Source :- BBC PUNJABI
ਤਸਵੀਰ ਸਰੋਤ, Mayank Mongia/BBC
“ਮੈਂ ਕਿਸਾਨਾਂ ਦੇ ਧਰਨੇ ‘ਚ ਜਾਣ ਵੇਲੇ ਇਹ ਸੋਚ ਕੇ ਨਹੀਂ ਗਿਆ ਸੀ ਕਿ ਅੱਗਿਓਂ ਮੇਰੇ ‘ਤੇ ਇਸ ਤਰ੍ਹਾਂ ਹਮਲਾ ਹੋਵੇਗਾ ਕਿ ਮੇਰੀ ਇੱਕ ਅੱਖ ਹੀ ਖਰਾਬ ਹੋ ਜਾਵੇਗੀ।”
ਇਹ ਸ਼ਬਦ 24 ਸਾਲਾ ਦਵਿੰਦਰ ਸਿੰਘ ਦੇ ਹਨ। ਉਹ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰ ਦੇ ਰਹਿਣ ਵਾਲੇ ਹਨ।
ਦੋ ਸਾਲ ਪਹਿਲਾਂ 13 ਫਰਵਰੀ 2024 ਨੂੰ ਦਵਿੰਦਰ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਐੱਮਐੱਸਪੀ ਦੀ ਮੰਗ ਨੂੰ ਲੈਕੇ ‘ਦਿੱਲੀ ਚਲੋ’ ਦੇ ਸੱਦੇ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਹਿੱਸਾ ਬਣੇ ਸਨ।
ਪਰ ਹਰਿਆਣਾ ਪੁਲਿਸ ਅਤੇ ਨੀਮ ਫੌਜੀ ਬਲਾਂ ਵੱਲੋਂ ਕਿਸਾਨਾਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਗਿਆ। ਇਸ ਦੌਰਾਨ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ।
ਦਵਿੰਦਰ ਦਾਅਵਾ ਕਰਦੇ ਹਨ ਕਿ ਉਸ ਦਿਨ ਉਹ ਵੀ ਪੁਲਿਸ ਕਾਰਵਾਈ ਦਾ ਸ਼ਿਕਾਰ ਹੋਏ, ਜਿਸ ਦੌਰਾਨ ਉਨ੍ਹਾਂ ਦੀ ਇੱਕ ਅੱਖ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਨ੍ਹਾਂ ਨੂੰ ਅੱਖ ਤੋਂ ਦਿਖਣਾ ਬੰਦ ਹੋ ਗਿਆ।
ਤਸਵੀਰ ਸਰੋਤ, Mayank Mongia/BBC
ਦਵਿੰਦਰ ਮੁਤਾਬਕ ਹੁਣ ਉਨ੍ਹਾਂ ਦੀ ਸਿਰਫ ਇੱਕ ਅੱਖ ਕੰਮ ਕਰਦੀ ਹੈ।
ਬੀਬੀਸੀ ਨਾਲ ਗੱਲ ਕਰਦੇ ਸਮੇਂ ਦਵਿੰਦਰ ਨੇ ਆਪਣੀਆਂ ਅੱਖਾਂ ਉੱਤੇ ਕਾਲੇ ਰੰਗ ਦੀ ਐਨਕ ਲਗਾਈ ਹੋਈ ਸੀ।
ਉਹ ਕਹਿੰਦੇ ਹਨ,”ਇਹ ਐਨਕ ਪਿਛਲੇ ਦੋ ਸਾਲਾਂ ਤੋਂ ਮੇਰੇ ਸਭ ਤੋਂ ਨੇੜੇ ਹੈ, ਐਨਕ ਤੋਂ ਬਿਨ੍ਹਾਂ ਮੈਂ ਆਪਣੀ ਮਾਂ ਦੇ ਸਾਹਮਣੇ ਨਹੀਂ ਜਾ ਸਕਦਾ, ਜੇ ਉਹ ਦੇਖ ਲਵੇ ਤਾਂ ਰੋਣੋਂ ਨਹੀਂ ਹਟਦੀ।”
ਸ਼ੰਭੂ ਬਾਰਡਰ ‘ਤੇ ਦਵਿੰਦਰ ਨਾਲ ਕੀ ਹੋਇਆ?
ਤਸਵੀਰ ਸਰੋਤ, Mayank Mongia/BBC
ਦਵਿੰਦਰ ਸਿੰਘ ਦਾ ਪਿੰਡ ਸ਼ੰਭੂ ਬਾਰਡਰ ਤੋਂ ਕੁਝ ਕੁ ਕਿਲੋਮੀਟਰ ਦੀ ਦੂਰੀ ‘ਤੇ ਹੀ ਸਥਿਤ ਹੈ।
ਦਵਿੰਦਰ ਕਹਿੰਦੇ ਹਨ, “ਮੈਂ ਉਸ ਦਿਨ ਆਪਣੇ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਹੀ ਸ਼ੰਭੂ ਬਾਰਡਰ ‘ਤੇ ਗਿਆ ਸੀ। ਜਦੋਂ ਸ਼ੰਭੂ ਜਾ ਕੇ ਦੇਖਿਆ ਤਾਂ ਇਕੱਠ ਬਹੁਤ ਸੀ। ਲਗਭਗ 1 ਵਜੇ ਉੱਥੇ ਬਹੁਤ ਬੁਰੇ ਹਾਲਾਤ ਹੋ ਗਏ ਸਨ। ਕੁਝ ਕਿਸਾਨ ਬੈਰੀਕੇਡ ਤੋੜਨ ਵੱਲ ਲੱਗੇ ਹੋਏ ਸਨ, ਕੁਝ ਖੜ੍ਹੇ ਦੇਖ ਰਹੇ ਸਨ।”
“ਅਸੀਂ ਉਨ੍ਹਾਂ ਵਿੱਚੋਂ ਸੀ, ਜੋ ਖੜ੍ਹ ਕੇ ਦੇਖ ਰਹੇ ਸੀ। ਕਿਸਾਨਾਂ ‘ਤੇ ਡਰੋਨ ਨਾਲ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਸੀ, ਬਾਰਡਰ ‘ਤੇ ਪੂਰਾ ਡਰ ਦਾ ਮਾਹੌਲ ਸੀ।”
ਉਹਨਾਂ ਕਿਹਾ, “ਸ਼ਾਮ 4 ਕੁ ਵਜੇ ਜਦੋਂ ਸਾਨੂੰ ਇਹ ਲੱਗਣ ਲੱਗਿਆ ਕਿ ਹੁਣ ਕਿਸਾਨਾਂ ਨੇ ਦਿੱਲੀ ਵੱਲ ਨਹੀਂ ਜਾਣਾ ਤਾਂ ਮੈਂ ਆਪਣੇ ਦੋਸਤਾਂ ਨਾਲ ਵਾਪਸ ਘਰ ਵੱਲ ਨੂੰ ਪਰਤਣ ਲੱਗ ਪਿਆ। ਮੈਂ ਖੇਤਾਂ ਵਿੱਚ ਖੜ੍ਹਾ ਸੀ, ਏਨੇ ਵਿੱਚ ਕੁਝ ਗੋਲੀ ਵਰਗਾ ਮੇਰੀ ਅੱਖ ‘ਤੇ ਆ ਕੇ ਵੱਜਿਆ ਤੇ ਫੱਟ ਗਿਆ।”

ਦਵਿੰਦਰ ਸਿੰਘ ਦੱਸਦੇ ਹਨ, “ਮੈਂ ਥੱਲੇ ਡਿੱਗ ਗਿਆ, ਇੱਕੋ ਵੇਲੇ ਕਿੰਨੇ ਹੀ ਅੱਥਰੂ ਗੈਸ ਦੇ ਗੋਲੇ ਮੇਰੇ ਕੋਲ ਆਕੇ ਡਿੱਗੇ। ਮੇਰੇ ਦੋਸਤਾਂ ਨੇ ਮੈਨੂੰ ਚੁੱਕਿਆ ਤੇ ਗੱਡੀ ਵੱਲ ਨੂੰ ਭੱਜੇ। ਮੈਂ ਖੂਨ ਨਾਲ ਲੱਥਪੱਥ ਸੀ। ਬੱਸ ਉਹ ਆਖਰੀ ਵਾਰ ਸੀ ਜਦੋਂ ਮੈਂ ਆਪਣੀਆਂ ਦੋਵੇਂ ਅੱਖਾਂ ਨਾਲ ਉਸ ਗੱਡੀ ਨੂੰ ਦੇਖ ਸਕਿਆ ਸੀ, ਜਿਸ ‘ਚ ਮੈਨੂੰ ਹਸਪਤਾਲ ਲਿਜਾਇਆ ਗਿਆ।”
ਦਵਿੰਦਰ ਆਪਣੀ ਉਸ ਵੇਲੇ ਦੀ ਇੱਕ ਫੋਟੋ ਦਿਖਾਉਂਦੇ ਹੋਏ ਕਹਿੰਦੇ ਹਨ, “ਇੱਕ ਅੱਖ ਤਾਂ ਪੂਰੀ ਤਰ੍ਹਾਂ ਨੁਕਸਾਨੀ ਗਈ ਸੀ, ਦੂਜੀ ਵੀ ਪੂਰੀ ਤਰ੍ਹਾਂ ਸੁੱਜ ਗਈ ਸੀ ਤੇ ਨੱਕ ਦੀ ਹੱਡੀ ਵੀ ਟੇਢੀ ਹੋ ਗਈ ਸੀ।”
ਉਹ ਆਪਣੇ ਨੱਕ ‘ਤੇ ਹੱਥ ਫੇਰਦੇ ਹੋਏ ਕਹਿੰਦੇ ਹਨ, “ਇਹ ਦੇਖ ਲਵੋ, ਹੁਣ ਵੀ ਹੱਡੀ ਟੇਢੀ ਹੀ ਹੈ। ਹੁਣ ਮੈਨੂੰ ਕੋਈ ਖੁਸ਼ਬੂ, ਕੋਈ ਮਹਿਕ ਨਹੀਂ ਆਉਂਦੀ।”
ਆਪਣੀ ਅੱਖ ਦੀ ਹਾਲਤ ਬਾਰੇ ਦੱਸਦੇ ਹੋਏ ਉਹ ਕਹਿੰਦੇ ਹਨ, “ਮੇਰਾ ਇਲਾਜ ਚੰਡੀਗੜ੍ਹ 32 ਸੈਕਟਰ ਤੋਂ ਚੱਲਿਆ, ਡਾਕਟਰਾਂ ਨੇ ਮੇਰੀ ਅੱਖ ਨੂੰ ਡੈੱਡ ਘੋਸ਼ਿਤ ਕਰ ਦਿੱਤਾ ਹੈ। ਹੁਣ ਇਸਦਾ ਇਲਾਜ ਨਹੀਂ ਹੋ ਸਕਦਾ।”
‘ਧੁੱਪ ‘ਚ ਦਿੱਕਤ, ਪੜ੍ਹਨ ‘ਚ ਦਿੱਕਤ’
ਤਸਵੀਰ ਸਰੋਤ, Mayank Mongia/BBC
ਦਵਿੰਦਰ ਦੱਸਦੇ ਹਨ ਕਿ ਨੁਕਸਾਨੀ ਗਈ ਅੱਖ ਕਾਰਨ ਉਹਨਾਂ ਨੂੰ ਅੱਜ ਵੀ ਬਹੁਤ ਦਰਦ ਅਤੇ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਤਿੱਖੀ ਧੁੱਪ ਵਿੱਚ ਕੰਮ ਨਹੀਂ ਕਰ ਸਕਦੇ, ਕਿਸੇ ਵੀ ਚੀਜ਼ ‘ਤੇ ਧਿਆਨ ਲਗਾਉਂਦੇ ਸਮੇਂ ਉਨ੍ਹਾਂ ਦੀ ਅੱਖ ‘ਤੇ ਦਬਾਅ ਪੈਂਦਾ ਹੈ।
ਉਹ ਕਹਿੰਦੇ ਹਨ, “ਜਿੰਨਾ ਪੈਸਾ ਸਾਡੇ ਕੋਲ ਸੀ, ਉਹ ਇਲਾਜ ‘ਤੇ ਲੱਗ ਗਿਆ। ਹੁਣ ਜੇ ਹੋਰ ਜ਼ਿਆਦਾ ਚੰਗਾ ਇਲਾਜ ਕਰਵਾਉਣਾ ਹੈ ਤਾਂ ਹੋਰ ਪੈਸੇ ਚਾਹੀਦਾ ਹੈ, ਜੋ ਹਾਲੇ ਸਾਡੇ ਕੋਲ ਨਹੀਂ ਹਨ।”
ਦਵਿੰਦਰ ਇਸ ਹਾਦਸੇ ਕਾਰਨ ਆਪਣੀ ਪੜ੍ਹਾਈ ਵੀ ਪੂਰੀ ਨਹੀਂ ਕਰ ਸਕੇ। ਲੰਬਾ ਸਮਾਂ ਮੰਜੇ ‘ਤੇ ਪਏ ਰਹਿਣ ਕਾਰਨ ਉਹ ਪੜ੍ਹਨ ਨਹੀਂ ਜਾ ਸਕੇ ਤੇ ਹੁਣ ਇੱਕ ਅੱਖ ਕਾਰਨ ਉਨ੍ਹਾਂ ਨੂੰ ਪੜ੍ਹਨ ‘ਚ ਵੀ ਦਿੱਕਤ ਆਉਂਦੀ ਹੈ।
ਦਵਿੰਦਰ ਦੇ ਮਾਤਾ ਘਟਨਾ ਨੂੰ ਯਾਦ ਨਹੀਂ ਕਰਨਾ ਚਾਹੁੰਦੇ

ਦਵਿੰਦਰ ਦੇ ਮਾਤਾ ਗੁਰਜੀਤ ਕੌਰ ਆਪਣੇ ਪੁੱਤ ਦੀ ਅੱਖ ਦੀ ਸਲਾਮਤੀ ਲਈ ਅੱਜ ਵੀ ਅਰਦਾਸ ਕਰਦੇ ਹਨ। ਉਹ 13 ਫਰਵਰੀ ਦੀ ਘਟਨਾ ਨੂੰ ਯਾਦ ਕਰ ਬੇਹੱਦ ਭਾਵੁਕ ਹੁੰਦੇ ਹਨ।
ਉਹ ਕਹਿੰਦੇ ਹਨ, “ਮੈਂ ਜਦੋਂ ਇਸਨੂੰ ਦੇਖਣ ਹਸਪਤਾਲ ਗਈ ਤਾਂ ਮੈਂ ਇਸਨੂੰ ਇਹੀ ਪੁੱਛਿਆ ਸੀ ਕਿ ਅੱਖ ਠੀਕ ਹੈ ਤਾਂ ਇਸਨੇ ਮੈਨੂੰ ਝੂਠ ਬੋਲ ਦਿੱਤਾ। ਕੁੱਝ ਦਿਨਾਂ ਮਗਰੋਂ ਜਦੋਂ ਪਤਾ ਲੱਗਿਆ, ਤਾਂ ਮੇਰੀ ਦੁਨੀਆ ਹੀ ਖਤਮ ਹੋ ਗਈ।”
“ਨਹੀਂ ਦੇਖਿਆ ਜਾਂਦਾ ਆਪਣੇ ਪੁੱਤ ਨੂੰ ਇਸ ਤਰ੍ਹਾਂ। ਰੋਜ਼ ਅਰਦਾਸ ਕਰਦੀ ਹਾਂ ਕਿ ਮੇਰੇ ਪੁੱਤ ਦੀ ਅੱਖ ਠੀਕ ਹੋ ਜਾਵੇ, ਹੋਰ ਮੈਨੂੰ ਕੁਝ ਨਹੀਂ ਚਾਹੀਦਾ।”
ਦਵਿੰਦਰ ਕਹਿੰਦੇ ਹਨ, ‘ਜਦੋਂ ਮੈਂ ਪੱਗ ਬੰਨ੍ਹਦਾ ਹਾਂ ਤਾਂ ਮਾਤਾ ਮੈਨੂੰ ਸਾਹਮਣਿਓਂ ਦੇਖ ਨਹੀਂ ਸਕਦੀ ਜੇ ਦੇਖ ਲਵੇ ਤਾਂ ਰੋ ਪੈਂਦੀ ਹੈ। ਬਸ ਇੱਕ ਇਹ ਪਲ਼ ਹੁੰਦਾ ਜਦੋਂ ਮੈਂ ਐਨਕ ਉਤਾਰਦਾ ਹਾਂ, ਮਾਤਾ ਮੈਨੂੰ ਦੇਖੇ ਨਾ ਇਸੇ ਕਰਕੇ ਐਨਕ ਲਗਾ ਕੇ ਰੱਖਦਾ ਹਾਂ।”
ਜੰਤਰ-ਮੰਤਰ ਦੀ ਘਟਨਾ ਨੇ ਮੁੜ ਹਰੇ ਕੀਤੇ ਜ਼ਖਮ
ਤਸਵੀਰ ਸਰੋਤ, Mayank Mongia/BBC
ਆਪਣੇ ਨਾਲ ਹੋਈ ਉਸ ਘਟਨਾ ਬਾਰੇ ਦੱਸਦੇ ਹੋਏ ਦਵਿੰਦਰ ਉਨ੍ਹਾਂ ਨੌਜਵਾਨਾਂ ਲਈ ਫ਼ਿਕਰਮੰਦ ਹੋ ਗਏ, ਜੋ 20 ਜੁਲਾਈ 2026 ਨੂੰ ਸੰਸਦ ਮਾਰਚ ਦੌਰਾਨ ਦਿੱਲੀ ਦੇ ਜੰਤਰ-ਮੰਤਰ ‘ਤੇ ਪੁਲਿਸ ਕਾਰਵਾਈ ਦਾ ਸ਼ਿਕਾਰ ਹੋਏ।
ਉਹ ਕਹਿੰਦੇ ਹਨ, “ਮੈਂ ਉਹ ਸਾਰੇ ਵੀਡੀਓ ਦੇਖੇ ਹਨ, ਜਿਨ੍ਹਾਂ ਵਿੱਚ ਨੌਜਵਾਨਾਂ ਦੇ ਡੂੰਘੇ ਜ਼ਖਮ ਸਨ। ਸੋਚ ਕੇ ਦੁੱਖ ਲੱਗਦਾ ਕਿ ਦੋ ਸਾਲ ਪਹਿਲਾਂ ਸਾਡੇ ਨਾਲ ਹੋਈਆਂ ਘਟਨਾਵਾਂ ਤੋਂ ਬਾਅਦ ਵੀ ਪੁਲਿਸ ਕਾਰਵਾਈਆਂ ਉਸੇ ਤਰ੍ਹਾਂ ਹੋ ਰਹੀਆਂ ਹਨ।”
ਦਵਿੰਦਰ ਸਿੰਘ ਕਹਿੰਦੇ ਹਨ, “ਆਪਣੇ ਦੇਸ਼ ਦੇ ਨੌਜਵਾਨਾਂ ‘ਤੇ ਹਮਲਾ ਕਰਨ ਵੇਲੇ ਵੀ ਅਜਿਹੇ ਹਥਿਆਰ ਵਰਤੇ ਜਾ ਰਹੇ ਹਨ। ਇਹ ਹਥਿਆਰ ਪੱਕੇ ਤੌਰ ‘ਤੇ ਬੈਨ ਕਿਉਂ ਨਹੀਂ ਕਰ ਦਿੱਤੇ ਜਾਂਦੇ।”
“ਮੇਰੀ ਤਾਂ ਸਰਕਾਰ ਨੂੰ ਇਹੀ ਅਪੀਲ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਬੰਦ ਕੀਤੀ ਜਾਵੇ, ਤਾਂ ਜੋ ਸਾਡੇ ਵਾਂਗ ਕੋਈ ਹੋਰ ਨੌਜਵਾਨ ਆਪਣੀ ਜਾਨ ਜਾਂ ਸਰੀਰ ਦਾ ਕੋਈ ਹੋਰ ਅੰਗ ਨਾ ਗਵਾ ਲਵੇ।”
ਹਾਲਾਂਕਿ ਮੌਜੂਦਾ ਵੇਲੇ ਦਵਿੰਦਰ ਸਿੰਘ ਪਿੰਡ ਦੇ ਸਰਪੰਚ ਹਨ। ਉਹ ਪਿਛਲੇ ਸਾਲ ਹੋਈਆਂ ਪੰਚਾਇਤੀ ਦੀਆਂ ਚੋਣਾਂ ਵਿੱਚ ਸਰਪੰਚ ਚੁਣੇ ਗਏ ਸਨ।
ਉਹ ਕਹਿੰਦੇ ਹਨ, “ਕੁਝ ਵੀ ਹੋਵੇ ਜ਼ਿੰਦਗੀ ਰੁਕ ਤਾਂ ਨਹੀਂ ਸਕਦੀ, ਔਖੀ ਹੋ ਗਈ ਸੀ ਪਰ ਮੈਂ ਆਪਣੀ ਮਿਹਨਤ ਨਾਲ ਇਸਨੂੰ ਚੰਗੀ ਬਣਾ ਕੇ ਰਹਾਂਗਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



