Home rss national punjabi2ਰਾਸ਼ਟਰੀ ਖ਼ਬਰਾਂ ਇਸ ਝੀਲ ਦੇ ਕਿਨਾਰਿਆਂ ਤੋਂ ਹੱਡੀਆਂ ਮਿਲਦੀਆਂ ਹਨ, ਲੋਕ ਹੱਡੀਆਂ ’ਚ ਤੈਰਨ...

ਇਸ ਝੀਲ ਦੇ ਕਿਨਾਰਿਆਂ ਤੋਂ ਹੱਡੀਆਂ ਮਿਲਦੀਆਂ ਹਨ, ਲੋਕ ਹੱਡੀਆਂ ’ਚ ਤੈਰਨ ਤੋਂ ਨਹੀਂ ਝਿਜਕਦੇ, ਕੀ ਹੈ ਇਸ ਝੀਲ ਦਾ ਇਤਿਹਾਸ

4
0

Source :- BBC PUNJABI

ਇੱਕ ਕੋਲਾਜ ਵਿੱਚ ਕੁਝ ਨੌਜਵਾਨ ਮੁੰਡੇ ਬੀਚ ’ਤੇ ਖੜ੍ਹੇ ਅਤੇ ਬੈਠੇ ਦਿਖਾਈ ਦਿੰਦੇ ਹਨ

ਤਸਵੀਰ ਸਰੋਤ, BNK/VK MO “Knyazhpogostsky”/BBC

ਕੁਝ ਲੋਕਾਂ ਲਈ ਯੇਮਵਾ ਵਿੱਚ ਤੈਰਾਕੀ ਵਾਲੀ ਇੱਕ ਝੀਲ ਸ਼ਾਨਦਾਰ ਜਗ੍ਹਾ ਹੈ, ਹੰਸਾਂ ਦੀ ਸੁੰਦਰਤਾ ਨਾਲ ਸਜੀ ਇੱਕ ਸ਼ਾਂਤ ਪਾਣੀ ਦੀ ਢਾਬ ਜੋ ਗਰਮੀਆਂ ਦੇ ਤਪਦੇ ਦਿਨ ਵਿੱਚ ਤਰੋ-ਤਾਜ਼ਾ ਕਰਨ ਵਾਲੀ ਡੁਬਕੀ ਲਗਾਉਣ ਲਈ ਬਿਹਤਰੀਨ ਹੈ।

ਪਰ ਕਈ ਇਸ ਨੂੰ ਇੱਕ ਕਬਰਿਸਤਾਨ ਕਹਿੰਦੇ ਹਨ।

ਉੱਤਰੀ ਰੂਸ ਦੇ ਕੌਮੀ ਗਣਰਾਜ ਵਿੱਚ ਬਣੇ ਇਸ ਨਕਲੀ ਬੀਚ ਦੀ ਇੱਕ ਤਸਵੀਰ ਹੇਠਾਂ ਸੋਸ਼ਲ ਮੀਡੀਆ ‘ਤੇ ਕੀਤੀ ਟਿੱਪਣੀ ਵਿੱਚ ਲਿਖਿਆ ਹੈ, “ਪੂਰਾ ਕਸਬਾ ਜਾਣਦਾ ਹੈ ਕਿ ਉੱਥੇ ਹੱਡੀ ਉੱਤੇ ਹੱਡੀ ਪਈ ਹੈ।”

ਦਹਾਕਿਆਂ ਤੋਂ ਸਥਾਨਕ ਲੋਕ ਇਸ ਝੀਲ ਵਿੱਚ ਤੈਰ ਰਹੇ ਹਨ। ਇਸ ਦਾ ਨਿਰਮਾਣ ਇੱਕ ਅਜਿਹੀ ਜਗ੍ਹਾ ਦੀ ਖੁਦਾਈ ਕਰਕੇ ਕੀਤਾ ਗਿਆ ਸੀ ਜੋ ਸੋਵੀਅਤ ਗੁਲਾਗ ਪ੍ਰਣਾਲੀ (ਜ਼ਬਰਦਸਤੀ ਮਜ਼ਦੂਰੀ ਕਰਵਾਉਣ ਵਾਲੇ ਕੈਂਪਾਂ ਦਾ ਇੱਕ ਬਦਨਾਮ ਨੈਟਵਰਕ) ਦੇ ਪੀੜਤਾਂ ਦੀ ਸਮੂਹਿਕ ਕਬਰ ਸੀ।

ਸਥਾਨਕ ਵਾਸੀਆਂ ਨੂੰ ਅਕਸਰ ਕਿਨਾਰੇ ਤੋਂ ਮਨੁੱਖੀ ਹੱਡੀਆਂ ਮਿਲਦੀਆਂ ਰਹਿੰਦੀਆਂ ਹਨ।

ਉੱਥੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਅਜਿਹਾ ਕੋਈ ਸਮਾਰਕ ਜਾਂ ਬੋਰਡ ਨਹੀਂ ਲਗਾਇਆ ਗਿਆ ਜੋ ਇੱਕ ਚੇਤਾਵਨੀ ਵਜੋਂ ਕੰਮ ਕਰ ਸਕੇ, ਪ੍ਰਸ਼ਾਸਨ ਨੇ ਕਦੇ ਵੀ ਇਸ ਜਗ੍ਹਾ ਕੋਈ ਨਿਸ਼ਾਨ ਤੱਕ ਨਹੀਂ ਲਗਾਇਆ ਅਤੇ ਇਨ੍ਹਾਂ ਮਨੁੱਖੀ ਹੱਡੀਆਂ ਨਾਲ ਕੀ ਕੀਤਾ ਜਾਣਾ ਚਾਹੀਦਾ ਹੈ ਇਸ ਬਾਰੇ ਹਾਲ ਹੀ ਵਿੱਚ ਹੋਈ ਇੱਕ ਬਹਿਸ ਦੌਰਾਨ ਉਨ੍ਹਾਂ ਨੇ ਇਹ ਮੰਨਣ ਤੋਂ ਵੀ ਇਨਕਾਰ ਕੀਤਾ ਕਿ ਇਹ ਹੱਡੀਆਂ ਗੁਲਾਗ ਦੇ ਕੈਦੀਆਂ ਦੀਆਂ ਸਨ।

1980ਵਿਆਂ ਵਿੱਚ ਇੱਕ ਸਥਾਨਕ ਨਿਰਮਾਣ ਕੰਪਨੀ ਨੇ ਇਸ ਇਲਾਕੇ ਵਿੱਚ ਇੱਕ ਨਕਲੀ ਝੀਲ ਅਤੇ ਬੀਚ ਬਣਾਉਣ ਦਾ ਫ਼ੈਸਲਾ ਕੀਤਾ, ਜਿਸ ਵਿੱਚ ਧੁੱਪ ਤੋਂ ਬਚਣ ਵਾਲੀਆਂ ਛਤਰੀਆਂ ਅਤੇ ਕੱਪੜੇ ਬਦਲਣ ਵਾਲੇ ਕੈਬਿਨ ਵੀ ਬਣਾਏ ਗਏ। ਇਸ ਪ੍ਰਕਿਰਿਆ ਦੌਰਾਨ ਇੱਕ ਖੁਦਾਈ ਵਾਲੀ ਮਸ਼ੀਨ ਨੇ ਨਾ ਸਿਰਫ਼ ਮਿੱਟੀ ਬਾਹਰ ਕੱਢੀ ਬਲਕਿ ਮਨੁੱਖੀ ਅਵਸ਼ੇਸ਼ ਅਤੇ ਤਾਬੂਤਾਂ ਦੇ ਲੱਕੜ ਦੇ ਟੁਕੜੇ ਵੀ ਬਾਹਰ ਕੱਢ ਦਿੱਤੇ।

ਇਸ ਦੇ ਬਾਵਜੂਦ ਇਸ ਜਗ੍ਹਾ ‘ਤੇ ਨਿਰਮਾਣ ਕਾਰਜ ਨਹੀਂ ਰੁਕਿਆ। ਇਹ ਥਾਂ ਮਾਸਕੋ ਤੋਂ ਤਕਰਬੀਨ ਇੱਕ ਹਜ਼ਾਰ ਕਿੱਲੋਮੀਟਰ ਉੱਤਰ ਪੂਰਬ ਵਿਚ ਹੈ।

ਕੈਦੀ

ਤਸਵੀਰ ਸਰੋਤ, TASS/BBC

ਅੰਡਰ-ਗਰਾਊਂਡ ਚਸ਼ਮਿਆਂ ਦੇ ਪਾਣੀ ਨੂੰ ਉਸ ਪੁੱਟੇ ਹੋਏ ਹਿੱਸੇ ਵੱਲ ਮੋੜ ਦਿੱਤਾ ਗਿਆ ਅਤੇ ਯੇਮਵਾ (ਜਿਸ ਦੀ ਅਬਾਦੀ ਲਗਭਗ 15000 ਹੈ) ਦੇ ਨਿਵਾਸੀ ਉਦੋਂ ਤੋਂ ਹੀ ਉੱਥੇ ਤੈਰਦੇ ਹਨ।

ਪਰ ਪੰਜ ਸਾਲ ਪਹਿਲਾਂ ਇਸ ਇਲਾਕੇ ਵਿੱਚ ਲੱਗੀ ਲੱਗ ਅਤੇ ਖੋਜਕਰਤਾਵਾਂ ਦੀ ਇੱਕ ਟੀਮ ਦੇ ਆਉਣ ਨੇ ਨਵੀਂ ਬਹਿਸ ਛੇੜ ਦਿੱਤੀ ਕਿ ਇਨ੍ਹਾਂ ਹੱਡੀਆਂ ਨਾਲ ਕੀ ਕੀਤਾ ਜਾਵੇ।

ਕਈ ਸਥਾਨਕ ਲੋਕ ਕਹਿੰਦੇ ਹਨ ਕਿ ਸਾਰੇ ਖੇਤਰ ਦੀ ਦੁਬਾਰਾ ਖੁਦਾਈ ਹੋਵੇ ਅਤੇ ਸਾਰੇ ਅਵਸ਼ੇਸ਼ਾਂ ਨੂੰ ਮੁੜ ਦਫ਼ਨਾਇਆ ਜਾਵੇ। ਕਈ ਕਹਿੰਦੇ ਹਨ ਕਿ ਇਸ ਥਾਂ ਦੀ ਨਿਸ਼ਾਨਦੇਹੀ ਲਈ ਇੱਕ ਕਰੌਸ ਚਿੰਨ ਲਗਾਇਆ ਜਾਵੇ।

ਜਦਕਿ ਕੁਝ ਹੋਰਾਂ ਨੇ ਦਲੀਲ ਦਿੱਤੀ ਕਿ ਇੰਨਾ ਹੰਗਾਮਾ ਖੜਾ ਕਰਨ ਦੀ ਕੋਈ ਲੋੜ ਨਹੀਂ ਹੈ- ਗੁਲਾਗ ਕੈਂਪ ਇੰਨੇ ਭਿਆਨਕ ਵੀ ਨਹੀਂ ਸਨ ਅਤੇ ਇਨ੍ਹਾਂ ਕੈਂਪਾਂ ਵਿਚ ਸਿਰਫ਼ ਅਪਰਾਧੀ ਰਹਿੰਦੇ ਸਨ।

ਪਰ ਅਖੀਰ ਵਿੱਚ ਸਥਾਨਕ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ।

ਕਾਰਵਾਈ ਦੀ ਇਹ ਕਮੀ ਰੂਸ ਵਿੱਚ ਚੱਲ ਰਹੇ ਇੱਕ ਵੱਡੇ ਰੁਝਾਨ ਨੂੰ ਦਰਸਾਉਂਦੀ ਹੈ, ਜਿੱਥੇ ਇਸ ਦੌਰ ਦੀਆਂ ਸਮੂਹਿਕ ਕਬਰਾਂ ਵਾਲੀਆਂ ਥਾਵਾਂ ‘ਤੇ ਸ਼ਾਇਦ ਹੀ ਕਦੇ ਕੋਈ ਨਿਸ਼ਾਨ ਲਗਾਇਆ ਜਾਂਦਾ ਹੈ।

ਪੀੜਤਾਂ ਬਾਰੇ ਖੋਜ ਕਰਨ ਜਾਂ ਉਨ੍ਹਾਂ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ‘ਤੇ ਮੁਕੱਦਮੇ ਚਲਾਏ ਗਏ ਹਨ ਜਦਕਿ ਗੁਲਾਗ ਪ੍ਰਣਾਲੀ ਬਾਰੇ ਗੱਲਬਾਤ ਕਰਨਾ ਲਗਾਤਾਰ ਇੱਕ ਵਰਜਿਤ ਵਿਸ਼ਾ ਬਣਦਾ ਜਾ ਰਿਹਾ ਹੈ।

ਯੇਮਵਾ ਨੇੜੇ ਰੇਲਵੇ ਲਾਈਨ ਬਣਾਉਂਦੇ ਸਮੇਂ ਗੁਲਾਗ ਦੇ ਕਈ ਕੈਦੀਆਂ ਦੀ ਮੌਤ ਹੋ ਗਈ ਸੀ

ਤਸਵੀਰ ਸਰੋਤ, NA Komi /USTR/BBC

ਮਾਸਕੋ ਦੇ ਗੁਲਾਗ ਹਿਸਟਰੀ ਮਿਊਜ਼ੀਅਮ (ਜਿਸ ਨੂੰ ਅਧਿਕਾਰੀਆਂ ਨੇ ਇਸ ਸਾਲ ਜ਼ਬਰਦਸਤੀ ਬੰਦ ਕਰਵਾ ਦਿੱਤਾ ਹੈ) ਦੇ ਅਨੁਮਾਨ ਮੁਤਾਬਕ 1930 ਅਤੇ 1956 ਦੇ ਵਿਚਕਾਰ ਲਗਭਗ ਦੋ ਕਰੋੜ ਲੋਕ ਸੋਵੀਅਤ ਕੈਂਪਾਂ, ਜੇਲ੍ਹਾਂ ਅਤੇ ਬੰਦੀਗ੍ਰਹਿਆਂ ਵਿੱਚੋਂ ਲੰਘੇ ਸਨ।

ਉਨ੍ਹਾਂ ਵਿੱਚੋਂ ਲਗਭਗ ਚਾਰ ਮਿਲੀਅਨ ਲੋਕਾਂ ਨੂੰ ਸਿਆਸੀ ਕਾਰਨਾਂ ਕਰਕੇ ਦੋਸ਼ੀ ਠਹਿਰਾਇਆ ਗਿਆ ਸੀ।

ਦਮਨ ਦੇ ਇਸ ਦੌਰ ਦੌਰਾਨ ਸਟਾਲਿਨ ਦੇ ਸ਼ਾਸਨ ਕਾਲ ਵਿੱਚ ਅਤੇ ਉਸ ਤੋਂ ਤੁਰੰਤ ਬਾਅਦ ਦੋ ਮਿਲੀਅਨ ਤੋਂ ਵੱਧ ਲੋਕਾਂ ਦੀ ਸਰਕਾਰੀ ਹਿਰਾਸਤ ਵਿੱਚ ਮੌਤ ਹੋ ਗਈ। ਛੇ ਮਿਲੀਅਨ ਲੋਕਾਂ ਨੂੰ ਸੋਵੀਅਤ ਯੂਨੀਅਨ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਜ਼ਬਰਦਸਤੀ ਉਜਾੜੇ ਦਾ ਸਾਹਮਣਾ ਕਰਨਾ ਪਿਆ।

ਕੋਮੀ ਭਾਸ਼ਾ ਵਿੱਚ ਯੇਮਵਾ ਦਾ ਮਤਲਬ ਸਾਫ਼ ਪਾਣੀ ਹੈ। ਇਹ 1928 ਵਿੱਚ ਸਥਾਪਿਤ ਕੀਤੇ ਗਏ ਇੱਕ ਲੇਬਰ ਕੈਂਪ ਤੋਂ ਹੋਂਦ ਵਿੱਚ ਆਇਆ ਸੀ।

ਇਸ ਇਲਾਕੇ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਗੁਲਾਗ ਦੇ ਕੈਦੀਆਂ ਜਾਂ ਉੱਥੋਂ ਦੇ ਗਾਰਡਾਂ ਦੀਆਂ ਪੀੜ੍ਹੀਆਂ ਹਨ। ਪੂਰੇ ਕੋਮੀ ਖੇਤਰ ਬਾਰੇ ਵੀ ਇਹੀ ਸੱਚ ਹੈ। ਇੱਥੋਂ ਤੱਕ ਕਿ ਹੁਣ ਵੀ ਯੇਮਵਾ ਵਿੱਚ ਮਰਦਾਂ ਲਈ ਇੱਕ ਚਾਲੂ ਜੇਲ੍ਹ ਮੌਜੂਦ ਹੈ।

ਸਬ-ਆਰਕਟਿਕ ਸਦਾਬਹਾਰ ਜੰਗਲਾਂ ਨਾਲ ਘਿਰੇ ਇਨ੍ਹਾਂ ਉੱਤਰੀ ਕੈਂਪਾਂ ਵਿਚ ਰਹਿਣ ਦੇ ਹਾਲਾਤ ਬਹੁਤ ਭਿਆਨਕ ਸਨ। ਕੈਦੀਆਂ ਦੇ ਰਹਿਣ ਲਈ ਰਿਹਾਇਸ਼ ਕਾਫੀ ਨਹੀਂ ਸੀ। ਇੱਥੋਂ ਤੱਕ ਕਿ ਸਰਦੀਆਂ ਵਿੱਚ ਵੀ ਜਦੋਂ ਤਾਪਮਾਨ ਮਨਫੀ 50 ਡਿਗਰੀ ਸੈਲਸੀਅਸ ਤੱਕ ਡਿੱਗ ਜਾਂਦਾ ਸੀ ਕਈ ਲੋਕ ਜ਼ਮੀਨ ਅੰਦਰ ਬਣੇ ਖੱਡਿਆਂ ਜਾਂ ਤੰਬੂਆਂ ਵਿੱਚ ਰਹਿੰਦੇ ਸਨ।

ਸਵੇਰ ਤੋਂ ਲੈ ਕੇ ਰਾਤ ਤੱਕ, ਉਹ ਜੰਗਲ ਵਿੱਚ ਰੇਲਵੇ ਲਾਈਨ ਬਣਾਉਣ ਲਈ ਰੁੱਖਾਂ ਦੀ ਕਟਾਈ ਕਰਦੇ ਸਨ। ਉਨ੍ਹਾਂ ਦੀ ਰੋਜ਼ਾਨਾ ਦੀ ਖੁਰਾਕ ਵਿਚ ਸਿਰਫ ਚਾਰ ਸੌ ਗਰਾਮ ਬਰੈਡ ਅਤੇ ਇੱਕ ਪਲੇਟ ਸੂਪ ਸ਼ਾਮਲ ਹੁੰਦਾ ਸੀ।

ਇੱਕ ਕੋਲਾਜ ਵਿੱਚ ਆਰਥੋਡਾਕਸ ਧਰਮ ਦੀਆਂ ਦੋ ਸਲੀਬਾਂ ਦਿਖਾਈਆਂ ਗਈਆਂ ਹਨ

ਤਸਵੀਰ ਸਰੋਤ, T.me/Officially_vorkuta/BBC

ਇਤਿਹਾਸਕਾਰਾਂ ਦੇ ਅਨੁਮਾਨ ਮੁਤਾਬਕ, ਦਸ ਲੱਖ ਤੋਂ ਵੱਧ ਸਿਆਸੀ ਅਤੇ ਗੈਰ-ਸਿਆਸੀ ਕੈਦੀ, ਕੋਮੀ ਦੇ ਇਨ੍ਹਾਂ ਕੈਂਪਾਂ ਵਿਚੋਂ ਲੰਘੇ ਸਨ, ਹਾਲਾਂਕਿ ਇਸ ਗੱਲ ਦੇ ਕੋਈ ਪੁਖਤਾ ਅੰਕੜੇ ਮੌਜੂਦ ਨਹੀਂ ਹਨ ਕਿ ਉਨ੍ਹਾਂ ਵਿੱਚੋਂ ਕਿੰਨੇ ਲੋਕ ਉੱਥੇ ਮਾਰੇ ਗਏ ਸਨ।

ਜਦੋਂ 2021 ਵਿੱਚ ਨੇੜੇ ਹੀ ਘਾਹ ਨੂੰ ਲੱਗੀ ਅੱਗ ਬੁਝਾਉਣ ਲਈ ਅੱਗ ਬੁਝਾਊ ਦਸਤੇ ਨੂੰ ਸੱਦਿਆ ਗਿਆ ਤਾਂ ਉਨ੍ਹਾਂ ਨੂੰ ਉੱਥੇ ਘੱਟੋ ਘੱਟ ਤਿੰਨ ਲੋਕਾਂ ਦੀਆਂ ਹੱਡੀਆਂ ਮਿਲੀਆਂ ਅਤੇ ਇਸ ਘਟਨਾ ਨੇ ਸਥਾਨਕ ਪ੍ਰਸ਼ਾਸਨ ਨੂੰ ਦਖਲ ਦੇਣ ਲਈ ਮਜਬੂਰ ਕੀਤਾ।

ਜਾਂਚਕਾਰਾਂ ਨੇ ਇਹ ਸਪਸ਼ਟ ਕੀਤਾ ਕਿ ਇਹ ਅਵਸ਼ੇਸ਼ ਘੱਟੋ ਘੱਟ ਪੰਦਰਾਂ ਸਾਲ ਪੁਰਾਣੇ ਸਨ ਅਤੇ ਇਨ੍ਹਾਂ ਦੇ ਸੱਟ ਜਾਂ ਕਿਸੇ ਹਮਲੇ ਦੇ ਕੋਈ ਨਿਸ਼ਾਨ ਨਹੀਂ ਸਨ। ਉਨ੍ਹਾਂ ਨੇ ਕਿਸੇ ਅਪਰਾਧਿਕ ਜੁਰਮ ਦੀ ਅਣਹੋਂਦ ਕਾਰਨ ਇਸ ਮਾਮਲੇ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ।

ਜਾਂਚਕਰਤਾਵਾਂ ਦੇ ਫ਼ੈਸਲੇ ਵਿਚ ਇਹ ਕਿਹਾ ਗਿਆ ਕਿ ਜਿਸ ਜਗ੍ਹਾ ਤੋਂ ਇਹ ਹੱਡੀਆਂ ਮਿਲੀਆਂ ਸਨ, ਉਸ ਦੀ ਵਰਤੋਂ 1930 ਤੋਂ 1950 ਦੇ ਵਿਚਕਾਰ ਗੁਲਾਗ ਦੇ ਕੈਦੀਆਂ ਲਈ ਇੱਕ ਗੈਰ-ਅਧਿਕਾਰਤ ਸਮੂਹਿਕ ਕਬਰਸਤਾਨ ਵਜੋਂ ਕੀਤੀ ਗਈ ਸੀ।

ਅਤੇ ਇਹ ਮਾਮਲਾ ਉੱਥੇ ਹੀ ਖਤਮ ਹੋ ਗਿਆ ਹੁੰਦਾ ਜੇਕਰ ਗੁਲਾਗ ਦੇ ਇਤਿਹਾਸ ਦੇ ਮਾਹਿਰ ਖੋਜਕਰਤਾਵਾਂ ਦੀ ਇੱਕ ਟੀਮ ਛੇ ਮਹੀਨਿਆਂ ਬਾਅਦ ਖੇਤਰੀ ਰਾਜਧਾਨੀ ਸਿਕਤੀਵਕਰ ਤੋਂ ਉੱਥੇ ਨਾ ਪਹੁੰਚੀ ਹੁੰਦੀ।

ਲੇਖਕ ਅਤੇ ਸਥਾਨਕ ਇਤਿਹਾਸਕਾਰ ਗ੍ਰਿਗੋਰੀ ਸਪੀਚਕ ਨੇ ਬੀਬੀਸੀ ਨਿਊਜ਼ ਰਸ਼ੀਅਨ ਨੂੰ ਦੱਸਿਆ, “ਅਸੀਂ ਪੱਥਰਾਂ ਦੀ ਖਾਣ ਵਿੱਚ ਗਏ ਅਤੇ ਸਾਨੂੰ ਅਸਲ ਵਿੱਚ ਕੁਝ ਵੀ ਲੱਭਣ ਦੀ ਲੋੜ ਨਹੀਂ ਪਈ, ਹੱਡੀਆਂ ਤੁਰੰਤ ਸਾਹਮਣੇ ਆ ਗਈਆਂ।”

ਉਸ ਸਮੇਂ ਉਨ੍ਹਾਂ ਦੇ ਸਾਥੀ ਖੋਜਕਰਤਾ ਇਗੋਰ ਸਾਜ਼ਿਨ ਨੇ ਕਿਹਾ ਸੀ, “ਸਾਨੂੰ ਮਨੁੱਖੀ ਪਸਲੀਆਂ ਅਤੇ ਚੂਲੇ ਦੀਆਂ ਹੱਡੀਆਂ ਮਿਲੀਆਂ ਹਨ। ਇਨ੍ਹਾਂ ਨੂੰ ਦੇਖ ਕੇ ਸਾਫ਼ ਪਤਾ ਲਗਦਾ ਹੈ ਕਿ ਇਹ ਮਨੁੱਖੀ ਹੱਡੀਆਂ ਹਨ, ਇਨ੍ਹਾਂ ਨੂੰ ਜਾਨਵਰਾਂ ਦੀਆਂ ਹੱਡੀਆਂ ਬਿਲਕੁਲ ਨਹੀਂ ਕਿਹਾ ਜਾ ਸਕਦਾ।”

ਇਨ੍ਹਾਂ ਨੂੰ ਇਸ ਤਰ੍ਹਾਂ ਛੱਡਣਾ ਸਰਾਸਰ ਅਣਮਨੁੱਖੀ ਹੈ। ਯੇਮਵਾ ਅਤੀਤ ਦੀ ਇੱਕ ਭਿਆਨਕ ਯਾਦ ਨੂੰ ਸਵੀਕਾਰ ਕੀਤੇ ਬਿਨ੍ਹਾਂ ਆਪਣੀ ਜ਼ਿੰਦਗੀ ਜਿਉਂ ਰਿਹਾ ਹੈ।

ਰੂਸੀ ਕਾਨੂੰਨ ਤਹਿਤ ਪ੍ਰਸ਼ਾਸਨ ਲਈ ਨਵੇਂ ਲੱਭੇ ਗਏ ਕਬਰਸਤਾਨਾਂ ਨੂੰ ਰਜਿਸਟਰ ਕਰਨਾ ਅਤੇ ਉਨ੍ਹਾਂ ‘ਤੇ ਨਿਸ਼ਾਨ ਲਗਾਉਣਾ ਲਾਜ਼ਮੀ ਹੈ ਅਤੇ ਜੇਕਰ ਲੋੜ ਹੋਵੇ ਤਾਂ ਹੱਡੀਆਂ ਨੂੰ ਦੁਬਾਰਾ ਦਫ਼ਨਾਉਣਾ ਵੀ ਜ਼ਰੂਰੀ ਹੈ।

ਸਾਬਕਾ ਰੂਸ ਸੈਨਿਕ

ਤਸਵੀਰ ਸਰੋਤ, TSGALI SPB/BBC

ਸਾਜ਼ਿਨ ਨੇ ਪਬਲਿਕ ਪ੍ਰੋਸੀਕਿਉਟਰ ਨਾਲ ਸੰਪਰਕ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਲਗਭਗ ਇੱਕ ਸਾਲ ਬਾਅਦ ਉਸ ਨੇ ਸਥਾਨਕ ਪ੍ਰਸ਼ਾਸਨ ਅਤੇ ਚਰਚ ਨੂੰ ਝੀਲ ਦੇ ਨੇੜੇ ਇੱਕ ਕਰੌਸ ਸਥਾਪਿਤ ਕਰਨ ਦੀ ਅਪੀਲ ਕੀਤੀ।

ਪਰ ਪ੍ਰਸ਼ਾਸਨ ਨੇ ਸਰਕਾਰੀ ਵਕੀਲ ਦੇ ਦਫ਼ਤਰ ਨੂੰ ਦੱਸਿਆ ਕਿ ਖੇਤਰੀ ਜੇਲ੍ਹ ਵਿਭਾਗ, ਗ੍ਰਹਿ ਮੰਤਰਾਲਾ ਅਤੇ ਇੱਕ ਸਥਾਨਕ ਇਤਿਹਾਸ ਅਜਾਇਬ ਘਰ ਨਾਲ ਸੰਪਰਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਇਹ ਗੁਲਾਗ ਦੀ ਕੋਈ ਕਬਰ ਸੀ।

ਹਾਲਾਂਕਿ ਕੁਝ ਲੋਕ ਇਸ ਬਾਰੇ ਯਕੀਨ ਰੱਖਦੇ ਹਨ ਕਿ ਅਜਿਹਾ ਹੀ ਹੈ।

ਖੋਜਕਰਤਾ ਓਰੇਸਟ ਰੋਮਾਂਕੋ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ, “ਇਹ ਯਕੀਨੀ ਤੌਰ ‘ਤੇ ਗੁਲਾਗ ਦੇ ਪੀੜਤ ਹਨ ਕਿਉਂਕਿ ਉਨ੍ਹਾਂ ਨੂੰ ਬਿਨ੍ਹਾਂ ਕੱਪੜਿਆਂ ਜਾਂ ਜੁੱਤੀਆਂ ਦੇ ਸਿਰਫ਼ ਇੱਕ ਕਹੀ ਦੀ ਬਲੇਡ ਜਿੰਨੀ ਡੂੰਘਾਈ ‘ਤੇ ਦਫ਼ਨਾਇਆ ਗਿਆ ਸੀ”

ਰੂਸ ਵਿਚ ਵੱਡੇ ਪੱਧਰ ‘ਤੇ ਹੋਏ ਜ਼ੁਲਮਾਂ ਅਤੇ ਦਮਨ ਦਾ ਇਤਿਹਾਸ ਸਿਆਸੀ ਤੌਰ ‘ਤੇ ਇੱਕ ਸੰਵੇਦਨਸ਼ੀਲ ਵਿਸ਼ਾ ਹੈ। ਸਮੂਹਿਕ ਕਬਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਨ ਵਾਲੇ ਖੋਜਕਰਤਾਵਾਂ ਅਤੇ ਵਿਅਕਤੀਆਂ ਨੂੰ ਸਰਕਾਰੀ ਮੁਕੱਦਮਿਆਂ ਅਤੇ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੱਛਮੀ ਰੂਸ ਵਿੱਚ ਇੱਕ ਗੁਲਾਗ ਇਤਿਹਾਸ ਅਜਾਇਬ ਘਰ ਦੇ ਨਿਰਦੇਸ਼ਕ ਨਿਕੋਲਾਈ ਅਰਾਕਚੇਯੇਵ ਨੂੰ ਇੱਕ ਅਦਾਲਤ ਨੇ ਬਿਨ੍ਹਾਂ ਇਜਾਜ਼ਤ ਇੱਕ ਮਨੁੱਖੀ ਖੋਪੜੀ ਦੀ ਖੁਦਾਈ ਕਰਨ ਲਈ ਜੁਰਮਾਨਾ ਕੀਤਾ ਸੀ।

ਇਤਿਹਾਸਕ ਸੰਗਠਨ ਮੈਮੋਰੀਅਲ ਦੀ ਪਰਮ ਸਾਖਾ ਦੇ ਮੁਖੀ ਰੌਬਰਟ ਲਾਤੀਪੋਵ ਨੂੰ ਇੱਕ ਅਪਰਾਧਿਕ ਜਾਂਚ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੇ ਪੰਜ ਲਿਥੂਆਨੀਆਈ ਵਾਲੰਟੀਅਰਾਂ ਨਾਲ ਮਿਲ ਕੇ ਇੱਕ ਪੁਰਾਣੇ ਜਬਰੀ ਮੁੜ ਵਸੇਬੇ ਵਾਲੀ ਥਾਂ ਨਾਲ ਲਗਦੇ ਇੱਕ ਕਬਰਸਤਾਨ ਦੀ ਸਫਾਈ ਕੀਤੀ ਅਤੇ ਇੱਕ ਕਰੌਸ ਨਿਸ਼ਾਨ ਲਗਾਇਆ।

ਇਹ ਕੇਸ ਸਾਲ 2019 ਵਿੱਚ ਰੂਸ ਦੀ ਮਨੁੱਖੀ ਅਧਿਕਾਰੀ ਕੌਂਸਲ ਦੀ ਇੱਕ ਬੈਠਕ ਦੌਰਾਨ ਵਲਾਦੀਮੀਰ ਪੁਤਿਨ ਨੂੰ ਇਸ ਬਾਰੇ ਦੱਸੇ ਜਾਣ ਦੇ ਅਗਲੇ ਹੀ ਦਿਨ ਬੰਦ ਕਰ ਦਿੱਤਾ ਗਿਆ ਸੀ।

ਪਰ ਇਸ ਬੈਠਕ ਵਿੱਚ ਰਾਸ਼ਟਰਪਤੀ ਨੇ ਸੋਵੀਅਤ ਦਸਤਾਵੇਜ਼ਾਂ ਤੱਕ ‘ਬਿਨ੍ਹਾਂ ਕਿਸੇ ਪਾਬੰਦੀ ਦੇ ਪਹੁੰਚ’ ਖ਼ਿਲਾਫ਼ ਅਵਾਜ਼ ਉਠਾਈ।

ਪੁਤਿਨ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ 1930 ਦੇ ਦਹਾਕੇ ਵਿੱਚ ਐਨਕੇਡੀਵੀ ਕਿਵੇਂ ਕੰਮ ਕਰਦੀ ਸੀ ਅਤੇ ਰਿਸ਼ਤੇਦਾਰਾਂ ਲਈ ਇਹ ਹਮੇਸ਼ਾ ਸੁਖਾਵਾਂ ਨਹੀਂ ਹੋ ਸਕਦਾ ਕਿ ਉਨ੍ਹਾਂ ਦੇ ਪੂਰਵਜਾਂ ਦੀਆਂ ਫਾਈਲਾਂ ਜਨਤਕ ਕੀਤੀਆਂ ਜਾਣ।”

ਯੇਮਵਾ ਗੁਲਾਗ

ਤਸਵੀਰ ਸਰੋਤ, Getty Images/BBC

ਸਵਿਮਿੰਗ ‘ਤੇ ਰੋਕ

2025 ਵਿੱਚ ਰੂਸ ਦੇ ਸਰਕਾਰੀ ਦਸਤਾਵੇਜ਼ ਵਿਭਾਗ ਨੇ ਸਿਆਸੀ ਦਮਨ ਦੇ ਪੀੜਤਾਂ ਦੀਆਂ ਫਾਈਲਾਂ ਨੂੰ ‘ਸਿਰਫ਼ ਸਰਕਾਰੀ ਵਰਤੋਂ ਲਈ’ ਵਜੋਂ ਸ਼੍ਰੇਣੀਬੱਧ ਕਰਨਾ ਸ਼ੁਰੂ ਕਰ ਦਿੱਤਾ।

ਸਿਆਸੀ ਜ਼ੁਲਮਾਂ ਬਾਰੇ ਜਾਣਕਾਰੀ ਇਕੱਠੀ ਕਰਨ, ਅਧਿਐਨ ਕਰਨ ਅਤੇ ਉਸ ਦਾ ਪ੍ਰਸਾਰ ਕਰ ਨ ਕਰਨ ਵਾਲੀ ਕੋਮੀ ਸਥਿਤ ਇੱਕ ਸੁਤੰਤਰ ਸੱਭਿਆਚਾਰਕ ਸੰਸਥਾ ਰਿਵੋਲਟ ਸੈਂਟਰ ਨੂੰ ਇਸ ਸਾਲ ਕੱਟੜਪੰਥੀ ਸੰਗਠਨ ਐਲਾਨ ਦਿੱਤਾ ਗਿਆ। ਇਸ ਦੇ ਨਾਲ ਹੀ ਸੋਵੀਅਤ ਦੌਰ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਬਾਰੇ ਅਧਿਐਨ ਕਰਨ ਲਈ ਬਣਾਈ ਗਈ ਸੰਸਥਾ ਮੈਮੋਰੀਅਲ ਨੂੰ ਵੀ ਬੈਨ ਕਰ ਦਿੱਤਾ ਗਿਆ।

ਮਾਸਕੋ ਦੇ ਅਧਿਕਾਰੀਆਂ ਨੇ ਗੁਲਾਗ ਮਿਊਜ਼ੀਅਮ ਦੀ ਜਗ੍ਹਾ ਇੱਕ ਮਿਊਜ਼ੀਅਮ ਆਫ ਮੈਮੋਰੀ ਬਣਾ ਦਿੱਤਾ ਹੈ, ਜਿਸ ਨੂੰ ਨਾਜ਼ੀ ਹਮਲੇ ਦੌਰਾਨ ਮਾਰੇ ਗਏ ਸੋਵੀਅਤ ਨਾਗਰਿਕਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਗੁਲਾਬ ਮਿਊਜ਼ੀਅਮ ਨੂੰ ਫਾਇਰ ਸੇਫਟੀ ਨਿਯਮਾਂ ਦੀ ਉਲੰਘਣਾ ਦੇ ਬਹਾਨੇ ਦੋ ਸਾਲਾਂ ਲਈ ਬੰਦ ਰੱਖਿਆ ਗਿਆ ਸੀ ਅਤੇ ਡਾਇਰੈਕਟਰ ਰੋਮਨ ਰੋਮਾਨੋਵ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।

2022 ਦੀਆਂ ਗਰਮੀਆਂ ਵਿਚ ਸਰਕਾਰੀ ਪੱਖ ਨੇ ਯੇਮਵਾ ਝੀਲ ਵਿੱਚ ਤੈਰਾਕੀ ਕਰਨ ‘ਤੇ ਪਾਬੰਦੀ ਲਗਾ ਦਿੱਤੀ। ਇੱਕ ਸਥਾਨਕ ਅਦਾਲਤ ਨੇ ਸਥਾਨਕ ਪ੍ਰਸ਼ਾਸਨ ਨੂੰ ਉਸ ਇਲਾਕੇ ਦਾ ਸਰਵੇਖਣ ਕਰਨ ਅਤੇ ਸਾਲ ਦੇ ਅੰਤ ਤੱਕ ਸਾਰੇ ਮਨੁੱਖੀ ਅਵਸ਼ੇਸਾਂ ਨੂੰ ਦੁਬਾਰਾ ਦਫਨਾਉਣ ਦਾ ਹੁਕਮ ਦਿੱਤਾ।

ਪਰ ਕੋਮੀ ਸੁਪਰੀਮ ਕੋਰਟ ਨੇ ਇਸ ਫ਼ੈਸਲੇ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਇਹ ਨਿਰਧਾਰਤ ਕਰਨ ਲਈ ਇਸ ਖੇਤਰ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਕੀ ਇਹ ਅਸਲ ਵਿੱਚ ‘ਸਮੂਹਿਕ ਜ਼ੁਲਮ ਦੇ ਪੀੜਤਾਂ ਦਾ ਕਬਰਸਤਾਨ’ ਸੀ।

ਅੰਦਰੂਨੀ ਸ਼ਰਮਿੰਦਗੀ

ਪਿਛਲੇ ਸਾਲ ਦੇ ਅੰਤ ਵਿੱਚ ਅਧਿਕਾਰੀਆਂ ਨੂੰ ਪੁੱਟੇ ਹੋਏ ਖੱਡੇ ਵਿਚ ਮਿਲੇ ਅਵਸ਼ੇਸ਼ਾਂ ਦੀ ਜਾਂਚ ਕਰਨ ਲਈ ਮਜਬੂਰ ਕਰਨ ਵਾਸਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਸੀ, ਪਰ ਇਸ ਨੂੰ ਤੁਰੰਤ ਹੀ ਰੋਕ ਦਿੱਤਾ ਗਿਆ।

ਬੀਬੀਸੀ ਨਿਊਜ਼ ਰਸ਼ੀਅਨ ਨੇ ਪ੍ਰੋਸੀਕਿਉਟਰ ਜਨਰਲ ਦੇ ਦਫ਼ਤਰ, ਸਥਾਨਕ ਪ੍ਰਸ਼ਾਸਨ ਅਤੇ ਅਦਾਲਤੀ ਸੇਵਾ ਨਾਲ ਸੰਪਰਕ ਕੀਤਾ ਪਰ ਕੋਈ ਜਵਾਬ ਨਹੀਂ ਮਿਲਿਆ।

ਅਜ਼ਾਦ ਸਥਾਨਕ ਅਖਬਾਰ ਕੋਮੀ ਡੇਲੀ ਦੀ ਮੁੱਖ ਸੰਪਾਦਕ ਲਾਨਾ ਪਿਲਾਏਵਾ ਨੇ ਬੀਬੀਸੀ ਨਿਊਜ਼ ਰਸ਼ੀਅਨ ਨੂੰ ਦੱਸਿਆ, “ਸਟਾਲਿਨਵਾਦੀ ਦਮਨ ਹਾਲੇ ਵੀ ਇੱਕ ਵਰਜਿਤ ਵਿਸ਼ਾ ਬਣਿਆ ਹੋਇਆ ਹੈ।”

ਉਨ੍ਹਾਂ ਨੇ ਕਿਹਾ, “ਇਹ ਇੱਕ ਬਹੁਤ ਹੀ ਸ਼ਰਮਨਾਕ ਵਿਸ਼ਾ ਹੈ। ਇਹ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਦੇ ਵੰਸ਼ਜਾਂ ਬਾਰੇ ਬਿਲਕੁਲ ਸੱਚ ਹੈ, ਸ਼ਾਇਦ ਇਸ ਲਈ ਕਿਉਂਕਿ ਉਨ੍ਹਾਂ ‘ਤੇ ਲੱਗੇ ਹੋਏ ‘ਲੋਕਾਂ ਦੇ ਦੁਸ਼ਮਣ’ ਲੇਬਲ ਕਾਰਨ ਉਨ੍ਹਾਂ ਦੇ ਮਨਾਂ ਵਿੱਚ ਹਾਲੇ ਵੀ ਇੱਕ ਡੂੰਘੀ ਅੰਦਰੂਨੀ ਸ਼ਰਮਿੰਦਗੀ ਬੈਠੀ ਹੋਈ ਹੈ। ਦੂਜੇ ਪਾਸੇ, ਜ਼ੁਲਮ ਕਰਨ ਵਾਲਿਆਂ ਦੇ ਵੰਸ਼ਜ ਵੀ ਇਸ ਵਿਸ਼ੇ ਦੀ ਪੜਤਾਲ ਕਰਨ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਰੱਖਦੇ।”

ਇਨ੍ਹਾਂ ਗਰਮੀ ਵਿੱਚ ਅਧਿਕਾਰੀਆਂ ਨੇ ਝੀਲ ਕਿਨਾਰੇ ‘ਤੈਰਾਕੀ ਮਨ੍ਹਾ ਹੈ’ ਦਾ ਬੋਰਡ ਲਗਾ ਦਿੱਤਾ। ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਉੱਥੇ ਤੈਰਨਾ ਬੰਦ ਨਹੀਂ ਕੀਤਾ।

ਪਿਲਾਏਵਾ ਨੇ ਬੀਬੀਸੀ ਨਿਊਜ਼ ਰਸ਼ੀਅਨ ਨੂੰ ਦੱਸਿਆ, “ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਨੂੰ ਹੱਡੀਆਂ ਦੇ ਵਿਚਕਾਰ ਤੈਰਨ ਵਿੱਚ ਕੋਈ ਝਿਜਕ ਨਹੀਂ ਹੈ।”

ਵਾਧੂ ਰਿਪੋਰਟਿੰਗ: ਓਲਗਾ ਇਵਸ਼ੀਨਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI