਰਵੇਦ ਅਤੇ ਹੋਮਿਓਪੈਥੀ ‘ਤੇ ਸਵਾਲ ਉਠਾਉਣ ਵਾਲੇ ‘ਲਿਵਰ ਡਾਕਟਰ’ ਕੌਣ ਹਨ? ਡਾ. ਫਿਲਿਪਸ ਦੀਆਂ ਕੀ ਦਲੀਲਾਂ ਹਨ

4
0

Source :- BBC PUNJABI

ਡਾਕਟਰ ਸਿਰਿਏਕ ਏਬੀ ਫਿਲਿਪਸ

ਤਸਵੀਰ ਸਰੋਤ, Arun Chandra Bose

ਰਾਜਾਗਿਰੀ ਹਸਪਤਾਲ, ਕੋਚੀ ਦੇ ਹੇਪੇਟੋਲੋਜੀ ਕਲੀਨਿਕ ਦੇ ਬਾਹਰ ਵੇਟਿੰਗ ਰੂਮ ਉਮੀਦ ਅਤੇ ਨਿਰਾਸ਼ਾ ਦੇ ਵਿਚਕਾਰ ਠਹਿਰਿਆ ਹੋਇਆ ਹੈ।

ਇੱਕ ਆਦਮੀ ਚੁੱਪਚਾਪ ਜ਼ਮੀਨ ਵੱਲ ਦੇਖ ਰਿਹਾ ਹੈ। ਉਹ ਲਿਵਰ ਦੀ ਗੰਭੀਰ ਬਿਮਾਰੀ ਕਾਰਨ ਬਹੁਤ ਕਮਜ਼ੋਰ ਹੋ ਚੁੱਕਾ ਹੈ। ਉਸ ਨੂੰ ਤੁਰੰਤ ਇਲਾਜ ਦੀ ਲੋੜ ਹੈ।

ਨੇੜੇ ਹੀ ਇੱਕ ਹੋਰ ਪਰਿਵਾਰ ਪੁਰਾਣੀਆਂ ਮੈਡੀਕਲ ਰਿਪੋਰਟਾਂ ਦੀ ਫਾਈਲ ਹੱਥ ਵਿੱਚ ਫੜੀ ਬੈਠਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਹਸਪਤਾਲ ਅਜੇ ਵੀ ਉਨ੍ਹਾਂ ਦੇ ਆਪਣੇ ਪਿਆਰੇ ਨੂੰ ਬਚਾ ਸਕਦਾ ਹੈ।

ਅੰਦਰ, ਡਾਕਟਰ ਸਿਰਿਏਕ ਏਬੀ ਫਿਲਿਪਸ ਬਿਲਕੁਲ ਸ਼ਾਂਤ ਹਨ। ਇੱਕ ਮਰੀਜ਼ ਉਨ੍ਹਾਂ ਦੇ ਸਾਹਮਣੇ ਬੈਠਾ ਹੈ। ਫਿਲਿਪਸ ਅੱਗੇ ਝੁਕਦੇ ਹਨ। ਇੱਕ ਸਵਾਲ ਪੁੱਛਦੇ ਹਨ। ਫਿਰ ਚੁੱਪ ਹੋ ਜਾਂਦੇ ਹਨ।

ਮੈਂ ਕੇਰਲ ਦੇ ਇਸ ਕਲੀਨਿਕ ਵਿੱਚ ਦੋ ਦਿਨ ਬਿਤਾਏ। ਮੈਨੂੰ ਲੱਗਿਆ ਸੀ ਕਿ ਮੈਂ ਇੱਕ ਬਿਲਕੁਲ ਵੱਖਰੇ ਵਿਅਕਤੀ ਨੂੰ ਮਿਲਾਂਗਾ। ਫਿਲਿਪਸ ਭਾਰਤ ਦੇ ਸਭ ਤੋਂ ਚਰਚਿਤ ਅਤੇ ਵਿਵਾਦਿਤ ਡਾਕਟਰਾਂ ਵਿੱਚੋਂ ਇੱਕ ਹਨ।

ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ‘ਸਬੂਤ-ਆਧਾਰਿਤ ਚਿਕਿਤਸਾ’ ਦਾ ਨਿਡਰ ਸਮਰਥਕ ਮੰਨਦੇ ਹਨ। ਪਰ ਆਲੋਚਕ ਉਨ੍ਹਾਂ ਨੂੰ ਧਿਆਨ ਖਿੱਚਣ ਵਾਲਾ ਅਤੇ ਉਕਸਾਉਣ ਵਾਲਾ ਵਿਅਕਤੀ ਕਹਿੰਦੇ ਹਨ।

ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ 3 ਲੱਖ ਤੋਂ ਵੱਧ ਲੋਕ ਉਨ੍ਹਾਂ ਨੂੰ “ਲਿਵਰ ਡੌਕ” ਦੇ ਨਾਮ ਨਾਲ ਫਾਲੋ ਕਰਦੇ ਹਨ, ਜਿੱਥੇ ਉਨ੍ਹਾਂ ਨੇ ਹੋਮਿਓਪੈਥੀ ਨੂੰ “ਝੂਠੀ ਚਿਕਿਤਸਾ” ਕਿਹਾ ਹੈ।

ਉਨ੍ਹਾਂ ਨੇ ਵਿਕਲਪਿਕ ਚਿਕਿਤਸਾ ਕਰਨ ਵਾਲਿਆਂ ਨੂੰ ਝੋਲਾਛਾਪ ਕਿਹਾ ਹੈ। ਉਹ ਆਲੋਚਕਾਂ ਨੂੰ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਉਹ ਆਪਣਾ ਦਿਮਾਗ ਵੇਚ ਆਏ ਹਨ।

ਡਾਕਟਰ ਸਿਰਿਏਕ ਏਬੀ ਫਿਲਿਪਸ

ਤਸਵੀਰ ਸਰੋਤ, Arun Chandra Bose

ਵਿਕਲਪਿਕ ਚਿਕਿਤਸਾ ਨਾਲ ਜੁੜੇ ਲੋਕ ਇਲਜ਼ਾਮ ਲਗਾਉਂਦੇ ਹਨ ਕਿ ਉਹ ਭਾਰਤੀ ਪੱਧਤੀ ਨੂੰ ਨਹੀਂ ਸਮਝਦੇ ਅਤੇ ਉਸ ‘ਤੇ ਗਲਤ ਢੰਗ ਨਾਲ ਹਮਲਾ ਕਰਦੇ ਹਨ।

ਉਨ੍ਹਾਂ ਦੀ ਸੋਸ਼ਲ ਮੀਡੀਆ ਫੀਡ ਵਿੱਚ ਜਨਤਕ ਸਿਹਤ ਨਾਲ ਸਬੰਧਤ ਜਾਣਕਾਰੀਆਂ ਭਰੀਆਂ ਹੁੰਦੀਆਂ ਹਨ। ਪਰ ਇਸ ਵਿੱਚ ਤਿੱਖੀਆਂ ਆਲੋਚਨਾਵਾਂ ਵੀ ਹੁੰਦੀਆਂ ਹਨ।

ਇਨ੍ਹਾਂ ਵਿੱਚ ਮਸ਼ਹੂਰ ਹਸਤੀਆਂ ਨਾਲ ਬਹਿਸਾਂ ਵੀ ਸ਼ਾਮਲ ਹਨ। ਉਨ੍ਹਾਂ ਦੇ ਅੰਦਾਜ਼ ਨੂੰ ਕਈ ਲੋਕ ਰੁੱਖਾ ਦੱਸਦੇ ਹਨ।

ਭਾਰਤੀ ਰਵਾਇਤੀ ਚਿਕਿਤਸਾ ਨਾਲ ਜੁੜੇ ਭਾਰਤ ਦੇ ਆਯੁਸ਼ ਮੰਤਰਾਲੇ ਨੇ ਸਿਰਫ਼ ਉਨ੍ਹਾਂ ਨੂੰ ਲੈਕੇ ਦੋ ਰਸਮੀ ਕਮੇਟੀ ਮੀਟਿੰਗਾਂ ਕੀਤੀਆਂ ਹਨ।

ਇੱਕ ਵਾਰ ਉੱਤਰ ਪ੍ਰਦੇਸ਼ ਤੋਂ ਇੱਕ ਪੁਲਿਸ ਇੰਸਪੈਕਟਰ ਦੋ ਦਿਨ ਦੀ ਰੇਲ ਯਾਤਰਾ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕਰਨ ਲਈ ਪਹੁੰਚੇ। ਕਾਰਨ ਉਨ੍ਹਾਂ ਦੀ ਇੱਕ ਸੋਸ਼ਲ ਮੀਡੀਆ ਪੋਸਟ ਸੀ।

ਛੇ ਸਾਲਾਂ ਵਿੱਚ ਫਿਲਿਪਸ ‘ਤੇ 16 ਕਾਨੂੰਨੀ ਮਾਮਲੇ ਦਰਜ ਹੋਏ। ਇਨ੍ਹਾਂ ਵਿੱਚੋਂ ਕੁਝ ਅਜੇ ਵੀ ਚੱਲ ਰਹੇ ਹਨ।

ਵਰਚੁਅਲ ਛਵੀ ਤੋਂ ਪਰ੍ਹੇ ਇੱਕ ਲਿਵਰ ਡਾਕਟਰ

ਹਸਪਤਾਲ

ਤਸਵੀਰ ਸਰੋਤ, Arun Chandra Bose

ਸੋਸ਼ਲ ਮੀਡੀਆ ਦੀ ਛਵੀ ਪਿੱਛੇ ਦਾ ਇਨਸਾਨ ਅਸਲ ਵਿੱਚ ਵੱਖਰਾ ਲੱਗਾ। ਸਾਡੀ ਗੱਲਬਾਤ ਦੌਰਾਨ ਉਹ ਸੰਤੁਲਿਤ ਅਤੇ ਹੌਲੀ ਬੋਲਣ ਵਾਲੇ ਲੱਗੇ।

ਲੰਮੇ ਸਮੇਂ ਤੋਂ ਉਨ੍ਹਾਂ ਦੇ ਮਰੀਜ਼, ਸਹਿਕਰਮੀ ਅਤੇ ਉਨ੍ਹਾਂ ਨੂੰ ਜਾਣਨ ਵਾਲੇ ਡਾਕਟਰ ਵੀ ਅਜਿਹਾ ਹੀ ਕਹਿੰਦੇ ਹਨ।

ਉਹ ਉਨ੍ਹਾਂ ਨੂੰ ਨਿਮਰ, ਸਾਦੇ ਅਤੇ ਸੱਭਿਆਕ ਦੱਸਦੇ ਹਨ।

ਪਰ ਉਹ ਬਿਨਾਂ ਮਾਫ਼ੀ ਮੰਗੇ ਕਹਿੰਦੇ ਹਨ, “ਇਹ ਇੱਕ ਘੜਿਆ ਹੋਇਆ ਵਿਅਕਤੀਤਵ ਹੈ।”

“ਉਹ (ਸੋਸ਼ਲ ਮੀਡੀਆ ਦੇ ਆਲੋਚਕ) ਮੈਨੂੰ ਨਫ਼ਰਤ ਕਰਦੇ ਹਨ। ਪਰ ਮੈਂ ਜੋ ਜਾਣਕਾਰੀ ਦਿੰਦਾ ਹਾਂ, ਉਸ ਨੂੰ ਗਲਤ ਸਾਬਿਤ ਨਹੀਂ ਕਰ ਸਕਦੇ। ਕਈ ਵਾਰ ਸੁਣੇ ਜਾਣ ਲਈ ਸ਼ੋਰ ਮਚਾਉਣਾ ਪੈਂਦਾ ਹੈ। ਮੈਂ ਖ਼ਾਸ ਤੌਰ ‘ਤੇ ਟ੍ਰੋਲਜ਼ ਨੂੰ ਨਿਸ਼ਾਨਾ ਬਣਾਉਂਦਾ ਹਾਂ, ਤਾਂ ਜੋ ਉਹ ਮੇਰੇ ਸੰਦੇਸ਼ ਤੋਂ ਧਿਆਨ ਨਾ ਭਟਕਾ ਸਕਣ।”

ਉਹ ਇਹ ਵੀ ਕਹਿੰਦੇ ਹਨ ਕਿ “ਜੇ ਲੋਕ ਮੈਨੂੰ ਬਦਤਮੀਜ਼ ਜਾਂ ਗੁੱਸੇ ਵਾਲਾ ਸਮਝਦੇ ਹਨ, ਜਦਕਿ ਇਹ ਸੱਚ ਨਹੀਂ ਹੈ, ਤਾਂ ਮੈਂ ਇਹ ਕੀਮਤ ਚੁਕਾਉਣ ਲਈ ਤਿਆਰ ਹਾਂ।”

ਭਾਰਤ ਦੀ ਪ੍ਰਾਚੀਨ ਰਵਾਇਤੀ ਚਿਕਿਤਸਾ ਪ੍ਰਣਾਲੀ ਆਯੁਰਵੇਦ ਅਤੇ ਸ਼ਰਾਬ ਉਨ੍ਹਾਂ ਦੇ ਨਿਸ਼ਾਨੇ ‘ਤੇ ਰਹਿੰਦੇ ਹਨ।

ਆਯੁਰਵੇਦ ‘ਤੇ ਲੱਖਾਂ ਲੋਕ ਭਰੋਸਾ ਕਰਦੇ ਹਨ। ਇਸ ਨੂੰ ਸਰਕਾਰ ਦੀ ਮਦਦ ਨਾਲ ਚੱਲਣ ਵਾਲੇ ਮੈਡੀਕਲ ਕਾਲਜਾਂ ਦਾ ਸਮਰਥਨ ਵੀ ਮਿਲਦਾ ਹੈ। ਇਹ ਆਮ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣਿਆ ਹੋਇਆ ਹੈ।

ਤਾਂ ਫਿਰ ਉਨ੍ਹਾਂ ਨੇ ਇਸ ਨੂੰ ਚੁਣੌਤੀ ਦੇਣਾ ਆਪਣਾ ਮਕਸਦ ਕਿਉਂ ਬਣਾਇਆ? ਅਤੇ ਇੰਨੀ ਟਕਰਾਅ ਵਾਲੀ ਜਨਤਕ ਛਵੀ ਕਿਉਂ ਅਪਣਾਈ?

ਉਹ ਕਹਿੰਦੇ ਹਨ ਕਿ ਇਸ ਦਾ ਜਵਾਬ ਉਨ੍ਹਾਂ ਦੀ ਆਪਣੀ ਜ਼ਿੰਦਗੀ ਵਿੱਚ ਲੁਕਿਆ ਹੋਇਆ ਹੈ।

ਕੌਣ ਹਨ ਡਾਕਟਰ ਫਿਲਿਪਸ

ਡਾਕਟਰ ਸਿਰਿਏਕ ਏਬੀ ਫਿਲਿਪਸ

ਤਸਵੀਰ ਸਰੋਤ, Arun Chandra Bose

ਫਿਲਿਪਸ ਕਦੇ ਡਾਕਟਰ ਬਣਨਾ ਨਹੀਂ ਚਾਹੁੰਦੇ ਸਨ। ਉਹ ਲੇਖਕ ਬਣਨਾ ਚਾਹੁੰਦੇ ਸਨ। ਉਨ੍ਹਾਂ ਨੂੰ ਫ਼ਿਲਮਾਂ ਪਸੰਦ ਸਨ। ਮੈਡੀਸਿਨ ਉਨ੍ਹਾਂ ਦਾ ਸੁਪਨਾ ਨਹੀਂ ਸੀ।

ਪਰ ਕੇਰਲ ਦੇ ਮਸ਼ਹੂਰ ਗੈਸਟ੍ਰੋਐਂਟਰੋਲੋਜਿਸਟ ਡਾਕਟਰ ਫਿਲਿਪ ਆਗਸਟਿਨ ਦੇ ਪੁੱਤਰ ਹੋਣ ਕਰਕੇ ਇਹ ਫ਼ੈਸਲਾ ਲਗਭਗ ਪਹਿਲਾਂ ਹੀ ਹੋ ਚੁੱਕਾ ਸੀ।

ਉਹ ਪਹਿਲੀ ਵਾਰ ਮੈਡੀਕਲ ਐਂਟਰੈਂਸ ਟੈਸਟ ਪਾਸ ਨਹੀਂ ਕਰ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਤ੍ਰਿਸ਼ੂਰ ਦੇ ਇੱਕ ਰਿਹਾਇਸ਼ੀ ਕੋਚਿੰਗ ਸੈਂਟਰ ਵਿੱਚ ਨੌਂ ਮਹੀਨੇ ਬਿਤਾਏ।

ਉੱਥੇ 40 ਮੁੰਡਿਆਂ ਨਾਲ ਤੰਗ ਕਮਰਿਆਂ ਵਿੱਚ ਰਹਿਣਾ ਪੈਂਦਾ ਸੀ। ਉਹ ਯਾਦ ਕਰਦੇ ਹਨ, “ਪਹਿਲੇ ਹਫ਼ਤੇ ਮੈਂ ਰੋਂਦਾ-ਰੋਂਦਾ ਕਿਸੇ ਤਰ੍ਹਾਂ ਸੌਂਦਾ ਸੀ।” ਹਾਲਾਂਕਿ, ਦੂਜੀ ਕੋਸ਼ਿਸ਼ ਵਿੱਚ ਉਨ੍ਹਾਂ ਦੀ ਸਿਲੈਕਸ਼ਨ ਹੋ ਗਈ।

ਉਹ ਮੁਸਕਰਾਉਂਦੇ ਹੋਏ ਕਹਿੰਦੇ ਹਨ, “ਬੈਂਗਲੁਰੂ ਦੇ ਸੇਂਟ ਜੌਨਜ਼ ਮੈਡੀਕਲ ਕਾਲਜ ਵਿੱਚ ਮੈਂ ਕਾਫ਼ੀ ਖੁਸ਼ ਸੀ।”

ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੂੰ ਸ਼ਰਾਬ ਦੇ ਪ੍ਰਭਾਵ ਕਾਰਨ ਆਪਣੇ ਹੀ ਪ੍ਰੋਫੈਸਰ ਦੀ ਦੇਖਰੇਖ ਹੇਠ ਦਾਖ਼ਲ ਹੋਣਾ ਪਿਆ।

ਡਾਕਟਰ ਸਿਰਿਏਕ ਏਬੀ ਫਿਲਿਪਸ

ਮੈਡੀਸਿਨ ਉਨ੍ਹਾਂ ਲਈ ਅਸਲ ਵਿੱਚ ਉਸ ਵੇਲੇ ਅਹਿਮ ਬਣੀ ਜਦੋਂ ਉਹ ਕੋਲਕਾਤਾ ਵਿੱਚ ਐਮਡੀ ਕਰ ਰਹੇ ਸਨ।

ਉਹ 3,500 ਬਿਸਤਰਿਆਂ ਵਾਲਾ ਇੱਕ ਸਰਕਾਰੀ ਹਸਪਤਾਲ ਸੀ। ਉੱਥੇ ਦਵਾਈਆਂ, ਉਪਕਰਣਾਂ ਅਤੇ ਸਟਾਫ਼ ਦੀ ਹਮੇਸ਼ਾ ਘਾਟ ਰਹਿੰਦੀ ਸੀ।

ਉਨ੍ਹਾਂ ਨੇ ਦੇਖਿਆ ਕਿ ਡਾਕਟਰ ਸ਼ੂਗਰ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਇੰਸੁਲਿਨ ਤੋਂ ਬਿਨਾਂ ਹੀ ਕਰ ਰਹੇ ਸਨ, ਕਿਉਂਕਿ ਉਸ ਦਾ ਸਟਾਕ ਖ਼ਤਮ ਹੋ ਚੁੱਕਾ ਸੀ।

ਉਨ੍ਹਾਂ ਨੇ ਇਹ ਵੀ ਦੇਖਿਆ ਕਿ ਸੀਮਤ ਸਾਧਨਾਂ ਵਿੱਚ ਡਾਕਟਰਾਂ ਨੂੰ ਮੁਸ਼ਕਿਲ ਫ਼ੈਸਲੇ ਲੈਣੇ ਪੈਂਦੇ ਸਨ ਕਿ ਕਿਸ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ।

ਉਹ ਕਹਿੰਦੇ ਹਨ, “ਇੰਨੀਆਂ ਘੱਟ ਸਹੂਲਤਾਂ ਦੇ ਬਾਵਜੂਦ ਲੋਕ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਅਤੇ ਮਰੀਜ਼ ਵੀ ਖੁਸ਼ ਸਨ, ਭਾਵੇਂ ਉਹ ਸੰਘਰਸ਼ ਕਰ ਰਹੇ ਸਨ। ਮੈਂ ਪਹਿਲਾਂ ਕਦੇ ਇਨਸਾਨਾਂ ਵਿਚਕਾਰ ਅਜਿਹਾ ਰਿਸ਼ਤਾ ਨਹੀਂ ਦੇਖਿਆ ਸੀ।”

ਬਾਅਦ ਵਿੱਚ ਉਨ੍ਹਾਂ ਨੇ ਦਿੱਲੀ ਦੇ ਇੰਸਟੀਚਿਊਟ ਆਫ਼ ਲਿਵਰ ਐਂਡ ਬਾਇਲੀਅਰੀ ਸਾਇੰਸਿਜ਼ ਵਿੱਚ ਹੇਪੇਟੋਲੋਜੀ ਦੀ ਟ੍ਰੇਨਿੰਗ ਲਈ।

ਉਹ ਅਕਾਦਮਿਕ ਕਰੀਅਰ ਬਣਾ ਰਹੇ ਸਨ ਤੇ ਉਸੇ ਸਮੇਂ ਉਨ੍ਹਾਂ ਦੇ ਪਿਤਾ ਦੇ ਹਸਪਤਾਲ ‘ਤੇ ਇੱਕ ਕਾਰੋਬਾਰੀ ਸਮੂਹ ਨੇ ਕਬਜ਼ਾ ਕਰ ਲਿਆ।

ਉਹ ਆਪਣੇ ਪਿਤਾ ਦੀ ਪ੍ਰੈਕਟਿਸ ਨੂੰ ਮੁੜ ਖੜ੍ਹਾ ਕਰਨ ਲਈ ਦਿੱਲੀ ਛੱਡ ਕੇ ਚਲੇ ਗਏ।

ਉਹ ਕਹਿੰਦੇ ਹਨ ਕਿ ਇਹ ਫ਼ੈਸਲਾ ਵੀ ਪੂਰੀ ਤਰ੍ਹਾਂ ਉਨ੍ਹਾਂ ਦਾ ਆਪਣਾ ਨਹੀਂ ਸੀ।

ਵਿਕਲਪਿਕ ਚਿਕਿਤਸਾ ਦੀ ਆਲੋਚਨਾ

ਡਾਕਟਰ ਸਿਰਿਏਕ ਏਬੀ ਫਿਲਿਪਸ

ਤਸਵੀਰ ਸਰੋਤ, Prashanth Vishwanathan/Bloomberg via Getty Images

ਕੇਰਲ ਦੇ ਇੱਕ ਨਵੇਂ ਹਸਪਤਾਲ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਨੇ ਪਹਿਲੀ ਵਾਰ ਸ਼ਰਾਬ ਦੀ ਲਤ ਦੇ ਨੁਕਸਾਨ ਨੂੰ ਨੇੜਿਓਂ ਦੇਖਿਆ।

ਉਨ੍ਹਾਂ ਇਹ ਵੀ ਦੇਖਿਆ ਕਿ ਬਿਨਾਂ ਨਿਯੰਤਰਣ ਵਾਲੀਆਂ ਹਰਬਲ ਦਵਾਈਆਂ ਨਾਲ ਕਿੰਨਾ ਨੁਕਸਾਨ ਹੋ ਰਿਹਾ ਹੈ।

ਛੇ ਸਾਲ ਦੀ ਇੱਕ ਬੱਚੀ ਨੂੰ ਗੰਭੀਰ ਪੀਲੀਆ ਅਤੇ ਅਚਾਨਕ ਲਿਵਰ ਫੇਲ੍ਹ ਹੋਣ ਦੀ ਹਾਲਤ ਵਿੱਚ ਲਿਆਂਦਾ ਗਿਆ।

ਪਰਿਵਾਰ ਨੇ ਉਸ ਨੂੰ ਬੁਖ਼ਾਰ ਅਤੇ ਜ਼ੁਕਾਮ ਲਈ ਘਰ ਵਿੱਚ ਬਣਿਆ ਹਰਬਲ ਕਾੜ੍ਹਾ ਦਿੱਤਾ ਸੀ।

ਉਹ ਕਹਿੰਦੇ ਹਨ, “ਉਸ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮੈਂ ਦੋ ਹਫ਼ਤਿਆਂ ਤੱਕ ਡਰਾਉਣੇ ਦੌਰ ਵਿੱਚੋਂ ਲੰਘਿਆ।”

ਇਸ ਮਾਮਲੇ ਤੋਂ ਬਾਅਦ ਉਨ੍ਹਾਂ ਦੀ ਦਿਲਚਸਪੀ ਵਧੀ। ਉਨ੍ਹਾਂ ਨੇ ਵਿਕਲਪਿਕ ਦਵਾਈਆਂ ਅਤੇ ਸ਼ਰਾਬ ਦੀ ਲਤ ਦੇ ਅਸਰ ਬਾਰੇ ਅਧਿਐਨ ਕਰਨਾ ਸ਼ੁਰੂ ਕੀਤਾ।

ਉਸ ਸਮੇਂ ਉਨ੍ਹਾਂ ਦੇ ਸੂਬੇ ਵਿੱਚ ਇਹ ਸਮੱਸਿਆ ਬਹੁਤ ਫੈਲੀ ਹੋਈ ਸੀ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਵਿਕਲਪਿਕ ਚਿਕਿਤਸਾ ਦੇ ਵਿਗਿਆਨ ਅਤੇ ਇਤਿਹਾਸ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ।

ਉਹ ਸਿਰਫ਼ ਇੱਕ ਡਾਕਟਰ ਬਣ ਕੇ ਨਹੀਂ ਰਹਿਣਾ ਚਾਹੁੰਦੇ ਸਨ। ਉਹ ਆਪਣੀ ਪ੍ਰੈਕਟਿਸ ਵਿੱਚ ਅਕਾਦਮਿਕ ਅਨੁਸ਼ਾਸਨ ਲਿਆਉਣਾ ਚਾਹੁੰਦੇ ਸਨ।

ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਕੇਸ ਸਟੱਡੀਆਂ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ। ਸ਼ੁਰੂ ਵਿੱਚ ਬਹੁਤ ਘੱਟ ਲੋਕਾਂ ਨੇ ਧਿਆਨ ਦਿੱਤਾ। ਫਿਰ ਵਿਰੋਧ ਸ਼ੁਰੂ ਹੋ ਗਿਆ।

ਲੱਖਾਂ ਲੋਕਾਂ ਦੀ ਰਵਾਇਤੀ ਚਿਕਿਤਸਾ ਵਿੱਚ ਗਹਿਰਾ ਵਿਸ਼ਵਾਸ ਹੈ। ਕਈ ਲੋਕ ਮੰਨਦੇ ਹਨ ਕਿ ਇਸ ‘ਤੇ ਆਧੁਨਿਕ ਚਿਕਿਤਸਾ ਦੇ ਨਿਯਮ ਲਾਗੂ ਕਰਨਾ ਸੱਭਿਆਚਾਰ ਨੂੰ ਮਿਟਾਉਣ ਬਰਾਬਰ ਹੈ।

ਆਲੋਚਕ ਕਹਿੰਦੇ ਹਨ ਕਿ ਫਿਲਿਪਸ ਸਿਰਫ਼ ਇਨ੍ਹਾਂ ਮਾਨਤਾਵਾਂ ਨੂੰ ਚੁਣੌਤੀ ਨਹੀਂ ਦਿੰਦੇ, ਉਹ ਇਨ੍ਹਾਂ ‘ਤੇ ਵਿਸ਼ਵਾਸ ਕਰਨ ਵਾਲਿਆਂ ਦਾ ਅਪਮਾਨ ਵੀ ਕਰਦੇ ਹਨ।

ਪਰ ਉਹ ਪਿੱਛੇ ਨਹੀਂ ਹਟਦੇ। ਉਹ ਕਹਿੰਦੇ ਹਨ, “ਮੈਂ ਪ੍ਰੈਕਟੀਸ਼ਨਰ ਨੂੰ ਝੋਲਾਛਾਪ ਨਹੀਂ ਕਹਿ ਰਿਹਾ। ਮੈਂ ਇਹ ਕਹਿ ਰਿਹਾ ਹਾਂ ਕਿ ਇਸ ਪੱਧਤੀ ਦੇ ਸਿਧਾਂਤ ਵਿਗਿਆਨਕ ਸੋਚ ਜਾਂ ਤਰਕਸੰਗਤ ਆਧਾਰ ‘ਤੇ ਨਹੀਂ ਟਿਕੇ ਹਨ।”

“ਆਧੁਨਿਕ ਚਿਕਿਤਸਾ ਆਪਣੀਆਂ ਗਲਤੀਆਂ ਨੂੰ ਸੁਧਾਰਦੀ ਹੈ। ਪਰ ਇਹ ਪਰਿਪੱਕਤਾ ਵਿਕਲਪਿਕ ਚਿਕਿਤਸਾ ਵਿੱਚ ਨਹੀਂ ਹੈ। ਇਹ ਆਪਣੀਆਂ ਕਮੀਆਂ ਨੂੰ ਮੰਨਣ ਤੋਂ ਇਨਕਾਰ ਕਰਦੀ ਹੈ।”

ਇਸ ਤੋਂ ਬਾਅਦ ਉਨ੍ਹਾਂ ਨੇ ਰਵਾਇਤੀ ਭਾਰਤੀ ਦਵਾਈਆਂ ਨਾਲ ਹੋਣ ਵਾਲੇ ਲਿਵਰ ਦੇ ਨੁਕਸਾਨ ਬਾਰੇ ਕਈ ਖੋਜ ਪੱਤਰ ਪ੍ਰਕਾਸ਼ਿਤ ਕੀਤੇ। ਇਹ ਸਾਰੇ ਪੀਅਰ-ਰਿਵਿਊਡ ਜਰਨਲਾਂ ਵਿੱਚ ਛਪੇ।

ਅਰਥਾਤ, ਅਜਿਹੇ ਜਰਨਲ ਜਿੱਥੇ ਕਿਸੇ ਖੋਜ ਦੇ ਪ੍ਰਕਾਸ਼ਨ ਤੋਂ ਪਹਿਲਾਂ ਉਸ ਖੇਤਰ ਦੇ ਪੇਸ਼ੇਵਰ ਮਾਹਿਰ ਉਸ ਦੀ ਸਮੀਖਿਆ ਕਰਦੇ ਹਨ।

ਜਦੋਂ ਆਯੁਸ਼ ਮੰਤਰਾਲੇ ਨੇ ਉਨ੍ਹਾਂ ਦੇ ਇੱਕ ਅਧਿਐਨ ‘ਤੇ ਸਵਾਲ ਉਠਾਏ, ਤਾਂ ਉਨ੍ਹਾਂ ਨੇ ਵਿਗਿਆਨਕ ਤੱਥਾਂ ਨਾਲ ਜਵਾਬ ਦਿੱਤਾ।

ਉਨ੍ਹਾਂ ਨੇ ਭਾਰਤ ਵਿੱਚ ਵਿਕਣ ਵਾਲੇ ਪ੍ਰੋਟੀਨ ਪਾਊਡਰ ਅਤੇ ਜੈਨੇਰਿਕ ਦਵਾਈਆਂ ਦੀ ਗੁਣਵੱਤਾ ਬਾਰੇ ਕ੍ਰਾਊਡਫੰਡਿੰਗ ਰਾਹੀਂ ਜਾਂਚ ਵੀ ਕਰਵਾਈ।

‘ਮੇਰੇ ਹਰ ਮਰੀਜ਼ ਦੀ ਮੌਤ ਮੇਰੇ ਨਾਲ ਰਹੀ..’

ਡਾਕਟਰ ਸਿਰਿਏਕ ਏਬੀ ਫਿਲਿਪਸ

ਤਸਵੀਰ ਸਰੋਤ, Prashanth Vishwanathan/Bloomberg via Getty Images

ਹਾਲ ਹੀ ਵਿੱਚ ਡਾਕਟਰ ਫਿਲਿਪਸ ਨੇ ਆਪਣੇ ਤਜਰਬਿਆਂ ‘ਤੇ ਇੱਕ ਕਿਤਾਬ ਵੀ ਲਿਖੀ। ਪਰ ਇਸ ਰਾਹ ਨੂੰ ਚੁਣਨ ਦੀ ਕੀਮਤ ਉਨ੍ਹਾਂ ਨੂੰ ਆਰਥਿਕ ਅਤੇ ਭਾਵਨਾਤਮਕ ਤੌਰ ‘ਤੇ ਚੁਕਾਉਣੀ ਪਈ।

ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਰੋਜ਼ ਵਾਲੀ ਨੌਕਰੀ ਹੀ ਕਿਸੇ ਨੂੰ ਵੀ ਡਿਪਰੈਸ਼ਨ ਵਿੱਚ ਧੱਕ ਸਕਦੀ ਹੈ। ਉਨ੍ਹਾਂ ਦੇ ਕਈ ਮਰੀਜ਼ ਲਿਵਰ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਹੁੰਦੇ ਹਨ।

ਸ਼ਰਾਬ ਨਾਲ ਜੁੜੀ ਲਿਵਰ ਬਿਮਾਰੀ ਭਾਰਤ ਵਿੱਚ ਤੇਜ਼ੀ ਨਾਲ ਵਧ ਰਹੀ ਹੈ। ਖ਼ਾਸ ਕਰਕੇ ਨੌਜਵਾਨਾਂ ਵਿੱਚ। ਸਾਰਿਆਂ ਨੂੰ ਟ੍ਰਾਂਸਪਲਾਂਟ ਨਹੀਂ ਮਿਲ ਪਾਉਂਦਾ। ਕੁਝ ਲੋਕ ਬਹੁਤ ਗਰੀਬ ਹੁੰਦੇ ਹਨ।

ਕੁਝ ਬਹੁਤ ਜ਼ਿਆਦਾ ਬਿਮਾਰ ਹੁੰਦੇ ਹਨ। ਕੁਝ ਸ਼ਰਾਬ ਨਹੀਂ ਛੱਡ ਪਾਉਂਦੇ। ਜ਼ਿਆਦਾਤਰ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਅਜਿਹੇ ਮਾਮਲਿਆਂ ਵਿੱਚ ਉਨ੍ਹਾਂ ਦਾ ਕੰਮ ਹੁੰਦਾ ਹੈ ਕਿ ਜਿੰਨਾ ਹੋ ਸਕੇ ਮੌਤ ਨੂੰ ਸਹਿਣਯੋਗ ਬਣਾਇਆ ਜਾਵੇ।

ਉਹ ਕਹਿੰਦੇ ਹਨ, “ਤੁਸੀਂ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਤੁਹਾਡਾ ਮਰੀਜ਼ ਆਖ਼ਰੀ ਸਮੇਂ ਤੱਕ ਖੁਸ਼ ਰਹੇ। ਤੁਸੀਂ ਪਰਿਵਾਰ ਨੂੰ ਸਮਝਾਉਣਾ ਹੁੰਦਾ ਹੈ ਕਿ ਮਰੀਜ਼ ਮਰ ਰਿਹਾ ਹੈ। ਅਤੇ ਉਸ ਦੀ ਮੌਤ ਗਰਿਮਾ ਨਾਲ ਹੋਵੇ।”

ਇਹ ਦੱਸਦੇ ਹੋਏ ਉਹ ਕੁਝ ਸਮੇਂ ਲਈ ਰੁਕਦੇ ਹਨ।

ਉਹ ਕਹਿੰਦੇ ਹਨ ਕਿ ਡਾਕਟਰਾਂ ਨੂੰ ਹਮੇਸ਼ਾ ਅਜਿਹੀ ਛਵੀ ਬਣਾਈ ਰੱਖਣੀ ਪੈਂਦੀ ਹੈ ਜਿਵੇਂ ਉਹ ਕੋਈ ਰੱਬ ਹੋਣ। ਇੱਕ ਢਾਲ ਵਾਂਗ ਜੋ ਸਭ ਕੁਝ ਸਹਿ ਲਵੇ ਅਤੇ ਖੁਦ ਠੀਕ ਬਣਿਆ ਰਹੇ।

“ਮੈਂ ਤੁਹਾਨੂੰ ਦੱਸ ਰਿਹਾ ਹਾਂ, ਸਭ ਕੁਝ ਬਿਲਕੁਲ ਠੀਕ ਨਹੀਂ ਹੁੰਦਾ।”

ਉਨ੍ਹਾਂ ਨੇ ਇੰਨੇ ਡੈੱਥ ਸਰਟੀਫਿਕੇਟਾਂ ‘ਤੇ ਦਸਤਖ਼ਤ ਕੀਤੇ ਹਨ ਕਿ ਉਨ੍ਹਾਂ ਨੂੰ ਗਿਣਤੀ ਵੀ ਯਾਦ ਨਹੀਂ। ਅਤੇ ਹਰ ਇੱਕ ਮੌਤ ਦਾ ਦੁੱਖ ਉਨ੍ਹਾਂ ਦੇ ਨਾਲ ਰਹਿ ਜਾਂਦਾ ਹੈ।

ਇੱਕ ਵਾਰ ਉਹ ਇੱਕ ਗੰਭੀਰ ਮਰੀਜ਼ ਬਾਰੇ ਜੂਨੀਅਰ ਡਾਕਟਰਾਂ ਨਾਲ ਫ਼ੋਨ ‘ਤੇ ਗੱਲ ਕਰ ਰਹੇ ਸਨ। ਉਸੇ ਦੌਰਾਨ ਉਹ ਇੱਕ ਕਾਰ ਹਾਦਸੇ ਤੋਂ ਵਾਲ-ਵਾਲ ਬਚ ਬਚੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਰੁਟੀਨ ਬਦਲ ਦਿੱਤਾ।

ਹੁਣ ਉਹ ਰੋਜ਼ ਸਿਰਫ਼ 25 ਮਰੀਜ਼ ਹੀ ਦੇਖਦੇ ਹਨ। ਇਹ ਗਿਣਤੀ ਉਨ੍ਹਾਂ ਦੇ ਕਈ ਸਾਥੀਆਂ ਅਤੇ ਉਨ੍ਹਾਂ ਦੇ ਪਿਤਾ ਤੋਂ ਵੀ ਘੱਟ ਹੈ। ਉਨ੍ਹਾਂ ਦੇ ਪਿਤਾ ਅੱਜ ਵੀ 100 ਤੋਂ ਵੱਧ ਮਰੀਜ਼ ਦੇਖਦੇ ਹਨ।

ਚਾਰ ਸਾਲ ਪਹਿਲਾਂ ਉਨ੍ਹਾਂ ਨੇ ਸ਼ਰਾਬ ਵੀ ਛੱਡ ਦਿੱਤੀ। ਉਹ ਕਹਿੰਦੇ ਹਨ, “ਮੈਂ ਆਪਣੇ ਮਰੀਜ਼ਾਂ ਨੂੰ ਸ਼ਰਾਬ ਛੱਡਣ ਲਈ ਕਿਵੇਂ ਕਹਿੰਦਾ, ਜਦੋਂ ਮੈਂ ਖੁਦ ਪੀ ਰਿਹਾ ਸੀ।”

ਉਨ੍ਹਾਂ ਨੂੰ ਆਨਲਾਈਨ ਗੇਮ ਖੇਡਣਾ ਪਸੰਦ ਹੈ। ਉਹ ਆਪਣੇ ਪਰਿਵਾਰ ਅਤੇ ਆਪਣੇ ਸ਼ੌਕ ਲਈ ਵੀ ਸਮਾਂ ਕੱਢਦੇ ਹਨ।

ਉਹ ਕਹਿੰਦੇ ਹਨ, “ਲੋਕ ਸੋਚਦੇ ਹਨ ਕਿ ਮੈਂ ਹਮੇਸ਼ਾ ਸੋਸ਼ਲ ਮੀਡੀਆ ‘ਤੇ ਰਹਿੰਦਾ ਹਾਂ। ਪਰ ਅਜਿਹਾ ਨਹੀਂ ਹੈ। ਮੈਂ ਸੀਮਤ ਸਮੇਂ ਲਈ ਹੀ ਆਨਲਾਈਨ ਰਹਿੰਦਾ ਹਾਂ। ਉਹ ਵੀ ਇੱਕ ਮਕਸਦ ਨਾਲ।”

ਖੋਜ ਦੇ ਨਾਲ ਕਾਨੂੰਨੀ ਮਾਮਲਿਆਂ ‘ਤੇ ਖ਼ਰਚ ਦੀ ਨੌਬਤ

ਡਾਕਟਰ ਸਿਰਿਏਕ ਏਬੀ ਫਿਲਿਪਸ

ਤਸਵੀਰ ਸਰੋਤ, Prashanth Vishwanathan/Bloomberg via Getty Images

ਉਨ੍ਹਾਂ ਦੇ ਪਤਨੀ ਟੀਨਾ ਕੋਲਕਾਤਾ ਦੇ ਦਿਨਾਂ ਤੋਂ ਉਨ੍ਹਾਂ ਦੇ ਨਾਲ ਹਨ। ਉਹ ਮਰੀਜ਼ਾਂ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਬਹੁਤ ਸਰਲ ਸ਼ਬਦਾਂ ਵਿੱਚ ਸਮਝਾਉਂਦੇ ਹਨ।

ਉਹ ਕਹਿੰਦੇ ਹਨ, “ਉਹ ਬਹੁਤ ਸਬਰ ਵਾਲੇ ਹਨ।”

ਉਹ ਅੱਗੇ ਕਹਿੰਦੇ ਹਨ, “ਜੇ ਉਨ੍ਹਾਂ ਨੇ ਮੈਨੂੰ ਕੁਝ ਦੱਸਣਾ ਹੋਵੇ ਜਾਂ ਸਿਖਾਉਣਾ ਹੋਵੇ, ਤਾਂ ਉਹ ਸਮਾਂ ਲੈਂਦੇ ਹਨ। ਉਹ ਮੈਨੂੰ ਚੰਗੀ ਤਰ੍ਹਾਂ ਸਮਝਾਉਂਦੇ ਹਨ।”

ਉਹ ਕੁਝ ਸਮੇਂ ਲਈ ਰੁਕਦੇ ਹਨ ਤੇ ਫਿਰ ਆਪਣੇ ਪਤੀ ਬਾਰੇ ਕਹਿੰਦੇ ਹਨ ਕਿ “ਉਹ ਸੋਸ਼ਲ ਮੀਡੀਆ ‘ਤੇ ਜਿਵੇਂ ਦਿਖਾਈ ਦਿੰਦੇ ਹਨ, ਇੱਕ ਇਨਸਾਨ ਦੇ ਤੌਰ ‘ਤੇ ਬਿਲਕੁਲ ਉਹੋ-ਜਿਹੇ ਨਹੀਂ ਹਨ।”

ਉਨ੍ਹਾਂ ਦੇ ਪਿਤਾ ਡਾਕਟਰ ਆਗਸਟਿਨ ਕਹਿੰਦੇ ਹਨ ਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਸੋਸ਼ਲ ਮੀਡੀਆ ਪ੍ਰੋਫ਼ਾਈਲ ‘ਤੇ ਇਤਰਾਜ਼ ਸੀ।

ਉਹ ਕਹਿੰਦੇ ਹਨ, “ਮੈਨੂੰ ਉਸ ਦੀ ਚਿੰਤਾ ਹੁੰਦੀ ਹੈ। ਪਰ ਮੈਂ ਉਸ ਦੇ ਕੰਮ ਦੀ ਅਹਿਮੀਅਤ ਵੀ ਸਮਝਦਾ ਹਾਂ।”

ਫਿਰ ਵੀ ਇਸ ਦੀ ਨਿੱਜੀ ਕੀਮਤ ਕਾਫ਼ੀ ਜ਼ਿਆਦਾ ਰਹੀ ਹੈ। ਛੇ ਸਾਲਾਂ ਵਿੱਚ ਫਿਲਿਪਸ ‘ਤੇ ਕਈ ਕਾਨੂੰਨੀ ਮਾਮਲੇ ਦਰਜ ਹੋਏ।

ਇਹ ਮਾਮਲੇ ਵਿਕਲਪਿਕ ਚਿਕਿਤਸਾ ਨਾਲ ਜੁੜੇ ਮਾਹਿਰਾਂ ਅਤੇ ਕਾਰਪੋਰੇਟ ਸਮੂਹਾਂ ਨੇ ਦਰਜ ਕਰਵਾਏ। ਕੁਝ ਵਕੀਲਾਂ ਨੇ ਮੁਫ਼ਤ ਵਿੱਚ ਉਨ੍ਹਾਂ ਦਾ ਪੱਖ ਰੱਖਿਆ।

ਪਰ ਫਿਰ ਵੀ ਉਨ੍ਹਾਂ ਨੇ ਆਪਣੀ ਰੱਖਿਆ ਲਈ ਲੱਖਾਂ ਰੁਪਏ ਖ਼ਰਚ ਕੀਤੇ।

ਉਨ੍ਹਾਂ ਦੇ ਇੱਕ ਕਰੀਬੀ ਸਹਿਯੋਗੀ ਨੂੰ ਇੱਕ ਸਾਂਝੇ ਖੋਜ ਪੱਤਰ ਨੂੰ ਲੈਕੇ ਪੁੱਛਗਿੱਛ ਲਈ ਰੋਕਿਆ ਗਿਆ। ਇਸ ਤੋਂ ਬਾਅਦ ਉਹ ਭਾਰਤ ਛੱਡ ਕੇ ਚਲੇ ਗਏ।

ਹੁਣ ਕੁਝ ਖੋਜਕਰਤਾ ਉਨ੍ਹਾਂ ਨਾਲ ਪ੍ਰਕਾਸ਼ਿਤ ਹੋਣ ਵਾਲੇ ਖੋਜ ਪੱਤਰਾਂ ਵਿੱਚ ਆਪਣਾ ਨਾਮ ਦੇਣਾ ਨਹੀਂ ਚਾਹੁੰਦੇ।

ਫਿਰ ਵੀ ਉਹ ਰੁਕਣ ਲਈ ਤਿਆਰ ਨਹੀਂ ਹਨ।

ਉਹ ਕਹਿੰਦੇ ਹਨ, “ਕਾਨੂੰਨੀ ਖਰਚੇ ਝੱਲਣ ਤੋਂ ਪਹਿਲਾਂ ਵੀ ਮੈਂ ਇਨ੍ਹਾਂ ਦਵਾਈਆਂ ਦੀ ਜਾਂਚ ਕਰਵਾਉਣ ਲਈ ਆਪਣੀ ਜੇਬ੍ਹ ਵਿੱਚੋਂ ਪੈਸੇ ਖਰਚ ਕਰ ਰਿਹਾ ਸੀ। ਆਮ ਲੋਕਾਂ ਲਈ ਸੱਚਾਈ ਨੂੰ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ, ਇੱਕ ਅਜਿਹੀ ਸੱਚਾਈ ਜੋ ਉਨ੍ਹਾਂ ਨੂੰ ਕਦੇ ਪਤਾ ਨਹੀਂ ਚੱਲਦੀ।”

“ਮੇਰੇ ਲਈ, ਇਹ ਕੰਮ ਮੇਰੀ ਆਪਣੀ ਸੁਰੱਖਿਆ ਅਤੇ ਆਰਾਮ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI