Home rss national punjabi2ਰਾਸ਼ਟਰੀ ਖ਼ਬਰਾਂ ‘ਉਨ੍ਹਾਂ ਨੇ ਸੋਨਾ ਗਿਰਵੀ ਰੱਖ ਕੇ ਪੈਸੇ ਦਿੱਤੇ’: ਅਮਰੀਕਾ ਲਈ ਗੈਰ-ਕਾਨੂੰਨੀ ਢੰਗ...

‘ਉਨ੍ਹਾਂ ਨੇ ਸੋਨਾ ਗਿਰਵੀ ਰੱਖ ਕੇ ਪੈਸੇ ਦਿੱਤੇ’: ਅਮਰੀਕਾ ਲਈ ਗੈਰ-ਕਾਨੂੰਨੀ ਢੰਗ ਨਾਲ ਗਏ ਉਨ੍ਹਾਂ ਭਾਰਤੀਆਂ ਦਾ ਕੀ ਹੋਇਆ ਜੋ ਇਥੋਪੀਆ ’ਚ ਅਗਵਾ ਕਰ ਲਏ ਗਏ

5
0

Source :- BBC PUNJABI

ਅਮਰੀਕਾ ਦਾ ਝੰਡਾ ਅਤੇ ਹੱਥ (ਸੰਕੇਤਕ ਤਸਵੀਰ)

(ਚੇਤਾਵਨੀ: ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ)

‘ਜੇ ਤੁਸੀਂ ਮੈਨੂੰ ਇੱਕ ਕਰੋੜ ਰੁਪਏ ਦਿਓਗੇ ਤਾਂ ਮੈਂ ਇਸ ਵਿਅਕਤੀ ਨੂੰ ਵਾਪਸ ਕਰ ਦਿਆਂਗਾ, ਨਹੀਂ ਤਾਂ ਮੈਂ ਇਸ ਦੇ ਸਾਰੇ ਅੰਗ ਕੱਟ ਕੇ ਵਾਪਸ ਭੇਜ ਦਿਆਂਗਾ।’

ਇਥੋਪੀਆ ਵਿੱਚ ਬੈਠੇ ਅਗਵਾਕਾਰ ਨੇ ਤਿੰਨ ਗੁਜਰਾਤੀ ਲੋਕਾਂ ਬਾਰੇ (ਜਿਨ੍ਹਾਂ ਨੂੰ ਅਗਵਾ ਕੀਤਾ ਸੀ), ਗੁਜਰਾਤ ਦੇ ਮਹਿਸਾਣਾ ਵਿੱਚ ਬੈਠੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਗੱਲਾਂ ਕਹੀਆਂ। ਅਗਵਾ ਕੀਤੇ ਗਏ ਇਨ੍ਹਾਂ ਲੋਕਾਂ ਵਿੱਚ ਇੱਕ ਨੌਜਵਾਨ ਪੁਰਸ਼ ਅਤੇ ਦੋ ਨੌਜਵਾਨ ਮਹਿਲਾਵਾਂ ਸ਼ਾਮਿਲ ਸਨ।

ਜਦੋਂ ਇਹ ਤਿੰਨੇ ਜਣੇ 1 ਅਕਤੂਬਰ ਨੂੰ ਮਹਿਸਾਣਾ ਦੇ ਵਡਸਮਾ ਪਿੰਡ ਪਰਤੇ ਤਾਂ ਉਨ੍ਹਾਂ ਦੇ ਪਰਿਵਾਰਾਂ ਨੇ ਤੋਹਫ਼ਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਰਿਤਵਿਕ, ਮਯੂਰੀ ਅਤੇ ਮਮਤਾ- ਇਹ ਤਿੰਨੇ ਚਚੇਰੇ ਭੈਣ-ਭਰਾ ਹਨ। ਇਹ ਤਿੰਨੇ ਏਜੰਟਾਂ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਲਈ ਨਿਕਲੇ ਸਨ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 22 ਸਤੰਬਰ ਨੂੰ ਮਮਤਾਬੇਨ ਨੇ ਆਪਣੇ ਪਿਤਾ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਕੈਨੇਡਾ ਪਹੁੰਚ ਗਏ ਹਨ।

ਫਿਰ, ਜਦੋਂ 29 ਸਤੰਬਰ ਤੱਕ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਤਾਂ ਉਨ੍ਹਾਂ ਦੇ ਪਿਤਾ ਕੀਰਿਤ ਚੌਹਾਨ ਨੇ ਮਹਿਸਾਣਾ ਦੇ ਲਾਂਘੰਜ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।

ਬਾਅਦ ਵਿੱਚ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਤਿੰਨਾਂ ਬੱਚਿਆਂ ਨੂੰ ਕਥਿਤ ਤੌਰ ‘ਤੇ ਇਥੋਪੀਆ ਵਿੱਚ ਅਗਵਾ ਕਰ ਲਿਆ ਗਿਆ ਸੀ ਅਤੇ ਅਗਵਾਕਾਰਾਂ ਨੇ ਉਨ੍ਹਾਂ ਦੀ ਰਿਹਾਈ ਲਈ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।

ਮਹਿਸਾਣਾ ਦੇ ਇਹ ਤਿੰਨ ਭੈਣ-ਭਰਾ ਇਥੋਪੀਆ ਕਿਵੇਂ ਪਹੁੰਚੇ?

ਮਹਿਸਾਣਾ ਦੇ ਵਡਸਮਾ ਪਿੰਡ ਵਿੱਚ ਸਥਿਤ ਰਿਤਵਿਕ ਦਾ ਘਰ

ਰਿਤਵਿਕ, ਮਯੂਰੀ ਅਤੇ ਮਮਤਾ ਇੱਕ ਹੀ ਪਰਿਵਾਰ ‘ਚ ਮਾਮਾ-ਭੂਆ ਦੇ ਬੱਚੇ ਹਨ। ਉਹ ਏਜੰਟਾਂ ਦੀ ਮਦਦ ਨਾਲ ਅਮਰੀਕਾ ਗਏ ਸਨ।

ਇਸ ਮਾਮਲੇ ਵਿੱਚ ਹੁਣ ਤੱਕ ਦੋ ਏਜੰਟਾਂ ਦੇ ਨਾਮ ਸਾਹਮਣੇ ਆਏ ਹਨ। ਇੱਕ ਹੈ ਅਲਪੇਸ਼ ਪੰਚਾਲ, ਜੋ ਮਹਿਸਾਣਾ ਦੇ ਡੋਂਗਰਵਾ ਪਿੰਡ ਦਾ ਏਜੰਟ ਹੈ ਅਤੇ ਦੂਜਾ ਹੈ ਭਾਰਗਵ ਪਟੇਲ, ਜੋ ਵਡੋਦਰਾ ਦਾ ਏਜੰਟ ਹੈ।

ਜਿਸ ਏਜੰਟ ਰਾਹੀਂ ਇਹ ਤਿੰਨੇ ਲੋਕ ਅਮਰੀਕਾ ਲਈ ਰਵਾਨਾ ਹੋਏ ਸਨ, ਉਸ ਨੇ ਪਹਿਲਾਂ ਮੀਡੀਆ ਨੂੰ ਦੱਸਿਆ ਸੀ, “ਇਨ੍ਹਾਂ ਲੋਕਾਂ ਨੂੰ ਰਾਜਸਥਾਨ ਦੇ ਜੈਪੁਰ ਤੋਂ ਇੱਕ ਫ਼ਲਾਈਟ ਵਿੱਚ ਬਿਠਾਇਆ ਗਿਆ ਸੀ। ਇੱਥੋਂ ਉਹ ਅਬੂ ਧਾਬੀ ਗਏ ਅਤੇ ਉੱਥੋਂ ਇਥੋਪੀਆ ਲਈ ਰਵਾਨਾ ਹੋਏ।”

ਪਰਿਵਾਰ ਦੇ ਇੱਕ ਮੈਂਬਰ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, “ਇਥੋਪੀਆ ਵਿੱਚ ਦੋ ਘੰਟਿਆਂ ਦਾ ਠਹਿਰਾਅ ਸੀ। ਉੱਥੋਂ ਉਨ੍ਹਾਂ ਨੇ ਫ਼ਲਾਈਟ ਬਦਲ ਕੇ ਕੈਨੇਡਾ ਜਾਣਾ ਸੀ। ਇਥੋਪੀਆ ਵਿੱਚ ਉਤਰਨ ਤੋਂ ਪਹਿਲਾਂ ਹੀ ਅਗਵਾਕਾਰ ਨੂੰ ਭਾਰਤ ਤੋਂ ਨਿਕਲੇ ਤਿੰਨਾਂ ਲੋਕਾਂ ਬਾਰੇ ਜਾਣਕਾਰੀ ਮਿਲ ਗਈ ਸੀ।”

“ਅਗਵਾਕਾਰਾਂ ਨੇ ਪਹੁੰਚਣ ‘ਤੇ ਤਿੰਨਾਂ ਨੌਜਵਾਨਾਂ ਨੂੰ ਨਾਮ ਲੈ ਕੇ ਬੁਲਾਇਆ, ਜਿਸ ਨਾਲ ਉਨ੍ਹਾਂ ਨੂੰ ਇਹ ਵਿਸ਼ਵਾਸ ਹੋ ਗਿਆ ਕਿ ਉਹ ਏਜੰਟ ਵੱਲੋਂ ਭੇਜੇ ਗਏ ਲੋਕ ਹਨ।”

ਉਨ੍ਹਾਂ ਨੇ ਕਿਹਾ, “ਉਨ੍ਹਾਂ ਨੂੰ ਇਹ ਕਹਿ ਕੇ ਲਿਜਾਇਆ ਗਿਆ ਕਿ ਉਹ ਇਥੋਪੀਆ ਵਿੱਚ ਇੱਕ ਰਾਤ ਰੁਕਣਗੇ। ਅਗਲੀ ਸਵੇਰ ਟਿਕਟ ਆ ਜਾਵੇਗੀ ਅਤੇ ਉਹ ਕੈਨੇਡਾ ਲਈ ਰਵਾਨਾ ਹੋ ਜਾਣਗੇ। ਇਹ ਕਹਿ ਕੇ ਉਹ ਤਿੰਨਾਂ ਲੋਕਾਂ ਨੂੰ ਇੱਕ ਕਾਰ ਵਿੱਚ ਬਿਠਾ ਕੇ ਇੱਕ ਘਰ ‘ਚ ਲੈ ਗਏ।”

ਪਰਿਵਾਰ ਨੂੰ ਅਗਵਾ ਹੋਣ ਦੀ ਘਟਨਾ ਬਾਰੇ ਕਿਵੇਂ ਪਤਾ ਲੱਗਾ?

ਕਿਰਿਤਭਾਈ ਚੌਹਾਨ

ਪਰਿਵਾਰ ਦੇ ਇੱਕ ਮੈਂਬਰ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਦਾਅਵਾ ਕੀਤਾ ਕਿ ਇਨ੍ਹਾਂ ਤਿੰਨਾਂ ਲੋਕਾਂ ਦੇ ਕਥਿਤ ਤੌਰ ‘ਤੇ ਅਗਵਾ ਹੋਣ ਤੋਂ ਕੁਝ ਦਿਨ ਪਹਿਲਾਂ ਕਾਡੀ ਦੇ ਇੱਕ ਨੌਜਵਾਨ ਨੂੰ ਵੀ ਅਗਵਾ ਕਰ ਲਿਆ ਗਿਆ ਸੀ।

ਉਨ੍ਹਾਂ ਮੁਤਾਬਕ, “ਉਨ੍ਹਾਂ ਨੇ 53 ਲੱਖ ਰੁਪਏ ਦਾ ਭੁਗਤਾਨ ਕਰਕੇ ਇਸ ਨੌਜਵਾਨ ਨੂੰ ਰਿਹਾਅ ਕਰਵਾਇਆ।”

ਉਸੇ ਨੌਜਵਾਨ ਨੇ ਦੱਸਿਆ ਕਿ ਉਸ ਦੇ ਗੁਆਂਢੀ ਪਿੰਡ ਤੋਂ ਵੀ ਤਿੰਨ ਲੋਕ ਉੱਥੇ ਆਏ ਸਨ। ਇਸ ਲਈ ਉਸ ਦੇ ਪਰਿਵਾਰ ਨੇ ਵਡਸਮਾ ਦੇ ਪਰਿਵਾਰ ਨਾਲ ਸੰਪਰਕ ਕੀਤਾ। ਅਤੇ ਤਿੰਨ ਦਿਨ ਬਾਅਦ ਪਰਿਵਾਰ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਬੱਚਿਆਂ ਨੂੰ ਅਗਵਾ ਕਰ ਲਿਆ ਗਿਆ ਹੈ।

”ਪਹਿਲਾਂ ਉਨ੍ਹਾਂ ਨੇ ਕੈਨੇਡਾ ਛੱਡਣ ਦੇ ਬਹਾਨੇ ਪੈਸੇ ਮੰਗੇ, 60 ਲੱਖ ਰੁਪਏ ਦਿੱਤੇ, ਫਿਰ 1 ਕਰੋੜ ਰੁਪਏ ਦੀ ਮੰਗ ਕੀਤੀ”

ਰਿਤਵਿਕ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਦਾਅਵਾ ਕੀਤਾ, “ਅਗਵਾਕਾਰ ਸਮੇਂ-ਸਮੇਂ ‘ਤੇ ਨਵੇਂ ਫ਼ੋਨ ਨੰਬਰਾਂ ਤੋਂ ਕਾਲ ਕਰਦਾ ਸੀ। ਉਹ ਸਿਰਫ਼ ਹਿੰਦੀ ਵਿੱਚ ਗੱਲ ਕਰਦਾ ਸੀ, ਇਸ ਲਈ ਸਾਨੂੰ ਲੱਗਾ ਕਿ ਉਹ ਭਾਰਤੀ ਹੋ ਸਕਦਾ ਹੈ।”

“ਉਸਨੇ ਕਿਹਾ ਕਿ ਜੇ ਤੁਸੀਂ ਉਸਨੂੰ ਇੱਕ ਕਰੋੜ ਰੁਪਏ ਦਿਓਗੇ ਤਾਂ ਅਸੀਂ ਤਿੰਨਾਂ ਨੂੰ ਵਾਪਸ ਕਰ ਦੇਵਾਂਗੇ, ਨਹੀਂ ਤਾਂ ਅਸੀਂ ਉਸਦੇ ਸਾਰੇ ਅੰਗ ਕੱਟ ਕੇ ਭੇਜਾਂਗੇ।”

ਅਗਵਾਕਰਤਾ ਨੇ ਵੀਡੀਓ ਕਾਲ ਰਾਹੀਂ ਉਸ ਨੌਜਵਾਨ ਦੀ ਉਸਦੇ ਪਰਿਵਾਰ ਨਾਲ ਗੱਲ ਕਰਵਾਈ ਸੀ। ਵੀਡੀਓ ਵਿੱਚ ਉਸਦੇ ਪਿੱਛੇ ਇੱਕ ਵਿਅਕਤੀ ਬੰਦੂਕ ਲੈ ਕੇ ਖੜ੍ਹਾ ਦਿਖਾਈ ਦੇ ਰਿਹਾ ਸੀ।

“ਰਿਤਵਿਕ ਅਤੇ ਦੋਵੇਂ ਭੈਣਾਂ ਨੂੰ ਧਮਕਾਇਆ ਗਿਆ ਅਤੇ ਉਨ੍ਹਾਂ ਤੋਂ ਕਹਾਇਆ ਗਿਆ ਗਿਆ ਕਿ ਅਸੀਂ ਕੈਨੇਡਾ ਪਹੁੰਚ ਚੁੱਕੇ ਹਾਂ। ਗੱਡੀ ਹੇਠਾਂ ਤਿਆਰ ਖੜ੍ਹੀ ਹੈ ਅਤੇ ਅਸੀਂ ਹੁਣ ਅਮਰੀਕਾ ਜਾ ਰਹੇ ਹਾਂ। ਉਸ ਲਈ ਪੈਸੇ ਭੇਜ ਦਿਓ।”

“ਅਸੀਂ ਕਿਹਾ ਕਿ ਅਸੀਂ ਫਿਲਹਾਲ 60 ਲੱਖ ਰੁਪਏ ਭੇਜ ਰਹੇ ਹਾਂ ਅਤੇ ਜੇ ਉਹ ਅੱਗੇ ਵਧਦੇ ਹਨ ਤਾਂ ਅਸੀਂ ਹੋਰ ਪੈਸੇ ਭੇਜਾਂਗੇ। ਦਰਅਸਲ, ਉਹ ਕੈਨੇਡਾ ਤੋਂ ਨਹੀਂ, ਸਗੋਂ ਇਥੋਪੀਆ ਤੋਂ ਗੱਲ ਕਰ ਰਹੇ ਸਨ। ਅਗਵਾਕਾਰ ਨੇ ਉਨ੍ਹਾਂ ਨੂੰ ਝੂਠ ਬੋਲਣ ਲਈ ਮਜਬੂਰ ਕੀਤਾ ਸੀ।”

ਵਡਸਮਾ ਪਿੰਡ ਦੀਆਂ ਮਹਿਲਾਵਾਂ

ਪਰਿਵਾਰ ਦਾ ਦਾਅਵਾ ਹੈ ਕਿ ਅਗਵਾਕਾਰ ਨੇ ਰਕਮ ਅਦਾ ਕਰਨ ਲਈ ਇੱਕ ਸਕੈਨਰ ਵੀ ਭੇਜਿਆ ਸੀ। ਪਰਿਵਾਰ ਦੇ ਮੈਂਬਰ ਉਸ ਨੂੰ ਲੈ ਕੇ ਮਹਿਸਾਣਾ ਗਏ ਅਤੇ ਉੱਥੋਂ ਪੈਸੇ ਟਰਾਂਸਫ਼ਰ ਕੀਤੇ। ਪਰਿਵਾਰ ਦਾ ਇਹ ਵੀ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਦੀ ਰਸੀਦ ਹੈ।

ਪਰਿਵਾਰ ਦੇ ਮੈਂਬਰ ਨੇ ਅੱਗੇ ਕਿਹਾ, “ਜਦੋਂ ਅਸੀਂ 60 ਲੱਖ ਰੁਪਏ ਭੇਜ ਦਿੱਤੇ ਤਾਂ ਉਨ੍ਹਾਂ ਦੀਆਂ ਮੰਗਾਂ ਵਧ ਗਈਆਂ। ਉਹ 1 ਕਰੋੜ ਰੁਪਏ ਤੋਂ ਘੱਟ ਕੁਝ ਵੀ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ।”

“ਪਹਿਲਾਂ ਤਾਂ ਉਸ ਨੇ ਅੱਗੇ ਵਧਣ ਦੇ ਨਾਮ ‘ਤੇ ਸਿਰਫ਼ ਪੈਸੇ ਮੰਗੇ। ਪਰ ਫਿਰ ਉਸ ਨੇ ਸਾਨੂੰ ਦੱਸਿਆ ਕਿ ਤੁਹਾਡੇ ਪੁੱਤਰ ਨੂੰ ਅਗਵਾ ਕਰ ਲਿਆ ਗਿਆ ਹੈ। ਜੇ ਤੁਸੀਂ ਉਸ ਨੂੰ ਛੁਡਾਉਣਾ ਚਾਹੁੰਦੇ ਹੋ ਤਾਂ ਇੱਕ ਕਰੋੜ ਰੁਪਏ ਭੇਜੋ।”

ਪਰਿਵਾਰ ਦਾ ਦਾਅਵਾ ਹੈ ਕਿ ਅਗਵਾਕਾਰ ਵਾਰ-ਵਾਰ ਪਰਿਵਾਰ ਨੂੰ ਦੱਸ ਰਿਹਾ ਸੀ ਕਿ ਉਸ ਨੂੰ ਪੈਸੇ ਨਹੀਂ ਮਿਲੇ ਹਨ। ਨਾਲ ਹੀ, ਅਗਵਾਕਾਰ ਅਤੇ ਦੂਜੇ ਏਜੰਟ ਵਿਚਕਾਰ ਵੀ ਨਿੱਜੀ ਗੱਲਬਾਤ ਹੋ ਰਹੀ ਸੀ, ਜਿਸ ਨੂੰ ਅਗਵਾ ਕੀਤੇ ਗਏ ਰਿਤਵਿਕ ਨੇ ਸੁਣ ਲਿਆ ਅਤੇ ਪਰਿਵਾਰ ਨੂੰ ਦੱਸ ਦਿੱਤਾ।

ਪਰਿਵਾਰ ਨੇ ਸੋਨਾ ਗਿਰਵੀ ਰੱਖ ਕੇ ਦਿੱਤੇ ਸਨ ਅਮਰੀਕਾ ਭੇਜਣ ਲਈ ਪੈਸੇ

ਪਰਿਵਾਰ ਦਾ ਦਾਅਵਾ ਹੈ ਕਿ ”ਏਜੰਟ ਨੇ ਪ੍ਰਤੀ ਵਿਅਕਤੀ 80 ਲੱਖ ਰੁਪਏ ਦੀ ਮੰਗ ਕੀਤੀ ਸੀ। ਇਸ ਤਰ੍ਹਾਂ ਕੁੱਲ ਰਕਮ 2 ਕਰੋੜ 40 ਲੱਖ ਰੁਪਏ ਤੱਕ ਪੈ ਰਹੀ ਸੀ। ਹਾਲਾਂਕਿ, ਕਿਉਂਕਿ ਤਿੰਨੇ ਲੋਕ ਇੱਕੋ ਪਰਿਵਾਰ ਤੋਂ ਸਨ, ਇਸ ਲਈ ਆਖ਼ਰਕਾਰ ਸੌਦਾ 70 ਲੱਖ ਰੁਪਏ ਪ੍ਰਤੀ ਵਿਅਕਤੀ, ਯਾਨੀ 2 ਕਰੋੜ 10 ਲੱਖ ਰੁਪਏ ਵਿੱਚ ਤੈਅ ਹੋਇਆ। ਜਿਸ ਵਿੱਚ ਉਨ੍ਹਾਂ ਨੂੰ ਅਮਰੀਕਾ ਭੇਜਣ ਦੀ ਗੱਲ ਵੀ ਹੋਈ ਸੀ।’

ਪਰਿਵਾਰ ਦੇ ਮੈਂਬਰ ਨੇ ਕਿਹਾ, “ਮੈਂ ਦੋਸਤਾਂ ਤੋਂ ਕੁਝ ਰੁਪਏ ਉਧਾਰ ਲਏ ਅਤੇ ਆਪਣੇ ਕੋਲ ਬਚੇ 20-25 ਤੋਲੇ ਸੋਨੇ ਨੂੰ ਗਿਰਵੀ ਰੱਖ ਕੇ ਪੈਸਿਆਂ ਦਾ ਇੰਤਜ਼ਾਮ ਕੀਤਾ। ਸੋਨਾ ਅਜੇ ਵੀ ਗਿਰਵੀ ਰੱਖਿਆ ਹੋਇਆ ਹੈ।”

“ਅਮਰੀਕਾ ਵਿੱਚ ਮੇਰੇ ਕਈ ਦੋਸਤ ਅਤੇ ਰਿਸ਼ਤੇਦਾਰ ਵੀ ਹਨ। ਉਨ੍ਹਾਂ ਸਾਰਿਆਂ ਨੇ ਸਾਨੂੰ ਦੱਸਿਆ ਕਿ ਮੁੰਡਿਆਂ ਦੇ ਉੱਥੇ ਪਹੁੰਚਣ ਤੋਂ ਬਾਅਦ ਉਹ ਪੈਸਿਆਂ ਦਾ ਇੰਤਜ਼ਾਮ ਕਰ ਦੇਣਗੇ। ਇਸ ਲਈ ਅਸੀਂ ਇਹ ਹਿੰਮਤੀ ਕਦਮ ਚੁੱਕਿਆ, ਤਾਂ ਜੋ ਚਿੰਤਾ ਕਰਨ ਦੀ ਕੋਈ ਲੋੜ ਨਾ ਹੋਵੇ।”

ਜਿਹੜੇ ਤਿੰਨ ਜਣੇ ਅਗਵਾ ਹੋਏ, ਉਹ ਗੁਜਰਾਤ ਵਿੱਚ ਕੀ ਕੰਮ ਕਰਦੇ ਸਨ?

ਮਹਿਸਾਣਾ ਦੇ ਵਡਸਮਾ ਵਿੱਚ ਰਹਿਣ ਵਾਲੇ ਰਿਤਵਿਕ 23 ਸਾਲ ਦੇ ਹਨ। ਉਹ ਦਸਵੀਂ ਜਮਾਤ ਵਿੱਚ ਫੇਲ੍ਹ ਹੋ ਗਏ ਸਨ ਅਤੇ ਉਨ੍ਹਾਂ ਨੇ ਵਾਇਰਮੈਨ ਦਾ ਕੋਰਸ ਕੀਤਾ ਸੀ। ਉਨ੍ਹਾਂ ਦੇ ਪਿਤਾ ਨੂੰ ਕੈਂਸਰ ਹੈ। ਰਿਤਵਿਕ ਦਾ ਇੱਕ ਭਰਾ ਵੀ ਹੈ।

ਪਰਿਵਾਰ ਦੇ ਇੱਕ ਮੈਂਬਰ ਨੇ ਕਿਹਾ, “ਉਸ ਨੂੰ ਭੇਜਣ ਦਾ ਫ਼ੈਸਲਾ ਪਿਤਾ ਦੇ ਇਲਾਜ ਦੇ ਖ਼ਰਚਿਆਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਇਹ ਤਸੱਲੀ ਦੇਣ ਲਈ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਇੱਕ ਪੁੱਤਰ ਅਮਰੀਕਾ ਵਿੱਚ ਹੈ।”

ਮਮਤਾ ਚਾਵੜਾ ਨੇ ਬੀਐੱਸਸੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬੀਐੱਡ ਵੀ ਕੀਤੀ ਹੈ।

ਉਨ੍ਹਾਂ ਨੇ ਕੁਝ ਸਮੇਂ ਤੱਕ ਅਧਿਆਪਕਾ ਵਜੋਂ ਵੀ ਕੰਮ ਕੀਤਾ। ਉਨ੍ਹਾਂ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ ਪਤੀ ਫਿਲਹਾਲ ਅਮਰੀਕਾ ਵਿੱਚ ਹਨ।

ਪੁਲਿਸ ਮੁਤਾਬਕ, ਮਮਤਾ ਚਾਵੜਾ ਛੇ ਮਹੀਨੇ ਪਹਿਲਾਂ ਵਿਦਿਆਰਥੀ ਵੀਜ਼ੇ ‘ਤੇ ਅਮਰੀਕਾ ਗਏ ਸਨ। ਪਰਿਵਾਰ ਨੇ ਮਮਤਾ ਚਾਵੜਾ ਨੂੰ ਕਾਨੂੰਨੀ ਤੌਰ ‘ਤੇ ਅਮਰੀਕਾ ਭੇਜਣ ਦੀ ਪੰਜ ਵਾਰ ਕੋਸ਼ਿਸ਼ ਕੀਤੀ, ਪਰ ਹਰ ਵਾਰ ਉਨ੍ਹਾਂ ਦਾ ਵੀਜ਼ਾ ਰੱਦ ਹੋ ਗਿਆ। ਇਸ ਲਈ ਪਰਿਵਾਰ ਨੇ ਫ਼ੈਸਲਾ ਕੀਤਾ ਕਿ ਭਾਵੇਂ ਗੈਰ-ਕਾਨੂੰਨੀ ਤਰੀਕੇ ਨਾਲ ਹੀ ਕਿਉਂ ਨਾ ਭੇਜਣਾ ਪਵੇ, ਉਨ੍ਹਾਂ ਨੂੰ ਅਮਰੀਕਾ ਭੇਜਣਗੇ।

ਮਯੂਰੀਬੇਨ ਗਾਂਧੀਨਗਰ ਵਿੱਚ ਰਹਿੰਦੇ ਹਨ।

ਲਾਂਘੰਜ ਪੁਲਿਸ ਥਾਣਾ

ਇੰਡੀਅਨ ਐਕਸਪ੍ਰੈੱਸ ਨੇ ਇਸ ਪੂਰੇ ਮਾਮਲੇ ‘ਤੇ ਰਿਪੋਰਟ ਕਰਦਿਆਂ ਕਿਹਾ, “ਵਿਦੇਸ਼ ਮੰਤਰਾਲੇ (ਐਮਈਏ) ਦੇ ਸੂਤਰਾਂ ਨੇ ਅਖ਼ਬਾਰ ਨੂੰ ਦੱਸਿਆ ਕਿ ਇਥੋਪੀਆ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਉੱਥੋਂ ਦੇ ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਰਿਹਾਅ ਕਰਵਾ ਲਿਆ ਹੈ।”

ਲਾਂਘੰਜ ਪੁਲਿਸ ਥਾਣੇ ਦੇ ਪੁਲਿਸ ਇੰਸਪੈਕਟਰ ਏਐੱਮ ਗਹਿਲੋਤ ਨੇ ਬੀਬੀਸੀ ਪੱਤਰਕਰ ਰੌਕਸੀ ਗਾਗਡੇਕਰ ਛਾਰਾ ਨੂੰ ਦੱਸਿਆ ਕਿ “ਮੁੱਖ ਏਜੰਟ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਵਿਚੋਲੇ ਵਜੋਂ ਕੰਮ ਕਰਦਾ ਹੈ।”

ਉਨ੍ਹਾਂ ਨੇ ਕਿਹਾ, “ਇਸ ਸਬੰਧ ਵਿੱਚ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮੁੱਖ ਏਜੰਟ ਖ਼ਿਲਾਫ਼ ਜਾਂਚ ਜਾਰੀ ਹੈ।”

ਉਨ੍ਹਾਂ ਅੱਗੇ ਕਿਹਾ, “ਪਰਿਵਾਰ ਨੇ ਅਗਵਾਕਾਰ ਨੂੰ ਕੋਈ ਪੈਸਾ ਨਹੀਂ ਦਿੱਤਾ। ਸਾਡੇ ਮੁਤਾਬਕ, ਪਰਿਵਾਰ ਨੇ ਅਗਵਾਕਾਰ ਨਾਲ ਗੱਲ ਕਰਕੇ ਉਸ ਨੂੰ ਸਮਝਾ ਦਿੱਤਾ ਸੀ ਕਿ ਉਨ੍ਹਾਂ ਕੋਲ ਦੇਣ ਲਈ ਕੋਈ ਪੈਸਾ ਨਹੀਂ ਹੈ। ਬਾਬਾ ਖਾਨ ਇਨ੍ਹਾਂ ਲੋਕਾਂ ਦਾ ਅਗਵਾਕਰਤਾ ਸੀ ਅਤੇ ਉਸਦੀ ਤਿੰਨਾਂ ਲੋਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਚੱਲ ਰਹੀ ਸੀ।”

ਡੰਕੀ ਦੇ ਨਵੇਂ ਰੂਟ ਬਾਰੇ ਹੋਰ ਏਜੰਟਾਂ ਨੇ ਕੀ ਕਿਹਾ?

ਨਾਮ ਨਾ ਦੱਸਣ ਦੀ ਸ਼ਰਤ ‘ਤੇ ਬੀਬੀਸੀ ਨਾਲ ਗੱਲ ਕਰਦਿਆਂ ਇੱਕ ਏਜੰਟ ਨੇ ਕਿਹਾ, “ਯੂਰਪ ਅਤੇ ਮੈਕਸੀਕੋ ਤੋਂ ਚੈਨਲ ਚਲਾਏ ਜਾ ਰਹੇ ਹਨ, ਪਰ ਸਾਡੇ ਲਈ ਇਹ ਨਵੀਂ ਗੱਲ ਸੀ ਕਿ ਅਜਿਹਾ ਚੈਨਲ ਇਥੋਪੀਆ ਤੋਂ ਵੀ ਚਲਾਇਆ ਜਾ ਰਿਹਾ ਹੈ।”

“ਇਸ ਦੇ ਨਾਲ ਹੀ, ਜਿਨ੍ਹਾਂ ਏਜੰਟਾਂ ਦੇ ਨਾਮ ਸਾਹਮਣੇ ਆਏ ਹਨ, ਉਹ ਸਾਡੇ ਕਿਸੇ ਵੀ ਗਰੁੱਪ ਨਾਲ ਸਬੰਧਤ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦਾ ਸਾਡੇ ਨਾਲ ਦੂਰ-ਦੂਰ ਤੱਕ ਕੋਈ ਸੰਪਰਕ ਹੈ।”

“ਹੋ ਸਕਦਾ ਹੈ ਕਿ ਪਹਿਲਾਂ ਤੋਂ ਬਣੀ ਪੂਰੀ ਯੋਜਨਾ ਉਨ੍ਹਾਂ ਨੂੰ ਦੁਬਈ ਤੋਂ ਇਥੋਪੀਆ ਲਿਜਾਣ ਅਤੇ ਫਿਰ ਉੱਥੇ ਜਾ ਕੇ ਅਗਵਾ ਦਾ ਫ਼ਰਜ਼ੀਵਾਡਾ ਕਰਨ ਦੀ ਹੋਵੇ।”

ਉਨ੍ਹਾਂ ਅੱਗੇ ਕਿਹਾ, “ਅਮਰੀਕਾ ਦੀ ਸਰਹੱਦ ‘ਤੇ ਮੌਜੂਦਾ ਸਖ਼ਤੀ ਨੂੰ ਦੇਖਦੇ ਹੋਏ, ਇਹ ਸਭ ਕਾਰਗਰ ਨਹੀਂ ਹੈ। ਇਹ ਸਾਰੀਆਂ ਸਰਹੱਦਾਂ ਇਸ ਵੇਲੇ ਬੰਦ ਹਨ। ਮੈਕਸੀਕੋ ਵਿੱਚ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਜਾਰੀ ਹਨ। ਇਸ ਲਈ ਕੋਈ ਉੱਥੋਂ ਵੀ ਅਜਿਹਾ ਨਹੀਂ ਕਰ ਰਿਹਾ ਹੈ।”

ਡੰਕੀ ਰੂਟ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਆਮ ਤੌਰ ‘ਤੇ ਲੋਕ ਭਾਰਤ ਤੋਂ ਦੁਬਈ, ਯੂਰਪ ਅਤੇ ਕੈਨੇਡਾ ਜਾਣ ਲਈ ਇਸ ਰਸਤੇ ਦੀ ਵਰਤੋਂ ਕਰਦੇ ਹਨ। ਜਾਂ ਲੋਕ ਦੁਬਈ ਤੋਂ ਯੂਰਪ ਜਾਂਦੇ ਹਨ ਅਤੇ ਫਿਰ ਮੈਕਸੀਕੋ ਰਾਹੀਂ ਜਾਂਦੇ ਹਨ।”

“ਪਹਿਲਾਂ ਲੋਕ ਦੁਬਈ ਸਥਿਤ ਰੂਟਾਂ ‘ਤੇ ਸਿਰਫ਼ ਚਾਰਟਰ ਉਡਾਣਾਂ ਰਾਹੀਂ ਹੀ ਯਾਤਰਾ ਕਰਦੇ ਸਨ। ਪਰ ਹੁਣ ਉਹ ਪ੍ਰਬੰਧ ਬੰਦ ਹੋ ਗਿਆ ਹੈ।”

ਲੋਕਾਂ ਨਾਲ ਧੋਖਾ ਕਿਵੇਂ ਕੀਤਾ ਜਾਂਦਾ ਹੈ?

24 ਸਤੰਬਰ, 2026 ਨੂੰ ਮੈਕਸੀਕੋ ਦੇ ਸਿਉਦਾਦ ਹਿਦਾਲਗੋ ਵਿੱਚ, ਹੋਂਡੁਰਾਸ ਦੇ ਪ੍ਰਵਾਸੀ ਅਮਰੀਕਾ ਵੱਲ ਆਪਣੀ ਯਾਤਰਾ ਦੌਰਾਨ ਦੱਖਣੀ ਮੈਕਸੀਕੋ ਦੇ ਇੱਕ ਹਾਈਵੇਅ 'ਤੇ ਪੈਦਲ ਤੁਰਦੇ ਹੋਏ (ਫਾਈਲ ਫੋਟੋ)

ਵਡੋਦਰਾ ਦੇ ਟਰੈਵਲ ਏਜੰਟ ਰਿਸ਼ਭ ਸ਼ਾਹ ਕਹਿੰਦੇ ਹਨ, “ਹੁਣ ਗੈਰ-ਕਾਨੂੰਨੀ ਤਰੀਕੇ ਨਾਲ ਯਾਤਰਾ ਕਰਨਾ ਸਿਰਫ਼ ਉੱਥੇ ਪਹੁੰਚਣ ਤੱਕ ਹੀ ਸੀਮਿਤ ਨਹੀਂ ਹੈ। ਕੁਝ ਲੋਕਾਂ ਨੂੰ ਗੈਰ-ਕਾਨੂੰਨੀ ਕੰਮ ਕਰਨ, ਪਾਬੰਦੀਸ਼ੁਦਾ ਵਸਤੂਆਂ ਦੀ ਤਸਕਰੀ ਕਰਨ ਦੇ ਇਰਾਦੇ ਨਾਲ ਵੀ ਇਸ ਰਸਤੇ ਰਾਹੀਂ ਲਿਜਾਇਆ ਜਾਂਦਾ ਹੈ।”

“ਉਹ ਜੰਗਲ ਦੇ ਰਸਤੇ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖ਼ਲ ਹੁੰਦੇ ਹਨ ਅਤੇ ਸਥਾਨਕ ਪੁਲਿਸ ਨਾਲ ਮਿਲ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਫਿਰ ਉਹ ਉਨ੍ਹਾਂ ਨੂੰ ਬਲੈਕਮੇਲ ਕਰਕੇ ਬਾਹਰ ਕੱਢਣ ਦੀ ਗੱਲ ਕਰਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਹੋਰ ਗੈਰ-ਕਾਨੂੰਨੀ ਰਸਤੇ ‘ਤੇ ਲੈ ਜਾਂਦੇ ਹਨ।”

“ਜਿਵੇਂ ਕਿ ਕੁਝ ਲੋਕਾਂ ਨੂੰ ਇੱਥੋਂ ਦੁਬਈ ਲੈ ਜਾਣਾ, ਉਨ੍ਹਾਂ ਨੂੰ ਉੱਥੇ ਰੱਖਣਾ, ਉਨ੍ਹਾਂ ਨੂੰ ਨੌਕਰੀ ਲਈ ਭਰਤੀ ਕਰਵਾਉਣਾ, ਫ਼ਰਜ਼ੀ ਖਾਤੇ ਬਣਾਉਣਾ ਅਤੇ ਕਰਜ਼ੇ ਲਈ ਅਰਜ਼ੀ ਦਿਵਾਉਣਾ।”

“ਇੱਥੋਂ ਜਾਣ ਵਾਲੇ ਲੋਕਾਂ ਨੂੰ ਇੱਕ ਨਿਸ਼ਚਿਤ ਰਕਮ ਦਾ ਭੁਗਤਾਨ ਕਰਨ ਤੋਂ ਬਾਅਦ ਉੱਥੇ ਭੇਜ ਦਿੱਤਾ ਜਾਂਦਾ ਹੈ। ਕੁਝ ਲੋਕਾਂ ਨੂੰ ਦੂਜੇ ਦੇਸ਼ਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਅਤੇ ਉੱਥੋਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਕੇ ਵਾਪਸ ਭਾਰਤ ਭੇਜ ਦਿੱਤਾ ਜਾਂਦਾ ਹੈ।”

“ਇਸ ਤਰ੍ਹਾਂ ਫਸੇ ਲੋਕਾਂ ਲਈ ਸਭ ਤੋਂ ਵਧੀਆ ਇਹੀ ਹੈ ਕਿ ਉਹ ਜਲਦ ਤੋਂ ਜਲਦ ਇਸ ਵਿੱਚੋਂ ਬਾਹਰ ਨਿਕਲ ਜਾਣ, ਨਹੀਂ ਤਾਂ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪਰੇਸ਼ਾਨ ਕੀਤਾ ਜਾਂਦਾ ਹੈ। ਸਮੇਂ ਦੇ ਨਾਲ ਲੋਕ ਵੱਖ-ਵੱਖ ਤਰੀਕਿਆਂ ਨਾਲ ਇਸ ਜਾਲ ਵਿੱਚ ਫਸ ਜਾਂਦੇ ਹਨ।”

ਉਨ੍ਹਾਂ ਅੱਗੇ ਕਿਹਾ ਕਿ ਇਸਦੇ ਲਈ ਕੋਈ ਵਿਸ਼ੇਸ਼ ਵਿਵਸਥਾ ਵਿਕਸਿਤ ਨਹੀਂ ਕੀਤੀ ਗਈ ਹੈ। ਇੱਥੋਂ ਤੱਕ ਕਿ ਸਥਾਨਕ ਏਜੰਟਾਂ ਨੂੰ ਵੀ ਅੱਗੇ ਦੀ ਅਸਲ ਸਥਿਤੀ ਦਾ ਅੰਦਾਜ਼ਾ ਨਹੀਂ ਹੁੰਦਾ। ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉੱਥੇ ਭੇਜੇ ਜਾਣ ਤੋਂ ਬਾਅਦ ਲੋਕਾਂ ਨੂੰ ਇੰਨੀ ਪਰੇਸ਼ਾਨੀ ਝੱਲਣੀ ਪਵੇਗੀ।

ਰਿਸ਼ਭ ਕਹਿੰਦੇ ਹਨ, “ਉਹ ਲੋਕ ਦੂਜਿਆਂ ਦੇ ਏਜੰਟਾਂ ਦੇ ਭਰੋਸੇ ਦਾ ਇਸਤੇਮਾਲ ਕਰਕੇ ਉਮੀਦਵਾਰਾਂ ਨੂੰ ਤਿਆਰ ਕਰਦੇ ਹਨ। ਅਤੇ ਲੋਕ ਇਸ ਤਰ੍ਹਾਂ ਫਸ ਜਾਂਦੇ ਹਨ। ਅੱਜਕੱਲ੍ਹ ਅਜਿਹੇ ਕਈ ਤਰੀਕੇ ਚੱਲ ਰਹੇ ਹਨ।”

ਉਨ੍ਹਾਂ ਅੱਗੇ ਕਿਹਾ, “ਬਾਜ਼ਾਰ ਵਿੱਚ ਧੋਖੇਬਾਜ਼ ਤਿਆਰ ਬੈਠੇ ਹਨ। ਵਿਦੇਸ਼ ਜਾਣ ਦੀ ਇੱਛਾ ਗਲਤ ਨਹੀਂ ਹੈ, ਪਰ ਪਹਿਲਾਂ ਇਹ ਜਾਂਚਣਾ ਜ਼ਰੂਰੀ ਹੈ ਕਿ ਕੀ ਤੁਸੀਂ ਅਮਰੀਕਾ, ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚ ਜਾਣ ਦੇ ਯੋਗ ਹੋ ਜਾਂ ਨਹੀਂ।”

ਜੋ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਂਦੇ ਹਨ, ਉਨ੍ਹਾਂ ਨੂੰ ਫੜ ਕੇ ਦੇਸ਼ ਤੋਂ ਕੱਢ ਦਿੱਤਾ ਜਾਂਦਾ ਹੈ

ਵਿਦੇਸ਼ ਮਾਮਲਿਆਂ ਦੇ ਮੰਤਰੀ ਐੱਸ. ਜੈਸ਼ੰਕਰ ਨੇ 4 ਦਸੰਬਰ, 2025 ਨੂੰ ਰਾਜ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ “2009 ਤੋਂ 28 ਨਵੰਬਰ, 2025 ਤੱਕ ਅਮਰੀਕਾ ਤੋਂ ਕੁੱਲ 18,822 ਨਾਗਰਿਕਾਂ ਨੂੰ ਭਾਰਤ ਵਾਪਸ ਭੇਜਿਆ ਗਿਆ।”

ਦਿੱਤੇ ਗਏ ਅੰਕੜਿਆਂ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਨਵੰਬਰ 2025 ਤੱਕ ਸਭ ਤੋਂ ਵੱਧ 3258 ਨਾਗਰਿਕਾਂ ਨੂੰ ਦੇਸ਼ (ਅਮਰੀਕਾ) ਤੋਂ ਕੱਢਿਆ ਗਿਆ ਸੀ।

ਲੋਕ ਸਭਾ ਵਿੱਚ ਦੇਸ਼ ਨਿਕਾਲੇ ਨਾਲ ਸਬੰਧਤ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ 21 ਮਾਰਚ 2025 ਨੂੰ ਕਿਹਾ, “2009 ਤੋਂ 2024 ਤੱਕ, ਅਮਰੀਕਾ ਨੇ 15,564 ਭਾਰਤੀ ਨਾਗਰਿਕਾਂ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ। ਜਨਵਰੀ 2025 ਤੋਂ 21 ਮਾਰਚ 2025 ਤੱਕ ਇਹ ਗਿਣਤੀ 388 ਹੈ।”

ਉਨ੍ਹਾਂ ਨੇ ਲੋਕ ਸਭਾ ਵਿੱਚ ਆਪਣੇ ਜਵਾਬ ਵਿੱਚ ਅੱਗੇ ਕਿਹਾ ਕਿ “ਭਾਰਤੀ ਨਾਗਰਿਕ ਜੋ ਕਿਸੇ ਦੇਸ਼ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋ ਚੁੱਕੇ ਹਨ, ਜਾਂ ਜਿਨ੍ਹਾਂ ਦਾ ਵੀਜ਼ਾ ਖ਼ਤਮ ਹੋ ਚੁੱਕਾ ਹੈ ਅਤੇ ਉਹ ਉਸ ਦੇਸ਼ ਵਿੱਚ ਬਿਨਾਂ ਕਿਸੇ ਵੈਧ ਦਸਤਾਵੇਜ਼ ਦੇ ਰਹਿ ਰਹੇ ਹਨ, ਜਾਂ ਜੇ ਕਿਸੇ ਅਪਰਾਧ ਦੇ ਦੋਸ਼ੀ ਪਾਏ ਗਏ ਹਨ, ਉਨ੍ਹਾਂ ਨੂੰ ਦੇਸ਼ ਵਿੱਚੋਂ ਕੱਢਿਆ ਜਾ ਸਕਦਾ ਹੈ।

“ਦੇਸ਼ ਨਿਕਾਲੇ ਤੋਂ ਬਾਅਦ ਵਾਪਸ ਪਰਤੇ ਲੋਕਾਂ ਦੇ ਬਿਆਨਾਂ ਦੇ ਆਧਾਰ ‘ਤੇ ਕੇਂਦਰ ਅਤੇ ਸੂਬਾ ਸਰਕਾਰਾਂ ਉਨ੍ਹਾਂ ਏਜੰਟਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਰਹੀਆਂ ਹਨ, ਜੋ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਦੂਜੇ ਦੇਸ਼ਾਂ ਵਿੱਚ ਭੇਜਦੇ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI