Source :- BBC PUNJABI

ਤਸਵੀਰ ਸਰੋਤ, Getty Images
ਜੇਕਰ ਤੁਸੀਂ ਦੇਸ਼ ਤੋਂ ਬਾਹਰ ਕਿਤੇ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਾਸਪੋਰਟ ਦੀ ਲੋੜ ਹੁੰਦੀ ਹੈ। ਦੇਸ਼ ਦੇ ਨਾਗਰਿਕ ਹੋਣ ਦੀ ਇਹ ਤੁਹਾਡੀ ਪਛਾਣ ਹੁੰਦੀ ਹੈ।
ਭਾਰਤ ਨੇ ਹੁਣ ਪਾਸਪੋਰਟ ਸੇਵਾ ਪ੍ਰੋਗਰਾਮ 2.0 ਦੇ ਤਹਿਤ ਈ-ਪਾਸਪੋਰਟ ਵੀ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ।
ਆਖ਼ਰ ਇਹ ਈ-ਪਾਸਪੋਰਟ ਕੀ ਹੈ? ਕੀ ਇਹ ਆਮ ਪਾਸਪੋਰਟ ਨਾਲੋਂ ਵੱਖਰਾ ਹੁੰਦਾ ਹੈ? ਅਤੇ ਸਭ ਤੋਂ ਮਹੱਤਵਪੂਰਨ, ਕੀ ਇਸ ਈ-ਪਾਸਪੋਰਟ ਦੇ ਆਉਣ ਤੋਂ ਬਾਅਦ ਆਮ ਪਾਸਪੋਰਟ ਬੇਕਾਰ ਹੋ ਜਾਵੇਗਾ?
ਆਓ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਦੇ ਹਾਂ
ਈ-ਪਾਸਪੋਰਟ ਕੀ ਹੁੰਦਾ ਹੈ?

ਤਸਵੀਰ ਸਰੋਤ, Getty Images
ਪਾਸਪੋਰਟ ਸੇਵਾ ਵੈਬਸਾਈਟ ਉੱਤੇ ਦਿੱਤੀ ਜਾਣਕਾਰੀ ਦੇ ਮੁਤਾਬਕ ਇੱਕ ਈ-ਪਾਸਪੋਰਟ ਇੱਕ ਕਾਗਜ਼ੀ ਅਤੇ ਇਲੈਕਟ੍ਰਾਨਿਕ ਪਾਸਪੋਰਟ ਦਾ ਮਿਲਿਆ-ਝੁਲਿਆ ਰੂਪ ਹੁੰਦਾ ਹੈ ਜਿਸ ਵਿੱਚ ਰੇਡੀਓ ਫ੍ਰੀਕਵੈਂਸੀ ਆਈਡੈਂਟੀਫਿਕੇਸ਼ਨ (RFID) ਚਿਪ ਅਤੇ ਇੱਕ ਐਂਟੇਨਾ ਸ਼ਾਮਲ ਹੁੰਦੇ ਹਨ ਜੋ ਪਾਸਪੋਰਟ ਦੇ ਅੰਦਰ ਲਗਾਏ ਜਾਂਦੇ ਹਨ।
ਇਸ ਚਿਪ ਵਿੱਚ ਪਾਸਪੋਰਟ ਧਾਰਕ ਦੇ ਨਿੱਜੀ ਵੇਰਵੇ ਹੋਣਗੇ, ਜਿਵੇਂ ਕਿ ਨਾਮ, ਜਨਮ ਮਿਤੀ, ਪਾਸਪੋਰਟ ਨੰਬਰ, ਬਾਇਓਮੈਟ੍ਰਿਕ ਜਾਣਕਾਰੀ ਭਾਵ ਚਿਹਰੇ ਦੀ ਪਛਾਣ ਲਈ ਡੇਟਾ, ਅਤੇ ਉਂਗਲਾਂ ਦੇ ਨਿਸ਼ਾਨ।
ਦੇਖਣ ਵਿੱਚ ਮੌਜੂਦਾ ਕਾਗਜ਼ੀ ਪਾਸਪੋਰਟ ਅਤੇ ਈ-ਪਾਸਪੋਰਟ ਵਿੱਚ ਇਹ ਫਰਕ ਹੋਵੇਗਾ ਕਿ ਈ-ਪਾਸਪੋਰਟ ਦੇ ਹੇਠਾਂ ਫਰੰਟ ਕਵਰ ‘ਤੇ ਇੱਕ ਸੁਨਹਿਰੀ ਰੰਗ ਦਾ ਚਿੰਨ੍ਹ ਹੋਵੇਗਾ।
ਈ-ਪਾਸਪੋਰਟ ਵਿੱਚ ਕਿਹੜੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਹਨ?

ਤਸਵੀਰ ਸਰੋਤ, Getty Images
ਇਸ ਵਿੱਚ ਬੇਸਿਕ ਐਕਸੈਸ ਕੰਟਰੋਲ (BAC) ਦੀ ਸਹੂਲਤ ਹੋਵੇਗੀ ਜਿਸ ਦਾ ਮਤਲਬ ਹੈ ਕਿ ਪਾਸਪੋਰਟ ਚਿੱਪ ਨੂੰ ਸਿਰਫ਼ ਕੁਝ ਖਾਸ ਡਿਵਾਈਸਾਂ ਦੀ ਵਰਤੋਂ ਕਰਕੇ ਸਕੈਨ ਕੀਤਾ ਜਾ ਸਕਦਾ ਹੈ। ਕੋਈ ਹੋਰ ਗੈਜੇਟ ਇਸ ਚਿੱਪ ਨੂੰ ਸਕੈਨ ਕਰਨ ਦੇ ਯੋਗ ਨਹੀਂ ਹੋਵੇਗਾ।
ਇਸ ਚਿਪ ਰਾਹੀਂ ਪੈਸਿਵ ਔਥੈਂਟੀਕੇਸ਼ਨ (PA) ਮੰਨੀ ਜਾਵੇਗੀ। ਇਸ ਦਾ ਭਾਵ ਹੈ ਕਿ ਚਿੱਪ ਵਿੱਚ ਸਟੋਰ ਕੀਤੀ ਜਾਣਕਾਰੀ ਪ੍ਰਮਾਣਿਤ ਹੈ ਅਤੇ ਇਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਜਾਂ ਇਸ ਨੂੰ ਬਦਲਿਆ ਨਹੀਂ ਜਾ ਸਕਦਾ।
ਚਿੱਪ ਵਿੱਚ ਚਿਹਰੇ ਦੀ ਪਛਾਣ ਅਤੇ ਫਿੰਗਰਪ੍ਰਿੰਟ ਵਰਗੀ ਜਾਣਕਾਰੀ ਹੁੰਦੀ ਹੈ, ਜੋ ਪਾਸਪੋਰਟ ਨੂੰ ਵਾਧੂ ਸੁਰੱਖਿਆ ਪ੍ਰਦਾਨ ਕਰੇਗੀ।
ਈ-ਪਾਸਪੋਰਟ ਦੇ ਕੀ ਫਾਇਦੇ ਹੋਣਗੇ?

ਤਸਵੀਰ ਸਰੋਤ, Getty Images
ਚਿਪ ਲਗਣ ਕਰਕੇ ਪਾਸਪੋਰਟ ਦੀ ਸੁਰੱਖਿਆ ਕਾਫੀ ਮਜ਼ਬੂਤ ਹੋਵੇਗੀ। ਚਿਪ ਵਿੱਚ ਪਾਸਪੋਰਟ ਧਾਰਕ ਦੀ ਸਾਰੀ ਜਾਣਕਾਰੀ ਮੌਜੂਦ ਹੋਵੇਗੀ, ਇਸ ਨਾਲ ਜਾਅਲੀ ਪਾਸਪੋਰਟ ਦੀ ਸੰਭਾਵਨਾ ਕਾਫੀ ਘੱਟ ਜਾਵੇਗੀ।
ਪਾਸਪੋਰਟ ਨੂੰ ਫਿੰਗਰਪ੍ਰਿੰਟਸ ਅਤੇ ਚਿਹਰੇ ਦੀ ਪਛਾਣ ਦੇ ਮੇਲ ਤੋਂ ਬਿਨਾਂ ਨਹੀਂ ਵਰਤਿਆ ਜਾ ਸਕੇਗਾ।
ਇਸ ਤੋਂ ਇਲਾਵਾ, ਕਿਉਂਕਿ ਇਹ ਪਾਸਪੋਰਟ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਬਣਾਇਆ ਗਿਆ ਹੈ, ਇਸ ਲਈ ਇਸਨੂੰ ਦੁਨੀਆ ਭਰ ਦੇ ਸਾਰੇ ਹਵਾਈ ਅੱਡਿਆਂ ‘ਤੇ ਆਰਾਮ ਨਾਲ ਵਰਤਿਆ ਜਾ ਸਕਦਾ ਹੈ।
ਮੌਜੂਦਾ ਵੇਲੇ ਵਿੱਚ, ਇਮੀਗ੍ਰੇਸ਼ਨ ਜਾਂਚ ਦੌਰਾਨ ਸਮਾਂ ਲੱਗਦਾ ਹੈ। ਪਰ ਈ-ਪਾਸਪੋਰਟ ਦੇ ਨਾਲ, ਇਹ ਤਸਦੀਕ ਤੇਜ਼ੀ ਨਾਲ ਹੋਵੇਗੀ। ਇਸ ਨਾਲ ਅੰਤਰਰਾਸ਼ਟਰੀ ਯਾਤਰਾ ਕਰਨ ਵੇਲੇ ਇਮੀਗ੍ਰੇਸ਼ਨ ਲਈ ਲੋੜੀਂਦਾ ਸਮਾਂ ਅਤੇ ਕਤਾਰਾਂ ਘੱਟ ਜਾਣਗੀਆਂ।
ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਦੇ ਨਾਲ, ਬਹੁਤ ਸਾਰੇ ਦੇਸ਼ ਹੁਣ ਤਸਦੀਕ ਲਈ ਬਾਇਓਮੈਟ੍ਰਿਕ ਪ੍ਰਣਾਲੀਆਂ ਅਪਣਾ ਰਹੇ ਹਨ। ਇਸ ਲਈ, ਈ-ਪਾਸਪੋਰਟ ਵਾਲੇ ਭਾਰਤੀ ਯਾਤਰੀਆਂ ਨੂੰ ਵੀ ਇਸਦਾ ਫਾਇਦਾ ਹੋਵੇਗਾ।
ਭਾਰਤ ਦੇ ਕਿਹੜੇ ਸ਼ਹਿਰਾਂ ਵਿੱਚ ਈ ਪਾਸਪੋਰਟ ਉਪਲੱਬਧ ਹਨ?

ਤਸਵੀਰ ਸਰੋਤ, Getty Images
ਹੁਣ, ਨਾਗਪੁਰ ਅਤੇ ਭੁਵਨੇਸ਼ਵਰ ਦੇ ਨਾਲ, ਜੰਮੂ, ਗੋਆ, ਸ਼ਿਮਲਾ, ਰਾਏਪੁਰ, ਅੰਮ੍ਰਿਤਸਰ, ਜੈਪੁਰ, ਚੇਨੱਈ, ਹੈਦਰਾਬਾਦ, ਸੂਰਤ ਅਤੇ ਰਾਂਚੀ ਦੇ ਪਾਸਪੋਰਟ ਦਫ਼ਤਰ ਵੀ ਈ-ਪਾਸਪੋਰਟ ਜਾਰੀ ਕਰ ਰਹੇ ਹਨ।
ਇਸ ਸਰਵਿਸ ਦਾ ਦੇਸ਼ ਭਰ ਵਿੱਚ ਪੜਾਅਵਾਰ ਵਿਸਥਾਰ ਕੀਤਾ ਜਾਵੇਗਾ।
ਕੀ ਪੁਰਾਣਾ ਪਾਸਪੋਰਟ ਕੰਮ ਦਾ ਨਹੀਂ ਰਹੇਗਾ?

ਤਸਵੀਰ ਸਰੋਤ, Getty Images
ਤੁਹਾਡੇ ਕੋਲ ਹੁਣ ਜੋ ਪਾਸਪੋਰਟ ਹੈ ਉਹ ਅਜੇ ਵੀ ਵੈਧ ਹੈ। ਇਸ ਨੂੰ ਤੁਰੰਤ ਬਦਲਣ ਦੀ ਕੋਈ ਲੋੜ ਨਹੀਂ ਹੈ।
ਹਰੇਕ ਪਾਸਪੋਰਟ ਦੀ ਇੱਕ ਵੈਧਤਾ ਮਿਆਦ ਪੁੱਗਣ ਦੀ ਤਾਰੀਖ ਹੁੰਦੀ ਹੈ, ਜੋ ਕਿ ਉਹ ਤਾਰੀਖ ਹੁੰਦੀ ਹੈ ਜਿਸ ਦਿਨ ਤੱਕ ਇਹ ਯੋਗ ਰਹਿੰਦਾ ਹੈ। ਇਸ ਤੋਂ ਬਾਅਦ, ਤੁਹਾਨੂੰ ਆਪਣਾ ਪਾਸਪੋਰਟ ਰੀਨਿਊ ਕਰਨਾ ਪੈਂਦਾ ਹੈ।
ਫਿਰ, ਜਦੋਂ ਤੁਸੀਂ ਆਪਣਾ ਪਾਸਪੋਰਟ ਰੀਨਿਊ ਕਰਨ ਜਾਂਦੇ ਹੋ, ਜੇਕਰ ਤੁਹਾਡੇ ਪਾਸਪੋਰਟ ਕੇਂਦਰ ਨੇ ਈ-ਪਾਸਪੋਰਟ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਤਾਂ ਤੁਸੀਂ ਈ-ਪਾਸਪੋਰਟ ਲੈ ਸਕਦੇ ਹੋ। ਤੁਹਾਨੂੰ ਇਸਦੇ ਲਈ ਕਿਸੇ ਵੱਖਰੀ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਵੇਗਾ।
ਹੋਰ ਕਿਹੜੇ ਦੇਸ਼ਾਂ ਵਿੱਚ ਈ-ਪਾਸਪੋਰਟ ਵਰਤੇ ਜਾ ਰਹੇ ਹਨ?
ਅਮਰੀਕਾ, ਕੈਨੇਡਾ, ਫਰਾਂਸ ,ਜਪਾਨ ਅਤੇ ਆਸਟ੍ਰੇਲੀਆ ਵਰਗੇ ਮੁਲਕ ਪਹਿਲਾਂ ਤੋਂ ਹੀ ਈ-ਪਾਸਪੋਰਟ ਦੀ ਵਰਤੋਂ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI